BalrajSidhu7ਇੱਕ ਟਟਪੂੰਜੀਆਂ ਜਿਹਾ ਮੋਹਤਬਰਜੋ ਪੁਲਿਸ ਦੇ ਖਿਲਾਫ ਹਰ ਧਰਨੇ ਵਿੱਚ ਮੋਹਰੀ ਹੁੰਦਾ ਸੀਮੈਨੂੰ ਵੇਖ ਕੇ ਬਹੁਤ ਗੁੱਸੇ ਨਾਲ ਬੋਲਿਆ ...
(10 ਅਗਸਤ 2017)

 

ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ ਅਤੇ ਯੂ.ਪੀ. ਵਿੱਚ ਇੱਕ ਨਵਾਂ ਹੰਗਾਮਾ ਚੱਲ ਰਿਹਾ ਹੈ ਕਿ ਚੁੜੇਲ ਲੋਕਾਂ ਦੇ ਵਾਲ ਕੱਟ ਰਹੀ ਹੈ। ਯੂ.ਪੀ. ਵਿੱਚ ਤਾਂ ਇੱਕ ਔਰਤ ਨੂੰ ਚੁੜੇਲ ਹੋਣ ਦੇ ਸ਼ੱਕ ਵਿੱਚ ਕਤਲ ਵੀ ਕਰ ਦਿੱਤਾ ਗਿਆ ਹੈ। ਹੁਣ ਇਹ ਤਮਾਸ਼ਾ ਕਈ ਦਿਨ ਤੱਕ ਜਾਰੀ ਰਹੇਗਾ। ਜਿਸ ਵੀ ਲੜਕੇ/ਲੜਕੀ ਦੇ ਪਰਿਵਾਰ ਵਾਲੇ ਵਾਲ ਕਟਵਾਉਣ ਦੀ ਇਜਾਜ਼ਤ ਨਹੀਂ ਦੇ ਰਹੇ, ਉਹੀ ਇਹ ਪਾਖੰਡ ਕਰੇਗਾ। ਜਦੋਂ ਦੋ ਕੁ ਸਾਲ ਪਹਿਲਾਂ ਧਾਰਮਿਕ ਪੁਸਤਕਾਂ ਦੀ ਬੇਅਦਬੀ ਦਾ ਦੁਖਦਾਈ ਦੌਰ ਚੱਲਿਆ ਸੀ ਤਾਂ ਕਈ ਧਰਮ ਅਸਥਾਨਾਂ ਦੇ ਸੇਵਾਦਾਰਾਂ ਨੇ ਦੁਸ਼ਮਣੀਆਂ ਕੱਢਣ ਅਤੇ ਇੱਕ ਦੂਸਰੇ ਨੂੰ ਫਸਾਉਣ ਲਈ ਇਹ ਘਿਣਾਉਣਾ ਕੰਮ ਖ਼ੁਦ ਹੀ ਕਰ ਦਿੱਤਾ ਸੀ।

ਅਜਿਹੀ ਹੀ ਇੱਕ ਘਟਨਾ ਮੇਰੇ ਨਾਲ ਵੀ ਵਾਪਰੀ ਸੀ ਜਦੋਂ ਮੈਂ 2003-4 ਵਿੱਚ ਇੱਕ ਸੱਬ ਡਵੀਜ਼ਨ ਦਾ ਡੀ.ਐੱਸ.ਪੀ. ਲੱਗਾ ਹੋਇਆ ਸੀ। ਉਹਨੀਂ ਦਿਨੀਂ ਜ਼ਿਲ੍ਹੇ ਵਿੱਚ ਉੱਪਰੋਥਲੀ ਤਿੰਨ ਚਾਰ ਵਾਰਦਾਤਾਂ ਹੋ ਗਈਆਂ ਕਿ ਕਾਰ ਸਵਾਰ ਕਿਸੇ ਲੜਕੇ ਨੂੰ ਅਗਵਾ ਕਰ ਕੇ ਲੈ ਗਏ ਤੇ ਕੇਸ ਕੱਟ ਕੇ ਸੁੱਟ ਗਏ। ਇਸ ਬਾਤ ਦਾ ਕਈ ਜਥੇਬੰਦੀਆਂ ਨੇ ਬਹੁਤ ਵੱਡਾ ਬਤੰਗੜ ਬਣਾਇਆ ਹੋਇਆ ਸੀ ਤੇ ਪੁਲਿਸ ਲਈ ਬਹੁਤ ਵੱਡੀ ਸਿਰ ਦਰਦੀ ਬਣੀ ਹੋਈ ਸੀ। ਜ਼ਿਲ੍ਹੇ ਵਿੱਚ ਦਰਜਣਾਂ ਨਾਕੇ ਲੱਗੇ ਹੋਏ ਸਨ ਤੇ ਕਾਰਾਂ ਵਾਲਿਆਂ ਦੀ ਸ਼ਾਮਤ ਆਈ ਹੋਈ ਸੀ। ਇੱਕ ਨਾਕੇ ਤੋਂ ਲੰਘਦੇ ਤਾਂ ਦੂਸਰਾ ਘੇਰ ਲੈਂਦਾ। ਇੱਕ ਦਿਨ ਤਿੰਨ ਕੁ ਵਜੇ ਮੈਂ ਦਫਤਰ ਬੈਠਾ ਹੋਇਆ ਸੀ ਕਿ ਇੱਕ ਥਾਣੇ ਤੋਂ ਐੱਸ.ਐੱਚ.ਓ. ਦਾ ਫੋਨ ਆਇਆ। ਉਹ ਬੜਾ ਘਬਰਾਇਆ ਹੋਇਆ ਸੀ, “ਜ਼ਨਾਬ ਜ਼ਰਾ ਜਲਦੀ ਥਾਣੇ ਆਇਓ, ਆਪਣੇ ਵੀ ਕੇਸ ਕੱਟਣ ਵਾਲੀ ਵਾਰਦਾਤ ਹੋ ਗਈ ਹੈ।”

ਦੂਸਰੇ ਥਾਣੇ ਦੀ ਅਜਿਹੀ ਵਾਰਦਾਤ ’ਤੇ ਕੋਈ ਬਹੁਤਾ ਗੌਰ ਨਹੀਂ ਕਰਦਾ, ਪਰ ਜਦੋਂ ਆਪਣੇ ਗਲ ਗਲਾਵਾਂ ਪੈਂਦਾ ਹੈ ਤਾਂ ਹੋਸ਼ ਉੱਡ ਜਾਂਦੇ ਹਨ। ਥਾਣਾ ਨਜ਼ਦੀਕ ਹੀ ਸੀ, ਮੈਂ ਐੱਸ.ਐੱਸ.ਪੀ. ਸਾਹਿਬ ਨੂੰ ਦੱਸ ਕੇ ਵੀਹ ਕੁ ਮਿੰਟਾਂ ਵਿੱਚ ਪਹੁੰਚ ਗਿਆ। ਸਾਰਾ ਥਾਣਾ ਲੋਕਾਂ ਨਾਲ ਭਰਿਆ ਹੋਇਆ ਸੀ। ਮੈਂ ਐੱਸ.ਐੱਚ.ਓ. ਦੇ ਦਫਤਰ ਪਹੁੰਚ ਕੇ ਵੇਖਿਆ ਕਿ ਇੱਕ 18-19 ਸਾਲ ਦਾ ਲੜਕਾ ਆਪਣੇ ਬਾਪ ਅਤੇ ਕੁਝ ਮੋਹਤਬਰਾਂ ਨਾਲ ਸਿਰ ਸੁੱਟੀ ਬੈਠਾ ਸੀ। ਇੱਕ ਟਟਪੂੰਜੀਆਂ ਜਿਹਾ ਮੋਹਤਬਰ, ਜੋ ਪੁਲਿਸ ਦੇ ਖਿਲਾਫ ਹਰ ਧਰਨੇ ਵਿੱਚ ਮੋਹਰੀ ਹੁੰਦਾ ਸੀ, ਮੈਨੂੰ ਵੇਖ ਕੇ ਬਹੁਤ ਗੁੱਸੇ ਨਾਲ ਬੋਲਿਆ, ਜਿਵੇਂ ਸਭ ਤੋਂ ਜ਼ਿਆਦਾ ਦੁੱਖ ਉਸੇ ਨੂੰ ਹੋਇਆ ਹੋਵੇ, “ਵੇਖ ਲਉ ਸਰ, ਔਰੰਗਜ਼ੇਬ ਵਾਲਾ ਕੰਮ ਹੋ ਰਿਹਾ ਐ। ਅਸੀਂ ਨਹੀਂ ਇਹ ਧੱਕਾ ਬਰਦਾਸ਼ਤ ਕਰਨਾ।”

ਮੈਂ ਆਪਣੀ ਘਬਰਾਹਟ ਜ਼ਾਹਰ ਨਾ ਹੋਣ ਦਿੱਤੀ ਤੇ ਉਸ ਨੂੰ ਕੇਸ ਹੱਲ ਕਰਨ ਦਾ ਭਰੋਸਾ ਦਿਵਾਇਆ। ਇੰਨੀ ਦੇਰ ਨੂੰ ਹੋਰ ਭੀੜ ਇਕੱਠੀ ਹੋ ਗਈ। ਤਮਾਸ਼ਬੀਨਾਂ ਨੇ ਵੀ ਮੋਰਚੇ ਸੰਭਾਲ ਲਏ। ਸੜਕ ਜਾਮ ਕਰਨ ਅਤੇ ਧਰਨੇ ਪ੍ਰਦਰਸ਼ਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ।

ਮੈਂ ਲੜਕੇ ਨੂੰ ਪਿਆਰ ਨਾਲ ਕੋਲ ਬਿਠਾ ਕੇ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਲੜਕਾ ਖੋਖਲੇ ਜਿਹੇ ਅੰਦਾਜ਼ ਵਿੱਚ ਆਪਣੀ ਕਹਾਣੀ ਬਿਆਨ ਕਰਨ ਲੱਗਾ। ਉਸ ਨੇ ਦੱਸਿਆ ਕਿ ਉਹ ਆਪਣੇ ਘਰੋਂ ਸਵੇਰੇ ਕਰੀਬ ਸਾਢੇ ਕੁ ਗਿਆਰਾਂ ਵਜੇ ਬਿੱਲ ਭਰਨ ਲਈ ਬਿਜਲੀ ਦਫਤਰ ਵੱਲ ਜਾ ਰਿਹਾ ਸੀ। ਦਫਤਰ ਪਿੰਡੋਂ 3-4 ਕਿਲੋਮੀਟਰ ਬਾਹਰਵਾਰ ਸੀ। ਅਚਾਨਕ ਪਿੱਛੋਂ ਇੱਕ ਮਾਰੂਤੀ ਵੈਨ ਵਿੱਚ 3-4 ਬੰਦੇ ਆਏ। ਉਹਨਾਂ ਰਸਤਾ ਪੁੱਛਣ ਦੇ ਬਹਾਨੇ ਉਸ ਨੂੰ ਕੋਲ ਬੁਲਾ ਕੇ ਧੂਹ ਕੇ ਵੈਨ ਵਿੱਚ ਸੁੱਟ ਲਿਆ ਤੇ ਧੱਕੇ ਨਾਲ ਉਸ ਦੇ ਕੇਸ ਕੱਟ ਦਿੱਤੇ। ਥੋੜ੍ਹਾ ਅੱਗੇ ਜਾ ਕੇ ਉਸ ਨੂੰ ਚਲਦੀ ਵੈਨ ਵਿੱਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ।

ਲੜਕੇ ਦੀ ਗੱਲਬਾਤ ਦਾ ਅੰਦਾਜ਼ ਸ਼ੱਕ ਪੈਦਾ ਕਰ ਰਿਹਾ ਸੀ। ਜਦੋਂ ਮੈਂ ਧਿਆਨ ਨਾਲ ਉਸ ਦੇ ਵਾਲਾਂ ਦੀ ਕਟਿੰਗ ਵੇਖੀ ਤਾਂ ਸਾਰੀ ਗੱਲ ਸਾਫ ਹੁੰਦੀ ਨਜ਼ਰ ਆਈ। ਮੈਂ ਉਸ ਨੂੰ ਬੜੇ ਪਿਆਰ ਨਾਲ ਪੁੱਛਿਆ ਕਿ ਚਲਦੀ ਵੈਨ ਵਿੱਚੋਂ ਬਾਹਰ ਸੁੱਟੇ ਜਾਣ ਕਾਰਨ ਉਸ ਨੂੰ ਕੋਈ ਸੱਟ ਤਾਂ ਨਹੀਂ ਲੱਗੀ? ਉਹ ਥੋੜ੍ਹਾ ਜਿਹਾ ਘਬਰਾ ਗਿਆ ਤੇ ਕਹਿਣ ਲੱਗਾ ਕਿ ਨਹੀਂ ਜੀ, ਕਾਰ ਬਹੁਤ ਹੌਲੀ ਸੀ ਤੇ ਉਹਨਾਂ ਨੇ ਉਸ ਨੂੰ ਕੱਚੇ ਥਾਂ ’ਤੇ ਹੀ ਧੱਕਾ ਦਿੱਤਾ ਸੀ। ਫਿਰ ਮੈਂ ਪੁੱਛਿਆ ਕਿ ਤੂੰ ਫਿਰ ਕਿਸੇ ਨਾਈ ਕੋਲ ਗਿਆ ਸੀ ਕਿ ਸਿੱਧਾ ਘਰ ਹੀ ਗਿਆ ਸੀ? ਲੜਕੇ ਦੀ ਜ਼ਬਾਨ ਨੂੰ ਤੰਦੂਆ ਪੈਣ ਲੱਗ ਪਿਆ। ਉਹ ਮਰੀ ਜਿਹੀ ਅਵਾਜ਼ ਵਿੱਚ ਬੋਲਿਆ ਕਿ ਉਹ ਸਿੱਧਾ ਘਰ ਹੀ ਗਿਆ ਸੀ। ਮੈਂ ਫਿਰ ਪੁੱਛਿਆ ਕਿ ਤੇਰੇ ਵਾਲ ਉਹਨਾਂ ਨੇ ਕਿਸ ਚੀਜ਼ ਨਾਲ ਕੱਟੇ ਸਨ? ਉਸ ਨੇ ਦੱਸਿਆ ਕਿ ਕੈਂਚੀ ਨਾਲ ਇੱਕ ਹੀ ਵਾਰ ਨਾਲ ਕੱਟ ਸੁੱਟੇ ਸਨ ਤੇ ਨਾਲ ਹੀ ਧੱਕਾ ਦੇ ਦਿੱਤਾ ਸੀ। ਮੈਂ ਉੱਠ ਕੇ ਲੜਕੇ ਦੀ ਗਿੱਚੀ ਵਲ ਹੋ ਗਿਆ। ਪਹਿਲਾਂ ਤਾਂ ਮੇਰਾ ਦਿਲ ਕਰੇ ਕਿ ਇਸ ਨੂੰ ਕੱਸ ਕੇ ਦੋ ਚਾਰ ਥੱਪੜ ਰਸੀਦ ਕਰਾਂ। ਪਰ ਮੌਕੇ ਦੀ ਨਜ਼ਾਕਤ ਵੇਖ ਕੇ ਗੁੱਸਾ ਪੀ ਗਿਆ। ਮੈਂ ਮੋਹਤਬਰਾਂ ਨੂੰ ਲੜਕੇ ਦੇ ਵਾਲ ਦਿਖਾਉਂਦੇ ਹੋਏ ਕਿਹਾ, “ਇਸ ਦੇ ਵਾਲਾਂ ਦੀ ਕਟਿੰਗ ਵੇਖੋ। ਇਹ ਸਾਫ ਸੁਥਰੀ ਕਮਾਂਡੋ ਕੱਟ ਕਟਿੰਗ ਕਿਸੇ ਮਾਹਰ ਨਾਈ ਨੇ ਕੀਤੀ ਹੈ। ਮੰਨਿਆਂ ਕਿ ਕੈਂਚੀ ਨਾਲ ਕੇਸ ਵੱਢ ਦਿੱਤੇ ਹੋਣੇ ਨੇ, ਪਰ ਇਸ ਦੀ ਧੌਣ ’ਤੇ ਉਸਤਰਾ ਵੀ ਕਾਰ ਵਾਲਿਆਂ ਨੇ ਲਾਇਆ ਹੈ? ਕੈਂਚੀ ਦੇ ਇੱਕ ਝਟਕੇ ਨਾਲ ਐਨੀ ਪੱਧਰੀ ਕਟਿੰਗ ਨਹੀਂ ਹੋ ਸਕਦੀ। ਇਸ ਦੀ ਧੌਣ ’ਤੇ ਤਾਂ ਉਹ ਪਾਊਡਰ ਵੀ ਲੱਗਾ ਹੋਇਆ ਹੈ ਜੋ ਨਾਈ ਕਟਿੰਗ ਕਰਨ ਤੋਂ ਬਾਅਦ ਵਾਲ ਸਾਫ ਕਰਨ ਲਈ ਲਾਉਂਦੇ ਹਨ।”

ਫਿਰ ਮੈਂ ਲੜਕੇ ਨੂੰ ਦਬਕਾ ਮਾਰਿਆ ਕਿ ਪੁੱਤ ਜਾਂ ਤਾਂ ਸੱਚਾਈ ਦੱਸ ਦੇ, ਨਹੀਂ ਤੈਨੂੰ ਲੰਮਾ ਪਾਉਣ ਲੱਗੇ ਹਾਂ। ਕੇਸ ਹੱਲ ਹੁੰਦਾ ਵੇਖ ਕੇ ਐੱਸ.ਐੱਚ.ਓ. ਵੀ ਮੁੱਛਾਂ ਨੂੰ ਵੱਟ ਚਾੜ੍ਹ ਕੇ ਬੈਂਤ ਖੜਕਾਉਣ ਲੱਗਾ।

ਲੜਕਾ ਉਮਰ ਦਾ ਛੋਟਾ ਸੀ, ਪੁਲਿਸ ਦਾ ਦਬਕਾ ਨਾ ਝੱਲ ਸਕਿਆ। ਫਟਰ ਫਟਰ ਬੋਲਣ ਲੱਗ ਪਿਆ, “ਮੈਂ ਆਪਣੇ ਮਾਂ ਬਾਪ ਨੂੰ ਕਈ ਵਾਰ ਕਿਹਾ ਸੀ ਕਿ ਮੇਰੇ ਸਿਰ ਪੀੜ ਨਹੀਂ ਹਟਦੀ, ਮੈਂ ਵਾਲ ਕਟਾਉਣੇ ਚਾਹੁੰਦਾ ਹਾਂ। ਪਰ ਇਹ ਨਹੀਂ ਮੰਨਦੇ ਸਨ। ਮੈਂ ਅਖਬਾਰਾਂ ਵਿੱਚ ਪੜ੍ਹਿਆ ਸੀ ਕਿ ਫਲਾਣੀ ਥਾਂ ’ਤੇ ਕਾਰ ਸਵਾਰਾਂ ਨੇ ਲੜਕੇ ਦੇ ਵਾਲ ਕੱਟ ਦਿੱਤੇ। ਇਸ ਲਈ ਮੈਂ ਵੀ ਡਰਾਮਾ ਕਰ ਦਿੱਤਾ। ਮੈਂ ਤਾਂ ਫਲਾਣੇ ਬਾਰਬਰ ਕੋਲੋਂ ਕਟਿੰਗ ਕਰਾਈ ਹੈ।”

ਕਟਿੰਗ ਕਰਨ ਵਾਲੇ ਨੂੰ ਥਾਣੇ ਬੁਲਾਇਆ ਗਿਆ। ਉਸ ਨੇ ਆਉਂਦੇ ਹੀ ਲੜਕੇ ਨੂੰ ਪਛਾਣ ਲਿਆ ਤੇ ਵਾਲ ਵੀ ਬਰਾਮਦ ਕਰਵਾ ਦਿੱਤੇ

ਲੜਕੇ ਦੇ ਪਿਉ ਅਤੇ ਪੰਗੇਬਾਜ਼ਾਂ ਦੇ ਸਿਰ ਵਿੱਚ ਸੌ ਘੜਾ ਪਾਣੀ ਪੈ ਗਿਆ। ਉਹ ਲਿਖਤੀ ਮੁਆਫੀਨਾਮਾ ਦੇ ਕੇ ਛੁੱਟੇ। ਅਜਿਹਾ ਨਾਜ਼ਕ ਮਸਲਾ ਇੰਨੀ ਅਸਾਨੀ ਨਾਲ ਹੱਲ ਹੋ ਜਾਣ ’ਤੇ ਮੈਂ ਅਤੇ ਐੱਸ.ਐੱਚ.ਓ. ਨੇ ਸੁੱਖ ਦਾ ਸਾਹ ਲਿਆ।

*****

(793)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 95011 - 00062)

More articles from this author