RohitPalta7“ਜ਼ਮੀਨੀ ਹਕੀਕਤ ਇਹ ਹੈ ਕਿ ਹਰ ਸਾਲ ਦੇਸ਼ ਵਿੱਚ ਦਸ ਹਜ਼ਾਰ ਤੋਂ ਵੀ ਵੱਧ ਕਿਸਾਨ ਆਤਮ-ਹੱਤਿਆ ਕਰ ਰਹੇ ਹਨ ...”
(14 ਅਗਸਤ 2017)

 

ਭਾਰਤ ਦੇਸ਼ ਨੂੰ ਆਜ਼ਾਦ ਹੋਏ ਅੱਜ 70 ਸਾਲ ਹੋ ਚੁੱਕੇ ਹਨ। ਆਜ਼ਾਦੀ ਤੋਂ ਬਾਅਦ ਦਾ ਇਹ ਸਮਾਂ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਯਾਦਗਾਰੀ ਸਥਾਨ ਰੱਖਦਾ ਹੈ। 70 ਸਾਲਾਂ ਦੇ ਇਸ ਲੰਬੇ ਸਮੇਂ ਦੌਰਾਨ ਦੇਸ਼ ਨੇ ਭਾਵੇਂ ਹਰ ਖੇਤਰ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ, ਪਰ ਕਿਤੇ ਨਾ ਕਿਤੇ ਅੱਜ ਵੀ ਸਾਡਾ ਦੇਸ਼ ਥੁੜਿਆ ਪ੍ਰਤੀਤ ਹੁੰਦਾ ਹੈ। ਦੇਸ਼ ਨੇ ਸਿੱਖਿਆ, ਵਿਗਿਆਨ, ਖੇਤੀ-ਬਾੜੀ, ਡਾਕਟਰੀ, ਸਮਾਜ-ਸੇਵਾ, ਪ੍ਰਸ਼ਾਸਨ ਅਤੇ ਰਾਜਨੀਤੀ ਆਦਿ ਹਰ ਖੇਤਰ ਵਿੱਚ ਸ਼ਲਾਘਾਯੋਗ ਕਾਮਯਾਬੀ ਪ੍ਰਾਪਤ ਕੀਤੀ ਹੈ, ਪਰ ਜਦੋਂ ਦੇਸ਼ ਦੇ ਗਰੀਬ ਕਿਸਾਨਾਂ ਵੱਲ ਨਿਗਾਹ ਮਾਰਦੇ ਹਾਂ, ਜੋ ਗਰੀਬੀ ਅਤੇ ਕਰਜ਼ਿਆਂ ਦੇ ਝੰਬੇ ਪਏ ਹਨ ਤਾਂ ਸਾਨੂੰ ਕਿਤੇ ਕੋਈ ਘਾਟ ਜ਼ਰੂਰ ਜਾਪਦੀ ਹੈ। ਖੇਤੀ-ਬਾੜੀ ਕਰਨ ਵਾਲੇ ਮਿਹਨਤੀ ਕਿਸਾਨ, ਜੋ ਸਾਡੇ ਖੇਤੀ ਪ੍ਰਧਾਨ ਦੇਸ਼ ਅਤੇ ਕੌਮ ਦਾ ਸਰਮਾਇਆ ਹਨ, ਉਨ੍ਹਾਂ ਦੇ ਰੋਜ਼ਗਾਰ ਅਤੇ ਖੁਸ਼ਹਾਲੀ ਲਈ ਦੇਸ਼ ਦੀਆਂ ਸਰਕਾਰਾਂ ਦੀ ਬੇਰੁਖੀ ਅੱਜ ਉਹ ਵਜ੍ਹਾ ਬਣ ਚੁੱਕੀ ਹੈ ਜਿਸ ਕਾਰਨ ਦੇਸ਼ ਦੇ ਹੁਨਰਮੰਦ ਅਤੇ ਮਿਹਨਤਕਸ਼ ਕਿਸਾਨ ਖੁਦਕੁਸ਼ੀਆਂ ਕਰਨ ਵਾਸਤੇ ਮਜ਼ਬੂਰ ਹੋਏ ਪਏ ਹਨ।

ਜਿੱਥੇ ਦੇਸ਼ ਵਿੱਚ ਅਨੇਕਾਂ ਹੋਰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਮੌਜੂਦ ਹਨ, ਉੱਥੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਕਿਸਾਨਾਂ ਦੀਆਂ ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ ਇੱਕ ਗੰਭੀਰ ਸਮੱਸਿਆ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈਆਂ ਹਨ। ਦੁਨੀਆ ਦੇ ਇਤਿਹਾਸ ਉੱਤੇ ਕਾਮਯਾਬੀ ਦੀਆਂ ਪੈੜਾਂ ਪਾਉਣ ਵਾਲੇ ਮਿਹਨਤਕਸ਼ ਲੋਕਾਂ ਦੇ ਇਸ ਦੇਸ਼ ਵਿੱਚ ਜੇਕਰ ਦੇਸ਼ ਦੇ ਅੰਨ-ਦਾਤਾ ਇਸੇ ਤਰ੍ਹਾਂ ਖੁਦਕੁਸ਼ੀਆਂ ਕਰਦੇ ਰਹੇ ਤਾਂ ਉਹ ਦਿਨ ਬਹੁਤੀ ਦੂਰ ਨਹੀਂ ਜਦੋਂ ਦੇਸ਼ ਲਈ ਲੋੜੀਂਦੇ ਅਨਾਜ ਦਾ ਦੇਸ਼ ਵਿੱਚ ਭਿਆਨਕ ਅਕਾਲ ਪੈ ਜਾਵੇਗਾ ਅਤੇ ਦੇਸ਼ ਦੀ ਅਨਾਜ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਦੇਸ਼ ਨੂੰ ਪੂਰੀ ਤਰ੍ਹਾਂ ਵਿਦੇਸ਼ਾਂ ਉੱਤੇ ਨਿਰਭਰ ਕਰਨਾ ਪਵੇਗਾ। ਜ਼ਰਾ ਸੋਚ ਕੇ ਵੇਖੋ ਕਿ ਉਸ ਹਾਲਤ ਦਾ ਦੇਸ਼ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਉੱਤੇ ਕਿੰਨਾ ਭੈੜਾ ਅਸਰ ਪਵੇਗਾ।

ਕਿਸਾਨਾਂ ਦੀ ਖੁਦਕੁਸ਼ੀ ਦੀਆਂ ਸਥਿਤੀਆਂ ਸੰਨ 1990 ਤੋਂ ਪੈਦਾ ਹੋਈਆਂ ਅਤੇ ਜ਼ਮੀਨੀ ਹਕੀਕਤ ਇਹ ਹੈ ਕਿ ਹਰ ਸਾਲ ਦੇਸ਼ ਵਿੱਚ ਦਸ ਹਜ਼ਾਰ ਤੋਂ ਵੀ ਵੱਧ ਕਿਸਾਨ ਆਤਮ-ਹੱਤਿਆ ਕਰ ਰਹੇ ਹਨ। ਹੈ ਨਾ ਇਹ ਤੱਥ ਸਾਡੇ ਦੇਸ਼ ਲਈ ਬਦਕਿਸਮਤੀ ਦੀ ਨਿਸ਼ਾਨੀ? ਇੱਕ ਹੋਰ ਕੌੜਾ ਸੱਚ ਇਹ ਵੀ ਹੈ ਕਿ ਅਮੀਰ ਅਤੇ ਖੁਸ਼ਹਾਲ ਦੇਸ਼ ਵਜੋਂ ਜਾਣੇ ਜਾਣ ਵਾਲੇ ਭਾਰਤ ਦੇਸ਼ ਵਿੱਚ 1996 ਤੋਂ ਲੈ ਕੇ 2011 ਤੱਕ ਦੇ 15 ਸਾਲਾਂ ਦੇ ਸਮੇਂ ਦੌਰਾਨ ਤਕਰੀਬਨ 5 ਲੱਖ 40,000 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਹੈ ਨਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਇੰਨੀ ਵੱਡੀ ਗਿਣਤੀ ਸਾਡੇ ਦੇਸ਼ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਲਈ ਸ਼ਰਮਨਾਕ?

ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਭਾਰਤ ਦੇ ਮਹਾਂਰਾਸ਼ਟਰ ਰਾਜ ਵਿੱਚ ਸਾਹਮਣੇ ਆਏ ਅਤੇ ਸ਼ੁਰੂ ਵਿੱਚ ਇਹ ਜਾਪਿਆ ਕਿ ਅਜਿਹਾ ਮਹਾਂਰਾਸ਼ਟਰ ਦੇ ਜ਼ਿਆਦਾਤਰ ਕਪਾਹ ਪੈਦਾ ਕਰਨ ਵਾਲੇ ਕਿਸਾਨਾਂ ਦੁਆਰਾ ਕੀਤਾ ਜਾ ਰਿਹਾ ਹੈ, ਪਰ ਇਹ ਸਮੱਸਿਆ ਇਕੱਲੇ ਮਹਾਂਰਾਸ਼ਟਰ ਤੱਕ ਹੀ ਸੀਮਤ ਨਾ ਰਹੀ। ਹੌਲੀ-ਹੌਲੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਇਹ ਸਿਲਸਿਲਾ ਪੰਜਾਬ, ਕੇਰਲਾ, ਕਰਨਾਟਕ, ਮੱਧ-ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਆਦਿ ਰਾਜਾਂ ਵਿੱਚ ਵੀ ਚੱਲ ਪਿਆ। ਭਾਵੇਂ ਰਾਜ ਸਰਕਾਰਾਂ ਨੇ ਇਨ੍ਹਾਂ ਖੁਦਕੁਸ਼ੀਆਂ ਦੀ ਜਾਂਚ-ਪੜਤਾਲ ਕਰਨ ਵਾਸਤੇ ਕਈ ਜਾਂਚ ਕਮੇਟੀਆਂ ਬਣਾਈਆਂ ਹਨ, ਪਰ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਦੇਸ਼ ਦੇ ਇਨ੍ਹਾਂ ਰਾਜਾਂ ਵਿੱਚ ਉਸੇ ਤਰ੍ਹਾਂ ਜਾਰੀ ਹੈ।

ਭਾਰਤ ਵਿੱਚ ਜ਼ਿਆਦਾਤਰ ਛੋਟੇ ਅਤੇ ਗਰੀਬ ਕਿਸਾਨ ਹਨ ਜੋ ਕਰਜ਼ਾ ਚੁੱਕ ਕੇ ਖੇਤੀ ਕਰਦੇ ਹਨ। ਕਿਸਾਨਾਂ ਲਈ ਖੇਤੀ ਕਰਨ ਦਾ ਖਰਚਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਖੇਤੀ ਤੋਂ ਕਿਸਾਨਾਂ ਨੂੰ ਹੋਣ ਵਾਲੀ ਆਮਦਨ ਲਗਾਤਾਰ ਘਟਦੀ ਜਾ ਰਹੀ ਹੈ। ਕਿਸਾਨਾਂ ਦੁਆਰਾ ਪੈਦਾ ਕੀਤੀ ਜਾਣ ਵਾਲੀ ਫਸਲ ਚੰਗੀ ਹੀ ਹੋਵੇ, ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦਾ। ਅੱਜ ਵੀ ਸਾਡੇ ਦੇਸ਼ ਵਿੱਚ ਕਿਸਾਨਾਂ ਦੀ ਖੇਤੀ ਲਈ ਹੜ੍ਹ, ਸੋਕਾ ਆਦਿ ਕੁਦਰਤੀ ਮੁਸੀਬਤਾਂ ਦਾ ਡਰ ਬਣਿਆ ਰਹਿੰਦਾ ਹੈ। ਕਿਸਾਨ ਲਈ ਕਰਜ਼ਾ ਮੋੜਨ ਵਾਸਤੇ ਫਸਲ ਵਧੀਆ ਹੀ ਹੋਵੇ, ਅਜਿਹਾ ਜ਼ਰੂਰੀ ਨਹੀਂ ਹੁੰਦਾ। ਅਜੇ ਵੀ ਵਧੀਆ ਫਸਲ ਦਾ ਹੋਣਾ ਬਾਰਿਸ਼ ਉੱਤੇ ਨਿਰਭਰ ਕਰਦਾ ਹੈ। ਜੇਕਰ ਬਾਰਿਸ਼ ਜ਼ਿਆਦਾ ਹੋ ਜਾਵੇ ਜਾਂ ਹੜ੍ਹ ਆ ਜਾਣ ਤਾਂ ਸਾਰੀ ਫਸਲ ਤਬਾਹ ਹੋ ਜਾਂਦੀ ਹੈ ਤੇ ਕਿਸਾਨ ਦੀ ਸਾਰੇ ਸਾਲ ਦੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ। ਅਜਿਹਾ ਹੋ ਜਾਣ ਦੀ ਹਾਲਤ ਵਿੱਚ ਸਾਰਾ ਸਾਲ ਘਰ ਦਾ ਖਰਚ ਝੱਲਣ ਦਾ ਬੋਝ ਕਿਸਾਨਾਂ ਲਈ ਅਨਗਿਣਤ ਦਿਮਾਗੀ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦਾ ਹੈ ਅਤੇ ਪਹਿਲਾਂ ਤੋਂ ਹੀ ਸਿਰ ਚੜ੍ਹੇ ਕਰਜ਼ੇ ਲਾਹੁਣ ਦਾ ਫਿਕਰ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਦਿੰਦਾ ਹੈ। ਇਸ ਤੋਂ ਬਗ਼ੈਰ ਸਮੇਂ ਸਿਰ ਲੋੜੀਂਦੀ ਬਾਰਿਸ਼ ਦਾ ਨਾ ਹੋਣਾ ਅਤੇ ਲਗਾਤਾਰ ਕੀਮਤਾਂ ਦਾ ਵਾਧਾ ਕਿਸਾਨਾਂ ਅੱਗੇ ਅਜਿਹੇ ਹਾਲਾਤ ਖੜ੍ਹੇ ਕਰ ਦਿੰਦਾ ਹੈ ਕਿ ਉਨ੍ਹਾਂ ਕੋਲ ਬੈਂਕਾਂ ਦੇ ਕਰਜ਼ਿਆਂ ਦੇ ਨਾਲ-ਨਾਲ ਆੜ੍ਹਤੀਆਂ ਕੋਲੋਂ ਹੋਰ ਕਰਜ਼ਾ ਚੁੱਕਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਦਾ। ਇਸ ਤਰ੍ਹਾਂ ਕਿਸਾਨ, ਜੋ ਪਹਿਲਾਂ ਹੀ ਕਰਜ਼ੇ ਨਾਲ ਝੰਬੇ ਪਏ ਹੁੰਦੇ ਹਨ, ਕਰਜ਼ਿਆਂ ਦੇ ਬੋਝ ਥੱਲੇ ਹੋਰ ਵੀ ਦਬਦੇ ਚਲੇ ਜਾਂਦੇ ਹਨ। ਜਦੋਂ ਕਰਜ਼ਿਆਂ ਦੀਆਂ ਦਿਮਾਗੀ ਪਰੇਸ਼ਾਨੀਆਂ ਦਾ ਬੋਝ ਹੱਦ ਤੋਂ ਜ਼ਿਆਦਾ ਵਧ ਜਾਂਦਾ ਹੈ ਤਾਂ ਕਿਸਾਨ ਅੱਕ ਕੇ ਆਤਮ-ਹੱਤਿਆ ਕਰਨ ਵਾਲੇ ਰਾਹ ਤੁਰ ਪੈਂਦੇ ਹਨ।

ਕਿਸਾਨਾਂ ਦੀ ਖੁਦਕੁਸ਼ੀਆਂ ਦਾ ਇੱਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਦੀ ਪੈਦਾਵਾਰ ਦਾ ਉਹ ਮੁੱਲ ਨਹੀਂ ਮਿਲਦਾ ਜੋ ਅਸਲ ਵਿਚ ਮਿਲਣਾ ਚਾਹੀਦਾ ਹੈ। ਫਸਲਾਂ ਪੈਦਾ ਕਰਨ ਲਈ ਹੋਣ ਵਾਲਾ ਖਰਚ ਤਾਂ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਪਰ ਫਸਲ਼ਾਂ ਦਾ ਉਚਿਤ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਦੀ ਆਮਦਨ ਲਗਾਤਾਰ ਘਟੀ ਹੈ। ਅੱਜ-ਕੱਲ੍ਹ ਕਿਸਾਨਾਂ ਨੂੰ ਕੰਪਨੀਆਂ ਦੀ ਮਹਿੰਗੀ ਖਾਦ ਅਤੇ ਬੀਜਾਂ ਦੀ ਖਰੀਦ ਕਰਨੀ ਪੈਂਦੀ ਹੈ, ਜੋ ਉਨ੍ਹਾਂ ਨੂੰ ਕਰਜ਼ਿਆਂ ਦੇ ਅਜਿਹੇ ਖੂਹ ਵਿੱਚ ਸੁੱਟਦੀ ਹੈ ਜਿੱਥੋਂ ਉਨ੍ਹਾਂ ਦਾ ਨਿੱਕਲ ਪਾਉਣਾ ਅਸੰਭਵ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਮਜ਼ਬੂਰਨ ਖੁਦਕੁਸ਼ੀਆਂ ਕਰਨੀਆਂ ਪੈਂਦੀਆਂ ਹਨ।

ਕਿਸਾਨ, ਜੋ ਦੇਸ਼ ਦੇ ਅੰਨ-ਦਾਤਾ ਅਖਵਾਉਂਦੇ ਹਨ ਅਤੇ ਦੇਸ਼ ਲਈ ਆਪਣੇ ਪਰਿਵਾਰਾਂ ਸਮੇਤ ਸਖਤ ਮਿਹਨਤ ਕਰਕੇ ਅੰਨ, ਸਬਜ਼ੀਆਂ ਅਤੇ ਫਲ ਪੈਦਾ ਕਰਦੇ ਹਨ, ਮੁਸ਼ਕਿਲ ਨਾਲ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਹਨ। ਆਪਣਾ ਖੂਨ-ਪਸੀਨਾ ਇੱਕ ਕਰਕੇ ਵੀ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਵਾਲੇ ਕਿਸਾਨਾਂ ਨੂੰ ਸਾਡੇ ਸਮਾਜ ਅਤੇ ਸਰਕਾਰਾਂ ਦੇ ਸਹਿਯੋਗ ਦੀ ਸਖਤ ਅਤੇ ਤੁਰੰਤ ਜ਼ਰੂਰਤ ਹੈ। ਜ਼ਿਆਦਾਤਰ ਅਨਪੜ੍ਹ ਹੋਣ ਕਾਰਨ ਕਿਸਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ, ਇਸ ਕਾਰਨ ਸਮਾਜਿਕ ਵਿਚੋਲੇ ਉਨ੍ਹਾਂ ਦਾ ਹੋਰ ਵੀ ਫਾਇਦਾ ਉਠਾਉਂਦੇ ਹਨ। ਅਜਿਹੇ ਕਿਸਾਨ ਜਿਨ੍ਹਾਂ ਕੋਲ ਖੇਤੀ ਲਈ ਬਹੁਤ ਥੋੜ੍ਹੀ ਜ਼ਮੀਨ ਹੈ ਅਤੇ ਉਹ ਗਰੀਬ ਹੋਣ ਦੇ ਨਾਲ-ਨਾਲ ਅਨਪੜ੍ਹ ਵੀ ਹਨ, ਉਨ੍ਹਾਂ ਲਈ ਸਰਕਾਰਾਂ ਨੂੰ ਤੁਰੰਤ ਅਜਿਹੀਆਂ ਯੋਜਨਾਵਾਂ ਲਾਗੂ ਕਰਨ ਦੀ ਲੋੜ ਹੈ ਕਿ ਅਜਿਹੇ ਕਿਸਾਨ ਨਾ ਸਿਰਫ ਚੰਗੇ ਪੈਸੇ ਕਮਾ ਕੇ ਆਪਣੇ ਪਰਿਵਾਰਾਂ ਨੂੰ ਖੁਸ਼ਹਾਲ ਬਣਾ ਸਕਣ ਸਗੋਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਵੀ ਪ੍ਰਦਾਨ ਕਰ ਸਕਣ। ਅਕਸਰ ਵੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਵਿੱਚ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ, ਉਨ੍ਹਾਂ ਦੇ ਬੱਚਿਆਂ ਅੱਗੇ ਵੀ ਸਿੱਖਿਆ ਨਾ ਹਾਸਲ ਕਰ ਸਕਣ ਕਾਰਨ ਭਵਿੱਖ ਵਿੱਚ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਇਸ ਕਰਕੇ ਦੇਸ਼ ਦੇ ਅੰਨ-ਦਾਤਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਗਰੀਬ ਅਤੇ ਅਨਪੜ੍ਹ ਕਿਸਾਨਾਂ ਨੂੰ ਵਧੇਰੇ ਸਹੂਲਤਾਂ ਪ੍ਰਦਾਨ ਕਰਨ, ਗਰੀਬ ਕਿਸਾਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਸਰਕਾਰ ਵੱਲੋਂ ਉਚਿਤ ਇੰਤਜ਼ਾਮ ਕਰਨ, ਕਿਸਾਨਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਦਾ ਮੁੱਲ ਮੋੜਨ ਲਈ ਸਰਕਾਰਾਂ ਦੁਆਰਾ ਫਸਲਾਂ ਦੇ ਉਚਿਤ ਮੁੱਲ ਦਿੱਤੇ ਜਾਣ, ਕਿਸਾਨਾਂ ਨੂੰ ਸਹਿਯੋਗ ਦੇਣ ਲਈ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ। ਜਦੋਂ ਤੱਕ ਦੇਸ਼ ਦੀਆਂ ਸਰਕਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਰੋਕ ਲਗਾਉਣ ਵਿੱਚ ਕਾਮਯਾਬ ਨਹੀਂ ਹੋ ਜਾਂਦੀਆਂ ਉਦੋਂ ਤੱਕ ਦੇਸ਼ ਦੀ ਤਰੱਕੀ ਦੀ ਗੱਲ ਕਰਨ ਦਾ ਕੋਈ ਅਰਥ ਨਹੀਂ ਨਿੱਕਲਦਾ।

*****

(797)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਰੋਹਿਤ ਪਲਤਾ

ਪ੍ਰਿੰ. ਰੋਹਿਤ ਪਲਤਾ

Rohit Palta (Principal)
Barnala, Punjab, India.
Phone: (91 - 78377 - 00375)
Email: (rohitpalta78@gmail.com)