GurmitShugli7ਜਿਵੇਂ ਥਾਂ-ਥਾਂ ਢਾਬੇ ਖੁੱਲ੍ਹੇ ਹੋਏ ਹਨਬਿਲਕੁਲ ਉਵੇਂ ਹਰ ਗਲੀਮੋੜ ’ਤੇ ਪ੍ਰਾਈਵੇਟ ਸਕੂਲ ਹਨ ...
(20 ਸਤੰਬਰ 2017)

 

ਸਕੂਲਾਂ ਦੀਆਂ ਕੰਧਾਂ ’ਤੇ ਅਕਸਰ ਲਿਖਿਆ ਮਿਲ ਜਾਂਦਾ ਹੈ, ‘ਸਿੱਖਣ ਲਈ ਆਓ, ਸੇਵਾ ਲਈ ਜਾਓ।’ ਕਈ ਥਾਵਾਂ ’ਤੇ ਇਹ ਵੀ ਲਿਖਿਆ ਮਿਲਦਾ, ‘ਸਕੂਲ ਉਹ ਮੰਦਰ ਹੈ, ਜਿੱਥੇ ਜ਼ਿੰਦਗੀ ਰੌਸ਼ਨ ਹੁੰਦੀ ਹੈ।’ ਇਹ ਸਤਰਾਂ ਇਨਸਾਨੀ ਜ਼ਿੰਦਗੀ ਵਿੱਚ ਪੜ੍ਹਾਈ ਦੇ ਮਹੱਤਵ ਨੂੰ ਬਿਆਨਦੀਆਂ ਹਨ। ਅਸੀਂ, ਤੁਸੀਂ ਸਾਰੇ ਸਕੂਲਾਂ, ਕਾਲਜਾਂ ਵਿੱਚੋਂ ਪੜ੍ਹ ਕੇ ਹੀ ਤਾਂ ਜ਼ਿੰਦਗੀ ਜਿਊਣ ਦੇ ਕਾਬਲ ਹੋਏ ਹਾਂ, ਪਰ ਪਹਿਲੇ ਸਕੂਲਾਂ ਤੇ ਅੱਜ ਵਾਲੇ ਸਕੂਲਾਂ ਵਿੱਚ ਕਿੰਨਾ ਫ਼ਰਕ ਹੈ? ਪਹਿਲਾਂ ਸਕੂਲ ਸਿਰਫ਼ ਸਕੂਲ ਹੁੰਦੇ ਸਨ, ਪਰ ਹੁਣ ਸਰਕਾਰੀ, ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਦੇ ਵੱਖੋ-ਵੱਖਰੇ ਦਰਜੇ ਹਨਸਕੂਲ ਵੀ ਗੁਰਦੁਆਰਿਆਂ ਵਾਂਗ ਵੰਡੇ ਗਏ ਹਨ। ਇੱਕ ਸਕੂਲ ਗ਼ਰੀਬਾਂ ਦਾ ਹੈ, ਦੂਜਾ ਦਰਮਿਆਨਿਆਂ ਦਾ ਤੇ ਤੀਜਾ ਸਿਰੇ ਦੇ ਅਮੀਰਾਂ ਦਾ। ਇਹ ਸਭ ਕਿਉਂ ਤੇ ਕਿਵੇਂ ਹੋਇਆ, ਇਹ ਸੋਚਦਿਆਂ ਬੜਾ ਕੁਝ ਦਿਮਾਗ਼ ਵਿੱਚ ਘੁੰਮ ਜਾਂਦਾ ਹੈ। ਵਿੱਦਿਆ ਦੇ ਮੰਦਰ ਹੱਟੀਆਂ ਕਿਵੇਂ ਬਣ ਗਏ? ਇਨ੍ਹਾਂ ਹੱਟੀਆਂ ਦੇ ਪੁਜਾਰੀ ਆਪਣੇ ਫ਼ਰਜ਼ਾਂ ਨੂੰ ਕਿਉਂ ਭੁੱਲ ਗਏ? ਇਹ ਮੰਦਰ ਕਿੰਨੇ ਕੁ ਪਵਿੱਤਰ ਨੇ? ਕਿੰਨੇ ਹੀ ਸਵਾਲ ਨੇ।

ਪਿਛਲੇ ਦਿਨੀਂ ਜਦੋਂ ਗੁਰੂਗ੍ਰਾਮ (ਪੁਰਾਣਾ ਨਾਂ: ਗੁੜਗਾਓਂ (ਹਰਿਆਣਾ) – ਸੰਪਾਦਕ) ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਸੱਤ ਸਾਲ ਦੇ ਬੱਚੇ ਦੀ ਹੱਤਿਆ ਕੀਤੀ ਗਈ ਤਾਂ ਵਿੱਦਿਆ ਦੇ ਮੰਦਰਾਂ ’ਤੇ ਵੱਡਾ ਸਵਾਲ ਖੜ੍ਹਾ ਹੋ ਗਿਆ। ਰਿਆਨ ਗਰੁੱਪ ਇੰਨਾ ਵੱਡਾ ਹੈ ਕਿ ਇਸ ਦੇ ਪੂਰੇ ਭਾਰਤ ਵਿੱਚ ਸਵਾ ਸੌ ਤੋਂ ਵੱਧ ਸਕੂਲ ਹਨ। ਇਸ ਗਰੁੱਪ ਦੇ ਸਕੂਲਾਂ ਵਿੱਚ ਮਾੜਾ-ਧੀੜਾ ਬੰਦਾ ਆਪਣੇ ਨਿਆਣੇ ਦਾਖ਼ਲ ਨਹੀਂ ਕਰਾ ਸਕਦਾ। ਵੱਡੀਆਂ-ਵੱਡੀਆਂ ਸਿਫ਼ਾਰਸ਼ਾਂ ਕੰਮ ਆਉਂਦੀਆਂ ਹਨ ਤੇ ਨਾਲ-ਨਾਲ ਬੱਚਾ ਪੜ੍ਹਾਈ ਵਿੱਚ ਵੀ ਹੁਸ਼ਿਆਰ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਮਾਪਿਆਂ ਦੀ ਜੇਬ ਭਾਰੀ ਚਾਹੀਦੀ ਹੈ। ਇੰਨੇ ਵੱਡੇ ਸਕੂਲ ਦੇ ਪਿਸ਼ਾਬ ਘਰ ਵਿੱਚ ਬੱਚੇ ਦਾ ਕਤਲ ਹੋ ਜਾਵੇ ਤੇ ਕਹਾਣੀ ਇਹ ਪੇਸ਼ ਕੀਤੀ ਜਾਵੇ ਕਿ ਸਕੂਲ ਬੱਸ ਦੇ ਕੰਡਕਟਰ ਨੇ ਇਹ ਸਭ ਕੀਤਾ ਤਾਂ ਨਵੇਂ ਸਵਾਲ ਉੱਠਣੇ ਕੁਦਰਤੀ ਹਨ। ਬੱਚੇ ਦੇ ਕਤਲ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਕੰਡਕਟਰ ਭਾਵੇਂ ਕਤਲ ਬਾਰੇ ਮੰਨ ਗਿਆ, ਪਰ ਹੋ ਸਕਦਾ ਮਜਬੂਰੀ ਵਿੱਚ ਮੰਨਿਆ ਹੋਵੇ। ਸਵਾਲ ਤਾਂ ਇਹ ਹੈ ਕਿ ਜੇ ਸਕੂਲਾਂ ਵਿੱਚ ਇਹ ਸਭ ਹੁੰਦਾ ਹੈ ਤਾਂ ਬੱਚਿਆਂ ਨੂੰ ਸੁਰੱਖਿਅਤ ਕਿੱਥੇ ਸਮਝਿਆ ਜਾਵੇ।

ਅਗਲੇ ਦਿਨੀਂ ਦਿੱਲੀ ਦੇ ਸ਼ਾਹਦਰਾ ਵਿਖੇ ਸਕੂਲ ਵਿਚ ਇੱਕ ਪੰਜ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਹੁਣ ਇਨ੍ਹਾਂ ਦੋਹਾਂ ਖ਼ਬਰਾਂ ’ਤੇ ਰਾਸ਼ਟਰੀ ਮੀਡੀਆ ਚਰਚਾ ਕਰ ਰਿਹਾ ਹੈ ਤੇ ਆਮ ਲੋਕ ਵੀ, ਪਰ ਸਾਡੀ ਜਾਚੇ ਸਭ ਤੋਂ ਵੱਡਾ ਵਿਚਾਰਨਯੋਗ ਸਵਾਲ ਇਹ ਹੈ ਕਿ ਵਿੱਦਿਆ ਦੀਆਂ ਇਨ੍ਹਾਂ ਹੱਟੀਆਂ ਵਿੱਚ ਇਹ ਸਭ ਕਿਉਂ ਤੇ ਕਦੋਂ ਤੋਂ ਹੋ ਰਿਹਾ ਹੈ। ਚਾਰ ਕਨਾਲ ਵਿਚ ਸ਼ੁਰੂ ਹੋਣ ਵਾਲਾ ਸਕੂਲ ਕੁਝ ਵਰ੍ਹਿਆਂ ਵਿੱਚ ਹੀ ਚਾਰ ਏਕੜ, ਫੇਰ ਚਾਲੀ ਏਕੜ ਵਿੱਚ ਫੈਲ ਜਾਂਦਾ ਹੈ ਤਾਂ ਇਹ ‘ਤਰੱਕੀ’ ਸਿਰਫ਼ ਮਾਪਿਆਂ ਦੀਆਂ ਜੇਬਾਂ ਕੱਟ ਕੇ ਹੀ ਹੋਈ ਹੁੰਦੀ ਹੈ।

ਮੁਕਾਬਲੇ ਦੀ ਇਸ ਦੌੜ ਵਿੱਚ ਮਾਪਿਆਂ ਦਾ ਸਭ ਤੋਂ ਵੱਧ ਜ਼ੋਰ ਬੱਚਿਆਂ ਨੂੰ ਮਹਿੰਗੀ ਸਿੱਖਿਆ ਦਿਵਾਉਣ ’ਤੇ ਲੱਗਾ ਹੋਇਆ ਹੈ। ਸਰਕਾਰੀ ਸਕੂਲ ਹਮਾਤੜਾਂ ਦੇ ਸਕੂਲ ਕਹੇ ਜਾਂਦੇ ਹਨ। ਉਨ੍ਹਾਂ ਸਕੂਲਾਂ ਵਿੱਚ ਬਹੁਤਾ ਕਰਕੇ ਉਨ੍ਹਾਂ ਲੋਕਾਂ ਦੇ ਬੱਚੇ ਪੜ੍ਹਦੇ ਹਨ, ਜਿਨ੍ਹਾਂ ਦੀ ਆਰਥਿਕਤਾ ਸੁਖਾਵੀਂ ਨਹੀਂ। ਇਨ੍ਹਾਂ ਸਕੂਲਾਂ ਨੂੰ ਮਿੱਡ ਡੇ ਮੀਲ ਵਾਲੇ ਸਕੂਲ ਵੀ ਆਖਿਆ ਜਾਂਦਾ ਹੈ। ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਤਰੀਕਿਆਂ, ਆਉਂਦੇ ਨਤੀਜਿਆਂ ਤੇ ਅਧਿਆਪਕਾਂ ਦੀ ਕਾਬਲੀਅਤ ’ਤੇ ਸਮੇਂ-ਸਮੇਂ ਕਈ ਸਵਾਲ ਉੱਠਦੇ ਹਨ।

ਧਾਰਨਾ ਇਹ ਬਣੀ ਹੋਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚੇ ਬਹੁਤੇ ਸੁਰੱਖਿਅਤ ਨਹੀਂ ਹੁੰਦੇ, ਕਿਉਂਕਿ ਜਿੱਥੇ ਅਧਿਆਪਕਾਂ ਦੀ ਬੇਹੱਦ ਘਾਟ ਹੋਵੇ, ਉੱਥੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕਿਵੇਂ ਹੋ ਸਕਦੀ ਹੈ। ਸਕੂਲਾਂ ਦੀਆਂ ਕੰਧਾਂ ਡਿਗੂੰ-ਡਿਗੂੰ ਕਰਦੀਆਂ ਹੁੰਦੀਆਂ ਹਨ ਤੇ ਕੋਈ ਵੀ ਅਸਾਨੀ ਨਾਲ ਅੰਦਰ ਆ-ਜਾ ਸਕਦਾ ਹੈ, ਪਰ ਪ੍ਰਾਈਵੇਟ ਸਕੂਲਾਂ ਵਿੱਚ ਇਹ ਸਭ ਨਹੀਂ ਹੁੰਦਾ। ਉਹ ਸਕੂਲ ਪੈਸਾਪਤੀਆਂ ਦੇ ਹੁੰਦੇ ਹਨ ਤੇ ਹੱਟੀ ਨੂੰ ਜਿੰਨਾ ਚਮਕਾ ਕੇ, ਲਿਸ਼ਕਾ ਕੇ ਪੇਸ਼ ਕੀਤਾ ਜਾਵੇਗਾ, ਉਹ ਉੰਨੀ ਜ਼ਿਆਦਾ ਚਲਦੀ ਹੈ।

ਪਰ ਜਦੋਂ ਸਕੂਲਾਂ ਵਿੱਚ ਨਿਆਣਿਆਂ ਦੇ ਕਤਲ ਤੇ ਬਲਾਤਕਾਰ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਦੁੱਖ ਹੋਣਾ ਕੁਦਰਤੀ ਹੈ। ਇਸ ਸਭ ਦੇ ਵੱਖੋ-ਵੱਖਰੇ ਕਾਰਨ ਲੱਭੇ ਤੇ ਦੱਸੇ ਜਾ ਰਹੇ ਹਨ, ਪਰ ਮੇਰੇ ਖਿਆਲ ਮੁਤਾਬਕ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਹੱਟੀ ਚੱਲ ਜਾਂਦੀ ਹੈ ਤਾਂ ਮਾਲਕ ਉਸ ਬਾਰੇ ਅਣਗਹਿਲੀ ਵਰਤਣੀ ਸ਼ੁਰੂ ਕਰ ਦਿੰਦਾ ਹੈ। ਕਾਰੋਬਾਰ ਵੱਡਾ ਹੋ ਤੁਰਦਾ ਹੈ ਤਾਂ ਪਹਿਲਾਂ ਜਿੰਨਾ ਧਿਆਨ ਦੇਣੋਂ ਹਟ ਜਾਂਦਾ ਹੈ। ਇੱਕ-ਇੱਕ ਸਕੂਲ ਵਿੱਚ ਕਈ-ਕਈ ਹਜ਼ਾਰ ਬੱਚੇ ਪੜ੍ਹਦੇ ਹਨ, ਮਾਇਆ ਦੇ ਖੁੱਲ੍ਹੇ ਗੱਫੇ ਆਉਂਦੇ ਹਨ, ਵੱਡੇ-ਵੱਡੇ ਲੋਕਾਂ ਨਾਲ ਬਹਿਣਾ-ਉੱਠਣਾ ਸ਼ੁਰੂ ਹੋ ਜਾਂਦਾ ਹੈ ਤੇ ਬੱਚਿਆਂ ਵੱਲੋਂ ਧਿਆਨ ਹਟਦਾ ਜਾਂਦਾ ਹੈ।

ਰਿਆਨ ਇੰਟਰਨੈਸ਼ਨਲ ਸਕੂਲ ਮਾਮਲੇ ਵਿੱਚ ਜਿਹੜੀ ਸਪੈਸ਼ਲ ਜਾਂਚ ਟੀਮ ਬਣਾਈ ਗਈ ਹੈ, ਉਸ ਨੇ ਸਕੂਲ ਵਿੱਚ ਜਿਹੜੇ ਨੁਕਸ ਕੱਢੇ, ਉਹ ਹੈਰਾਨ ਕਰਨ ਵਾਲੇ ਹਨ। ਸਕੂਲ ਵਿੱਚ ਬੱਚਿਆਂ ਤੇ ਡਰਾਈਵਰਾਂ, ਕੰਡਕਟਰਾਂ ਲਈ ਵੱਖਰੇ ਬਾਥਰੂਮ ਨਹੀਂ ਹਨ। ਸਕੂਲ ਦੀ ਚਾਰਦੀਵਾਰੀ ਢਹੀ ਹੋਈ ਹੈ। ਅੱਗ ਬੁਝਾਊ ਯੰਤਰ ਦੀ ਮਿਆਦ ਲੰਘੀ ਹੋਈ ਹੈ। ਜਿਹੜੇ ਮੁਲਾਜ਼ਮ ਨੌਕਰੀ ਕਰਦੇ ਹਨ, ਉਨ੍ਹਾਂ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਹੋਈ। ਕਾਗ਼ਜ਼ੀਂ-ਪੱਤਰੀਂ ਹੋਰ ਪਤਾ ਨਹੀਂ ਕਿੰਨੇ ਕੁ ਨੁਕਸ ਹੋਣਗੇ, ਜਿਨ੍ਹਾਂ ਬਾਰੇ ਕੋਈ ਨਹੀਂ ਜਾਣਦਾ ਹੋਣਾ।

ਹੁਣ ਭਾਵੇਂ ਸੂਬੇ ਦੇ ਮੁੱਖ ਮੰਤਰੀ ਨੇ ਇਸ ਕਾਂਡ ਦੀ ਜਾਂਚ ਸੀ ਬੀ ਆਈ ਤੋਂ ਕਰਾਉਣ ਦਾ ਐਲਾਨ ਕੀਤਾ ਹੈ, ਪਰ ਘਟਨਾ ਵਾਪਰਨ ਮਗਰੋਂ ਇਹ ਸਭ ਕੁਝ ਕਰਨਾ ਬਹੁਤੇ ਮਾਇਨੇ ਨਹੀਂ ਰੱਖਦਾ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹੋ ਜਿਹਾ ਇੱਕ ਰਿਆਨ ਸਕੂਲ ਨਹੀਂ, ਹਰ ਸੂਬੇ ਤੇ ਸ਼ਹਿਰ ਵਿੱਚ ਦਰਜਨਾਂ ਰਿਆਨ ਸਕੂਲ ਹਨ, ਜਿੱਥੇ ਵਿੱਦਿਆ ਦਾ ਸੌਦਾ ਕਰਦਿਆਂ ਬੱਚਿਆਂ ਦੀ ਜ਼ਿੰਦਗੀ ਨਾਲ ਸੌਦਾ ਕੀਤਾ ਜਾਂਦਾ ਹੈ। ਜਿਵੇਂ ਥਾਂ-ਥਾਂ ਢਾਬੇ ਖੁੱਲ੍ਹੇ ਹੋਏ ਹਨ, ਬਿਲਕੁਲ ਉਵੇਂ ਹਰ ਗਲੀ, ਮੋੜ ’ਤੇ ਪ੍ਰਾਈਵੇਟ ਸਕੂਲ ਹਨ। ਬਹੁਤੇ ਸਕੂਲ ਆਗੂਆਂ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਸਰਪ੍ਰਸਤੀ ਨਾਲ ਚਲਦੇ ਹਨ। ਕਈ ਵੱਡੇ ਸਕੂਲਾਂ ਵਿੱਚ ਸਿਆਸੀ ਲੋਕਾਂ ਦੀ ਹਿੱਸਾ-ਪੱਤੀ ਨਾਲ ਛਤਰ-ਛਾਇਆ ਹੈ। ਉਹ ਇਨ੍ਹਾਂ ਸਕੂਲਾਂ ਨੂੰ ਮਾਣਤਾ ਦਿਵਾਉਣ, ਵਿਵਾਦ ਪੈਣ ’ਤੇ ਬਚਾਉਣ ਅਤੇ ਪੁਲਸੀਆ ਮਸਲੇ ਨਿਬੇੜਨ ਵਿੱਚ ਯੋਗਦਾਨ ਪਾਉਂਦੇ ਹਨ। ਬਦਲੇ ਵਿੱਚ ਮਹੀਨਾਵਾਰ ਜਾਂ ਸਾਲਾਨਾ ਉਨ੍ਹਾਂ ਦੇ ਘਰ ਮਾਇਆ ਦਾ ਗੱਫਾ ਪੁੱਜ ਜਾਂਦਾ ਹੈ। ਸਕੂਲ ਖੋਲ੍ਹਣਾ ਹੁਣ ਇਉਂ ਬਣ ਗਿਆ ਹੈ, ਜਿਵੇਂ ਪੈਸੇ ਖਰਚ ਕੇ ਕੋਈ ਵੀ ਹੋਰ ਕਾਰੋਬਾਰ। ਬਹੁਤੇ ਸਕੂਲ ਇਹੋ ਜਿਹੇ ਹਨ, ਜਿਨ੍ਹਾਂ ਦੇ ਮਾਲਕ ਖੁਦ ਉੱਚ ਵਿੱਦਿਆ ਹਾਸਲ ਨਹੀਂ ਕਰ ਸਕੇ, ਪਰ ਉਹ ਉੱਚ ਵਿੱਦਿਆ ਵਾਲੇ ਅਧਿਆਪਕ ਰੱਖ ਕੇ ਇਹ ਪੇਸ਼ਕਾਰੀ ਕਰਦੇ ਹਨ ਕਿ ਸਾਡੇ ਸਕੂਲ ਵਰਗਾ ਕੋਈ ਹੋਰ ਨਹੀਂ। ਦਾਖ਼ਲੇ ਸ਼ੁਰੂ ਹੋਣ ਵੇਲੇ ਉਨ੍ਹਾਂ ਸਕੂਲਾਂ ਦੇ ਪਰਚੇ ਥਾਂ-ਥਾਂ ਵੰਡੇ ਜਾਂਦੇ ਹਨ, ਜਿਨ੍ਹਾਂ ਵਿੱਚ ਸਕੂਲ ਦੀਆਂ ਸਹੂਲਤਾਂ ਬਿਆਨ ਕੀਤੀਆਂ ਹੁੰਦੀਆਂ ਹਨ ਕਿ ਇੱਥੇ ਏ ਸੀ ਹਾਲ ਹੈ, ਏ ਸੀ ਕਲਾਸਰੂਮ ਹੈ, ਏ ਸੀ ਬੱਸਾਂ ਹਨ, ਖੇਡ ਮੈਦਾਨ ਹਨ ਤੇ ਹੋਰ ਬੜਾ ਕੁੱਝ। ਪਰ ਇਸ ਗੱਲ ਦੀ ਉਨ੍ਹਾਂ ਕਦੇ ਗਾਰੰਟੀ ਨਹੀਂ ਚੁੱਕੀ ਕਿ ਸਵੇਰ ਵੇਲੇ ਜਿਵੇਂ ਤੁਹਾਡਾ ਬੱਚਾ ਘਰੋਂ ਲਿਆ ਜਾਵੇਗਾ, ਸਕੂਲ ਮਗਰੋਂ ਉਵੇਂ ਘਰ ਛੱਡਿਆ ਜਾਵੇਗਾ।

ਪ੍ਰਾਈਵੇਟ ਸਕੂਲਾਂ ਦੀਆ ਬੱਸਾਂ ਜਦੋਂ ਥਾਂ-ਥਾਂ ਹਾਦਸਾਗ੍ਰਸਤ ਹੁੰਦੀਆਂ ਹਨ ਤਾਂ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਢੋਆ-ਢੁਆਈ ਦਾ ਪ੍ਰਬੰਧ ਕਿਹੋ ਜਿਹਾ ਹੈ। ਕਿੰਨੇ ਮਾਸੂਮ ਬੱਚਿਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਕਿੰਨੇ ਬੱਚੇ ਅਪਾਹਜ ਹੋ ਜਾਂਦੇ ਹਨ। ਮਾਪੇ ਕਿੰਨੇ ਚਾਅ ਨਾਲ ਬੱਚਿਆਂ ਨੂੰ ਤਿਆਰ ਕਰਕੇ ਸਕੂਲਾਂ ਵੱਲ ਤੋਰਦੇ ਹਨ, ਪਰ ਅੱਗੋਂ ਪਤਾ ਹੀ ਨਹੀਂ ਹੁੰਦਾ ਕਿ ਡਰਾਈਵਰ, ਕੰਡਕਟਰ, ਜਿਸ ਹਵਾਲੇ ਬੱਚੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਯੋਗਤਾ ਕੀ ਹੈ, ਉਹ ਡਰਾਈਵਰੀ, ਕੰਡਕਟਰੀ ਦੇ ਕਿੰਨੇ ਕੁ ਲਾਇਕ ਹਨ। ਜਦੋਂ ਘਟਨਾ ਵਾਪਰ ਜਾਂਦੀ ਹੈ ਤਾਂ ਪਤਾ ਲਗਦਾ ਹੈ ਕਿ ਸੰਬੰਧਤ ਬੱਸ ਦੇ ਡਰਾਈਵਰ ਕੋਲ ਲਾਇਸੰਸ ਨਹੀਂ ਸੀ, ਉਹ ਫੋਨ ਸੁਣ ਰਿਹਾ ਸੀ, ਉਹਨੂੰ ਡਰਾਈਵਰੀ ਦਾ ਤਜ਼ਰਬਾ ਨਹੀਂ ਸੀ।

ਫਿਰ ਕਾਰਵਾਈ ਦੀ ਗੱਲ ਤੁਰਦੀ ਹੈ। ਪ੍ਰਸ਼ਾਸਨ ਜਾਗਦਾ ਹੈ। ਖ਼ਬਰਾਂ ਆਉਂਦੀਆਂ ਹਨ। ਕੁਝ ਦਿਨਾਂ ਲਈ ਸਕੂਲ ਆਪਣੇ ਸਟਾਫ਼ ਨੂੰ ਤਾੜਦੇ ਹਨ, ਪਰ ਦੋ ਮਹੀਨਿਆਂ ਬਾਅਦ ਫਿਰ ਹਾਲਾਤ ਪਹਿਲਾਂ ਵਾਲੇ ਹੋ ਜਾਂਦੇ ਹਨ। ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਪਿੱਛੇ ਅਕਸਰ ਲਿਖਿਆ ਹੁੰਦਾ ਹੈ, ‘ਜੇ ਮੇਰੀ ਡਰਾਈਵਿੰਗ ’ਤੇ ਕੋਈ ਇਤਰਾਜ਼ ਹੈ ਤਾਂ ਹੇਠ ਦਿੱਤੇ ਨੰਬਰਾਂ ’ਤੇ ਸ਼ਿਕਾਇਤ ਕਰੋ’, ਪਰ ਹੇਠ ਦਿੱਤੇ ਨੰਬਰ ਕੱਟੇ-ਵੱਢੇ ਹੁੰਦੇ ਹਨ। ਜੇ ਕੋਈ ਸ਼ਿਕਾਇਤ ਕਰਨੀ ਚਾਹੇ ਤਾਂ ਕਰ ਹੀ ਨਹੀਂ ਸਕਦਾ। ਡਰਾਈਵਰ ਫੋਨ ਵੀ ਸੁਣਦੇ ਹਨ, ਤੰਬਾਕੂ ਵੀ ਮਲ਼ਦੇ ਹਨ, ਓਵਰਟੇਕ ਵੀ ਕਰਦੇ ਹਨ, ਸਭ ਕੁਝ ਹੁੰਦਾ ਹੈ। ਕੀ ਸਕੂਲ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਸਭ ਗੱਲਾਂ ਦਾ ਪਤਾ ਨਹੀਂ ਹੁੰਦਾ। ਉਹ ਸਭ ਕੁਝ ਜਾਣਦੇ ਹੋਏ ਅਣਜਾਣ ਬਣਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜਿੰਨੇ ਘੱਟ ਪੈਸੇ ਅਸੀਂ ਦਿੰਦੇ ਹਾਂ, ਉੰਨੇ ਵਿੱਚ ਇਹੋ ਜਿਹੇ ਹੀ ਮਿਲਣੇ ਹਨ।

ਪ੍ਰਾਈਵੇਟ ਸਕੂਲਾਂ ਦੇ ਵੱਡੇ ਹਿੱਸੇ ਵੱਲੋਂ ਅਧਿਆਪਕਾਂ ਦਾ ਵੱਖਰਾ ਸ਼ੋਸ਼ਣ ਕੀਤਾ ਜਾਂਦਾ ਹੈ। ਉਹ ਅਧਿਆਪਕਾਂ ਤੋਂ ਵੀਹ-ਤੀਹ ਹਜ਼ਾਰ ’ਤੇ ਦਸਤਖਤ ਕਰਵਾ ਕੇ ਦਿੰਦੇ ਅੱਠ ਜਾਂ ਦਸ ਹਜ਼ਾਰ ਹੀ ਹਨ। ਬੇਰੁਜ਼ਗਾਰੀ ਕਾਰਨ ਹਾਲਾਤ ਇਹ ਹਨ ਕਿ ਇਸ ਸੋਸ਼ਣ ਖਿਲਾਫ਼ ਕੋਈ ਨਹੀਂ ਬੋਲਦਾ। ਜੇ ਕੋਈ ਬੋਲਦਾ ਹੈ ਤਾਂ ਉਸ ਨੂੰ ਘਰ ਤੋਰ ਦਿੱਤਾ ਜਾਂਦਾ ਹੈ।

ਇਹ ਸਭ ਗੱਲਾਂ ਦੱਸਣ ਲਈ ਕਾਫੀ ਹਨ ਕਿ ਪੰਜਾਬ ਦਾ ਪ੍ਰਾਈਵੇਟ ਸਿੱਖਿਆ ਢਾਂਚਾ ਕਿਹੜੇ ਹਾਲ ਨੂੰ ਪੁੱਜ ਚੁੱਕਾ ਹੈ। ਇੱਥੇ ‘ਉੱਚੀ ਦੁਕਾਨ ਫਿੱਕਾ ਪਕਵਾਨ’ ਵਾਲੀ ਗੱਲ ਲਾਗੂ ਹੁੰਦੀ ਹੈ। ਅੱਜ ਸਾਡੇ ਸਾਹਮਣੇ ਇੱਕ ਰਿਆਨ ਸਕੂਲ ਦੀ ਉਦਾਹਰਣ ਹੈ, ਪਰ ਜੇ ਹਾਲਾਤ ਇਹੀ ਰਹੇ ਤਾਂ ਕੱਲ੍ਹ ਨੂੰ ਕੋਈ ਹੋਰ ਰਿਆਨ ਸਾਹਮਣੇ ਆ ਜਾਵੇਗਾ। ਕਿਸੇ ਹੋਰ ਬੱਚੇ ਦੀ ਜ਼ਿੰਦਗੀ ਦਾ ਨੁਕਸਾਨ ਹੋ ਜਾਵੇਗਾ। ਜੇ ਅਸੀਂ ਇਸ ਸਭ ’ਤੇ ਕਾਬੂ ਪਾਉਣਾ ਚਾਹੁੰਦੇ ਹਾਂ ਤਾਂ ਸਖਤ ਫ਼ੈਸਲੇ ਲੈਣੇ ਪੈਣਗੇ। ਜਿੰਨੀ ਦੇਰ ਤੱਕ ਸਰਕਾਰਾਂ ਪ੍ਰਾਈਵੇਟ ਸਕੂਲਾਂ ਨੂੰ ਠੋਸ ਨਿਯਮਾਂ ਦੇ ਦਾਇਰੇ ਵਿੱਚ ਲੈ ਕੇ ਨਹੀਂ ਆਉਂਦੀਆਂ, ਉੰਨੀ ਦੇਰ ਤੱਕ ਪ੍ਰਦੁਮਨ ਵਰਗੇ ਬੱਚਿਆਂ ਦੀ ਜ਼ਿੰਦਗੀ ਇਵੇਂ ਦਾਅ ’ਤੇ ਲਗਦੀ ਰਹੇਗੀ।

*****

(836)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author