ShyamSDeepti7“ਅਸੀਂ ਕਿਉਂ ਖਾਨੇ-ਖਾਕੇ ਬਣਾ ਲਏ ਹਨ। ਵਿਚਾਰਾਂ ਦੇ ਟਕਰਾਅ ਅਤੇ ਵਿਕਾਸ ਦੀ ਥਾਂ ਅਸੀਂ ...”
(7 ਅਗਸਤ 2017)

 

ਇਹ ਗੱਲ ਮਨ ਨੂੰ ਪ੍ਰੇਸ਼ਾਨ ਅਤੇ ਬੇਚੈਨ ਕਰਦੀ ਹੈ, ਜਦੋਂ ਅੱਜ ਇੱਕੀਵੀਂ ਸਦੀ ਵਿਚ ਮਨੁੱਖੀ ਵਿਕਾਸ ਦੀਆਂ ਅਸਾਧਾਰਨ, ਅਦੁੱਤੀ, ਹੈਰਾਨ ਕਰ ਦੇਣ ਵਾਲੀਆਂ ਪ੍ਰਾਪਤੀਆਂ ਦਾ ਸਿਖਰ ਹੋਵੇ, ਦੁਨੀਆਂ ਇਕ ਗਲੋਬਲ ਵਿਲੇਜ ਬਣ ਗਈ ਹੋਵੇ, ਹਜ਼ਾਰਾਂ ਮੀਲ ਦੂਰ ਬੈਠੇ ਦੋਸਤਾਂ-ਸਨੇਹੀਆਂ ਨਾਲ ਮਿੰਟਾਂ-ਸਕਿੰਟਾਂ ਵਿਚ ਫੇਸ-ਟੂ-ਫੇਸ ਗੱਲ ਕਰ ਸਕਦੇ ਹੋਈਏ, ਭਾਵ ਇਕ ਪਾਸੇ ਏਨੀ ਨੇੜਤਾ ਹੋ ਰਹੀ ਹੋਵੇ ਤੇ ਦੂਸਰੇ ਪਾਸੇ ਦੁਨੀਆਂ ਭਰ ਵਿਚ ਯੂ.ਐੱਸ. ਫਸਟ, ਭਾਰਤ ਪਹਿਲਾਂ ... ਤੇ ਭਾਰਤ ਵਿਚ ਹੀ ਅੱਗੇ ਹੋਰ ਬਰੀਕੀ ਦੀਆਂ ਪਹਿਲ ਕਦਮੀਆਂ ਮਰਾਠੀ ਗੌਰਵ, ਕੱਨੜ ਹੋਣ ਦਾ ਮਾਣ ... ਤੇ ਫੇਰ ਇਲਾਕੇ ਅਤੇ ਬੋਲੀ ਦੇ ਮਾਣ ਤੋਂ ਅੱਗੇ ਧਰਮ, ਜਾਤ-ਬਰਾਦਰੀ ਵਿਚ ਵਧ ਰਹੀ ਭਾਵਨਾ ਕਿ ਅਸੀਂ ਕਿਸ ਤੋਂ ਘੱਟ ਹਾਂ।

ਇਹ ਸਾਰੇ ਭਾਵ-ਅਹਿਸਾਸ, ਹੌਲੀ-ਹੌਲੀ ਆਪਸੀ ਟਕਰਾਵ ’ਤੇ ਪਹੁੰਚਦੇ ਹਨ ਤੇ ਆਪਸੀ ਟਕਰਾਅ ਦਾ ਨਤੀਜਾ ਨਫ਼ਰਤ ਅਤੇ ਫਿਰ ਆਪਣੀ ਮਾਣ-ਮਰਿਆਦਾ ਕਾਇਮ ਰੱਖਣ ਲਈ ਕੁਰਬਾਨ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ। ਇੱਕੀਵੀਂ ਸਦੀ ਦਾ ਮਨੁੱਖ ਇਸ ਤਰ੍ਹਾਂ ਦੇ ਤਿੱਖੇ ਅਹਿਸਾਸਾਂ ਵਿੱਚੋਂ ਲੰਘ ਰਿਹਾ ਹੈ।

ਮਨੁੱਖ ਹੋਣ ਦੇ ਗੌਰਵ ਨੂੰ ਸਮਝਣ ਦੀ ਥਾਂ ਅਸੀਂ ਖਿੱਤੇ, ਖੇਤਰ, ਰੰਗ, ਬੋਲੀ, ਖਾਣ-ਪੀਣ, ਪਹਿਨਣ ਨੂੰ ਅਹਿਮੀਅਤ ਦੇਣ ਲੱਗੇ ਹੋਏ ਹਾਂ। ਇਸੇ ਤਰ੍ਹਾਂ ਧਰਮ ਦੇ ਗੌਰਵ ਦੀ ਗੱਲ ਹੈ, ਜੋ ਸਾਨੂੰ ਇਨਸਾਨ ਬਨਣ ਤੋਂ ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਬਣਨ ਅਤੇ ਬਣੇ ਰਹਿਣ ਨੂੰ ਪਹਿਲ ਦੇਣਾ ਸਿਖਾਉਂਦਾ ਹੈ ਤੇ ਧਰਮ ’ਤੇ ਮਾਣ ਕਰਨ ਲਈ ਪ੍ਰੇਰਦਾ ਹੈ। ਧਰਮ ਤੋਂ ਬਾਅਦ ਇਹ ਅੰਬੇਡਕਰਵਾਦੀ, ਰਾਮਗੜ੍ਹੀਆ ਜਾਂ ਬਾਲਮੀਕੀ ਹੋਣ ’ਤੇ ਮਾਣ ਕਰਨਾ ਸਿਖਾਉਂਦਾ ਹੈ ਤੇ ਇਸ ਤਰ੍ਹਾਂ ਇਨ੍ਹਾਂ ਵੱਖ-ਵੱਖ ਪਛਾਣ-ਚਿੰਨ੍ਹਾਂ ਦੇ ਇਸ਼ਤਿਹਾਰਾਂ ਹੇਠ ਮਨੁੱਖ ਦਾ ਚਿਹਰਾ ਇੰਨਾ ਵਿਗੜ ਜਾਂਦਾ ਹੈ ਕਿ ਪਛਾਨਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਕਿ ਕਹਿਣ ਨੂੰ ਹਰ ਸ਼ਖ਼ਸ, ਇਨ੍ਹਾਂ ਰਸਤਿਆਂ ’ਤੇ ਤੁਰਨ ਨੂੰ ਆਪਣੀ ਪਛਾਣ ਦੀ ਲੜਾਈ ਕਹਿ ਕੇ ਲੜਦਾ ਹੈ।

ਮਨੁੱਖ ਕੋਲ ਮਾਣ ਕਰਨ ਨੂੰ ਬਹੁਤ ਕੁਝ ਹੈ। ਮਨੁੱਖ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ, ਉਸ ਦੀ ਵਿਲੱਖਣ ਬੁੱਧੀ, ਉਸ ਦੀ ਸਿਆਣਪ ਨੂੰ ਜਾਂਦਾ ਹੈ। ਮਨੁੱਖ ਦੀ ਸਿਆਣਪ ਦਾ ਹੀ ਨਤੀਜਾ ਹੈ ਕਿ ਉਸ ਨੇ ਕੁਦਰਤ ਨੂੰ ਸਿਰਫ਼ ਨੀਝ ਨਾਲ ਤੱਕਿਆ ਹੀ ਨਹੀਂ, ਉਸ ਦੇ ਪਿੱਛੇ ਛੁਪੇ ਕਾਰਨਾਂ ਨੂੰ ਜਾਨਣ ਦੀ ਕੋਸ਼ਿਸ਼ ਵੀ ਕੀਤੀ ਹੈ, ਜੋ ਕਿ ਅੱਜ ਤੱਕ ਜਾਰੀ ਹੈ। ਅਸੀਂ ਸੋਚਣ ਵਾਲੇ ਜੀਵ ਹਾਂ - ਥਿੰਕਿੰਗ ਐਨੀਮਲ। ਭਾਵੇਂ ਸੋਚਦੇ ਜਾਨਵਰ ਵੀ ਹਨ, ਪਰ ਅਸੀਂ ਸਹੀ ਅਰਥਾਂ ਵਿਚ ਸੋਚ ਰਾਹੀਂ ਹਾਲਾਤ ਦਾ ਵਿਸ਼ਲੇਸ਼ਣ ਕਰਦੇ ਹਾਂ। ਸਾਡੀ ਬੁੱਧੀ ਵਿਸ਼ਲੇਸ਼ਣੀ ਗੁਣ ਵਾਲੀ ਹੈ। ਅਸੀਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਸੁਲਝਾਉਣ ਲਈ, ਕਈ ਬਦਲਵੇਂ ਢੰਗ-ਤਰੀਕੇ ਸੋਚਦੇ ਹਾਂ। ਉਨ੍ਹਾਂ ਦੇ ਠੀਕ-ਗਲਤ ਪਹਿਲੂਆਂ ਦੀ ਚਰਚਾ ਕਰਦੇ ਹਾਂ। ਉਨ੍ਹਾਂ ਦੀ ਤੁਲਨਾ ਕਰਕੇ, ਇਕ ਵਧੀਆ-ਵਾਜਿਬ ਰਾਹ ਚੁਨਣ ਦਾ ਢੰਗ ਸਾਨੂੰ ਆਉਂਦਾ ਹੈ।

ਮਨੁੱਖ ਨੇ ਜੰਗਲੀ ਵਿਕਾਸ ਦੇ ਸਮੇਂ ਲੜਾਈ ਤੋਂ ਵੀ ਕੰਮ ਲਿਆ ਤੇ ਫਿਰ ਬੁੱਧੀ ਦੇ ਵਿਕਾਸ ਨਾਲ ਜੰਗ ਨੂੰ ਨਕਾਇਆ। ਅਸੀਂ ਸੋਚਿਆ ਕਿ ਲੜਾਈ ਸਮੱਸਿਆਵਾਂ ਦਾ ਹੱਲ ਨਹੀਂ ਹੈ। ਮਨੁੱਖ ਕੋਲ ਸਹਿਯੋਗ ਅਤੇ ਮਿਲਵਰਤਣ ਦੇ ਗੁਣ ਨੇ। ਇਸੇ ਸਿਆਣਪ ਦਾ ਨਤੀਜਾ ਹੈ ਕਿ ਅਸੀਂ ਯੂ.ਐੱਨ.ਓ., ਵਿਸ਼ਵ ਸਿਹਤ ਸੰਸਥਾ ਆਦਿ ਵਰਗੀਆਂ ਅਨੇਕਾਂ ਸੰਸਥਾਵਾਂ ਰਾਹੀਂ, ਮਨੁੱਖ ਨੂੰ ਸਮਝਣ ਅਤੇ ਉਸ ਦੇ ਦਰਦ ਨੂੰ ਨਿਪਟਾਉਣ ਲਈ ਕੋਸ਼ਿਸ਼ਾਂ ਕੀਤੀਆਂ ਅਤੇ ਕਰ ਵੀ ਰਹੇ ਹਾਂ। ਸਾਡੀ ਮਨੁੱਖੀ ਮਨਸ਼ਾ ਹੈ ਕਿ ਕੋਈ ਵੀ ਵਿਅਕਤੀ ਰਾਤੀਂ ਭੁੱਖਾ ਨਾ ਸੋਵੇ। ਸ਼ਾਂਤੀ ਦਾ ਮਾਹੌਲ ਹੋਵੇ। ਇਸ ਸੋਚ ਪ੍ਰਤੀ ਬਹੁਤ ਸਾਰੇ ਲੋਕ ਸੁਹਿਰਦ ਹਨ, ਤੇ ਨਾਲ ਹੀ ਇਸ ਦੇ ਉਲਟ ਵੀ ਹੋ ਰਿਹਾ ਹੈ। ਪਰ ਸਾਡੀ ਸਿਆਣਪ ਕੋਲ ਰਾਹ ਜ਼ਰੂਰ ਹੈ।

ਅਸੀਂ ਅਸਲ ਵਿਚ ਵਿਸ਼ਲੇਸ਼ਣੀ ਜੀਵ ਹਾਂ। ਜਾਨਵਰਾਂ ਦੀ ਕਾਰਜ ਪ੍ਰਣਾਲੀ ਭੱਜੋ ਜਾਂ ਭਿੜੋ ਵਾਲੀ ਹੈ। ਉਨ੍ਹਾਂ ਨੂੰ ਤੰਤੂ ਪ੍ਰਣਾਲੀ ਅਤੇ ਸਰੀਰਕ ਰਸਾਇਣ ਸੁਨੇਹਾ ਦਿੰਦੇ ਹਨ। ਮਨੁੱਖੀ ਦਿਮਾਗ਼ ਸੋਚਦਾ, ਵਿਚਾਰਦਾ, ਵਿਸ਼ਲੇਸ਼ਣ ਕਰਕੇ ਸਿੱਟਾ ਕੱਢਦਾ ਅਤੇ ਫੈਸਲਾ ਲੈਂਦਾ ਹੈ। ਇਹ ਸਾਡਾ ਗੁਣ ਹੈ, ਇਹ ਸਾਡਾ ਗੌਰਵ ਵੀ ਹੈ? ਕੀ ਸਾਡੀ ਵਿਸ਼ਲੇਸ਼ਣੀ ਬੁੱਧੀ ਕਦੇ ਨਹੀਂ ਕਹਿੰਦੀ ਕਿ ਅਸੀਂ ਕਿਸ ਤਰ੍ਹਾਂ ਦੇ ਗੈਰ-ਉਸਾਰੂ ਕਾਰਜਾਂ ਵਿਚ ਉਲਝੇ ਪਏ ਹਾਂ? ਅਸੀਂ ਕਿਉਂ ਖਾਨੇ-ਖਾਕੇ ਬਣਾ ਲਏ ਹਨ। ਵਿਚਾਰਾਂ ਦੇ ਟਕਰਾਅ ਅਤੇ ਵਿਕਾਸ ਦੀ ਥਾਂ ਅਸੀਂ ਖਾਣ-ਪੀਣ-ਪਹਿਨਣ ਨੂੰ ਮਾਣ ਸਮਝਦੇ ਹਾਂ ਤੇ ਟਕਰਾਅ ਦੀ ਹਾਲਤ ਪੈਦਾ ਕਰ ਲੈਂਦੇ ਹਾਂ। ਜੇਕਰ ਅਸੀਂ ਇਸ ਤਾਕਤਵਰ ਪਹਿਲੂ ਨੂੰ ਨਾ ਸਮਝਦੇ ਹੋਏ, ਇਸ ਦਾ ਇਸਤੇਮਾਲ ਨਹੀਂ ਕਰਦੇ ਤਾਂ ਅਸੀਂ ਆਪਣੀ ਮਨੁੱਖੀ ਸ਼ਖ਼ਸੀਅਤ ਦਾ, ਉਸ ਵਿਚ ਮੌਜੂਦ ਵਿਸ਼ੇਸ਼ ਗੁਣਾਂ ਦਾ ਅਪਮਾਨ ਕਰ ਰਹੇ ਹਾਂ।

ਮਨੁੱਖੀ ਜੀਵ ਵਿਕਾਸ ਦੀ ਪ੍ਰਕਿਰਿਆ ਵਿਚ, ਅਸੀਂ ਇਕੱਠੇ ਬੈਠਣਾ ਸਿੱਖੇ। ਜਾਨਵਰ ਵੀ ਮਿਲ ਕੇ ਝੁੰਡਾਂ ਵਿਚ ਰਹਿੰਦੇ ਹਨ। ਪਰ ਅਸੀਂ ਝੁੰਡ ਨਹੀਂ ਹਾਂ। ਅਸੀਂ ਸਿਰਫ਼ ਇਕ ਦੂਸਰੇ ਨੂੰ ਸਰੀਰਕ ਪੱਧਰ ਤੇ, ਨੈਨ-ਨਕਸ਼ ਪੱਖੋਂ ਹੀ ਨਹੀਂ ਜਾਣਦੇ-ਪਛਾਣਦੇ, ਅਸੀਂ ਮਾਨਸਿਕ ਤੌਰ ’ਤੇ ਵੀ ਇਕ ਦੂਸਰੇ ਨੂੰ ਜਾਣਦੇ ਹਾਂ ਤੇ ਸਮਝਦੇ ਹਾਂ। ਇਕ ਦੂਸਰੇ ਨੂੰ ਸਮਝਣਾ ਮਨੁੱਖੀ ਸ਼ਖ਼ਸੀਅਤ ਦਾ ਵੱਖਰਾ ਵਿਸ਼ੇਸ਼ ਗੁਣ ਹੈ। ਇਹੀ ਸਮਝ ਵਾਲਾ ਪਹਿਲੂ ਹੈ ਕਿ ਇਕ ਦੂਸਰੇ ਦਾ ਦਰਦ ਮਹਿਸੂਸ ਕਰਦੇ ਹਾਂ ਅਤੇ ਉਨ੍ਹਾਂ ਦੇ ਦਰਦ ਵਿਚ ਸ਼ਰੀਕ ਹੁੰਦੇ ਹਾਂ। ਅਸੀਂ ਸਮਾਜਿਕ ਪ੍ਰਾਣੀ ਹਾਂ। ਅਸੀਂ ਇਕ ਦੂਸਰੇ ਦੀ ਮਦਦ ਲਈ ਅੱਗੇ ਵਧਦੇ ਹਾਂ। ਇਹ ਮਦਦ ਕਰਨ ਦੀ ਭਾਵਨਾ, ਇਹ ਕਿਸੇ ਦੇ ਕੰਮ ਆਉਣ ਦੀ ਚਾਹ ਸਾਡੀ ਤਾਕਤ ਹੈ। ਸਾਨੂੰ ਮਨੁੱਖ ਹੋਣ ’ਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਮਿਲ ਕੇ, ਇਕ ਦੂਸਰੇ ਦੇ ਭਾਈਵਾਲ ਦੇ ਤੌਰ ’ਤੇ ਰਹਿਣ ਵਾਲੇ ਜੀਵ ਹਾਂ। ਅਸੀਂ ਮਨੁੱਖ ਦੇ ਤੌਰ ’ਤੇ ਸਿਰਫ਼ ਆਪਣੇ ਵਰਗੇ ਮਨੁੱਖਾਂ ਦਾ ਹੀ ਨਹੀਂ, ਹੋਰ ਜੀਵਾਂ ਦੇ ਦਰਦ ਨੂੰ ਵੀ ਸਮਝਦੇ ਹਾਂ। ਅਸੀਂ ਇਹ ਸਥਿਤੀ ਦਾ ਜਾਇਜ਼ਾ ਇਸ ਗੱਲ ਤੋਂ ਲੈ ਸਕਦੇ ਹਾਂ ਕਿ ਭਾਵੇਂ ਅਸੀਂ ਖੁਦ ਹੀ ਸ਼ੇਰਾਂ-ਹਾਥੀਆਂ ਦੀ ਗਿਣਤੀ ਘੱਟ ਕਰਨ ਦੇ ਜ਼ਿੰਮੇਵਾਰ ਹਾਂ, ਪਰ ਮਨੁੱਖੀ ਸ਼ਖ਼ਸੀਅਤ ਦਾ ਇਹ ਗੁਣ ਹੀ, ਉਨ੍ਹਾਂ ਨੂੰ ਬਚਾਉਣ ਦਾ ਫ਼ਿਕਰ ਕਰ ਰਿਹਾ ਹੈ। ਅਸੀਂ ਦਰਖ਼ਤਾਂ ਨੂੰ ਕੱਟ ਕੇ, ਪੰਛੀਆਂ ਦੇ ਆਲ੍ਹਣੇ ਤਬਾਹ ਕੀਤੇ, ਪਰ ਹੁਣ ਅਸੀਂ ਉਨ੍ਹਾਂ ਲਈ ਆਲ੍ਹਣੇ ਬਣਾ ਕੇ ਟੰਗ ਵੀ ਰਹੇ ਹਾਂ ਤੇ ਉਨ੍ਹਾਂ ਲਈ ਦਾਣੇ-ਪਾਣੀ ਦਾ ਬੰਦੋਬਸਤ ਕਰਨ ਲਈ ਜ਼ਿੰਮੇਵਾਰੀ ਵੀ ਲੈ ਰਹੇ ਹਾਂ। ਸਾਨੂੰ ਇਸ ਮਨੁੱਖੀ ਗੁਣ ਨੂੰ ਪਛਾਣ ਕੇ, ਉਭਾਰਨ ਦੀ ਲੋੜ ਹੈ ਤੇ ਇਸ ’ਤੇ ਮਾਣ ਕਰਨ ਦੀ ਗੱਲ ਨੂੰ ਪ੍ਰਚਾਰਨ ਦੀ ਲੋੜ ਵੀ ਹੈ।

ਅਸੀਂ ਅਕਸਰ ਦੇਖਦੇ ਹਾਂ, ਮਨੁੱਖ ਇਕੱਲਾ ਬੈਠਿਆਂ ਸੋਚਦਾ ਹੈ, ਉਹ ਆਪਣੇ ਆਲੇ-ਦੁਾਲੇ ਦਾ ਜਾਇਜ਼ਾ ਲੈਂਦਾ ਹੈ। ਉਸ ਆਲੇ-ਦੁਆਲੇ ਪਸਰੇ ਸਮਾਜ ਵਿਚ ਆਪਣੀ ਭੂਮਿਕਾ ਤਲਾਸ਼ ਕਰਦਾ ਹੈ। ਉਹ ਆਪਣੇ ਆਪ ਨਾਲ ਸਵਾਲ ਕਰਦਾ ਹੈ - ਮੈਂ ਕੌਣ ਹਾਂ? ਮੇਰਾ ਕੀ ਕਾਰਜ ਹੈ? ਮਨੁੱਖੀ ਸ਼ਖ਼ਸੀਅਤ ਦਾ ਇਹ ਗੁਣ ਕਿ ਉਹ ਆਪਣੇ ਆਪ ਨਾਲ ਗੱਲ ਕਰ ਸਕਦਾ ਹੈ, ਇਕ ਵੱਡੀ ਅਹਿਮੀਅਤ ਰੱਖਦਾ ਹੈ। ਮਨੁੱਖ ਦਾ ਸਵੈ ਹੀ ਹੈ ਜੋ ਵਿਅਕਤੀ ਨੂੰ ਕੁਝ ਕਰਨ ਅਤੇ ਅੱਗੇ ਵਧਣ ਲਈ ਹੱਲਾਸ਼ੇਰੀ ਦਿੰਦਾ ਹੈ। ਫਿਰ ਵਿਅਕਤੀ ਸਮਾਜ ਨੂੰ ਮੁਖਾਤਿਬ ਹੁੰਦਾ ਹੈ, ਸਿਆਣਪ ਦਾ ਲੜ ਫੜਦਾ ਹੈ। ਸਿਆਣਪ, ਸਮਾਜ ਅਤੇ ਸਵੈ ਦਾ ਆਪਸੀ ਸੰਵਾਦ ਬਹੁਤ ਕੁਝ ਕਰ ਸਕਦਾ ਹੈ। ਇਸ ਤਿੱਕੜੀ ਵਿਚ ਬਹੁਤ ਸੰਭਾਵਨਾਵਾਂ ਹਨ ਕਿ ਇਹ ਧਰਤੀ, ਇੱਥੇ ਹੀ ਰਹਿਣਯੋਗ ਹੋ ਸਕਦੀ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦੇ ਭਰਮ-ਭੁਲੇਖੇ ਵਿਚ ਪਾ ਕੇ, ਸਵਰਗ ਦੀ ਟਿਕਟ ਬੁੱਕ ਕਰਵਾਉਣ ਦੀ ਲੋੜ ਨਹੀਂ ਹੈ।

ਮਨੁੱਖੀ ਵਿਸ਼ਲੇਸ਼ਣ ਜੇਕਰ ਧਰਤੀ ਅਤੇ ਉਸ ਦੇ ਜੀਵਾਂ ਦੀ ਉਤਪਤੀ ਨੂੰ ਸਮਝ ਸਕਦਾ ਹੈ ਤਾਂ ਉਸ ਵਿਚ ਇੰਨੀ ਸਮਰੱਥਾ ਹੈ ਕਿ ਧਰਤੀ ਦਾ ਇਹ ਜੀਵਨ ਕਿਵੇਂ ਤਬਾਹ ਹੋ ਸਕਦਾ ਹੈ, ਬਾਰੇ ਵੀ ਸਮਝ ਰੱਖਦਾ ਹੋਵੇ। ਇਹ ਸਭ ਜਾਣਦੇ ਹੋਏ ਵੀ, ਤਬਾਹੀ ਵੱਲ ਲੈ ਜਾਣ ਵਾਲੇ ਸਾਰੇ ਉਪਰਾਲੇ ਕਰੀ ਜਾਵੇ ਤਾਂ ਇਹ ਉਸ ਦੀ ਨਾਦਾਨੀ ਹੀ ਨਹੀਂ, ਸਗੋਂ ਮਨੁੱਖੀ ਹਸਤੀ ਉੱਪਰ ਇਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ।

ਸਮਾਜ ਅਤੇ ਸਿਆਣਪ ਦਾ ਜੋੜ ਹੈ ਕਿ ਸਾਡੇ ਕੋਲ ਕਿੰਨੇ ਹੀ ਹੱਥ ਹਨ ਅਤੇ ਕਿੰਨੇ ਹੀ ਵਿਚਾਰ। ਇਹ ਕੀ ਦਾ ਕੀ ਕਰ ਸਕਦੇ ਹਨ ਤੇ ਅਸੀਂ ਕੀਤਾ ਵੀ ਹੈ। ਹਨੇਰੇ ਨੂੰ ਰੋਸ਼ਨੀ ਵਿਚ ਤਬਦੀਲ ਕਰਨ ਤੋਂ ਵੱਡਾ ਕੀ ਕਾਰਨ ਹੋ ਸਕਦਾ ਹੈ? ਜੰਮੀ ਹੋਈ ਬਰਫ਼ ਨੂੰ ਪਿਘਲਾਉਣ ਤੋਂ ਵੱਧ ਕੀ ਅਜੂਬਾ ਹੋ ਸਕਦਾ ਹੈ? ਮਰਨ ਕਿਨਾਰੇ ਬੰਦੇ ਵਿਚ, ਇਕ ਸਿਹਤਮੰਦ ਵਿਅਕਤੀ ਦੇ ਸਾਹ ਭਰਨਾ, ਕੀ ਕਰਾਮਾਤ ਤੋਂ

ਘੱਟ ਹੈ?

ਸਮਾਜ ਵਿਚ ਮਿਲੇ ਰਹਿਣਾ, ਸਹਿਯੋਗ ਅਤੇ ਇਕੱਠੇ ਬੈਠ ਕੇ ਸੋਚਣਾ - ਤੁਸੀਂ ਸੋਚ ਕੇ ਦੇਖੋ ਕਿ ਮੈਨੂੰ ਕਿਸੇ ਦੀ ਲੋੜ ਨਹੀਂ। ਮੈਂ ਕਿਸੇ ’ਤੇ ਨਿਰਭਰ ਨਹੀਂ। ਤੁਸੀਂ ਘਰੇ ਜਾ ਕੇ ਖੁਦ ਰੋਟੀ ਬਣਾਈ, ਸਬਜ਼ੀ ਨੂੰ ਤੜਕਾ ਲਾਇਆ ਤੇ ਖੁਸ਼ ਹੋ ਗਏ। ਆਟਾ ਕਿੱਥੋਂ ਆਇਆ? ਸਬਜ਼ੀ ਕਿਵੇਂ ਤੁਹਾਡੇ ਹੱਥਾਂ ਤੱਕ ਪਹੁੰਚੀ। ਚਕਲਾ-ਵੇਲਣਾ, ਸਟੋਵ, ਤੇਲ, ਤਵਾ ...। ਖੁਦ ਸਮਝ ਲਵੋਗੇ ਮਿਲਵਰਤਣ ਦਾ ਮਤਲਬ ਅਤੇ ਮਹੱਤਵ।

ਮਨੁੱਖ ਜਦੋਂ ਆਪਸ ਵਿਚ ਮਿਲਦਾ ਹੈ, ਰਲ ਕੇ ਕੰਮ ਕਰਦਾ ਹੈ ਤਾਂ ਉਹ ਰਿਸ਼ਤਿਆਂ ਵਿਚ ਬੰਨ੍ਹਿਆ ਜਾਂਦਾ ਹੈ। ਇਹ ਸਿਰਫ਼ ਸਰੀਰਕ ਕੰਮਕਾਜੀ ਸਾਂਝ ਨਹੀਂ ਹੁੰਦੀ। ਇਹ ਇਕ ਤਾਂ ਉਮਰ ਦੀ ਸਾਂਝ ਬਣਨ ਦੀ ਸਮਰੱਥਾ ਰੱਖਦੀ ਹੈ। ਅਸੀਂ ਬੱਚੇ ਨੂੰ ਛੇ ਮਹੀਨੇ-ਸਾਲ ਤੱਕ ਗੋਦੀ ਵਿਚ ਰੱਖਦੇ ਹਾਂ। ਗੋਦੀ ਸਿਰਫ਼ ਮਨੁੱਖੀ ਗੁਣ ਹੈ। ਇਹ ਗੋਦੀ ਸਾਡੇ ਰਿਸ਼ਤਿਆਂ ਨੂੰ ਨਵਾਂ ਰੂਪ ਦਿੰਦੀ ਹੈ। ਇਕ ਨਿੱਘ। ਅਸੀਂ ਸਾਰੀ ਉਮਰ, ਅਲੱਗ-ਅਲੱਗ ਪੜਾਵਾਂ ’ਤੇ ਇਕ ਦੂਸਰੇ ਨੂੰ ਸੰਭਾਲਦੇ ਹਾਂ।

ਮਨੁੱਖੀ ਸ਼ਖ਼ਸੀਅਤ ਦੀ ਇਕ ਹੋਰ ਵਿਸ਼ੇਸ਼ਤਾ ਹੈ ਕਿ ਉਸ ਵਿਚ ਅਹਿਸਾਸ ਹੈ। ਉਹ ਸੰਵੇਦਨਸ਼ੀਲ ਹੈ। ਅਸੀਂ ਸਿਰਫ਼ ਕਿਸੇ ਕੰਡੇ ਦੀ ਚੁਭਣ ਜਾਂ ਬੂ-ਖੁਸ਼ਬੂ ਤੋਂ ਹੀ ਸੰਵੇਦਨਸ਼ੀਲ ਨਹੀਂ। ਅਸੀਂ ਇਕ ਦੂਸਰੇ ਪ੍ਰਤੀ ਵੀ ਸੰਵੇਦਨਸ਼ੀਲ ਹਾਂ। ਅਸੀਂ ਰਿਸ਼ਤਿਆਂ ਨੂੰ ਲੈ ਕੇ, ਆਪਣੀ ਸਾਂਝ ਨੂੰ ਲੈ ਕੇ, ਇਕ ਦੂਸਰੇ ਦੀ ਪ੍ਰਵਾਹ ਪ੍ਰਤੀ ਵੀ ਸੰਵੇਦਨਸ਼ੀਲ ਹਾਂ। ਇਹ ਅਹਿਸਾਸ ਸਾਨੂੰ ਪੂਰੇ ਸਮਾਜ ਅਤੇ ਦੁਨੀਆਂ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ। ਸਾਡੇ ਇਸ ਅਹਿਸਾਸ ਦਾ ਸਿਖਰ ਹੈ ਕਿ ਅਸੀਂ ਬਿਨਾਂ ਕਿਸੇ ਦਰਦ ਜਾਂ ਤਕਲੀਫ ਦੇ, ਕਿਸੇ ਹੋਰ ਦਾ ਦਰਦ ਆਪਣੇ ਪਿੰਡੇ ’ਤੇ ਮਹਿਸੂਸ ਕਰ ਸਕਦੇ ਹਾਂ। ਅਕਸਰ ਅਸੀਂ ਮਹਿਸੂਸ ਕਰਦੇ, ਸੋਚਦੇ ਹਾਂ ਕਿ ਜੇਕਰ ਮੈਂ ਇਸ ਦੀ ਥਾਂ ਹੁੰਦਾ, ਜੇ ਅਜਿਹਾ ਮੇਰੇ ਨਾਲ ਹੋਇਆ ਹੁੰਦਾ? ਇਹ ਅਹਿਸਾਸ ਵਿਸ਼ੇਸ਼ ਹੈ।

ਇਸ ਸੰਵੇਦਨਸ਼ੀਲਤਾ ਵਾਲੇ ਗੁਣ ਪ੍ਰਤੀ, ਇਸ ਵਿਲੱਖਣਤਾ ਪ੍ਰਤੀ ਜਿੱਥੇ ਸਾਨੂੰ ਮਾਣ ਹੋਣਾ ਚਾਹੀਦਾ ਹੈ, ਅੱਜ ਇਕ ਕਮਜ਼ੋਰੀ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ। ਕਿਸੇ ਦੀ ਮਦਦ ਕਰਨ ਨੂੰ, ਵਾਧੂ ਪੰਗਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਇਹ ਸਾਡੇ ਮਨੁੱਖੀ ਗੁਣਾਂ ਦੀ ਦੁਰਵਰਤੋਂ ਹੋਣ ਕਰਕੇ ਹੈ। ਜਿੱਥੇ ਮਨੁੱਖੀ ਤਾਕਤ ਨੂੰ ਨਕਾਰਾ ਕਿਹਾ ਜਾ ਰਿਹਾ ਹੈ, ਉੱਥੇ ਇਸ ਦੇ ਲਈ ਇਕ ਮਾਹੌਲ ਵੀ ਸਿਰਜਿਆ ਜਾ ਰਿਹਾ ਹੈ। ਜਿਸ ਤਰ੍ਹਾਂ ਦਾ ਅਜੋਕਾ ਮਾਹੌਲ ਦੇਖਣ ਨੂੰ ਮਿਲਦਾ ਹੈ, ਕੋਈ ਵੀ ਕਹਿ ਸਕਦਾ ਹੈ ਕਿ ਮਦਦ ਕਰਨਾ ਪੰਗਾ ਹੀ ਹੈ ਤੇ ਵਾਧੂ ਜਜ਼ਬਾਤੀ ਹੋ ਕੇ ਕਿਸੇ ਦੇ ਦਰਦ ਵਿਚ ਸ਼ਰੀਕ ਹੋਣ ਨਾਲ ਨੁਕਸਾਨ ਹੀ ਹੁੰਦਾ ਹੈ। ਅਸੀਂ ਅਮਲ ਵਿਚ, ਵਿਗਿਆਨਕ ਕਾਢਾਂ ਰਾਹੀਂ, ਜੋ ਅਸੁਰੱਖਿਆ ਅਤੇ ਅੰਧਵਿਸ਼ਵਾਸ ਫੈਲਾ ਰਹੇ ਹਾਂ, ਉਹ ਮਨੁੱਖੀ ਗੁਣਾਂ ਨੂੰ ਪਿੱਛੇ ਗੇੜ ਵੱਲ ਲੈ ਜਾ ਰਹੇ ਨੇ। ਅਸੀਂ ਫਿਰ ਤੋਂ ਜੰਗਲ ਵਾਲੇ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿਚ ਰਹਿ ਰਹੇ ਹਾਂ। ਸਾਨੂੰ ਹੁਣ ਜੰਗਲੀ ਸ਼ੇਰ, ਚੀਤੇ, ਬਘਿਆੜਾਂ ਦੀ ਲੋੜ ਨਹੀਂ, ਮਨੁੱਖ ਹੀ ਮਨੁੱਖ ਨੂੰ ਡਰਾਉਣ ਲਈ ਕਾਫੀ ਹੈ। ਸਗੋਂ ਮਨੁੱਖ ਦਾ ਤੰਤਰ ਸੂਖਮ ਹੈ, ਜੋ ਨਫ਼ਰਤ ਰਾਹੀਂ ਡਰ ਅਤੇ ਡਰ ਰਾਹੀਂ ਅਸੁਰੱਖਿਆ ਪੈਦਾ ਕਰਦਾ ਹੈ।

ਮਨੁੱਖ ਦੀਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਵਿਸ਼ਲੇਸ਼ਣ ਕਰੀਏ ਕਿ ਮਿਲ ਕੇ ਰਹਿਣਾ, ਕਰਨਾ, ਸੰਵੇਦਨਸ਼ੀਲ ਹੋਣਾ, ਦੂਸਰੇ ਬਾਰੇ ਫ਼ਿਕਰਮੰਦੀ, ਇਕ ਚੰਗੇ ਭਵਿੱਖ ਲਈ ਸਿਆਣਪ ਭਰਿਆ ਰਾਹ ਸਾਨੂੰ ਡਰ ਅਤੇ ਅਸੁਰੱਖਿਆ ਤੋਂ ਦੂਰ ਕਰਦੇ ਹਨ।

ਸਾਨੂੰ ਇਹ ਤੱਥ ਵੀ ਸਮਝਣਾ ਚਾਹੀਦਾ ਹੈ ਕਿ ਮਨੁੱਖ ਦੇ ਰੂਪ ਵਿਚ ਕੁਦਰਤ ਨੇ ਸਾਨੂੰ ਪੈਦਾ ਕੀਤਾ ਹੈ। ਅਸੀਂ ਜੀਵ ਵਿਕਾਸ ਦਾ ਸਿਖਰ ਹਾਂ। ਅਸੀਂ ਮਨੁੱਖ ਹਾਂ। ਜਿਨ੍ਹਾਂ ਤਾਕਤਾਂ ਦੀ, ਗੁਣਾਂ ਦੀ ਗੱਲ ਹੋਈ ਹੈ, ਉਹ ਸਾਨੂੰ ਕੁਦਰਤ ਵੱਲੋਂ ਜਨਮ ਦੇ ਨਾਲ ਮਿਲੇ ਹਨ। ਹੁਣ ਸਾਨੂੰ, ਆਪਣੀ ਜ਼ਿੰਦਗੀ ਦੌਰਾਨ, ਆਪਣੀ ਸਿਆਣਪ ਅਤੇ ਅਹਿਸਾਸ ਦੀ ਸੁਯੋਗ ਵਰਤੋਂ ਨਾਲ ਅੱਗੇ ਸਫ਼ਰ ਤੈਅ ਕਰਨਾ ਚਾਹੀਦਾ ਹੈ। ਮਨੁੱਖ ਵਿਚ, ਆਪਣੇ ਜੀਵਨ ਵਿਚ ਵਿਚਰਦੇ, ਆਪਣੇ ਸੱਠ-ਸੱਤਰ ਸਾਲ ਦੇ ਇਸ ਸਫ਼ਰ ਮਗਰੋਂ, ਮਨੁੱਖ ਦਾ ਸੰਵਰਿਆ ਰੂਪ ਨਜ਼ਰ ਆਉਣਾ ਚਾਹੀਦਾ ਹੈ। ਆਪਣੀ ਹਰ ਇਕ ਪੀੜ੍ਹੀ ਦੌਰਾਨ, ਮਨੁੱਖ ਦੀ ਕੋਸ਼ਿਸ਼ ਇਕ ਕਦਮ ਅੱਗੇ ਪੁੱਟਣ ਦੀ ਹੋਣੀ ਚਾਹੀਦੀ ਹੈ। ਇਹ ਸੰਭਵ ਹੈ, ਇਹ ਹੋ ਸਕਦਾ ਹੈ। ਇਸ ਦੇ ਲਈ ਜ਼ਰੂਰੀ ਹੈ ਅਸੀਂ ਮਨੁੱਖ ਹੋਣ ’ਤੇ ਮਾਣ ਕਰੀਏ।

ਮਨੁੱਖ ਕੋਲ ਜੋ ਤੀਸਰੀ ਅੱਖ ਹੈ, ਵਿਸ਼ਲੇਸ਼ਣੀ ਅੱਖ, ਉਹ ਅੱਜ ਦਾ, ਬੀਤੇ ਕੱਲ੍ਹ ਅਤੇ ਆਉਣ ਵਾਲੇ ਭਵਿੱਖ ਦਾ ਵਿਸ਼ਲੇਸ਼ਣ ਕਰਨ ਜਾਣਦੀ ਹੈ। ਜਦੋਂ ਕੱਲ੍ਹ ਦਾ ਅਹਿਸਾਸ ਹੋਵੇ, ਜਦੋਂ ਪਤਾ ਹੋਵੇ ਕੱਲ੍ਹ ਸਵੇਰ ਹੋਵੇਗੀ, ਫਿਰ ਉਹ ਅਹਿਸਾਸ, ਆਸ ਅਤੇ ਵਿਸ਼ਵਾਸ ਦਾ ਪ੍ਰਤੀਕ ਹੋ ਜਾਂਦੀ ਹੈ। ਮਨੁੱਖ ਕੋਲ ਆਸ ਅਤੇ ਵਿਸ਼ਵਾਸ ਜਗਾਉਣ ਅਤੇ ਹਾਸਿਲ ਕਰਨ ਦੀ ਸਮਰੱਥਾ ਹੈ। ਸਾਨੂੰ ਮਨੁੱਖ ਹੋਣ ਦੇ ਇਸ ਗੌਰਵ ਨੂੰ ਸਮਝਣਾ ਚਾਹੀਦਾ ਹੈ।

*****

(789)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author