HarpalSPannu7“... ਦਰਜ ਹੋਇਆ ਪੁਲਿਸ ਕੇਸ ਵੀ ਅਕਾਲੀ ਸਰਕਾਰ ਨੇ ਚੁੱਪ ਚਾਪ ਵਾਪਸ ਲੈ ਲਿਆ ...”
(29 ਅਗਸਤ)

 

ਸਿੰਘ ਸਭਾ ਕੈਨੇਡਾ ਬਿਯੂਰੋ ਨੇ ਸਿਰਸਾ ਡੇਰੇ ਦੇ ਪਿਛੋਕੜ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ ਜਿਹੜੀ ਭਰੋਸੇਯੋਗ ਲਗਦੀ ਹੈ। ਇਨ੍ਹਾਂ ਦਾ ਵਡੇਰਾ ਸ਼ਾਹ ਮਸਤਾਨ ਬਲੋਚਿਸਤਾਨ (ਹੁਣ ਪਾਕਿਸਤਾਨ) ਤੋਂ ਆ ਕੇ ਸਰਸਾ ਜ਼ਿਲ੍ਹੇ ਦੇ ਪਿੰਡ ਬੇਗੂ ਵਿਚ ਵਸ ਗਿਆ। ਇਸ ਪਿੰਡ ਵਿਚ ਜੱਟਾਂ ਦੀ ਵਧੀਕ ਗਿਣਤੀ ਸੀ ਲੋਕਲ ਵੀ ਸਨ, ਪਾਕਿਸਤਾਨੋ ਆ ਕੇ ਵੀ ਵਸੇ ਸਨ। ਮਾਲਵੇ ਮਾਝੇ ਦੇ ਜੱਟਾਂ ਨੇ ਵੀ ਇੱਧਰ ਸਸਤੀਆਂ ਜ਼ਮੀਨਾਂ ਖਰੀਦੀਆਂ ਸਨ। ਸ਼ਾਹ ਮਸਤਾਨ ਦੀ ਬਹੁਤੀ ਸੰਗਤ ਨਹੀਂ ਸੀ ਪਰ ਲੋਕ ਉਸ ਨੂੰ ਸੰਤੋਖੀ ਫਕੀਰ ਜਾਣ ਕੇ ਰੋਟੀ ਪਾਣੀ ਦੇ ਦਿੰਦੇ। ਉਹ ਨੰਗੇ ਪੈਰੀਂ ਘੁੰਮਦਾ। ਹੁਣ ਵੀ ਬੇਗੂ ਪਿੰਡ ਦੇ ਕੇਵਲ ਚਾਰ ਪੰਜ ਘਰ ਇਸ ਡੇਰੇ ਦੇ ਸ਼ਰਧਾਲੂ ਹਨ।

1960ਵਿਆਂ ਵਿਚ ਇਕ ਸਿੱਧੂ ਜੱਟ ਨੇ ਮਸਤਾਨ ਨਾਲ ਨੇੜਤਾ ਬਣਾ ਲਈ। ਸਤਨਾਮ ਦਾ ਪਹਿਲਾ ਨਾਮ ਹਰਬੰਸ ਸਿੰਘ ਸਿੱਧੂ ਸੀ, ਪਿਤਾ ਵਰਿਆਮ ਸਿੰਘ ਤੇ ਮਾਤਾ ਆਸ ਕੌਰ, ਪਿੰਡ ਜਲਾਣਾ ਜ਼ਿਲ੍ਹਾ ਸਿਰਸਾ। ਹਰਬੰਸ ਸਿੰਘ (ਬਾਦ ਵਿਚ ਸ਼ਾਹ ਸਤਨਾਮ) ਪੜ੍ਹ ਲਿਖ ਗਿਆ ਚਤੁਰ ਹੋਣ ਕਾਰਨ ਡੇਰੇ ਵਿਚ ਪ੍ਰਭਾਵਸ਼ਾਲੀ ਹੋ ਗਿਆ। ਇਹ ਚੰਗਾ ਬੁਲਾਰਾ ਬਣ ਗਿਆ। ਸਾਖੀਆਂ ਨਾਲ ਸੰਗਤ ਨੂੰ ਪ੍ਰਭਾਵਿਤ ਕਰ ਲੈਂਦਾ। ਉਸ ਬਾਰੇ ਵੀ ਲੋਕਾਂ ਵਿਚ ਦੰਦ-ਕਥਾਵਾਂ ਚੱਲ ਪਈਆਂ ਕਿ ਕਰਾਮਾਤੀ ਹੈ। ਦਾਇਰਾ ਮੋਕਲਾ ਹੋਣ ਵਿਚ ਦੇਰ ਨਾ ਲੱਗੀ। ਪਿੰਡ ਗੁਰੂਸਰ ਮੋੜ੍ਹੀਆਂ ਦਾ ਨੰਬਰਦਾਰ ਮੱਘਰ ਸਿੰਘ ਅਤੇ ਉਸਦੀ ਪਤਨੀ ਨਸੀਬ ਕੌਰ ਡੇਰੇ ਦੇ ਪੱਕੇ ਸ਼ਰਧਾਲੂ ਹੋ ਗਏ। ਇਹ ਅਸਰ ਰਸੂਖ ਵਾਲਾ ਪਰਿਵਾਰ ਸੀ। ਇਨ੍ਹਾਂ ਦੇ ਘਰ ਗੁਰਮੀਤ ਦਾ ਜਨਮ ਹੋਇਆ, ਜੋ ਹੁਣ ਰਾਮ ਰਹੀਮ ਹੈ। ਗੁਰਮੀਤ ਨੂੰ ਪੜ੍ਹਨ ਪਾਇਆ ਪਰ ਦਸਵੀਂ ਪਾਸ ਨਾ ਕਰ ਸਕਿਆ। ਉਸ ਦੀ ਦੋਸਤੀ ਪ੍ਰਸਿੱਧ ਖਾੜਕੂ ਨੇਤਾ ਗੁਰਜੰਟ ਸਿੰਘ ਰਾਜਸਥਾਨੀ ਨਾਲ ਹੋ ਗਈ ਜੋ ਉਮਰ ਵਿਚ ਗੁਰਮੀਤ ਤੋਂ ਦੋ ਸਾਲ ਵੱਡਾ ਸੀ। ਗੁਰਮੀਤ ਅਤੇ ਗੁਰਜੰਟ ਅਕਸਰ ਇਸ ਡੇਰੇ ਵਿਚ ਆ ਕੇ ਵਕਤ ਗੁਜ਼ਾਰਦੇ। ਗੁਰਮੀਤ ਦੀ ਮਾਂ ਨੇ ਸ਼ਾਹ ਸਤਨਾਮ ’ਤੇ ਦਬਾਅ ਪਾਇਆ ਕਿ ਉਹ ਗੁਰਮੀਤ ਨੂੰ ਆਪਣਾ ਵਾਰਸ ਐਲਾਨੇ ਪਰ ਉਹ ਰਜ਼ਾਮੰਦ ਨਹੀਂ ਸੀ। ਕਹਿੰਦੇ ਨੇ ਗੁਰਜੰਟ ਸਿੰਘ ਰਾਜਸਥਾਨੀ ਨੇ ਡਰਾ ਕੇ ਸ਼ਾਹ ਸੁਲਤਾਨ ਤੋਂ ਗੁਰਮੀਤ ਨੂੰ ਆਪਣਾ ਵਾਰਸ ਐਲਾਨ ਕਰਵਾਇਆ। 23 ਸਤੰਬਰ 1990 ਨੂੰ ਸ਼ਾਹ ਮਸਤਾਨ ਰੱਬ ਨੂੰ ਪਿਆਰਾ ਹੋ ਗਿਆ, ਇਸ ਤੋਂ ਬਾਦ ਗੁਰਮੀਤ ਸਿੰਘ ਚੱਲ ਸੋ ਚੱਲ।

31 ਅਗਸਤ 1991 ਗੁਰਜੰਟ ਸਿੰਘ ਰਾਜਸਥਾਨੀ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ। ਰਾਜਸਥਾਨੀ ਦੇ ਜਿਉਂਦਿਆਂ ਗੁਰਮੀਤ ਜ਼ਾਬਤੇ ਵਿਚ ਰਿਹਾ, ਉਸ ਪਿੱਛੋਂ ਬਹੁਤ ਕੁਝ ਵਾਪਰਿਆ। ਕਤਲ, ਬਲਾਤਕਾਰ ਆਦਿਕ ਦੀਆਂ ਖਬਰਾਂ ਨਿਕਲਣ ਲੱਗੀਆਂ। ਪੱਤਰਕਾਰ ਛਤਰਪਤੀ ਦਾ ਕਤਲ ਵਧੀਕ ਸਨਸਨੀਖੇਜ਼ ਸੀ। ਸਾਧਵੀਆਂ ਨਾਲ ਬਲਾਤਕਾਰ, ਇਕ ਪੀੜਿਤ ਸਾਧਵੀ ਦਾ ਭਰਾ ਡੇਰੇ ਦਾ ਸੇਵਕ ਸੀ, ਉਸ ਨੇ ਇਤਰਾਜ਼ ਕੀਤਾ ਤਦ ਉਸ ਦਾ ਕਤਲ ਹੋ ਗਿਆ। ਅਪਰਾਧ ਜਗਤ ਦੀ ਬਣਤਰ ਹੀ ਅਜਿਹੀ ਹੁੰਦੀ ਹੈ ਕਿ ਇਕ ਅਪਰਾਧ ਉੱਤੇ ਪਰਦਾ ਪਾਉਣ ਲਈ ਹੋਰ ਅਪਰਾਧ ਹੁੰਦੇ ਹਨ।

ਟੀਵੀ ਉੱਪਰ ਰਾਮ ਰਹੀਮ ਦੀ ਗੋਦ ਲਈ ਧੀ ਦਾ ਪਤੀ ਲਗਾਤਾਰ ਆ ਕੇ ਦੱਸ ਰਿਹਾ ਹੈ ਕਿ ਉਹ ਬਾਬੇ ਦੀ ਗੋਦ ਲਈ ਧੀ ਦਾ ਪਤੀ ਹੈ, ਗੋਦ ਲਈ ਧੀ ਬਾਬੇ ਤੋਂ 15 ਸਾਲ ਛੋਟੀ ਹੈ ਜਿਸਦੇ ਬਾਬੇ ਨਾਲ ਅਵੈਧ ਸਬੰਧ ਹਨ। ਤਲਾਕ ਲੈਣ ਪਿੱਛੋਂ ਇਹ ਜਵਾਈ ਲੁਕ ਛੁਪ ਕੇ ਜਾਨ ਬਚਾਉਂਦਾ ਰਿਹਾ ਹੈ। ਇਹ ਗੋਦ ਲਈ ਧੀ ਉਹੋ ਮੁਟਿਆਰ ਹੈ ਜਿਹੜੀ ਗ੍ਰਿਫਤਾਰੀ ਪਿੱਛੋਂ ਹੈਲੀਕਾਪਟਰ ਵਿਚ ਬਾਬੇ ਦੇ ਨਾਲ ਜਾ ਬੈਠੀ, ਰੋਹਤਕ ਤੱਕ ਨਾਲ ਆਈ। ਪੁਲਿਸ ਕੋਲ ਪੱਤਰਕਾਰਾਂ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਕਿ ਇਸ ਨੂੰ ਕੈਦੀ ਨਾਲ ਜਹਾਜ਼ ਵਿਚ ਬੈਠਣ ਦੀ ਆਗਿਆ ਕਿਸ ਨੇ ਤੇ ਕਿਉਂ ਦਿੱਤੀ।

ਗ੍ਰਿਫਤਾਰੀ ਪਿੱਛੋਂ ਸੈਂਤੀ ਮੌਤਾਂ! ਢਾਈ ਸੌ ਜ਼ਖਮੀਆਂ ਵਿੱਚੋਂ ਅਜੇ ਹੋਰ ਕਿੰਨੇ ਜਣੇ ਮੌਤਾਂ ਦੇ ਸ਼ਿਕਾਰ ਹੋਣਗੇ, ਰੱਬ ਜਾਣੇ। ਮਰਨ ਵਾਲੇ ਉਹ ਲੋਕ ਜਿਨ੍ਹਾਂ ਨੂੰ ਕੇਵਲ ਇੰਨਾ ਦੱਸਿਆ ਗਿਆ ਸੀ ਕਿ ਐਤਕੀ ਨਾਮ ਚਰਚਾ ਪੰਚਕੂਲੇ ਹੋਵੇਗੀ ਤੇ ਹੋਵੇਗੀ ਵੀ ਤਿੰਨ ਦਿਨ, ਨਿੱਕੀਆਂ ਨਿੱਕੀਆਂ ਗਠੜੀਆਂ, ਝੋਲੇ ਚੁੱਕ ਕੇ ਗਰੀਬ ਸੰਗਤ ਪੰਚਕੂਲੇ ਪੁੱਜ ਗਈ।

ਇਸ ਘਟਨਾ ਵਿਚ ਪੰਜਾਬ ਦੇ ਲੋਕਾਂ ਜਾਂ ਪੰਜਾਬ ਸਰਕਾਰ ਨੇ ਕੁਝ ਲੈਣਾ ਦੇਣਾ ਨਹੀਂ ਸੀ ਤਾਂ ਵੀ ਲੋੜੀਂਦੇ ਇਹਤਿਆਤੀ ਪ੍ਰਬੰਧ ਪੰਜਾਬ ਸਰਕਾਰ ਨੇ ਕੀਤੇ। ਜਿਹੜੇ ਬੰਦੇ ਕਾਨੂੰਨ ਤੋਂ ਵਾਕਫ ਨਹੀਂ ਉਹ ਵੀ ਭਾਂਪ ਗਏ ਸਨ ਕਿ ਸਿਰਸਾ ਡੇਰਾ ਮੁਖੀ ਨੂੰ ਜੱਜਮੈਂਟ ਮੌਕੇ ਅਦਾਲਤ ਵਿਚ ਤਲਬ ਕਰਨ ਦਾ ਅਰਥ ਹੈ ਸਜ਼ਾ ਸੁਣਾਈ ਜਾਏਗੀ। ਇਹ ਕੇਸ ਕਿਸੇ ਤਰ੍ਹਾਂ ਵੀ ਸਿੱਖ ਮਸਲਿਆਂ ਨਾਲ ਸਬੰਧਤ ਨਹੀਂ ਸੀ ਇਸ ਕਰਕੇ ਅਜਿਹਾ ਖਦਸ਼ਾ ਨਹੀਂ ਸੀ ਕਿ ਪੰਜਾਬ ਵਿਚ ਸਥਿਤੀ ਵਿਸਫੋਟਕ ਹੋਵੇਗੀ, ਹੋਈ ਵੀ ਨਹੀਂ।

ਹਰਿਆਣਾ ਸਰਕਾਰ ਨੂੰ ਪਤਾ ਸੀ ਕਿ ਸਜ਼ਾ ਹੋਏਗੀ, ਜਿਸ ਕਰਕੇ ਮਾਹੌਲ ਵਿਚ ਤਲਖੀ ਦੀ ਸੰਭਾਵਨਾ ਯਕੀਨੀ ਸੀ। ਇਸੇ ਕਾਰਨ ਹਰਿਆਣਾ ਪੁਲਿਸ ਤੋਂ ਇਲਾਵਾ ਸੈਨਿਕ ਬਲ ਮੰਗਵਾਏ ਗਏ। ਚਾਰ ਸੌ ਗੱਡੀਆਂ ਦਾ ਕਾਰਵਾਂ 25 ਅਗਸਤ ਨੂੰ ਸਵੇਰਸਾਰ ਡੇਰਾ ਮੁਖੀ ਨੂੰ ਸਿਰਸਾ ਤੋਂ ਲੈ ਕੇ ਪੰਚਕੂਲੇ ਵਲ ਚੱਲਿਆ।

ਕੇਵਲ ਹਰਿਆਣਾ ਸਰਕਾਰ ਨਹੀਂ, ਦੁਨੀਆਂ ਦੇਖ ਰਹੀ ਸੀ ਕਿ ਪੰਚਕੂਲੇ ਡੇਢ ਲੱਖ ਲੋਕ ਇਕੱਠੇ ਹੋ ਗਏ ਹਨ। ਇਨ੍ਹਾਂ ਨੂੰ ਇਕੱਠੇ ਕਿਉਂ ਹੋਣ ਦਿੱਤਾ ਗਿਆ? ਕੀ ਚੀਫ ਸਕੱਤਰ, ਡੀਜੀਪੀ ਅਤੇ ਡਿਪਟੀ ਕਮਿਸ਼ਨਰ ਨੂੰ ਪਤਾ ਨਹੀਂ ਸੀ ਕਿ ਇਹੋ ਜਿਹੇ ਮੌਕਿਆਂ ਉੱਪਰ ਦਫਾ 144 ਲਾਕੇ ਭੀੜ ਨੂੰ ਇਕੱਠੀ ਹੋਣ ਤੋਂ ਰੋਕੀਦਾ ਹੁੰਦਾ ਹੈ?

ਪੰਚਕੂਲੇ ਤੋਂ ਮੇਰੇ ਪਾਸ ਦੁਪਹਿਰ ਇਕ ਵਜੇ ਫੋਨ ਆਉਣ ਲਗੇ ਕਿ ਕੀ ਹੋ ਰਿਹੈ? ਮੈਂ ਪੁਛਿਆ- ਇਹ ਗੱਲ ਤਾਂ ਮੈਨੂੰ ਤੁਹਾਥੋਂ ਪੁੱਛਣੀ ਚਾਹੀਦੀ ਸੀ? ਪਤਾ ਲੱਗਾ ਪੰਚਕੂਲੇ ਤਾਂ ਬਿਜਲੀ ਗੁਲ ਹੋ ਗਈ, ਟੀਵੀ ਬੰਦ। ਇੰਟਰਨੈੱਟ ਬੰਦ। ਅਸੀਂ ਟੀਵੀ ਦੀਆਂ ਖਬਰਾਂ ਪੰਚਕੂਲੇ ਪੁਚਾਈਆਂ ਤੇ ਘਰਾਂ ਅੰਦਰ ਦੜੇ ਰਹਿਣ ਦੀ ਹਦਾਇਤ ਕੀਤੀ।

ਇਹ ਖਬਰਾਂ ਪਹਿਲਾਂ ਮਿਲ ਗਈਆਂ ਸਨ ਕਿ ਹਰਿਆਣਾ ਸਰਕਾਰ ਦੀ ਖੱਟਰ ਕੈਬਨਿਟ ਦੇ ਦੋ ਵਜ਼ੀਰ ਸਿਰਸੇ ਜਾ ਕੇ 51 ਲੱਖ ਰੁਪਇਆ ਡੇਰਾ ਮੁਖੀ ਪਾਸ ਮੱਥਾ ਟੇਕ ਆਏ ਸਨ। ਇਸ ਗੱਲ ਤੋਂ ਕੀ ਜਾਣੀਏ? ਇਹ ਵੀ ਪਤਾ ਸੀ ਕਿ ਇਸ ਵਾਰ ਡੇਰਾ ਪ੍ਰੇਮੀਆਂ ਦੀ ਵੋਟ ਬੀਜੇਪੀ ਦੇ ਹੱਕ ਵਿਚ ਭੁਗਤੀ ਹੈ। ਇੱਧਰ ਅਕਾਲੀ ਲੀਡਰਸ਼ਿਪ ਕਿਹੜਾ ਹੁਣ ਲੁਕ ਛੁਪ ਕੇ ਵੋਟਾਂ ਮੰਗਣ ਸਿਰਸਾ ਡੇਰੇ ਜਾਂਦੀ ਹੈ? ਜਥੇਦਾਰ ਅਕਾਲ ਤਖਤ ਨੇ ਉਸ ਡੇਰਾ ਮੁਖੀ ਨੂੰ ਖਿਮਾ ਕਰ ਦਿੱਤਾ ਜਿਸ ਉੱਤੇ ਬਲਾਤਕਾਰ ਅਤੇ ਕਤਲ ਦੇ ਮੁਕੱਦਮੇ ਚਲ ਰਹੇ ਸਨ। ਡੇਰਾ ਮੁਖੀ ਖਿਲਾਫ ਦਸਮ ਪਾਤਸ਼ਾਹ ਦਾ ਸਵਾਂਗ ਰਚਾਉਣ ਵਿਰੱਧ ਦਰਜ ਹੋਇਆ ਪੁਲਿਸ ਕੇਸ ਵੀ ਅਕਾਲੀ ਸਰਕਾਰ ਨੇ ਚੁੱਪ ਚਾਪ ਵਾਪਸ ਲੈ ਲਿਆ। ਸਿਖਰਲੀ ਅਕਾਲੀ ਲੀਡਰਸ਼ਿਪ ਵੋਟਾਂ ਮੰਗਣ ਗਈ, ਸਿਰਸਾ ਪ੍ਰੇਮੀਆਂ ਨੇ ਵੋਟ ਪਾਈ, ਤਾਂ ਵੀ ਅਕਾਲੀ ਦਲ ਹਾਰਿਆ ਕਿਉਂਕਿ ਪ੍ਰੇਮੀਆਂ ਤੋਂ ਵਧੀਕ ਸਿੱਖ ਵੋਟ ਨਾਰਾਜ਼ ਹੋ ਕੇ ਟੁੱਟ ਵੀ ਤਾਂ ਗਈ।

ਮੁੱਖ ਮੰਤਰੀ ਮਨੋਹਰਲਾਲ ਖੱਟਰ ਨੇ ਡੇਰਾ ਪ੍ਰੇਮੀਆਂ ਨੂੰ ਹਿੰਸਾ ਦੇ ਦੋਸ਼ਾਂ ਤੋਂ ਇਹ ਕਹਿਕੇ ਬਰੀ ਕਰ ਦਿੱਤਾ ਹੈ ਕਿ ਪ੍ਰੇਮੀਆਂ ਨੇ ਨਹੀਂ ਉਨ੍ਹਾਂ ਵਿਚ ਜਿਹੜੇ ਅਪਰਾਧੀ ਤੱਤ ਆ ਰਲੇ ਸਨ, ਉਨ੍ਹਾਂ ਨੇ ਡੇਰੇ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ। ਇਉਂ ਕਰਨ ਨਾਲ ਦੋਸ਼ੀਆਂ ਦੇ ਬਚ ਨਿਕਲਣ ਦੀ ਉਮੀਦ ਬੱਝ ਗਈ ਸੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਸਖਤੀ ਨਾਲ ਪੇਸ਼ ਆ ਗਿਆ ਜਿਸ ਨੇ ਦੋਸ਼ੀਆਂ ਵਿਰੁੱਧ ਸਖਤ ਰੁਖ ਅਪਣਾ ਲਿਆ। ਇਹ ਹਦਾਇਤ ਵੀ ਕਰ ਦਿੱਤੀ ਕਿ ਹਿੰਸਾ, ਸਾੜਫੂਕ ਦੀਆਂ ਘਟਨਾਵਾਂ ਕਾਰਨ ਜੋ ਸਰਕਾਰੀ ਜਾਂ ਨਿੱਜੀ ਸੰਪਤੀ ਦਾ ਨੁਕਸਾਨ ਹੋਇਆ ਹੈ ਉਹ ਡੇਰੇ ਦੀ ਸੰਪਤੀ ਵਿੱਚੋਂ ਪੂਰਾ ਕੀਤਾ ਜਾਵੇ।

ਜਿਵੇਂ ਮੁਖਮੰਤਰੀ ਖੱਟਰ ਨੇ ਡੇਰਾ ਪ੍ਰੇਮੀਆਂ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ ਉਸੇ ਤਰ੍ਹਾਂ ਭਾਜਪਾ ਪਾਰਟੀ ਹਾਈ ਕਮਾਂਡ ਨੇ ਸ਼੍ਰੀ ਖੱਟਰ ਨੂੰ ਦੋਸ਼-ਮੁਕਤ ਕਰਾਰ ਦੇ ਦਿੱਤਾ ਹੈ। ਫਿਰ ਦੋਸ਼ੀ ਹੈ ਕੌਣ ਅਸਲ ਵਿਚ? ਵੋਟਰ। ਵੋਟਰ ਦੋਸ਼ੀ ਹੈ ਜਿਸਨੇ ਉਨ੍ਹਾਂ ਨੂੰ ਸੱਤਾ ਸੌਂਪੀ ਜਿਹੜੇ ਇਸ ਦੇ ਹੱਕਦਾਰ ਨਹੀਂ ਸਨ, ਸੱਤਾਧਾਰੀ ਵੋਟਰ ਵੱਲ ਪਿੱਠ ਕਰਕੇ ਖਲੋ ਗਏ ਤੇ ਅਪਰਾਧੀਆਂ ਨੂੰ ਧਨ ਦੀਆਂ ਥੈਲੀਆਂ ਫੜਾ ਆਏ।

ਸਿਰਾਂ ਉੱਪਰ ਗਠੜੀਆਂ ਚੁੱਕੀ ਪਰਤਦੇ ਬੱਚਿਆਂ, ਔਰਤਾਂ ਸਮੇਤ ਥੱਕੇ ਹਾਰੇ ਸੜਕਾਂ ਕਿਨਾਰੇ ਕਿਨਾਰੇ ਤੁਰਦੇ ਗਰੀਬ ਲੋਕ ਪੈਦਲ ਘਰੋ ਘਰੀ ਮੁੜਦੇ ਦੇਖ ਕੇ ਹਰੇਕ ਦਰਸ਼ਕ ਦਾ ਦਿਲ ਦ੍ਰਵਿਆ। ਸਰਕਾਰਾਂ ਇਹੋ ਜਿਹੇ ਇਨਾਮ ਅਪਣੇ ਵੋਟਰਾਂ ਨੂੰ ਅਕਸਰ ਦਿਆ ਕਰਦੀਆਂ ਹਨ।

ਬਾਬੇ ਨੂੰ ਵੀਹ ਸਾਲ ਦੀ ਬਾਮੁਸ਼ੱਕਤ ਕੈਦ ਹੋ ਗਈ ਹੈ। ਅਜੇ ਕਤਲਾਂ ਦੇ ਮਕੱਦਮੇ ਸੁਣਵਾਈ ਅਧੀਨ ਹਨ। ਨੁਕਸਾਨ ਪੂਰਾ ਕਰਨ ਲਈ ਜਾਇਦਾਦਾਂ ਅਟੈਚ ਕਰਨ ਦੇ ਹੁਕਮ ਹੋ ਗਏ ਹਨ। ਬਾਬੇ ਦੀ ਪਤਨੀ ਨੇ ਬੇਟੇ ਨੂੰ ਬਾਬੇ ਦਾ ਉਤਰਾਧਿਕਾਰੀ ਥਾਪ ਦਿੱਤਾ ਹੈ। ਬਾਬੇ ਦੀਆਂ ਦੋ ਧੀਆਂ ਨੇ ਜਾਇਦਾਦ ਉੱਪਰ ਹੱਕ ਜਿਤਾਇਆ ਹੈ। ਤੀਜੀ ਗੋਦ ਲਈ ਧੀ ਖੁਦ ਨੂੰ ਬਾਬੇ ਦਾ ਵਾਰਸ ਸਮਝਦੀ ਹੈ। ਸਮਝੇ ਕਿਉਂ ਨਾ? ਆਖਰੀ ਮੌਕੇ ਮੁਸੀਬਤ ਵਿਚ ਉਹੋ ਨਾਲ ਰਹੀ ਸੀ।

ਕੀ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਆਏਗੀ ਕਿ ਡੇਰਿਆਂ ਦੀ ਅਸਲੀਅਤ ਕੀ ਹੈ?

*****

(814)

ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author