ShyamSDeepti7ਸਮੈਕਹੀਰੋਇਨ ਇਕ ਫੋਨ ਨਾਲ ਜਿੱਥੇ ਚਾਹੋਉੱਥੇ ਪਹੁੰਚ ਜਾਂਦੇ ਹਨ ...
(30 ਜੁਲਾਈ 2017)

 

ਹਾਲ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਸ ਸਮੇਂ ਦੀ ਸੱਤਾਧਾਰੀ ਅਕਾਲੀ ਸਰਕਾਰ ਨੇ ਕਿਸ ਤਰ੍ਹਾਂ ਦੀ ਸੇਵਾ ਕੀਤੀ ਤੇ ਕਿੰਨਾ ਕੁ ਰਾਜ ਕੀਤਾ, ਇਹ ਵਿਸ਼ਲੇਸ਼ਣ ਸਭ ਦਾ ਵੱਖਰਾ ਵੱਖਰਾ ਹੋ ਸਕਦਾ ਹੈ, ਪਰ ਇਕ ਮੁੱਦਾ ਅਜਿਹਾ ਸੀ, ਜੋ ਪੰਜਾਬ ਦੇ ਹਰ ਵਿਅਕਤੀ ਲਈ ਸਾਂਝਾ ਸੀ ਕਿ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਨੂੰ ਲੈ ਕੇ, ਵਿਸ਼ੇਸ਼ ਕਰ ਨੌਜਵਾਨੀ ਦੀ ਹਾਲਤ ਚਿੰਤਾਜਨਕ ਸੀ ਇਹ ਇਕ ਮੁੱਦਾ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਬੜੇ ਉੱਭਰਵੇਂ ਰੂਪ ਵਿਚ ਚੁੱਕਿਆ ਸੀ ਕਾਂਗਰਸ ਅੱਜ ਸੱਤਾ ਵਿਚ ਹੈ, ਇਸ ਦੇ ਕਿੰਨੇ ਹੀ ਕਾਰਨ ਰਾਜਨੀਤਕ ਵਿਸ਼ਲੇਸ਼ਕ ਗਿਣ ਚੁੱਕੇ ਹਨ, ਗਿਣ ਸਕਦੇ ਹਨ, ਪਰ ਇਕ ਮੁੱਦਾ ਨਸ਼ੇ ਦਾ ਖਾਤਮਾ ਸੀ, ਜੋਕਿ ਹਰ ਪਰਿਵਾਰ ਦੇ ਮਨ ਦੇ ਕਾਫੀ ਨੇੜੇ ਸੀ

ਕਾਂਗਰਸ ਨੂੰ ਸੱਤਾ ਵਿਚ ਆਏ ਚਾਰ ਮਹੀਨੇ ਹੋ ਚੁੱਕੇ ਹਨ ਚਾਰ ਮਹੀਨੇ ਦਾ ਸਮਾਂ ਭਾਵੇਂ ਬਹੁਤ ਜ਼ਿਆਦਾ ਨਹੀਂ ਹੁੰਦਾ, ਪਰ ਇਹ ਸਮਾਂ ਇੰਨਾ ਘੱਟ ਵੀ ਨਹੀਂ ਹੈ ਕਿ ਸੱਤਾ ਵਿਚ ਆਈ ਪਾਰਟੀ ਦੇ ਏਜੰਡੇ ਦੀ ਕੋਈ ਸਪਸ਼ਟ ਝਲਕ ਹੀ ਨਾ ਪਵੇ ਤੇ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਪਵੇ ਕਿ ਸੱਤਾ ਤਬਦੀਲੀ ਹੋਈ ਹੀ ਨਹੀਂ ਸਰਕਾਰ ਕੋਲ ਵੱਖ ਵੱਖ ਮਹਿਕਮਿਆਂ, ਮੰਤਰਾਲਿਆਂ ਤਹਿਤ ਸਭ ਦੀ ਇਕ ਨਿਰਧਾਰਤ ਦਿਸ਼ਾ ਵਿਚ ਕੰਮ ਕਰਨ ਦੀ ਝਲਕ ਤਾਂ ਪੈਣੀ ਹੀ ਚਾਹੀਦੀ ਹੈ ਨਾਲੇ ਇਹ ਗੱਲ ਸਾਰੇ ਜਾਣਦੇ ਹਨ ਕਿ ਪਾਰਟੀਆਂ ਚੋਣ ਮੈਦਾਨ ਵਿਚ ਉਤਰਨ ਵੇਲੇ ਆਪਣੇ ਰੋਡ ਮੈਪ ਤਿਆਰ ਕਰਨ ਵਿਚ ਕਾਫੀ ਮਿਹਨਤ ਕਰਦੀਆਂ ਹਨ ਜੇਕਰ ਨਹੀਂ, ਤਾਂ ਇਸ ਦਾ ਅਰਥ ਹੈ ਕਿ ਮੈਨੀਫੈਸਟੋ ਅਤੇ ਅਮਲੀ ਰੋਡ ਮੈਪ ਵਿਚ ਕਿਤੇ ਖੱਪਾ ਹੈ ਕਾਂਗਰਸ ਕੋਈ ਪਹਿਲੀ ਵਾਰੀ ਸੱਤਾ ਵਿੱਚ ਨਹੀਂ ਆਈ ਹੈ, ਉਸ ਕੋਲ ਕੇਂਦਰ ਅਤੇ ਰਾਜ ਵਿਚ ਆਪਣੇ ਕੰਮ ਦਾ ਤਜ਼ਰਬਾ ਵੀ ਹੈ

ਗੱਲ ਸੀ, ਪੰਜਾਬ ਦੀ ਇਕ ਗੰਭੀਰ ਸਮੱਸਿਆ ਦੀ ਨਸ਼ੇ ਨਿਸ਼ਚਿਤ ਹੀ ਇਕ ਚਿੰਤਾ ਦਾ ਵਿਸ਼ਾ ਹਨ ਖਾਸ ਕਰ ਜਦੋਂ ਇਹ ਸਾਡੇ ਰਾਜ ਦੀ ਨੌਜਵਾਨੀ ਦਾ ਘਾਣ ਕਰ ਰਹੇ ਹਨ ਉਹ ਉਮਰ ਜੋ ਕਿਸੇ ਵੀ ਦੇਸ਼-ਸਮਾਜ ਤੇ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਅਤੇ ਵਿਕਾਸ ਵਿਚ ਯੋਗਦਾਨ ਪਾਉਣ ਵਾਲੀ ਹੁੰਦੀ ਹੈ ਕਿੰਨੇ ਹੀ ਤਰ੍ਹਾਂ ਦੇ ਆਂਕੜੇ, ਵੱਖ ਵੱਖ ਨਸ਼ਿਆਂ ਦੀ ਵਰਤੋਂ ਨੂੰ ਲੈ ਕੇ, ਨਸ਼ਾ ਛੁਡਾਊ ਕੇਂਦਰਾਂ ਵਿਚ ਪਹੁੰਚੇ ਨਸ਼ਈਆਂ ਦੀ ਗਿਣਤੀ ਨੂੰ ਲੈ ਕੇ ਜਾਂ ਨਸ਼ੇ ਦੇ ਪਰਚੂਨ ਵੇਚਣ ਵਾਲੇ ਲੋਕਾਂ ਨੂੰ ਫੜਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੋ ਸਕਦੇ ਹਨ, ਪਰ ਇਸ ਨਾਲ ਸਥਿਤੀ ਨੂੰ ਗੰਭੀਰਤਾ ਨਾਲ ਸਮਝਣ ਦੀ ਗੱਲ ਕਿਸੇ ਵਿਚ ਵੀ ਨਹੀਂ ਝਲਕਦੀ

ਸਮੱਸਿਆ ਪੇਚੀਦਾ ਹੈ, ਬਹੁਪਰਤੀ ਹੈ ਆਂਕੜੇ ਕਿਸੇ ਵੀ ਸਮੱਸਿਆ ਨੂੰ ਸਮਝਣ ਲਈ ਹੁੰਦੇ ਹਨ ਤੇ ਢਿੱਡ ਭਰਨ ਲਈ ਵੀ ਅੱਗੇ ਕੁਝ ਕਦਮ ਪੁੱਟਣ ਲਈ ਵੀ ਅਤੇ ਕੰਮ ਸਾਰਨ ਲਈ ਵੀ ਇਹ ਕਿਸ ਦੇ ਹੱਥ ਵਿਚ ਹਨ, ਉਸ ਵਿਅਕਤੀ ਦੀ ਮਾਨਸਿਕਤਾ ਕੀ ਹੈ ਤੇ ਉਸ ਦੀ ਕਿਸ ਤਰ੍ਹਾਂ ਦੀ ਸਖਸ਼ੀਅਤ ਹੈ, ਉਸ ’ਤੇ ਨਿਰਭਰ ਕਰਦਾ ਹੈ ਇਸ ਲਈ ਨਸ਼ਿਆਂ ਪ੍ਰਤੀ ਆਂਕੜਿਆਂ ਨੂੰ ਲੈ ਕੇ, ਕੰਮ ਘੱਟ ਤੇ ਰਾਜਨੀਤੀ ਵੱਧ ਹੁੰਦੀ ਹੈ ਇਸ ਦਾ ਨਤੀਜਾ, ਇਕ ਪਾਰਟੀ ਦੀ ਹਾਰ ਤੇ ਦੂਸਰੀ ਦੀ ਸੱਤਾ ਵਾਪਸੀ ਵਿਚ ਹੋਇਆ ਹੈ ਪਰ ਲੋਕਾਂ ਦੀ ਹਾਲਤ ਵੀ ਸੁਧਰੇਗੀ, ਇਸ ਬਾਰੇ ਕੋਈ ਵੀ ਠੋਸ ਯੋਜਨਾ ਦਿਸ ਨਹੀਂ ਰਹੀ

ਸਰਕਾਰ ਬਦਲਣ ਨਾਲ, ਕੰਮ ਆਪਣੇ ਆਪ ਨਹੀਂ ਸ਼ੁਰੂ ਹੁੰਦੇ ਦਿਸ਼ਾ ਨਿਰਦੇਸ਼ ਅਤੇ ਉਸ ਤੋਂ ਵੀ ਪਹਿਲਾਂ ਨੀਤੀਆਂ ਦਾ ਹੋਣਾ ਲਾਜ਼ਮੀ ਹੈ ਹੋ ਸਕਦਾ ਹੈ ਕਿ ਸਰਕਾਰ ਦੇ ਚੇਤੇ ਵਿਚ ਇਹ ਮੁੱਦਾ ਹੋਵੇ, ਪਰ ਜਿਸ ਵੀ ਵਿਭਾਗ, ਭਾਵੇਂ ਸਿਹਤ, ਸਮਾਜਿਕ ਸੁਰੱਖਿਆ ਜਾਂ ਸਿੱਖਿਆ ਵਿਭਾਗ ਨੇ ਇਸ ਨੂੰ ਸਿਰੇ ਚਾੜ੍ਹਨਾ ਹੈ, ਉਸ ਵਲੋਂ ਕੋਈ ਰੂਪ-ਰੇਖਾ ਤਾਂ ਤਿਆਰ ਕਰਨ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਹਾਲ ਹੀ ਵਿਚ ਪੇਸ਼ ਬਜ਼ਟ ਵਿਚ ਵੀ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਕੋਈ ਸਾਰਥਕ ਅਤੇ ਉਸਾਰੂ ਨਜ਼ਰੀਆ ਦਿਸ ਨਹੀਂ ਰਿਹਾ। ਜੇਕਰ ਕੁਝ ਕੁ ਵੱਧ ਨਸ਼ੇ ਵੇਚਣ ਵਾਲੇ ਪਰਚੂਨੀਏ ਫੜ ਕੇ, ਕੈਮਿਸਟਾਂ ’ਤੇ ਛਾਪੇ ਮਾਰ ਕੇ ਅਤੇ ਪੁਲਿਸ ਕਾਮਿਆਂ ਦੇ ਤਬਾਦਲੇ ਕਰਕੇ ਹੀ ਕੰਮ ਹੁੰਦਾ ਦਿਸਦਾ ਹੈ ਤਾਂ ਸਥਿਤੀ ਵਿਚ ਸੁਧਾਰ ਦੀ ਗੁੰਜਾਇਸ਼ ਘੱਟ ਹੀ ਹੈ

ਭਾਵੇਂ ਕਿ ਇਹ ਕੰਮ ਵੀ ਹੋਣੇ ਚਾਹੀਦੇ ਹਨ ਪਰ ਨਾਲ ਹੀ ਇਕ ਠੋਸ ਨੀਤੀ ਬਣਾ ਕੇ ਇਸ ਸਮੱਸਿਆ ਨੂੰ ਲਮੇਂ ਸਮੇ ਲਈ, ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਲੋੜ ਹੈ ਨਸ਼ਾ ਮੁਕਤ ਪੰਜਾਬ ਦੀ ਨੀਤੀ ਤਹਿਤ, ਕਿਸੇ ਵੀ ਦ੍ਰਿਸ਼ਟੀਕੋਣ ਤੋਂ ਸ਼ੁਰੂਆਤ ਕਰਨੀ ਹੋਵੇ, ਇਹ ਸਮਝਣ ਲਈ ਜਰੂਰੀ ਹੈ ਕਿ ਦੋ ਧਿਰਾਂ ਹਨ, ਨਸ਼ਾ ਵੇਚਣ ਵਾਲੇ (ਸਪਲਾਈ) ਅਤੇ ਨਸ਼ਾ ਇਸਤੇਮਾਲ ਕਰਨ ਵਾਲੇ (ਮੰਗ), ਇਨ੍ਹਾਂ ਦੋਹਾਂ ਧਿਰਾਂ ਉੱਪਰ ਕੰਮ ਕਰਨ ਦੀ ਲੋੜ ਹੈ ਸਪਲਾਈ ਵਾਲੀ ਗੱਲ ਵਿਚ ਸਿੱਧੀ ਰਾਜਨੀਤਕ ਪ੍ਰਤੀਬੱਧਤਾ ਦੀ ਲੋੜ ਹੈ ਤੇ ਮੰਗ ਵਾਲੇ ਪੱਖ ਨੂੰ ਸਮਾਜਿਕ ਸਰੋਕਾਰ ਵਾਲੇ ਅਦਾਰੇ ਜਿਵੇਂ ਪਰਿਵਾਰ, ਸਕੂਲ, ਸਵੈ-ਸੇਵੀ ਸੰਸਥਾਵਾਂ ਆਪਣੇ ਹੱਥ ਲੈ ਸਕਦੀਆਂ ਹਨ

ਸਥਿਤੀ ਨੂੰ ਸਮਝਣ ਲਈ, ਨਸ਼ੇ ਕਰਨ ਵਾਲਿਆਂ ਦੀ ਹਾਲਤ ਭਾਵ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਸਮਝਣਾ, ਉਨ੍ਹਾਂ ਵਿਚ ਵਧ ਰਹੀ ਬੇਚੈਨੀ ਅਤੇ ਤਣਾਓ ਨੂੰ ਸਮਝਣਾ ਜਰੂਰੀ ਹੈ ਇਨ੍ਹਾਂ ਨੌਜਵਾਨਾਂ ਦੇ ਆਲੇ-ਦੁਆਲੇ ਬਣ ਰਿਹਾ ਮਾਹੌਲ, ਜਿਵੇਂ ਮਹਿੰਗੀ ਹੋ ਰਹੀ ਪੜ੍ਹਾਈ, ਦੂਰ ਹੋ ਰਿਹਾ ਰੋਜ਼ਗਾਰ, ਪਰਿਵਾਰ ਦੀ ਚਿੰਤਾ ਅਤੇ ਦਬਾਅ ਅਤੇ ਕਿਸੇ ਪਾਸਿਓਂ ਵੀ ਕੋਈ ਰਾਹਤ ਨਾ ਹੋਣੀ, ਉਸ ਨੌਜਵਾਨ ਨੂੰ ਤੋੜਦੇ ਹਨ ਤੇ ਨਸ਼ੇ ਵੱਲ ਧੱਕਦੇ ਹਨ ਇਸ ਦੇ ਮੱਦੇਨਜ਼ਰ ਸਾਡੇ ਨੌਜਵਾਨਾਂ ਦੀ ਸ਼ਖਸੀਆਤ ਵੀ ਕਮਜ਼ੋਰ ਉੱਸਰ ਰਹੀ ਹੈ ਤੇ ਉਹ ਛੇਤੀ ਟੁੱਟ ਜਾਂਦੇ ਹਨ, ਜਿੱਥੇ ਕਿ ਪਰਿਵਾਰ ਅਤੇ ਸਕੂਲਾਂ ਦੀ ਭੂਮਿਕਾ ਹੈ, ਉੱਥੇ ਸਰਕਾਰਾਂ ਕੋਲ ਵੀ ਨੌਜਵਾਨਾਂ ਨੂੰ ਸਾਂਭਣ ਅਤੇ ਸਮਾਜ ਵਿੱਚ ਸਾਰਥਕ ਕੰਮ ਲੈਣ ਦੀ ਕੋਈ ਵਿਉਂਤਬੰਦੀ ਨਹੀਂ ਹੈ ਇਸ ਤਰ੍ਹਾਂ ਜਿੱਥੋਂ ਨਸ਼ਿਆਂ ਪ੍ਰਤੀ ਇਕ ਠੋਸ ਨੀਤੀ ਦੀ ਲੋੜ ਹੈ, ਉੱਥੇ ਨੌਜਵਾਨਾਂ ਲਈ ਵੀ ਇਕ ਵੱਖਰੀ ਨੀਤੀ ਹੋਣੀ ਚਾਹੀਦੀ ਹੈ

ਇਸ ਦੇ ਨਾਲ-ਨਾਲ ਜੋ ਅਹਿਮ ਪਹਿਲੂ ਹੈ, ਉਹ ਹੈ ਨਸ਼ਿਆਂ ਦਾ ਮਿਲਣਾ ਸਥਿਤੀ ਇਹ ਹੈ ਕਿ ਸ਼ਰਾਬ ਦੀ ਬੋਤਲ ਖਰੀਦਣ ਲਈ ਕਿਸੇ ਨੂੰ ਇਕ-ਅੱਧਾ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਹੈ, ਜਦੋਂ ਕਿ ਸਮੈਕ, ਹੀਰੋਇਨ ਇਕ ਫੋਨ ਨਾਲ ਜਿੱਥੇ ਚਾਹੋ, ਉੱਥੇ ਪਹੁੰਚ ਜਾਂਦੇ ਹਨ ਇਨ੍ਹਾਂ ਮਾਰੂ ਨਸ਼ਿਆਂ ਦਾ ਵਪਾਰ ਇਕ ਛੇਤੀ ਅਤੇ ਬਹੁਤਾਤ ਵਿਚ ਪੈਸੇ ਇਕੱਠੇ ਕਰਨ ਦਾ ਸਾਧਨ ਬਣ ਗਿਆ ਹੈ ਇਸੇ ਤਹਿਤ ਹੀ ਨਸ਼ੇ ਦਾ ਵਪਾਰ ਅਤੇ ਰਾਜਨੀਤੀ ਦਾ ਗੱਠਜੋੜ ਵੀ ਕੋਈ ਲੁਕੀ ਹੋਈ ਗੱਲ ਨਹੀਂ ਹੈ ਨਸ਼ੇ ਵੇਚਣ ਦਾ ਇਕ ਪੂਰਾ ਤੰਤਰ ਹੈ, ਜਿੱਥੇ ਸੋਚ ਸਮਝ ਕੇ, ਵਿਉਂਤਬੰਦ ਤਰੀਕੇ ਨਾਲ, ਨੌਜਵਾਨਾਂ ਨੂੰ ਫਸਾਉਣ ਦਾ ਜਾਲ ਵਿਛਾਇਆ ਜਾ ਰਿਹਾ ਹੈ ਤੇ ਇਹ ਵੀ ਸੱਚ ਹੈ ਕਿ ਪੁਲਿਸ, ਪ੍ਰਸ਼ਾਸਨ ਅਤੇ ਰਾਜਨੇਤਾ ਦੀ ਸ਼ਹਿ ਤੋਂ ਬਿਨਾਂ ਇਹ ਸੰਭਵ ਨਹੀਂ

ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ, ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਘੋਖਣ ਦੀ ਲੋੜ ਹੈ ਇਕ ਵਿਚਾਰ ਇਹ ਵੀ ਆ ਰਿਹਾ ਹੈ ਕਿ ਅਫੀਮ ਅਤੇ ਡੋਡਿਆਂ ਦੀ ਖੇਤੀ ਤੋਂ ਰੋਕ ਹਟਾ ਦਿੱਤੀ ਜਾਵੇ ਤਾਂ ਸਮੈਕ-ਹੈਰੋਇਨ ਦਾ ਧੰਦਾ ਠੱਪ ਹੋ ਜਾਵੇਗਾ ਕਈ ਬਾਰਡਰ ’ਤੇ ਸੁਰੱਖਿਆ ਵਧਾਉਣ ਨੂੰ ਕਹਿ ਦਿੰਦੇ ਹਨ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਵੀ ਆਮ ਹੁੰਦੀ ਹੈ ਦੂਸਰੇ ਪਾਸੇ ਨਸ਼ਾ ਛੁਡਾਊ ਕੇਂਦਰਾਂ ਦੇ ਮਾਹਿਰ ਮਨੋਰੋਗ ਵਿਸ਼ੇਸ਼ਗ ਹੁਣ ਕਹਿਣ ਲੱਗੇ ਹਨ ਕਿ ਨਸ਼ੇ ਇਕ ਬੀਮਾਰੀ ਹਨ ਅਤੇ ਉਸ ਦੇ ਲਈ ਕਾਰਗਰ ਦਵਾਈ ਹੈ ਦਵਾਈ ਖਾਣ, ਠੀਕ ਹੋਣ ਤੇ ਜੇ ਫਿਰ ਤੋਂ ਲੱਗ ਜਾਣ ਤਾਂ ਫਿਰ ਆ ਜਾਣ ਇਨ੍ਹਾਂ ਮਾਹਿਰਾਂ ਵਲੋਂ ਨਸ਼ਿਆਂ ਨਾਲ ਜੁੜੇ ਸਮਾਜਿਕ ਪਰਿਪੇਖ ਨੂੰ ਹੌਲੀ ਹੌਲੀ ਅਣਦੇਖਿਆ ਕਰਨ ਦਾ ਰੁਝਾਨ ਵਧ ਰਿਹਾ ਹੈ ਦਰਅਸਲ ਸਮਾਜਿਕ ਹਾਲਾਤ ਦਾ ਇਲਾਜ ਕਰਨਾ ਔਖਾ ਹੈ ਡਾਕਟਰਾਂ ਲਈ ਤਾਂ ਹੈ ਹੀ, ਰਾਜਨੀਤੀ ਵੀ ਹੁਣ ਆਪਣੇ ਹੱਥ ਪਿੱਛੇ ਖਿੱਚਣ ਲੱਗੀ ਹੈ, ਜਿਸ ਦਾ ਕਿ ਇਹ ਮੁੱਖ ਕਾਰਜ ਹੈ ਇਸ ਲਈ ਨਸ਼ਾ ਮੁਕਤੀ ਲਈ ਇਕ ਠੋਸ ਨੀਤੀ ਬਣਾਉਣ ਵੇਲੇ ਸਮਾਜ ਸ਼ਾਸ਼ਤਰੀਆਂ, ਮਨੋਵਿਗਿਆਨੀਆਂ, ਸਿੱਖਿਆ ਮਾਹਿਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਇਲਾਜ ਪ੍ਰਣਾਲੀ ਦੀ ਸਲਾਹ ਲੈਣ ਦੀ ਲੋੜ ਹੈ

ਜਿੱਥੇ ਨੌਜਵਾਨਾਂ ਦੀ ਬਹੁ-ਪੱਖੀ, ਮਜਬੂਤ ਸ਼ਖਸੀਅਤ ਉਸਾਰਨ ਲਈ, ਪੜ੍ਹਾਈ ਦੇ ਨਾਲ ਖੇਡਾਂ, ਕਲਾ, ਸਮਾਜ ਸੇਵਾ ਵਰਗੀਆਂ ਸਕੀਮਾਂ ਜਿਵੇਂ ਐੱਨ.ਐੱਸ.ਐੱਸ. ਨਾਲ ਜੋੜ ਕੇ, ਪੇਂਡੂ ਪੱਧਰ ’ਤੇ ਉਨ੍ਹਾਂ ਨੂੰ ਨਾਲ ਲੈ ਕੇ ਜਾਣ ਦੀ ਲੋੜ ਹੈ, ਉਸੇ ਤਰ੍ਹਾਂ ਨਸ਼ਿਆਂ ਦੇ ਵਪਾਰ ਪ੍ਰਤੀ ਵੀ ਮਜਬੂਤ ਪ੍ਰਤੀਬੱਧਤਾ ਦਿਖਾਉਣ ਦੀ ਲੋੜ ਹੈ ਇਹ ਅਜਿਹਾ ਮੁੱਦਾ ਹੈ ਜੋ ਜੇਕਰ ਸੱਤਾ ’ਤੇ ਬੈਠਾ ਸਕਦਾ ਹੈ ਤਾਂ ਸੱਤਾ ਤੋਂ ਲਾਂਭੇ ਵੀ ਕਰ ਸਕਦਾ ਹੈ ਪਰ ਇਸ ਵੇਲੇ ਵਰਤਮਾਨ ਸਰਕਾਰ ਲਈ ਸਭ ਤੋਂ ਅਹਿਮ ਕਾਰਜ ਨੀਤੀਆਂ ਉਲੀਕ ਕੇ ਨੌਜਵਾਨਾਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾਉਣਾ ਹੈ

*****

(781)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author