GurmitShugli7ਜਿਨ੍ਹਾਂ ਨੇ ਛਾਪੇ ਮਾਰਨੇ ਹੁੰਦੇ ਹਨਉਨ੍ਹਾਂ ਦੇ ਪਹਿਲਾਂ ਵੀ ਮਹੀਨੇ ਬੰਨ੍ਹੇ ਹੋਏ ਸਨ ਤੇ ਅੱਜ ਵੀ ਬੰਨ੍ਹੇ ਹੋਏ ਹਨ ...
(10 ਅਗਸਤ 2017)

 

ਨਸ਼ਿਆਂ ਦਾ ਮੁੱਦਾ ਪੰਜਾਬ ਵਿੱਚੋਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਸ਼ਾਇਦ ਲਵੇ ਵੀ ਨਾ, ਕਿਉਂਕਿ ਤੰਦ ਨਹੀਂ, ਤਾਣੀ ਹੀ ਉਲਝੀ ਹੋਈ ਹੈ। ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਮੌਕੇ ਕਾਂਗਰਸ ਕਹਿੰਦੀ ਸੀ, ‘ਨਸ਼ੇ ਮੁੱਕਦੇ ਨਹੀਂ, ਰੁਕਦੇ ਨਹੀਂ।’ ਤੇ ਹੁਣ ਉਹੀ ਫ਼ਿਕਰ ਅਕਾਲੀ ਦਲ ਤੇ ਭਾਜਪਾ ਵਾਲਿਆਂ ਨੂੰ ਸਤਾ ਰਿਹਾ। ਇਸ ਸਭ ਦੇ ਬਾਵਜੂਦ ਨਸ਼ਾ ਵਿਕ ਰਿਹਾ ਹੈ ਤੇ ਉੰਨੀ ਦੇਰ ਇਸ ਦੇ ਬੰਦ ਹੋਣ ਦੀ ਆਸ ਕਰਨੀ ਵਿਅਰਥ ਹੈ, ਜਿੰਨਾ ਚਿਰ ਖਾਕੀ ਵਾਲੇ ਬਾਕੀ ‘ਇੰਦਰਜੀਤ’ ਨਹੀਂ ਫੜੇ ਜਾਂਦੇ, ਜਿੰਨਾ ਚਿਰ ਚਿੱਟ ਕੱਪੜੀਆਂ ਤੱਕ ਹੱਥ ਨਹੀਂ ਪਹੁੰਚਦਾ।

ਇੰਦਰਜੀਤ ਸਿੰਘ ਦਾ ਫੜਿਆ ਜਾਣਾ ਤੇ ਉਸ ਵੱਲੋਂ ਕੀਤੇ ਖੁਲਾਸਿਆਂ ਦਾ ਮੁੜ ਕਦੇ ਜ਼ਿਕਰ ਨਾ ਛਿੜਨਾ ਦੱਸਣ ਲਈ ਕਾਫੀ ਹੈ ਕਿ ਉਹਦੇ ਵੱਲੋਂ ਦੱਸੀਆਂ ਗੱਲਾਂ ਲੋਕਾਂ ਤੱਕ ਪੁਚਾਉਣ ਵਾਲੀਆਂ ਨਹੀਂ। ਕਨਸੋਆਂ ਮਿਲਦੀਆਂ ਹਨ ਕਿ ਉਸ ਨੇ ਕਈ ਸੀਨੀਅਰ ਅਧਿਕਾਰੀਆਂ ਤੇ ਨੇਤਾਵਾਂ ਦੇ ਨਾਂਅ ਸਪੈਸ਼ਲ ਟਾਸਕ ਫੋਰਸ ਨੂੰ ਦੱਸੇ ਹਨ, ਪਰ ਫੋਰਸ ਦੇ ਮੁਖੀ ਸਿਵਾਏ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਕੋਲ ਗੱਲ ਨਹੀਂ ਕਰ ਰਹੇ। ਕਿਉਂਕਿ ਜੇ ਗੱਲ ਬਾਹਰ ਨਿਕਲ ਆਈ ਤਾਂ ਮੁਫ਼ਤ ਵਿਚ ਬਦਨਾਮੀ ਹੋਵੇਗੀ। ਜ਼ਾਹਰ ਹੈ ਉਸ ਨੇ ਕਈ ਕੁਝ ਅਜਿਹਾ ਦੱਸਿਆ ਹੋਵੇਗਾ, ਜਿਹੜਾ ਲੋਕਾਂ ਦਾ ਭਰਮ ਤੋੜਨ ਲਈ ਕਾਫੀ ਹੈ।

ਹੁਣ ਰਹਿੰਦੀ-ਖੂੰਹਦੀ ਕਸਰ ਕਾਂਗਰਸ ਦੇ ਹੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਸ਼ਹੀਦ ਊਧਮ ਸਿੰਘ ਦੇ ਬਲੀਦਾਨ ਦਿਵਸ ਮੌਕੇ ਆਖਿਆ, ‘ਨਸ਼ਾ ਹਾਲੇ ਵੀ ਧੜੱਲੇ ਨਾਲ ਵਿਕ ਰਿਹਾ ਤੇ ਮੈਂ ਥਾਂਵਾਂ ਦਾ ਨਾਂਅ ਦੱਸ ਸਕਦਾਂ ਕਿ ਕਿੱਥੇ ਕਿੱਥੇ ਵਿਕਦਾ?’

ਕਿਸੇ ਹੋਰ ਪਾਰਟੀ ਦਾ ਵਿਧਾਇਕ ਇਹ ਗੱਲ ਕਹੇ ਤਾਂ ਸਮਝ ਪੈਂਦੀ ਹੈ ਕਿ ਉਹ ਵਿਰੋਧ ਦੀ ਰਾਜਨੀਤੀ ਕਰ ਰਿਹਾ ਹੈ, ਪਰ ਆਪਣਾ ਹੀ ਇਹ ਸਭ ਕਹੇ ਤਾਂ ਸਵਾਲ ਪੈਦਾ ਹੋਣੇ ਕੁਦਰਤੀ ਹਨ। ਧੀਮਾਨ ਦੇ ਬਿਆਨ ਨੂੰ ਸੁਖਬੀਰ ਸਿੰਘ ਬਾਦਲ ਤੇ ਸੁਖਪਾਲ ਸਿੰਘ ਖਹਿਰਾ ਨੇ ਖੂਬ ਚੁੱਕਿਆ ਕਿ ਕਾਂਗਰਸ ਕਹਿੰਦੀ ਨਸ਼ਾ ਖਤਮ ਹੋਣ ਦੇ ਕੰਢੇ ਹੈ, ਪਰ ਤੁਹਾਡਾ ਆਪਣਾ ਵਿਧਾਇਕ ਕੀ ਕਹਿ ਰਿਹਾ ਹੈ?

ਕੈਪਟਨ ਨੇ ਧੀਮਾਨ ਨੂੰ ਬੁਲਾ ਕੇ ਝਾੜ ਝੰਬ ਜ਼ਰੂਰ ਕੀਤੀ ਕਿ ਤੁਹਾਨੂੰ ਇਹੋ ਜਿਹਾ ਬਿਆਨ ਦੇਣ ਦੀ ਕੀ ਲੋੜ, ਜਿਸ ਨਾਲ ਆਪਣੀ ਹੀ ਸਰਕਾਰ ਦੀ ਹੇਠੀ ਹੁੰਦੀ ਹੋਵੇ। ਪਰ ਧੀਮਾਨ ਅਣਖੀ ਬੰਦਾ ਨਿੱਕਲਿਆ। ਤੀਜੇ ਦਿਨ ਉਸ ਨੇ ਮੁੜ ਆਖਿਆ, ‘ਮੈਂ ਆਪਣੇ ਪਹਿਲੇ ਬਿਆਨ ’ਤੇ ਕਾਇਮ ਹਾਂ। ਮੈਂ ਜ਼ਮੀਰ ਦੀ ਅਵਾਜ਼ ਸੁਣ ਕੇ ਇਹ ਸਭ ਆਖਿਆ ਸੀ। ਰਾਜਨੀਤੀ ਛੱਡਣੀ ਮਨਜ਼ੂਰ ਹੈ, ਪਰ ਗ਼ਲਤ ਨੂੰ ਸਹੀ ਨਹੀਂ ਕਹਿ ਸਕਦਾ।’

ਕਹਿੰਦੇ ਨੇ ਸੁਰਜੀਤ ਸਿੰਘ ਧੀਮਾਨ ਵਿਧਾਨ ਸਭਾ ਚੋਣ ਲੜਨ ਦਾ ਇਛੁੱਕ ਨਹੀਂ ਸੀ। ਪਰ ਕੈਪਟਨ ਨੇ ਉਸ ਨੂੰ ਮਨਾਇਆ ਤੇ ਲੜਾਇਆ। ਉਹ ਵਿਧਾਇਕ ਜ਼ਰੂਰ ਹੈ, ਪਰ ਆਪਣੇ ਦਿਲ ਦੀ ਗੱਲ ਕਰਨ ਵਾਲਾ। ਉਸ ਦਾ ਇਹ ਕਹਿਣਾ ਕਿ, ‘ਰਾਜਨੀਤੀ ਛੱਡਣੀ ਮਨਜ਼ੂਰ ਹੈ’ ਦੱਸਣ ਲਈ ਕਾਫੀ ਹੈ ਕਿ ਉਸ ਦਾ ਇਖਲਾਕ ਵਿਕਿਆ ਨਹੀਂ। ਕੋਈ ਹੋਰ ਵਿਧਾਇਕ ਹੁੰਦਾ ਤਾਂ ਉਸ ਨੇ ਇਹੀ ਆਖਣਾ ਸੀ, ‘ਜਦੋਂ ਤੋਂ ਕੈਪਟਨ ਸਰਕਾਰ ਆਈ ਹੈ, ਨਸ਼ੇ ਖਤਮ ਹੋ ਗਏ ਨੇ। ਵੱਡੇ ਵੱਡੇ ਮਗਰਮੱਛ ਫੜ ਲਏ। ਬਸ ਕੁਝ ਦਿਨ ਹੋਰ ਉਡੀਕ ਕਰੋ, ਨਸ਼ਾ ਲੱਭਿਆਂ ਨਹੀਂ ਥਿਆਉਣਾ।’

ਕੋਈ ਮੰਨੇ ਨਾ ਮੰਨੇ, ਪਰ ਜਿਹੜੇ ਲੋਕ ਪਹਿਲਾਂ ਨਸ਼ਾ ਵੇਚਦੇ ਸਨ, ਉਹ ਅੱਜ ਵੀ ਵੇਚਦੇ ਹਨ ਤੇ ਜਿਹੜੇ ਪਹਿਲਾਂ ਖਾਂਦੇ ਸਨ, ਉਹ ਅੱਜ ਵੀ ਖਾ ਰਹੇ ਹਨ। ਕੈਪਟਨ ਸਰਕਾਰ ਆਉਣ ਨਾਲ ਨਸ਼ੇ ਦੇ ਮੁੱਲ ਵਿਚ ਥੋੜ੍ਹਾ ਵਾਧਾ ਹੋਇਆ ਜ਼ਰੂਰ ਹੋ ਸਕਦਾ, ਪਰ ਮਿਲੇ ਹੀ ਨਾ, ਇਹ ਕਿਵੇਂ ਹੋ ਸਕਦਾ। ਮੈਡੀਕਲ ਦੁਕਾਨਾਂ ਵਾਲਿਆਂ ਦਾ ਇੱਕ ਹਿੱਸਾ ਪਹਿਲਾਂ ਵੀ ਕੈਪਸੂਲ, ਗੋਲੀਆਂ, ਸ਼ੀਸ਼ੀਆਂ ਵੇਚਣ ਦਾ ਕੰਮ ਕਰਦਾ ਸੀ ਤੇ ਅੱਜ ਵੀ ਕਰਦਾ ਹੈ। ਸਰਕਾਰ ਏ.ਸੀ. ਕਮਰਿਆਂ ਵਿਚ ਬੈਠ ਕੇ ਸਿਰਫ਼ ਹੁਕਮ ਜਾਰੀ ਕਰ ਸਕਦੀ ਹੈ, ਆਪ ਥਾਂ-ਥਾਂ ਜਾ ਕੇ ਛਾਪੇ ਨਹੀਂ ਮਾਰ ਸਕਦੀ। ਜਿਨ੍ਹਾਂ ਨੇ ਛਾਪੇ ਮਾਰਨੇ ਹੁੰਦੇ ਹਨ, ਉਨ੍ਹਾਂ ਦੇ ਪਹਿਲਾਂ ਵੀ ਮਹੀਨੇ ਬੰਨ੍ਹੇ ਹੋਏ ਸਨ ਤੇ ਅੱਜ ਵੀ ਬੰਨ੍ਹੇ ਹੋਏ ਹਨ। ਇਹ ਉਨ੍ਹਾਂ ਦੀ ਡਿਊਟੀ ਵਿੱਚ ਸ਼ਾਮਲ ਹੁੰਦਾ ਹੈ ਕਿ ਜਿੱਧਰ ਛਾਪਾ ਮਾਰਨ ਜਾਣਾ, ਉੱਧਰ ਪਹਿਲਾਂ ਹੀ ਇਤਲਾਹ ਦਿੱਤੀ ਜਾਵੇ ਕਿ ਅਸੀਂ ਤੁਹਾਡੇ ਵੱਲ ਆਉਣਾ। ਇਸ ਹਾਲਾਤ ਵਿੱਚ ਕਿਵੇਂ ਆਸ ਕੀਤੀ ਜਾ ਸਕਦੀ ਹੈ ਕਿ ਮੈਡੀਕਲ ਨਸ਼ੇ ਬੰਦ ਹੋ ਗਏ ਜਾਂ ਹੋ ਜਾਣਗੇ।

ਬਹੁਤਾ ਦੂਰ ਜਾਣ ਦੀ ਲੋੜ ਨਹੀਂ, ਕੀ ਕੈਪਟਨ ਸਰਕਾਰ ਆਉਣ ਮਗਰੋਂ ਜੇਲ੍ਹਾਂ ਵਿੱਚੋਂ ਨਸ਼ੇ ਮਿਲਣੇ ਬੰਦ ਹੋ ਗਏ? ਜੇਲ੍ਹਾਂ ਨੂੰ ਅਸੀਂ ‘ਸੁਧਾਰ ਘਰ’ ਆਖਦੇ ਹਾਂ ਤੇ ਜਦੋਂ ਸੁਧਾਰ ਘਰਾਂ ਵਿੱਚੋਂ ਹੀ ਨਸ਼ੇ ਮਿਲਣਗੇ ਤਾਂ ਪਤਾ ਲਾਉਣਾ ਔਖਾ ਨਹੀਂ ਕਿ ਸਭ ਕੁਝ ਜੇਲ੍ਹ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ। ਜਦੋਂ ਜੇਲ੍ਹ ਵਿਚ ਛਾਪਾ ਪੈਂਦਾ ਹੈ ਤਾਂ ਕੁਝ ਪੁੜੀਆਂ ਜਰਦੇ ਦੀਆਂ, ਦਸ ਵੀਹ ਬੰਡਲ ਬੀੜੀਆਂ, ਸਿਗਰਟਾਂ ਦੇ ਫੜ ਕੇ ਆਖਿਆ ਜਾਂਦਾ ਹੈ, ‘ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ।’

ਸਵਾਲ ਇਹ ਹੈ ਕਿ ਇਹ ਕਾਹਦੀ ਸਫ਼ਲਤਾ? ਤੁਹਾਡੀ ਹਾਜ਼ਰੀ ਵਿੱਚ ਹੀ ਇਹ ਸਭ ਅੰਦਰ ਗਿਆ ਸੀ, ਉਦੋਂ ਵਾਲੀ ਨਲਾਇਕੀ ਦੀ ਗੱਲ ਤੁਸੀਂ ਕਦੇ ਕੀਤੀ ਨਹੀਂ।

ਨਸ਼ੇ ਦਾ ਮੁੱਦਾ ਸਿਰਫ਼ ਮੁੱਦਾ ਹੀ ਰਹੇਗਾ। ਇਹ ਮੁੱਦਾ ਸਦਾਬਹਾਰ ਸੀ ਤੇ ਇਵੇਂ ਰਹਿਣਾ ਹੈ। ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਆ ਜਾਵੇ, ਇਹ ਛੇਤੀ ਕਿਤੇ ਮੁੱਕਣ ਵਾਲਾ ਨਹੀਂ। ਜੇ ਆਪਣੇ ਬੇਗਾਨੇ ਦਾ ਫ਼ਰਕ ਛੱਡ ਨਸ਼ੇ ਵੇਚਣ ਵਾਲਿਆਂ ਨੂੰ ਗਿੱਚੀਓਂ ਫੜਿਆ ਜਾਵੇ ਤਾਂ ਨਸ਼ਾ ਖਤਮ ਕਰਨਾ ਔਖਾ ਨਹੀਂ। ਪਰ ਜਿਸ ਕਿਸਮ ਦੀ ਰਾਜਨੀਤੀ ਪੰਜਾਬ ਵਿੱਚ ਚੱਲਦੀ ਹੈ, ਉਸ ਤੋਂ ਬਾਅਦ ਸਿਰਫ਼ ਇੱਕ ਦੋ ‘ਇੰਦਰਜੀਤ’ ਫੜੇ ਜਾਣ ਨਾਲ ਹੀ ਤਸੱਲੀ ਕਰਨੀ ਪਵੇਗੀ। ਚੋਰ ਤੇ ਕੁੱਤੀ ਰਲ਼ੇ ਹੋਣ ਤਾਂ ਨਸ਼ੇ ਖਤਮ ਕਰਨ ਵਾਲੀ ਗੱਲ ਦਿਨ ਵਿੱਚ ਤਾਰੇ ਦੇਖਣ ਤੋਂ ਸਿਵਾ ਕੁਝ ਨਹੀਂ।

*****

(792)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author