ShyamSDeepti7ਲੋਕਾਂ ਦੇ ਹੱਥਾਂਮੱਥੇ ਦੀਆਂ ਲਕੀਰਾਂ ਜਾਂ ਜਨਮਪੱਤਰੀ ਤੋਂ ਬਿਮਾਰੀ/ਸਮੱਸਿਆ ਲੱਭਣਗੇ ਅਤੇ ਇਲਾਜ ਦੱਸਣਗੇ ...
(7 ਸਤੰਬਰ 2017)

 

ਦੇਸ਼ ਦੇ ਇਕ ਵੱਡੇ ਸ਼ਹਿਰ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿਚ ਜ਼ਨਾਨਾ ਰੋਗਾਂ ਦੇ ਮਾਹਿਰ ਅਤੇ ਮੁਖੀ ਡਾ. ਹਰੀ ਅਨੁਪਮਾ ਅਤੇ ਹੋਰ ਸਟਾਫ ਵੱਲੋਂ ਮਾਵਾਂ ਅਤੇ ਨਵਜਾਤ ਬੱਚਿਆਂ ਦੀ ਮੌਤ ਦਰ ਘਟ ਕਰਨ ਲਈ ਹਵਨ ਕਰਵਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਰਾਜ ਵਿਚ ਸਿੱਖਿਆ ਵਿਭਾਗ ਵੱਲੋਂ ਜੋਤਿਸ਼ ਵਿੱਦਿਆ ਦਾ ਵਿਧੀਵਤ ਸਿਲੇਬਸ ਤਿਆਰ ਕਰ ਕੇ ਪੜ੍ਹਾਈ ਸ਼ੁਰੂ ਕੀਤੀ ਗਈ ਹੈ, ਜੋ ਕਿ ਪੜ੍ਹਨ ਮਗਰੋਂ ਓ.ਪੀ.ਡੀ. ਚਲਾਉਣਗੇ ਅਤੇ ਲੋਕਾਂ ਦੇ ਹੱਥਾਂ, ਮੱਥੇ ਦੀਆਂ ਲਕੀਰਾਂ ਜਾਂ ਜਨਮਪੱਤਰੀ ਤੋਂ ਬਿਮਾਰੀ/ਸਮੱਸਿਆ ਲੱਭਣਗੇ ਅਤੇ ਇਲਾਜ ਦੱਸਣਗੇ। ਸੰਘ ਪਰਿਵਾਰ ਦੇ ਇਕ ਪ੍ਰਚਾਰਕ ਇੰਦਰੇਸ਼ ਕੁਮਾਰ, ਸਿੱਕਮ-ਅਰੁਨਾਚਲ ਦੀ ਸਰਹੱਦ ਤੋਂ ਘੁਸਪੈਠ ਕਰ ਰਹੀਆਂ ਚੀਨੀ ਫ਼ੌਜਾਂ ਨੂੰ ਵਾਪਸ ਚਲੇ ਜਾਣ ਲਈ ਇਕ ਮੰਤਰ ਪੜ੍ਹਨ ਦੀ ਸਲਾਹ ਦੇ ਰਹੇ ਹਨ। ਇਸ ਸਾਰੀ ਕਾਰਗੁਜ਼ਾਰੀ ਅਤੇ ਸੋਚ ਵਿਚ ਪੁਸ਼ਪਕ ਵਿਮਾਨ ਨੂੰ ਭਾਰਤ ਦੀ ਹਵਾਈ ਜਹਾਜ਼ ਵਾਲੀ ਖੋਜ ਨਾਲ ਅਤੇ ਗਣੇਸ਼ ਜੀ ਦੇ ਸਿਰ ਤੇ ਹਾਥੀ ਦੇ ਸਿਰ ਦੀ ਪਲਾਸਟਿਕ ਸਰਜਰੀ ਨੂੰ ਭਾਰਤੀ ਦੇਣ ਕਹਿ ਕੇ ਵਡਿਆਉਣਾ ਵੀ ਸ਼ਾਮਿਲ ਹੈ।

ਇਹ ਗੱਲ ਠੀਕ ਹੈ ਕਿ ਸਮੱਸਿਆਵਾਂ ਦਾ ਹੱਲ ਗਿਆਨ ਅਤੇ ਵਿਸ਼ਵਾਸ ਵਿਚ ਪਿਆ ਹੁੰਦਾ ਹੈ। ਪਰ ਜਦੋਂ ਅੱਜ ਦੀ ਤਾਰੀਖ ਵਿਚ, ਸਮੱਸਿਆਵਾਂ ਨੂੰ ਪਹਿਚਾਨਣ ਅਤੇ ਹੱਲ ਦਾ ਜਾਂਚਿਆ-ਪਰਖਿਆ ਤਰੀਕਾ ਵਿਗਿਆਨ ਦਾ ਰਾਹ ਸਾਡੇ ਕੋਲ ਹੈ ਤਾਂ ਫਿਰ ਇਹ ਸਾਰਾ ਵਰਤਾਰਾ ਹਨੇਰੇ ਵੱਲ ਧੱਕਣ ਵਾਲਾ ਹੀ ਹੈ।

ਸਮੱਸਿਆਵਾਂ ਦੇ ਹੱਲ ਲਈ ਜਾਨਵਰ ਦੋ ਤਰੀਕੇ ਅਪਨਾਉਂਦੇ ਹਨ। ਭੱਜ ਜਾਓ ਜਾਂ ਭਿੜ ਜਾਓ। ਮਨੁੱਖ ਵੀ ਆਪਣੀਆਂ ਸਮੱਸਿਆਵਾਂ ਤੋਂ ਭੱਜਦਾ ਹੈ, ਅੱਖਾਂ ਮੀਚ ਲੈਂਦਾ ਹੈ। ਮਨੁੱਖ ਸਮੱਸਿਆ ਦੇ ਨਾਲ ਨਜਿੱਠਣ ਲਈ ਗੁੱਸੇ ਵਿਚ ਆ ਜਾਂਦਾ ਹੈ, ਲੜ-ਝਗੜ ਵੀ ਪੈਂਦਾ ਹੈ। ਪਰ ਇਹ ਦੋਵੇਂ ਤਰੀਕੇ ਕਿਸੇ ਥਾਂ ਟਿਕਾਣੇ ਨਹੀਂ ਪਹੁੰਚਾਉਂਦੇ। ਮਨੁੱਖ ਕੋਲ ਇਕ ਹੋਰ ਤੀਸਰਾ ਰਾਹ ਵੀ ਹੈ। ਉਹ ਸਮੱਸਿਆਵਾਂ ਨੂੰ ਸਮਝਦਾ ਹੈ, ਉਸ ਦੇ ਸਾਰੇ ਪਹਿਲੂਆਂ ਦਾ ਵਿਸ਼ਲੇਸ਼ਣ ਕਰ ਕੇ ਵਿਚਾਰਦਾ ਹੈ ਤੇ ਫਿਰ ਹੱਲ ਕੱਢਦਾ ਹੈ। ਅਸੀਂ ਅੱਜ ਦੀ ਤਾਰੀਖ ਵਿਚ, ਜਾਨਵਰਾਂ ਵਾਲੀ ਪ੍ਰਵਿਰਤੀ ਆਪਣੀ ਕਾਰਜ ਸ਼ੈਲੀ ਨੂੰ ਆਪਣਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਧ ਤਰਜੀਹ ਦੇ ਰਹੇ ਹਾਂ। ਕਈ ਥਾਂ ਅਸੀਂ ਸਮੱਸਿਆ ਨੂੰ ਜਾਣਦੇ-ਸਮਝਦੇ ਹੋਏ ਵੀ ਆਪਣੀ ਲਾਚਾਰੀ, ਬੇਚਾਰਗੀ ਜਾਂ ਵਿਸ਼ੇਸ਼ ਕਾਰਨ ਕਰਕੇ, ਅੱਖੋਂ ਪਰੋਖੇ ਕਰ ਦਿੰਦੇ ਹਾਂ ਜਾਂ ਪਾਸਾ ਵੱਟ ਲੈਂਦੇ ਹਾਂ ਤੇ ਕਿਤੇ-ਕਿਤੇ ਅਸੀਂ ਸਮੱਸਿਆ ਪੇਸ਼ ਕਰਨ ਵਾਲੇ ਨੂੰ, ਗੁੱਸੇ ਭਰੇ ਲਹਿਜ਼ੇ ਵਿਚ ਆ ਕੇ ਦਬਾ ਦਿੰਦੇ ਹਾਂ। ਉਸ ਨਾਲ ਭਿੜ ਜਾਂਦੇ ਹਾਂ ਪਰ ਸਮੱਸਿਆ ਦਾ ਹੱਲ ਕਰਨਾ ਨਹੀਂ ਚਾਹੁੰਦੇ।

ਵਿਗਿਆਨ ਅਤੇ ਵਿਸ਼ਵਾਸ ਦੀ ਬਹਿਸ ਵਿਚ, ਸਾਡੇ ਮੁਲਕ ਅੰਦਰ ਵਿਗਿਆਨ ਨੂੰ ਇਕ ਗੁਨਾਹਗਾਰ ਵਾਂਗ ਕਟਹਿਰੇ ਵਿਚ ਖੜ੍ਹਾ ਹੋਣਾ ਪੈਂਦਾ ਹੈ। ਪਰ ਜੇਕਰ ਦੇਖੀਏ ਤਾਂ ਪੱਥਰ ਯੁੱਗ ਤੋਂ ਡਿਜੀਟਲ ਯੁੱਗ ਤੱਕ, ਅਸੀਂ ਵਿਗਿਆਨ ਦੀ ਹੀ ਖੱਟੀ ਖਾ ਰਹੇ ਹਾਂ। ਵਿਗਿਆਨ ਦੀਆਂ ਸਾਰੀਆਂ ਨਿਆਮਤਾਂ ਸਾਡੇ ਚਾਰੇ ਪਾਸੇ ਹਨ। ਜੇਕਰ ਅਸੀਂ ਵਿਗਿਆਨ ਨੂੰ ਨਿੰਦਦੇ ਹੋਏ, ਕਦੇ ਇਹ ਫ਼ੈਸਲਾ ਕਰ ਲਈਏ ਕਿ ਵਿਗਿਆਨ ਸਾਡਾ ਦੁਸ਼ਮਣ ਹੈ ਤੇ ਅਸੀਂ ਇਸ ਦਾ ਇਸਤੇਮਾਲ ਨਹੀਂ ਕਰਨਾ ਤਾਂ ਅਸੀਂ ਉਸ ਵੇਲੇ ਆਪਣੇ-ਆਪ ਨੂੰ ਨੰਗ-ਧੜੰਗ, ਕਿਸੇ ਜੰਗਲ ਵਿਚ ਖੜ੍ਹੇ ਪਾਵਾਂਗੇ।

ਜੇਕਰ ਵਿਗਿਆਨ ਸਾਨੂੰ ਨਾਪਸੰਦ ਹੈ ਤਾਂ ਫਿਰ ਅਜਿਹਾ ਕਿਉਂ ਹੈ? ਇਹ ਵਿਰੋਧਾਭਾਸ ਇਸ ਲਈ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਪਈਆਂ ਚੀਜ਼ਾਂ ਨੂੰ ਵਿਗਿਆਨ ਸਮਝਦੇ ਹਾਂ ਤੇ ਵਿਗਿਆਨਕ ਸੋਚ ਨੂੰ, ਉਸ ਢੰਗ-ਤਰੀਕੇ ਨੂੰ, ਜਿਸ ਨਾਲ ਇਹ ਮਨੁੱਖੀ ਜ਼ਿੰਦਗੀ ਨੂੰ ਸੁਖਦਾਇਕ ਕਰਨ ਵਾਲੀਆਂ ਚੀਜ਼ਾਂ ਪੈਦਾ ਹੋਈਆਂ, ਉਸ ਨੂੰ ਨਕਾਰਦੇ ਹਾਂ।

ਵਿਗਿਆਨਕ ਸੋਚ ਇਕ ਜੀਵਨ ਸ਼ੈਲੀ ਹੈ, ਇਕ ਜਿਊਣ ਢੰਗ, ਜੋ ਹਰ ਰੋਜ਼ ਅਪਨਾਉਣ ਅਤੇ ਜ਼ਿੰਦਗੀ ਦਾ ਹਿੱਸਾ ਬਣਾਉਣ ਵਾਲੀ ਚੀਜ਼ ਹੈ। ਇਹ ਜੀਵਨ ਢੰਗ ਜਿਵੇਂ ਸੁਖਦਾਈ ਅਤੇ ਖੁਸ਼ਹਾਲ ਕਰਨ ਵਾਲੀਆਂ ਵਸਤੂਆਂ ਦਿੰਦਾ ਹੈ, ਉਸੇ ਤਰ੍ਹਾਂ ਹਰ ਸਮੱਸਿਆ ਵਿੱਚੋਂ ਬਾਹਰ ਆਉਣ ਦਾ ਵਧੀਆ ਰਾਹ ਵੀ ਦਰਸਾਉਂਦਾ ਹੈ।

ਵਿਗਿਆਨਕ ਸੋਚ ਦਾ ਸੁਝਅ ਹੈ, ਸਵਾਲ ਕਰਨੇ ਅਤੇ ਜਵਾਬ ਲੱਭਣੇ। ਜਵਾਬ ਤਲਾਸ਼ਣ ਦਾ ਢੰਗ ਫਿਰ ਸਵਾਲਾਂ ਨਾਲ ਨਜਿੱਠਦਾ ਹੈ ਕਿ ਇਹ ਕਾਰਨ ਜੋ ਲੱਭੇ ਹਨ, ਸਹੀ ਹਨ ਜਾਂ ਇਹ ਜੋ ਹੱਲ ਸੁਝਾਇਆ ਜਾ ਰਿਹਾ ਹੈ, ਠੀਕ ਹੈ। ਹਰ ਪੈੜ ਤੇ ਵਿਚਾਰ, ਹਰ ਪੈੜ 'ਤੇ ਜਾਂਚ। ਕੰਮ ਤੋਂ ਪਹਿਲਾਂ ਚਰਚਾ, ਕੰਮ ਤੋਂ ਬਾਅਦ ਵਿਚਾਰਾਂ। ਇਹ ਕੰਮ ਨੇਪਰੇ ਚੜ੍ਹਨ ਤੋਂ ਬਾਅਦ, ਸਮੱਸਿਆ ਦੇ ਹੱਲ ਹੋਣ ਦਾ ਮੁਲਾਂਕਣ। ਕੀ ਸਮੱਸਿਆ ਹੱਲ ਹੋਈ? ਕਿੰਨੀ ਹੋਈ? ਕਿੱਥੇ ਘਾਟ ਰਹਿ ਗਈ? ਮਤਲਬ ਆਪਣੀ ਕਾਰਜ ਪ੍ਰਣਾਲੀ ਨੂੰ ਵਿਚਾਰੀਏ ਅਤੇ ਲੱਭੇ ਗਏ ਕਾਰਨਾਂ ਅਤੇ ਹੱਲ ਦੀ ਫਿਰ ਪੜਚੋਲ ਕਰੀਏ।

ਜੇਕਰ ਲੋੜ ਹੋਵੇ ਤਾਂ ਕਾਰਜਪ੍ਰਣਾਲੀ ਨੂੰ ਵਿਚਾਰੀਏ ਅਤੇ ਲੱਭੇ ਗਏ ਕਾਰਨਾਂ ਅਤੇ ਹੱਲ ਦੀ ਫਿਰ ਪੜਚੋਲ ਕਰੀਏ। ਜੇਕਰ ਲੋੜ ਹੋਵੇ ਤਾਂ ਕਾਰਜ ਪ੍ਰਣਾਲੀ ਨੂੰ ਸੁਧਾਰੀਏਸਵਾਲ, ਜਵਾਬ, ਪੜਚੋਲ, ਮੁਲਾਂਕਣ, ਸੁਧਾਰ, ਇਹ ਪੜਾਅ ਹਨ ਜੋ ਨਿਰੰਤਰ ਜਾਰੀ ਰਹਿੰਦੇ ਹਨ। ਕਿਤੇ ਵੀ ਕੋਈ ਖੜੋਤ ਨਹੀਂ ਕਿ ਇਸ ਤੋਂ ਅੱਗੇ ਸਵਾਲ ਨਹੀਂ। ਬਸ ਹੋਰ ਬਹਿਸ ਨਹੀਂ, ਇਹ ਨਜ਼ਰੀਆ ਨਹੀਂ ਹੁੰਦਾ।’

ਅਸੀਂ ਆਪਣੇ ਦੇਸ਼ ਦੇ ਸੰਦਰਭ ਵਿਚ, ਅਜੋਕੀਆਂ ਘਟਨਾਵਾਂ ਦੇ ਉਲੇਖ ਤੋਂ ਪਹਿਲਾਂ ਵੀ ਆਪਣੀ ਕਾਰਜਸ਼ੈਲੀ ਤੇ ਨਜ਼ਰ ਮਾਰੀਏ ਤਾਂ ਸਪਸ਼ਟ ਤੌਰ ਤੇ ਅਸੀਂ ਸਮਝ ਸਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਦਾ ਵਿਗਿਆਨਕ ਨਜ਼ਰੀਆ ਵਿਕਸਿਤ ਹੀ ਨਹੀਂ ਹੋਣ ਦਿੰਦੇ। ਜ਼ਨਾਨਾ ਰੋਗਾਂ ਦੀ ਮਾਹਿਰ ਡਾਕਟਰ ਵੱਲੋਂ ਹਵਨ, ਕੋਈ ਸੁਤੇ ਸਿੱਧ ਫੈਸਲਾ ਨਹੀਂ ਹੈ। ਇਹ ਨਿਰੰਤਰ ਜੀਵਨ ਦੀ ਕਾਰਜਸ਼ੈਲੀ ਅਤੇ ਸਿਖਲਾਈ ਦਾ ਨਤੀਜਾ ਹੈ। ਇਹ ਨਹੀਂ ਹੋ ਸਕਦਾ ਕਿ ਇਹ ਐੱਮ.ਡੀ. ਦੀ ਪੜ੍ਹਾਈ ਕਰ ਕੇ ਕੰਮ ਕਰ ਰਹੀ ਮਹਿਲਾ ਡਾਕਟਰ ਨੂੰ ਪਤਾ ਨਾ ਹੋਵੇ ਕਿ ਮਾਵਾਂ ਦੀ ਮੌਤ ਦਰ ਦੇ ਹਕੀਕੀ ਕੀ ਕਾਰਨ ਨੇ ਅਤੇ ਉਨ੍ਹਾਂ ਵਿੱਚੋਂ ਮੁੱਖ ਤਕਰੀਬਨ ਪੰਜਾਹ ਫ਼ੀਸਦੀ ਮੌਤਾਂ ਦਾ ਕਾਰਨ ਖ਼ੂਨ ਦੀ ਘਾਟ ਹੈ। ਖ਼ੂਨ ਦੀ ਕਮੀ ਦਾ ਸਿੱਧਾ ਸਬੰਧ ਖੁਰਾਕ ਨਾਲ ਹੈ। ਇਸੇ ਤਰ੍ਹਾਂ ਨਵਜਾਤ ਬੱਚਿਆਂ ਦੀ ਮੌਤ ਦਾ ਸਿੱਧਾ ਕਾਰਨ ਬੱਚੇ ਦਾ ਔਸਤਨ ਭਾਰ ਤੋਂ ਵੀ ਘੱਟ ਭਾਰ ਲੈ ਕੇ ਪੈਦਾ ਹੋਣਾ ਹੈ ਤੇ ਉਹ ਵੀ ਕਮਜ਼ੋਰ ਮਾਂ ਦੇ ਕੁੱਖੋਂ ਪੈਦਾ ਹੋਏ ਬੱਚੇ ਹੁੰਦੇ ਹਨ। ਇਸ ਤੋਂ ਇਲਾਵਾ ਇਹ ਮੌਤਾਂ ਸਾਡੀਆਂ ਸਿਹਤ ਸਹੂਲਤਾਂ ਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ। ਭਾਵੇਂ ਸਿਹਤ ਵਿਭਾਗ, ਇਨ੍ਹਾਂ ਦੋਵਾਂ ਹਾਲਤਾਂ ਦੇ ਅੰਕੜਿਆਂ ਵਿਚ ਸੁਧਾਰ ਦਿਖਾਉਂਦਾ ਹੈ ਤੇ ਆਪਣੀ ਪ੍ਰਾਪਤੀ ਕਹਿੰਦਾ ਹੈ ਪਰ ਵਿਸ਼ਵ ਪੱਧਰ ਦੇ ਦ੍ਰਿਸ਼ ਤੇ ਇਹ ਅੰਕੜੇ ਬਰਦਾਸ਼ਤ ਤੋਂ ਬਾਹਰ ਹਨ।

ਪੰਜ ਰੁਪਏ ਦੀ ਪਰਚੀ ਨਾਲ, ਜੋਤਿਸ਼ ਰਾਹੀਂ ਬਿਮਾਰੀਆਂ ਦਾ ਇਲਾਜ, ਦਰਅਸਲ ਦੇਸ਼ ਦੀ ਜਨਤਾ ਦੀਆਂ ਔਕੜਾਂ ਨੂੰ ਜਾਣਦੇ-ਸਮਝਦੇ ਹੋਏ ਵੀ ਅੱਖਾਂ ਮੀਚਣ ਦੇ ਬਰਾਬਰ ਹੈ। ਇਕ ਪਾਸੇ ਏਮਜ਼ ਵਰਗੇ ਹਸਪਤਾਲਾਂ ਦੀ ਮੰਗ ਕਰਨਾ ਅਤੇ ਦੂਸਰੇ ਪਾਸੇ ਆਮ ਗ਼ਰੀਬ ਜਨਤਾ ਨੂੰ ਭਟਕਾਉਣਾ ਤੇ ਅਜਿਹੇ ਕਰਮਕਾਂਡਾਂ ਵਿਚ ਉਲਝਾਉਣਾ। ਮੱਧ ਪ੍ਰਦੇਸ਼ ਦਾ ਸਿੱਖਿਆ ਮੰਤਰੀ ਜਵਾਬ ਦੇ ਰਿਹਾ ਹੈ, ਜੋਤਿਸ਼ ਵਿਗਿਆਨ ਪੜ੍ਹਾ ਰਹੇ ਹਾਂ, ਇਹ ਵਿਗਿਆਨ ਹੈ, ਬਾਕੀ ਜੇ ਕੋਈ ਪ੍ਰਾਬਲਮ (ਮੁਸ਼ਕਿਲ) ਹੈ ਤਾਂ ਕੋਰਟ ਚਲੇ ਜਾਓ। ਹੁਣ ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਕਿ ਸਾਡੀਆਂ ਕੋਸ਼ਿਸ਼ਾਂ ਵਿਚ ਕਿੱਥੇ ਕਮੀ ਹੈ ਤੇ ਸਹੀ ਮੁਲਾਂਕਣ ਨਾ ਕਰ ਕੇ ਹਵਨ ਅਤੇ ਜੋਤਿਸ਼ ਦਾ ਸਹਾਰਾ ਲੈ ਕੇ, ਆਪਣੀਆਂ ਕੋਸ਼ਿਸ਼ਾਂ ਨੂੰ ਜ਼ਾਹਿਰ ਕਰਨਾ, ਕਿੰਨਾ ਕੁ ਵਾਜਬ ਹੈ? ਮੁੱਖ ਗੱਲ ਇਹ ਹੈ ਕਿ ਇਸ ਨਾਲ ਸੁਨੇਹਾ ਕੀ ਜਾਂਦਾ ਹੈ, ਜਦੋਂ ਇਹ ਸਭ ਸਾਡੇ ਧਾਰਨਾ ਬਣਾਉਣ ਵਾਲੇ, ਸਾਡੇ ਵਿਸ਼ਵਾਸ ਨੂੰ ਘੜਨ ਵਾਲੇ ਨੇਤਾ ਹੋਣ ਜਾਂ ਵਿਭਾਗਾਂ ਦੇ ਮੁਖੀ ਅਜਿਹਾ ਕੁਝ ਕਰ ਰਹੇ ਹੋਣ?

ਵਿਸ਼ਵਾਸ ਵਾਲੇ ਪਹਿਲੂ ਵਿਚ, ਸਵਾਲਾਂ ਦੀ ਗੁੰਜਾਇਸ਼ ਨਹੀਂ। ਸਵਾਲ ਖੜ੍ਹੇ ਕਰਨਾ ਉੱਥੇ ਬੇਅਦਬੀ ਮੰਨਿਆ ਜਾਂਦਾ ਹੈ। ਸਮੱਸਿਆ ਦਾ ਹੱਲ ਤਾਂ ਫਿਰ ਪਿੱਛੇ ਰਹਿ ਜਾਂਦਾ ਹੈ। ਸਵਾਲ ਪੁੱਛਣ ਵਾਲੇ ਦਾ ਇਲਾਜ, ਉਸ ਦਾ ਦਿਮਾਗ਼ ਦਰੁਸਤ ਕਰਨਾ, ਪਹਿਲੇ ਨੰਬਰ ਤੇ ਆ ਜਾਂਦਾ ਹੈ। ਵਿਸ਼ਵਾਸ ਦੀ ਲੋੜ ਹੁੰਦੀ ਹੈ, ਪਰ ਵਿਸ਼ਵਾਸ ਕਦੋਂ ਅੰਧ-ਵਿਸ਼ਵਾਸ ਬਣ ਜਾਵੇ, ਇਹ ਸਮਝਣਾ ਵੀ ਮਹੱਤਵਪੂਰਨ ਪਹਿਲੂ ਹੈ। ਜਦੋਂ ਕਿ ਇਸ ਲਈ ਉਚੇਚੇ ਤੌਰ ਤੇ ਕੋਸ਼ਿਸ਼ ਹੁੰਦੀ ਹੈ।

ਕਿਸੇ ਵੀ ਪੱਖ ਤੇ ਸ਼ੰਕਾ ਜ਼ਾਹਿਰ ਕਰਨਾ, ਕਿਸੇ ਦੇ ਵਿਸ਼ਵਾਸ ਨੂੰ ਧੱਕਾ ਪਹੁੰਚਾਉਣਾ ਨਹੀਂ ਹੁੰਦਾ। ਸ਼ੰਕਾ ਨੂੰ ਸਹੀ ਸੰਦਰਭ ਵਿਚ ਲੈ ਕੇ ਸ਼ੰਕਾ ਦਾ ਨਿਪਟਾਰਾ ਕਰਨ ਨਾਲ, ਵਿਸ਼ਵਾਸ ਨੂੰ ਤਾਕਤ ਮਿਲਦੀ ਹੈ।

ਸਾਡੇ ਸੰਵਿਧਾਨ ਦੀ ਧਾਰਾ 51 ਏ ਵਿਚ ਲਿਖਿਆ ਹੈ ਕਿ ਹਰ ਇਕ ਦੇਸ਼ਵਾਸੀ ਦਾ ਫ਼ਰਜ਼ ਹੋਵੇਗਾ ਕਿ ਉਹ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਮਾਨਵਵਾਦ ਦਾ ਪ੍ਰਚਾਰ ਕਰੇ। ਇਸੇ ਤਰ੍ਹਾਂ ਹੀ ਦੇਸ਼ ਵਿਚ ਜਾਦੂ ਅਤੇ ਅੰਧ-ਵਿਸ਼ਵਾਸ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕਾਨੂੰਨ ਹੈ। ਪਰ ਵਿਗਿਆਨਕ ਸੋਚ ਅਤੇ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਨੂੰ, ਆਸਥਾ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੋੜ ਕੇ, ਛਿੱਕੇ ਟੰਗਿਆ ਹੋਇਆ ਹੈ।

ਸਾਡੀ ਸਕੂਲੀ ਪੜ੍ਹਾਈ ਵਿਚ ਕੁਦਰਤ ਦੇ ਨਿਯਮਾਂ ਨੂੰ ਅਤੇ ਉਸ ਦੇ ਰਹੱਸ ਨੂੰ ਸਮਝਣ ਦੀਆਂ ਗੱਲਾਂ ਹੁੰਦੀਆਂ ਹਨ। ਮਿਸਾਲ ਵਜੋਂ ਸੂਰਜ, ਚੰਨ ਗ੍ਰਹਿਣ ਬਾਰੇ ਵਿਗਿਆਨਕ ਜਾਣਕਾਰੀ ਹੈ। ਪਰ ਜਦੋਂ ਅਜਿਹਾ ਮੌਕਾ ਆਉਂਦਾ ਹੈ ਤਾਂ ਮੀਡੀਆ ਪਹਿਲੇ ਸਫ਼ੇ ਤੇ ਗ੍ਰਹਿਣ ਵਾਲੇ ਦਿਨ ਦੀਆਂ, ਸਰੋਵਰ ਇਸ਼ਨਾਨ ਦੀਆਂ ਫੋਟੋਆਂ ਤੇ ਖ਼ਬਰਾਂ ਛਾਪਦਾ ਹੈ ਤੇ ਗ੍ਰਹਿਣ ਦੇ ਕੁਦਰਤੀ ਕ੍ਰਿਸ਼ਮੇ ਨੂੰ ਦਰਸਾਉਂਦੀਆਂ ਤਸਵੀਰਾਂ ਨੂੰ ਆਖਰੀ ਸਫਿਆਂ ਤੇ ਥਾਂ ਮਿਲਦੀ ਹੈ। ਕੋਈ ਕਹਿ ਸਕਦਾ ਹੈ ਕਿ ਅਸੀਂ ਦੋਵੇਂ ਪੱਖ ਦਰਸਾ ਰਹੇ ਹਾਂ। ਇਹ ਨਿਰਪੱਖਤਾ ਨਹੀਂ, ਇਹ ਭੰਬਲਭੂਸਾ ਹੈ, ਭਾਵ ਲੋਕਾਂ ਨੂੰ ਸਹੀ ਸੋਚ, ਸਹੀ ਤੱਥਾਂ, ਵਿਗਿਆਨਕ ਨਜ਼ਰੀਏ ਨਾਲ ਨਾ ਜੋੜਨਾ।

ਵਿਗਿਆਨਕ ਸੋਚ ਦਾ ਕੇਂਦਰੀ ਨੁਕਤਾ ਹੈ - ਸਵਾਲ ਖੜ੍ਹੇ ਕਰਨਾ ਅਤੇ ਉਸ ਨੂੰ ਢਾਹ ਲਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਵਿਚ ਸਵਾਲ ਖੜ੍ਹੇ ਕਰਨ ਦੀ ਪ੍ਰਵਿਰਤੀ ਨੂੰ ਰੋਕਿਆ ਜਾਵੇ, ਦਬਾਇਆ ਜਾਵੇ। ਉਨ੍ਹਾਂ ਦੇ ਹਰ ਇਸ ਤਰ੍ਹਾਂ ਦੇ ਕਦਮ ਨੂੰ ਨਿਰਉਤਸ਼ਾਹਿਤ ਕੀਤਾ ਜਾਵੇ।
ਵਿਗਿਆਨਕ ਸੋਚ ਅਤੇ ਇਸ ਤਰ੍ਹਾਂ ਦੀ ਖੋਜੀ ਕਾਰਜਪ੍ਰਣਾਲੀ ਨੂੰ ਉਤਸ਼ਾਹਿਤ ਨਾ ਕਰਨ ਦਾ ਹਸ਼ਰ ਅਸੀਂ ਦੇਖ ਸਕਦੇ ਹਾਂ ਕਿ ਵਿਗਿਆਨ ਦੇ ਕਿਸੇ ਵੀ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਦੀ ਖੋਜ ਦਾ ਨਾ ਹੋਣਾ, ਇਸ ਦਸ਼ਾ ਨੂੰ ਸਾਫ਼ ਜ਼ਾਹਿਰ ਕਰਦਾ ਹੈ। ਦੂਸਰੇ ਪਾਸੇ ਡੇਰਿਆਂ, ਮੰਦਿਰਾਂ, ਧਾਰਮਿਕ ਮੇਲਿਆਂ, ਤੀਰਥ ਸਥਾਨਾਂ ਤੇ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਸੋਚ ਵਿਚ ਨਵਾਂਪਨ ਨਾ ਹੋਵੇ, ਸਵਾਲ ਹੀ ਗਾਇਬ ਹੋਣ ਤਾਂ ਜ਼ਿੰਦਗੀ ਨੂੰ ਅਗਲੇ ਵਧੀਆ ਪੜਾਅ ਤੇ ਲੈ ਜਾਣ ਦੀ ਪਹਿਲ ਕਿਵੇਂ ਹੋਵੇਗੀ।

*****

(824)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author