GurmitPalahi7ਉਨ੍ਹਾਂ ਪਿਛਲੇ 50 ਸਾਲਾਂ ਦੇ ਅੰਕੜਿਆਂ ਦੇ ਅਧਿਐਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ...
(9 ਅਗਸਤ 2017)

 

ਕੁਝ ਦਿਨ ਪਹਿਲਾਂ ਦੇਸ਼ ਦੇ ਮੌਸਮ ਵਿਭਾਗ ਵਲੋਂ ਦੇਸ਼ ਵਿਚ ਭਰਵੇਂ ਮੀਂਹ ਪੈਣ ਅਤੇ ਦੇਸ਼ ਦੇ ਕੁਝ ਹਿੱਸਿਆਂ ਵਿਚ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ, ਸਮੇਤ ਪੰਜਾਬ, ਵਿੱਚ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਗੜੇਮਾਰੀ ਵੀ ਹੋਈ ਹੈ।

ਜ਼ਿਆਦਾ ਮੀਂਹ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਦੇਸ਼ ਦੇ ਕਈ ਸੂਬਿਆਂ ਵਿੱਚ ਹੜ੍ਹ ਦੇ ਹਾਲਤ ਪੈਦਾ ਹੋ ਗਏ ਹਨ ਅਤੇ ਇੱਥੇ ਜਨ-ਜੀਵਨ ਬਦ ਤੋਂ ਬਦਤਰ ਹੋ ਗਿਆ ਹੈ। ਗੁਜਰਾਤ, ਅਸਾਮ, ਉੜੀਸਾ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਤਾਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨਦੇਸ਼ ਦੇ ਕਈ ਹਿੱਸਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇ ਨਜ਼ਰ ਉੱਚ-ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।

ਦੇਸ਼ ਵਿੱਚ ਕੁਝ ਥਾਂ ਇਹੋ ਜਿਹੇ ਹਨ, ਜਿੱਥੇ ਇੱਕ ਹੀ ਇਲਾਕੇ ਵਿਚ ਵਾਰੀ ਵਾਰੀ ਕਦੇ ਸੋਕੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਦੇ ਭਾਰੀ ਮੀਂਹ ਦਾ। ਸਰਕਾਰ ਵਲੋਂ ਵਿਕਾਸ ਦੀਆਂ ਯੋਜਨਾਵਾਂ ਲਾਗੂ ਕਰਦਿਆਂ, ਅੰਨ੍ਹੇ ਵਾਹ ਜੰਗਲ ਕੱਟੇ ਗਏ ਹਨ, ਨਵੇਂ ਦਰਖਤ ਲਗਾਉਣ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਕੁਦਰਤ ਨਾਲ ਖਿਲਵਾੜ ਕਰਨ ਦੇ ਕਾਰਨ ਦੇਸ਼ ਵਿੱਚ ਮਨੁੱਖ-ਮਾਰੂ ਸਥਿਤੀ ਪੈਦਾ ਹੋ ਰਹੀ ਹੈ। ਦਰਖਤਾਂ ਦੀ ਕੱਟ-ਕਟਾਈ ਨਾਲ ਮੌਨਸੂਨ ਪ੍ਰਭਾਵਿਤ ਹੋ ਰਿਹਾ ਹੈ, ਖੇਤੀ ਪੈਦਾਵਾਰ ਉੱਤੇ ਅਸਰ ਪੈਣਾ ਤਾਂ ਫਿਰ ਲਾਜ਼ਮੀ ਸੀ। ਨਦੀਆਂ ਨਾਲ ਧਰਤੀ ਦੇ ਕਟਾਅ ਵਿੱਚ ਵੀ ਲਗਾਤਾਰ ਵਾਧਾ ਵੇਖਣ ਨੂੰ ਵੀ ਮਿਲ ਰਿਹਾ ਹੈ।

ਹੜ੍ਹ ਅਤੇ ਸੋਕਾ ਮੁੱਢ ਕਦੀਮ ਤੋਂ ਹੀ ਮਨੁੱਖੀ ਅਤੇ ਪਸ਼ੂ-ਪੰਛੀਆਂ ਦੇ ਜੀਵਨ ਨੂੰ ਪ੍ਰੇਸ਼ਾਨੀ ਵਿਚ ਪਾਉਂਦੇ ਰਹੇ ਹਨ। ਸੋਕਾ ਅਤੇ ਹੜ੍ਹ ਸਿਰਫ ਕੁਦਰਤੀ ਆਫ਼ਤਾਂ ਹੀ ਨਹੀਂ ਹਨ, ਇਹ ਕੁਦਰਤ ਵਲੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਹਨ। ਪਰ ਮਨੁੱਖ ਇਹਨਾਂ ਚਿਤਾਵਨੀਆਂ ਨੂੰ ਸਮਝ ਹੀ ਨਹੀਂ ਰਿਹਾ ਬਾਵਜੂਦ ਇਸ ਗੱਲ ਦੇ ਕਿ ਅੱਜ ਦਾ ਮਨੁੱਖ ਪੁਰਾਣੇ ਸਮੇਂ ਦੇ ਮਨੁੱਖ ਨਾਲੋਂ ਆਪਣੇ ਆਪ ਨੂੰ ਵੱਧ ਸੱਭਿਅਕ ਅਤੇ ਸਿਆਣਾ ਸਮਝ ਰਿਹਾ ਹੈ। ਇਹ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਪਹਿਲਾਂ ਤੋਂ ਵੱਧ ਪੜ੍ਹਿਆ ਮਨੁੱਖ ਸਮਾਜ ਵਿੱਚ ਕੁਦਰਤ ਦੇ ਨਾਲ ਤਾਲਮੇਲ ਬਿਠਾਕੇ ਜੀਵਨ ਜੀਊਣ ਦੀ ਸਮਝਦਾਰੀ ਵਿਕਸਤ ਨਹੀਂ ਕਰ ਪਾ ਰਿਹਾ

ਮਨੁੱਖ ਵਲੋਂ ਹਵਾ ਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਮੋਟਰਾਂ-ਕਾਰਾਂ, ਹੋਰ ਵਹੀਕਲਾਂ ਦੀ ਵਰਤੋਂ ਦੇ ਨਾਲ ਨਾਲ ਏਅਰ ਕੰਡੀਸ਼ਨਰ ਦੀ ਵਰਤੋਂ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ ਪਾਣੀ ਪ੍ਰਦੂਸ਼ਣ ਫੈਲਾਉਣ ਵਿੱਚ ਤਾਂ ਮਨੁੱਖ ਨੇ ਜਿਵੇਂ ਅੱਤ ਹੀ ਚੁੱਕੀ ਹੋਈ ਹੈ ਕਚਰਾ ਧਰਤੀ ’ਤੇ ਸ਼ਰੇਆਮ ਸੁੱਟਿਆ ਜਾ ਰਿਹਾ ਹੈ। ਕਚਰੇ ਤੋਂ ਇਲਾਵਾ ਮਨੁੱਖੀ ਜੀਵਨ ਵਿੱਚ ਪਲਾਸਟਿਕ ਨੇ ਜਿਵੇਂ ਥਾਂ ਬਣਾ ਲਈ ਹੈ, ਉਹ ਪ੍ਰਦੂਸ਼ਣ ਲਈ ਵੱਡੀ ਚਿਤਾਵਨੀ ਬਣੀ ਹੋਈ ਹੈ। 1.60 ਲੱਖ ਪਲਾਸਟਿਕ ਬੈਗਾਂ ਦਾ ਹਰ ਸੈਕਿੰਡ ਵਿੱਚ ਉਤਪਾਦਨ ਹੋ ਰਿਹਾ ਹੈ। 5 ਟ੍ਰਿਲੀਅਨ ਪਲਾਸਟਿਕ ਬੈਗ ਹਰ ਸਾਲ ਵਰਤੋਂ ਵਿਚ ਆਉਂਦੇ ਹਨ। ਇਹ ਜਾਣਦਿਆਂ ਹੋਇਆ ਵੀ ਕਿ ਪਲਾਸਟਿਕ ਨੂੰ ਪੂਰੀ ਤਰ੍ਹਾਂ ਖਤਮ ਹੋਣ ਲਈ 1000 ਸਾਲ ਲੱਗਦੇ ਹਨ, ਫਿਰ ਵੀ ਇਹਨਾਂ ਦੀ ਵਰਤੋਂ ਲਗਾਤਾਰ ਵਧਦੀ ਹੀ ਜਾ ਰਹੀ ਹੈ। ਸੰਨ 1950 ਤੋਂ ਸੰਨ 2015 ਤੱਕ ਮਨੁੱਖ ਨੇ ਧਰਤੀ ਉੱਤੇ 8.3 ਅਰਬ ਟਨ ਦਾ ਉਤਪਾਦਨ ਕੀਤਾ ਹੈ। ਇਸ ਪਲਾਸਟਿਕ ਵਿੱਚੋਂ 6.3 ਅਰਬ ਟਨ ਪਲਾਸਟਿਕ ਜਾਂ ਤਾਂ ਧਰਤੀ ਵਿਚ ਡੰਪ ਕੀਤਾ ਜਾ ਰਿਹਾ ਹੈ ਜਾਂ ਸਾਡੇ ਵਾਤਾਵਰਨ ਵਿੱਚ ਮੌਜੂਦ ਪਿਆ ਹੈ। ਇਸ ਵਿੱਚੋਂ ਸਿਰਫ਼ 9 ਫੀਸਦੀ ਨੂੰ ਹੀ ਰੀਸਾਈਕਲ (ਮੁੜ ਵਰਤੋਂ) ਕੀਤਾ ਜਾ ਰਿਹਾ ਹੈ। ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੀ ਇਕ ਖੋਜ ਅਨੁਸਾਰ 2050 ਤੱਕ 12 ਅਰਬ ਟਨ ਪਲਾਸਟਕ ਧਰਤੀ ਵਿੱਚ ਡੰਪ ਜਾਂ ਵਾਤਾਵਰਨ ਵਿਚ ਮੌਜੂਦ ਹੋ ਜਾਵੇਗਾ। ਕਿਉਂਕਿ ਵੱਡੀ ਗਿਣਤੀ ਵਿੱਚ ਪਲਾਸਟਿਕ ਨੂੰ ਕੁਦਰਤੀ ਤਰੀਕੇ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ ਇਸ ਲਈ ਇਹ ਪਲਾਸਟਿਕ ਵੱਡੀ ਮਾਤਰਾ ਵਿੱਚ ਸੈਕੜੇ ਜਾਂ ਹਜ਼ਾਰਾਂ ਸਾਲ ਤੱਕ ਮਨੁੱਖ ਦਾ ਪਿੱਛਾ ਨਹੀਂ ਛੱਡੇਗੀ। ਸਾਇੰਸ ਐਡਵਾਂਸ ਨਾਂ ਦੇ ਇਕ ਮੈਗਜ਼ੀਨ ਵਿਚ ਛਪੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ 1950 ਵਿਚ ਜਿੱਥੇ 20 ਲੱਖ ਟਨ ਪਲਾਸਟਿਕ ਹਰ ਸਾਲ ਪੈਦਾ ਕੀਤਾ ਜਾਂਦਾ ਸੀ, ਉਹ 2015 ਵਿੱਚ ਇਹ ਸੰਖਿਆ 40 ਕਰੋੜ ਟਨ ਪ੍ਰਤੀ ਸਾਲ ਤੱਕ ਪਹੁੰਚ ਗਈ ਹੈ। ਇਸ ਸਾਰੇ ਪ੍ਰਦੂਸ਼ਨ ਦਾ ਅਸਰ ਪੌਣਪਾਣੀ ਤਬਦੀਲੀ ਉੱਤੇ ਪੈ ਰਿਹਾ ਹੈ।

ਪੌਣਪਾਣੀ ਤਬਦੀਲੀ ਭਾਵ ਕਲਾਈਮੇਟ ਚੇਂਜ ਕਾਰਨ ਦੁਨੀਆ ਅਜਿਹੇ ਮੋੜ ’ਤੇ ਆ ਖੜ੍ਹੀ ਹੈ, ਜਿੱਥੋਂ ਪਿੱਛੇ ਆਉਣਾ ਜਾਂ ਇਸ ਨੂੰ ਸੁਧਾਰ ਸਕਣਾ ਸੰਭਵ ਹੀ ਨਹੀਂ ਹੈ। ਇੱਕ ਖੋਜ ਮੁਤਾਬਿਕ ਮਨੁੱਖ ਦੇ ਗੈਰ-ਕੁਦਰਤੀ ਕਾਰਿਆਂ ਕਾਰਨ ਦੁਨੀਆਂ ਤਾਂ ਹੁਣ ਅਜਿਹੇ ਪੜ੍ਹਾਅ ਉੱਤੇ ਪੁੱਜ ਜਾਵੇਗੀ ਜਦੋਂ ਪੌਣਪਾਣੀ ਬਦਲਾਅ ਕਾਰਨ ਹੋਣ ਵਾਲੇ ਖਤਰਨਾਕ ਅਤੇ ਵਿਨਾਸ਼ਕਾਰੀ ਨਤੀਜਿਆਂ ਨੂੰ ਰੋਕ ਪਾਉਣ ਮੁਮਕਿਨ ਹੀ ਨਹੀਂ ਹੋਵੇਗਾ। ਇਸ ਖੋਜ ਅਨੁਸਾਰ ਕਾਰਬਨ ਗੈਸਾਂ ਦੇ ਨਿਕਾਸ ਨੂੰ ਘਟਾਉਣ ਦਾ ਯਤਨ ਨਹੀਂ ਹੋ ਰਿਹਾ। ਜੇਕਰ ਕਾਰਬਨ ਗੈਸਾਂ ਘਟਾਉਣ ਦਾ ਵੱਧ ਤੋਂ ਵੱਧ ਯਤਨ ਕੀਤਾ ਵੀ ਜਾਵੇਗਾ ਤਾਂ ਵੀ 90 ਫੀਸਦੀ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਸਦੀ ਦੇ ਅੰਤ ਤੱਕ ਧਰਤੀ ਦੇ ਤਾਪਮਾਨ ਵਿੱਚ ਦੋ ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇਗਾ। ਇਸਦਾ ਨਤੀਜਾ ਇਹ ਹੋਵੇਗਾ ਕਿ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਵਿਚ ਸੋਕਾ ਪਵੇਗਾ, ਤਾਪਮਾਨ ਵਿਚ ਬਹੁਤ ਜ਼ਿਆਦਾ ਤਬਦੀਲੀਆਂ ਆਉਣਗੀਆਂ ਸਮੁੰਦਰ ਦੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਪੁੱਜ ਜਾਵੇਗਾ ਪੈਰਿਸ ਕਲਾਈਮੇਟ ਐਗਰੀਮੈਂਟ (ਦੁਨੀਆਂ ਭਰ ਦੇ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਸਮੇਂ) ਵਿਚ ਦੁਨੀਆਂ ਭਰ ਦੇ ਦੇਸ਼ਾਂ ਨੇ ਧਰਤੀ ਦੇ ਤਾਪਮਾਨ ਨੂੰ ਡੇਢ ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਦਾ ਟੀਚਾ ਤੈਅ ਕੀਤਾ ਸੀ। ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮਕਸਦ ਦਾ ਨਾਕਾਮ ਹੋਣਾ ਤੈਅ ਹੈ। ਉਨ੍ਹਾਂ ਅਨੁਸਾਰ ਧਰਤੀ ਦੀ ਜਨਸੰਖਿਆ ਵਧ ਰਹੀ ਹੈ, ਵਿਕਾਸ ਤੇ ਆਰਥਿਕ ਗਤੀਵਿਧੀਆਂ ਨਾਲ ਸਬੰਧਤ ਕੰਮਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਪਿਛਲੇ 50 ਸਾਲਾਂ ਦੇ ਅੰਕੜਿਆਂ ਦੇ ਅਧਿਐਨ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ 99 ਫੀਸਦੀ ਸੰਭਾਵਨਾ ਹੈ ਕਿ ਤਾਪਮਾਨ ਵਿਚ ਵਾਧੇ ਦਾ ਰਿਕਾਰਡ ਪੈਰਿਸ ਡੀਲ ਵਿਚ ਤੈਅ ਕੀਤੇ ਗਏ ਤਾਪਮਾਨ ਨੂੰ ਪਾਰ ਕਰ ਜਾਵੇਗਾ। ਤਾਪਮਾਨ ਵਿਚ ਵਾਧੇ ਦਾ ਸਿੱਟਾ ਧਰਤੀ ’ਤੇ ਜੀਵਨ ਜੀਉ ਰਹੇ ਮਨੁੱਖ ਨੂੰ ਭੁਗਤਣਾ ਪਵੇਗਾ ਜੋ ਕਿ ਜੀਵਨ ਲਈ ਅਤਿਅੰਤ ਘਾਤਕ ਸਾਬਤ ਹੋਏਗਾ।

ਭਾਰਤ ਵੀ ਇਸ ਗਲੋਬਲ ਵਾਰਮਿੰਗ ਦੇ ਅਸਰ ਤੋਂ ਬਚੇਗਾ ਨਹੀਂ। ਭਾਰਤ ਨੂੰ ਲਗਾਤਾਰ ਸੋਕੇ ਅਤੇ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋਕੇ ਨਾਲ ਲੋਕਾਂ ਦਾ ਜੀਵਨ ਪ੍ਰਭਾਵਤ ਹੁੰਦਾ ਹੈ। ਵੱਡੀ ਗਿਣਤੀ ਲੋਕ ਹੜ੍ਹਾਂ ਨਾਲ ਮਰਦੇ ਹਨ। 1950 ਵਿੱਚ ਸਾਡੇ ਦੇਸ਼ ਵਿੱਚ ਲਗਭਗ ਢਾਈ ਕਰੋੜ ਹੈਕਟੇਅਰ ਜ਼ਮੀਨ ਇਹੋ ਜਿਹੀ ਸੀ, ਜਿੱਥੇ ਹੜ੍ਹ ਆਉਂਦੇ ਸਨ, ਪਰ ਹੁਣ ਸੱਤ ਕਰੋੜ ਹੈਕਟੇਅਰ ਧਰਤੀ ਉੱਤੇ ਹੜ੍ਹ ਆਉਣ ਲੱਗੇ ਹਨ। ਦੇਸ਼ ਵਿੱਚ ਕੇਵਲ ਚਾਰ ਮਹੀਨੇ ਇਹੋ ਜਿਹੇ ਹੁੰਦੇ ਹਨ, ਜਦੋਂ ਮੀਂਹ ਪੈਂਦੇ ਹਨ। ਪਰ ਮੀਂਹ ਪੈਣ ਵਿਚ ਅਸਮਾਨਤਾ ਹੁੰਦੀ ਹੈ, ਦੇਸ਼ ਦੇ ਇੱਕ ਹਿੱਸੇ ਵਿਚ ਤਾਂ ਸੋਕਾ ਹੁੰਦਾ ਹੈ, ਦੂਜੇ ਹਿੱਸੇ ਵਿਚ ਹੜ੍ਹ ਆਏ ਹੁੰਦੇ ਹਨ। ਰਾਸ਼ਟਰੀ ਹੜ੍ਹ ਆਯੋਗ ਦੀ ਰਿਪੋਰਟ ਦੇ ਅਨੁਸਾਰ ਸਾਡੇ ਦੇਸ਼ ਵਿਚ ਹੜ੍ਹ ਦੇ ਕਾਰਨ ਹਰ ਸਾਲ ਲਗਭਗ ਇਕ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਪੂਰੀ ਦੁਨੀਆਂ ਵਿਚ ਹੜ੍ਹ ਨਾਲ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਸਦਾ ਪੰਜਵਾਂ ਹਿੱਸਾ ਭਾਰਤ ਵਿਚ ਹੁੰਦੀਆਂ ਹਨ। ਇਸ ਵੇਲੇ ਚੀਨ, ਬੰਗਲਾ ਦੇਸ਼, ਪਾਕਿਸਤਾਨ ਅਤੇ ਨੇਪਾਲ ਵੀ ਭਾਰਤ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਵਾਤਾਵਰਨ ਬਦਲਾਅ ਨਾਲ ਅਗਲੇ ਕੁਝ ਦਹਾਕਿਆਂ ਵਿਚ ਦੱਖਣੀ ਏਸ਼ੀਆ ਦਾ ਇਲਾਕਾ ਸ਼ਾਇਦ ਲੋਕਾਂ ਤੇ ਜੀਵਾਂ ਦੇ ਰਹਿਣ ਲਾਇਕ ਨਹੀਂ ਰਹੇਗਾ। ਵਿਗਿਆਨਕਾਂ ਦਾ ਅਨੁਮਾਨ ਹੈ ਕਿ ਵਾਤਾਵਰਨ ਬਦਲਾਅ ਕਾਰਨ ਭਾਰਤ ਤੇ ਪਾਕਿਸਤਾਨ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਇੰਨੀਆਂ ਗਰਮ ਹਵਾਵਾਂ ਚੱਲਣਗੀਆਂ ਕਿ ਇੱਥੇ ਜੀਵਨ ਲਗਭਗ ਨਾਮੁਮਕਿਨ ਹੋ ਜਾਵੇਗਾ। ਤਾਪਮਾਨ ਵਿਚ ਵਾਧੇ ਕਾਰਨ ਪੂਰੀ ਦੁਨੀਆ ਵਿਚ ਇੰਨੀ ਗਰਮੀ ਤੇ ਹੁੰਮਸ ਹੋ ਜਾਵੇਗੀ ਕਿ ਹਾਲਾਤ ਬਰਦਾਸ਼ਤ ਤੋਂ ਬਾਹਰ ਹੋ ਜਾਣਗੇਇਹਨਾਂ ਬਦਲੇ ਹੋਏ ਹਾਲਾਤ ਵਿਚ ਜੀਵਨ ਅਸੰਭਵ ਜਿਹਾ ਹੋ ਜਾਵੇਗਾ। ਜਿਨ੍ਹਾਂ ਇਲਾਕਿਆਂ ’ਤੇ ਇਸ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਹੋਵੇਗਾ, ਉਨ੍ਹਾਂ ਵਿਚ ਉੱਤਰੀ ਭਾਰਤ, ਬੰਗਲਾਦੇਸ਼ ਤੇ ਦੱਖਣੀ ਪਾਕਿਸਤਾਨ ਸ਼ਾਮਿਲ ਹਨ। ਇਨ੍ਹਾਂ ਇਲਾਕਿਆਂ ਦੀ ਮੌਜੂਦਾ ਆਬਾਦੀ ਡੇਢ ਅਰਬ ਤੋਂ ਜ਼ਿਆਦਾ ਹੈ। ਰਿਸਰਚ ਮੁਤਾਬਿਕ ਗਰਮੀ ਦਾ ਸਭ ਤੋਂ ਬੁਰਾ ਅਸਰ ਉਦੋਂ ਵੇਖਣ ਨੂੰ ਮਿਲਦਾ ਹੈ ਜਦੋਂ ਤਾਪਮਾਨ ਵਿਚ ਵਾਧੇ ਦੇ ਨਾਲ ਨਾਲ ਹੁੰਮਸ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਨੂੰ ‘ਵੈੱਟ ਬਲਬ’ ਤਾਪਮਾਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਤਰੀਕੇ ਨਾਲ ਗਣਨਾ ਕਰਨ ’ਤੇ ਨਮੀ ਦੇ ਵਾਸ਼ਪੀਕ੍ਰਿਤ ਹੋਣ ਦੀ ਸਮਰੱਥਾ ਦਾ ਪਤਾ ਲਗਦਾ ਹੈ। ਜਦੋਂ ਵੈੱਟ ਬਲਬ ਤਾਪਮਾਨ 35 ਡਿਗਰੀ ਸੈਲਸੀਅਸ ’ਤੇ ਪਹੁੰਚ ਜਾਂਦਾ ਹੈ, ਤਾਂ ਇਨਸਾਨੀ ਸਰੀਰ ਗਰਮੀ ਮੁਤਾਬਿਕ ਖ਼ੁਦ ਨੂੰ ਅਨੁਕੂਲਿਤ ਨਹੀਂ ਕਰ ਪਾਉਂਦਾ। ਜੀਵਾਂ ਦੇ ਸਰੀਰ ਵਿਚ ਸੁਭਾਵਿਕ ਤੌਰ ’ਤੇ ਅਨੁਕੂਲ ਦੀ ਸਮਰੱਥਾ ਹੁੰਦੀ ਹੈ। 35 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਹੋਣ ’ਤੇ ਇਨਸਾਨਾਂ ਦਾ ਸਰੀਰ ਇੰਨੀ ਗਰਮੀ ਤੋਂ ਖ਼ੁਦ ਨੂੰ ਬਚਾਉਣ ਲਈ ਠੰਢਾ ਨਹੀਂ ਹੋ ਪਾਉਂਦਾ। ਇਹੀ ਸਥਿਤੀ ਰਹੇ ਤਾਂ ਕੁਝ ਹੀ ਘੰਟਿਆਂ ਵਿਚ ਇਨਸਾਨ ਦਮ ਤੋੜ ਸਕਦਾ ਹੈ

ਸਾਲ 2100 ਆਉਂਦੇ ਆਉਂਦੇ ਭਾਰਤ ਦੀ 70 ਫ਼ੀਸਦੀ ਤੋਂ ਜ਼ਿਆਦਾ ਦੀ ਆਬਾਦੀ 32 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਨੂੰ ਝੱਲਣ ’ਤੇ ਮਜ਼ਬੂਰ ਹੋ ਜਾਵੇਗੀ। ਦੋ ਫ਼ੀਸਦੀ ਆਬਾਦੀ ਨੂੰ 35 ਡਿਗਰੀ ਸੈਲਸੀਅਸ ਵੈੱਟ ਬਲਬ ਤਾਪਮਾਨ ਦੀਆਂ ਭਿਆਨਕ ਸਥਿਤੀਆਂ ਦਾ ਸਾਹਮਣਾ ਕਰਨਾ ਪਵੇਗਾ। ਧਰਤੀ ਦਾ ਵੈੱਟ ਬਲਬ ਤਾਪਮਾਨ 31 ਡਿਗਰੀ ਸੈਲਸੀਅਸ ਦੇ ਪਾਰ ਜਾ ਚੁੱਕਾ ਹੈ। 2015 ਵਿਚ ਈਰਾਨ ਦੀ ਖਾੜੀ ਦੇ ਇਲਾਕੇ ਵਿਚ ਇਹ ਲਗਪਗ 35 ਡਿਗਰੀ ਸੈਲਸੀਅਸ ਦੀ ਹੱਦ ਤਕ ਪਹੁੰਚ ਗਿਆ ਸੀ। ਇਸ ਕਾਰਨ ਪਾਕਿਸਤਾਨ ਤੇ ਭਾਰਤ ਵਿਚ ਲਗਪਗ 3500 ਲੋਕਾਂ ਦੀ ਮੌਤ ਹੋਈ ਸੀ। ਜੇਕਰ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਨਹੀਂ ਕੀਤਾ ਗਿਆ, ਤਾਂ ਬੇਹੱਦ ਗਰਮ ਹਵਾ ਦੇ ਥਪੇੜੇ ਵੈੱਟ ਬਲਬ ਤਾਪਮਾਨ ਨੂੰ 31 ਡਿਗਰੀ ਸੈਲਸੀਅਸ ਤੋਂ 34.2 ਡਿਗਰੀ ਸੈਲਸੀਅਸ ਵਿਚਕਾਰ ਤਕ ਲਿਜਾ ਸਕਦੇ ਹਨ।

ਅਸਲ ਵਿੱਚ ਮਨੁੱਖ ਵਲੋਂ ਕੁਦਰਤ ਨਾਲ ਅੰਤਾਂ ਦੀ ਛੇੜ-ਛਾੜ ਕਰਕੇ ਆਪੇ ਸਹੇੜੀਆਂ ਮੁਸੀਬਤਾਂ ਮਨੁੱਖ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਦੁਨੀਆਂ ਭਰ ਵਿੱਚ ਸੋਕੇ ਅਤੇ ਹੜ੍ਹ ਤੋਂ ਪੀੜਤ ਲੋਕਾਂ ਲਈ ਅਨੇਕਾਂ ਘੋਸ਼ਨਾਵਾਂ ਕੀਤੀਆਂ ਜਾ ਰਹੀਆਂ ਹਨ, ਪਰ ਇਹਨਾ ਘੋਸ਼ਨਾਵਾਂ ਦੇ ਸਹਾਰੇ ਹੀ ਪੀੜਤਾਂ ਦਾ ਦਰਦ ਘੱਟ ਨਹੀਂ ਹੋ ਸਕਦਾਅਸਲ ਵਿੱਚ ਤਾਂ ਵਿਸ਼ਵ ਪੱਧਰ ਉੱਤੇ “ਕੁਦਰਤ ਨਾਲ ਸਾਂਝ” ਪਾਉਣ ਦੀ ਮੁਹਿੰਮ ਨਾਲ, ਮਨੁੱਖਾਂ ਨੂੰ ਜਾਗਰੂਕ ਕਰਕੇ “ਕੁਦਰਤੀ ਕਰੋਪੀ” ਰੋਕਣ ਲਈ ਕੁਝ ਹੱਲ ਕੱਢੇ ਜਾ ਸਕਦੇ ਹਨ। ਮਨੁੱਖੀ ਰਹਿਣ ਸਹਿਣ ਵਿਚ ਤਬਦੀਲੀ, ਦਰਖਤਾਂ ਦਾ ਲਗਾਉਣਾ, ਜਿਹੇ ਕਦਮ ਸ਼ਾਇਦ ਧਰਤੀ ਦੀ ਤਪਸ਼ ਨੂੰ ਕੁਝ ਠੰਢਿਆਂ ਕਰ ਸਕਣ ਵਿਚ ਵੀ ਸਹਾਈ ਹੋ ਸਕਦੇ ਹਨ

*****

(791)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author