HarpalCheeka7“ਇਕ ਸੋਚਣ ਵਾਲੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਵਿੱਚੋਂ ਸਿਰਫ ਹਿੰਦੋਸਤਾਨ ਵਿੱਚ ਹੀ ਡੇਰਾਵਾਦ ...”
(12 ਸਤੰਬਰ 2017)

 

ਹਰਿਆਣਾ ਵਿੱਚ 25 ਅਗਸਤ 2017 ਨੂੰ ਵਾਪਰੀ ਇਕ ਡੇਰੇ ਮੁਖੀ ਨਾਲ ਸਬੰਧਿਤ ਘਟਨਾ ਨੇ ਸਾਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇੱਥੋਂ ਤਕ ਕਿ ਚੀਨ ਨੇ ਵੀ ਡੋਕਲਾਮ ਵਿਚਲੇ ਕਾਂਡ ਕਰਕੇ ਆਪਣੀ ਹੋਈ ਕੂਟਨੀਤਕ ਹਾਰ ਬਾਰੇ ਭਾਰਤ ਨੂੰ ਮਿਹਣਾ ਮਾਰਿਆ ਕਿ ਮੈਨੂੰ ਧੌਂਸ ਜਾਂ ਸਿੱਖਿਆ ਦੇਣ ਤੋਂ ਪਹਿਲਾਂ ਭਾਰਤ ਆਪਣੇ ਦੇਸ਼ ਵਿਚਲੇ ਡੇਰਾਵਾਦ ਦੇ ਆਤੰਕ ਨਾਲ ਨਿਬੜਨ ਨੂੰ ਪਹਿਲ ਦੇਵੇ। ਉਸ ਦੇ ਇੰਨਾ ਕਹਿਣ ਤੋਂ ਹੀ ਸਾਡੇ ਦੇਸ਼ ਵਸੀਆਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਸਾਡੇ ਸੈਨਿਕਾਂ ’ਤੇ ਇਸ ਵਿਦੇਸ਼ੀ ਹੱਦਬੰਦੀ ਦੀ ਜਟਿਲ ਸਮੱਸਿਆ ਨਾਲ ਸਿੱਝਣ ਵਾਲਿਆਂ ਦੀ ਬਹੁਤ ਕਰੜੀ ਮਿਹਨਤ ਰੰਗ ਲਿਆਈ।

ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, ਬਗੈਰ ਗੋਲੀ ਦਾ ਇਤਸੇਮਾਲ ਕੀਤਿਆਂ, ਬਿਨਾਂ ਕੋਈ ਜਾਨ ਗਵਾਇਆਂ, ਚੀਨ ਵਰਗੇ ਖੂੰਖਾਰ ਦੇਸ਼ ਦੀਆਂ ਸਵਾਰਥੀ, ਘਿਨਾਉਣੀਆਂ ਤੇ ਡਰਾਉਣੀਆਂ ਚਾਲਾਂ ਨੂੰ ਮਾਤ ਦਿੰਦਿਆਂ, ਸਾਰੀ ਦੁਨੀਆਂ ਵਿੱਚ, ਆਪਣੀ ਸੂਝ ਬੂਝ ਦਾ ਵਿਖਾਵਾ ਕਰਦਿਆਂ, ਧਾਂਕ ਜਮਾਈ, ਜਿਸ ਕਰਕੇ ਹਰ ਭਾਰਤੀ ਦੇ ਘਰ ਵਿੱਚ, ਦੀਪਮਾਲਾ ਹੋਣੀ ਤੇ ਅਤਿਸ਼ਬਾਜ਼ੀ ਖੁਸ਼ੀ ਵਿੱਚ ਚਲਾਈ ਜਾਣੀ ਸੀ, ਪਰ ਇਹ ਡੇਰੇ ਵਾਲੇ ਅਣਕਿਆਸ ਕੀਤੇ ਐਪੀਸੋਡ ਨੇ, ਸਾਰੇ ਦੇਸ਼ ਵਿੱਚ ਇਕ ਡਰ, ਸਹਿਮ ਅਤੇ ਮਾਤਮ ਦਾ ਮਾਹੌਲ ਬਣਾਉਣ ਦਾ ਕੰਮ ਕੀਤਾ ਅਤੇ ਇਸ ਕੂਟਨੀਤਕ ਜਿੱਤ ਦੇ ਜਸ਼ਨਾਂ ’ਤੇ ਪਾਣੀ ਫੇਰ ਦਿੱਤਾ। ਵਧਾਈ ਦੇਣ ਦਾ ਕਿਸੇ ਭਾਰਤੀ ਨੂੰ ਮੌਕਾ ਹੀ ਨਹੀਂ ਮਿਲਿਆ।

ਇਕ ਸੋਚਣ ਵਾਲੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਵਿੱਚੋਂ ਸਿਰਫ ਹਿੰਦੋਸਤਾਨ ਵਿੱਚ ਹੀ ਡੇਰਾਵਾਦ ਕਿਉਂ ਫੈਲ ਰਿਹਾ ਹੈ? ਇਹ ਕਦੋਂ ਅਤੇ ਕਿਸ ਨੀਤੀ ਨਾਲ ਸ਼ੁਰੂ ਹੋਇਆ? ਕਿਉਂ ਸਾਰੇ ਭਾਰਤ ਵਾਸੀ ਹੀ, ਇਕ ਮਿਥਕ ਸਵਰਗ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ? ਕੀ ਬਾਕੀ ਸਾਰੇ ਸੰਸਾਰ ਦੀ ਵਸੋਂ, ਨਰਕ ਵਿੱਚ ਜਾਵੇਗੀ? ਨਹੀਂ, ਮਰਨ ਤੋਂ ਬਾਅਦ ਕੋਈ ਸਵਰਗ ਜਾਂ ਨਰਕ ਹੈ ਹੀ ਨਹੀਂ। ਨਾ ਅੱਜ ਤੱਕ ਕਿਸੇ ਦੇਵੀ ਦੇਵਤੇ, ਗੁਰੂ ਜਾਂ ਪੀਰ ਫਕੀਰ, ਔਲੀਏ ਨੇ, ਇੱਥੇ ਵਾਪਸ ਆ ਕੇ ਦੱਸਿਆ ਹੀ ਹੈ ਕਿ ਕਿੰਨੇ ਹਜ਼ਾਰ ਕਿਲੋਮੀਟਰ ਦੂਰ ਇੱਥੋਂ ਸਵਰਗ ਜਾਂ ਨਰਕ ਨਾਂ ਦਾ ਕੋਈ ਸਥਾਨ ਹੈ।

ਅਜਿਹਾ ਸਾਰਾ ਕੁਝ ਅੰਗਰੇਜ਼ਾਂ ਦੇ ਭਾਰਤ ਵਿੱਚ ਦਾਖਲ ਹੋਣ ਤੋਂ ਬਾਅਦ ਹੀ ਸ਼ੁਰੂ ਹੋਇਆ। ਲੰਬਾ ਸਮਾਂ (800 ਸਾਲ) ਮੁਗਲਾਂ ਦੀ ਗੁਲਾਮੀ ਸਦਕਾ ਭਾਰਤਵਾਸੀ ਆਪਣੀ ਮਾਨਸਿਕ ਅਤੇ ਅੰਦਰਲੀ ਸਵੈਮਾਨ ਵਾਲੀ ਸ਼ਕਤੀ ਭੁੱਲ ਬੈਠੇ ਸਨ। ਇਸ ਦਾ ਲਾਭ ਅੰਗਰੇਜ਼ਾਂ ਨੇ ਖੂਬ ਉਠਾਇਆ ਅਤੇ ਦੇਹਧਾਰੀ ਗੁਰੂ ਪ੍ਰੰਪਰਾ ਨੂੰ ਉਤਸ਼ਾਹਿਤ ਕੀਤਾ, ਜਦੋਂ ਕਿ ਦੁਨੀਆਂ ਦਾ ਸਭ ਤੋਂ ਪੁਰਾਤਨ ਸਨਾਤਨ ਧਰਮ, ਬੁੱਧ, ਜੈਨ, ਇਸਲਾਮ, ਈਸਾਈ ਤੇ ਸਿਖ ਧਰਮ ਵਿੱਚ, ਦੇਹਧਾਰੀ ਗੁਰੂ ਦੀ ਕੋਈ ਪ੍ਰੰਪਰਾ ਨਹੀਂ ਹੈ। ਸਗੋਂ ਇਨ੍ਹਾਂ ਧਰਮਾਂ ਦੇ ਮੋਢੀ ਮਹਾਂਪੁਰਸ਼ਾਂ ਦਾ ਗਿਆਨ ਹੀ, ਜੋ ਪਵਿੱਤਰ ਗ੍ਰੰਥਾਂ ਦੇ ਸਵਰੂਪ ਵਿੱਚ ਸ਼ਬਦ ਗੁਰੂ ਦੀ ਪ੍ਰੀਭਾਸ਼ਾ ਨੂੰ ਰੂਪਮਾਨ ਕਰਦਾ ਹੋਇਆ, ਅੱਜ ਵੀ ਸਾਡੀ ਅਗਵਾਈ ਕਰ ਰਿਹਾ ਹੈ।

ਪਰ ਅਸੀਂ ਸਾਰੇ ਹੀ ਧਰਮਾਂ ਵਾਲੇ, ਆਪਣੇ ਮੂਲ ਨੂੰ ਭੁੱਲ ਕੇ ਇਸ ਤਰ੍ਹਾਂ ਦੇ ਅਨੇਕਾਂ ਹੀ ਡੇਰੇਦਾਰਾਂ ਪਾਸੋਂ, ਆਪਣੀਆਂ ਆਰਥਿਕ ਤੰਗੀਆਂ ਅਤੇ ਸਰੀਰਕ ਬਿਮਾਰੀਆਂ, ਰਾਤੋ-ਰਾਤ ਬਗੈਰ ਕੋਈ ਮਿਹਨਤ ਕੀਤਿਆਂ, ਬਿਨਾਂ ਇਲਾਜ ਕਰਵਾਏ, ਕਿਸੇ ਦੇਹਧਾਰੀ ਗੁਰੂ ਦੇ ਚਮਤਕਾਰੀ ਵਰ ਨਾਲ ਹੀ, ਅਮੀਰ ਤੇ ਤੰਦਰੁਸਤ ਹੋਣਾ ਚਾਹੁੰਦੇ ਹਾਂ। ਬਗੈਰ ਪੜ੍ਹਿਆਂ ਹੀ ਵਿਦਵਾਨ ਬਣਨਾ ਚਾਹੁੰਦੇ ਹਾਂ। ਕਿਸੇ ਇਕ ਦਾ ਵੀ, ਇਨ੍ਹਾਂ ਅਖੌਤੀ ਮਹਾਂਪੁਰਸ਼ਾਂ ਦਾ ਨਾਂ ਲਏ ਬਗੈਰ, ਦੱਸੋ ਸਾਨੂੰ ਇਹ ਆਪਣੇ ਕੋਲੋਂ ਕੀ ਦੇ ਰਹੇ ਹਨ। ਇਨ੍ਹਾਂ ਕੋਲ ਦੇਣ ਨੂੰ ਕੁਝ ਵੀ ਨਹੀਂ, ਸਗੋਂ ਇਹ ਸਾਡੇ ਧਰਮ ਗ੍ਰੰਥਾਂ ਦੀ ਹੀ ਕਥਾ ਕਰਕੇ ਸਣਾਉਂਦੇ ਹਨ। ਉਸ ਵਿੱਚੋਂ ਹੀ ਗੁਰ ਮੰਤਰ ਦਿੰਦੇ ਹਨ। ਉਸੇ ਦੀ ਹੀ ਸਿੱਧੀ ਕਰਨ ਲਈ ਕਹਿੰਦੇ ਹਨ। ਜੇ ਇਸ ਤਰ੍ਹਾਂ ਹੀ ਹੋਣਾ ਸੀ, ਤਾਂ ਫਿਰ ਸਾਡੇ ਸਾਰੇ ਵੇਦ, ਸ਼ਾਸਤਰ, ਸਿਮਰਤੀਆਂ, ਗੀਤਾ, ਰਮਾਇਣ, ਅੰਜੀਲ, ਕੁਰਾਨ, ਬਾਈਬਲ ਅਤੇ ਗੁਰੂ ਗ੍ਰੰਥ ਸਾਹਿਬ ਆਦਿ ਦੀ, ਰਚਨਾ ਕਰਨ ਦੀ ਕੋਈ ਜਰੂਰਤ ਨਹੀਂ ਸੀ। ਬੱਸ ਇਨ੍ਹਾਂ ਦੇ ਰਚਾਇਤਾ ਇਕ ਦੋ ਲਾਈਨਾਂ ਦੇ ਮੰਤਰ ਹੀ ਰਚ ਦਿੰਦੇ, ਜੋ ਕਾਫੀ ਸਨ। ਇਸ ਤਰ੍ਹਾਂ ਇਨ੍ਹਾਂ ਡੇਰੇਦਾਰਾਂ ਦੀ ਹੈਸੀਅਤ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਇਕ ਕਥਾਵਾਚਕ ਤੋਂ ਵੱਧ ਕੁਝ ਨਹੀਂ। ਮਿਸਾਲ ਵਜੋਂ ਕਿਸੇ ਅਨਪੜ੍ਹ ਔਰਤ ਦੇ ਵਿਦੇਸ਼ ਗਏ ਪਤੀ ਦੀ ਚਿੱਠੀ ਲੈ ਕੇ ਆਉਣ ਵਾਲਾ, ਉਸ ਚਿੱਠੀ ਨੂੰ ਪੜ੍ਹ ਕੇ ਸੁਣਾਉਣ ਨਾਲ ਹੀ ਕੀ ਉਹ ਪਤੀ ਬਣ ਗਿਆ? ਨਹੀਂ, ਉਹ ਡਾਕੀਆ ਹੀ ਅਖਵਾਏਗਾ। ਪਰ ਇਹ ਲੋਕ ਸਾਡੀਆਂ ਮਾਨਸਿਕ ਕਮਜ਼ੋਰੀਆਂ ਤੇ ਆਰਥਿਕ ਮਜਬੂਰੀਆਂ ਦਾ ਫਾਇਦਾ ਉਠਾਉਂਦੇ ਹਨ। ਸਾਨੂੰ ਜਮਦੂਤਾਂ ਵਲੋਂ ਨਰਕਾਂ ਵਿੱਚ ਸੁੱਟੇ ਜਾਣ ਦਾ ਡਰ ਦੇ ਕੇ, ਸਵਰਗਾਂ ਵਿੱਚ ਜਾਂ ਬਿਰਾਜਣ ਦਾ ਲਾਲਚ ਦੇ ਕੇ, ਆਪ ਅਰਬਾਂ-ਖਰਬਾਂ ਪਤੀ ਬਣ ਗਏ ਤੇ ਅਸੀਂ ਉਨ੍ਹਾਂ ਦੇ ਭਗਤ ਉਸੇ ਹੀ ਗਰੀਬੀ ਦੀ ਦਲਦਲ ਵਿੱਚ ਫਸੇ ਰਹੇ। ਜੇਕਰ ਵੇਖਿਆ ਜਾਵੇ ਕਿ ਸਾਰੇ ਦੇਸ਼ ਵਿੱਚ, ਇਹ ਜਿੰਨੇ ਵੀ ਰੱਬ ਦੇ ਦੂਤ ਸਾਨੂੰ ਸਵਰਗ ਦਾ ਵੀਜ਼ਾ ਲਗਵਾ ਕੇ ਦਿੰਦੇ ਹਨ, ਅੱਜ ਆਪ ਕਿਨ੍ਹਾਂ ਕੀਤੇ ਕੁਕਰਮਾਂ ਕਰਕੇ ਜੇਲ੍ਹਾਂ ਵਿੱਚ ਨਰਗ ਭੋਗ ਰਹੇ ਹਨ। ਇਨ੍ਹਾਂ ਸਾਰਿਆਂ ਦਾ ਜੇਲਾਂ ਵਿੱਚ ਜਾਣ ਦਾ ਕਾਰਨ, ਇਨ੍ਹਾਂ ਦੇ ਕੀਤੇ ਅਨੈਤਿਕ ਅਤੇ ਗੈਰ-ਕਾਨੂੰਨੀ ਕੰਮ ਹਨ, ਨਾ ਕੇ ਦੇਸ਼ ਭਗਤੀ।

ਅੱਜ ਸਾਰੇ ਰਾਜਨੇਤਾਵਾਂ ਦੀ ਵੀ ਇਕ ਕਮਜ਼ੋਰੀ ਹੈ, ਜਿਹੜੇ ਲੋਕ ਜਾਂ ਦੇਸ਼ ਸੇਵਾ ਨਾ ਕਰਕੇ, ਡੇਰਿਆਂ ਤੋਂ ਅਸ਼ੀਰਵਾਦ ਲੈ ਕੇ ਉੱਥੇ ਜਾਂਦੀ ਲੱਖਾਂ ਦੀ ਭੀੜ ਤੋਂ ਵੋਟਾਂ ਹਾਸਲ ਕਰਨਾ ਹੀ ਮੁੱਖ ਮਕਸਦ ਹੈ। ਇਨ੍ਹਾਂ ਦਾ ਅਜਿਹਾ ਵਰਤਾਰਾ ਸਾਨੂੰ ਫਿਰ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜ ਦੇਵੇਗਾ। ਅਸੀਂ ਹੱਥੀ ਕਿਰਤ ਕਰਨੀ ਛੱਡਦੇ ਜਾ ਰਹੇ ਹਾਂ।

ਪਿਛਲੇ ਦਿਨੀਂ ਇਸ ਵਾਪਰੇ ਘਟਨਾ ਕ੍ਰਮ ਬਾਰੇ, ਕਿਸੇ ਇਕ ਪ੍ਰਦੇਸ਼ ਸਰਕਾਰ ਜਾਂ ਰਾਜਨੀਤਕ ਪਾਰਟੀ ਨੂੰ ਦੋਸ਼ੀ ਠਹਿਰਾਉਣਾ ਉੱਚਿਤ ਨਹੀਂ, ਜਦੋਂ ਕਿ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਤੇ ਸਾਡਾ ਸਮਾਜਿਕ ਅਤੇ ਧਾਰਮਿਕ ਤਾਣਾ-ਬਾਣ ਹੀ ਜ਼ਿੰਮੇਵਾਰ ਹੈ। ਸ਼ਾਇਦ ਕੋਈ ਵੀ ਅਜਿਹਾ ਰਾਜਨੀਤਕ ਦਲ ਜਾਂ ਉਮੀਦਵਾਰ ਨਾ ਹੋਵੇ, ਜਿਸ ਨੇ ਵੋਟਾਂ ਖਾਤਰ ਇਨ੍ਹਾਂ ਡੇਰਿਆਂ ਤੇ ਹਾਜ਼ਰੀ ਨਾ ਲਗਵਾ ਕੇ ਵੋਟ ਲਏ ਹੋਣ ਤੇ ਫਿਰ ਬਦਲੇ ਵਿੱਚ ਇਨ੍ਹਾਂ ਦੀ ਮਦਦ ਨਾ ਕੀਤੀ ਹੋਵੇ। ਠੀਕ ਹੈ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਰਾਜ ਕਰ ਰਹੀ ਪਾਰਟੀ ’ਤੇ ਸਾਰੇ ਦੋਸ਼ ਲਗਾਉਂਦੇ ਹੀ ਹਨ।

ਮੁੱਕਦੀ ਗੱਲ, ਮੋਦੀ ਜੀ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਕਿ ਆਸਥਾ ਦੇ ਨਾਮ ਤੇ ਹਿੰਸਾ ਬਰਦਾਸ਼ਤ ਨਹੀਂ। ਪਰ ਇਹ ਆਉਣ ਵਾਲੇ ਸਮੇਂ ਵਿੱਚ ਤਾਂ ਹੀ ਅਮਲੀ ਰੂਪ ਲਵੇਗੀ ਜੇ ਅਸੀਂ ਸਾਰੇ ਭਾਰਤ ਦੇ ਅਜਿਹੇ ਡੇਰੇ ਜਾਂ ਮੱਠ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਉਨਾਂ ਦਾ ਰਾਸ਼ਟਰੀਕਰਨ ਕਰਕੇ ਪ੍ਰਬੰਧ ਸਰਕਾਰ ਆਪਣੇ ਹੱਥਾਂ ਵਿੱਚ ਲਏ। ਇਸ ਦੀ ਉਦਾਹਰਣ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੈਸ਼ਨੂੰ ਦੇਵੀ ਬੋਰਡ, ਅਮਰਨਾਥ ਗੁਫਾ ਸ਼ਰਾਈਨ ਬੋਰਡ, ਮਨਸਾ ਦੇਵੀ, ਸੀਤਲਾ ਦੇਵੀ ਤੇ ਦੱਖਣੀ ਭਾਰਤ ਦੇ ਕਈ ਵੱਡੇ ਮੰਦਰਾਂ ਤੇ ਸਰਕਾਰੀ ਬੋਰਡ ਬਣੇ ਹਨ, ਜੋ ਵਧੀਆਂ ਕੰਮ ਕਰ ਰਹੇ। ਉੱਥੇ ਹਰ ਚੀਜ਼ ਦਾ ਹਿਸਾਬ ਸਰਕਾਰੀ ਆਡਿਟ ਰਾਹੀਂ ਹੁੰਦਾ ਹੈ। ਜੇਕਰ ਕੋਈ ਫੰਡਾਂ ਵਿੱਚ ਹੇਰਾਫੇਰੀ ਕਰਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਹੁੰਦੀ ਹੈ। ਡੇਰਿਆਂ ਵਿੱਚ ਭੀੜ ਦੇ ਇਕੱਠਾ ਹੋਣ ’ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਕਿਉਂਕਿ ਡੇਰੇਦਾਰ ਆਪਣੇ ਸ਼ਰਧਾਲੂਆਂ ਦੇ, ਵੱਡੇ ਇਕੱਠ ਸੱਤਸੰਗ ਦੇ ਨਾਮ ’ਤੇ ਕਰਕੇ ਰਾਜਨੀਤਕ ਪਾਰਟੀਆਂ ਤੇ ਸਰਕਾਰਾਂ ਉੱਤੇ ਆਪਣੇ ਵਲੋਂ ਤਿਆਰ ਕੀਤੇ ਅਜਿਹੇ ਵੋਟ ਬੈਂਕ ਦਾ ਦਿਖਾਵਾ ਕਰਦੇ ਹਨ ਅਤੇ ਫਿਰ ਰਾਜਨੀਤਕ ਲੋਕਾਂ ਦਾ ਆਪਣੇ ਫਾਇਦੇ ਲਈ ਅਜਿਹੇ ਸਥਾਨਾਂ ’ਤੇ ਜਾਣਾ ਸੁਭਾਵਿਕ ਹੀ ਹੈ। ਕਦੇ ਭਗਵਾਨ ਰਾਮਚੰਦਰ ਜੀ, ਕ੍ਰਿਸ਼ਨ ਮਹਾਰਾਜ, ਗੁਰੂ ਨਾਨਕ ਦੇਵ ਜੀ ਨੇ ਲੱਖਾਂ ਦੀ ਭੀੜ ਵਿੱਚ ਉਪਦੇਸ਼ ਕਿਉਂ ਨਹੀਂ ਦਿੱਤਾ? ਇਨ੍ਹਾਂ ਨੂੰ ਜੇ ਇਕ ਸਤਸੰਗੀ ਮਿਲ ਗਿਆ ਤਾਂ ਠੀਕ, ਜੇ 5 ਜਾਂ 10 ਸੁਣਨ ਵਾਲੇ ਮਿਲ ਗਏ, ਉਨ੍ਹਾਂ ਨਾਲ ਹੀ ਉਸ ਪ੍ਰਮਾਤਮਾ ਦੀ ਹੋਂਦ ਬਾਰੇ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਲਿਆ। ਪਰ ਸਿਤਮ ਜ਼ਰੀਫੀ ਵੇਖੋ, ਉਨ੍ਹਾਂ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਵਾਸਤੇ ਵੱਡੀਆਂ ਭੀੜਾਂ ਇੱਕਠੀਆਂ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਅਧਿਆਤਮਕ ਪ੍ਰਚਾਰ ਹੋ ਹੀ ਨਹੀਂ ਸਕਦਾ ਅਤੇ ਕਦੇ ਵੀ ਆਤਮਾ ਨੂੰ ਰੂਹਾਨੀਅਤ ਦਾ ਉੱਤਮ ਪਦ ਨਹੀਂ ਮਿਲਦਾ। ਹਾਂ, ਜਦੋਂ ਜਰੂਰਤ ਪਈ ਤਾਂ ਇਨ੍ਹਾਂ ਮਹਾਪੁਰਸ਼ਾਂ ਨੇ ਵੀ ਇਕੱਠ ਕੀਤੇ, ਲੜਾਈਆਂ ਵੀ ਲੜੀਆਂ, ਜਿਸ ਤਰ੍ਹਾਂ ਲੰਕਾ ਦੀ ਲੜਾਈ, ਬੁਰਾਈ ਤੇ ਨੇਕੀ ਦੀ ਜਿੱਤ। ਮਹਾਂਭਾਰਤ ਦਾ ਯੁੱਧ ਹੋਇਆ, ਨਤੀਜਾ ਕਰਮ ਦੀ ਪ੍ਰਧਾਨਤਾ। ਕਰਬਲਾ ਦੀ ਲੜਾਈ ਜ਼ੁਲਮ ਦੇ ਖਿਲਾਫ ਅਤੇ ਜੇ ਆਨੰਦਪੁਰ (ਪੰਜਾਬ) ਵਿੱਚ 1699 ਈਸਵੀ ਨੂੰ ਲੱਖਾਂ ਦਾ ਇਕੱਠ ਹੋਇਆ ਤਾਂ, ਸਮੁੱਚੇ ਭਾਰਤੀਆਂ ਅੰਦਰ ਅਣਖ ਅਤੇ ਗੈਰਤ ਨੂੰ ਜਗਾਇਆ ਤੇ ਫਿਰ ਦੇਸ਼ ਭਗਤੀ ਨੂੰ ਆਧਾਰ ਬਣਾਕੇ, ਨਵੇਂ ਰਾਸ਼ਟਰ ਦੀ ਉਸਾਰੀ ਕਰਦਿਆਂ ਨਿਰਮਾਣ, ਅਖੌਤੀ ਉੱਚ ਨੀਚ ਜਾਤੀਆਂ ਦੇ ਵਖਰੇਵੇਂ ਨੂੰ ਮਿਟਾ ਕੇ, ਆਧੁਨਿਕ ਭਾਰਤ ਦਾ ਨਿਰਮਾਣ ਕੀਤਾ।

ਅੰਤ ਵਿੱਚ ਸਾਰੀਆਂ ਉਦਾਹਰਨਾਂ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਹਰ ਧਰਮ ਦੇ ਪ੍ਰਚਾਰ ਲਈ, ਜੇ ਕਿਸੇ ਖਾਸ ਜਗ੍ਹਾ ’ਤੇ ਕੋਈ, ਅਸਥਾਨ ਬਣਾਉਣਾ ਵੀ ਪਵੇ ਤਾਂ ਉਸ ਲਈ ਸਰਕਾਰ ਇਕ ਗਾਇਡ ਲਾਇਨ ਬਣਾਵੇ, ਕੁਝ ਨਿਯਮ ਹੋਣ, ਜਿਨ੍ਹਾਂ ਅਧੀਨ ਉੱਥੇ ਧਰਮ ਪ੍ਰਚਾਰ ਹੋਵੇ, ਉਸ ਪ੍ਰਚਾਰ ਕੇਂਦਰ ਦੀ ਜਾਇਦਾਦ ਅਤੇ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਗਿਣਤੀ ਬਾਰੇ ਵੀ ਸੀਮਾ ਨਿਰਧਾਰਿਤ ਹੋਵੇ। ਤਾਂ ਕਿਤੇ ਜਾ ਕੇ ਅਜਿਹੇ ਘਟਨਾ ਕ੍ਰਮ ਵਾਪਰਨ ਤੋਂ ਰੋਕੇ ਜਾ ਸਕਦੇ ਹਨ, ਨਾਲ ਹੀ ਇਹ ਵੀ ਸੁਨਿਸਚਤ ਕੀਤਾ ਜਾਵੇ ਕਿ ਪ੍ਰਦੇਸ਼ ਅਤੇ ਦੇਸ਼ਵਾਸੀਆਂ ਨੂੰ ਕਦੇ ਵੀ ਅਜਿਹੇ ਡਰਾਉਣੇ ਦ੍ਰਿਸ਼ ਨਾ ਦੇਖਣੇ ਪੈਣ।

*****

(829)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਪਾਲ ਸਿੰਘ ਚੀਕਾ

ਹਰਪਾਲ ਸਿੰਘ ਚੀਕਾ

Phone:(91 - 94160 - 39300), (91 - 99960 - 39300)
Email: (hscheeka@gmail.com)