JaswantAjit7“ਪ੍ਰੰਤੂ ਜਦੋਂ ਉਨ੍ਹਾਂ ਵੇਖਿਆ ਕਿ ਕੁੜੀਆਂ ਨੇ ਤਾਂ ਖੂਹ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਉਹ ਵੀ ...”
(14 ਜੁਲਾਈ 2017)

 

ਇਉਂ ਜਾਪਦਾ ਹੈ ਜਿਵੇਂ ਦੇਸ਼ ਦੀ ਰਾਜਧਾਨੀ, ਦਿੱਲੀ ਦੇ ਇੱਕ ਪਰਿਵਾਰ ਨੇ ਇਹ ਪ੍ਰਣ ਲੈ ਰੱਖਿਆ ਹੈ ਕਿ ‘ਅਪਨੀ ਆਂਖੋਂ ਸੇ ਤੁਮ੍ਹੇਂ ਦੁਨੀਆ ਦਿਖਾਊਂ, ਤੇਰੇ ਨੈਨੋਂ ਕੇ ਮੈਂ ਦੀਪ ਜਲਾਉਂ।’ ਇਸ ਪਰਿਵਾਰ ਦੇ 20 ਮੈਂਬਰ ਆਪਣੀ ਮੌਤ ਤੋਂ ਬਾਅਦ ਲਗਭਗ 40 ਦ੍ਰਿਸ਼ਟੀਹੀਣਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਦਾ ਸੰਚਾਰ ਕਰਨ ਲਈ ਆਪਣੀਆਂ ਅੱਖਾਂ ਦਾ ਦਾਨ ਕਰ ਚੁੱਕੇ ਹਨ। ਇਸ ਪਰਿਵਾਰ ਦਾ ਇਹ ਸਿਲਸਿਲਾ ਅੱਗੋਂ ਵੀ ਜਾਰੀ ਹੈ। ਪਿਛਲੇ ਜੂਨ ਮਹੀਨੇ ਵਿੱਚ ਪਰਿਵਾਰ ਦੇ ਮੁੱਖੀ ਜਗਦੀਸ਼ ਲਾਲ ਨੇ ਆਪਣੀਆਂ ਅੱਖਾਂ ਦ੍ਰਿਸ਼ਟੀਹੀਣਾਂ ਨੂੰ ਦਾਨ ਕੀਤੀਆਂ। ਨਿਊ ਮੋਤੀ ਨਗਰ ਨਿਵਾਸੀ ਜਗਦੀਸ਼ ਲਾਲ ਨੇ 6 ਜੂਨ, ਦੁਪਹਿਰ ਬਾਅਦ ਇੱਕ ਵਜੇ ਦੇ ਕਰੀਬ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁੱਤਰ, ਅਜੈ ਭਾਟੀਆ ਨੇ ਆਪਣੇ ਪਿੱਤਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੱਖਾਂ ਨੂੰ ਦਾਨ ਕਰਨ ਲਈ ‘ਗੁਰੂ ਨਾਨਕ ਆਈ ਹਸਪਤਾਲ’ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਡਾਕਟਰਾਂ ਨੇ ਸਮੇਂ ਸਿਰ ਉਨ੍ਹਾਂ ਦੀਆਂ ਅੱਖਾਂ ਹਸਪਤਾਲ ਦੇ ‘ਆਈ ਬੈਂਕ’ ਤਕ ਪਹੁੰਚਾ ਦਿੱਤੀਆਂ। ਅਜੈ ਭਾਟੀਆ ਅਨੁਸਾਰ ਉਨ੍ਹਾਂ ਦੇ ਪਿਤਾ ਤੋਂ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਦੀ ਮਾਤਾ  ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਵੀ ਇਹੀ ਇੱਛਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਕਿਸੇ ਦ੍ਰਿਸ਼ਟੀਹੀਣ ਨੂੰ ਦਾਨ ਕੀਤੀਆਂ ਜਾਣ। ਮਾਂ ਤੋਂ ਬਿਨਾਂ  2007 ਵਿੱਚ ਉਨ੍ਹਾਂ ਦੀ ਭੂਆ, ਚਾਚਾ, ਦੋ ਫੁੱਫੜ, ਭੈਣ ਦੀ ਸੱਸ, ਮਾਸੀ ਦੇ ਪੁੱਤਰ ਸਮੇਤ ਹੁਣ ਤਕ ਪਰਿਵਾਰ ਦੇ ਵੀਹ ਲੋਕ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰ ਚੁੱਕੇ ਹਨ। ਅਜੈ ਦਾ ਕਹਿਣਾ ਹੈ ਕਿ ‘ਨੇਤਰ ਦਾਨ’ ਹੀ ਮਹਾਂਦਾਨ ਹੈ। ਇਸ ਲਈ ਉਨ੍ਹਾਂ, ਉਨ੍ਹਾਂ ਦੇ ਪਰਿਵਾਰ ਅਤੇ ਭਰਾ-ਭਰਜਾਈ ਵੀ ‘ਨੇਤਰ ਦਾਨ’ ਦਾ ਫਾਰਮ ਭਰ, ਇਸੇ ਕੜੀ ਨਾਲ ਜੁੜ ਗਏ ਹਨ।

ਗੁਰੂ ਨਾਨਕ ਆਈ ਹਸਪਤਾਲ ਦੀ ਡਾਕਟਰ, ਰੀਤੂ ਅਰੋੜਾ ਦਾ ਕਹਿਣਾ ਹੈ ਕਿ ਮੌਤ ਤੋਂ ਬਾਅਦ ਲਗਭਗ ਚਾਰ ਤੋਂ ਛੇ ਘੰਟਿਆਂ ਅੰਦਰ ਅੱਖਾਂ ਦਾਨ ਕਰਨੀਆਂ ਹੁੰਦੀਆਂ ਹਨ। ਅੱਖਾਂ ਵਿੱਚ ਸਭ ਤੋਂ ਅਹਿਮ ਕਾਰਨੀਆ (ਸਫੇਦ ਪਟਲ) ਹੈ। ਦ੍ਰਿਸ਼ਟੀਹੀਣਾਂ ਨੂੰ ਪਹਿਲ ਦੇ ਅਧਾਰ ਤੇ ਹੀ ਕਾਰਨੀਆ ਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇੱਕ ਨਵੀਂ ਤਕਨੀਕ ਆ ਚੁੱਕੀ ਹੈ, ਇਸ ਲਈ ਜੋ ਅੱਖਾਂ, ਗੁਣਾਂ ਦੇ ਹਿਸਾਬ ਨਾਲ ਬੇਹਤਰ (ਚੰਗੀਆਂ) ਹੁੰਦੀਆਂ ਹਨ, ਉਨ੍ਹਾਂ ਨਾਲ ਤਿੰਨ-ਚਾਰ ਦ੍ਰਿਸ਼ਟੀਹੀਨਾਂ ਨੂੰ ਰੋਸ਼ਨੀ ਦਿੱਤੀ ਜਾ ਸਕਦੀ ਹੈ।

**

ਝੁੱਗੀਆਂ ਵਿਚਲੇ ਬੱਚਿਆਂ ਦਾ ਭਵਿੱਖ

ਤੀਹ ਵਰ੍ਹਿਆਂ ਦੇ ਦਵਿੰਦਰ ਜਦੋਂ ਦਸ ਵਰ੍ਹਿਆਂ ਦੇ ਹੀ ਸਨ, ਕੁਦਰਤ ਨੇ ਉਨ੍ਹਾਂ ਨੂੰ ਮਾਂ ਦੇ ਪਿਆਰ ਤੋਂ ਵਾਂਝਿਆਂ ਕਰ ਦਿੱਤਾ। ਅਜੇ ਉਹ ਇਸ ਸੱਟ ਤੋਂ ਉੱਭਰ ਵੀ ਨਹੀਂ ਸੀ ਪਾਏ ਕਿ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਵੀ ਉੱਠ ਗਿਆ। ਜਿਸ ਉਮਰ ਵਿੱਚ ਬੱਚੇ ਖੇਡਦੇ-ਕੁੱਦਦੇ ਹਨ, ਉਸ ਉਮਰ ਵਿੱਚ ਉਨ੍ਹਾਂ ਨੂੰ ਘਰ ਚਲਾਉਣ ਦੀਆਂ ਜ਼ਿਮੇਦਾਰੀਆਂ ਨੇ ਘੇਰ ਲਿਆ। ਉਹ ਹੁਣ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਦਾ ਜੀਵਨ ਸੰਵਾਰਨ ਵਿੱਚ ਜੁਟੇ ਹੋਏ ਹਨ। ਉਨ੍ਹਾਂ ਨੇ ਇਸੇ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ। ਪਲੇਸਮੈਂਟ ਏਜੰਸੀ ਚਲਾਉਣ ਵਾਲੇ ਦਵਿੰਦਰ ਬੀਤੇ 11 ਵਰ੍ਹਿਆਂ ਤੋਂ ਆਪਣੀ ਕਮਾਈ ਦਾ ਬਹੁਤਾ ਹਿੱਸਾ, ਇਨ੍ਹਾਂ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਪੁਰ ਖਰਚ ਕਰ ਰਹੇ ਹਨ। ਸੰਨ 2004 ਵਿੱਚ ‘ਨੈਸ਼ਨਲ ਯੂਥ ਅਵਾਰਡ’ ਨਾਲ ਸਨਮਾਨਤ ਦਵਿੰਦਰ ਦੱਸਦੇ ਹਨ, ਉਨ੍ਹਾਂ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੜ੍ਹੀ-ਲਿਖੀ ਨਾ ਹੋਣ ਕਾਰਣ ਲੜਕੇ ਵਾਲੇ ਉਨ੍ਹਾਂ ਦੀ ਭੈਣ ਨਾਲ ਸ਼ਾਦੀ ਕਰਨ ਲਈ ਤਿਆਰ ਨਹੀਂ ਸੀ ਹੁੰਦੇ। ਇਸ ਤੋਂ ਬਾਅਦ ਉਨ੍ਹਾਂ ਵਿੱਦਿਆ ਤੋਂ ਕੋਰੀਆਂ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਬਾਰੇ ਸੋਚਿਆ। ਹੁਣ ਤਕ ਉਹ 6,000 ਲੜਕੀਆਂ ਨੂੰ 12ਵੀਂ ਤਕ ਦੀ ਪੜ੍ਹਾਈ ਕਰਵਾ ਚੁੱਕੇ ਹਨ। ਦਵਿੰਦਰ, ਸੰਗਮ ਵਿਹਾਰ ਤੋਂ ਇਲਾਵਾ ਮੁਨੀਰਕਾ ਅਤੇ ਓਖਲਾ ਦੇ ਸਲੱਮ ਇਲਾਕਿਆਂ ਵਿੱਚ ਵੀ ਲੜਕੀਆਂ ਨੂੰ ਪੜ੍ਹਾਉਣ ਲਈ ਜਾਂਦੇ ਹਨ। ਉਹ ਦੱਸਦੇ ਹਨ ਕਿ ਆਪਣੇ ਨਿਤ ਦੇ ਕੰਮ ਤੋਂ ਫੁਰਸਤ ਮਿਲਣ ਤੋਂ ਬਾਅਦ ਉਹ ਇਨ੍ਹਾਂ ਬੱਚੀਆਂ ਨੂੰ ਪੜ੍ਹਾਉਣ ਵਿੱਚ ਹੀ ਰੁੱਝੇ ਰਹਿੰਦੇ ਹਨ। ਬੱਚੀਆਂ ਨੂੰ ਪੜ੍ਹਾਉਣ ਦੇ ਨਾਲ ਹੀ ਦਵਿੰਦਰ ਉਨ੍ਹਾਂ ਨੂੰ ਨੌਕਰੀ ਦੁਆਉਣ ਵਿੱਚ ਵੀ ਮਦਦ ਕਰਦੇ ਹਨ। ਉਨ੍ਹਾਂ ਦੱਸਿਆ ਕਿ 12ਵੀਂ ਤਕ ਦੀ ਵਿੱਦਿਆ ਦੁਆਉਣ ਤੋਂ ਬਾਅਦ ਉਹ ਬਹੁਤਾ ਕਰਕੇ ਬੱਚੀਆਂ ਨੂੰ ਕੰਪਿਊਟਰ ਆਪਰੇਟਰ, ਟੈਲੀਕਾਲਰ ਅਤੇ ਰਿਸੈੱਪਸਨਿਸ਼ਟ ਦੇ ਰੂਪ ਵਿੱਚ ਨੌਕਰੀ ਦੁਆਉਂਦੇ ਹਨ।

**

ਬੇਘਰ ਲੋਕਾਂ ਦਾ ਮਦਦਗਾਰ

ਪੁਰਾਣੀ ਦਿੱਲੀ ਨਿਵਾਸੀ 30 ਵਰ੍ਹਿਆਂ ਦੇ ਅਧਿਆਪਕ ਕੁਰੈਸ਼ੀ ਦੇ ਪਿਤਾ ਕੁਝ ਵਰ੍ਹੇ ਪਹਿਲਾਂ ਲਾਪਤਾ ਹੋ ਗਏ ਸਨ। ਕੁਰੈਸ਼ੀ ਨੇ ਦੱਸਿਆ ਕਿ ਉਸਨੇ ਉਨ੍ਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪ੍ਰੰਤੂ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਇਸੇ ਦੌਰਾਨ ਉਸ ਨੂੰ ਕੁਝ ਬੇਘਰ ਲੋਕੀ ਮਿਲੇ। ਉਸ ਵਕਤ ਉਸਦੇ ਦਿਲ ਵਿੱਚ ਖਿਆਲ ਆਇਆ ਕਿ ਇਹ ਲੋਕੀ ਵੀ ਤਾਂ ਕਿਸੇ ਦੇ ਰਿਸ਼ਤੇਦਾਰ ਹੋਣਗੇ, ਇਨ੍ਹਾਂ ਨੂੰ ਵੀ ਤਾਂ ਆਪਣਾ ਘਰ ਯਾਦ ਆਉਂਦਾ ਹੋਵੇਗਾ। ਇਨ੍ਹਾਂ ਦੀ ਹੋਲੀ, ਦੀਵਾਲੀ ਤੇ ਈਦ ਵਰਗੇ ਤਿਉਹਾਰ ਕਿਵੇਂ ਮੰਨਦੇ ਹੋਣਗੇ? ਇਸ ਤੋਂ ਬਾਅਦ ਉਸਨੇ ‘ਮਲ੍ਹਮ’ ਨਾਂ ਦਾ ਇੱਕ ਹੋਸਟਲ ਕਾਇਮ ਕੀਤਾ। ਪਰ ਅਧਿਆਪਕ ਦੀ ਇੱਕ ਛੋਟੀ ਜਿਹੀ ਨੌਕਰੀ ਵਿੱਚ ਇਸ ਨੂੰ ਚਲਾ ਪਾਉਣਾ ਉਸ ਲਈ ਸੰਭਵ ਨਹੀਂ ਸੀ। ਫਲਸਰੂਪ ਉਸਨੇ ਲੋਕਾਂ ਪਾਸੋਂ ਮਦਦ ਮੰਗੀ ਤੇ ਇਸ ਹੋਸਟਲ ਨੂੰ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਫਿਰ ਮੁਸ਼ਕਲਾਂ ਆਉਣ ਲੱਗੀਆਂ। ਬਹੁਤ ਹੀ ਸੋਚ ਵਿਚਾਰ ਕਰ ਇਨ੍ਹਾਂ ਬੇਘਰ ਲੋਕਾਂ ਨੂੰ ਕਿੱਤਾ-ਮੁਖੀ ਟ੍ਰੇਨਿੰਗ ਦੁਆਉਣੀ ਸ਼ੁਰੂ ਕਰ ਦਿੱਤੀ। ਅੱਜ ‘ਮਲ੍ਹਮ’ ਹੋਸਟਲ ਵਿੱਚ 14 ਵਿਅਕਤੀ (4 ਮੁਸਲਮਾਨ ਅਤੇ 10 ਹਿੰਦੂ) ਰਹਿੰਦੇ ਹਨ। ਇਨ੍ਹਾਂ ਵਿੱਚੋਂ ਕੁਝ ‘ਇਲੈਕਟ੍ਰੀਸ਼ੀਅਨ’ ਅਤੇ ਕੁਝ ‘ਡਲਿਵਰੀ ਬੁਆਏ’ ਹਨ।

ਮਾਂ ਲਈ ਖੂਹ ਖੋਦਿਆ:

ਬਹੁ-ਚਰਚਤ ਫਿਲਮ ਬਾਹੂਬਲੀ ਦੇ ਨਾਇਕ, ਸ਼ਿਵਾ ਵਲੋਂ ਮਾਂ ਦੀ ਸਹੂਲਤ ਲਈ ਸ਼ਿਵਲਿੰਗ ਉਠਾ ਝਰਨੇ ਕੋਲ ਲੈ ਕੇ ਜਾਣ ਦੇ ਦ੍ਰਿਸ਼ ਤੋਂ ਪ੍ਰਭਾਵਤ ਹੋ ਕੇ ਛਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਦੇ ਕਛੋੜ ਪਿੰਡ ਦੀਆਂ ਦੋ ਭੈਣਾਂ, ਸ਼ਾਂਤੀ ਅਤੇ ਵਿਗਆਂਤੀ, ਜੋ ਮਜ਼ਦੂਰ ਪਰਿਵਾਰ ਦੀਆਂ ਹਨ, ਪਿਤਾ ਅਮਰ ਸਿੰਹੁ ਗੋਂਡ ਮਜ਼ਦੂਰੀ ਕਰਦਾ ਹੈ, ਜਦੋਂ ਕਿ ਮਾਂ ਜੁਕਮੁਲ ਗ੍ਰਹਿਣੀ ਹੈ, ਨੇ ਆਪਣੀ ਮਾਂ ਲਈ ਧਰਤੀ ਦਾ ਸੀਨਾ ਚੀਰ, ਖੂਹ ਖੋਦ ਦਿੱਤਾ। ਛਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ ਕਛੋੜ ਪਿੰਡ ਵਿੱਚ 15 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਲਈ ਪਾਣੀ ਉਪਲਬਧ ਕਰਵਾਉਣ ਵਾਸਤੇ ਪਿੰਡ ਵਿੱਚ ਕੇਵਲ ਤਿੰਨ ਹੀ ਹੈਂਡਪੰਪ ਹਨ, ਇਨ੍ਹਾਂ ਵਿੱਚੋਂ ਦੋ ਤਾਂ ਹਰ ਵਕਤ ਖਰਾਬ ਰਹਿੰਦੇ ਹਨ ਅਤੇ ਤੀਜੇ ਵਿੱਚ ਗੰਦਾ ਪਾਣੀ ਆਉਂਦਾ ਹੈ। ਜਿਸ ਕਰਕੇ ਪਿੰਡ ਵਾਸੀਆਂ ਨੂੰ ਪਾਣੀ ਲਿਆਉਣ ਲਈ ਆਪਣੇ ਪਿੰਡ ਤੋਂ ਦੋ ਕਿਲੋਮੀਟਰ ਦੂਰ, ਦੂਸਰੇ ਪਿੰਡ ਜਾਣਾ ਪੈਂਦਾ ਹੈ। ਇਨ੍ਹਾਂ 15 ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਦੀਆਂ ਦੋ ਧੀਆਂ ਪਾਣੀ ਲਿਆਉਣ ਲਈ ਆਪਣੀ ਮਾਂ ਨੂੰ ਹਰ ਰੋਜ਼ ਦੋ ਕਿਲੋਮੀਟਰ ਪੈਦਲ ਜਾਂਦਿਆਂ ਵੇਖ ਬਹੁਤ ਹੀ ਦੁਖੀ ਹੁੰਦੀਆਂ। ਇੱਕ ਦਿਨ ਦੋਹਾਂ ਨੇ ਆਪਣੇ ਘਰ ਦੇ ਨੇੜੇ ਹੀ ਖੂਹ ਖੋਦਣ ਦਾ ਬੀੜਾ ਚੁੱਕ ਲਿਆ। ਉੱਚੇ ਹੌਸਲੇ ਅਤੇ ਦ੍ਰਿੜ੍ਹ ਇਰਾਦੇ ਨਾਲ ਉਨ੍ਹਾਂ ਖੂਹ ਖੋਦਣ ਦਾ ਸਾਰਾ ਸਾਮਾਨ ਜੁਟਾ, ਖੂਹ ਖੋਦਣ ਦਾ ਕੰਮ ਅਰੰਭ ਦਿੱਤਾ। ਪਹਿਲਾਂ ਤਾਂ ਦੋਹਾਂ, ਸ਼ਾਂਤੀ ਅਤੇ ਵਿਗਆਂਤੀ, ਭੈਣਾਂ ਦੇ ਇਸ ਸੰਕਲਪ ਨੂੰ ਮਾਤਾ-ਪਿਤਾ ਅਤੇ ਪਿੰਡ ਦੇ ਹੋਰ ਲੋਕਾਂ ਨੇ ਮਜ਼ਾਕ ਹੀ ਸਮਝਿਆ, ਪ੍ਰੰਤੂ ਜਦੋਂ ਉਨ੍ਹਾਂ ਵੇਖਿਆ ਕਿ ਕੁੜੀਆਂ ਨੇ ਤਾਂ ਖੂਹ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਉਹ ਵੀ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕਰਦਿਆਂ ਮਦਦ ਕਰਨ ਲਈ ਉਨ੍ਹਾਂ ਨਾਲ ਜੁਟ ਪਏ।

**

ਰਾਸ਼ਟਰਪਤੀ ਦਾ ਕਾਫਲਾ ਰੋਕਿਆ

ਬੇਂਗਲੂਰ ਸ਼ਹਿਰ ਦੇ ਇੱਕ ਟ੍ਰੈਫਿਕ ਪੁਲਿਸ ਦੇ ਸਿਪਾਹੀ ਨੇ ਪਿਛਲੇ ਦਿਨੀਂ ਆਪਣੀ ਡਿਊਟੀ ਦੌਰਾਨ ਰਾਸ਼ਟਰਪਤੀ ਦੇ ਕਾਫਲੇ ਦੀ ਜਗ੍ਹਾ ਐਂਬੂਲੈਂਸ ਨੂੰ ਤਰਜੀਹ ਦੇ ਕੇ ਲੋਕਾਂ ਪਾਸੋਂ ਭਰਪੂਰ ਵਾਹਵਾਹ ਖੱਟੀ ਹੈ। ਉਸਦੇ ਇਸ ਕਦਮ ਦੀ ਤਾਰੀਫ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਵਿੱਚ ਹੋਈ। ਬੇਂਗਲੂਰ ਪੁਲਿਸ ਨੇ ਉਸ ਨੂੰ ਇਨਾਮ ਦੇ ਕੇ ਸਨਮਾਨਤ ਕਰਨ ਦਾ ਵੀ ਐਲਾਨ ਕਰ ਦਿੱਤਾ। ਮਿਲੇ ਵੇਰਵਿਆਂ ਅਨੁਸਾਰ ਟ੍ਰੈਫਿਕ ਪੁਲਿਸ ਦੇ ਸਬ-ਇੰਸਪੈਕਟਰ ਐੱਮਐੱਲ ਨਿਜਲਿੰਗੱਪਾ ਨੇ ਆਪਣੇ ਤਾਇਨਾਤੀ ਵਾਲੇ ਇਲਾਕੇ ਵਿੱਚ ਰਾਸ਼ਟਰਪਤੀ ਪ੍ਰਣਬ ਮੁਕਰਜੀ ਦੇ ਕਾਫਲੇ ਦੀ ਮੂਵਮੈਂਟ ਦੌਰਾਨ ਹੀ ਐਂਬੂਲੈਂਸ ਨੂੰ,ਟ੍ਰੈਫਿਕ ਵਿੱਚ ਫਸਣ ਤੋਂ ਬਚਾਇਆ। ਵੇਰਵਿਆਂ ਅਨੁਸਾਰ ਨਿਜਲਿੰਗੱਪਾ ਦੀ ਡਿਊਟੀ ਬੇਂਗਲੂਰ ਦੇ ਟ੍ਰਿਨਿਟੀ ਸਰਕਲ ਪੁਰ ਸੀ। ਇਸੇ ਇਲਾਕੇ ਤੋਂ ਮੈਟਰੋ ਦੀ ਗ੍ਰੀਨ ਲਾਈਨ ਦਾ ਉਦਘਾਟਨ ਕਰਨ ਆਏ ਰਾਸ਼ਟਰਪਤੀ ਪ੍ਰਣਬ ਮੁਕਰਜੀ ਦਾ ਕਾਫਲਾ ਗੁਜ਼ਰਨਾ ਸੀ। ਉਨ੍ਹਾਂ ਦਾ ਕਾਫਲਾ ਰਾਜਭਵਨ ਵਲ ਵਧ ਰਿਹਾ ਸੀ ਕਿ ਉਸੇ ਸਮੇਂ ਸਬ ਇੰਸਪੈਕਟਰ ਨੇ ਐੱਚਏਐੱਲ ਨੇੜੇ ਇੱਕ ਨਿੱਜੀ ਹਸਪਤਾਲ ਵਲ ਜਾਣ ਲਈ ਐਂਬੂਲੈਂਸ ਨੂੰ ਟ੍ਰੈਫਿਕ ਵਿੱਚ ਫਸਿਆ ਵੇਖਿਆ। ਸਬ ਇੰਸਪੈਕਟਰ ਨੇ ਚੁਰਾਹੇ ਤੇ ਮੌਜੂਦ ਟ੍ਰੈਫਿਕ, ਜਿਸ ਵਿੱਚ ਰਾਸ਼ਟਰਪਤੀ ਦਾ ਕਾਫਲਾ ਵੀ ਸੀ, ਨੂੰ ਰੋਕ, ਉਸਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇ, ਇਹ ਨਿਸ਼ਚਤ ਕਰਵਾਇਆ ਕਿ ਐਂਬੂਲੈਂਸ, ਟ੍ਰੈਫਿਕ ਵਿੱਚ ਫਸੇ ਬਿਨਾਂ ਅੱਗੇ ਨਿਕਲ ਜਾਏ। ਕਿਸੇ ਵਿਅਕਤੀ ਨੇ ਮੌਕੇ ਦੀ ਵੀਡੀਓ ਬਣਾ, ਸੋਸ਼ਲ ਮੀਡੀਆ ਪੁਰ ਪਾ ਦਿੱਤੀ। ਜਿਸਦੇ ਫਲਸਰੂਪ ਨਿਜਲਿੰਗੱਪਾ ਚਰਚਾ ਵਿੱਚ ਆ ਗਿਆ ਤੇ ਉਸਨੂੰ ਹਰ ਪਾਸਿਉਂ ਪ੍ਰਸ਼ੰਸਾ ਮਿਲਣ ਲੱਗੀ। ਬੇਂਗਲੂਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਟ੍ਰੈਫਿਕ) ਈਸਟ ਡਿਵੀਜ਼ਨ ਅਭੈ ਗੋਇਲ ਨੇ ਟਵਿੱਟਰ ਪੁਰ ਐੱਮਐੱਲ ਨਿਜਲਿੰਗੱਪਾ ਦੀ ਤਾਰੀਫ ਕੀਤੀ ਅਤੇ ਬੇਂਗਲੂਰ ਪੁਲਿਸ ਵਿਭਾਗ ਵਲੋਂ ਉਸ ਨੂੰ ਇਨਾਮ ਦੇ ਸਨਮਾਨਤ ਕਰਨ ਦਾ ਐਲਾਨ ਵੀ ਕਰ ਦਿੱਤਾ।

**

… ਅਤੇ ਅੰਤ ਵਿੱਚ:

ਇੱਕ ਕੌਮੀ ਹਿੰਦੀ ਦੈਨਿਕ ਦੇ ਪਾਠਕ, ਜਗਦੀਸ਼ ਚੰਦਰ ਦਾ ਇੱਕ ਪੱਤਰ ਪਾਠਕਾਂ ਦੇ ਕਾਲਮ ਵਿੱਚ ਪ੍ਰਕਾਸ਼ਤ ਹੋਇਆ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਨ੍ਹਾਂ ਵਾਇਦਿਆਂ ਦੇ ਪੂਰਿਆਂ ਹੋਣ ਦਾ ਅੱਜ ਵੀ ਇੰਤਜ਼ਾਰ ਹੈ, ਜੋ ਉਨ੍ਹਾਂ ਲੋਕ ਸਭਾ ਦੀਆਂ ਆਮ ਚੋਣਾਂ ਦੌਰਾਨ ਕੀਤੇ ਸਨ। ਇਨ੍ਹਾਂ ਵਿੱਚੋਂ ਪਹਿਲਾ, ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਭਾਰਤੀਆਂ ਦਾ ਕਾਲਾ ਧਨ ਵਾਪਸ ਲਿਆ, ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਨਾ; ਦੂਸਰਾ, ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ; ਤੀਜਾ, ਮਹਿੰਗਾਈ ਘੱਟ ਕਰਨਾ; ਚੌਥਾ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ; ਪੰਜਵਾਂ, ਘਰ-ਘਰ ਸਿੱਖਿਆ ਦੀ ਜੋਤਿ ਪਹੁੰਚਾਉਣਾ ਅਤੇ ਛੇਵਾਂ, ਗਰੀਬਾਂ ਨੂੰ ਘਰ ਉਪਲਬਧ ਕਰਵਾਉਣਾ। ਉਸ ਨੇ ਪੁੱਛਿਆ ਹੈ ਕਿ ਆਖਰ ਇਨ੍ਹਾਂ ਵਿੱਚੋਂ ਕਿੰਨਿਆਂ ਵਾਇਦਿਆਂ ਨੂੰ ਪੂਰਿਆਂ ਕਰਨ ਵਲ ਸਰਕਾਰ ਅੱਗੇ ਵਧੀ ਹੈ? ਸਰਕਾਰ ਇਹ ਵੀ ਦੱਸੇ ਕਿ ਉਸ ਵਲੋਂ ਲਾਏ ਜਾਂਦੇ ਦੋਸ਼ਾਂ ਵਿੱਚ ਕਿੰਨਾ ਦਮ ਹੈ ਕਿ ਵਿਰੋਧੀ ਪਾਰਟੀਆਂ ਸੰਸਦ ਨਹੀਂ ਚੱਲਣ ਦੇ ਰਹੀਆਂ, ਜਿਸ ਨਾਲ ਕੰਮ-ਕਾਜ ਵਿਚ ਮੁਸ਼ਕਲਾਂ ਆ ਰਹੀਆਂ ਹਨ?

*****

(765)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author