GurmitSSidhu7

ਹੁਣ ਕਿਸੇ ਮਹਾਨ ਸਮਝੇ ਜਾਂਦੇ ਇਕਹਿਰੇ ਵਿਸ਼ਵਾਸ ਦਾ ਯੁੱਗ ਬੀਤ ਚੁੱਕਾ ਹੈ ..."
(ਅਕਤੂਬਰ 12, 2015)


ਉੱਤਰ ਪ੍ਰਦੇਸ਼ ਦੇ ਦਾਦਰੀ ਇਲਾਕੇ ਦੇ ਇਕ ਪਿੰਡ ਬਿਸਹਾੜਾ ਵਿਚ ਨਿੰਦਣਯੋਗ ਘਟਨਾ ਵਾਪਰੀ ਹੈ। ਪਿੰਡ ਦੇ ਵਿਚਕਾਰ ਰਹਿ ਰਹੇ ਧਾਰਮਿਕ ਘੱਟ-ਗਿਣਤੀ ਨਾਲ ਸੰਬੰਧਤ
, ਮੁਹੰਮਦ ਅਖਲਾਕ ਦੇ ਪਰਿਵਾਰ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਕੁਝ ਕੁ ਪਲਾਂ ਵਿਚ ਉਨ੍ਹਾਂ ਉੱਤੇ ਕਹਿਰ ਵਰਤ ਜਾਵੇਗਾ। ਅਚਾਨਕ ਬਹੁ-ਗਿਣਤੀ ਫਿਰਕੇ ਦਾ ਹਜ਼ੂਮ ਆਇਆ ਅਤੇ ਬਿਨਾਂ ਕੁਝ ਜਾਂਚਣ, ਪੜਤਾਲਣ ਅਤੇ ਸਮਝਣ ਤੋਂ ਇਖਲਾਕ ਅਤੇ ਉਹਨਾਂ ਦੇ ਬੇਟੇ ਦਾਨਿਸ਼ ਉੱਤੇ ਟੁੱਟ ਕੇ ਪੈ ਗਿਆ। ਦੋਵਾਂ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਇਖਲਾਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦਾਨਿਸ਼ ਇਸ ਵੇਲੇ ਦਿੱਲੀ ਦੇ ਇਕ ਮਿਲਟਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਉਸਦੀ ਹਾਲਤ ਸੁਧਰ ਰਹੀ ਹੈ।

ਅਖਬਾਰੀ ਖਬਰਾਂ ਤੋਂ ਪਤਾ ਲੱਗਾ ਹੈ ਕਿ ਕਿਸੇ ਨੇ ਪਿੰਡ ਵਿੱਚੋਂ ਮੰਦਰ ਦੇ ਲਾਊਡ ਸਪੀਕਰ ਤੋਂ ਇਹ ਐਲਾਨ ਕਰ ਦਿੱਤਾ ਸੀ ਕਿ ਇਖਲਾਕ ਦੇ ਘਰ ਗਾਂ ਦਾ ਮਾਸ ਰਿੰਨ੍ਹਿਆ ਜਾ ਰਿਹਾ ਹੈ। ਭਾਵੇਂ ਭੀੜ ਨੂੰ ਉੱਥੇ ਗਾਂ ਦਾ ਮਾਸ ਨਹੀਂ ਮਿਲਿਆ, ਫਿਰ ਵੀ ਜਿੰਦਾ ਲੋਕਾਂ ਨੂੰ ਮਰੇ ਮਾਸ ਵਿਚ ਬਦਲਣ ਵਾਲੇ ਭੜਕੇ ਅਤੇ ਹੰਕਾਰੇ ਲੋਕਾਂ ਨੇ ਜ਼ਰਾ ਰਹਿਮ ਨਹੀਂ ਕੀਤਾ। ਇਨ੍ਹਾਂ ਲੋਕਾਂ ਨੂੰ ਇਹ ਸਿੱਖਿਆ ਕਿਸ ਧਰਮ ਨੇ ਦਿੱਤੀ ਹੈ ਕਿ ਜ਼ਿੰਦਾ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਵੇ। ਦੁਨੀਆ ਭਰ ਦੇ ਧਰਮਾਂ ਦੇ ਸਿਧਾਂਤਾਂ ਅਤੇ ਧਰਮ ਗ੍ਰੰਥਾਂ ਵਿਚ ਕਿਸੇ ਦੂਸਰੇ ਨੂੰ ਮਾਰਨ ਲਈ ਕੋਈ ਹਦਾਇਤ ਜਾਂ ਸਿੱਖਿਆ ਨਹੀਂ ਹੈ ਪਰ ਧਰਮ ਦੇ ਨਾਂ ਤੇ ਅਜਿਹਾ ਅਤਿ ਘਿਨਾਉਣਾ ਕਤਲੇਆਮ ਕਿਉਂ? ਇਹ ਪ੍ਰਸ਼ਨ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ।

ਧਰਮ ਦੇ ਨਾਂ ਤੇ ਹੋਰਨਾਂ ਧਰਮਾਂ ਦੇ ਲੋਕਾਂ ਦਾ ਕਤਲੇਆਮ ਕਰਨ ਵਾਲੇ ਜਾਂ ਕਰਵਾਉਣ ਵਾਲੇ ਲੋਕ ਭਾਵੇਂ ਇਹ ਦਾਅਵਾ ਕਰਦੇ ਹਨ ਕਿ ਉਹ ਅਜਿਹਾ ਆਪਣੇ 'ਧਰਮ' ਦੇ ਹਿਤ ਲਈ ਕਰ ਰਹੇ ਹਨ, ਦਰਅਸਲ ਅਜਿਹੇ ਲੋਕ ਧਰਮ ਪ੍ਰਤੀ ਅਣਜਾਣ ਹੁੰਦੇ ਹਨ। ਇਹ ਲੋਕ ਦੂਸਰੇ ਲੋਕਾਂ ਦੇ ਧਰਮ ਬਾਰੇ ਤਾਂ ਕੀ, ਖੁਦ ਆਪਣੇ ਧਰਮ ਨੂੰ ਵੀ ਨਹੀਂ ਜਾਣਦੇ ਅਤੇ ਸਮਝਦੇ। ਧਰਮ ਪ੍ਰਤੀ ਕੱਚੀ ਅਤੇ ਕੱਟੜਵਾਦੀ ਸੋਚ ਵਿੱਚੋਂ ਸੰਕੀਰਨਤਾ ਪੈਦਾ ਹੁੰਦੀ ਹੈ। ਇਸ ਕਰਕੇ ਕੇਵਲ ਆਪਣੇ ਹੀ ਧਰਮ ਨੂੰ ਸਹੀ ਅਤੇ ਉੱਚਾ ਸਮਝਣ ਵਾਲੇ ਲੋਕ ਹੋਰਨਾਂ ਨੂੰ ਮਾਰਨ ਦੇ ਰਾਹ ਤੁਰ ਪੈਂਦੇ ਹਨ।

ਇਸ ਪ੍ਰਸੰਗ ਵਿਚ ਵੇਖਿਆ ਜਾਵੇ ਤਾਂ ਦਾਦਰੀ ਵਿਚ ਵਾਪਰੀ ਆਮ ਘਟਨਾ ਨਹੀਂ ਹੈ ਅਤੇ ਨਾ ਹੀ ਗਲਤ ਫਹਿਮੀ ਜਾਂ ਕੇਵਲ ਅਫਵਾਹ ਕਰਕੇ ਵਾਪਰੀ ਹੈ। ਇਸ ਘਟਨਾ ਦੇ ਵਿਭਿੰਨ ਪਹਿਲੂ ਹਨ। ਪਿਛਲੇ ਲੰਮੇ ਸਮੇਂ ਤੋਂ ਧਰਮ ਦੀ ਦੁਰਵਰਤੋਂ ਹੋ ਰਹੀ ਹੈ, ਜਿਸਦੇ ਨਤੀਜੇ ਵਜੋਂ ਸੰਸਾਰ ਭਰ ਵਿਚ ਵਿਭਿੰਨ ਧਰਮਾਂ ਦੇ ਲੋਕ ਇਕ ਦੂਜੇ ਦੇ ਦੁਸ਼ਮਣ ਬਣੇ ਹੋਏ ਹਨ। ਧਰਮਾਂ ਦਰਮਿਆਨ ਵਧਦੇ ਟਕਰਾ ਨੂੰ ਐਸ. ਪੀ. ਹੰਨਟਿੰਗਟਨ ਸਭਿਅਤਾਵਾਂ ਦੇ ਭੇੜ’ ਵਜੋਂ ਵੇਖਦਾ ਹੈ। ਉਸਦੀ ਧਾਰਨਾ ਹੈ ਕਿ ਅਗਲੀ ਸੰਸਾਰ ਜੰਗ ਧਰਮਾਂ/ਸਭਿਅਤਾਵਾਂ ਦਰਮਿਆਨ ਹੋ ਸਕਦੀ ਹੈ। ਉਸਦੀ ਇਹ ਧਾਰਨਾ ਸੰਸਾਰ ਭਰ ਦੇ ਚਿੰਤਕਾਂ ਵਿਚ ਇਸ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਹੁਣ ਧਰਮਾਂ ਦੇ ਆਪਸੀ ਟਕਰਾ ਨਜ਼ਰ ਆ ਰਹੇ ਹਨ। ਦਾਦਰੀ ਪਿੰਡ ਦੀ ਘਟਨਾ ਨੂੰ ਇਸ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਇਸਦੇ ਮਨੁੱਖਤਾ ਲਈ ਭਿਆਨਕ ਸਿੱਟੇ ਨਿਕਲ ਸਕਦੇ ਹਨ। ਸੋ ਨਿਰਦੋਸ਼ੇ ਲੋਕਾਂ ਦੇ ਕਤਲੇਆਮ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਧਰਮ ਨੂੰ ਸਹੀ ਸੰਦਰਭ ਵਿਚ ਸਮਝਣ ਲਈ ਉਪਰਾਲੇ ਕੀਤੇ ਜਾਣ।

ਅੰਗਰੇਜ਼ੀ ਭਾਸ਼ਾ ਦੇ ਸ਼ਬਦ ਰਿਲੀਜਨ ਭਾਵ ਧਰਮ ਦੇ ਸ਼ਬਦਿਕ ਅਰਥ ਜੋੜਨਾ, ਮਿਲਾਉਣਾ ਬਣਦੇ ਹਨ। ਧਰਮ ਸ਼ਬਦ ਸੰਸਕ੍ਰਿਤ ਦੇ ਧੀ੍ਰ ਧਾਤੂ ਤੋਂ ਬਣਿਆ ਹੈ, ਜਿਸਦਾ ਅਰਥ ਧਾਰਨ ਕਰਨ ਤੋਂ ਹੈ। ਧਾਰਮਿਕ ਗ੍ਰੰਥਾਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਦਇਆ ਨੂੰ ਧਾਰਨ ਕਰਨਾ ਧਰਮ ਹੈ। ਦਇਆ ਤੋਂ ਸੱਖਣੀਆਂ ਧਾਰਮਿਕ ਰਸਮਾਂ ਅਤੇ ਭਾਵਨਾਵਾਂ ਮਨੁੱਖ ਨੂੰ ਖੁਸ਼ਕ ਅਤੇ ਜ਼ਾਲਮ ਬਣਾਉਂਦੀਆਂ ਹਨ। ਧਰਮ ਦੀ ਇਕ ਪ੍ਰਥਾ ਨੂੰ ਬਚਾਉਣ ਲਈ ਜੇਕਰ ਮਨੁੱਖਤਾ ਹੀ ਕਤਲ ਕਰ ਦਿੱਤੀ ਜਾਵੇ ਤਾਂ ਅਜਿਹੀ ਪ੍ਰਥਾ ਕਿਸੇ ਲਈ ਵੀ ਲਾਭਕਾਰੀ ਨਹੀਂ ਹੋ ਸਕਦੀ। ਸੰਸਾਰ ਪ੍ਰਸਿੱਧ ਧਰਮ-ਚਿੰਤਕ ਰੋਡਲਫ ਓਟੋ ਦੀ ਧਾਰਨਾ ਹੈ ਕਿ ਧਰਮ ਪਵਿੱਤਰਤਾ ਦਾ ਅਨੁਭਵ ਹੈ ਜਿਸਨੂੰ ਤਰਕ ਨਾਲ ਨਹੀਂ ਸਮਝਿਆ ਜਾ ਸਕਦਾ। ਉਪਰੋਕਤ ਵਿਚਾਰਾਂ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਧਰਮ ਦੀ ਸਵੈ-ਇੱਛਾ ਹੈ। ਇਹ ਮਨੁੱਖ ਦੀ ਅਜ਼ਾਦੀ ਹੈ। ਮਨੁੱਖ ਦੀ ਅਜ਼ਾਦੀ ਤੇ ਰੋਕ ਲਾਉਣੀ ਜਾਂ ਧਰਮ ਦੇ ਨਾਂ ਤੇ ਹੋਰਨਾਂ ਨਾਲ ਵਧੀਕੀ ਨੂੰ ਧਾਰਮਿਕ ਪੱਖ ਤੋਂ ਉਚਿਤ ਨਹੀਂ ਕਿਹਾ ਜਾ ਸਕਦਾ। ਦਰਅਸਲ ਸੱਚਾ ਧਰਮ ਮਨੁੱਖਾਂ ਵਲੋਂ ਸਿਰਜੀਆਂ ਧਾਰਮਕ ਰੋਕਾਂ ਅਤੇ ਬੰਦਸ਼ਾਂ ਤੋਂ ਪਾਰ ਹੈ। ਧਰਮ ਕਿਉਂਕਿ ਸੱਚ ਹੈ ਇਸ ਕਰਕੇ ਧਰਮ ਮੁਤਾਬਕ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਹੈ ਬਲਕਿ ਮਨੁੱਖ ਦੀ ਸੋਚ ਮੁਤਾਬਕ ਹੀ ਚੰਗਾ ਜਾਂ ਮਾੜਾ ਹੁੰਦਾ ਹੈ। ਦਾਰਸ਼ਨਿਕ ਪੱਖ ਤੋਂ ਵੇਖਿਆ ਜਾਵੇ ਤਾਂ ਇਕ ਲਈ ਚੰਗਾ ਕਿਸੇ ਹੋਰ ਦੀ ਦ੍ਰਿਸ਼ਟੀ ਵਿਚ ਮਾੜਾ ਹੋ ਸਕਦਾ ਹੈ। ਇੱਕੋ ਤਰ੍ਹਾਂ ਦਾ ਖਾਣਾ ਸਭ ਲਈ ਚੰਗਾ ਜਾਂ ਮਾੜਾ ਨਹੀਂ ਹੁੰਦਾ। ਕਿਸੇ ਦੂਸਰੇ ਨੂੰ ਜ਼ਬਰਦਸਤੀ ਖਵਾਉਣਾ ਜਾਂ ਕੁਝ ਖਾਣ ਤੋਂ ਜ਼ਬਰਦਸਤੀ ਰੋਕਣਾ ਧਾਰਮਿਕ ਨੈਤਿਕਤਾ ਲਈ ਚੰਗਾ ਨਹੀਂ ਹੁੰਦਾ ਹੈ। ਦਾਦਰੀ ਪਿੰਡ ਦੇ ਬਹੁ-ਗਿਣਤੀ ਲੋਕਾਂ ਨੇ ਆਪਣੀ ਝੂਠੀ ਤਾਕਤ ਦੇ ਜ਼ੋਰ ਨਾਲ ਘੱਟ-ਗਿਣਤੀ ਨਾਲ ਸੰਬੰਧਤ ਲੋਕਾਂ ਨਾਲ ਗੈਰ-ਮਨੁੱਖੀ ਕਾਰਵਾਈ ਕਰਕੇ ਆਪਣੇ ਆਪ ਨੂੰ ਧਾਰਮਕ ਹੋਣ ਦਾ ਭਰਮ ਪਾਲਿਆ ਹੈ, ਉਹਨਾਂ ਨੇ ਖੁਦ ਹੀ ਧਰਮ ਦੀ ਰੂਹ ਦਾ ਕਤਲੇਆਮ ਕੀਤਾ ਹੈ। ਇਸ ਮੁਲਕ ਵਿਚ ਸਦੀਆਂ ਤੋਂ ਵਿਭਿੰਨ ਧਰਮਾਂ ਦੇ ਲੋਕ ਰਹਿ ਰਹੇ, ਜਿਨ੍ਹਾਂ ਦੇ ਆਪੋ ਆਪਣੇ ਰਸਮ ਰਿਵਾਜ ਅਤੇ ਖਾਣ-ਪੀਣ ਲਈ ਪਸੰਦ ਜਾਂ ਨਾ ਪਸੰਦ ਦੇ ਪੈਮਾਨੇ ਹਨ। ਕੋਈ ਆਪਣੀ ਮਰਜ਼ੀ ਕਿਸੇ ਉੱਪਰ ਨਾ ਠੋਸੇ ਅਤੇ ਸਭ ਲੋਕ ਇਕ ਦੂਜੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਤਾਂ ਸਮਾਜ ਵਿਚ ਸ਼ਾਂਤੀ ਕਾਇਮ ਰਹਿ ਸਕਦੀ ਹੈ।

ਦਾਦਰੀ ਦੀ ਇਸ ਘਟਨਾ ਤੋਂ ਇਹ ਪਤਾ ਚੱਲਦਾ ਹੈ ਕਿ ਸਾਡਾ ਮੁਲਕ ਅਜੋਕੇ ਸੰਸਾਰ ਨਾਲੋਂ ਉਲਟ ਦਿਸ਼ਾ ਵੱਲ ਕਦਮ ਰੱਖ ਰਿਹਾ ਹੈ। ਅਜੋਕੇ ਸੰਸਾਰ ਵਿਚ ਵਿਭਿੰਨਤਾਵਾਂ ਨੂੰ ਸਵਕ੍ਰਿਤੀ ਮਿਲ ਰਹੀ ਹੈ ਜਦੋਂ ਇਸ ਮੁਲਕ ਵਿਚ ਵਿਭਿੰਨਤਾਵਾਂ ਨੂੰ ਖਤਮ ਕਰਨ ਲਈ ਮਨਸੂਬੇ ਤਿਆਰ ਹੋ ਰਹੇ ਹਨ। ਇਕ ਪਾਸੇ ‘ਮੇਕ ਇਨ ਇੰਡੀਆ’ ਦਾ ਨਾਅਰਾ ਦੇ ਕੇ ਮੁਲਕ ਨੂੰ ਵਿਸ਼ਵ ਪੱਧਰੇ ਮੁਕਾਬਲੇ ਵਿਚ ਪਾਉਣ ਲਈ ਆਰਥਕ ਨੀਤੀਆਂ ਦਾ ਉਦਾਰੀਕਰਨ ਹੋ ਰਿਹਾ ਹੈ ਪ੍ਰੰਤੂ ਸਭਿਆਚਾਰ ਦੇ ਖੇਤਰ ਵਿਚ ਇਕਹਿਰੀ ਨੀਤੀ ਅਪਣਾਈ ਜਾ ਰਹੀ ਹੈ। ਮੁਲਕ ਨੂੰ ਟਕਰਾਉਂਦੇ ਰਾਹਾਂ ਤੇ ਪਾਉਣ ਨਾਲ ਆਪਸੀ ਅਤੇ ਸਮਾਜਕ ਟਕਰਾ ਦੇ ਤਿੱਖੇ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਇਕਪੱਖੀ ਅਤੇ ਇਕਹਿਰੇ ਜੀਵਨ ਮਾਡਲਾਂ ਦਾ ਯੁੱਗ ਬੀਤ ਚੁੱਕਾ ਹੈ ਪਰੰਤੂ ਇਸ ਮੁਲਕ ਨੂੰ ਇਕੱਠਾ ਰੱਖਣ ਲਈ ਇਕਸਾਰਤਾ ਦੀ ਨੀਤੀ ਅਪਣਾਈ ਜਾ ਰਹੀ ਹੈ ਜੋ ਇਸਦੀਆਂ ਬੁਨਿਆਦਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਅਜੋਕੇ ਸਮੇਂ ਵਿਚ ਸੰਸਾਰ ਦੀ ਤਸਵੀਰ ਬਦਲ ਰਹੀ ਹੈ। ਹੁਣ ਕਿਸੇ ਮਹਾਨ ਸਮਝੇ ਜਾਂਦੇ ਇਕਹਿਰੇ ਵਿਸ਼ਵਾਸ ਦਾ ਯੁੱਗ ਬੀਤ ਚੁੱਕਾ ਹੈ। ਅੱਜ ਅਸੀਂ ਵਿਸ਼ਵਾਸਾਂ ਦੇ ਯੁੱਗ ਵਿਚ ਰਹਿ ਰਹੇ ਹਾਂ। ਧਰਮਾਂ ਲਈ ਵਰਤੇ ਜਾਂਦੇ ਵਿਭਿੰਨ ਸੰਕਲਪਾਂ ਦੀ ਥਾਂ ਹੁਣ ਧਰਮ ਨਾਲ ਸੰਬੰਧਤ ਮਸਲੇ ਸੰਸਾਰ ਧਰਮਾਂ ਦੇ ਪ੍ਰਸੰਗ ਵਿਚ ਵਿਚਾਰੇ ਜਾਂਦੇ ਹਨ। ਧਰਮ ਹੁਣ ਸਥਾਨਕ ਤੋਂ ਵਿਸ਼ਵ ਵਰਤਾਰਾ ਬਣਦਾ ਜਾ ਰਿਹਾ ਹੈ। ਨਵੇਂ ਉੱਸਰ ਰਹੇ ਵਿਸ਼ਵ ਵਿਚ ਵੱਖ-ਵੱਖ ਸਭਿਆਚਾਰਕ ਇਕਾਈਆਂ ਦਰਮਿਆਨ ਅਤਿ ਵਿਕਸਿਤ ਸੰਚਾਰ ਤਕਨੀਕ ਦੀ ਮਦਦ ਨਾਲ ਤੇਜ਼ ਹੋ ਚੁੱਕੇ ਸੰਵਾਦ ਨਾਲ ਹੁਣ ਸੰਸਾਰਕ ਵਰਤਾਰਿਆਂ ਨੂੰ ਵਿਸ਼ਾਲ (wider) ਪਰਿਪੇਖ ਵਿਚ ਸਮਝਣ ਲਈ ਨਵੀਆਂ ਅੰਤਰ-ਦ੍ਰਿਸ਼ਟੀਆਂ ਵਿਕਸਿਤ ਹੋ ਰਹੀਆਂ ਹਨ। ਬੇਸ਼ੱਕ ਧਰਮ ਦਾ ਅਧਾਰ ਸ਼ਰਧਾ ਅਤੇ ਵਿਸ਼ਵਾਸ ਹੈ, ਇਕ ਧਰਮ ਦੇ ਲੋਕਾਂ ਦਾ ਦੂਸਰੇ ਧਰਮਾਂ ਬਾਰੇ ਨਜ਼ਰੀਆ ਉਹਨਾਂ ਦੇ ਆਪਣੇ ਵਿਸ਼ਵਾਸ ਤੋਂ ਤੈਅ ਹੁੰਦਾ ਹੈ। ਵਿਸ਼ਵਾਸ ਮਨੁੱਖਾਂ ਦੇ ਸੋਚ ਪ੍ਰਬੰਧ ਨਾਲ ਸੰਬੰਧਤ ਹੁੰਦਾ ਹੈ। ਇਸ ਕਰਕੇ ਕੱਟੜਵਾਦੀ ਅਤੇ ਸੰਕੀਰਨ ਵਿਸ਼ਵਾਸ ਦਾ ਯੁੱਗ ਬੀਤ ਚੁੱਕਾ ਹੈ।

ਅਜੋਕੇ ਵਿਸ਼ਵ ਚਿੰਤਨ ਵਿੱਚ ਵਿਸ਼ਵਾਸ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਵਿਦਵਾਨਾਂ ਦੀ ਧਾਰਨਾ ਹੈ ਕਿ ਲੋਕਾਂ ਦੇ ਰੱਬ ਪ੍ਰਤੀ ਨਜ਼ਰੀਏ ਤੋਂ ਇਹ ਤੈਅ ਹੁੰਦਾ ਹੈ ਕਿ ਉਹ ਦੂਸਰਿਆਂ ਬਾਰੇ ਕੀ ਸੋਚਦੇ ਹਨ? ਇਸ ਸੰਦਰਭ ਵਿਚ ਵਿਦਵਾਨਾਂ ਦੀ ਆਮ ਰਾਇ ਵਿੱਚੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਰੱਬ ਪ੍ਰਤੀ ਇਕਹਿਰਾ ਜਾਂ ਇਕ ਪੱਖੀ ਨਜ਼ਰੀਆ ਮਨੁੱਖੀ ਸੋਚ ਨੂੰ ਨਾ ਕੇਵਲ ਸੀਮਤ ਕਰਦਾ ਹੈ ਬਲਕਿ ਇਸ ਨਜ਼ਰੀਏ ਦਾ ਸਹਾਰਾ ਲੈ ਕੇ ਸੰਸਾਰ ਵਿਚ ਇਕਸਾਰਤਾ ਸਥਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ; ਜਿਸ ਦੇ ਨਤੀਜੇ ਵਜੋਂ ਲੋਕਾਂ ਦਾ ਕਤਲੇਆਮ ਹੋਇਆ ਹੈ। ਕੱਟੜਤਾ ਧਰਮ ਨਹੀਂ ਹੈ। ਇਸ ਨਾਲ ਧਰਮਾਂ ਵਿਚ ਦੂਰੀਆਂ ਅਤੇ ਫਿਰਕਾਪ੍ਰਸਤੀ ਦੀ ਭਾਵਨਾ ਪੈਦਾ ਹੋਈ ਹੈ। ਕੱਟੜ ਸੋਚ ਵਿੱਚੋਂ ਹੀ ਮਨੁੱਖ ਦੂਸਰਿਆਂ ਨੂੰ ਆਪਣਾ ਸਹਿਯੋਗੀ ਜਾਂ ਸਹਿਭਾਗੀ ਸਮਝਣ ਦੀ ਬਜਾਇ ਵਿਰੋਧੀ ਮੰਨਦਾ ਹੈ। ਇਸ ਤਰ੍ਹਾਂ ਦਾ ਨਜ਼ਰੀਆ ਕੇਵਲ ਆਪਣੀ ਹੀ ਵਿਚਾਰਧਾਰਾ ਦਾ ਝੰਡਾ ਪ੍ਰਚੰਡ ਕਰਨ ਲਈ ਪ੍ਰੇਰਕ ਬਣਦਾ ਹੈ। ਇਸ ਵਿੱਚੋਂ ਸੰਕੀਰਣਤਾ ਜਨਮ ਲੈਂਦੀ ਹੈ ਜੋ ਮਨੁੱਖਾਂ ਦੀ ਆਪਸੀ ਸਾਂਝ ਅਤੇ ਪ੍ਰੇਮ ਦੇ ਰਾਹ ਵਿਚ ਵੱਡੀ ਰੁਕਾਵਟ ਬਣਦੀ ਹੈ। ਇਸ ਘਟਨਾ ਨੇ ਨਾ ਕੇਵਲ ਸਦੀਆਂ ਤੋਂ ਰਹਿ ਰਹੇ ਬਿਸਹਾੜਾ ਪਿੰਡ ਦੇ ਲੋਕਾਂ ਨੂੰ ਆਪਸ ਵਿਚ ਵੰਡਿਆ ਹੈ ਬਲਕਿ ਇਸ ਨਾਲ ਮੁਲਕ ਵਿਚ ਮਾਨਸਿਕ ਵੰਡ ਤਿੱਖੀ ਹੋਈ ਹੈ।

ਵਿਸ਼ਵੀਕਰਨ ਦਾ ਇਕ ਪਹਿਲੂ ਇਹ ਵੀ ਹੈ ਕਿ ਹੁਣ ਕਿਸੇ ਹੋਰ ਵਿਚਾਰ ਜਾਂ ਜੀਵਨ-ਧਾਰਾ ਨੂੰ ਮਾਨਤਾ ਨਾ ਦੇਣ ਵਾਲੇ ਇਕਹਿਰੇ ਜੀਵਨ ਮਾਡਲ ਵੇਲਾ ਵਿਹਾ ਚੁੱਕੇ ਹਨ। ਇਸ ਤੋਂ ਇਲਾਵਾ ਧਾਰਮਕ ਸੰਵਾਦ ਦੀ ਲਹਿਰ ਨੇ ਧਰਮ ਪ੍ਰਤੀ ਪੁਰਾਣੇ ਤੰਗ ਨਜ਼ਰ ਅਤੇ ਇਕ ਪਾਸੜ ਨਜ਼ਰੀਏ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਅੰਤਰ-ਧਰਮ ਸੰਵਾਦ ਵਿੱਚੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਧਰਮ ਦੇ ਇਕ-ਪੱਖੀ ਨਜ਼ਰੀਏ ਕਰਕੇ ਇਕ ਧਰਮ ਦੇ ਲੋਕ ਦੂਸਰੇ ਧਰਮਾਂ ਦੇ ਲੋਕਾਂ ਨਾਲ ਵਧੀਕੀਆਂ ਕਰਦੇ ਹਨ। ਰੱਬ ਪ੍ਰਤੀ ਇਕ ਪਾਸੜ ਸੋਚ ਰੱਖਣ ਵਾਲੇ ਲੋਕ ਕੇਵਲ ਆਪਣੇ ਹੀ ਧਰਮ ਨੂੰ ਸੱਚਾ ਅਤੇ ਦੂਸਰਿਆਂ ਦੇ ਵਿਸ਼ਵਾਸ ਨੂੰ ਕੱਚਾ ਜਾਂ ਝੂਠਾ ਮੰਨਦੇ ਹਨ। ਇਸ ਧਾਰਨਾ ਦੇ ਤਹਿਤ ਉਹ ਬਾਕੀ ਧਰਮਾਂ ਦੇ ਵਿਸ਼ਵਾਸ/ਧਰਮ ਨੂੰ ਆਪਣੇ ਤੋਂ ਨੀਵਾਂ ਸਮਝਣ ਦੀ ਗੁਸਤਾਖੀ ਕਰਦੇ ਹਨ, ਜਿੱਥੋਂ ਧਰਮਾਂ ਵਿਚ ਆਪਸੀ ਲੜਾਈ ਦਾ ਮੁੱਢ ਬੱਝਦਾ ਹੈ।

ਸੰਸਾਰ ਧਰਮਾਂ ਦੀ ਆਪਸੀ ਲੜਾਈ ਕਿਵੇਂ ਖ਼ਤਮ ਕੀਤੀ ਜਾਵੇ, ਜਾਂ ਇਸਨੂੰ ਕਿਸ ਤਰ੍ਹਾਂ ਘਟਾਇਆ ਜਾਵੇ, ਇਹ ਮਸਲਾ ਅੰਤਰ-ਧਰਮ ਸੰਵਾਦ ਅਤੇ ਸੰਸਾਰ ਵਿਚ ਅਮਨ ਅਤੇ ਸ਼ਾਂਤੀ ਪੈਦਾ ਕਰਨ ਦੀ ਲਹਿਰ ਵਿਚ ਮੁੱਖ ਮੁੱਦਾ ਬਣਿਆ ਹੋਇਆ ਹੈ। ਸਭਿਆਚਾਰਕ ਅਤੇ ਮਨੁੱਖੀ ਵੰਨਸੁਵੰਨਤਾ ਨੂੰ ਕਾਇਮ ਰੱਖ ਕੇ ਸੰਸਾਰ ਵਿਚ ਏਕਤਾ ਜਾਂ ਆਪਸੀ ਸਾਂਝ ਬਾਰੇ ਸਾਰਥਕ ਕਦਮ ਚੁੱਕੇ ਜਾ ਸਕਦੇ ਹਨ। ਕਿਉਂਕਿ ਮਨੁੱਖੀ ਜੀਵਨ ਦੀ ਇਹ ਵਿਸ਼ੇਸ਼ ਖੂਬਸੂਰਤੀ ਹੈ ਕਿ ਇਹ ਬਹੁ-ਪੱਖੀ ਹੈ ਅਤੇ ਵਿਭਿੰਨਤਾ ਇਸਨੂੰ ਭਾਉਂਦੀ ਹੈ।

ਵਿਭਿੰਨਤਾ ਨੂੰ ਖ਼ਤਮ ਕਰਨ ਵਾਲੀ ਸੋਚ ਜਾਂ ਵਿਚਾਰਧਾਰਾ ਮਨੁੱਖੀ ਅਜ਼ਾਦੀ ਅਤੇ ਸਵੈਮਾਣ ਲਈ ਹਰ ਸਮੇਂ ਖਤਰਨਾਕ ਸਾਬਤ ਹੋਈ ਹੈ ਕਿਉਂਕਿ ਇਸ ਵਿਚਾਰਧਾਰਾ ਦੇ ਤਹਿਤ ਹੋਏ ਕਤਲੇਆਮ ਵਿਚ ਹਜ਼ਾਰਾਂ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ। ਇਸ ਸੋਚ ਨੇ ਮਨੁੱਖ ਦੀਆਂ ਭਾਵਨਾਵਾਂ, ਜਜ਼ਬਾਤਾਂ ਅਤੇ ਜੀਵਨ ਦੀਆਂ ਉਮੰਗਾਂ ਨੂੰ ਦੁਨਿਆਵੀ ਮੋਹ ਦੀ ਗ੍ਰਿਫਤ ਵਿਚ ਕੈਦ ਕਰਕੇ ਰੱਖ ਦਿੱਤਾ ਹੈ। ਵਿਸ਼ਵ ਪੱਧਰ ਤੇ ਪੈਦਾ ਹੋ ਰਹੇ ਸਭਿਆਚਾਰਕ ਟਕਰਾਵਾਂ ਤੋਂ ਮਨੁੱਖਤਾ ਨੂੰ ਬਚਾਉਣ ਅਤੇ ਵਿਸ਼ਵ ਵਿਚ ਸ਼ਾਂਤੀ ਸਥਾਪਤ ਕਰਨ ਲਈ ਵੱਖ-ਵੱਖ ਪੱਧਰ ’ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਇਹਨਾਂ ਕੋਸ਼ਿਸ਼ਾਂ ਵਿਚ ਧਰਮ ਦੇ ਯੋਗਦਾਨ ਨੂੰ ਮੁੜ ਤੋਂ ਵਿਚਾਰਿਆ ਜਾ ਰਿਹਾ ਹੈ। ਵਿਸ਼ਵ ਦੀ ਵੰਨਸੁਵੰਨਤਾ ਨੂੰ ਕਾਇਮ ਰੱਖਣ ਅਤੇ ਵਿਭਿੰਨ, ਖ਼ਾਸ ਕਰਕੇ ਛੋਟੀਆਂ ਧਾਰਮਕ ਪਛਾਣਾਂ ਨੂੰ ਉਹਨਾਂ ਦਾ ਬਣਦਾ ਸਥਾਨ ਦੇਣ ਲਈ ਅਤੇ ਦੁਨੀਆਂ ਵਿਚ ਮਨੁੱਖੀ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਲਈ ਅਜੋਕਾ ਚਿੰਤਨ ਬਹੁ-ਪੱਖੀ ਜੀਵਨ ਮਾਡਲਾਂ ਦੀ ਤਲਾਸ਼ ਵਿਚ ਹੈ। ਇਸ ਚਿੰਤਨ ਵਿਚ ਜੀਵਨ ਅਤੇ ਹੋਰਨਾਂ ਪ੍ਰਤੀ ਬਹੁ-ਪੱਖੀ ਨਜ਼ਰੀਏ ਦੇ ਤਹਿਤ ਹੁਣ ਧਰਮ ਪ੍ਰਤੀ ਬਹੁ-ਪੱਖੀ ਪਹੁੰਚ ਨੂੰ ਅਪਣਾਉਣ ਲਈ ਆਮ ਸਹਿਮਤੀ ਬਣ ਰਹੀ ਹੈ ਕਿਉਂਕਿ ਅਜੋਕੇ ਬਹੁ-ਧਰੁਵੀ ਸੰਸਾਰ ਵਿਚ ਧਰਮ ਦਾ ਬਹੁ-ਪੱਖੀ ਨਜ਼ਰੀਆ ਸਾਰਥਕ ਭੂਮਿਕਾ ਨਿਭਾ ਸਕਦਾ ਹੈ।

ਸੰਸਾਰ ਧਰਮਾਂ ਦੇ ਅਧਿਐਨ ਤੋਂ ਇਹ ਪਤਾ ਚੱਲਦਾ ਹੈ ਕਿ ਧਰਮ ਲੋਕਾਂ ਨੂੰ ਆਪਸ ਵਿਚ ਜੋੜਨ ਦਾ ਸਾਧਨ ਹੈ, ਪਰ ਹੁਣ ਤੱਕ ਦੇ ਤਜ਼ਰਬੇ ਤੋਂ ਇਹ ਪਤਾ ਚੱਲਦਾ ਹੈ ਕਿ ਧਰਮ ਦੇ ਰਾਹੀਂ ਇਕ ਹੀ ਧਾਰਮਕ ਭਾਈਚਾਰੇ ਦੇ ਲੋਕ ਆਪਸ ਵਿਚ ਜੁੜਦੇ ਹਨ, ਦੂਸਰੇ ਧਰਮਾਂ ਦੇ ਲੋਕਾਂ ਨੂੰ ਉਹ ਆਪਣੇ ਤੋਂ ਅਲੱਗ ਸਮਝਦੇ ਹਨ। ਇਸ ਅਲੱਗਵਾਦੀ ਸੋਚ ਵਿੱਚੋਂ ਦਾਦਰੀ ਕਾਂਡ ਵਾਪਰਿਆ ਹੈਅਜਿਹੇ ਭਿਆਨਕ ਕਾਂਢ ਭਵਿੱਖ ਵਿਚ ਨਾ ਵਾਪਰਨ, ਇਸ ਲਈ ਧਰਮ ਨੂੰ ਸਹੀ ਅਤੇ ਸ਼ੁੱਧ ਰੂਪ ਵਿਚ ਸਮਝਣ ਲਈ ਉਪਰਾਲੇ ਕਰਨੇ ਚਾਹੀਦੇ ਹਨ।

*****

(79)

ਵਿਚਾਰ ਭੇਜਣ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਮੀਤ ਸਿੰਘ ਸਿੱਧੂ

ਡਾ. ਗੁਰਮੀਤ ਸਿੰਘ ਸਿੱਧੂ

Dept. of Religious Studies, Punjabi University Patiala.
Email: (gsspatiala@gmail.com)