GurmitShugli7“ਹੁਣ ਜਦੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾ ਚੁੱਕਾ ਹੈ ਤਾਂ ਸੱਤਾ ਧਿਰ ਦਾ ਫ਼ਿਕਰ ਵਧਣਾ ਕੁਦਰਤੀ ਹੈ, ...”
(28 ਜੁਲਾਈ 2017)

 

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਇੱਕ ਦਿਨ ਵੀ ਅਜਿਹਾ ਨਹੀਂ ਆਇਆ, ਜਦੋਂ ਉਸ ਦੀ ਚਰਚਾ ਚੋਣਾਂ ਤੋਂ ਪਹਿਲਾਂ ਵਾਲੀ ਹੋਈ ਹੋਵੇ। ਵਿਵਾਦ ਪਾਰਟੀ ਦੇ ਪੇਟੇ ਪੈਂਦੇ ਰਹੇ ਤੇ ਦੁਨੀਆ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਖਿੰਡਦੀਆਂ ਗਈਆਂ। ਜਦੋਂ ਐੱਚ.ਐੱਸ. ਫੂਲਕਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਤਾਂ ਵੱਡੀ ਗਿਣਤੀ ਲੋਕਾਂ ਆਖਿਆ ਕਿ ਉਹ ਕਾਨੂੰਨੀ ਬਰੀਕੀਆਂ ਦੇ ਮਾਹਰ ਹੋ ਸਕਦੇ ਹਨ, ਰਾਜਨੀਤੀ ਦੇ ਨਹੀਂ। ਵਿਰੋਧੀ ਧਿਰ ਦਾ ਨੇਤਾ ਨਵੀਂ ਊਰਜਾ ਵਾਲਾ ਹੋਣਾ ਚਾਹੀਦਾ ਹੈ, ਸੱਤਾ ਧਿਰ ਵੱਲੋਂ ਕੀਤੇ-ਕਰਾਏ ਜਾਂਦੇ ਬਾਰੇ ਤੱਥਾਂ ਸਮੇਤ ਗਿਆਨ ਹੋਣਾ ਚਾਹੀਦਾ ਹੈ, ਨਾਕਾਮੀਆਂ ਪੇਸ਼ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ, ਹਮਲਾਵਰ ਹੋਣ ਦਾ ਸਲੀਕਾ ਵੀ ਹੋਣਾ ਚਾਹੀਦਾ ਹੈ ਤੇ ਨਰਮ ਹੋਣ ਦਾ ਤਰੀਕਾ ਵੀ। ਫੂਲਕਾ ਵਿੱਚੋਂ ਇਹ ਗੱਲਾਂ ਕਦੇ ਨਜ਼ਰ ਨਾ ਆਈਆਂ ਤੇ ਹੁਣ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਫੂਲਕਾ ਵਾਲਾ ਅਹੁਦਾ ਮਿਲ ਗਿਆ ਹੈ ਤਾਂ ਉਮੀਦ ਦੀ ਕਿਰਨ ਮੁੜ ਉੱਠੀ ਹੈ ਕਿ ਸ਼ਾਇਦ ਪਾਰਟੀ ਆਪਣਾ ਖੁਸਿਆ ਰੁਤਬਾ ਬਹਾਲ ਕਰਨ ਵਿੱਚ ਸਫ਼ਲ ਹੋ ਜਾਵੇ।

ਇਸ ਵੇਲੇ ਜਦੋਂ ਇਸ ਪਾਰਟੀ ਵਿੱਚ ਗਰੁੱਪਬਾਜ਼ੀ ਸਿਖਰ ਤੇ ਹੈ ਤਾਂ ਖਹਿਰਾ ਤੇ ਵਿਰੋਧੀ ਧਿਰ ਦੇ ਨੇਤਾ ਦਾ ਗੁਣਾ ਪਵੇਗਾ, ਆਸ ਨਹੀਂ ਸੀ। ਦੌੜ ਵਿੱਚ ਉਹ ਤਿੰਨੇ ਤਾਂ ਸਨ ਹੀ, ਜਿਹੜੇ ਫੂਲਕਾ ਨੇ ਆਪਣੇ ਅਸਤੀਫ਼ੇ ਮੌਕੇ ਸੁਝਾਏ ਸਨ, ਉਹਦੇ ਨਾਲੋਂ ਦੁੱਗਣੇ ਆਪ-ਮੁਹਾਰੇ ਦੌੜ ਵਿੱਚ ਸ਼ਾਮਲ ਹੋ ਗਏ ਸਨ। ਨਾਜਰ ਸਿੰਘ ਮਾਨਸ਼ਾਹੀਆ, ਸਰਬਜੀਤ ਕੌਰ ਮਾਣੂਕੇ ਤੇ ਪ੍ਰੋ. ਬਲਜਿੰਦਰ ਕੌਰ ਦੇ ਇਸ ਦੌੜ ਵਿੱਚ ਹੋਣ ਦੀਆਂ ਖ਼ਬਰਾਂ ਆਈਆਂ। ਮੁੱਖ ਮੁਕਾਬਲਾ ਦੋ ਜਣਿਆਂ ਦਾ ਮੰਨਿਆ ਗਿਆ, ਕੰਵਰ ਸੰਧੂ ਤੇ ਖਹਿਰਾ। ਕੰਵਰ ਸੰਧੂ ਪਾਰਟੀ ਹਾਈ-ਕਮਾਂਡ ਦੀਆਂ ਨੀਤੀਆਂ ਖਿਲਾਫ਼ ਕਈ ਵਾਰ ਬੋਲੇ, ਸੋ ਆਸ ਸੀ ਇਹ ਗੱਲ ਉਨ੍ਹਾਂ ਦੇ ਰਾਹ ਚ ਅੜਿੱਕਾ ਬਣੇਗੀ। ਖਹਿਰਾ ਨੇ ਚੀਫ ਵਿੱਪ ਦਾ ਅਹੁਦਾ ਛੱਡ ਦਿੱਤਾ ਸੀ, ਜਦੋਂ ਭਗਵੰਤ ਮਾਨ ਨੂੰ ਪਾਰਟੀ ਪ੍ਰਧਾਨ ਥਾਪਿਆ ਗਿਆ। ਇਸ ਲਈ ਉਨ੍ਹਾਂ ਦਾ ਅੱਗੇ ਆਉਣਾ ਵੀ ਸ਼ੱਕੀ ਸੀ। ਬੈਂਸ ਭਰਾਵਾਂ ਵਿੱਚੋਂ ਸਿਮਰਜੀਤ ਸਿੰਘ ਬੈਂਸ ਨੂੰ ਲੋਕ ਇਨਸਾਫ਼ ਪਾਰਟੀ ਦਾ ਰਲੇਵਾਂ ਆਪਵਿੱਚ ਕਰਨ ਦੀ ਸ਼ਰਤ ਰੱਖ ਕੇ ਕਿਹਾ ਗਿਆ ਕਿ ਤੁਹਾਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਂਦੇ ਹਾਂ, ਪਰ ਉਨ੍ਹਾਂ ਰਲੇਵਾਂ ਨਾ ਮੰਨਿਆ ਤੇ ਦੌੜ ਬਾਕੀਆਂ ਦੀ ਸ਼ੁਰੂ ਹੋ ਗਈ।

ਹੁਣ ਜਦੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾ ਚੁੱਕਾ ਹੈ ਤਾਂ ਸੱਤਾ ਧਿਰ ਦਾ ਫ਼ਿਕਰ ਵਧਣਾ ਕੁਦਰਤੀ ਹੈ, ਕਿਉਂਕਿ ਖਹਿਰਾ ਕਾਂਗਰਸ ਤੋਂ ਨਿਰਾਸ਼ ਹੋ ਕੇ ਹੀ ਬਗਾਵਤ ਦੇ ਰਾਹ ਤੁਰਿਆ ਸੀ। ਜਦੋਂ ਉਹ ਪਾਰਟੀ ਤੋਂ ਪਰੇ ਹੋ ਗਿਆ ਤਾਂ ਵੱਡੀ ਗਿਣਤੀ ਲੋਕਾਂ ਨੇ ਆਖਿਆ ਕਿ ਕਾਂਗਰਸ ਕੋਲ ਚੱਜ ਦਾ ਬੁਲਾਰਾ ਨਹੀਂ ਰਿਹਾ। ਅੱਜ ਵੀ ਕਾਂਗਰਸ ਵਿੱਚ ਕੋਈ ਨੇਤਾ ਅਜਿਹਾ ਨਹੀਂ, ਜਿਹੜਾ ਤੱਥਾਂ ਅਧਾਰਤ ਗੱਲ ਕਰ ਸਕਦਾ ਹੋਵੇ, ਜਿਸ ਅੰਦਰ ਦੂਜੇ ਨੂੰ ਦਲੀਲਾਂ ਨਾਲ ਪ੍ਰਭਾਵਤ ਕਰਨ ਦੀ ਸਮਰੱਥਾ ਹੋਵੇ। ਸੋ ਹੁਣ ਜਦੋਂ ਖਹਿਰਾ ਵਿਰੋਧੀ ਧਿਰ ਦੇ ਨੇਤਾ ਵਜੋਂ ਵਿਧਾਨ ਸਭਾ ਵਿੱਚ ਹੋਵੇਗਾ ਤਾਂ ਬਿਨਾਂ ਸ਼ੱਕ ਸੱਤਾਧਾਰੀਆਂ ਲਈ ਵਖਤ ਖੜ੍ਹਾ ਹੋਵੇਗਾ।

ਵੱਡੀ ਗੱਲ ਇਹ ਕਿ ਖਹਿਰਾ ਕਾਂਗਰਸ ਦੀਆਂ ਕਮਜ਼ੋਰੀਆਂ ਜਾਣਦਾ ਹੈ। ਕਿਸੇ ਵੇਲੇ ਉਹ ਕੈਪਟਨ ਅਮਰਿੰਦਰ ਦੇ ਖਾਸ ਲੋਕਾਂ ਵਿੱਚੋਂ ਇੱਕ ਹੁੰਦਾ ਸੀ। ਜ਼ਾਹਰ ਹੈ, ਜਦੋਂ ਤੁਸੀਂ ਕਿਸੇ ਦੇ ਨੇੜੇ ਹੋ ਕੇ ਦੂਰ ਹੁੰਦੇ ਹੋ ਤਾਂ ਉਸ ਦਾ ਫ਼ਿਕਰ ਜ਼ਰੂਰ ਵਧਦਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਖਹਿਰਾ ਦੇ ਜਿੰਨੇ ਬਿਆਨ ਆਏ, ਉਹ ਦੱਸਣ ਲਈ ਕਾਫੀ ਹਨ ਕਿ ਉਸ ਨੂੰ ਪੰਜਾਬ ਦਾ ਫ਼ਿਕਰ ਹੈ ਤੇ ਸੱਤਾਧਾਰੀ ਧਿਰ ਨੂੰ ਘੇਰਨ ਦਾ ਤਰੀਕਾ ਵੀ। ਮੀਡੀਆ ਨਾਲ ਜੁੜੇ ਲੋਕ ਅਕਸਰ ਆਖਦੇ ਹਨ ਕਿ ਖਹਿਰਾ ਦੀ ਗੱਡੀ ਜਲੰਧਰ ਪ੍ਰੈੱਸ ਕਲੱਬ ਵਿੱਚ ਖੜ੍ਹਿ ਦੇਖੀ ਜਾ ਸਕਦੀ ਹੈ ਜਾਂ ਚੰਡੀਗੜ ਵਿਚ। ਇਨ੍ਹਾਂ ਥਾਂਵਾਂ ਤੇ ਹੀ ਉਸ ਨੇ ਖੁਲਾਸੇ ਕਰਨੇ ਹੁੰਦੇ ਹਨ।

ਇਕ ਦਮ ਠੰਢੀ ਹੋਈ ਆਮ ਆਦਮੀ ਪਾਰਟੀ ਵਿੱਚ ਖਹਿਰਾ ਦੇ ਆਉਣ ਨਾਲ ਜਿੱਥੇ ਨਵਾਂ ਜੋਸ਼ ਭਰਨ ਦੀ ਆਸ ਹੈ, ਉੱਥੇ ਉਮੀਦ ਕਰਨੀ ਬਣਦੀ ਹੈ ਕਿ ਜ਼ਿੱਦਬਾਜ਼ੀ ਨਾਲ ਪਾਰਟੀ ਵਿੱਚ ਨਵਾਂ ਉਭਾਰ ਆਵੇਗਾ। ਭਗਵੰਤ ਮਾਨ ਤੇ ਖਹਿਰਾ ਦੀ ਖਹਿਬਾਜ਼ੀ ਕਿਸੇ ਤੋਂ ਲੁਕੀ ਨਹੀਂ। ਭਗਵੰਤ ਨੂੰ ਚੋਣਾਂ ਤੋਂ ਬਾਅਦ ਲੋਕਾਂ ਨੇ ਇਕ ਦਮ ਠੰਢੇ ਹੁੰਦੇ ਦੇਖਿਆ, ਪਰ ਖਹਿਰਾ ਹਮਲਾਵਰ ਰਿਹਾ। ਇਹ ਹੋ ਸਕਦਾ ਹੈ ਕਿ ਖਹਿਰਾ ਦੇ ਆਉਣ ਨਾਲ ਭਗਵੰਤ ਮਾਨ ਵੀ ਸਰਗਰਮੀਆਂ ਵਧਾ ਦੇਵੇ। ਜੇ ਇੰਜ ਹੁੰਦਾ ਹੈ ਤਾਂ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਹੋਣਾ ਕੁਦਰਤੀ ਹੈ।

ਖਹਿਰਾ ਤੇ ਇਸ ਵੇਲੇ ਵੱਡੀ ਜ਼ਿੰਮੇਵਾਰੀ ਹੈ। ਸੱਤਾ ਧਿਰ ਨਾਲ ਆਢਾ ਲੈਣ ਦੇ ਨਾਲ-ਨਾਲ ਪਾਰਟੀ ਵਿੱਚ ਰੂਹ ਫੂਕਣਾ ਵੀ ਉਸ ਦੇ ਕੰਮ ਵਿੱਚ ਸ਼ਾਮਲ ਹੈ। ਚੋਣਾਂ ਤੋਂ ਪਹਿਲਾਂ ਹੀ ਸਭ ਨੂੰ ਪਤਾ ਸੀ ਕਿ ਮਾਲਵੇ ਵਿੱਚ ਪਾਰਟੀ ਦੀ ਚੰਗੀ ਧਾਕ ਹੈ, ਪਰ ਮਾਝਾ ਤੇ ਦੁਆਬਾ ਸੁੰਨੇ ਹਨ। ਸੋ ਹੁਣ ਜਦੋਂ ਮਾਲਵੇ ਦੇ ਆਗੂ ਵੀ ਮਾਯੂਸ ਹਨ ਤੇ ਮਾਝੇ, ਦੁਆਬੇ ਵਿੱਚ ਸਰਗਰਮੀ ਨਾਂਅ ਦੀ ਕੋਈ ਚੀਜ਼ ਨਹੀਂ ਤਾਂ ਤਿੰਨੇ ਖੇਤਰਾਂ ਵਿੱਚ ਇਕ ਸਮਾਨ ਸਰਗਰਮੀਆਂ ਵਿੱਢਣ ਲਈ ਬਹੁਤ ਯੋਜਨਾਬੰਦੀ ਦੀ ਜ਼ਰੂਰਤ ਹੈ।

ਪਾਰਟੀ ਦੇ ਸ਼ੁਭਚਿੰਤਕਾਂ ਦਾ ਮੰਨਣਾ ਹੈ ਕਿ ਜੇ 2019 ਦੀਆਂ ਚੋਣਾਂ ਵਿੱਚ ਚੰਗੀ ਪੇਸ਼ਕਾਰੀ ਕਰਨੀ ਹੋਵੇ ਤਾਂ ਭਗਵੰਤ ਅਤੇ ਖਹਿਰਾ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਆਪਦੇ 19 ਵਿੱਚੋਂ 14 ਵਿਧਾਇਕਾਂ ਨੇ ਕੇਜਰੀਵਾਲ ਕੋਲ ਖਹਿਰਾ ਤੇ ਨਾਂਅ ਤੇ ਸਹਿਮਤੀ ਪ੍ਰਗਵਾਈ ਸੀ ਕਿ ਇਸੇ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਵੇ। ਜ਼ਾਹਰ ਹੈ ਖਹਿਰਾ ਨਾਲ ਵੱਡੀ ਗਿਣਤੀ ਵਿਧਾਇਕ ਹਨ, ਪਰ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਲੈ ਕੇ ਚੱਲਣਾ, ਬਣਦਾ ਸਨਮਾਨ ਦੇਣਾ, ਰਾਬਤਾ ਰੱਖਣਾ ਤੇ ਭਗਵੰਤ ਮਾਨ ਨਾਲ ਗਿਲੇ-ਸ਼ਿਕਵੇ ਭੁਲਾ ਕੇ ਅੱਗੇ ਵਧਣ ਵਿੱਚ ਹੀ ਆਮ ਆਦਮੀ ਪਾਰਟੀ ਦਾ ਭਲਾ ਹੈ।

ਕੇਜਰੀਵਾਲ ਲਈ ਵੀ ਸੋਚਣ ਦਾ ਵੇਲਾ ਹੈ ਕਿ ਹੁਣ ਉਹ ਸਮਾਂ ਲੱਦ ਗਿਆ, ਜਦੋਂ ਦਿੱਲੀ ਵਿੱਚ ਆਪਨੂੰ 67 ਸੀਟਾਂ ਤੇ ਜਿੱਤ ਹਾਸਲ ਹੋਈ ਸੀ। ਉਸ ਤੋਂ ਬਾਅਦ ਹਾਲਾਤ ਵਿੱਚ ਢੇਰ ਤਬਦੀਲੀ ਆਈ ਹੈ। ਜੇ ਦਿੱਲੀ ਤੇ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਪਹਿਲਾਂ ਵਰਗੀ ਚੜ੍ਹਤ ਬਰਕਰਾਰ ਰੱਖਣੀ ਹੈ ਤਾਂ ਆਪਣੇ ਚਹੇਤਿਆਂ ਨੂੰ ਸੂਬਿਆਂ ਦੇ ਪ੍ਰਬੰਧ ਵਿੱਚ ਦਖ਼ਲ ਦਿਵਾਉਣ ਦੀ ਥਾਂ ਸੰਬੰਧਤ ਸੂਬੇ ਦੇ ਕਾਬਲ ਤੇ ਇਮਾਨਦਾਰ ਲੋਕਾਂ ਨੂੰ ਮੂਹਰੇ ਲਿਆਂਦਾ ਜਾਵੇ। ਆਮ ਆਦਮੀ ਪਾਰਟੀ ਜਿਹੜੇ ਸਿਧਾਂਤਾਂ ਦਾ ਨਾਂਅ ਸੀ, ਉਹ ਸਿਧਾਂਤ ਸਭ ਨੇ ਲਗਾਤਾਰ ਤਿੜਕਦੇ ਦੇਖੇ ਹਨ। ਉਨ੍ਹਾਂ ਸਿਧਾਂਤਾਂ ਨੂੰ ਵੀ ਅਪਣਾਉਣ ਦੀ ਲੋੜ ਹੈ ਤੇ ਚੰਗਿਆਂ ਨੂੰ ਅਗਵਾਈ ਸੌਂਪਣ ਦੀ ਵੀ।

*****

(779)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author