GSGurditt7“ਸਭ ਤੋਂ ਵੱਧ ਖ਼ਤਰਾ ਇਸ ਗੱਲ ਦਾ ਹੈ ਕਿ ਇਸ ਨਾਲ ਭੂਟਾਨ ਚੀਨ ਦੇ ਹੱਥਾਂ ਵਿੱਚ ...”
(8 ਅਗਸਤ 2017)

 

ਭਾਰਤ ਅਤੇ ਚੀਨ ਦੇ ਆਪਸੀ ਰਿਸ਼ਤੇ ਪੁਰਾਣੇ ਤਾਂ ਬਹੁਤ ਹਨ ਪਰ ਉਹਨਾਂ ਵਿੱਚ ਦੋਸਤੀ ਵਾਲਾ ਨਿੱਘ ਸ਼ਾਇਦ ਹੀ ਕਦੇ ਰਿਹਾ ਹੋਵੇ ਇਹ ਦੋਵੇਂ ਮੁਲਕ ਗੁਆਂਢੀ ਹੋਣ ਦੇ ਬਾਵਜੂਦ ਇੱਕ ਦੂਸਰੇ ਲਈ ਓਪਰੇ ਹੀ ਬਣੇ ਰਹੇ ਹਨ ਇਸ ਦਾ ਵੱਡਾ ਕਾਰਨ ਤਾਂ ਇਹ ਹੈ ਕਿ ਦੋਵੇਂ ਹੀ ਏਸ਼ੀਆ ਦੇ ਸਭ ਤੋਂ ਵੱਡੇ ਮੁਲਕ ਹਨ ਅਤੇ ਅੱਜਕੱਲ ਦੋਵੇਂ ਹੀ ਵੱਡੀਆਂ ਫੌਜੀ ਤਾਕਤਾਂ ਹਨ ਹੋਰ ਵੀ ਸਰਲ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਦੋਵੇਂ ਇੱਕੋ ਹੀ ਜੰਗਲ ਦੇ ਸ਼ੇਰ ਹਨ ਇਸ ਲਈ ਦੋਹਾਂ ਵਿੱਚ ਜੰਗਲ ਦਾ ਰਾਜਾ ਬਣਨ ਲਈ ਇੱਕ ਲੁਕਵੀਂ ਜੰਗ ਚੱਲਦੀ ਹੀ ਰਹਿੰਦੀ ਹੈ ਦੋਹਾਂ ਵਿੱਚ ਗ਼ਲਤਫਹਿਮੀਆਂ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਦੋਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਆਪਸ ਵਿੱਚ ਬਿਲਕੁਲ ਨਹੀਂ ਮਿਲਦੇ ਭਾਸ਼ਾ ਦੇ ਮਾਮਲੇ ਵਿੱਚ ਤਾਂ ਹਾਲਤ ਇਹ ਹੈ ਕਿ ਦੋਵੇਂ ਮੁਲਕ ਇੱਕ-ਦੂਜੇ ਨੂੰ ਸਮਝਣ ਲਈ, ਆਮ ਕਰਕੇ ਪੱਛਮੀ ਮੁਲਕਾਂ ਦੀਆਂ ਮੀਡੀਆ ਰਿਪੋਰਟਾਂ ਦਾ ਹੀ ਸਹਾਰਾ ਲੈਂਦੇ ਹਨ ਭਾਰਤ ਵਿੱਚ ਚੀਨੀ ਮਾਮਲਿਆਂ ਦੇ ਕੁਝ ਕੁ ਹੀ ਮਾਹਰ ਹੋਣਗੇ ਜਿਹੜੇ ਚੀਨੀ ਭਾਸ਼ਾ ਜਾਣਦੇ ਹੋਣਗੇ ਇਹੀ ਹਾਲ ਚੀਨ ਵਿੱਚ ਵੀ ਹੈ ਜਿੱਥੇ ਹਿੰਦੀ ਜਾਂ ਅੰਗਰੇਜ਼ੀ ਜਾਨਣ ਵਾਲੇ ਰਾਜਨੀਤਕ ਮਾਹਰਾਂ ਦੀ ਇੱਕ ਵੱਡੀ ਕਮੀ ਹੈ ਇਸ ਕਾਰਨ ਦੋਹਾਂ ਮੁਲਕਾਂ ਵਿੱਚ ਖੁੱਲ੍ਹ ਕੇ ਸੰਵਾਦ ਕਦੇ ਹੋ ਹੀ ਨਹੀਂ ਸਕਿਆ ਮੌਜੂਦਾ ਮਾਹੌਲ ਵਿੱਚ ਵੀ ਛੋਟੀਆਂ-ਛੋਟੀਆਂ ਘਟਨਾਵਾਂ ਹੀ, ਦੋਹਾਂ ਨੂੰ ਵੱਡੀ ਮੁਸੀਬਤ ਵੱਲ ਤੋਰ ਰਹੀਆਂ ਹਨ ਡੋਕਲਾਮ ਦਾ ਮੌਜੂਦਾ ਸੰਕਟ ਇਸ ਦੀ ਇੱਕ ਵੱਡੀ ਉਦਾਹਰਣ ਹੈ

ਜੇਕਰ ਭਾਰਤ ਡੋਕਲਾਮ ਵਾਲੇ ਮੋਰਚੇ ਤੋਂ ਪਿੱਛੇ ਹਟਦਾ ਹੈ ਤਾਂ ਉਸ ਨੂੰ ਦੋ ਮੋਰਚਿਆਂ ਉੱਤੇ ਨਮੋਸ਼ੀ ਝੱਲਣੀ ਪਏਗੀ ਪਹਿਲੀ ਨਮੋਸ਼ੀ ਤਾਂ ਆਪਣੇ ਘਰ ਦੇ ਅੰਦਰ ਹੀ ਹੋਵੇਗੀ ਮੋਦੀ ਸਰਕਾਰ ਜੋ ਕਿ ਆਪਣੇ ਆਪ ਨੂੰ ਇੱਕ ਦ੍ਰਿੜ ਇਰਾਦੇ ਵਾਲੀ ਸਰਕਾਰ ਵਜੋਂ ਸਥਾਪਤ ਕਰਨ ਲਈ ਪੂਰਾ ਜ਼ੋਰ ਲਾਈ ਬੈਠੀ ਹੈ, ਆਪਣੇ ਦੇਸ਼ ਵਾਸੀਆਂ ਅਤੇ ਖਾਸ ਕਰਕੇ ਵਿਰੋਧੀ ਪਾਰਟੀਆਂ ਦੀਆਂ ਨਜ਼ਰਾਂ ਵਿੱਚ ਬੌਣੀ ਹੋ ਜਾਏਗੀ ਇਸ ਤੋਂ ਵੀ ਵੱਧ ਨਮੋਸ਼ੀ ਇਸ ਨੂੰ ਸੰਸਾਰ ਭਾਈਚਾਰੇ ਅਤੇ ਖਾਸ ਕਰਕੇ ਦੱਖਣੀ ਏਸ਼ੀਆ ਵਿੱਚ ਸਹਿਣੀ ਪਵੇਗੀ ਜਿਹੜੇ ਸਾਡੇ ਛੋਟੇ-ਛੋਟੇ ਗੁਆਂਢੀ ਮੁਲਕ ਚੀਨ ਦੀ ਧੌਂਸ ਦੇ ਖਿਲਾਫ਼ ਸਾਡੇ ਮੂੰਹ ਵੱਲ ਵੇਖਦੇ ਹਨ, ਉਹਨਾਂ ਦਾ ਹੌਸਲਾ ਟੁੱਟ ਜਾਏਗਾ ਇਹ ਵੀ ਹੋ ਸਕਦਾ ਹੈ ਕਿ ਉਹ ਦਿਲ ਹੀ ਛੱਡ ਜਾਣ ਅਤੇ ਚੀਨ ਦੀ ਹੀ ਝੋਲੀ ਵਿੱਚ ਜਾ ਪੈਣ ਸਭ ਤੋਂ ਵੱਧ ਖ਼ਤਰਾ ਇਸ ਗੱਲ ਦਾ ਹੈ ਕਿ ਇਸ ਨਾਲ ਭੂਟਾਨ ਚੀਨ ਦੇ ਹੱਥਾਂ ਵਿੱਚ ਜਾ ਸਕਦਾ ਹੈ ਅਤੇ ਤਿੱਬਤ ਵਾਲੀ ਕਹਾਣੀ ਉੱਥੇ ਵੀ ਵਾਪਰ ਸਕਦੀ ਹੈ ਨਾਲ ਹੀ ਭਾਰਤ ਦੇ ‘ਚਿਕਨ ਨੈੱਕ’ ਇਲਾਕੇ ਦੇ ਨੇੜੇ ਚੀਨੀ ਫੌਜ ਦਾ ਦਬਦਬਾ ਵਧ ਜਾਵੇਗਾ ਇਹ ਭਾਰਤ ਲਈ ਬਹੁਤ ਵੱਡੀ ਕੂਟਨੀਤਕ ਹਾਰ ਹੋ ਸਕਦੀ ਹੈ ਭਾਰਤ ਵਰਗਾ ਉੱਚੇ ਸੁਫ਼ਨੇ ਲੈਣ ਵਾਲਾ ਅਤੇ ਆਪਣੇ ਆਪ ਨੂੰ ਭਵਿੱਖ ਦੀ ਮਹਾਂਸ਼ਕਤੀ ਸਮਝਣ ਵਾਲਾ ਦੇਸ਼ ਇੰਨਾ ਵੱਡਾ ਖ਼ਤਰਾ ਕਦੇ ਵੀ ਨਹੀਂ ਮੁੱਲ ਲਵੇਗਾ ਜਿਸ ਨਾਲ ਉਸ ਦੇ ਅਕਸ ਨੂੰ ਇੰਨੀ ਵੱਡੀ ਢਾਹ ਲੱਗਦੀ ਹੋਵੇ ਇਸ ਲਈ ਭਾਰਤ ਦੇ ਡੋਕਲਾਮ ਤੋਂ ਇੱਕਤਰਫਾ ਵਾਪਸੀ ਦੇ ਕੋਈ ਆਸਾਰ ਨਹੀਂ ਹਨ

ਚੀਨ ਵਿੱਚ ਸਰਕਾਰ ਕੋਲ ਵੀ ਉੰਨੀ ਤਾਕਤ ਨਹੀਂ ਹੈ ਜਿੰਨੀ ਕਿ ਚੀਨੀ ਕਮਿਊਨਿਸਟ ਪਾਰਟੀ ਕੋਲ ਹੈ ਚੀਨੀ ਫ਼ੌਜ ਸ਼ਾਇਦ ਸੰਸਾਰ ਦੀ ਇੱਕੋ-ਇੱਕ ਵੱਡੀ ਫ਼ੌਜ ਹੈ ਜਿਸ ਉੱਤੇ ਉੱਥੋਂ ਦੀ ਸਰਕਾਰ ਨਾਲੋਂ ਵੱਧ ਉੱਥੋਂ ਦੀ ਕਮਿਊਨਿਸਟ ਪਾਰਟੀ ਦਾ ਕੰਟਰੋਲ ਹੈ ਇਸੇ ਸਾਲ ਹੀ ਪਾਰਟੀ ਦੀ 19ਵੀਂ ਕਾਂਗਰਸ ਵੀ ਹੋ ਰਹੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਦੌਰਾਨ ਪਾਰਟੀ ਵਿੱਚ ਵੀ ਆਪਣੀ ਵੱਧ ਪੈਂਠ ਬਣਾਉਣ ਦੀ ਤਾਕ ਵਿੱਚ ਹਨ ਪਹਿਲਾਂ ਹੀ ਉਹ ਪਾਰਟੀ ਵਿਚਲੇ ਆਪਣੇ ਕੁਝ ਵਿਰੋਧੀਆਂ ਨੂੰ ਨੁੱਕਰੇ ਲਗਾ ਚੁੱਕੇ ਹਨ ਉਹ ਚਾਹੁੰਦੇ ਹਨ ਕਿ ਪਾਰਟੀ ਅਤੇ ਸਰਕਾਰ, ਦੋਵਾਂ ਦੀਆਂ ਚਾਬੀਆਂ ਉਹਨਾਂ ਦੇ ਹੀ ਹੱਥ ਵਿੱਚ ਹੋਣ ਨਾਲੇ ਜਿਵੇਂ ਸਾਡੇ ਦੇਸ਼ ਦਾ ਇਲੈਕਟ੍ਰਾਨਿਕ ਮੀਡੀਆ ਹਰ ਰੋਜ਼ “ਸਟੂਡੀਓ-ਜੰਗ” ਲੜਦਾ ਹੈ ਉਸੇ ਹੀ ਤਰ੍ਹਾਂ ਚੀਨੀ ਮੀਡੀਆ ਵੀ ਇਹੀ ਕੰਮ ਹੀ ਕਰਦਾ ਹੈ ਚੀਨੀ ਮੀਡੀਆ ਨੇ ਆਪਣੇ ਦੇਸ਼ ਵਿੱਚ ਅਜਿਹਾ ਮਾਹੌਲ ਬਣਾ ਰੱਖਿਆ ਹੈ ਜਿਵੇਂ ਕਿ ਭਾਰਤ ਨੇ ਉਸ ਦੇਸ਼ ਉੱਤੇ ਹਮਲਾ ਕਰ ਦਿੱਤਾ ਹੋਵੇ ਇਸ ਕਾਰਨ ਚੀਨ ਦੀ ਜਨਤਾ ਵੀ ਆਪਣੇ ਰਾਸ਼ਟਰਪਤੀ ਨੂੰ ਸਵਾਲ ਕਰਦੀ ਹੈ ਕਿ ਤੁਸੀਂ ਭਾਰਤ ਤੋਂ ਡਰ ਕਿਉਂ ਰਹੇ ਹੋ ਅਤੇ ਹਮਲੇ ਦਾ ਮੂੰਹ-ਤੋੜ ਜਵਾਬ ਕਿਉਂ ਨਹੀਂ ਦਿੰਦੇ ਅਜਿਹੇ ਮਾਹੌਲ ਵਿੱਚ ਚੀਨੀ ਸਰਕਾਰ ਦੀ ਵੀ ਮੁੱਠੀ ਵਿੱਚ ਜਾਨ ਆਈ ਹੋਈ ਹੈ ਇਸ ਮੋਰਚੇ ਤੋਂ ਪਿੱਛੇ ਹਟਣਾ ਮੌਜੂਦਾ ਰਾਸ਼ਟਰਪਤੀ ਦੇ ਵਕਾਰ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ

ਫਿਰ ਵੀ, ਚੀਨ ਲਈ ਇਹ ਸੋਚਣ ਦੀ ਘੜੀ ਹੈ ਕਿ ਭਾਰਤ ਨਾਲ ਸੰਬੰਧ ਵਿਗਾੜ ਕੇ ਉਸ ਨੂੰ ਆਖਰ ਮਿਲਣਾ ਕੀ ਹੈ ਇਸ ਨਾਲ ਭਾਰਤ ਸਿੱਧਾ ਹੀ ਅਮਰੀਕਾ ਨਾਲ ਜਾ ਖੜ੍ਹੇਗਾ ਜਿਸ ਦੇ ਨਤੀਜੇ ਵਜੋਂ ਦੱਖਣ ਏਸ਼ੀਆ ਵਿੱਚ ਅਮਰੀਕੀ ਦਖ਼ਲ ਵਧ ਜਾਏਗਾ ਕੱਲ੍ਹ ਨੂੰ ਜਾਪਾਨ ਅਤੇ ਆਸਟਰੇਲੀਆ ਵਰਗੇ ਦੇਸ਼ ਵੀ ਭਾਰਤ ਨੂੰ ਅੰਦਰੋਂ ਸਮਰਥਨ ਦੇ ਸਕਦੇ ਹਨ ਭਾਰਤ ਅਤੇ ਆਸਟਰੇਲੀਆ ਇੱਕ ਰਣਨੀਤਕ ਗੱਠਜੋੜ ਵੱਲ ਵਧ ਸਕਦੇ ਹਨ ਤਾਂ ਕਿ ਅਮਰੀਕਾ ਅਤੇ ਜਾਪਾਨ ਦੀ ਸਹਾਇਤਾ ਨਾਲ, ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਵਧਦੀ ਦਖ਼ਲ-ਅੰਦਾਜ਼ੀ ਨੂੰ ਨੱਥ ਪਾਈ ਜਾ ਸਕੇ ਇਹ ਵੱਖਰੀ ਗੱਲ ਹੈ ਕਿ ਇਸ ਤਰ੍ਹਾਂ ਦੇ ਜੰਗੀ ਗੱਠਜੋੜ ਚੀਨ ਦੇ ਨਾਲ-ਨਾਲ ਭਾਰਤ ਲਈ ਵੀ ਕੋਈ ਚੰਗੇ ਨਹੀਂ ਹਨ ਇਸ ਵੇਲੇ ਦੋਵੇਂ ਹੀ ਦੇਸ਼ ਬੜੀ ਤੇਜ਼ੀ ਨਾਲ ਆਪਣੀ ਆਰਥਿਕਤਾ ਸੁਧਾਰਨ ਵਿੱਚ ਲੱਗੇ ਹੋਏ ਹਨ ਜੇਕਰ ਇਹਨਾਂ ਦਾ ਧਿਆਨ ਆਰਥਿਕਤਾ ਵਾਲੇ ਪਾਸਿਉਂ ਭਟਕ ਕੇ ਜੰਗ ਵਾਲੇ ਪਾਸੇ ਹੋ ਗਿਆ ਤਾਂ ਦੋਵੇਂ ਹੀ ਬੁਰੀ ਤਰ੍ਹਾਂ ਘਾਟੇ ਵਿੱਚ ਰਹਿਣਗੇ ਅਮਰੀਕਾ ਅਤੇ ਯੂਰੋਪ ਤਾਂ ਪਹਿਲਾਂ ਹੀ ਇਹ ਧਾਰੀ ਬੈਠੇ ਹਨ ਕਿ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਉਸ ਨੂੰ ਆਪਣੀਆਂ ਧਰਤੀਆਂ ਉੱਤੇ ਨਹੀਂ ਬਲਕਿ ਏਸ਼ੀਆ ਦੀ ਧਰਤੀ ਉੱਤੇ ਹੀ ਲੜਨਾ ਹੈ

ਚੀਨ ਨੂੰ ਇਹ ਗੱਲ ਵੀ ਵਿਚਾਰਨ ਦੀ ਲੋੜ ਹੈ ਕਿ ਉਸਦੀ ਆਰਥਿਕਤਾ ਪੂਰੀ ਤਰ੍ਹਾਂ ਬਰਾਮਦ ਉੱਤੇ ਨਿਰਭਰ ਹੈ ਜੇਕਰ ਉਸਦਾ ਮਾਲ ਬਾਹਰਲੇ ਦੇਸ਼ਾਂ ਵਿੱਚ ਵਿਕਣਾ ਬੰਦ ਹੋ ਜਾਵੇ ਤਾਂ ਕੁਝ ਦਿਨਾਂ ਵਿੱਚ ਹੀ ਉਸ ਦੀ ਆਰਥਿਕ ਤਾਕਤ ਦਾ ਫੂਕ ਨਿਕਲ ਸਕਦੀ ਹੈ ਭਾਰਤੀ ਬਾਜ਼ਾਰਾਂ ਵਿੱਚ ਚਾਰੇ ਪਾਸੇ ਚੀਨ ਦੀਆਂ ਬਣੀਆਂ ਵਸਤਾਂ ਦੀ ਭਰਮਾਰ ਨਜ਼ਰ ਆਉਂਦੀ ਹੈ ਚੀਨ ਦੇ ਬਣੇ ਏ.ਸੀ., ਸਿਲਾਈ ਮਸ਼ੀਨਾਂ, ਲੈਪਟਾਪ, ਮੋਬਾਈਲ, ਇਲੈਕਟ੍ਰਾਨਿਕ ਲਾਈਟਸ, ਮਿਊਜ਼ਿਕ ਸਿਸਟਮ ਆਦਿ ਉਪਕਰਣਾਂ ਦੀ ਭਾਰਤੀ ਬਾਜ਼ਾਰਾਂ ਵਿੱਚ ਬਹੁਤ ਮੰਗ ਹੈ ਬੰਗਲੌਰ ਵਿੱਚ ਬਣਨ ਵਾਲੀਆਂ 99 ਫੀਸਦੀ ਰੇਸ਼ਮੀ ਸਾੜੀਆਂ ਲਈ ਰੇਸ਼ਾ ਚੀਨ ਤੋਂ ਹੀ ਆ ਰਿਹਾ ਹੈ ਹਾਲਤ ਇਹ ਹੈ ਕਿ ਦੀਵਾਲੀ ਦੇ ਪਟਾਕੇ, ਰੰਗ ਬਰੰਗੀਆਂ ਰੌਸ਼ਨੀਆਂ, ਹੋਲੀ ਦੇ ਰੰਗ, ਪਿਚਕਾਰੀਆਂ, ਰੱਖੜੀਆਂ ਅਤੇ ਹਿੰਦੂ ਤਿਉਹਾਰਾਂ ਵੇਲੇ ਬਹੁਤ ਸਾਰੀਆਂ ਮੂਰਤੀਆਂ ਵੀ ਚੀਨ ਤੋਂ ਹੀ ਆਉਂਦੀਆਂ ਹਨ ਪਰ ਜੇਕਰ ਭਾਰਤ ਦੇ ਚੀਨ ਨਾਲ ਸੰਬੰਧ ਜ਼ਿਆਦਾ ਵਿਗੜਦੇ ਹਨ ਤਾਂ ਭਾਰਤੀ ਲੋਕਾਂ ਵਿੱਚ ਚੀਨੀ ਮਾਲ ਖਰੀਦਣ ਦੇ ਖਿਲਾਫ਼ ਕੋਈ ਲਹਿਰ ਵੀ ਖੜ੍ਹੀ ਹੋ ਸਕਦੀ ਹੈ ਭਾਵੇਂ ਕਿ ਭਾਰਤ ਨਾਲ ਉਸਦਾ ਕੁੱਲ ਵਪਾਰ ਮਹਿਜ਼ 70 ਅਰਬ ਡਾਲਰ ਸਾਲਾਨਾ (56 ਅਰਬ ਡਾਲਰ ਭਾਰਤ ਨੂੰ ਬਰਾਮਦ ਅਤੇ 14 ਅਰਬ ਡਾਲਰ ਦੀ ਦਰਾਮਦ) ਹੀ ਹੈ ਜਾਪਾਨ ਨਾਲ ਚੀਨੀ ਵਪਾਰ 300 ਅਰਬ ਡਾਲਰ ਹੈ ਅਤੇ ਅਮਰੀਕਾ ਨਾਲ ਤਕਰੀਬਨ 430 ਅਰਬ ਡਾਲਰ ਹੈ ਪਰ ਫਿਰ ਵੀ ਭਾਰਤ ਦੁਨੀਆ ਵਿੱਚ, ਚੀਨ ਤੋਂ ਬਾਅਦ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈ ਇਸ ਹਿਸਾਬ ਨਾਲ ਭਾਰਤੀ ਬਾਜ਼ਾਰ ਵੀ ਬਹੁਤ ਵੱਡਾ ਹੈ ਜਿਸ ਕਾਰਨ ਚੀਨ ਵਿੱਚ ਇਸ ਨੂੰ ਸਮਝਣ ਲਈ ਵਿਸ਼ੇਸ਼ ਰਣਨੀਤੀ ਬਣਾਈ ਜਾਂਦੀ ਹੈ ਇੰਜ ਹੀ ਭਾਰਤ ਵਿੱਚ ਚੀਨੀ ਨਿਵੇਸ਼ ਵੀ ਬਹੁਤ ਜ਼ਿਆਦਾ ਹੈ ਯਕੀਨਨ ਹੀ ਉਹ ਇਸ ਨੂੰ ਗੁਆਉਣਾ ਨਹੀਂ ਚਾਹੁੰਦਾ ਹੋਵੇਗਾ

ਹੁਣ ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿੱਚ ਛਪੇ ਇੱਕ ਲੇਖ ਤੋਂ ਖ਼ੁਲਾਸਾ ਹੋਇਆ ਹੈ ਕਿ ਚੀਨੀ ਫ਼ੌਜ, ਭਾਰਤੀ ਫ਼ੌਜ ਨੂੰ ਡੋਕਲਾਮ ਵਿੱਚੋਂ ਖਦੇੜਨ ਲਈ ਕਿਸੇ ਖਾਸ ਉਪਰੇਸ਼ਨ ਦੀ ਤਿਆਰੀ ਕਰ ਰਹੀ ਹੈ ਜੇਕਰ ਇਹ ਗੱਲ ਸੱਚੀ ਹੈ ਤਾਂ ਅਗਲੇ ਦਿਨਾਂ ਵਿੱਚ ਦੋਹਾਂ ਮੁਲਕਾਂ ਵਿੱਚ ਫੌਜੀ ਝੜਪਾਂ ਸ਼ੁਰੂ ਹੋ ਸਕਦੀਆਂ ਹਨ ਉੱਧਰ ਪਾਕਿਸਤਾਨ ਵਿੱਚ ਵੀ ਸਰਕਾਰ ਉੱਤੇ ਫ਼ੌਜੀ ਦਬਾਅ ਵਧਣ ਦੇ ਆਸਾਰ ਬਣ ਰਹੇ ਹਨ ਜੇਕਰ ਜੰਗ ਲੱਗਦੀ ਹੈ ਤਾਂ ਭਾਰਤ, ਚੀਨ ਦੀ ਕਮਜ਼ੋਰ ਨਸ ‘ਚੀਨ-ਪਾਕਿਸਤਾਨ ਆਰਥਿਕ ਗਲਿਆਰੇ’ ਵੱਲ ਵੀ ਕਾਰਵਾਈ ਕਰ ਸਕਦਾ ਹੈ ਇਸ ਨਾਲ ਦੁਨੀਆ ਦਾ ਇਹ ਸਭ ਤੋਂ ਵੱਧ ਆਬਾਦੀ ਵਾਲਾ ਖਿੱਤਾ ਜੰਗ ਦਾ ਅਖਾੜਾ ਬਣ ਸਕਦਾ ਹੈ ਜੰਗ ਲੜਨਾ ਭਾਵੇਂ ਭਾਰਤ ਅਤੇ ਚੀਨ ਦੋਹਾਂ ਲਈ ਹੀ ਪੂਰੀ ਤਰ੍ਹਾਂ ਘਾਟੇ ਵਾਲਾ ਸੌਦਾ ਹੈ ਪਰ ਜੰਗ ਦੇ ਇਸ ਮਹੌਲ ਨੂੰ ਇੱਕ ਦਮ ਖ਼ਤਮ ਕਰਨਾ ਵੀ ਹੁਣ ਉਹਨਾਂ ਦੇ ਵੱਸ ਵਿੱਚ ਨਹੀਂ ਰਿਹਾ ਜੇਕਰ ਉਹ ਇੱਕਤਰਫ਼ਾ ਵਾਪਸੀ ਕਰਦੇ ਹਨ ਤਾਂ ਉਹਨਾਂ ਨੂੰ ਆਪਣੀ ਘਰੇਲੂ ਸਿਆਸਤ ਦੇ ਮੋਰਚੇ ਉੱਤੇ ਨਮੋਸ਼ੀ ਸਹਿਣੀ ਪਵੇਗੀ ਅਤੇ ਆਲਮੀ ਭਾਈਚਾਰੇ ਵਿੱਚ ਵੀ ਹੇਠੀ ਹੋ ਸਕਦੀ ਹੈ ਉਹ ਜੰਗ ਤੋਂ ਬਚਣਾ ਤਾਂ ਚਾਹੁੰਦੇ ਹੋਣਗੇ ਪਰ ਆਪਣੀ ਇੱਜ਼ਤ ਵੀ ਬਚਾਈ ਰੱਖਣਾ ਚਾਹੁੰਦੇ ਹਨ ਜੇਕਰ ਦੋਵੇਂ ਹੀ ਕੁਝ ਸਮਾਂ ਸੰਜਮ ਤੋਂ ਕੰਮ ਲੈ ਲੈਣ ਤਾਂ ਹੋ ਸਕਦਾ ਹੈ ਕਿ ਇਹ ਮੁੱਦਾ ਹੌਲੀ-ਹੌਲੀ ਆਪਣੀ ਕੁਦਰਤੀ ਮੌਤ ਹੀ ਮਰ ਜਾਵੇ

*****

(790)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: 91 - 94171 - 93193
Email: (gurditgs@gmail.com)

More articles from this author