JaswantAjit7ਇਨ੍ਹਾਂ ਰਾਜਸੀ ਹਲਕਿਆਂ ਵਲੋਂ ਇਹ ਸ਼ੰਕਾ ਵੀ ਪ੍ਰਗਟ ਕੀਤੀ ਗਈ ਸੀ ਕਿ ਮੁਫਤੀ ਮੁਹੰਮਦ ਸਈਅਦ ਅਤੇ ਉਨ੍ਹਾਂ ਦੀ ਬੇਟੀ ...
(23 ਜੁਲਾਈ 2017)

ਬੀਤੇ ਦਿਨੀਂ ਸਰਬ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ਘਾਟੀ ਵਿਚਲੇ ਹਾਲਾਤ ਦੇ ਦਿਨ-ਬ-ਦਿਨ ਵਿਗੜਦਿਆਂ ਜਾਣ ਪੁਰ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਾਤ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਜ਼ਿੰਮੇਦਾਰ ਹਨ। ਉਨ੍ਹਾਂ ਕਿਹਾ ਕਿ ਘਾਟੀ ਵਿੱਚ ਪ੍ਰਧਾਨ ਮੰਤਰੀ ਅਜਿਹੀਆਂ ਨੀਤੀਆਂ ਅਪਣਾ ਕੇ ਚੱਲ ਰਹੇ ਹਨ, ਜਿਨ੍ਹਾਂ ਕਾਰਣ ਦਹਿਸ਼ਤਗਰਦਾਂ ਨੂੰ ਸ਼ਹਿ ਮਿਲਣ ਦੇ ਨਾਲ ਹੀ ਵਧਣ-ਫੁੱਲਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਥੋੜ੍ਹ-ਚਿਰੇ ਲਾਭ ਲਈ ਉਨ੍ਹਾਂ (ਮੋਦੀ) ਦੇ ਪੀਡੀਪੀ ਨਾਲ ਗਠਜੋੜ ਸਰਕਾਰ ਬਣਾ ਲਏ ਜਾਣ ਦੇ ਕੀਤੇ ਗਏ ਫੈਸਲੇ ਦਾ ਦੇਸ਼ ਨੂੰ ਭਾਰੀ ਮੁੱਲ ਚੁਕਾਉਣਾ ਪੈ ਰਿਹਾ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਭਾਜਪਾਈ ਮੁੱਖੀਆਂ ਨੇ ਉਨ੍ਹਾਂ ਪੁਰ ਤਿੱਖੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਵਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਕਸ਼ਮੀਰ ਸਮੱਸਿਆ ਮੁੱਖ ਰੂਪ ਵਿੱਚ ਕਾਂਗਰਸੀ ਪ੍ਰਧਾਨ ਮੰਤਰੀਆਂ, ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਦੀ ਦੇਣ ਹੈ, ਜਿਸ ਨਾਲ ਮੋਦੀ ਸਰਕਾਰ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ।

ਪਿਛੋਕੜ:

1947 ਵਿੱਚ ਭਾਰਤ ਨੂੰ ਆਜ਼ਾਦੀ ਦਿੰਦਿਆਂ ਹੋਇਆਂ ਅੰਗਰੇਜ਼ੀ ਹਕੂਮਤ ਨੇ ਦੇਸ਼ ਵਿੱਚਲੀਆਂ ਸੈਂਕੜੇ ਰਿਆਸਤਾਂ ਨੂੰ ਆਪਣੇ ਭਵਿੱਖ ਦਾ ਫੈਸਲਾ ਆਪ ਕਰਨ ਦਾ ਜੋ ਅਧਿਕਾਰ ਦਿੱਤਾ, ਉਸੇ ਦੇ ਸਹਾਰੇ ਹੀ ਜੰਮੂ-ਕਸ਼ਮੀਰ ਰਿਆਸਤ ਦੇ ਮਹਾਰਾਜਾ ਹਰੀ ਸਿੰਘ ਨੇ ਰਿਆਸਤ ਨੂੰ ਅਜ਼ਾਦ ਰੱਖਣ ਦਾ ਐਲਾਨ ਕਰ ਦਿੱਤਾ। ਇਸ ’ਤੇ ਪਾਕਿਸਤਾਨੀ ਫੌਜ ਨੇ ਉਸ (ਜੰਮੂ-ਕਸ਼ਮੀਰ ਰਿਆਸਤ) ਨੂੰ ਆਪਣੇ ਪਾਲੇ ਵਿੱਚ ਲਿਆਉਣ ਦੇ ਉਦੇਸ਼ ਨਾਲ ਉਸ ਪੁਰ ਹਮਲਾ ਕਰ ਦਿੱਤਾ। ਕਿਉਂਕਿ ਮਹਾਰਾਜਾ ਹਰੀ ਸਿੰਘ ਨੇ ਰਿਆਸਤ ਨੂੰ ਅਜ਼ਾਦ ਰੱਖਣ ਦਾ ਫੈਸਲਾ ਐਲਾਨਿਆ ਹੋਇਆ ਸੀ, ਇਸ ਕਰਕੇ ਪਾਕਿਸਤਾਨੀ ਹਮਲੇ ਦਾ ਸਾਹਮਣਾ, ਉਸਨੇ ਆਪਣੇ ਹੀ ਬਲਬੂਤੇ ਕਰਨਾ ਸੀ। ਨਤੀਜਾ ਇਹ ਹੋਇਆ ਕਿ ਰਿਆਸਤ ਦੀਆਂ ਫੌਜਾਂ ਪਾਕਿਸਤਾਨੀ ਫੌਜਾਂ ਸਾਹਮਣੇ ਟਿਕ ਨਾ ਸਕੀਆਂ। ਪਾਕਿਸਾਨੀ ਫੌਜਾਂ ਲਗਾਤਾਰ ਵਧਦੀਆਂ ਚਲੀਆਂ ਆਉਣ ਲਗੀਆਂ। ਜਦੋਂ ਮਹਾਰਾਜਾ ਹਰੀ ਸਿੰਘ ਨੇ ਸਮਝਿਆ ਕਿ ਉਸਦੀ ਫੌਜ, ਪਾਕਿਸਾਨੀ ਫੌਜ ਦੇ ਵਧਦੇ ਕਦਮਾਂ ਨੂੰ ਰੋਕਣ ਵਿੱਚ ਸਫਲ ਨਹੀਂ ਹੋ ਪਾ ਰਹੀ ਤਾਂ ਉਸਨੇ ਭਾਰਤ ਪਾਸੋਂ ਮਦਦ ਦੀ ਮੰਗ ਕੀਤੀ, ਪਰ ਭਾਰਤ ਤਦ ਤਕ ਉਸਦੀ ਕੋਈ ਮਦਦ ਨਹੀਂ ਸੀ ਕਰ ਸਕਦਾ ਸੀ, ਜਦੋਂ ਤਕ ਰਿਆਸਤ ਭਾਰਤ ਵਿੱਚ ਸ਼ਾਮਲ ਹੋ ਕੇ ਉਸਦਾ ਹਿੱਸਾ ਨਹੀਂ ਬਣ ਜਾਂਦੀ। ਆਖਰ ਮਜਬੂਰ ਹੋ ਕੇ ਮਹਾਰਾਜਾ ਹਰੀ ਸਿੰਘ ਨੇ ਕੁਝ ਸ਼ਰਤਾਂ ਤਹਿਤ ਜੰਮੂ-ਕਸ਼ਮੀਰ ਰਿਆਸਤ ਨੂੰ ਭਾਰਤ ਵਿੱਚ ਸ਼ਾਮਲ ਕਰਨਾ ਸਵੀਕਾਰ ਕਰ ਲਿਆ। ਮਹਾਰਾਜਾ ਹਰੀ ਸਿੰਘ ਵਲੋਂ ਇਹ ਐਲਾਨ ਕੀਤੇ ਜਾਣ ਦੇ ਨਾਲ ਹੀ ਰਿਆਸਤ ਨੂੰ ਪਾਕਿਸਤਾਨੀ ਹਮਲੇ ਤੋਂ ਬਚਾਉਣ ਲਈ ਭਾਰਤ ਵਲੋਂ ਪਟਿਆਲਾ ਰਿਆਸਤ ਦੀ ਸਿੱਖ ਫੌਜ ਨੂੰ ਜੰਮੂ-ਕਸ਼ਮੀਰ ਭੇਜ ਦਿੱਤਾ ਗਿਆ। ਸਿੱਖ ਫੌਜ ਨੇ ਕਸ਼ਮੀਰ ਪੁੱਜਦਿਆਂ ਹੀ ਨਾ ਕੇਵਲ ਪਾਕਿਸਤਾਨੀ ਫੌਜ ਦੇ ਵਧਦੇ ਕਦਮਾਂ ਨੂੰ ਠੱਲ੍ਹ ਪਾਈ, ਸਗੋਂ ਉਸ ਨੂੰ ਖਦੇੜ ਕੇ ਪਿੱਛੇ ਧੱਕਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਪਾਕਿਸਤਾਨ ਫੌਜ ਵਲੋਂ ਕਸ਼ਮੀਰ ਦੇ ਕਬਜ਼ਾਏ ਇਲਾਕਿਆਂ ਨੂੰ ਖਾਲੀ ਕਰਵਾਉਣ ਲਈ ਪਟਿਆਲਾ ਫੌਜ ਦੇ ਅਫਸਰਾਂ ਵਲੋਂ ਭਾਰਤ ਸਰਕਾਰ ਪਾਸੋਂ ਕੀਤੀ ਗਈ ਕੁਝ ਸਮੇਂ ਦੀ ਮੰਗ ਨੂੰ ਨਜ਼ਰ-ਅੰਦਾਜ਼ ਕਰ ਕੇ ਸਮੇਂ ਦੇ ਪ੍ਰਧਾਨ ਮੰਤਰੀ ਜਵਹਾਰ ਲਾਲ ਨਹਿਰੂ ਇਸ ਮਾਮਲਾ ਨੂੰ ਯੂਐੱਨਓ ਵਿੱਚ ਲਿਜਾ, ਉਸਦੇ ਜੰਗਬੰਦੀ ਦੇ ਆਦੇਸ਼ ਨੂੰ ਮੰਨ ਬੈਠੇ! ਨਤੀਜਾ ਇਹ ਹੋਇਆ ਕਿ ਪਾਕਿਸਤਾਨੀ ਫੌਜ ਵਲੋਂ ਕਬਜ਼ਾਇਆ ਕਸ਼ਮੀਰ ਘਾਟੀ ਦਾ ਇਲਾਕਾ ਉਸੇ ਪਾਸ ਰਹਿ ਗਿਆ, ਜਿਸ ਨੂੰ ਉਸ ਨੇ ਆਜ਼ਾਦ ਕਸ਼ਮੀਰਐਲਾਨ ਦਿੱਤਾ ਤੇ ਭਾਰਤ ਵਲੋਂ ਉਸ ਨੂੰ, ‘ਗੁਲਾਮ ਕਸ਼ਮੀਰਵਜੋਂ ਯਾਦ ਕੀਤਾ ਜਾਣ ਲੱਗਾ। ਇਸ ਸਥਿਤੀ ਤੋਂ ਇਹ ਸਮੱਸਿਆ ਅਜਿਹੀ ਸ਼ੁਰੂ ਹੋਈ ਕਿ ਅਜੇ ਤਕ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ। ਜੇ ਵੇਖਿਆ ਜਾਏ ਤਾਂ ਰਾਹੁਲ ਗਾਂਧੀ ਵਲੋਂ ਲਾਏ ਗਏ ਇਸ ਦੋਸ਼ ਵਿੱਚ ਵੀ ਘੱਟ ਸੱਚਾਈ ਨਹੀਂ ਕਿ ਥੋੜ੍ਹ-ਚਿਰੇ ਲਾਭ ਲਈ ਨਰੇਂਦਰ ਮੋਦੀ ਵਲੋਂ ਪੀਡੀਪੀ ਨਾਲ ਗਠਜੋੜ ਕਰ ਕੇ ਸਰਕਾਰ ਬਣਾਉਣ ਦੇ ਲਏ ਗਏ ਫੈਸਲੇ ਦਾ ਦੇਸ਼ ਨੂੰ ਭਾਰੀ ਮੁੱਲ ਚੁਕਾਉਣਾ ਪੈ ਰਿਹਾ ਹੈ।

ਦੋ ਕੁ ਵਰ੍ਹੇ ਪਹਿਲਾਂ ਜਦੋਂ ਭਾਜਪਾ ਸੱਤਾ-ਲਾਲਸਾ ਦਾ ਸ਼ਿਕਾਰ ਹੋ ਕੇ ਪੀਡੀਪੀ ਨਾਲ ਸਾਂਝ ਪਾ, ਉਸਦੇ ਮੁਖੀ ਮੁਫਤੀ ਮੁਹੰਮਦ ਸਈਅਦ ਦੀ ਅਗਵਾਈ ਵਿੱਚ ਗਠਜੋੜ ਸਰਕਾਰ ਬਣਾਉਣ ਦਾ ਫੈਸਲਾ ਕੀਤਾ, ਤਾਂ ਉਸੇ ਸਮੇਂ ਦੇਸ਼ ਦੇ ਕਈ ਰਾਜਸੀ ਮਾਹਿਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਇਹ ਮੁਫਤੀ ਮੁਹੰਮਦ ਸਈਅਦ ਉਹ ਹੀ ਹਨ, ਜੋ ਵੀ ਪੀ ਸਿੰਘ ਦੀ ਕੇਂਦਰ ਸਰਕਾਰ ਵਿੱਚ ਗ੍ਰਹਿ ਮੰਤਰੀ ਸਨ ਅਤੇ ਜਿਨ੍ਹਾਂ ਉਸ ਸਮੇਂ ਅੱਤਵਾਦੀਆਂ ਵਲੋਂ ਆਪਣੀ ਅਗਵਾ ਕੀਤੀ ਗਈ ਬੇਟੀ ‘ਰੂਬੀਆਨੂੰ ਛੁਡਾਉਣ ਲਈ ਸਾਥੀ ਮੰਤਰੀਆਂ ਪੁਰ ਦਬਾਉ ਬਣਾ ਕੇ ਵੀ ਪੀ ਸਿੰਘ ਸਰਕਾਰ ਨੂੰ ਪੰਜ ਖਤਰਨਾਕ ਅੱਤਵਾਦੀਆਂ ਨੂੰ ਰਿਹਾ ਕਰਨ ਲਈ ਮਜਬੂਰ ਕਰ ਦਿੱਤਾ ਸੀ। ਇਨ੍ਹਾਂ ਰਾਜਸੀ ਹਲਕਿਆਂ ਵਲੋਂ ਇਹ ਸ਼ੰਕਾ ਵੀ ਪ੍ਰਗਟ ਕੀਤੀ ਗਈ ਸੀ ਕਿ ਮੁਫਤੀ ਮੁਹੰਮਦ ਸਈਅਦ ਅਤੇ ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫਤੀ ਦੇ ਕਸ਼ਮੀਰੀ ਵੱਖਵਾਦੀਆਂ ਨਾਲ ਨੇੜਲੇ ਸੰਬੰਧ ਹਨ, ਜਿਨ੍ਹਾਂ ਦੇ ਚਲਦਿਆਂ ਪਕੜੇ ਹੋਏ ਖਤਰਨਾਕ ਦਹਿਸ਼ਤਗਰਦਾਂ ਨੂੰ ਰਿਹਾ ਕਰਵਾਣ ਲਈ ਇਹ ਡਰਾਮਾਰਚਿਆ ਗਿਆ ਹੈ।

ਦੋ ਵਰ੍ਹੇ ਪਹਿਲਾਂ, ਪਹਿਲੀ ਮਾਰਚ 2015 ਨੂੰ ਜਦੋਂ ਜੰਮੂ-ਕਸ਼ਮੀਰ ਵਿੱਚ ਪੀਡੀਪੀ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਸਰਕਾਰ ਦੇ ਮੁੱਖੀ ਵਜੋਂ ਮੁਫਤੀ ਮੁਹੰਮਦ ਸਈਅਦ ਨੇ ਮੁਖ ਮੰਤਰੀ ਵਜੋਂ ਅਤੇ ਭਾਜਪਾ ਦੇ ਨਿਰਮਲ ਸਿੰਘ ਨੇ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਉਸ ਸਮੇਂ ਇਹ ਇੱਕ ਇਤਿਹਾਸਕ ਸੱਚਾਈ ਬਣ ਗਈ ਕਿ ਭਾਜਪਾ ਪਹਿਲੀ ਵਾਰ ਜੰਮੂ-ਕਸ਼ਮੀਰ ਦੀ ਕਿਸੇ ਸਰਕਾਰ ਵਿੱਚ ਭਾਈਵਾਲ ਬਣੀ ਹੈ। ਇਸ ਸਰਕਾਰ ਦੇ ਸਹੁੰ-ਚੁੱਕ ਸਮਾਗਮ ਦੀ ਇਤਿਹਾਸਕਤਾ ਇਹ ਵੀ ਰਹੀ ਕਿ ਇਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਆਦਿ ਸਹਿਤ ਭਾਜਪਾ ਦੇ ਕਈ ਸੀਨੀਅਰ ਮੁਖੀ ਵੀ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਮੌਕੇ ’ਤੇ ਦਾਅਵਾ ਕੀਤਾ ਕਿ ਘਾਟੀ ਵਿੱਚ ਪੀਡੀਪੀ-ਭਾਜਪਾ ਸਰਕਾਰ ਦੇ ਕਾਇਮ ਹੋਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਉਮੀਦਾਂ ’ਤੇ ਪੂਰਿਆਂ ਉੱਤਰ, ਰਿਆਸਤ ਨੂੰ ਨਵੀਆਂ ਉਚਿਆਈਆਂ ਤਕ ਲਿਜਾਣ ਦਾ ਇਤਿਹਾਸਕ ਮੌਕਾ ਬਣਿਆ ਹੈ।

ਵਿਵਾਦਤ ਬਿਆਨ: ਉੱਧਰ ਮੁਫਤੀ ਮੁਹੰਮਦ ਸਈਅਦ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣ ਤੋਂ ਤੁਰੰਤ ਬਾਅਦ ਪੱਤਰਕਾਰਾਂ ਨਾਲ ਹੋਈ ਮੁਲਾਕਾਤ ਦੌਰਾਨ ਦਾਅਵੇ ਨਾਲ ਕਿਹਾ ਕਿ ਮੈਂ ‘ਆਨ ਰਿਕਾਰਡ’ ਕਹਿਣਾ ਚਾਹੁੰਦਾ ਹਾਂ, ਤੇ ਮੈਂ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਹੈ ਕਿ ਰਿਆਸਤ ਵਿੱਚ ਹੋਈਆਂ ਸ਼ਾਂਤੀ-ਪੂਰਣ ਚੋਣਾਂ ਲਈ ਸਾਨੂੰ ਹੁਰੀਅਤ, ਵੱਖਵਾਦੀ ਸੰਗਠਨਾਂ ਅਤੇ ਸੀਮਾ ਪਾਰ ਦੇ ਲੋਕਾਂ (ਪਾਕਿਸਤਾਨ) ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਮੈਂ ਮੰਨਦਾ ਹਾਂ ਕਿ ਜੇ ਉਨ੍ਹਾਂ ਨੇ ਕੁਝ ਵੀ ਕੀਤਾ ਹੁੰਦਾ ਤਾਂ ਸ਼ਾਂਤੀ-ਪੂਰਣ ਚੋਣਾਂ ਕਰਵਾਈਆਂ ਜਾਣਾ ਸੰਭਵ ਨਾ ਹੋ ਪਾਉਂਦਾ। ਇਸਦਾ ਮਤਲਬ ਸਪਸ਼ਟ ਸੀ ਕਿ ਮੁਫਤੀ ਮੁਹੰਮਦ ਸਈਅਦ ਨੇ ਰਿਆਸਤੀ ਪੁਲਿਸ, ਸੁਰੱਖਿਆ ਇਜੰਸੀਆਂ ਤੇ ਰਿਆਸਤ ਦੇ ਲੋਕਾਂ ਵਲੋਂ ਸ਼ਾਂਤੀ-ਪੂਰਣ ਚੋਣਾਂ ਵਿੱਚ ਨਿਭਾਈ ਗਈ ਭੂਮਿਕਾ ਨੂੰ ਅਣਗੌਲਿਆਂ ਕਰ ਕੇ ਸ਼ਾਂਤੀਪੂਰਣ ਚੋਣਾਂ ਹੋਣ ਦਾ ਸਿਹਰਾ ਉਨ੍ਹਾਂ ਅੱਤਵਾਦੀਆਂ ਅਤੇ ਪਾਕਿਸਤਾਨ ਦੇ ਸਿਰ ਬੰਨ੍ਹ ਦਿੱਤਾ, ਜਿਨ੍ਹਾਂ ਚੋਣਾਂ ਦੌਰਾਨ ਰਿਆਸਤ ਦੇ ਮਤਦਾਤਾਵਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਬਣਾਈ ਰੱਖਣ ਲਈ ਰਿਆਸਤ ਅੰਦਰ ਬੇਗੁਨਾਹ ਲੋਕਾਂ ਪੁਰ ਹਮਲੇ ਕਰਨ ਤੇ ਕੰਟਰੋਲ ਰੇਖਾ ਪੁਰ ਜੰਗਬੰਦੀ ਦੀ ਉਲੰਘਣਾ ਕਰ ਕੇ ਗੋਲਾਬਾਰੀ ਕਰਦਿਆਂ ਰਹਿਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ। ਮੁਫਤੀ ਮੁਹੰਮਦ ਸਈਅਦ ਦੇ ਬਿਆਨ ਵਿਰੁੱਧ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦੇ ਦਿਨਾਂ ਵਿੱਚ ਪਾਕਿਸਤਾਨ ਵਲੋਂ ਬਾਰ-ਬਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾਂਦੀ ਰਹੀ, ਜਿਸਦਾ ਭਾਰਤ ਵਲੋਂ ਮੂੰਹ-ਤੋੜਵਾਂ ਉੱਤਰ ਦਿੱਤਾ ਜਾਂਦਾ ਰਿਹਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਮੁਫਤੀ ਮੁਹੰਮਦ ਸਈਅਦ ਦੇ ਬਿਆਨ ਨਾਲੋਂ ਆਪਣੇ-ਆਪ ਨੂੰ ਅਲੱਗ ਕਰਦੀ ਹੈ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਮੁਫਤੀ ਮੁਹੰਮਦ ਸਈਅਦ ਨੇ ਜੋ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਵੀ ਕਿਹਾ ਸੀ, ਇਹ ਗੱਲ ਜਦੋਂ ਮੁਫਤੀ ਨੇ ਪ੍ਰਧਾਨ ਮੰਤਰੀ ਨੂੰ ਕਹੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨੇ ਮੁਫਤੀ ਨੂੰ ਕੀ ਜਵਾਬ ਦਿੱਤਾ?

ਇੱਕ ਪਾਸੇ ਜਿੱਥੇ ਪੀਡੀਪੀ ਦੇ ਮੁਖੀ ਮੁਫਤੀ ਮੁਹੰਮਦ ਸਈਅਦ ਨੇ ਮੁਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦਿਆਂ ਹੀ ਰਿਆਸਤ ਵਿੱਚ ਹੋਈਆਂ ਸ਼ਾਂਤੀਪੂਰਣ ਚੋਣਾਂ ਲਈ ਵੱਖਵਾਦੀਆਂ ਤੇ ਪਾਕਿਸਤਾਨ ਸਿਰ ਸਿਹਰਾ ਬੰਨ੍ਹਿਆ, ਉੱਥੇ ਹੀ ਦੂਸਰੇ ਪਾਸੇ ਪੀਡੀਪੀ ਦੇ ਅੱਠ ਵਿਧਾਇਕਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਸੰਸਦ ਪੁਰ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਪੁਰ ਸਵਾਲੀਆ ਨਿਸ਼ਾਨ ਲਾਉਂਦਿਆਂ, ਉਸ ਨੂੰ ਇਨਸਾਫ ਨਾਲ ਮਜ਼ਾਕ ਕਰਾਰ ਦੇ ਦਿੱਤਾ।

ਮਤਭੇਦ ਦੀ ਗੱਲ ਸਵੀਕਾਰੀ:

ਭਾਜਪਾ ਦੇ ਜਨਰਲ ਸਕਤੱਰ ਰਾਮ ਮਾਧਵ, ਜੋ ਆਰਐੱਸਐੱਸ ਦੇ ਪ੍ਰਤੀਨਿਧੀ ਸਵੀਕਾਰੇ ਜਾਂਦੇ ਹਨ, ਨੇ ਸਵੀਕਾਰ ਕੀਤਾ ਸੀ ਕਿ ਧਾਰਾ 370, ਅਫਸਪਾ, ਪਛਮੀ ਪਾਕਿਸਤਾਨ ਦੇ ਸ਼ਰਨਾਰਥੀਆਂ ਅਤੇ ਪੁਨਰਗਠਨ ਆਦਿ ਮੁੱਦਿਆਂ ਨੂੰ ਲੈ ਕੇ ਸਮਝੌਤਾ ਕਰਨ ਵਿੱਚ ਬਹੁਤ ਮੁਸ਼ਕਲਾਂ ਆਈਆਂ ਸਨ। ਦੂਸਰੇ ਪਾਸੇ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਦੋਹਾਂ ਪਾਰਟੀਆਂ ਵਿੱਚ ਇੰਨੇ ਮਤਭੇਦ ਹਨ, ਕਿ ਉਹ ਸਮੇਂ ਨਾਲ ਉੱਭਰਦੇ ਰਹਿਣਗੇ।

ਇੱਕ ਸਵਾਲ: ਦੋਹਾਂ ਧਿਰਾਂ ਵਲੋਂ ਐਲਾਨੇ ਗਏ ਸਾਂਝੇ ਪ੍ਰੋਗਰਾਮ ਵਿੱਚ ਭਾਵੇਂ ਅਜਿਹੀ ਕੋਈ ਮਦ ਨਹੀਂ ਸੀ, ਜਿਸ ਪੁਰ ਸਵਾਲੀਆ ਨਿਸ਼ਾਨ ਲਾਇਆ ਜਾਂਦਾ, ਫਿਰ ਵੀ ਇਹ ਸਵਾਲ ਜ਼ਰੂਰ ਉੱਠਦਾ ਰਿਹਾ ਕਿ ਸਾਂਝੇ ਪ੍ਰੋਗਰਾਮ ਤੋਂ ਇਲਾਵਾ ਜਿਨ੍ਹਾਂ ਮੁੱਦਿਆਂ ਪੁਰ ਮਤਭੇਦ ਹੋਣ ਦੀ ਗੱਲ, ਦੋਹਾਂ ਧਿਰਾਂ ਵਲੋਂ ਸਵੀਕਾਰੀ ਜਾ ਰਹੀ ਹੈ, ਉਹ ਇੰਨੇ ਜ਼ਿਆਦਾ ਮਹਤੱਵਪੂਰਣ ਸਨ ਕਿ ਉਨ੍ਹਾਂ ਦੇ ਸੰਬੰਧ ਵਿੱਚ ਇਕ ਪਾਸੇ ਪੀਡੀਪੀ ਦੇ ਨੇਤਾ ਸਾਂਝੇ ਪ੍ਰੋਗਰਾਮਦੀਆਂ ਸੀਮਾਵਾਂ ਤੋਂ ਬਾਹਰ ਜਾ ਆਵਾਜ਼ ਉਠਾ, ਉਨ੍ਹਾਂ ਪ੍ਰਤੀ ਵਚਨਬੱਧਤਾ ਦੁਹਰਾਉਂਦੇ ਰਹੇ, ਅਤੇ ਉਨ੍ਹਾਂ ਵਿਰੁੱਧ ਭਾਜਪਾ ਮੁਖੀ ਉਨ੍ਹਾਂ ਨਾਲ ਕੋਈ ਨਾਤਾ ਨਾ ਹੋਣ ਦੀ ਗੱਲ ਆਖ ਆਪਣਾ ਬਚਾਅ ਕਰਦੇ ਰਹੇ।

ਭਾਜਪਾ ਮੁੱਖੀ ਭਾਵੇਂ ਉਨ੍ਹਾਂ ਮੁੱਦਿਆਂ ਨੂੰ ਅਣਗੌਲਿਆਂ ਕਰਦੇ ਰਹੇ, ਪਰ ਪੀਡੀਪੀ ਦੇ ਨੇਤਾ ਤੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ, ਪੀਡੀਪੀ ਪ੍ਰਧਾਨ ਤੇ ਹੁਣ ਰਿਆਸਤ ਦੀ ਮੁੱਖ ਮੰਤਰੀ, ਮਹਿਬੂਬਾ ਮੁਫਤੀ ਤੇ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਮੁੱਦਿਆਂ ਨੂੰ ਅਣਗੌਲਿਆਂ ਕਰਦੇ ਵਿਖਾਈ ਨਹੀਂ ਸਨ ਦਿੰਦੇ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਮੇਤ ਭਾਜਪਾ ਨੇਤਾ ਪੀਡੀਪੀ ਦੇ ਮੁਖੀਆਂ ਵਲੋਂ ਉਭਾਰੇ ਜਾ ਰਹੇ ਮੁੱਦਿਆਂ ਨਾਲੋਂ ਨਾਤਾ ਤੋੜਨ ਦੀ ਗੱਲ ਹੀ ਕਰਦੇ ਰਹੇ ਸਨ, ਪਰ ਸਵਾਲ ਉੱਠਦਾ ਰਿਹਾ ਕਿ ਕੀ ਉਸ ਸਰਕਾਰ ਦੇ ਮੁਖੀ ਵਲੋਂ ਅਜਿਹੇ ਸਵਾਲ ਖੜ੍ਹੇ ਕੀਤੇ ਜਾਣ ਨਾਲੋਂ ਉਹ ਨਾਤਾ ਕਿਵੇਂ ਤੋੜ ਸਕਦੇ ਹਨ? ਜਿਸ ਵਿੱਚ ਉਨ੍ਹਾਂ ਦੀ ਪਾਰਟੀ ਦਾ ਮੁੱਖੀ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਹੈ। ਇਸੇ ਕਰਕੇ ਇਹ ਸਵਾਲ ਲਗਾਤਾਰ ਉੱਠਦਾ ਰਿਹਾ ਕਿ ਆਖਿਰ ਭਾਜਪਾ ਸਾਹਮਣੇ ਸੱਤਾ ਵਿੱਚ ਪੀਡੀਪੀ ਨਾਲ ਭਾਈਵਾਲ ਬਣਨ ਦੀ ਲਾਲਸਾ ਇੰਨੀ ਪ੍ਰਬਲ ਕਿਉਂ ਸੀ ਜਿਸ ਨੂੰ ਪੂਰਿਆਂ ਕਰਨ ਲਈ ਉਸਦੇ ਮੁਖੀਆਂ ਨੇ ਮਹੱਤਵਪੂਰਣ ਮੁੱਦਿਆਂ ਤਕ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ?

ਇਹ ਗੱਲ ਵਰਨਣਯੋਗ ਹੈ ਕਿ ਦੇਸ਼ ਦੇ ਪ੍ਰਮੁੱਖ ਰਾਜਸੀ ਮਾਹਿਰ ਘਾਟੀ ਵਿੱਚ ਹੋਈਆਂ ਸ਼ਾਂਤੀਪੂਰਣ ਚੋਣਾਂ ਲਈ ਅੱਤਵਾਦੀਆਂ ਸੰਗਠਨਾਂ ਅਤੇ ਪਾਕਿਸਤਾਨ ਦੇ ਸਿਰ ਸਿਹਰਾ ਬੰਨ੍ਹਣ ਦੇ ਮੁਫਤੀ ਮੁਹੰਮਦ ਸਈਅਦ ਵਲੋਂ ਦਿੱਤੇ ਗਏ ਬਿਆਨ ਨੂੰ ਅੱਜ ਆਪਣੀ ਉਸ ਸਮੇਂ ਪ੍ਰਗਟ ਕੀਤੀ ਗਈ ਸ਼ੰਕਾ ਦੀ ਪੁਸ਼ਟੀ ਵਜੋਂ ਸਵੀਕਾਰਦੇ ਹਨ!

*****
(774)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author