MohanSharma7“ਮਾਂ-ਬਾਪ ਦਾ ਸਹਾਰਾ ਖੋਹ ਕੇ ਸਿਵਿਆਂ ਦੇ ਰਾਹ ਪਾਉਣ ਵਾਲੇ ਦਨ-ਦਨਾਉਂਦੇ ਫਿਰਦੇ ਹਨ...”
(25 ਅਗਸਤ 2017)

 

ਸਿਹਤ ਵਿਭਾਗ ਨੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟਣ ਦੀ ਖ਼ਬਰ ਵੱਖ-ਵੱਖ ਅਖ਼ਬਾਰਾਂ ਵਿੱਚ ਛਪਵਾ ਕੇ ਆਪਣੀ ਸ਼ਾਨਦਾਰ’ ਕਾਰਗੁਜਾਰੀ ਦੀ ਆਪਣੇ ਆਪ ਹੀ ਪਿੱਠ ਥਾਪੜੀ ਹੈਦੂਜੇ ਪਾਸੇ ਇੱਕ ਸਮਾਜਿਕ ਸਰੋਕਾਰਾਂ ਨਾਲ ਸਬੰਧਤ ਜਥੇਬੰਦੀ ਨੇ ਇਸ ਖ਼ਬਰ ਦੇ ਪ੍ਰਤੀਕ੍ਰਮ ਵਜੋਂ ਉਨ੍ਹਾਂ ਅੱਡਿਆਂ ਸਬੰਧੀ ਖੁੱਲ੍ਹ ਕੇ ਲਿਖਿਆ ਹੈ, ਜਿੱਥੋਂ ਬੀੜੀ, ਜਰਦਾ, ਸਿਗਰਟ ਅਤੇ ਸੁਲਫ਼ਾ ਬਿਨਾਂ ਰੋਕ-ਟੋਕ ਤੋਂ ਧੜੱਲੇ ਨਾਲ ਵਿਕ ਰਿਹਾ ਹੈਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਅਤੇ ਨਸ਼ਿਆਂ ਦੀ ਮਾਰੂ ਹਨੇਰੀ ਵਿੱਚ ਨਸ਼ਾ ਰਹਿਤ ਜੀਵਨ ਜਿਉਣ ਦੀ ਪ੍ਰੇਰਨਾ ਦੇਣ ਵਾਲਿਆਂ ਦੇ ਕਾਫ਼ਲੇ ਨਾਲ ਜੁੜਿਆ ਹੋਣ ਕਾਰਨ ‘ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਮਾਰੋਦੀ ਸੋਚ ਨਾਲ ਮੈਂ ਸਿਹਤ ਅਧਿਕਾਰੀ ਕੋਲ ਚਲਾ ਜਾਂਦਾ ਹਾਂ ਅਤੇ ਉਨ੍ਹਾਂ ਨੂੰ ਸ਼ਹਿਰ ਵਿੱਚ ਧੜੱਲੇ ਨਾਲ ਵਿੱਕ ਰਹੇ ਇਹ ਮਾਰੂ ਨਸ਼ਿਆਂ ਦੀ ਰੋਕ -ਥਾਮ ਲਈ ਬੇਨਤੀ ਕਰਦਾ ਹਾਂਨਾਲ ਹੀ ਉਨ੍ਹਾਂ ਨੂੰ ਦੱਸਦਾ ਵੀ ਹਾਂ ਕਿ 11-14 ਆਯੂ ਗੁੱਟ ਦੇ ਲੜਕੇ ਸ਼ੌਕ-ਸੌਕ ਦੇ ਨਾਲ ਬੀੜੀ, ਜਰਦਾ ਅਤੇ ਸਿਗਰਟ ਦੀ ਵਰਤੋਂ ਕਰਨ ਲੱਗ ਜਾਂਦੇ ਹਨਆਯੂ ਗੁੱਟ 14-18 ਦੇ ਉਹੀ ਲੜਕੇ ਅਗਾਂਹ ਸ਼ਰਾਬ ਦੀ ਵਰਤੋਂ ਕਰਨ ਲੱਗ ਜਾਂਦੇ ਹਨ18-19 ਸਾਲ ਦੀ ਉਮਰ ਵਿੱਚ ਜਾ ਕੇ ਸਮੈਕ ਅਤੇ ਚਿੱਟੇ ਦੇ ਸ਼ਿਕਾਰ ਹੋ ਜਾਂਦੇ ਹਨਜਿਹੜੇ ਸਮੈਕ-ਚਿੱਟੇ ਤੇ ਲੱਗ ਗਏ, ਉਨ੍ਹਾਂ ਦੀ ਅਗਾਂਹ ਉਮਰ ਵੱਧ ਤੋਂ ਵੱਧ 5-6 ਸਾਲ ਹੁੰਦੀ ਹੈਸਿਹਤ ਅਧਿਕਾਰੀ ਫਾਈਲਾਂ ਵਿੱਚ ਰੁੱਝਿਆ ਹੋਇਆ ਦੋ ਤਿੰਨ ਵਾਰ ਮੇਰੇ ਚਿਹਰੇ ਵੱਲ ਸਰਸਰੀ ਜਿਹੀ ਨਜ਼ਰ ਮਾਰਦਾ ਹੈ ਅਤੇ ਉਹਦੇ ਚਿਹਰੇ ਤੋਂ ਇੰਝ ਲਗਦਾ ਸੀ ਜਿਵੇਂ ਉਹ ਮੇਰੀ `ਫਜ਼ੂਲ` ਦੀ ਗੱਲ ਸੁਣਨ ਲਈ ਤਿਆਰ ਨਾ ਹੋਵੇਮੈਂ ਢੀਠ ਜਿਹਾ ਹੋ ਕੇ ਗੱਲ ਨੂੰ ਅਗਾਂਹ ਤੋਰਦਾ ਹਾਂ, “ਦੂਜੇ ਮਾਰੂ ਨਸ਼ਿਆਂ ਦੀ ਵਰਤੋਂ ਲਈ ਬੀੜੀ-ਸਿਗਰੇਟ ਅਤੇ ਜਰਦੇ ਦੀ ਵਰਤੋਂ ਇੱਕ ਦਰਵਾਜੇ ਦੀ ਤਰ੍ਹਾਂ ਹੈ, ਜਿਹਦੀ ਵਰਤੋਂ ਕਰਕੇ ਉਹ ਅਗਾਂਹ ਦੂਜੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਹਨਸਾਡੇ ਗੁਰੂ ਸਾਹਿਬਾਨਾਂ ਨੇ ਵੀ ...”

ਮੇਰੀ ਗੱਲ ਟੋਕ ਕੇ ਉਹ ਅਧਿਕਾਰੀ ਆਪਣੀ ‘ਫੁਰਮਾਨ’ ਵਰਗੀ ਗੱਲ ਕਰਦਾ ਹੈ, “ਸਰਕਾਰੀ ਹਦਾਇਤਾਂ ਅਨੁਸਾਰ ਇਨ੍ਹਾਂ ਨਸ਼ਿਆਂ ਦੀ ਜਨਤਕ ਵਰਤੋਂ ਕਰਨ ਵਾਲਿਆਂ ਦਾ ਹੀ ਚਲਾਨ ਕੱਟਣਾ ਹੈਇਹ ਵੇਚਣ ਵਾਲਿਆਂ ਨੂੰ ਅਸੀਂ ਕਿਵੇਂ ਰੋਕੀਏ?”

ਉਹਦੀ ਕਹੀ ਗੱਲ ਨਾਲ ਮੇਰਾ ਆਪਣਾ-ਆਪ ਵਿੰਨ੍ਹਿਆ ਜਿਹਾ ਜਾਂਦਾ ਹੈਮੈਨੂੰ ਲੱਗਦਾ ਹੈ, ਜਿਵੇਂ ਛੱਤ ਚੋਅ ਰਹੀ ਹੈ ਅਤੇ ਫਰਸ਼ ਸਾਫ਼ ਕੀਤਾ ਜਾ ਰਿਹਾ ਹੈ, ਬੂਟਾ ਸੁੱਕ ਰਿਹਾ ਹੈ ਪਰ ਜੜ੍ਹਾਂ ਤੋਂ ਬੇ ਧਿਆਨ ਹੋ ਕੇ ਸਪਰੇਅ ਪੱਤਿਆਂ ’ਤੇ ਕੀਤਾ ਜਾ ਰਿਹਾ ਹੈਡਰਾਇੰਗ ਰੂਮ ਵਿੱਚ ਪਏ ਗਲੀਚੇ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਉਸ ਨੂੰ ਸਾਫ ਕਰਕੇ ਕੁੜਾ-ਕਰਕਟ ਗਲੀਚੇ ਦੇ ਥੱਲੇ ਕਰਕੇ ਡਰਾਇੰਗ ਰੂਮ ਸਾਫ-ਸੁੱਥਰਾ ਰੱਖਣ ਦਾ ਭਰਮ ਜਿਹਾ ਪਾਲਿਆ ਜਾ ਰਿਹਾ ਹੈਅਧਿਕਾਰੀ ਦੀ ਕਹੀ ਗੱਲ ਦੇ ਪ੍ਰਤੀਕ੍ਰਮ ਵਿੱਚ ਮੈਂ ਉਸ ਨੂੰ ਰੋਸ ਭਰੇ ਲਹਿਜ਼ੇ ਵਿੱਚ ਮੁਖ਼ਾਤਿਬ ਹੁੰਦਾ ਹਾਂ, “ਚਲੋ, ਇੱਕ ਗੱਲ ਦੱਸੋ ਕਿਸੇ ਦੇ ਘਰ ਨੂੰ ਕੋਈ ਅੱਗ ਲਾ ਜਾਂਦਾ ਹੈ, ਅੱਗ ਦੇ ਭਾਂਬੜਾਂ ਦਾ ਸ਼ਿਕਾਰ ਘਰ ਵਿੱਚ ਰਹਿ ਰਹੇ ਪਰਿਵਾਰਕ ਮੈਂਬਰ ਹੋ ਜਾਂਦੇ ਹਨਤੁਹਾਡੀ ਨੀਤੀ ਅਨੁਸਾਰ ਤਾਂ ਅੱਗ ਦਾ ਸ਼ਿਕਾਰ ਹੋ ਰਹੇ ਘਰ ਦੇ ਮੈਂਬਰ ਹੀ ਦੋਸ਼ੀ ਹੋ ਗਏਅੱਗ ਲਾਉਣ ਵਾਲਾ ਤਾਂ “ਭਲੇ ਮਾਣਸਾਂ” ਦੀ ਕਤਾਰ ਚ ਖੜ੍ਹਾ ਹੈ

ਸਿਹਤ ਅਧਿਕਾਰੀ ’ਤੇ ਭਾਵੇਂ ਮੇਰੀ ਗੱਲ ਦਾ ਥੋੜ੍ਹਾ ਜਿਹਾ ਅਸਰ ਹੋਇਆ ਹੈ ਪਰ ਉਹਨੇ ਇਹ ਕਹਿੰਦਿਆਂ, “ਕੋਈ ਨਹੀਂ, ਅਸੀਂ ਕਰਦੇ ਹਾਂ ਕੋਈ ਬੰਨ੍ਹ-ਸੁੱਬ” ਪੱਲਾ ਜਿਹਾ ਝਾੜ ਦਿੱਤਾ ਹੈਸਿਹਤ ਅਧਿਕਾਰੀ ਦੇ ਦਫ਼ਤਰ ਵਿੱਚੋਂ ਬਾਹਰ ਆਉਣ ਉਪਰੰਤ ਮੈਂ ਆਪਣੇ ਆਪ ਨੂੰ ਮੁਖ਼ਾਤਿਬ ਹਾਂ, “ਇਸ ਵੇਲੇ ਨਸ਼ਾ ਕਰਨ ਵਾਲਿਆਂ ਨੂੰ ਜਿੰਦਗੀ ਦਾ ਖਲਨਾਇਕ ਬਣਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਜਾਂ ਜੁਰਮਾਨੇ ਕੀਤੇ ਜਾ ਰਹੇ ਹਨਦਰਅਸਲ ਉਹ ਤਾਂ ਪੀੜਤ ਹਨਉਨ੍ਹਾਂ ਦੀ ਪੀੜ ਦੂਰ ਕਰਨ ਲਈ ਸੁਹਿਰਦ ਯਤਨ ਹੋਣੇ ਚਾਹੀਦੇ ਹਨਹਾਂ ਜਿਹੜੇ ਨਸ਼ੇ ਧੜੱਲੇ ਨਾਲ ਵੇਚ ਰਹੇ ਨੇ, ਜਿੰਦਗੀ ਦੇ ਅਸਲੀ ਖਲਨਾਇਕ ਤਾਂ ਉਹ ਨੇਲੋਕਾਂ ਦੇ ਘਰਾਂ ਵਿੱਚ ਸੱਥਰ ਉਹ ਵਿਛਾਉਂਦੇ ਹਨਸੁਹਾਗਣਾਂ ਨੂੰ ਵਿਧਵਾ, ਬੱਚਿਆਂ ਨੂੰ ਅਨਾਥ ਅਤੇ ਮਾਂ-ਬਾਪ ਦਾ ਸਹਾਰਾ ਖੋਹ ਕੇ ਸਿਵਿਆਂ ਦੇ ਰਾਹ ਪਾਉਣ ਵਾਲੇ ਦਨ-ਦਨਾਉਂਦੇ ਫਿਰਦੇ ਹਨਪੋਟਾ-ਪੋਟਾ ਦੁਖੀ ਲੋਕਾਂ ਨੇ ਤਾਂ ਨੌਜਵਾਨਾਂ ਦੇ ਬਲਦੇ ਸਿਵਿਆਂ ਦੇ ਸੇਕ ਸਾਹਵੇਂ ਸਰਕਾਰ ਨੂੰ ਰੋਸ ਪੱਤਰ ਲਿਖੇ ਹਨਕਈ ਥਾਵਾਂ ਤੇ ਰੋਸ ਵਜੋਂ ਕੱਫਣ ਵੀ ਸਰਕਾਰ ਨੂੰ ਭੇਜੇ ਹਨਕਈ ਪਿੰਡਾਂ ਦੀ ਪਹਿਚਾਣ ਵਿਧਵਾਵਾਂ ਦੇ ਪਿੰਡ, ਛੜਿਆਂ ਦੇ ਪਿੰਡ ਅਤੇ ਨਸ਼ਾ ਵੇਚਣ ਵਾਲੇ ਪਿੰਡਾਂ ਵਜੋਂ ਬਣ ਚੁੱਕੀ ਹੈਲੋਕ ਡਾਢੇ ਔਖੇ ਹਨਜਿੰਨੀ ਦੇਰ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਜ਼ਹਿਰ ਦੇ ਵੱਡੇ ਵਿਉਪਾਰੀ ਅਤੇ ਉਨ੍ਹਾਂ ਦੀ ਪਿੱਠ ਠੋਕਣ ਵਾਲਿਆਂ ਨੂੰ ਕਰੜੇ ਹੱਥੀਂ ਨਹੀਂ ਲਿਆ ਜਾਂਦਾ, ਉੰਨੀ ਦੇਰ ਬਲਦੇ ਸਿਵਿਆਂ ਦਾ ਸੇਕ ਲੋਕਾਂ ਦੇ ਹਿੱਸੇ ਆਉਂਦਾ ਰਹੇਗਾ।”

ਇਨ੍ਹਾਂ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਨਾਲ-ਨਾਲ ਮੈਨੂੰ ਉਨ੍ਹਾਂ ਲੋਕਾਂ ’ਤੇ ਵੀ ਗੁੱਸਾ ਆਉਂਦਾ ਹੈ ਜਿਹੜੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਧਰਨਿਆਂ-ਮੁਜ਼ਾਹਰਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ, ਪਰ ਜਵਾਨੀ ਦੇ ਨਸ਼ਿਆਂ ਕਾਰਣ ਹੋ ਰਹੇ ਘਾਣ ਲਈ ਹਾਲਾਂ ਤੱਕ ਕਦੇ ਵੀ ਕੋਈ ਧਰਨੇ ਜਾਂ ਮੁਜ਼ਾਹਰੇ ਵਾਲੀ ਗੱਲ ਸਾਹਮਣੇ ਨਹੀਂ ਆਈਸਾਡੀ ਜਿੰਦਗੀ ਦੇ ਅਨਮੋਲ ਬਗੀਚੇ ਉੱਜੜ ਰਹੇ ਹਨ, ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲੀ ਹੋਈ ਹੈ, ਮਹਿਕਾਂ ਦੀ ਪੱਤ ਨੂੰ ਬੇਈਮਾਨ ਮਾਲੀ ਰੋਲ ਰਹੇ ਹਨ ਅਤੇ ਅਸੀਂ ਫਰਿਆਦੀਆਂਦੀ ਕਤਾਰ ਵਿਚ ਖੜੋਤੇ ਹਾਂਮੇਰੇ ਕਦਮ ਕੁਝ ਕਰਨ ਦੀ ਸੋਚ ਨਾਲ ਅਗਾਂਹ ਵਧ ਰਹੇ ਹਨ

*****

(809)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author