SumailSiddhu7ਪਰੰਪਰਕ ਕਿਸਮ ਦਾ ਜਾਤ-ਪਾਤੀ ਦਮਨ ਤਾਂ ਸੱਭਿਆਚਾਰ ਆਖਿਆ ਹੀ ਜਾਂਦਾ ਹੈਪਰ ਹੁਣ ਇਸ ਦਾ ...
(2 ਸਤੰਬਰ 2017)

 

ਕੋਈ ਚਾਲੀ ਕੁ ਬੰਦੇ - ਬੰਦੇ ਨਹੀਂ, ਸਗੋਂ ਪ੍ਰੇਮੀ - ਪੁਲਿਸ ਦਸਤਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਹਨਲੋਥ ਬਣ ਚੁੱਕੇ ਮਨੁੱਖਾਂ - ਮਨੁੱਖ ਨਹੀਂ, ਪ੍ਰੇਮੀਆਂ ਦੇ ਮੋਬਾਈਲ ਉਨ੍ਹਾਂ ਦੀਆਂ ਜੇਬਾਂ ਵਿੱਚ ਵੱਜਦੇ ਰਹੇਉਹਨਾਂ ਦੇ ਪਰਿਵਾਰ ਸੁੱਖ-ਸਾਂਦ ਲਈ, ਹਾਲਾਤ ਜਾਨਣ ਲਈ ਜਾਂ ਮਾੜੀਆਂ ਖਬਰਾਂ ਤੋਂ ਡਰੇ ਹੋਏ ਵਾਪਸ ਮੁੜ ਆਉਣ ਲਈ ਕਹਿਣਾ ਚਾਹੁੰਦੇ ਹੋਣਗੇ

ਕੋਈ ਕਹਿਰ ਵਾਪਰ ਗਿਆ ਲਗਦਾ ਹੈਦੇਖੋ, ਸਾਰਾ ਮਾਲਵਾ ਕਰਫਿਊ ਹੇਠ ਹੈ, ਜਿਵੇਂ ਜੂਨ ’84 ਵੇਲੇ ਸੀਕੜੀਆਂ ਵਰਗੇ ਪੰਜਾਬੀ ਗੱਭਰੂ ਇੱਕ ਤਾਂ ਘਰੇ ਬਿਠਾ ਦਿੱਤੇ ਤੇ ਦੂਜਾ ਇੰਟਰਨੈੱਟ ਤੋਂ ਵਿਰਵੇ ਹਨਇਨ੍ਹਾਂ ਮਾਸੂਮਾਂ ਦੀ ਹਾਅ ਲੱਗੀ ਐ ਤੇ ਚਾਲ਼ੀ ਮਨੁੱਖ - ਕਿਹੜੇ ਮਨੁੱਖ, ਸਗੋਂ ਪ੍ਰੇਮੀ - ਮਾਰੇ ਹੀ ਜਾਣੇ ਸਨ

ਸਰਬੰਸ-ਦਾਨੀ ਦਸਮੇਸ਼ ਪਿਤਾ ਦਾ ਸਵਾਂਗ ਧਾਰਨ ਵਾਲੇ ਢਿੱਡਲ਼ ਨੂੰ ਪਿਤਾ ਜੀ ਆਖਣ ਵਾਲਿਆਂ ਨੇ ਸਾਡੀ ਜਵਾਨੀ ਦੇ ਕੀਮਤੀ ਗਹਿਣੇ - ਮੋਬਾਈਲ ਫ਼ੋਨ, ਸੈਲਫੀਆਂ, ਲਾਈਕ, ਸ਼ੇਅਰ, ਫ਼ਾਰਵਰਡ, ‘ਅੱਤ’, ‘ਘੈਂਟ’, ਵਗੈਰਾ ਵਗੈਰਾ - ਨਕਾਰਾ ਕਰ ਦਿੱਤੇ ਹਨਇਸ ਇਕੱਲ ਵਿੱਚੋਂ ਜੇ ਭਲਾ ਕੋਈ ਓਦਰ ਕੇ ਖ਼ੁਦਕੁਸ਼ੀ ਕਰ ਜਾਂਦਾ! ਕੋਈ ਚਾਲ਼ੀ ਜੀਅ - ਜੀਅ ਨਹੀਂ, ਪ੍ਰੇਮੀ ਮਾਰੇ ਗਏ ਹਨ

ਸ਼ਾਇਦ ਹੁਣ ਪੰਜਾਬ ਦੇ ਸਾਰੇ ਸੰਕਟ ਟਲ਼ ਜਾਣਗੇਨਵੀਂ ਹਵਾ ਰੁਮਕੇਗੀਸਾਡਾ ਭਾਈਚਾਰਾ ਮੁੜ ਤੋਂ ਜੁੜ ਜਾਵੇਗਾਸਨਦ ਰਹੇ ਕਿ ਸਾਕਾ ਨੀਲਾ ਤਾਰਾ ਪਿੱਛੇ ਵੀ ਸਰਕਾਰ ਵੱਲੋਂ ਇਹੀ ਤਰਕ ਦਿੱਤਾ ਜਾ ਰਿਹਾ ਸੀ

ਵੈਸੇ ਪੰਚਕੁਲਾ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਉੱਤੇ ਬਲਾਤਕਾਰ ਦੇ ਦੋਸ਼ ਹੇਠ ਚੱਲ ਰਹੇ ਮੁਕੱਦਮੇ ’ਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਪਤਿਤ ਸਿੱਖ ਜਾਂ ਗ਼ੈਰ-ਸਿੱਖ ਜੱਜ ਜਗਦੀਪ ਸਿੰਘ ਨੇ ਸਾਰੇ ਸਿਆਸੀ ਦਬਾਅ ਨੂੰ ਪਰੇ ਧੱਕਦਿਆਂ, ਭਾਰਤੀ ਨਿਆਂਪਾਲਕਾ ਦੀ ਲਾਜ ਰੱਖਦਿਆਂ ਵੀਹ ਸਾਲਾਂ ਦੀ ਕੈਦ ਬੋਲ ਦਿੱਤੀਦੋ ਕਤਲਾਂ ਦੇ ਮੁਕੱਦਮੇ ਪਹਿਲੋਂ ਹੀ ਚੱਲ ਰਹੇ ਹਨਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਮੁਸਲਸਲ ਨਜ਼ਰਸਾਨੀ ਨੇ ਵੀ ਮਿਸਾਲੀ ਰੋਲ ਅਦਾ ਕੀਤਾ ਹੈਕੇਂਦਰ ਅਤੇ ਸੂਬਾ ਸਰਕਾਰਾਂ ਨੇ ਜਦੋਂ ਪੀੜਤ ਸਾਧਵੀਆਂ ਦੀ ਚਿੱਠੀ ’ਤੇ ਸਾਲਾਂ ਬੱਧੀ ਗ਼ੌਰ ਨਾ ਕੀਤਾ ਤਾਂ ਦੋ ਵਿਅਕਤੀਆਂ - ਇੱਕ ਹਿੰਦੂ ਹੈ ਅਤੇ ਦੂਜਾ ਪਤਿਤ ਸਿੱਖ ਹੈ - ਨੇ ਹਾਈ ਕੋਰਟ ਵਿੱਚ ਲੜਾਈ ਲੜ ਕੇ ਕੇਸ ਦਰਜ ਹੋਣ ਵਿੱਚ ਭੂਮਿਕਾ ਨਿਭਾਈਇਨਕੁਆਰੀ ਅਫ਼ਸਰ ਵੀ ਗ਼ੈਰ-ਸਿੱਖ ਹੀ ਸੀ

ਸਾਧਵੀਆਂ ਵੱਲੋਂ ਆਪਣੇ ਨਾਲ ਹੋਏ ਦੁਸ਼ਕਰਮ ਨੂੰ ਬਿਆਨ ਕਰਨ ਦਾ ਹੌਸਲਾ ਸਾਡੇ ਸਮਾਜ ਵਿੱਚ ਦੁਰਲੱਭ ਹੈ, ਜਿਨ੍ਹਾਂ ਨੇ ਸ਼ਰਮ, ਲਾਜ, ਪਰਦਾਦਾਰੀ ਦੀ ਦਲਦਲ ਨੂੰ ਪਾਰ ਕੀਤਾਪਰ ਕੋਈ ਅਦਾਰਾ ਜਾਂ ਅਖ਼ਬਾਰ ਉਨ੍ਹਾਂ ਦੇ ਮਸਲੇ ਨੂੰ ਸੰਜੀਦਗੀ ਨਾਲ ਲੈਣ ਨੂੰ ਤਿਆਰ ਨਹੀਂ ਸੀਨਿਓਟੇ, ਨਿਆਸਰੇ, ਨਿਥਾਂਵੇਂ ਪੀੜਤਾਂ ਨੂੰ ਹਿੰਦੂ ਮਿਥਿਹਾਸ ਦੇ ਪਾਤਰ, ਸਾਰੇ ਭਾਰਤੀਆਂ ਵਿੱਚ ਸਤਿਕਾਰੇ ਜਾਂਦੇ, ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਸ੍ਰੀ ਰਾਮ ਚੰਦਰ ਦੇ ਨਾਂ ਵਾਲੇ ਪੱਤਰਕਾਰ ਨੇ ਆਪਣੇ ਛੋਟੇ ਜਿਹੇ ਅਖ਼ਬਾਰ ‘ਪੂਰਾ ਸੱਚ’ ਵਿੱਚ ਛਾਪਣ ਦਾ ਹੀਆ ਕੀਤਾ

ਪੀੜਤਾਂ ਦੇ ਦਮਨ ਖ਼ਿਲਾਫ਼ ਲਗਾਤਾਰ ਪੰਦਰਾਂ ਸਾਲ ਉਨ੍ਹਾਂ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਇਨਸਾਫ਼ ਦੀ ਲੜਾਈ ਲੜਣ ਲਈ ਪਤਿਤ-ਸਿੱਖ ਜਾਂ ਗ਼ੈਰ-ਸਿੱਖ ਹੀ ਅੱਗੇ ਆਏਦਮਨ ਝੱਲਿਆਸ਼ਹੀਦੀ ਹਾਸਲ ਕੀਤੀਸਮੇਂ ਦੀਆਂ ਸਰਕਾਰਾਂ ਦੇ ਦਬਾਅ ਅੱਗੇ ਈਨ ਨਹੀਂ ਮੰਨੀਸਿੱਖੀ ਸਪਿਰਟ ਦੇ ਦਰਸ਼ਨ ਜੇ ਗ਼ੈਰ-ਸਿੱਖਾਂ ਤੇ ਪਤਿਤ ਸਿੱਖਾਂ ਦੇ ਹੌਸਲੇ ਵਿੱਚੋਂ ਹੋਏ ਤਾਂ ਦੂਜੇ ਪਾਸੇ ਸਿੱਖ ਪੰਥ ਦੇ ਮੁਹਰੈਲ, ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਮਸਲੇ ਨੂੰ ਸਿੱਖਾਂ ਦਾ ਮਸਲਾ ਹੀ ਨਾ ਹੋਣ ਦਾ ਐਲਾਨ ਕਰ ਦਿੱਤਾਕਈ ਬਹੁਤ ਸੁਹਿਰਦ ਸਿੱਖਾਂ ਨੇ ਸਾਰੇ ਪੰਥ ਨੂੰ ਸ਼ਾਂਤ ਰਹਿ ਕੇ ‘ਤਮਾਸ਼ਾ ਦੇਖਣ’ ਦੀ ਨੇਕ ਸਲਾਹ ਸੋਸ਼ਲ ਮੀਡੀਆ ਰਾਹੀਂ ਪੁੱਜਦੀ ਕੀਤੀਕਿਸੇ ਅਦਿੱਖ ਸਾਂਝ ਦੀ ਪੀਡੀ ਡੋਰ ਨਾਲ ਬੱਝਾ ਪੰਥ ਹੁਲਾਰੇ ਲੈਂਦਾ ਦਿਸਦਾ ਸੀਪੀੜਤਾਂ ਦੀ ਲੜਾਈ ਜਾਂ ਇਨਸਾਫ਼ ਹੋਣ ਨਾਲੋਂ ਆਪਣੇ ‘ਪਰਮ ਪਿਤਾ’ ਦਾ ਸਵਾਂਗ ਧਾਰਨ ਵਾਲੇ ਪਖੰਡੀ ਸਾਧ ਦਾ ਨਾਸ ਹੋਣਾ ਪੰਥ ਲਈ ਵਡੇਰੀ ਹਸਤੀ ਰੱਖਦਾ ਸੀਆਖਰ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦਾ ਇਹ ਕਥਨ ਪੰਥ ਤੇ ਕਿੰਨਾ ਸਹੀ ਢੁੱਕਦਾ ਹੈ: ‘ਕਰੋੜਾਂ ਲੋਕਾਂ ਦੀ ਭਾਵਨਾ ਸਾਹਮਣੇ ਇੱਕ ਵਿਅਕਤੀ ਦੇ ਬਿਆਨ/ਸ਼ਿਕਾਇਤ/ਪੀੜਾ ਦਾ ਕੀ ਮੁੱਲ ਹੈ?’

ਪੜ੍ਹਾਈ ਵਿੱਚ ਹੋਣਹਾਰ ਲੜਕੀ ਨੂੰ ਉਸ ਦੇ ਭਰਾ ਰਣਜੀਤ ਸਿੰਘ ਵੱਲੋਂ ਸੱਚਾ ਸੌਦਾ ਡੇਰੇ ਨਾਲ ਜੋੜਿਆ ਗਿਆਇਹ ਲੜਕਾ 2002 ਵਿੱਚ ਡੇਰੇ ਦੇ ਪ੍ਰਬੰਧ ਦਾ ਮੈਨੇਜਰ ਸੀਇਨ੍ਹਾਂ ਪੰਦਰਾਂ ਸਾਲਾ ਵਿੱਚ ਜਦੋਂ ਡੇਰੇ ਦਾ ਬਹੁਤ ਫੈਲਾਅ ਹੋਇਆ ਹੈ ਤਾਂ ਆਈ.ਈ. ਐੱਲ. ਟੀ. ਐੱਸ. ਦੇ ਸੱਤ ਬੈਂਡ ਹਾਸਲ ਕਰਨ ਵਾਲਿਆਂ ਵਾਂਗ ਉਸ ਦਾ ਕੈਰੀਅਰ ਵੀ ਵਾਹਵਾ ‘ਬ੍ਰਾਈਟ’ ਸੀਜਦੋਂ ਬਹੁਤੇ ਲੋਕ ਡੇਰੇ ਦੇ ਪੈਰੋਕਾਰਾਂ ਨੂੰ ਗੁੰਡੇ, ਬਦਮਾਸ਼, ਹਿੰਸਕ, ਜਨੂੰਨੀ, ਅੰਨ੍ਹੇ, ਆਦਿਕ ਆਖ ਰਹੇ ਹਨ ਤਾਂ ਓਪਰੀ ਨਜ਼ਰੇ ਕਤਲ ਹੋਇਆ ਰਣਜੀਤ ਸਿੰਘ ਵੀ ਇਸੇ ਚੌਖਟੇ ਵਿੱਚ ਫਿੱਟ ਹੁੰਦਾ ਹੈ, ਜਿਸ ਨੇ ਆਪਣੀ ਅੰਨ੍ਹੀ-ਬੋਲ਼ੀ ਸ਼ਰਧਾ-ਵੱਸ ਸਕੀ ਭੈਣ ਨੂੰ ਸਾਧਵੀ ਬਣ ਜਾਣ ਲਈ ਤਿਆਰ ਕੀਤਾਸੋ ਸਿੱਖੀ ਵਰਗੇ ਮਹਾਨ ਧਰਮ ਤੋਂ ਬੇਮੁੱਖ ਹੋ ਕੇ ‘ਪ੍ਰੇਮੀ’ ਬਣ ਗਏ ਡੇਰੇ ਦੇ ਹੋਰਨਾਂ ਸਧਾਰਣ, ਮੂਰਖ ਪੈਰੋਕਾਰਾਂ ਵਾਂਗ ਇਹਨਾਂ ਨਾਲ ਦਮਨ, ਧੱਕਾ ਹੋਣਾ ਤਾਂ ਤੈਅ ਹੀ ਸੀਨਵਾਂ ਕੀ ਹੋਇਆ? ਉਦੋਂ ਡੇਰੇ ‘ਵੱਲੋਂ’ ਦੋ ਜਣਿਆਂ ਦਾ ਕਤਲ ਹੋਇਆ ਦੱਸੀਂਦਾ ਹੈ ਅਤੇ ਹੁਣ 25 ਅਗਸਤ ਨੂੰ ਡੇਰੇ ‘ਕਰ ਕੇ’ ਕੋਈ 40 ਜਣਿਆਂ ਦੀ ਜਾਨ ਗਈ ਹੈਨਵਾਂ ਕੀ ਹੋਇਆ? ਜਾਤ ਦੇ ਪ੍ਰੇਮੀਆਂ ਨੇ ਜੇ ਸ਼ਤੀਰਾਂ ਨੂੰ ਜੱਫ਼ੇ ਪਾਉਣ ਦਾ ਵਿੱਢ ਵਿੱਢਿਆ ਹੈ ਤਾਂ ਇਹ ਤਾਂ ਹੋਣਾ ਹੀ ਸੀਨਵਾਂ ਕੀ ਹੋਇਆ?

ਨਵਾਂ ਇਹ ਹੋਇਆ ਕਿ ਆਪਣੀ ਭੈਣ ਨਾਲ ਹੋਏ ਦਮਨ ਨੂੰ ਉਸ ਦੇ ਭਰਾ ਨੇ ਬੇਪਰਦ ਕਰਨ ਦਾ ਧਰਮ ਜੁੱਧ ਵਿੱਢ ਲਿਆਆਪਣੀ ਭੈਣ ਨਾਲ ਸਨੇਹ, ਰੱਖੜੀ ਬੰਨ੍ਹੀ ਦੀ ਲੱਜ ਪਾਲਦਿਆਂ ਉਸ ਨੇ ਨਿਗੂਣੇ ਸਾਧਨਾਂ ਨਾਲ ਐਡੀ ਵੱਡੀ, ਮੂੰਹਜ਼ੋਰ ਤਾਕਤ ਨਾਲ ਭਿੜਨ ਦਾ ਜੇਰਾ ਕਰ ਲਿਆਹਿੰਦੀ ਕਵੀ ਆਲੋਕ ਧੰਨਵਾ ਦੇ ਕਹਿਣ ਵਾਂਗ ‘ਇਹ ਇਕ ਛੋਟੀ ਜਿਹੀ ਪਰ ਮਹਾਨ ਵਾਰਤਾ ਹੈ’ ਉਂਞ ਜੇ ਉਹ ਘਰ-ਬਾਰ ਦੀ ਕਮਾਈ ਇੱਜ਼ਤ ਦਾ ਹਵਾਲਾ ਦੇ ਕੇ, ਆਪਣਾ ਹੀ ਢਿੱਡ ਨੰਗਾ ਹੋਣ ਦਾ ਵਾਸਤਾ ਪਾ ਕੇ, ‘ਤਮਾਸ਼ਾ ਦੇਖਣ’ ਵਾਲਿਆਂ ਦਾ ਮਨੋਰੰਜਨ ਹੋਣ ਦੀ ਬਾਤ ਪਾਉਂਦਾ ਤਾਂ ਸ਼ਾਇਦ ਉਹ ਆਪਣੀ ਭੈਣ ਨੂੰ ਇਸ ਬਦਨਾਮੀ ਖੱਟਣ ਵਾਲੇ ਰਾਹ ਪੈਣੋਂ ਰੋਕ ਵੀ ਸਕਦਾ ਸੀਨਾਲੇ ਇਨਸਾਫ਼ ਕਿਹੜਾ ਧਰਿਆ ਪਿਆ ਹੁੰਦੈ, ਉਮਰਾਂ ਬੀਤ ਜਾਂਦੀਆਂ ਨੇ, ਕੱਖ ਪੱਲੇ ਨਹੀਂ ਪੈਂਦਾਛੇਤੀ ਵਿਆਹ ਵੀ ਧਰਿਆ ਜਾ ਸਕਦਾ ਸੀ, ਸਾਰੀ ਗੱਲ ਠੱਪ-ਮੁੱਕ ਜਾਣੀ ਸੀਪਰ੍ਹੇ-ਪੰਚਾਇਤ ਜਾਂ ਭਾਈਚਾਰਾ ਇਸ ਗੱਲ ਵਿੱਚ ਬਹੁਤ ਸਹਾਈ ਹੁੰਦਾ ਆਇਆ ਹੈ, ਆਖਰ ਉਹਨਾਂ ਨੇ ਵੀ ਆਪਣੀਆਂ ਕੁੜੀਆਂ ਦੇ ਹੱਥ ਪੀਲ਼ੇ ਕਰ ਕੇ ਸੁਰਖਰੂ ਹੋਣਾ ਹੁੰਦਾ ਹੈਇੱਕ ਲੜਕੀ ਕਰ ਕੇ ਬਾਕੀਆਂ ਦਾ ਭਵਿੱਖ ਵੀ ਗ੍ਰਹਿਣਿਆ ਜਾ ਸਕਦਾ ਹੈਨਾਲ ਹੀ ਰਣਜੀਤ ਸਿੰਘ ਦੀ ਡੇਰੇ ਦੇ ਕਾਰ-ਵਿਹਾਰ ਵਿੱਚ ਹੋਰ ਤਰੱਕੀ ਹੋ ਜਾਣੀ ਸੀਪਰ ਜਿਵੇਂ ਕਿ ਪ੍ਰੇਮੀ ਅਕਲ ਦੇ ਅੰਨ੍ਹੇ ਹੁੰਦੇ ਹੀ ਨੇ, ਉਸ ਨੇ ਵਿਹਾਰਕ ਹੋਣ ਨਾਲੋਂ ਸਿਦਕਵਾਨ ਭਰਾ ਹੋਣ ਨੂੰ ਪਹਿਲ ਦਿੱਤੀਅਖੀਰ ਮਾਰਿਆ ਗਿਆ‘ਤਮਾਸ਼ਾ ਦੇਖਣ’ ਵਾਲਿਆਂ ਨੂੰ ਇਹ ਪਹਿਲੋਂ ਹੀ ਪਤਾ ਹੁੰਦਾ ਹੈ

ਆਪਣੇ ਭਾਈ ਵਰਗੀ ਅਕਲ ਦੀ ਦੁਸ਼ਮਣ ਤੇ ਪ੍ਰੇਮੀਆਂ ਵਰਗੀ ਜਨੂੰਨੀ ਹੀ ਉਹਦੀ ਭੈਣ ਸੀ, ਉੱਤੋਂ ਸਹੇਲੀ ਵੀ ਨਾਲ ਰਲ਼ ਗਈਆਪਣੇ ਦਮਨ ਦੀ ਦੁਹਾਈ ਦੇ ਕੇ ਪਹਿਲਾਂ ਭਾਈ ਮਰਵਾ ਲਿਆ ਤੇ ਫੇਰ ਕਮਲ਼ੀ ਨੇ ਆਪ ਬਲਦੀ ਵਿੱਚ ਛਾਲ ਮਾਰ ਦਿੱਤੀ, ਬਈ ਉਹਦੀ ਮੌਤ ਅਜਾਈਂ ਨਾ ਚਲੀ ਜਾਵੇਭੈਣ-ਭਾਈ ਦਾ ਪਿਆਰ ਤਾਂ ਚਲੋ ਹੁੰਦਾ ਈ ਐ, ਪਰ ਇਹ ਤਾਂ ਬੀਅ-ਨਾਸ ਵੱਲ ਤੁਰ ਪਏ! ਤਕੜਿਆਂ ਦੇ ਰਾਜ-ਭਾਗ ਵਿੱਚ ਇਨਸਾਫ਼ ਦੀ ਦੁਹਾਈ ਦੇਣ ਨਾਲ, ਆਪਣਾ ਢਿੱਡ ਨੰਗਾ ਕਰਨ ਨਾਲ ਐਂਵੇਂ ਜੱਗ-ਹਸਾਈ ਤੇ ਬਦਨਾਮੀ ਝੋਲੀ ਵਿੱਚ ਪੈਣ ਦਾ ਬਹਾਨਾ ਬਣ ਜਾਂਦੈਕੁੜੀਆਂ-ਚਿੜੀਆਂ ਇਹ ਕਰਦੀਆਂ ਚੰਗੀਆਂ ਨਹੀਂ ਲਗਦੀਆਂ‘ਤਮਾਸ਼ਬੀਨਾਂ’ ਦੇ ਭਾਈਚਾਰੇ ਵਿੱਚ ਇਸੇ ਕਰਕੇ ਮੁੰਡਿਆਂ ਦੀ ਸੁੱਖ ਸੁੱਖੀ ਜਾਂਦੀ ਹੈਹੋਰ ਸਾਰਿਆਂ ਫਿਰਕਿਆਂ ਨਾਲੋਂ ‘ਤਮਾਸ਼ਾ ਦੇਖਣ’ ਵਾਲਿਆਂ ਦੇ ਭਾਈਚਾਰੇ ਵਿਚ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਪਾਈ ਜਾਂਦੀ ਹੈ

ਸਿੱਖ ਭਾਈਚਾਰਾ ਪਿਛਲੇ ਕੁਝ ਅਰਸੇ ਤੋਂ ਆਪਣੀ ਵਿਲੱਖਣ ਪਛਾਣ ਦੀ ਘਾੜਤ ਦੇ ਆਹਰ ਵਿਚ ਤਨਦੇਹੀ ਨਾਲ ਜੁਟਿਆ ਹੋਇਆ ਹੈਆਦਿ ਗ੍ਰੰਥ ਦੇ ਪੰਨਿਆਂ ਨੂੰ ‘ਅੰਗ’ ਆਖਦਾ ਤੇ ਅਖਵਾਉਂਦਾ ਹੈਪੋਥੀ ਨੂੰ ‘ਦੇਹ’ ਆਖਦਾ ਤੇ ਅਖਵਾਉਂਦਾ ਹੈਨਾਨਕਸ਼ਾਹੀ ਕੈਲੰਡਰ ਅਪਣਾ ਕੇ ਤਰੀਕਾਂ ਅੱਗੇ-ਪਿੱਛੇ ਕਰੀ ਰੱਖਦਾ ਹੈਪਹਿਲਾਂ ਸੈਂਕੜੇ ਸਾਲਾਂ ਤੋਂ ਦੀਵਾਲੀ ਨੂੰ ਦੀਵਾਲੀ ਹੀ ਕਹਿੰਦਾ ਆਇਆ ਹੈ ਨਾਲ ਇਹ ਜੋੜ ਕੇ ਕਿ ਇਸੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਆਏ ਤਾਂ ਰਾਮਦਾਸਪੁਰ ਵਿੱਚ ਦੀਪਮਾਲਾ ਹੋਈਹੁਣ ਪਰ ‘ਦੀਵਾਲੀ’ ਵੀ ਕਹਿਣਾ ਛੱਡ ਕੇ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਕਹਿਣ ਦਾ ਸਿਲਸਿਲਾ ਚਾਲੂ ਕਰ ਲਿਆ ਹੈਆਨੀਂ ਬਹਾਨੀਂ ਦੀਵਾਲੀ ਮੌਕੇ ਕਿਸੇ ਦੁਰਘਟਨਾ ਦਾ ਹਵਾਲਾ ਦੇ ਕੇ ਇਸ ਤਿਉਹਾਰ ਨੂੰ ਮਨਾਉਣੋ ਰੋਕਣ ਦਾ ਸੂਖਮ ਦਬਾਅ ਬਣਾਇਆ ਜਾਂਦਾ ਹੈਜੇ ਕੋਈ ਮਨਾ ਲਵੇ ਤਾਂ ਹਿੰਦੂ ਭਾਈਚਾਰੇ ਅੰਦਰਲੀ ਮੰਦਭਾਵਨਾ ਦਾ ਇਸ਼ਤਿਹਾਰ ਬਣ ਜਾਂਦਾ ਹੈ ਅਤੇ ਸਿੱਖ ਹਿਰਦੇ ਛਲਣੀ-ਛਲਣੀ ਹੋਣ ਲਈ ਤਿਆਰ-ਬਰ-ਤਿਆਰ ਮਿਲਦੇ ਹਨ

ਇਹੋ ਜਿਹੇ ਹੋਰ ਮੁੱਦਿਆਂ ਦੇ ਓਟ-ਆਸਰੇ ਨੰਗੀਆਂ ਤਲਵਾਰਾਂ, ਸ਼ੂਕਦੇ ਮੋਟਰਸਾਈਕਲ, ਸਿੱਖਾਂ ਨਾਲ ਵਿਤਕਰਾ, ਹਿੰਦੂਵਾਦ ਤੋਂ ਖਤਰਾ, ਸਿੱਖ ਵਿਰਾਸਤ ਦਾ ਸਵਾਲ, ਨੂੰਹਾਂ-ਧੀਆਂ ਬਚਾਉਣ ਦੇ ਹਵਾਲੇ, ਆਦਿ ਦਾ ਅਤੁੱਟ ਲੰਗਰ ਵਰਤਣ ਲਗਦਾ ਹੈਜਥਿਆਂ ਵੱਲੋਂ ਉਗਰਾਹੀ, ਕਾਫ਼ਲਿਆਂ ਵੱਲੋਂ ਮਾਰਚ, ਪੰਥਕ ਕਨਵੈਨਸ਼ਨਾਂ, ‘ਸਿੱਖ ਵਿਦਵਾਨਾਂ’ ਦੀਆਂ ਇਕੱਤਰਤਾਵਾਂ, ਗੁਰਮਤੇ, ਵਿਚਾਰਾਂ, ਪ੍ਰੈੱਸ ਕਾਨਫਰੰਸਾਂ, ਕਥਾ-ਕੀਰਤਨ ਦਰਬਾਰਾਂ, ਵੱਖ-ਵੱਖ ਸੰਤਾਂ ਦੀਆਂ ‘ਫ਼ੌਜਾਂ’ ਪੰਜਾਬ ਵਿੱਚ ਸਰਗਰਮੀ ਵਿੱਢ ਲੈਂਦੀਆਂ ਹਨਵਿੱਚੇ-ਵਿੱਚ ਰਾਮਦੇਵ ਕੌਡੀ ਪਾ ਜਾਂਦਾ ਹੈ‘ਸੌਦਾ ਸਾਧ’ ਮਨਭਾਉਂਦਾ ਵਿਸ਼ਾ ਹੋ ਨਿੱਬੜਦਾ ਹੈ

ਸਾਰੇ ਪੰਥ ਦੀ ਏਕਤਾ ਕਾਇਮ ਰੱਖਣ ਲਈ ਕਿਸੇ ਸਾਂਝੇ ਦੁਸ਼ਮਣ ਦਾ ਹਊਆ ਖੜ੍ਹਾ ਕਰੀ ਰੱਖਣਾ ਲਾਜ਼ਮੀ ਹੋ ਗਿਆ ਹੈਖਾੜਕੂ ਸਿੱਖ ਲਹਿਰ ਨੇ ਇਹ ਭੱਖੜਾ ਆਪਣੀ ਵਿਰਾਸਤ ਵਜੋਂ ਅਗਲੇਰੀਆਂ ਪੁਸ਼ਤਾਂ ਲਈ ਬੀਜ ਰੱਖਿਆ ਹੈਮੇਘਾਲਿਆ ਵਿੱਚ ਇਸਾਈ ਫਿਰਕੇ ਦੇ ਪ੍ਰਭਾਵਸ਼ਾਲੀ ਤਬਕੇ ਨੇ ਵੀ ਇਹੋ ਤਕਨੀਕ ਅਪਣਾਈ ਹੋਈ ਹੈਜਿਵੇਂ ਮੁਸਲਮਾਨਾਂ ਨੂੰ ਜਨੂੰਨੀ, ਬਲਾਤਕਾਰੀ, ਲਵ-ਜਿਹਾਦੀ, ਗਾਂ ਖਾਣ ਵਾਲੇ, ਆਦਿਕ ਆਖ ਕੇ ਦੰਗਾ ਜਾਂ ਕਤਲਾਮ ਹੁੰਦਾ ਆ ਰਿਹਾ ਹੈ, ਉਵੇਂ ਹੀ ਪੰਜਾਬ ਵਿੱਚ ਪ੍ਰੇਮੀਆਂ ਦਾ ਸਮਾਜਕ ਬਾਈਕਾਟ, ‘ਨਾਮ ਚਰਚਾ’ ’ਤੇ ਪਾਬੰਦੀ ਦੀ ਮੰਗ, ਦਸਮੇਸ਼ ਪਿਤਾ ਦਾ ਸਵਾਂਗ ਧਾਰ ਕੇ ਕੀਤੀ ਬੇਅਦਬੀ, ਆਦਿ ਮੁੱਦੇ ਬਣੇ ਰਹੇ ਹਨਯਾਦ ਰਹੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਸਭ ਤੋਂ ਪਹਿਲਾਂ ਪ੍ਰੇਮੀਆਂ ਤੇ ਹੀ ਲਾਇਆ ਜਾ ਰਿਹਾ ਸੀ, ਪਰ ਸੰਗਤ ਨੇ ਵਿਵੇਕ ਕਾਇਮ ਰੱਖਦਿਆਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ

ਖਾੜਕੂ ਲਹਿਰ ਦਾ ਦੌਰ ਖਤਮ ਹੋਇਆ ਤਾਂ ਦੇਹਧਾਰੀ ਗੁਰੂਆਂ ਦੀ ਸਰਗਰਮੀ ਵਧਦੀ ਗਈਦਮਦਮੀ ਟਕਸਾਲ ਦੀ ਚੜ੍ਹਾਈ ਅਤੇ ਫਿਰ ਉਤਰਾਈ ਨੇ ਅਜਿਹੇ ਸੰਪਰਦਾਵਾਂ, ਟਕਸਾਲਾਂ, ਦਰਬਾਰਾਂ, ਡੇਰਿਆਂ ਨੂੰ ਕੁਝ ਜ਼ਰੂਰੀ ਸਬਕ ਦਿੱਤੇਪਹਿਲਾ, ਆਪਣੀ ਤਾਕਤ ਨੂੰ, ਪ੍ਰਭਾਵ ਨੂੰ, ਸੰਪਰਕਾਂ ਨੂੰ ਵਧਾਇਆ ਵੀ ਜਾਵੇ ਅਤੇ ਦੂਜਾ ਸਰਕਾਰਾਂ, ਦਰਬਾਰਾਂ, ਅਹਿਲਕਾਰਾਂ ਨਾਲ ਰਿਸ਼ਤਾ ਗੰਢ ਕੇ ਵੀ ਰੱਖਿਆ ਜਾਵੇਡੇਰਾ ਸੱਚਾ ਸੌਦਾ ਇਸ ਵਰਤਾਰੇ ਦੀ ਨੁਮਾਇਆਂ ਮਿਸਾਲ ਬਣ ਗਿਆ

ਇੱਕ ਹੋਰ ਵਰਤਾਰਾ ਵੀ ਇਸ ਵਿਚ ਰਲ਼ ਗਿਆਹਰੇ ਇਨਕਲਾਬ ਦੀ ਜੋਗ 90ਵਿਆਂ ਵਿੱਚ ਹੰਭ ਕੇ ਖੜ੍ਹ ਗਈਖਾੜਕੂ ਦੌਰ ਦੀ ਹਿੰਸਾ-ਪ੍ਰਤਿਹਿੰਸਾ ਦੇ ਸਾਂਝੇ ਪੜੁੱਲ ਨੇ ਸਾਰਾ ਸੰਸਥਾਈ ਅਤੇ ਪ੍ਰਸ਼ਾਸਕੀ ਢਾਂਚਾ ਭੁਰਭੁਰਾ ਕਰ ਦਿੱਤਾਸਰਕਾਰ ਨੂੰ ਛੁਟਕਾਰਾ ਮਿਲ ਗਿਆਨਾਗਰਿਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ - ਸਿੱਖਿਆ, ਸਿਹਤ, ਰੋਜ਼ਗਾਰ ਦੀ ਕਾਇਮੀ, ਆਦਿ - ਐਨ ਖੰਡਰ ਬਣ ਗਈਆਂਖਾਂਦੇ-ਹੰਢਾਉਂਦੇ ਤੇ ਗਰੀਬ ਲੋਕਾਂ ਦਾ ਪਾੜਾ ਵਧ ਗਿਆ ਸੀਪ੍ਰਾਈਵੇਟ ਅੰਗਰੇਜ਼ੀ ਸਕੂਲ, ਮਹਿੰਗੀ ਸਿੱਖਿਆ ਦੇ ਕਾਰੋਬਾਰ ਨੇ ਕਿਸੇ ਸਾਂਝੇ ਅਨੁਭਵ ਜ਼ਮੀਨ ਬਣਾ ਸਕਣ ਦੀ ਸੰਭਾਵਨਾ ਦਾ ਵੀ ਬਲਾਤਕਾਰ ਕਰ ਦਿੱਤਾਪਰੰਪਰਕ ਕਿਸਮ ਦਾ ਜਾਤ-ਪਾਤੀ ਦਮਨ ਤਾਂ ਸੱਭਿਆਚਾਰ ਆਖਿਆ ਹੀ ਜਾਂਦਾ ਹੈ, ਪਰ ਹੁਣ ਇਸ ਦਾ ਪੇਂਡੂ ਸਮਾਜ ਵਿਚ ਵਿਰੋਧ ਜ਼ਰਾ ਮਜ਼ਬੂਤੀ ਨਾਲ ਹੋਣਾ ਸ਼ੁਰੂ ਹੋ ਗਿਆਸਿੱਖ ਪੰਥ ਜਦੋਂ ਖਾਲਸਾ ਸਾਜਣ ਦੇ 300 ਸਾਲਾਂ ਦਾ ਜਸ਼ਨ ਮਨਾਉਣ ਲਈ ਕਮਰਕੱਸਾ ਕਸ ਰਿਹਾ ਸੀ ਤਾਂ ਪਤਾ ਲੱਗਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਸਾਰੇ ਨੱਗਰ ਨੂੰ ਚਿੱਟਾ ਰੰਗ ਕਰਦਿਆਂ ਭਾਈ ਜੈਤਾ ਵਾਲੀ ਯਾਦਗਾਰ ਨੂੰ ਛੱਡ ਦਿੱਤਾ ਗਿਆ ਸੀਮਗਰੋਂ ਪ੍ਰੈੱਸ ਵਿਚ ਰੌਲਾ ਪੈਣ ਕਰ ਕੇ ਰੰਗ ਹੋਇਆਪਿੰਡੋ-ਪਿੰਡੀ ਜਾਤਾਂ ਦੇ ਆਪੋ-ਆਪਣੇ ਗੁਰਦੁਆਰੇ, ਸ਼ਮਸ਼ਾਨਘਾਟ, ਧਰਮਸ਼ਾਲਾਵਾਂ ਡਟ ਕੇ ਬਣਦੀਆਂ ਗਈਆਂਹੁਣੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧੀਨ ਚੱਲਣ ਵਾਲੇ ਅਤੇ ਸਭ ਤੋਂ ਵੱਧ ਫ਼ੀਸਾਂ ਉਗਰਾਹੁਣ ਵਾਲੇ ਕਾਲਜਾਂ ਨੂੰ ਜਦੋਂ ਘੱਟ-ਗਿਣਤੀ ਅਦਾਰੇ ਹੋਣ ਦਾ ਹੱਕ ਮਿਲਿਆ ਤਾਂ ਇਸ ਵਿਚ ਦਲਿਤ ਵਿਦਿਆਰਥੀਆਂ ਨੂੰ ਦਾਖਲੇ ਦਾ ਸੰਵਿਧਾਨਕ ਅਧਿਕਾਰ ਗਾਇਬ ਹੈ

ਇਸ ਸਭ ਨੂੰ ਸਿੱਖ ਪੰਥ ਨੇ ਦੇਖ ਕੇ ਅਣਡਿੱਠ ਕਰ ਦਿੱਤਾਸਾਡੇ ਸਮਾਜ ਵਿੱਚ ਮਨੁੱਖੀ ਹਸਤੀ ਦਾ ਬੁਨਿਆਦੀ ਸਵਾਲ ਖੜ੍ਹਾ ਹੋਇਆ ਤਾਂ ਪੰਥ ਨੇ ਇਸ ਨੂੰ ਸਿੱਖੀ ਦੇ ਭਵਿੱਖ ਲਈ ਕੇਂਦਰੀ ਸਵਾਲ ਹੀ ਨਾ ਮੰਨਿਆਇਤਿਹਾਸ ਦੀ ਜਾੜ੍ਹ ਥੱਲੇ ਆ ਕੇ ਤ੍ਰੇੜਿਆ ਜਾ ਰਿਹਾ ਭਾਈਚਾਰਾ ਆਪਣੇ ਲਈ ਰਾਹ ਲੱਭਦਾ-ਲੱਭਦਾ ਵੱਖੋ-ਵੱਖਰੇ ਡੇਰਿਆਂ ਨੂੰ ਤੁਰ ਪਿਆ ਤਾਂ ਇਸ ਵਿੱਚ ਸਿੱਖੀ ਦੀਆਂ ਕ੍ਰਾਂਤੀਕਾਰੀ ਕਦਰਾਂ-ਕੀਮਤਾਂ ਨੂੰ ਸਿੱਖਾਂ ਦੇ ਵਡੇਰੇ ਤਬਕੇ ਵੱਲੋਂ ਪਿੱਠ ਦੇ ਕੇ ਖੜ੍ਹ ਜਾਣ ਪ੍ਰਤੀ ਰੋਹ ਵੀ ਸੀਮੌਜੂਦਾ ਧਨਾਢਾਂ ਦੀ ਲਿਸ਼ਕੀ-ਪੁਸ਼ਕੀ ਸਿੱਖੀ ਦਾ ਨਕਾਰ ਵੀ ਸੀਪਰ ਸਭ ਤੋਂ ਵੱਧ ਆਪਣੀ ਸਨਮਾਨਯੋਗ ਸ਼ਨਾਖ਼ਤ ਖੜ੍ਹੀ ਕਰਨ ਦਾ ਦ੍ਰਿੜ੍ਹ ਇਰਾਦਾ ਵੀ ਸੀਨਵੇਂ ਨਸ਼ਿਆਂ, ਇੰਟਰਨੈੱਟ ਪੈਕਾਂ, ਹੇਅਰ ਸਟਾਈਲਿੰਗ ਜੈੱਲਾਂ, ਗੈਂਗਸਟਰਾਂ ਦੀ ਚੜ੍ਹਾਈ ਵੀ ਵਿੰਗੇ ਟੇਢੇ ਢੰਗ ਨਾਲ ਇਹੋ ਬਾਤ ਪਾ ਰਹੀ ਹੈਪੰਥਕ ਵਿਚਾਰਾਂ ਇਸ ਸਾਰੇ ਵਰਤਾਰੇ ਸਾਹਮਣੇ ਮੂੰਹ ਹਿਲਾਉਂਦੀਆਂ ਰਹੀਆਂ ਪਰ ਕਿਸੇ ਢੁੱਕਵੀਂ ਸਰਗਰਮੀ ਤੱਕ ਨਾ ਪੁੱਜੀਆਂਸਾਂਝੇ ਦੁਸ਼ਮਣ ਘੜਨ ਦੀ ਸੌਖੀ, ਸਸਤੀ ਅਤੇ ਟਿਕਾਊ ਹਿੰਦੂਤਵੀ+ਡੋਨਾਲਡ ਟਰੰਪ ਦੀ ਰਣਨੀਤੀ ਦੀ ਨਕਲ ਕਰਦਿਆਂ ਸਾਰੀ ਸਿੱਖੀ ਦਾ ਸਿਦਕ ਪ੍ਰੇਮੀਆਂ ਨੂੰ ਸਬਕ ਸਿਖਾਉਣ ਦੇ ਮੁੱਦੇ ਤੇ ਕੇਂਦਰਿਤ ਹੁੰਦਾ ਰਿਹਾ ਹੈਸਿੱਖ ਪੰਥ ਦੀ ਇਸ ਅਦੁੱਤੀ ਘਾਲਣਾ ਨੂੰ ਲੰਘੀ 25 ਅਗਸਤ ਨੂੰ ਬੂਰ ਪੈ ਗਿਆ ਜਦੋਂ ਪਤਿਤ ਸਿੱਖਾਂ ਤੇ ਗ਼ੈਰ-ਸਿੱਖਾਂ ਨੇ, (ਹਿੰਦੂ-ਪੱਖੀ?) ਨਿਆਂਪਾਲਕਾ ਅਤੇ (ਬਲੈਕਮੇਲੀਏ?) ਛੋਟੇ ਅਖਬਾਰਾਂ ਨੇ ਡੇਰਾ ਮੁਖੀ ਦਾ ਭਾਂਡਾ ਭੰਨ ਕੇ ਰੱਖ ਦਿੱਤਾ

ਤਮਾਸ਼ਾ ਦੇਖਣ’ ਵਾਲਿਆਂ ਤੋਂ ਉਲਟ ਸਧਾਰਣ ਲੋਕਾਂ ਨੇ ਆਪਣੀ ਏਕਤਾ ਰੱਖਦਿਆਂ, ਸਿਦਕ ਧਾਰ ਕੇ ਡੇਰੇ ਵਿਚਲੇ ਦਮਨ ਤੰਤਰ ਅਤੇ ਸ਼ੋਸ਼ਣ ਦੇ ਸਾਮਰਾਜ ਨਾਲ ਹੱਕੀ ਲੜਾਈ ਲੜਣ ਦਾ ਨਿਸਚਾ ਕਰ ਲਿਆਪਤਿਤ ਸਿੱਖਾਂ ਤੇ ਗ਼ੈਰ-ਸਿੱਖਾਂ ਨੇ ਗਰੀਬ ਸਧਾਰਣ ਪਰਿਵਾਰ ਦੀ ਬਾਂਹ ਫੜੀਡਾਢਿਆਂ ਹੱਥੋਂ ਮਾਸੂਮ ਲੜਕੀਆਂ ਦੇ ਸ਼ਰੀਰਕ ਸ਼ੋਸ਼ਣ ਨੂੰ ਗੰਭੀਰਤਾ ਨਾਲ ਲਿਆਪਰਿਵਾਰਕ ਮੈਂਬਰ ਅਤੇ ਗਵਾਹ ਅਡੋਲ ਰਹੇਆਪਣੀ ਜਾਨ ਵਾਰ ਦਿੱਤੀਸ਼ਤਾਬਦੀਆਂ ਮਨਾਉਣ ਵਿੱਚ ਮਸਰੂਫ਼ ਕਿਸੇ ਸਿੱਖ ਜਥੇਬੰਦੀ ਨੇ, ਕਿਸੇ ਸਿੱਖ ਵਿਦਵਾਨ ਨੇ, ਕਥਾਕਾਰ-ਕੀਰਤਨੀਏ ਨੇ, ਅਕਾਲ ਪੁਰਖ ਦੇ ਫ਼ੌਜਦਾਰਾਂ ਨੇ ਡੱਕਾ ਦੂਹਰਾ ਨਹੀਂ ਕੀਤਾਸਿੱਖੀ ਦੀ ਰੌਸ਼ਨ ਵਿਰਾਸਤ ਨੂੰ ਇੰਞ ਦਾਗ਼ਦਾਰ ਕਰਨ ਵਾਲਿਆਂ ਦੀ ਮਾਨਸਿਕਤਾ ਵਿੱਚ ਡੇਰਿਆਂ, ਧਾਮਾਂ, ਆਦਿ ਵਿੱਚ ਔਰਤਾਂ ਦਾ ਸਰੀਰਕ ਸ਼ੋਸ਼ਣ ਜਾਂ ਇਨਸਾਫ਼-ਪਸੰਦ ਸੱਭਿਆਚਾਰ ਖੜ੍ਹਾ ਕਰਨਾ ਗੰਭੀਰ ਮੁੱਦਾ ਨਹੀਂ ਹੈਤਕੜੇ ਏਵੇਂ ਕਰਦੇ ਆਏ ਹਨਗਰੀਬ ਬੰਦਾ ਬੋਲਦਾ ਹੈ, ਫਿਰ ਹਾਰ ਕੇ ਚੁੱਪ ਕਰ ਜਾਂਦਾ ਹੈਕੋਈ ਪਹਿਲੀ ਵਾਰ ਤਾਂ ਹੋਇਆ ਨਹੀਂਹੁੰਦਾ ਆਇਆ ਹੈਇਹਦੇ ’ਤੇ ਕੀ ਲੜਾਈ ਬਣਦੀ ਐ? ਮੁੱਦਾ ਤਾਂ ਸਵਾਂਗ ਧਾਰਨ ਕਰਨ ਵਾਲਾ ਹੀ ਬਣਦਾ ਐ

ਅਜੋਕਾ ਪੰਥ ਇਨਸਾਫ਼ ਦੀ ਗਾਰੇ-ਮਿੱਟੀ ਨਾਲ ਲਿੱਬੜੀ, ਲਹੂ-ਵੀਟਵੀਂ ਲੜਾਈ ਤੋਂ ਦੂਰੀ ਬਣਾ ਕੇ ਆਪਣੀ ਚਿੱਟੀ ਚਾਦਰ ਦੇ ਚਾਨਣ ਵਿੱਚ ਕਿਸੇ ਤਮਾਸ਼ੇ ਨੂੰ ਵੇਖ ਰਿਹਾ ਹੈਇਹ ਪੰਥ ਹੁਣ ਸਿਰਫ਼ ਆਪਣੇ ਭਾਈਚਾਰਕ ਹਿੱਤਾਂ ਦੀ ਸੌੜੀ ਸਿਆਸਤ ਕਰਨ ਜੋਗਾ ਹੀ ਬਚਿਆ ਰਹਿ ਗਿਆ ਹੈਹੱਥਲੇ ਮਸਲੇ ਵਿੱਚ ਪੰਥ ਦਰਅਸਲ ਕਹਿ ਇਹ ਰਿਹਾ ਹੈ ਕਿ ਗਰੀਬ ਹੀ ਨਾ ਹੋਵੋਨਾ ਗਰੀਬੀ ਹੋਵੇ, ਨਾ ਲੜਕੀਆਂ ਨੂੰ ਇਉਂ ਬਿਗਾਨੀਆਂ ਥਾਂਵਾਂ ਤੇ ਜਾ ਕੇ ਜ਼ਲੀਲ ਹੋਣਾ ਪਵੇਹੁਣ ਗਰੀਬੀ ਕਿਵੇਂ ਦੂਰ ਹੋਵੇ? ਸੌਖਾ, ਸਸਤਾ ਤੇ ਟਿਕਾਊ ਰਾਹ ਹੈ ਬਾਹਰਲੇ ਦੇਸੋਂ ਆਏ ਪੱਕੀ ਉਮਰ ਦੇ ਮਰਦਾਂ ਨਾਲ ਆਪਣੀ ਜਵਾਨ ਧੀ-ਭੈਣ ਤੋਰ ਦਿਉਅੱਗੋਂ ਉਹਦੀ ਪੌੜੀ ਬਣਾ ਕੇ ਸਾਰਾ ਟੱਬਰ ਬਾਹਰ ਜਾ ਕੇ ਗਰੀਬੀ ਤੋਂ ਖਹਿੜਾ ਛੁਡਾ ਲਵੇਮੁੜ ਗੁਰੂ ਮਾਅਰਾਜ ਦੀ ਅਪਾਰ ਕਿਰਪਾ ਦਾ ਸ਼ੁਕਰਾਨਾ ਕਰਨ ਲਈ ਅਖੰਡ ਪਾਠਾਂ ਦੀ ਲੜੀ ਰਖਵਾਵੇ, ਦਰਬਾਰ ਸਾਹਿਬ ਮੱਥਾ ਟੇਕੇ ਅਤੇ ਬਾਰਾਮਾਸੀ ਚੱਲਣ ਵਾਲੀ ਕਾਰ ਸੇਵਾ ਲਈ ਸੋਨਾ-ਚਾਂਦੀ ਜਾਂ ਮਾਇਆ ਭੇਟ ਕਰ ਕੇ ਆਪਣਾ ਜਨਮ ਸਫ਼ਲਾ ਕਰੇਜੇ ਡੇਰੇ ਵਿੱਚ ਇਹ ਕੁਕਰਮ ਹੁੰਦਾ ਹੀ ਆਇਆ ਹੈ ਤਾਂ ਬਾਕੀ ਦੇ ਪੰਜਾਬੀ ਵੀ ਆਪਣੀਆਂ ਧੀਆਂ-ਭੈਣਾਂ ਨੂੰ ਪਰਿਵਾਰ ਦੀ ਤਰੱਕੀ ਲਈ ਯੋਜਨਾਬੱਧ ਢੰਗ ਨਾਲ ਸਰੀਰਕ ਸ਼ੋਸ਼ਣ ਲਈ ਤਿਆਰ ਕਰਦੇ ਆ ਰਹੇ ਹਨ

ਰਣਜੀਤ ਸਿੰਘ ਨੇ ਇਸ ਵੇਸਵਾਗਮਨੀ ਦੀ ਸ਼ਤਰੰਜ ਵਾਲੀ ਬਿਸਾਤ ਨੂੰ ਖਿਲਾਰ ਕੇ ਰੱਖ ਦਿੱਤਾ ਹੈਇਸ ਵਾਰਤਾ ਵਿੱਚੋਂ ਮੇਰੀ ਜਾਚੇ ਇੱਕ ਅਹਿਮ ਸਿੱਟਾ ਇਹ ਨਿੱਕਲਦਾ ਹੈ ਕਿ ਪ੍ਰੇਮੀ ਮੂਰਖ ਜਾਂ ਅੰਨ੍ਹੇ ਸ਼ਰਧਾਲੂ ਨਹੀਂ ਸਗੋਂ ਲੱਜਪਾਲ, ਬੁਲੰਦ ਕਿਰਦਾਰ ਵਾਲੇ ਲੋਕ ਵੀ ਹਨਅਜਿਹੇ ਹੋਰ ਦਲੇਰ ਲੋਕ ਜੇ ਪਤਿਤ ਸਿੱਖ ਹਨ ਜਾਂ ਸਿੱਖੀ ਦੀਆਂ ਮਹਾਨ ਰਵਾਇਤਾਂ ਤੋਂ ਮੂੰਹ ਭਵਾਂ ਕੇ ਖੜ੍ਹੇ ਹਨ ਜਾਂ ਡੇਰਿਆਂ ਵੱਲ ਗਏ ਹਨ ਤਾਂ ਸਾਨੂੰ ਆਪਣੇ ’ਤੇ ਸ਼ੱਕ ਕਰਨਾ ਚਾਹੀਦਾ ਹੈਥੋੜ੍ਹੀ ਸ਼ਰਮ ਮੰਨਣੀ ਚਾਹੀਦੀ ਹੈਸ਼ਤਾਬਦੀਆਂ ਮਨਾਉਣ ਦੀ ਪੰਥਕ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ ਤਾਂ ਫਿਰ ਸ਼ਾਇਦ ਇਹ ਕੰਮ ਵੀ ਸਿਰੇ ਚੜ੍ਹ ਜਾਵੇਗਾਗੁਰੂ ਭਲੀ ਕਰਨਗੇ!

ਸਿੱਖ ਪੰਥ ਵਿਚ ਪਸਰ ਚੁੱਕੀ, ਅਣਮਨੁੱਖੀ ਹੱਦ ਤੱਕ ਜਾ ਪਹੁੰਚੀ ਅੰਨ੍ਹੀ ਸ਼ਰਧਾ ਅਤੇ ਜਨੂੰਨੀ ਧਾਰਮਿਕਤਾ ਨੇ ਵਿਵੇਕ ਸਿੰਜਣ ਦੀ ਮੁਸ਼ੱਕਤ ਤੋਂ ਨਿਜਾਤ ਹਾਸਲ ਕਰ ਕੇ ਹਿੰਸਾ ਦੇ ਸੱਭਿਅਚਾਰ ਨਾਲ ਗੰਢ ਚਿਤਰਾਵਾ ਕਰ ਲਿਆ ਹੈ‘ਅਸੀਂ’ ਬਨਾਮ ‘ਬਿਗਾਨੇ’ ਦਾ ਅਸ਼ਲੀਲ ਤਰਕ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਘੁਣ ਵਾਂਗ ਲੱਗ ਗਿਆ ਹੈਇਸ ਵਿੱਚੋਂ ‘ਸਾਂਝੀਵਾਲਤਾ’, ‘ਸਗਲਿ ਸੰਗ’, ‘ਸਰਬੱਤ ਦਾ ਭਲਾ’, ‘ਸਚ ਆਚਾਰ’ ਆਦਿਕ ਸੰਕਲਪ ਬੋਲ ਵਿੱਚ ਤਾਂ ਆ ਜਾਂਦੇ ਹਨ ਪਰ ਇਨ੍ਹਾਂ ਦੀ ਸੇਧ ਮੁਤਾਬਕ ਨਿਆਂਕਾਰੀ, ਕਰੁਣਾਧਰਮੀ, ਸਹਿਜਭਾਵੀ, ਇਨਸਾਨੀ ਬਰਾਬਰੀ ਵਾਲਾ ‘ਨਿਰਭਉ ਨਿਰਵੈਰ’ ਸਮਾਜ ਸਿਰਜਣ ਦੀ ਜੱਦੋਜਹਿਦ ਕਰਨ ਦਾ ਇਖ਼ਲਾਕੀ ਇਕਰਾਰ ਮੁਕੰਮਲ ਤੌਰ ’ਤੇ ਗ਼ਾਇਬ ਹੈਆਪੋ-ਆਪਣੇ ਕਰਮ ਖੇਤਰ ਵਿਚ ਸਾਡਾ ਕਿਰਦਾਰ ਡੇਰਾ ਮੁਖੀ ਨਾਲੋਂ ਬਹੁਤਾ ਫ਼ਰਕ ਨਹੀਂ ਹੈਆਪਣੇ ਸੰਕਟ ਦੀ ਸਹੀ ਪਛਾਣ ਹੀ ਨਾ ਕਰ ਸਕਣ ਕਰ ਕੇ ਇਸ ਭਾਈਚਾਰੇ ਦਾ ਹਾਲ ਵੀ ਐਨ ਪ੍ਰੇਮੀਆਂ ਵਾਲਾ ਹੀ ਹੈਉਹਨਾਂ ਵਿਚਲੇ ਕੁਝ ਜੁਝਾਰੂਆਂ ਨੇ ਇਨਸਾਫ਼ ਦੀ ਲੜਾਈ ਲੜ ਕੇ, ਜਾਨ ਵਾਰ ਕੇ ਆਪਣੇ ਕੱਚ-ਸੱਚ ਨੂੰ ਚੌਰਾਹੇ ਲਿਆ ਧਰਿਆ ਹੈਕੀ ਸਿੱਖਾਂ ਵਿੱਚ ਵੀ ਅਜਿਹੇ ਸ਼ਖਸ ਮੌਜੂਦ ਹਨ ਜੋ ਪੰਥ ਨੂੰ ਆਪਣੇ ਕੱਚ-ਸੱਚ ਬਾਬਤ ਪਾਰਦਰਸ਼ੀ ਹੋਣ ਦੀ ਨੈਤਿਕ ਚੁਣੌਤੀ ਰੱਖ ਸਕਣ?

ਨਾਲ ਜੁੜਦਾ ਸਵਾਲ ਖੱਬੇ-ਪੱਖੀਆਂ ਲਈ ਵੀ ਹੈਇਹ ਸਾਰੇ ਪ੍ਰੇਮੀ ਬੁਨਿਆਦੀ ਤੌਰ ’ਤੇ ਥੁੜ੍ਹੇ-ਟੁੱਟੇ ਤਬਕੇ ਨਾਲ ਸੰਬੰਧਤ ਹਨ ਜੋ ਖੱਬੇ-ਪੱਖੀਆਂ ਦੀ ਕੁਦਰਤੀ ਧਿਰ ਹੋਣੇ ਚਾਹੀਦੇ ਸਨਡੇਰੇ ਦੇ ਪ੍ਰਤੀ ਪ੍ਰੇਮੀਆਂ ਦੀ ਰੂਹਾਨੀ-ਇਖ਼ਲਾਕੀ-ਸਮਾਜੀ ਪ੍ਰਤੀਬੱਧਤਾ ਨੂੰ ਸਿਰਫ਼ ‘ਧਾਰਮਿਕ ਜਨੂੰਨ’ ਜਾਂ ‘ਅੰਨ੍ਹੀ ਸ਼ਰਧਾ ਦੇ ਕੈਦੀ’ ਆਖ ਕੇ ਡੰਗ ਤਾਂ ਟਪਾਇਆ ਜਾ ਸਕਦਾ ਹੈ ਪਰ ਨਾਲ ਹੀ ਇਹ ਕਿਸੇ ਲੋਕ-ਪੱਖੀ ਧਿਰ ਦੀ ਡੂੰਘੀ ਰਣਨੀਤਕ-ਵਿਚਾਰਧਾਰਕ ਸ਼ਿਕਸਤ ਦਾ ਵੀ ਨਿਸ਼ਾਨ ਹੈ

ਆਪਸ ਵਿੱਚ ਲੱਖ ਲੜਾਈ ਦੇ ਹੁੰਦਿਆਂ-ਸੁੰਦਿਆਂ ਇਹ ਹਾਰ ਸਿੱਖ ਪੰਥ ਵਾਲਿਆਂ ਦੀ ਤੇ ਖੱਬੇ-ਪੱਖੀਆਂ ਦੇ ਸਾਂਝੇ ਲੱਛਣ, ਵਿਹਾਰ ਅਤੇ ਅਭਿਆਸ ਵੱਲ ਇਸ਼ਾਰਾ ਕਰਦੀ ਹੈਮਿਸਾਲ ਵਜੋਂ ਦੋਵਾਂ ਧਿਰਾਂ ਨੂੰ ਆਪਣੀ ਸਿਧਾਂਤਕ ਪਕਿਆਈ ਦੇ ਸਰੋਤਾਂ ’ਤੇ ਜਾਇਜ਼ ਵਿਸ਼ਵਾਸ ਹੈਆਪਣੇ ਲੋਕਾਂ ਦੀ ਜਾਂ ਪੰਥ ਦੀ ਅੰਤਿਮ ਜਿੱਤ ਬਾਰੇ ਵੀ ਕੋਈ ਦੋ-ਰਾਵਾਂ ਨਹੀਂਸਿੱਖਾਂ ਲਈ ਗੁਰੂ ਦੇ ਕਲਿਆਣਕਾਰੀ ਮਾਰਗ ਤੋਂ ਵਿੱਝੜ ਕੇ ਦੇਹਧਾਰੀ ਬਾਬਿਆਂ ਦੇ ਸਸਤੇ ਪ੍ਰਵਚਨਾਂ ਅਤੇ ਆਡੰਬਰ ਕਰਨ ਵਾਲੇ ਕੁਕਰਮੀ ਸਾਧਾਂ ਦੇ ਲੜ ਲੱਗਣ ਵਾਲਿਆਂ ਦੀ ਲਗਾਤਾਰ ਵਧਦੀ ਗਿਣਤੀ ਰਹੱਸ ਬਣੀ ਹੋਈ ਹੈਐਨੇ ਮਜ਼ਬੂਤ ਸਿਧਾਂਤ, ਸ਼ਾਨਾਮੱਤੇ ਇਤਿਹਾਸ ਵਾਲੇ ਪੰਥ ਦਾ ਵਰਤਮਾਨ ਅਤੇ ਨੇੜ-ਭਵਿੱਖ ਐਸਾ ਬਦਸ਼ਕਲ ਕਿਉਂ ਹੈ? ਸਿੱਖਾਂ ਲਈ ਇਹ ਸਵਾਲ ਬਿਪਤਾ ਬਣਿਆ ਹੋਇਆ ਹੈਕਦੇ ਹਥਿਆਰਾਂ ਨਾਲ, ਕਦੇ ਵੋਟਾਂ ਆਸਰੇ, ਕਦੇ ਰੈਣ-ਸਬਾਈ ਕੀਰਤਨ ਦਰਬਾਰਾਂ ਨਾਲ, ਕਦੇ ਅੰਮ੍ਰਿਤ ਸੰਚਾਰ ਸਦਕਾ, ਕਦੇ 24-ਘੰਟੇ ਦੇ ਗੁਰਬਾਣੀ ਪ੍ਰਸਾਰਣ ਨਾਲ, ਕਦੇ ਇੰਟਰਨੈੱਟ ਨਾਲ - ਉਹ ਇਸ ਮੂੰਹ ਵਿੱਚ ਆਈ ਕੋਹੜ ਕਿਰਲੀ ਨਾਲ ਨਜਿੱਠਣ ਲਈ ਤਤਪਰ ਹਨਕੋਈ ਪੇਸ਼ ਨਹੀਂ ਜਾ ਰਹੀ

ਇਵੇਂ ਹੀ ਖੱਬੇ-ਪੱਖ ਦੀਆਂ ਸਿਧਾਂਤਕ ਬੁਨਿਆਦਾਂ ਦੀ ਪਕਿਆਈ, ਲੱਖ ਚੁਣੌਤੀਆਂ ਦੇ ਬਾਵਜੂਦ, ਇੱਕ ਇਤਹਾਸਕ ਪ੍ਰਾਪਤੀ ਹੈਲੋਕਾਈ ਨੇ ਇਸ ਸਿਧਾਂਤ ਨੂੰ ਅਭਿਆਸ ਵਿੱਚ ਢਾਲ ਕੇ, ਜਥੇਬੰਦ ਹੋ ਕੇ, ਸ਼ਹੀਦੀਆਂ ਨਾਲ ਸਿੰਜ ਕੇ ਵੱਡੀਆਂ ਮੱਲਾਂ ਮਾਰੀਆਂ ਹਨਅਜਿਹੀ ਇੱਕ ਪ੍ਰਾਪਤੀ 1917 ਦਾ ਬਾਲਸ਼ਵਿਕ ਇਨਕਲਾਬ ਹੈ, ਜਿਸ ਦੀ ਪਹਿਲੀ ਸ਼ਤਾਬਦੀ ਇਸੇ ਸਾਲ 2017 ਵਿੱਚ ਢੁੱਕੀ ਹੈਪੰਜਾਬ ਵਿੱਚ ਵੀ ਖੱਬੇ-ਪੱਖੀਆਂ ਦੀ ਅਜੋਕੀ ਸ਼ਿਕਸਤਾ ਹਾਲਤ ਦੇ ਬਾਵਜੂਦ ਇਹਨਾਂ ਦਾ ਪੰਜਾਬ ਵਿੱਚ ਬੇਮਿਸਾਲ ਯੋਗਦਾਨ ਹੈਸਿੱਖੀ ਦੀਆਂ ਲੋਕ-ਹਿਤੂ, ਕ੍ਰਾਂਤੀਕਾਰੀ ਰਵਾਇਤਾਂ ਨੂੰ ਪੰਜਾਬ ਦੇ ਖੱਬੇ-ਪੱਖੀਆਂ ਦੇ ਕਿਰਦਾਰ, ਕੁਰਬਾਨੀ ਅਤੇ ਕਰਮਸ਼ੀਲਤਾ ਰਾਹੀਂ ਵੀ ਸਾਕਾਰ ਕੀਤਾ ਗਿਆ ਹੈਪਰ ਇਹਨਾਂ ਦੇ ਆਗੂਆਂ ਅਤੇ ਹੁਣ ਦੇ ਵਿਚਾਰਕਾਂ ਲਈ ਵੀ ਮੁੱਦਿਆਂ ਦੀ ਵੰਡ ਤੱਤ ਰੂਪ ਵਿਚ ਸਿੱਖ ਪੰਥ ਦੇ ਲੀਡਰਾਂ ਵਾਂਗ ਹੀ ਰਹੀ ਹੈਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਡੇਰੇ ਦੇ ਪੈਰੋਕਾਰਾਂ ਦਾ ਮਸਲਾ ਸਿੱਖ ਮਸਲਾ ਨਹੀਂ ਤਾਂ ਖੱਬੇ-ਪੱਖੀਆਂ ਲਈ ਵੀ ਇਹ ਕੋਈ ਲੋਕ ਮਸਲਾ ਨਹੀਂ ਹੈਲੈ ਦੇ ਕੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਸ਼ੁਭ-ਭਾਵਨਾ ਦੇ ਪੈਗ਼ਾਮ ਤੋਂ ਬਿਨਾਂ ਖੱਬੇ-ਪੱਖ ਕੋਲ ਕੋਈ ਢੁੱਕਵੀਂ ਲੀਹ ਨਹੀਂ ਹੈ

ਖੱਬੇ-ਪੱਖੀ ਵੀ ਸਿੱਖਾਂ ਵਾਂਗ ਹੈਰਾਨ ਹਨ ਕਿ ਲੋਕ ਵਾਰ-ਵਾਰ ਵਰਗਲਾਏ ਜਾ ਰਹੇ ਹਨਕਦੇ ਭਿੰਡਰਾਂਵਾਲੇ ਦੇ ਮਗਰ, ਫਿਰ ਬਾਦਲਾਂ ਦੇ ਮਗਰ, ਕਦੇ ਕੈਪਟਨ, ਕਦੇ ਬਸਪਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਠੱਗਾਂ ਨੇ ਲੋਕ-ਰੋਹ ਨੂੰ ਚੋਅ ਲਿਆ ਹੈਲੋਕ ਖੱਬੇ-ਪੱਖ ਦੇ ਸਿਧਾਂਤ, ਕਿਰਦਾਰ ਅਤੇ ਅਭਿਆਸ ਤੇ ਬਿਲਕੁਲ ਹੀ ਕਾਟਾ ਕਿਉਂ ਫੇਰੀ ਬੈਠੇ ਹਨ? ਕਦੇ ਸਿਸਟਮ ਵਿੱਚੋਂ ਆਟਾ-ਦਾਲ ਰਾਹੀਂ; ਕਦੇ ਕਾਲੇ ਧਨ ਨੂੰ ਵਾਪਸ ਲਿਆਉਣ ਨਾਲ ਅਮੀਰ ਹੋ ਜਾਣ ਦੇ ਸੁਪਨੇ ਰਾਹੀਂ, ਕਦੇ ਨੋਟਬੰਦੀ ਰਾਹੀਂ ਭ੍ਰਿਸ਼ਟਾਚਾਰ ਦੇ ਖਾਤਮੇ ਰਾਹੀਂ; ਕਦੇ ਪਾਕਿਸਤਾਨ ਨਾਲ ਜੰਗ ਕਰ ਕੇ, ਗੱਲ ਕੀ ਕੋਈ ਰਾਹ ਹੀ ਨਹੀਂ ਛੱਡਿਆਨਵੀਆਂ ਪਾਰਟੀਆਂ, ਨਵੇਂ ਨਾਹਰੇ ਜਾਂ ਨਵੇਂ ਚਿਹਰੇ - ਖੱਬੇ-ਪੱਖ ਦੀ ਸਿਆਸਤ ਨੂੰ ਭੁਆਟਣੀਆਂ ਦੇਈ ਫਿਰਦੇ ਹਨ, ਹਾਲਾਂਕਿ ਅੰਤਿਮ ਜਿੱਤ ਇਹਨਾਂ ਦੀ ਹੀ ਹੋਣੀ ਹੈ

ਸਿੱਖਾਂ ਅਤੇ ਖੱਬੇ-ਪੱਖੀਆਂ ਦੀ ਆਪਾ ਪੜਚੋਲ ਨਾ ਕਰ ਸਕਣ ਦੀ ਮਜਬੂਰੀ ਵਿੱਚੋਂ ਨਿੱਸਰੀ ਸਾਂਝੀ ਵਿਉਂਤਬੰਦੀ ਹੈਦੋਵੇਂ ਧਿਰਾਂ ਆਪਣੇ ਅੰਦਰਲੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਇੱਕੋ ਜਿਹੇ ਤਰੀਕਾਕਾਰ ਅਪਣਾਉਂਦੀਆਂ ਹਨਦੋਵਾਂ ਦਾ ਆਪੋ-ਆਪਣੇ ਦਾਇਰੇ ਦੀਆਂ ਹੱਦਾਂ ਦੀ ਰਾਖੀ ਲਈ ਬੇਹੱਦ ਚੌਕਸੀ ਰੱਖਣ ਦਾ ਲੰਬਾ ਅਭਿਆਸ ਹੈਦੋਵਾਂ ਨੇ ਇੱਕ ਦੂਜੇ ਨਾਲ ਸਾਰਥਕ ਸੰਵਾਦ ਦਾ ਰਾਹ ਤਿਆਗਿਆ ਹੋਇਆ ਹੈ, ਸਗੋਂ ਨਕਾਰਨ ਦੇ ਕਾਰਨਾਂ ਦੀ ਸੂਚੀ ਨੂੰ ਹਰ ਨਾਜ਼ੁਕ ਮਰਹਲੇ ਤੇ ਸਿਮਰਿਆ ਜਾਂਦਾ ਹੈਪਰ ਦੋਵੇਂ ਮਾਯੂਸ ਵੀ ਹਨਅੰਦਰੋਂ ਸੱਚੀ ਪੀੜ ਵੀ ਮੰਨਦੇ ਹਨਦੇਹ ਨੂੰ ਅਸਲੀ ਵੈਲ ਇਹ ਲੱਗਾ ਹੋਇਆ ਹੈ ਕਿ ਆਪਣੇ ਹਾਸ਼ੀਏ ’ਤੇ ਚਲੇ ਜਾਣ ਦੇ ਕਾਰਨਾਂ ਦੀ ਇਖ਼ਲਾਕੀ ਪੜਚੋਲ ਕਿਤੇ ਕੋਈ ਨਵਾਂ ਚੰਦ ਨਾ ਚਾੜ੍ਹ ਦੇਵੇਡੇਰੇ ਵੀ ਇਨ੍ਹਾਂ ਧਿਰਾਂ ਦੀ ਇਸੇ ਨੈਤਿਕ ਕਾਇਰਤਾ ਵਿੱਚੋਂ ਆਪਣੇ ਜੋਗੀ ਆਕਸੀਜਨ ਖਿੱਚ ਲੈਂਦੇ ਹਨ ਅਤੇ ਆਮ ਆਦਮੀ ਪਾਰਟੀ ਵਰਗੇ ਲੋਕ-ਉਭਾਰ ਵੀ ਅਖੀਰ ਨੂੰ ਪਾਰਟੀ (ਡੇਰਾ) ਪ੍ਰਧਾਨ (ਪਿਤਾ ਜੀ) ਦੀ ਜੇਬ ਵਿਚ ਤਕੀਆ ਲਾ ਲੈਂਦੇ ਹਨਸਰਬੱਤ ਲਈ ਚਾਨਣ-ਮੁਨਾਰੇ ਰੂਸੀ ਇਨਕਲਾਬ ਦੀ ਸ਼ਤਾਬਦੀ ਇਸੇ ਵਜਾਹ ਕਰ ਕੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਤੋਂ ਬਾਹਰ ਕਿਸੇ ਨੂੰ ਰੜਕੇਗੀ ਵੀ ਨਹੀਂ

ਪੰਜਾਬੀ ਇਤਿਹਾਸ ਵਿੱਚ ਵੱਡਾ ਉਸਾਰੂ ਰੋਲ ਨਿਭਾਉਣ ਵਾਲੀਆਂ ਇਹ ਧਿਰਾਂ - ਸਿੱਖ ਪੰਥ ਅਤੇ ਖੱਬੇ-ਪੱਖੀ-ਜਦੋਂ ਲਗਭਗ ਤਮਾਸ਼ਾ ਦੇਖਣ ਤੱਕ ਸੁੰਗੜ ਗਏ ਹੋਣ, ਤਾਂ ਫਿਰ ਕੀ ਬਣੇ? ਸਾਧਨਹੀਣ ਆਮ ਆਦਮੀ, ਭਾਸ਼ਾਈ ਮੀਡੀਆ ਦੇ ਛੋਟੇ ਅਖਬਾਰ, ਜਾਂਚ ਅਫ਼ਸਰ ਅਤੇ ਛੋਟੇ ਜੱਜਾਂ ਨੇ ਵੱਡੇ ਖੱਬੀਖਾਨ ਤੇ ਜਿੰਨ ਮੁੜ ਬੋਤਲ ਵਿੱਚ ਪਾ ਲਏ ਹਨਕਈ ਪ੍ਰੇਮੀਆਂ ਬਾਰੇ ਖਬਰ ਆਈ ਕਿ ਪੰਚਕੂਲੇ ਜਾਣ ਤੋਂ ਪਹਿਲਾਂ ਆਪਣੇ ਪਿੰਡਾਂ ਦੀਆਂ ਹੱਟੀਆਂ ਤੇ ਜਾ ਕੇ ਦੇਣਦਾਰੀ ਮੁਕਾ ਆਏ, ਇਹ ਕਹਿ ਕੇ ਕਿ, ‘ਹੁਣ ਪਤਾ ਨਹੀਂ ਮੁੜਾਂਗੇ ਕਿ ਨਹੀਂ।’

ਅੱਗਾਂ ਲਾਉਣ ਵਾਲੇ ਅਤੇ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਅਕਸਰ ਅੱਡ-ਅੱਡ ਹੁੰਦੇ ਹਨਹਿੰਸਾ ਜਦੋਂ ਖਾਂਦੇ-ਪੀਂਦੇ ਲੋਕਾਂ ਦੇ ਨੇੜੇ ਆ ਜਾਂਦੀ ਹੈ ਤਾਂ ਪ੍ਰਤਿਹਿੰਸਾ ਦਾ ਸਰਕਾਰੀ ਦਮਨ-ਤੰਤਰ ਆਪਣੇ ਜੋਬਨ ’ਤੇ ਆ ਜਾਂਦਾ ਹੈਪੰਜਾਬੀਆਂ ਨੇ ਇਹ ਦਮਨ ਹੰਢਾਇਆ ਹੈਕਸ਼ਮੀਰੀ ਹੰਢਾ ਰਹੇ ਹਨਅਤੇ ਹੁਣ ਕੋਈ ਚਾਲ਼ੀ ਕੁ ਬੰਦੇ - ਬੰਦੇ ਨਹੀਂ, ਸਗੋਂ ਪ੍ਰੇਮੀ ਮਾਰੇ ਗਏ ਹਨ ... ਉਨ੍ਹਾਂ ਦੇ ਸਨੇਹੀ ਉਹਨਾਂ ਨੂੰ ਫ਼ੋਨ ਕਰ ਰਹੇ ਹਨਲੋਥਾਂ, ਲੋਥਾਂ ਨਹੀਂ ਪ੍ਰੇਮੀ, ਕਿਸੇ ਗਹਿਰੀ ਖ਼ਾਮੋਸ਼ੀ ਵਿੱਚ ਹਨਅੱਜ ਨਹੀਂ ਤਾਂ ਕੱਲ੍ਹ - ਉਹ ਬੋਲਣਗੇ, ਜ਼ਰੂਰ ਬੋਲਣਗੇ!

ਸ਼ਾਇਦ ਪੀੜਤ ਸਾਧਵੀਆਂ ਅਤੇ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਦੇ ਜ਼ਖਮਾਂ ਅਤੇ ਦੁੱਖ ਨੂੰ ਦਿਲੋਂ ਮਹਿਸੂਸ ਕਰ ਕੇ ਕਿਸੇ ਨਰੋਏ ਅਤੇ ਨਿੱਗਰ ਵਿਵੇਕ ਦਾ ਨਿਰਮਾਣ ਕਰ ਕੇ ਹੀ ਪ੍ਰੇਮੀ ਆਪਣੀ ਆਸਥਾ ਦੇ ਸੰਕਟ ਅਤੇ ਗਹਿਰੇ ਦੁੱਖ ਤੋਂ ਪਾਰ ਜਾ ਸਕਣਗੇਪੰਜਾਬੀਆਂ ਦੀ ਪੱਥਰ ਹੁੰਦੀ ਜਾਂਦੀ ਸੰਵੇਦਨਾ, ਇਸ ਖਿੱਤੇ ਦੀਆਂ ਜ਼ਿੰਮੇਵਾਰ ਧਿਰਾਂ ਦੇ ਸੰਕੀਰਣ ਅਤੇ ਸੰਪਰਦਾਈ ਵਿਹਾਰ ਵਾਲੇ ਸੱਜੇ-ਖੱਬਿਆਂ ਨੂੰ ਉਹ ਕਹਿ ਗਏ ਹਨ:

ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।’

*****

(818)

ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.)

About the Author

ਡਾ. ਸੁਮੇਲ ਸਿੰਘ ਸਿੱਧੂ

ਡਾ. ਸੁਮੇਲ ਸਿੰਘ ਸਿੱਧੂ

Phone: (91 - 94649 - 84010)