GulzarSandhu7ਵਾਰਦਾਤ ਤੋਂ ਪਿੱਛੋਂ ਦੋ ਗੇਂਦੇ ਭਰਾਈ ਦੇ ਘਰ ਹੀ ਲੁੜ੍ਹਕੇ ਪਏ ਸਨਤੇ ਤੀਜਾ ਭੱਜਿਆ ਜਾਂਦਾ ਪਿੰਡ ਦੀਆਂ ...
(16 ਅਗਸਤ 2017)

 

India1947A2ਇਸ ਵਰ੍ਹੇ ਹਿੰਦੁਸਤਾਨ ਦੇ ਦੋ ਟੁਕੜੇ ਹੋਇਆਂ ਸੱਤਰ ਸਾਲ ਹੋ ਗਏ ਹਨ। ਦੂਜੇ ਵਿਸ਼ਵ ਯੁੱਧ ਦੇ ਅੰਤ ਸਮੇਂ ਏਸ਼ੀਆ ਦੇ ਕਈ ਦੇਸ਼ ਸੁਤੰਤਰ ਹੋਏ ਪਰ ਕਿਸੇ ਵਿੱਚ ਵੀ ਇੰਨੀ ਲੁੱਟ ਖਸੁੱਟ ਤੇ ਮਾਰ ਧਾੜ ਨਹੀਂ ਹੋਈ ਜਿੰਨੀ ਬੰਗਾਲ ਤੇ ਪੰਜਾਬ ਵਿੱਚ। ਲਗਪਗ ਪੰਜ ਲੱਖ ਆਦਮੀ ਮਾਰੇ ਗਏ ਤੇ ਚਾਲੀ ਹਜ਼ਾਰ ਮਹਿਲਾਵਾਂ ਉਧਾਲੀਆਂ ਗਈਆਂ।

ਮੇਰਾ ਜੱਦੀ ਪਿੰਡ ਸੂਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਵਿੱਚ ਪੈਂਦਾ ਹੈ। ਮੇਰੇ ਇਸ ਨਿੱਕੇ ਜਿਹੇ ਪਿੰਡ ਦੇ ਆਲੇ-ਦੁਆਲੇ ਮਜਾਰਾ ਡੀਂਗਰੀਆਂ, ਪੋਸੀ ਤੇ ਬਿੰਝੋ ਨਾਵਾਂ ਦੇ ਵੱਡੇ ਪਿੰਡ ਹਨ ਪਰ ਉਨ੍ਹਾਂ ਪਿੰਡਾਂ ਕੋਲ ਦੇਸ਼ ਵੰਡ ਦੀ ਬਾਤ ਪਾਉਣ ਲਈ ਉਹ ਕੁਝ ਨਹੀਂ, ਜੋ ਮੇਰੇ ਪਿੰਡ ਸੂਨੀ ਕੋਲ ਹੈ।

ਮੇਰੇ ਪਿੰਡ ਵਿੱਚ ਦੇਸ਼ ਵੰਡ ਤੋਂ ਪਹਿਲਾਂ ਵੱਡੀ ਗਿਣਤੀ ਮੁਸਲਮਾਨ ਅਰਾਈਆਂ ਦੀ ਸੀ। ਬਾਕੀ ਜੱਟ, ਰਾਜਪੂਤ, ਦਲਿਤ ਮਿਲ ਕੇ ਮੁਸਲਿਮ ਅਰਾਈਆਂ ਤੋਂ ਘੱਟ ਹੀ ਹੋਣਗੇ। ਅਰਾਈਂ ਸਾਰੇ ਪਿੰਡ ਦੇ ਕੰਮ ਆਉਂਦੇ ਸਨ। ਸਾਡੀ ਖੇਤੀ ਸੰਭਾਲਦੇ ਤੇ ਸਕੂਲ ਜਾਂਦੇ ਬੱਚਿਆਂ ਨੂੰ ਦੂਰ ਤੱਕ ਛੱਡਣ ਜਾਂਦੇ। ਥੋੜ੍ਹੀਆਂ ਜ਼ਮੀਨਾਂ ਦੇ ਮਾਲਕ ਹੋਣ ਕਾਰਨ ਸਾਡੇ ਖੇਤਾਂ ਵਿੱਚ ਸਬਜ਼ੀਆਂ ਬੀਜ ਕੇ ਆਪਣੇ ਹਿੱਸੇ ਆਈ ਸਬਜ਼ੀ ਲੋੜਵੰਦਾਂ ਨੂੰ ਵੇਚ ਦਿੰਦੇ, ਨਕਦ ਜਾਂ ਦਾਣਿਆਂ ਬਦਲੇ।

ਭੋਇੰ ਦੀ ਮਾਲਕੀ ਰਾਜਪੂਤਾਂ ਕੋਲ ਸੀ। ਉਨ੍ਹਾਂ ਲਈ ਹੱਲ ਵਾਹੁਣਾ ਮਿਹਣਾ ਸੀ। ਮੁਸਲਮਾਨ ਅਰਾਈਂ ਹਰ ਕਿਸੇ ਦਾ ਦੁੱਖ ਵੰਡਾਉਂਦੇ। ਸਿੱਖ ਜਗੀਰਦਾਰਾਂ ਦਾ ਬਹੁਤਾ ਹਿੱਸਾ ਸਿੱਖ ਆਪਣੇ ਆਪ ਨੂੰ ਰਾਜਪੂਤਾਂ ਨਾਲੋਂ ਵੱਡੇ ਤੇ ਸ਼ਕਤੀਸ਼ਾਲੀ ਸਮਝਦੇ ਸਨ। ਲੜਾਕੇ ਤੇ ਸੂਰਮੇ ਵੀ।

ਇਸ ਨਾਤੇ ਸੰਧੂ ਜੱਟ ਆਪਣੇ ਆਪ ਨੂੰ ਮਾਲਕ ਜਿਤਾਉਣ ਵਾਲੇ ਰਾਜਪੂਤਾਂ ਦੇ ਸਾਨੀ ਸਨ। ਸਰੀਰਕ ਸ਼ਕਤੀ ਵਿੱਚ ਉਨ੍ਹਾਂ ਤੋਂ ਉੱਤੇ। ਇੱਕ ਸੰਧੂ ਮਲਾਇਆ ਜਾ ਵੱਸਿਆ ਤੇ ਉਸ ਨੇ ਆਪਣੇ ਪੁੱਤਰ ਕਰਤਾਰ ਸਿੰਘ ਨੂੰ ਬੀ.ਏ. ਐੱਲ.ਐੱਲ.ਬੀ. ਤੱਕ ਵਿੱਦਿਆ ਦਿਲਵਾਈ। ਜਦੋਂ ਫੌਜ ਦੀ ਭਰਤੀ ਖੁੱਲ੍ਹੀ ਤਾਂ ਇੱਕ ਸ਼ਿਵ ਸਿੰਘ ਨੇ ਭਰਤੀ ਹੋ ਕੇ ਸੂਬੇਦਾਰੀ ਕਮਾਈ। ਉਹ ਦੇਸ਼ ਵੰਡ ਤੋਂ ਪਿੱਛੋਂ 15 ਸਾਲ ਪਿੰਡ ਦਾ ਸਰਪੰਚ ਰਿਹਾ। ਇਹ ਸੇਵਾ ਉਸ ਤੋਂ ਪਿੱਛੋਂ ਇੰਨਾ ਹੀ ਸਮਾਂ ਮੇਰੇ ਪਿਤਾ ਨੇ ਨਿਭਾਈ।

ਜਿੱਥੋਂ ਤੱਕ ਧਾਰਮਿਕ ਮਰਿਆਦਾ ਦਾ ਸਬੰਧ ਹੈ, ਅਰਾਈਆਂ ਨੇ ਮਸੀਤ ਉਸਾਰ ਰੱਖੀ ਸੀ ਤੇ ਸੰਧੂ ਸਿੱਖ ਆਪਣੇ ਵੱਡੇ-ਵਡੇਰੇ ਬਾਬਾ ਕਰੋੜਾ ਸਿੰਘ ਤੇ ਉਸ ਦੇ ਪੁੱਤਰਾਂ ਦੀਆਂ ਸਮਾਧੀਆਂ ਨੂੰ ਪੂਜਦੇ ਸਨ, ਜਿਨ੍ਹਾਂ ਨੂੰ ਉਹ ਸ਼ਹੀਦ ਕਹਿੰਦੇ ਤੇ ਮੰਨਦੇ ਸਨ। 15 ਅਗਸਤ 1947 ਵਾਲੇ ਦਿਨ ਪਿੰਡ ਦੀ ਸਾਰੀ ਵੱਸੋਂ ਨੇ, ਜਿਸ ਵਿੱਚ ਮੁਸਲਿਮ ਅਰਾਈਂ ਵੀ ਸ਼ਾਮਲ ਸਨ, ਧਰਮਸ਼ਾਲਾ ਵਿੱਚ ਇਕੱਠੇ ਹੋ ਕੇ ਸੂਬੇਦਾਰ ਸ਼ਿਵ ਸਿੰਘ ਦੇ ਸੰਖੇਪ ਭਾਸ਼ਣ ਤੋਂ ਪਿੱਛੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਸੀ। ਸੁਤੰਤਰਤਾ ਪ੍ਰਾਪਤੀ ਦੇ ਇਸ ਦਿਨ ਨੇ ਦੇਸ਼ ਵੰਡ ਤੋਂ ਪਿੱਛੋਂ ਇੱਧਰ ਤੇ ਉੱਧਰ ਦੇ ਪੰਜਾਬ ਵਿੱਚ ਕੀ ਕਹਿਰ ਵਰਤਾਉਣਾ ਸੀ, ਇਸ ਦਾ ਧਰਤੀ ਦੀ ਧੁੰਨੀ ਵਿੱਚ ਵਸਦੇ ਸਾਡੇ ਪਿੰਡ ਦੇ ਵਸਨੀਕਾਂ ਨੂੰ ਕੋਈ ਪਤਾ ਨਹੀਂ ਸੀ। ਮੁਸਲਿਮ ਅਰਾਈਆਂ ਨੂੰ ਵੀ ਨਹੀਂ।

ਮੇਰੇ ਕੋਲ ਉਸ ਦਰਦਨਾਕ ਕਾਂਡ ਦੇ ਕੁਝ ਅੱਖੀਂ ਦੇਖੇ ਅੰਸ਼ ਹਨ, ਜਿਨ੍ਹਾਂ ਦਾ ਰਚਨਾਤਮਿਕ ਵਰਨਣ ਮੇਰੀਆਂ ਕਈ ਕਹਾਣੀਆਂ ਵਿੱਚ ਅੰਕਿਤ ਹੈ, ਖਾਸ ਕਰਕੇ ‘ਸ਼ਹੀਦ’ ਤੇ ‘ਅਮਰਕਥਾ’ ਵਿੱਚ। ਆਪਣੀ ਉਮਰ ਦੇ ਅੱਜ ਵਾਲੇ ਪੜਾਅ ਉੱਤੇ ਮੈਂ ਆਪਣੇ ਚੇਤੇ ਤੋਂ ਉਸ ਵੇਲੇ ਦਾ ਸੰਖੇਪ ਸੱਚ ਦੇਣ ਦੀ ਆਗਿਆ ਮੰਗਦਾ ਹਾਂ।

ਸੁਤੰਤਰਤਾ ਦਿਵਸ ਮਨਾਏ ਜਾਣ ਸਮੇਂ ਸੀਮਾ ਦੇ ਉਸ ਪਾਰ ਹਿੰਦੂ ਸਿੱਖਾਂ ਦੀ ਹੱਤਿਆਂ ਤੇ ਇੱਧਰ ਵਾਲੇ ਪਾਸੇ ਮੁਸਲਮਾਨਾਂ ਦੇ ਕਤਲ-ਏ-ਆਮ ਦੀਆਂ ਅਫ਼ਵਾਹਾਂ ਧੁਰ ਅੰਦਰ ਤੱਕ ਕਾਂਬਾ ਛੇੜਨ ਵਾਲੀਆਂ ਸਨ। ਮੂਲ ਮੰਤਵ ਦੋਵੇਂ ਪਾਸੇ ਇੱਕ ਹੀ ਸੀ, ਸਦੀਆਂ ਤੋਂ ਇੱਕ ਦੂਜੇ ਦੇ ਦੁੱਖ-ਸੁੱਖ ਦੇ ਸਾਂਝੀਆਂ ਦੀ ਹੱਤਿਆ ਕਰਕੇ, ਪਾਕਿਸਤਾਨ ਵਿੱਚੋਂ ਹਿੰਦੂਆਂ ਤੇ ਭਾਰਤ ਵਿੱਚੋਂ ਮੁਸਲਮਾਨਾਂ ਨੂੰ ਕੱਢ ਕੇ ਉਨ੍ਹਾਂ ਦੀ ਜ਼ਮੀਨ ਜਾਇਦਾਦ ਹਥਿਆਉਣ ਦਾ। ਮੂੰਹ ਮੁਲਾਹਿਜ਼ਾ ਪਾਲਣ ਲਈ ਇੰਨਾ ਕੁ ਧਿਆਨ ਜ਼ਰੂਰ ਰੱਖਿਆ ਗਿਆ ਕਿ ਆਪਣੇ ਪਿੰਡ ਵਾਲਿਆਂ ਨੂੰ ਮਾਰਨ ਦੀ ਥਾਂ ਲਾਂਭ ਦੇ ਪਿੰਡਾਂ ਉੱਤੇ ਧਾਵੇ ਬੋਲੇ ਗਏ।

ਇੱਕ ਦਿਨ ਇੱਕ ਘੋੜ ਸਵਾਰ ਪਿੰਡ ਵਿੱਚ ਹੋਕਾ ਦੇ ਕੇ ਸਾਡੇ ਪਿੰਡ ਵਾਲਿਆਂ ਨੂੰ ਵਖਤ ਪਾ ਗਿਆ। ਜੇ ਅਸੀਂ ਅਰਾਈਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਚਾਹੁੰਦੇ ਸਾਂ ਤਾਂ ਉਨ੍ਹਾਂ ਨੂੰ ਕੰਘੇ, ਕੜੇ ਤੇ ਕੱਛੇ ਪਵਾ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਦੇਈਏ। ਇਹ ਵੀ ਕਿ ਉਨ੍ਹਾਂ ਦੇ ਸਿਰਾਂ ਉੱਤੇ ਪੀਲੇ ਪਟਕੇ ਤੇ ਪੀਲੀਆਂ ਚੁੰਨੀਆ ਸਜਾ ਦੇਈਏ।

ਸੂਬੇਦਾਰ ਤਾਏ ਨੇ ਸਾਰੇ ਮੁਸਲਮਾਨਾਂ ਨੂੰ ਉਸੇ ਸ਼ਾਮ ਧਰਮਸ਼ਾਲਾ ਬੁਲਾ ਕੇ ਉਨ੍ਹਾਂ ਤੋਂ ਸਿੱਖੀ ਪ੍ਰਵਾਨ ਕਰਕੇ ਪਿੰਡ ਰਹਿਣ ਦੀ ਸਹਿਮਤੀ ਲੈ ਲਈ। ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਨੂੰ ਕੜਾਹ ਪ੍ਰਸ਼ਾਦ ਦੀ ਥਾਂ ਝਟਕਾ ਖਾਣਾ ਪਵੇਗਾ। ਭਾਵੇਂ ਉਹ ਉਸ ਦਿਨ ਤੱਕ ਮੁਸਲਮ ਰੀਤੀ ਅਨੁਸਾਰ ਹਲਾਲ ਖਾਂਦੇ ਆਏ ਸਨ, ਉਹ ਮੰਨ ਗਏ। ਆਪਣੇ ਜੱਦੀ ਪਿੰਡ ਰਹਿਣ ਲਈ ਉਹ ਕੁਝ ਵੀ ਕਰ ਸਕਦੇ ਸਨ।

ਇੱਕ ਦੋ ਦਿਨਾਂ ਵਿੱਚ ਧਰਮਸ਼ਾਲਾ ਦੀ ਉਸੇ ਥਾਂ ਉੱਤੇ ਝਟਕਾ ਖਲਾ ਕੇ ਬਜ਼ਾਰ ਤੋਂ ਥੋਕ ਵਿੱਚ ਲਿਆਂਦੇ ਕੰਘੇ, ਕੜੇ, ਪੀਲੇ ਪਟਕੇ ਤੇ ਪੀਲੀਆਂ ਚੁੰਨੀਆਂ ਅਰਾਈਆਂ ਨੂੰ ਪਹਿਨਾ ਦਿੱਤੀਆਂ ਗਈਆਂ।

ਅੰਮ੍ਰਿਤ ਛਕ ਕੇ ਸਿੰਘ ਸਜਣ ਤੋਂ ਪਿਛੋਂ ਅਗਲੇ ਦਿਨ ਇਕ ਅਰਾਈਂ ਸਾਡੇ ਘਰ ਕਿਸੇ ਕੰਮ ਆਇਆ। ਮੇਰੀ ਦਾਦੀ ਦੇ ਪੁੱਛਣ ਉੱਤੇ ਕਿ ਉਹ ਅੱਗੋਂ ਮਸੀਤ ਜਾ ਕੇ ਨਮਾਜ਼ ਪੜ੍ਹੇਗਾ ਜਾਂ ਨਹੀਂ ਤਾਂ ਉਸ ਦੇ ਮੂੰਹੋਂ ਅਚਾਨਕ ਹੀ ਤੋਬਾ-ਤੋਬਾ ਨਿਕਲ ਗਈ। ਦਾਦੀ ਨੇ ਫਿਟਕਾਰ ਪਾਉਂਦਿਆਂ ਵਾਹਿਗੁਰੂ-ਵਾਹਿਗੁਰੂ ਚੇਤੇ ਕਰਵਾਇਆ। ਉਸ ਨੇ ਸਤਿਨਾਮ ਵਾਹਿਗੁਰੂ ਧਿਆਉਣ ਸਮੇਂ ਮੁਆਫ਼ੀ ਮੰਗਣ ਵਜੋਂ ਕੰਨਾਂ ਨੂੰ ਹੱਥ ਲਾ ਕੇ ਮੁੜ ਤੋਬਾ-ਤੋਬਾ ਕਹਿ ਦਿੱਤੀ। ਕਿੰਨੇ ਬੇਬਸ ਸਨ ਉਹ ਲੋਕ ਰਾਤੋ-ਰਾਤ ਸਿੰਘ ਸਜਣ ਕਾਰਨ।

ਦੋ ਚਾਰ ਦਿਨ ਮੌਜ ਮੇਲੇ ਵਾਂਗ ਲੰਘੇ। ਚੌਥੇ ਪੰਜਵੇਂ ਦਿਨ ਮੈਂ ਤੇ ਮੇਰਾ ਬਾਪ ਨਿਆਈਂ ਵਾਲੇ ਖੇਤ ਵਿੱਚ ਪਸ਼ੂਆਂ ਲਈ ਚਾਰਾ ਵੱਢ ਰਹੇ ਸਾਂ ਕਿ ਸਾਨੂੰ ਕੰਢੀ ਵਾਲੇ ਪਾਸਿਓਂ ਸਤਿ ਸ੍ਰੀ ਅਕਾਲ ਤੇ ਬੋਲੋ ਸੋ ਨਿਹਾਲ ਅਤੇ ਹਰਿ ਹਰਿ ਮਹਾਂਦੇਵ ਦੇ ਨਾਅਰੇ ਸੁਣਾਈ ਦਿੱਤੇ। ਬਾਪੂ ਨੇ ਮੈਨੂੰ ਤਾਂ ਘਰ ਨੂੰ ਭਜਾ ਦਿੱਤਾ ਤੇ ਆਪ ਪਿੰਡ ਵਾਲਿਆਂ ਨਾਲ ਰੱਲ ਕੇ ਨਾਅਰੇ ਲਾਉਣ ਵਾਲਿਆਂ ਨੂੰ ਵਰਜਣ ਤੁਰ ਗਿਆ। ਬਾਹਰੋਂ ਆਏ ਲੁਟੇਰੇ ਬਰਛੇ ਬਰਛੀਆਂ, ਤਲਵਾਰਾਂ ਤੇ ਗੰਡਾਸਿਆਂ ਨਾਲ ਹੀ ਨਹੀਂ ਰਫਲਾਂ ਬੰਦੂਕਾਂ ਨਾਲ ਲੈਸ ਸਨ। ਉਨ੍ਹਾਂ ਨਾਲ ਮੁਕਾਬਲਾ ਕਰਨਾ ਆਪਣੇ ਆਪ ਨੂੰ ਮੌਤ ਦੇ ਮੂੰਹ ਝੋਕਣਾ ਸੀ।

ਪਿੰਡ ਵਾਲਿਆਂ ਦੇ ਸਾਹਮਣੇ ਉਨ੍ਹਾਂ ਦੇ ਧਰਮ ਭਰਾ ਬਣੇ ਅਰਾਈਆਂ ਦੀ ਵੱਢ ਟੁੱਕ ਸ਼ੁਰੂ ਹੋ ਗਈ। ਪੀਲੇ ਪਟਕੇ ਵਾਲਿਆਂ ਦੀਆਂ ਲੱਤਾਂ ਬਾਹਾਂ ਤੇ ਧੌਣਾਂ ਕੱਟੀਆਂ ਗਈਆਂ। ਉਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਉਨ੍ਹਾਂ ਦੇ ਹੀ ਗੱਡਿਆਂ ਉੱਤੇ ਬਿਠਾ ਕੇ ਆਪਣੇ ਨਾਲ ਲੈ ਤੁਰੇ।

ਕਤਲਾਂ ਦੀ ਗਿਣਤੀ ਦੋ ਦਰਜਨ ਸੀ ਤੇ ਚੁੱਕੀਆਂ ਗਈਆਂ ਨੂੰਹਾਂ ਧੀਆਂ ਦੀ ਅੱਧੀ ਦਰਜਨ ਤੋਂ ਵੱਧ। ਮਰਨ ਵਾਲੇ ਸਾਡੇ ਹੋ ਚੁੱਕੇ ਸਨ, ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸਾਂ ਸਕੇ। ਮੇਰੇ ਪਿੰਡ ਵਾਸੀਆਂ ਦੀ ਚਾਰ ਛੇ ਦਿਨ ਪਹਿਲਾਂ ਵਾਲੀ ਖੁਸ਼ੀ ਡੂੰਘੇ ਖੂਹ ਵਿੱਚ ਜਾ ਡੁੱਬੀ।

ਲੁਟੇਰੇ ਜਾਣ ਵੇਲੇ ਉਨ੍ਹਾਂ ਦੇ ਗਹਿਣੇ ਗੱਟੇ ਤੇ ਹੋਰ ਕੀਮਤੀ ਸਮਾਨ ਵੀ ਗੱਡਿਆਂ ਉੱਤੇ ਲੱਦ ਕੇ ਲੈ ਗਏ। ਪਿੰਡ ਵਾਲਿਆਂ ਨੇ ਮ੍ਰਿਤਕਾਂ ਦੀਆਂ ਦੇਹਾਂ ਮਸੀਤ ਦੇ ਪਿੱਛੇ ਵਾਲੀ ਖਾਲੀ ਥਾਂ ਵਿਚ ਹਿੰਦੂ ਸਿੱਖ ਰੀਤੀ ਰਿਵਾਜਾਂ ਅਨੁਸਾਰ ਅੱਗ ਦੀ ਭੇਟ ਕਰਨ ਦਾ ਫੈਸਲਾ ਲਿਆ। ਤੇ ਉਨ੍ਹਾਂ ਦੇ ਘਰਾਂ ਦੇ ਬਾਲੇ ਸ਼ਤੀਰੀਆਂ ਨਾਲ ਉਨ੍ਹਾਂ ਦਾ ਸਮੂਹਕ ਸਸਕਾਰ ਕੀਤਾ, ਸਿੱਖੀ ਮਰਯਾਦਾ ਨਾਲ ਅਰਦਾਸਾ ਸੋਧ ਕੇ। ਉਹ ਸਾਰੇ ਅੰਮ੍ਰਿਤਧਾਰੀ ਸਿੱਖ ਜੁ ਹੋ ਚੁੱਕੇ ਸਨ।

ਉਸ ਰਾਤ ਸਾਰਾ ਪਿੰਡ ਜਾਗਦਾ ਰਿਹਾ। ਮੁਸਲਮਾਨਾਂ ਨੇ ਜਾਗਣਾ ਹੀ ਸੀ, ਬਾਕੀ ਸਾਰੇ ਵੀ ਜਿਨ੍ਹਾਂ ਦੇ ਸਿਰ ਸੁਆਹ ਪੈ ਚੁੱਕੀ ਸੀ। ਮੇਰੇ ਪਿੰਡ ਵਾਸੀ ਇਸ ਨੂੰ ਮੁਸਲਮਾਨਾਂ ਨਾਲੋਂ ਆਪਣੀ ਹੱਤਕ ਵਧੇਰੇ ਮੰਨਦੇ ਸਨ।

ਪਿੰਡ ਵਾਲਿਆਂ ਨੇ ਸਾਰੇ ਜ਼ਖਮੀਆਂ ਦੀ ਬਣਦੀ ਸਰਦੀ ਮੱਲ੍ਹਮ ਪੱਟੀ ਕੀਤੀ। ਹਲਦੀ ਲਗਾਈ। ਖਾਣ ਪੀਣ ਲਈ ਦਿੱਤਾ। ਜਿਨ੍ਹਾਂ ਨੂੰ ਆਪਣੇ ਘਰ ਰਹਿਣਾ ਔਖਾ ਲੱਗ ਰਿਹਾ ਸੀ, ਉਨ੍ਹਾਂ ਨੂੰ ਲੋੜੀਂਦੀ ਪਨਾਹ ਦਿੱਤੀ।

ਜਿਸ ਜ਼ਖਮੀ ਵਿਅਕਤੀ ਨੂੰ ਸਾਡੀ ਹਵੇਲੀ ਰੱਖਿਆ ਗਿਆ ਸੀ ਉਸ ਦੀ ਸੰਘੀ ਵਿੱਚ ਬਰਛਾ ਖੁੱਭਿਆ ਸੀ। ਕੀ ਪਾਣੀ, ਕੀ ਠੰਢਾ ਦੁੱਧ ਜਾਂ ਚਾਹ ਜ਼ਖਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਂਦੀ ਸੀ। ਪੇਟ ਤੱਕ ਨਹੀਂ ਸੀ ਜਾਂਦੀ। ਉਸ ਦੀ ਉਹ ਵਾਲੀ ਹਾਲਤ ਮੈਨੂੰ ਅੱਜ ਵੀ ਚੇਤੇ ਹੈ।

ਮੇਰੇ ਪਿੰਡ ਵਾਲੇ ਜੀਵਤ ਅਰਾਈਆਂ ਨੂੰ ਅਗਲੇ ਦਿਨ ਬਹਿਰਾਮ ਦੇ ਕੈਂਪ ਵਿੱਚ ਛੱਡ ਆਏ। ਉੱਥੋਂ ਉਨ੍ਹਾਂ ਨੂੰ ਮਿਲਟਰੀ ਵਾਲਿਆਂ ਨੇ ਟਰੱਕਾਂ ਵਿਚ ਲੱਦ ਕੇ ਪਾਕਿਸਤਾਨ ਦੀ ਸੀਮਾ ਤੱਕ ਛੱਡ ਆਉਣਾ ਸੀ। ਉਨ੍ਹਾਂ ਨੇ ਨਵੇਂ ਬਣੇ ਪਾਕਿਸਤਾਨ ਦੇ ਕਿਹੜੇ ਪਿੰਡ ਜਾਂ ਕਸਬੇ ਵਿੱਚ ਰਹਿਣਾ ਸੀ, ਉਹ ਵੀ ਨਹੀਂ ਸਨ ਜਾਣਦੇ, ਅਸੀਂ ਵੀ ਨਹੀਂ। ਸਾਨੂੰ ਦੱਸਿਆ ਗਿਆ ਕਿ ਸੰਘੀ ਵਿੱਚ ਬਰਛੀ ਦੇ ਜ਼ਖਮ ਵਾਲਾ ਉੱਥੇ ਪਹੁੰਚਣ ਤੱਕ ਕੁਝ ਨਾ ਕੁਝ ਖਾਣ ਲੱਗ ਗਿਆ ਸੀ।

ਤਿੰਨ ਕੁ ਮਹੀਨੇ ਪਿੱਛੋਂ ਸਾਡੇ ਪਿੰਡ ਦੇ ਗੇਂਦੇ ਭਰਾਈ ਦੀ ਉਧਾਲੀ ਗਈ ਨੂੰਹ ਤੇ ਧੀ ਉਧਾਲਣ ਵਾਲਿਆਂ ਨੂੰ ਝਕਾਨੀ ਦੇ ਕੇ ਤਾਏ ਸ਼ਿਵ ਸਿੰਘ ਸੂਬੇਦਾਰ ਦੇ ਘਰ ਆ ਵੜੀਆਂ। ਉਨ੍ਹਾਂ ਦੇ ਚਿਹਰੇ ਉੱਤਰੇ ਹੋਏ ਸਨ, ਪਰ ਸੂਬੇਦਾਰ ਦੀਆਂ ਚਾਰ ਧੀਆਂ ਨਾਲ ਰਲ ਕੇ ਮੁੜ ਟਹਿਕ ਪਏ। ਸਾਨੂੰ ਪਤਾ ਸੀ ਕਿ ਉਨ੍ਹਾਂ ਨੂੰ ਉਧਾਲ ਕੇ ਲਿਜਾਣ ਵਾਲੇ ਉਨ੍ਹਾਂ ਨੂੰ ਮੁੜ ਚੁੱਕਣ ਆ ਸਕਦੇ ਹਨ। ਇਸ ਲਈ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਇਸ ਵਾਰੀ ਉਨ੍ਹਾਂ ਨੂੰ ਉੱਕਾ ਹੀ ਨਹੀਂ ਬਖਸ਼ਣਾ। ਉਹ ਕਤਲ-ਏ-ਆਮ ਦੇ ਦਿਨਾਂ ਵਾਲੀ ਗਿਣਤੀ ਵਿੱਚ ਨਹੀਂ ਸਨ ਹੋ ਸਕਦੇ।

ਇੰਝ ਹੀ ਹੋਇਆ। 10-15 ਦਿਨਾਂ ਪਿੱਛੋਂ ਪ੍ਰੀਤਮ ਸਿੰਘ ਜੀਂਦੋਵਾਲ, ਬਲਵੰਤ ਸਿੰਘ ਲੱਲੀਆਂ ਤੇ ਰਤਨ ਸਿੰਘ ਗੋਬਿੰਦਪੁਰ, ਜਿਹੜੇ ਆਪੋ-ਵਿੱਚ ਰਿਸ਼ਤੇਦਾਰ ਵੀ ਸਨ, ਹਥਿਆਰ ਅਤੇ ਘੋੜੀ ਲੈ ਕੇ ਗੇਂਦੇ ਭਰਾਈ ਦੀ ਨੂੰਹ-ਧੀ ਨੂੰ ਚੁੱਕਣ ਆ ਗਏ। ਉਨ੍ਹਾਂ ਨੇ ਗੇਂਦੇ ਭਰਾਈ ਦਾ ਘਰ ਪੁੱਛਿਆ ਤਾਂ ਮੇਰੇ ਪਿੰਡ ਦੇ ਨੌਜਵਾਨ ਮੁੰਡੇ ਨੇ ਉਨ੍ਹਾਂ ਨੂੰ ਖਾਲੀ ਘਰ ਦੇ ਅੰਦਰ ਵਾੜ ਕੇ ਬਾਹਰੋਂ ਕੁੰਡਾ ਲਾ ਦਿੱਤਾ ਅਤੇ ਸੂਬੇਦਾਰ ਤਾਏ ਨੂੰ ਜਾ ਦੱਸਿਆ।

ਪਲਾਂ ਛਿਣਾਂ ਵਿੱਚ ਇਹ ਖ਼ਬਰ ਸਾਰੇ ਪਿੰਡ ਵਿੱਚ ਫੈਲ ਗਈ। ਪਿੰਡ ਵਾਲਿਆਂ ਨੇ ਛਵੀਆਂ, ਤਲਵਾਰਾਂ ਤੇ ਗੰਡਾਸੇ, ਜੋ ਵੀ ਉਨ੍ਹਾਂ ਦੇ ਹੱਥ ਲੱਗਿਆ, ਚੁੱਕ ਕੇ ਤਿੰਨਾਂ ਨੂੰ ਗੇਂਦੇ ਭਰਾਈ ਦੇ ਘਰ ਜਾ ਕੇ ਘੇਰ ਲਿਆ। ਉਨ੍ਹਾਂ ਵਿੱਚੋਂ ਇੱਕ ਤਾਏ ਸ਼ਿਵ ਸਿੰਘ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਦੂਜਾ ਛਵੀਆਂ, ਤਲਵਾਰਾਂ ਦਾ ਤੇ ਤੀਜਾ ਇੱਟਾਂ ਵੱਟਿਆਂ ਤੇ ਡਾਂਗਾਂ ਦਾ। ਵਾਰਦਾਤ ਤੋਂ ਪਿੱਛੋਂ ਦੋ ਗੇਂਦੇ ਭਰਾਈ ਦੇ ਘਰ ਹੀ ਲੁੜ੍ਹਕੇ ਪਏ ਸਨ, ਤੇ ਤੀਜਾ ਭੱਜਿਆ ਜਾਂਦਾ ਪਿੰਡ ਦੀਆਂ ਹੱਟੀਆਂ ਕੋਲ ਢਹਿ ਪਿਆ ਸੀ।

ਇਸ ਘਟਨਾ ਤੋਂ ਪਿੱਛੋਂ ਮੇਰੇ ਪਿੰਡ ਦੇ ਮਰਦਾਂ ਦੇ ਚਿਹਰੇ ਵੇਖਣ ਵਾਲੇ ਸਨ। ਤਾਇਆ ਸ਼ਿਵ ਸਿੰਘ ਤੇ ਮੇਰੇ ਪਿਤਾ ਦੇ ਸਭ ਤੋਂ ਵਧ। ਉਨ੍ਹਾਂ ਨੇ ਆਪਣੇ ਪਿੰਡ ਦੀਆਂ ਮੁਸਲਿਮ ਧੀਆਂ ਨੂੰ ਬਚਾ ਕੇ ਤਿੰਨ ਮਹੀਨੇ ਪਹਿਲਾਂ ਦੀ ਹੱਤਕ ਦਾ ਬਦਲਾ ਲੈ ਲਿਆ ਸੀ। ਪਿੰਡ ਦਾ ਬਚਾਅ ਇਸ ਕਾਰਨ ਹੋਇਆ ਕਿ ਜਿਹੜੀ ਬੰਦੂਕ ਉਹ ਲੈ ਕੇ ਆਏ ਸਨ, ਉਹ ਭਾਰਤੀ ਫੌਜ ਤੋਂ ਚੋਰੀ ਕੀਤੀ ਹੋਈ ਸੀ। ਪਿੰਡ ਲਈ ਉਨ੍ਹਾਂ ਨੂੰ ਚੋਰ, ਡਾਕੂ ਤੇ ਲੁਟੇਰੇ ਸਿੱਧ ਕਰਨਾ ਸੌਖਾ ਹੋ ਗਿਆ।

ਮੇਰੇ ਪਿੰਡ ਦੀ ਇਹ ਦਰਦਨਾਕ ਘਟਨਾ ਕਈ ਰੂਪਾਂ ਵਿੱਚ ਮੇਰੀਆਂ ਲਿਖਤਾਂ ਦਾ ਮਸਾਲਾ ਬਣੀ। ‘ਸ਼ਹੀਦ’ ਨਾਂ ਦੀ ਕਹਾਣੀ ਦੇ ਅੰਗਰੇਜ਼ੀ ਅਨੁਵਾਦ ਨੂੰ ਖ਼ੁਸ਼ਵੰਤ ਸਿੰਘ ਨੇ ਆਪਣੀ ਪੁਸਤਕ ‘ਲੈਂਡ ਆਫ਼ ਦੀ ਫ਼ਾਈਵ ਰਿਵਰਜ਼’ ਵਿੱਚ ਸ਼ਾਮਲ ਕੀਤਾ ਤਾਂ ਇਹ ਦੁਨੀਆਂ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ ਪਹੁੰਚ ਗਈ। ਲੱਲੀਆਂ ਦੇ ਬਲਵੰਤ ਸਿੰਘ, ਜੀਂਦੋਵਾਲ ਦੇ ਪ੍ਰੀਤਮ ਸਿੰਘ ਤੇ ਗੋਬਿੰਦਪੁਰ ਤੇ ਰਤਨ ਸਿੰਘ ਦੀ ਮੇਰੇ ਪਿੰਡ ਵਾਸੀਆਂ ਵੱਲੋਂ ਕੀਤੀ ਹੱਤਿਆ ਚੰਡੀਗੜ੍ਹ, ਦਿੱਲੀ ਤੇ ਕੈਨੇਡਾ ਤੱਕ ਜਾਣੀ ਗਈ। ਇੱਕ ਵਾਰ ਜਦੋਂ ਮੈਂ ਦਿੱਲੀ ਗਿਆ ਤਾਂ ਉੱਥੇ ਪਿੰਡ ਗੋਬਿੰਦਪੁਰ ਦੇ ਕਵੀ ਚਾਨਣ ਗੋਬਿੰਦਪੁਰੀ ਨੇ ਮੈਨੂੰ ਇਸ ਘਟਨਾ ਰਾਹੀਂ ਜਾਣਿਆ। ਚੰਡੀਗੜ੍ਹ ਆਇਆ ਤਾਂ ਜੀਂਦੋਵਾਲ ਦੇ ਜੰਮ-ਪਲ ਅਮਰੀਕ ਸਿੰਘ ਪੂਨੀ ਨੇ ਵੀ ਉਹੀਓ ਗੱਲ ਦੁਹਰਾਈ। 1980 ਵਿੱਚ ਕੈਨੇਡਾ ਗਿਆ ਤਾਂ ਉੱਥੇ ਵੀ ਇਸ ਘਟਨਾ ਦੇ ਜਾਣੂ ਮਿਲੇ।

*****

(799)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)