ShangaraSBhullar7“ਇਨ੍ਹਾਂ ਚਹੁੰ ਮਹੀਨਿਆਂ ਵਿਚ ਅਫਸਰਸ਼ਾਹੀ ਦੇ ਇਤਿਹਾਸ ਵਿਚ ਇਹ ਸ਼ਾਇਦ ਰਿਕਾਰਡ ਹੀ ਬਣ ਗਿਆ ਹੋਵੇਗਾ ਕਿ ...”
(12 ਜੁਲਾਈ 2017)

 

ਜਦੋਂ ਤੁਸੀਂ ਇਹ ਸਤਰਾਂ ਪੜ੍ਹ ਰਹੇ ਹੋਵੇਗੇ, ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਬਣਿਆ ਚਾਰ ਮਹੀਨੇ ਹੋ ਗਏ ਹੋਣਗੇ ਜਾਂ ਲਗਪਗ ਹੋਣ ਵਾਲੇ ਹੋਣਗੇ। ਇਸ ਅਰਸੇ ਦੌਰਾਨ ਪੰਜਾਬ ਦੇ ਉਨ੍ਹਾਂ ਲੋਕਾਂ, ਜਿਨ੍ਹਾਂ ਨੇ ਬੜੀਆਂ ਉਮੀਦਾਂ ਨਾਲ ਕਾਂਗਰਸ ਨੂੰ ਵੋਟਾਂ ਪਾਈਆਂ ਸਨ, ਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਸੂਬੇ ਵਿਚ ਲੋਕਾਂ ਦੀ ਚੁਣੀ ਹੋਈ ਸਰਕਾਰ ਕੰਮ ਕਰ ਰਹੀ ਹੈ। ਕੌੜਾ ਸੱਚ ਇਹ ਹੈ ਕਿ ਇਨ੍ਹਾਂ ਦਿਨਾਂ ਵਿਚ ਲੋਕਾਂ ਨੂੰ ਲੱਗ ਹੀ ਇਹ ਰਿਹਾ ਹੈ ਕਿ ਇੱਥੇ ਬਾਬੂਆਂ ਦੀ ਸਰਕਾਰ ਹੈ ਅਤੇ ਉਹ ਕੰਮ ਵੀ ਬਾਬੂਆਂ ਲਈ ਹੀ ਕਰ ਰਹੀ ਹੈ ਨਾ ਕਿ ਲੋਕਾਂ ਲਈ। ਹੱਥ ਕੰਗਣ ਨੂੰ ਆਰਸੀ ਕੀ! ਖੁਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਮੰਤਰੀਆਂ ਨੂੰ ਵੀ ਇਹ ਪੁੱਛਿਆ ਕਿ ਸੂਬੇ ਵਿਚ ਲੋਕਾਂ ਨੂੰ ਹਾਲੇ ਵੀ ਇਹ ਅਹਿਸਾਸ ਕਿਉਂ ਨਹੀਂ ਹੋ ਰਿਹਾ ਕਿ ਇੱਥੇ ਚੁਣੀ ਹੋਈ ਸਰਕਾਰ ਕੰਮ ਕਰ ਰਹੀ ਹੈ? ਇਹਦੇ ਨਾਲ ਹੀ ਲੋਕਾਂ ਨੂੰ ਇਹ ਵੀ ਨਹੀਂ ਲੱਗ ਰਿਹਾ ਕਿ ਕਿੱਥੇ ਹੈ ਉਹ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਪਿਛਲੀ 2002 ਦੀ ਸਰਕਾਰ ਵੇਲੇ ਪੂਰਾ ਜਲਵਾ ਸੀ। ਆਪਣੀ ਕਹਿਣੀ ਤੇ ਕਥਨੀ ਨਾਲ ਉਨ੍ਹਾਂ ਨੇ ਪੂਰੇ ਪੰਜਾਬ ਨੂੰ ਆਪਣੇ ਨਾਲ ਜੋੜ ਲਿਆ ਸੀ। ਉਨ੍ਹਾਂ ਨੇ ਆਪਣੀ ਸਰਕਾਰ ਚਲਾਉਂਦਿਆਂ ਪੂਰਾ ਖੂੰਡਾ ਵੀ ਖੜਕਾਇਆ ਸੀ। ਹੁਣ ਕੀ ਉਨ੍ਹਾਂ ਨੇ ਉਹ ਖੂੰਡਾ ਕਿੱਲੀ ਨਾਲ ਲਟਕਾ ਦਿੱਤਾ ਹੈ?

ਦਿਲਚਸਪ ਗੱਲ ਇਹ ਹੈ ਕਿ ਲੋਕਾਂ ਦੀ ਜਿਸ ਉਤਸੁਕਤਾ ਅਤੇ ਉਤੇਜਤਾ ਦਾ ਜਵਾਬ ਪਿਛਲੇ ਕੁਝ ਦਿਨਾਂ ਤੋਂ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਵਿੱਚੋਂ ਹੀ ਸਪਸ਼ਟ ਝਲਕਣ ਲੱਗਾ ਹੈ ਜਦੋਂ ਉਹ ਆਖਦੇ ਹਨ ਕਿ ਐਂਤਕੀ ਉਹ ਕਿਸੇ ਵੀ ਤਰ੍ਹਾਂ ਦੀ ਬਦਲਾ ਖੋਰੀ ਤੋਂ ਕੰਮ ਨਹੀਂ ਲੈਣਗੇ ਸਗੋਂ ਲੋਕ ਹਿਤੂ ਸਰਕਾਰ ਨੂੰ ਚਲਾਉਣਗੇ। ਸੱਚI ਗੱਲ ਇਹ ਵੀ ਹੈ ਕਿ ਲੋਕ ਵੀ ਬਦਲਾਖੋਰੀ ਦੀ ਗੱਲ ਨਹੀਂ ਕਰ ਰਹੇ ਉਹ ਤਾਂ ਸਿਰਫ ਇਹੀਓ ਪੁੱਛ ਰਹੇ ਹਨ ਕਿ ਇਨ੍ਹਾਂ ਚਹੁੰ ਮਹੀਨਿਆਂ ਵਿਚ ਇਹ ਲੱਗ ਨਹੀਂ ਰਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ? ਇਹ ਸ਼ਾਇਦ ਇਸ ਲਈ ਕਿ ਕੈਪਟਨ ਦੀ ਕਥਨੀ ਅਤੇ ਕਰਨੀ ਵਿਚ ਐਤਕੀਂ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਉਣ ਲੱਗਾ ਹੈ। ਮਿਸਾਲ ਵਜੋਂ ਕਿੱਥੇ ਤਾਂ ਉਨ੍ਹਾਂ ਨੇ ਚੋਣਾਂ ਵੇਲੇ ਲੋਕਾਂ ਨਾਲ ਉਸੇ ਤਰ੍ਹਾਂ ਦੇ ਲੋਕ ਲਭਾਉੂ ਵਾਅਦੇ ਕਰਨੇ ਸ਼ੁਰੂ ਕੀਤੇ ਸਨ ਜਿਹੜੇ ਹੋਰ ਸਿਆਸੀ ਦਲਾਂ ਦੇ ਆਗੂਆਂ ਵੱਲੋਂ ਸਿਰਫ ਵੋਟਰਾਂ ਨੂੰ ਭਰਮਾਉਣ ਦੀ ਨੀਅਤ ਨਾਲ ਕੀਤੇ ਜਾ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਠੁੱਕਦਾਰ ਅਤੇ ਹਕੀਕੀ ਜੀਵਨਸ਼ੈਲੀ ਨੂੰ ਸਮਝਣ ਵੱਲ ਲੋਕਾਂ ਨੂੰ ਐਤਕੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਵੋਟਰਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਨਾਲ ਵੀ ਬੜੀ ਹੈਰਾਨੀ ਹੋਈ ਸੀ। ਲੋਕਾਂ ਨੂੰ ਲੱਗ ਇਹ ਸੀ ਰਿਹਾ ਕਿ ਐਤਕੀਂ ਕੈਪਟਨ ਅਮਰਿੰਦਰ ਸਿੰਘ ਵੀ ਦੂਸਰੇ ਨੇਤਾਵਾਂ ਵਾਂਗ ਹੱਥਕੰਡੇ ਅਪਣਾ ਰਹੇ ਹਨ।

ਵਜਾਹ ਵੀ ਬੜੀ ਸਿੱਧੀ ਸੀ। ਇਕ ਤਾਂ ਕਾਂਗਰਸ ਪਿਛਲੇ ਦਸਾਂ ਸਾਲਾਂ ਤੋਂ ਸੱਤਾ ਤੋਂ ਬਾਹਰ ਬੈਠੀ ਹੋਈ ਸੀ ਅਤੇ ਦੂਜਾ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਚੋਣਾਂ ਨੂੰ ਆਪਣੇ ਸਿਆਸੀ ਕੈਰੀਅਰ ਦਾ ਆਖਰੀ ਪੜਾਅ ਐਲਾਨ ਦਿੱਤਾ ਸੀ ਜਿਵੇਂ ਉਹ ਜੇ ਚੋਣ ਜਿੱਤ ਗਏ ਤਾਂ ਉਹ ਪੰਜ ਸਾਲਾਂ ਪਿੱਛੋਂ ਸਿਆਸਤ ਤੋਂ ਰਿਟਾਇਰ ਹੋ ਜਾਣਗੇ। ਨਾਲ ਹੀ ਐਤਕੀਂ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਸਿਆਸਤ ਦੇ ਕੁਝ ਗੁਰ ਸਿਖਾ ਦਿੱਤੇ ਸਨ, ਜਿਨ੍ਹਾਂ ਤੇ ਚਲਦਿਆਂ ਉਹ ਸੂਬੇ ਦੇ ਮੁੱਖ ਮੰਤਰੀ ਬਣ ਗਏ ਹਨ ਅਤੇ ਹੁਣ ਬੜੀ ਅਰਾਮਪ੍ਰਸਤੀ ਨਾਲ ਕੰਮ ਚਲਾ ਰਹੇ ਹਨ। ਜਿੰਨੀ ਕੁ ਨੱਠ ਭੱਜ ਉਨ੍ਹਾਂ ਨੇ ਚੋਣਾਂ ਵੇਲੇ ਕੀਤੀ ਹੁਣ ਇਸਦੇ ਉਲਟ ਮੁੱਖ ਮੰਤਰੀ ਬਣਨ ਪਿੱਛੋਂ ਇਨ੍ਹਾਂ ਚਹੁੰ ਮਹੀਨਿਆਂ ਵਿਚ ਉਨ੍ਹਾਂ ਨੇ ਪੰਜਾਬ ਦਾ ਧੰਨਵਾਦੀ ਦੌਰਾ ਵੀ ਨਹੀਂ ਕੀਤਾ। ਮੰਤਰੀਆਂ ਦੀ ਵੀ ਅਜੇ ਇੱਕੋ ਕਿਸ਼ਤ ਪੂਰੀ ਕੀਤੀ ਹੈ ਅਤੇ ਦੂਜੀ ਕਿਸ਼ਤ ਵਿਚ ਮੰਤਰੀ ਬਣਨ ਦੇ ਉਮੀਦਵਾਰ ਅੱਡੀਆਂ ਚੁੱਕ ਚੁੱਕ ਉਸ ਘੜੀ ਵੱਲ ਉਡੀਕ ਰਹੇ ਹਨ ਜਦੋਂ ਉਨ੍ਹਾਂ ਨੂੰ ਇਹ ਅਹੁਦੇ ਦਿੱਤੇ ਜਾਣਗੇ। ਹਾਲ ਦੀ ਘੜੀ ਤਾਂ ਉਨ੍ਹਾਂ ਲਈ ਮੰਤਰੀ ਦਾ ਅਹੁਦਾ ਊਠ ਦਾ ਬੁੱਲ੍ਹ ਡਿੱਗਣ ਵਾਂਗ ਹੀ ਬਣਿਆ ਹੋਇਆ ਹੈ ਜਦੋਂ ਕਿ 16 ਮਾਰਚ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਨੌਂ ਸਾਥੀ ਮੰਤਰੀਆਂ ਨੇ ਸਹੁੰ ਚੁੱਕੀ ਸੀ ਤਾਂ ਐਲਾਨ ਉਨ੍ਹਾਂ ਨੇ ਉਦੋਂ ਹੀ ਇਹ ਕਰ ਦਿੱਤਾ ਸੀ ਕਿ ਉਹ ਜਲਦੀ ਹੀ ਆਪਣਾ ਮੰਤਰੀ ਮੰਡਲ ਪੂਰਾ ਕਰ ਲੈਣਗੇ। ਇਹ ਪੂਰਾ ਕਦੋਂ ਹੋਵੇਗਾ ਅਜੇ ਕੁਝ ਵੀ ਕਹਿਣਾ ਸੰਭਵ ਨਹੀਂ ਹੋਵੇਗਾ? ਨਵੇਂ ਮੰਤਰੀ ਬਣਨ ਵਾਲੇ ਤਾਂਘਵਾਨਾਂ ਵਿਚ ਇਕ ਅਜੀਬ ਤਰ੍ਹਾਂ ਦੀ ਘਬਰਾਹਟ ਤੇ ਉਤਸੁਕਤਾ ਕੰਮ ਕਰ ਰਹੀ ਹੈ।

ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲਗਦਾ ਹੈ ਕਿ ਸਰਕਾਰ ਦਾ ਸਾਰਾ ਕੰਮ ਬਾਬੂਆਂ ਦੇ ਹਵਾਲੇ ਕਰ ਛੱਡਿਆ ਹੈ। ਐਤਕੀਂ ਸਰਕਾਰ ਅਫਸਰਸ਼ਾਹੀ ਚਲਾ ਰਹੀ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਪਿਛਲੇ ਚਹੁੰ ਮਹੀਨਿਆਂ ਵਿਚ ਇਕ ਤਾਂ ਪੂਰੀ ਅਫਸਰਸ਼ਾਹੀ ਦੀ ਹੇਠਾਂ ਤੋਂ ਉੱਤੇ ਬਦਲੀ ਕਰ ਦਿੱਤੀ ਗਈ ਹੈ। ਕੋਈ ਵੀ ਦਿਨ ਐਸਾ ਖਾਲੀ ਨਹੀਂ ਜਾਂਦਾ ਜਿਸ ਦਿਨ ਪੰਜ ਸੱਤ ਬਾਬੂਆਂ ਦੀ ਬਦਲੀ ਦੇ ਆਰਡਰ ਅਖਬਾਰਾਂ ਵਿਚ ਨਹੀਂ ਛਪਦੇ। ਕਈ ਬਾਬੂ ਤਾਂ ਵਿਚਾਰੇ ਡਰਦੇ ਮਾਰੇ ਆਪਣਾ ਬਿਸਤਰਾ ਵੀ ਨਹੀਂ ਖੋਲ੍ਹਦੇ ਕਿਉਂਕਿ ਅੱਜ ਹੋਈ ਬਦਲੀ ਕੱਲ੍ਹ ਨੂੰ ਰੱਦ ਹੋ ਕੇ ਕਿਸੇ ਦੂਜੇ ਥਾਂ ਦੀ ਵੀ ਹੋ ਸਕਦੀ ਹੈ। ਇਨ੍ਹਾਂ ਚਹੁੰ ਮਹੀਨਿਆਂ ਵਿਚ ਅਫਸਰਸ਼ਾਹੀ ਦੇ ਇਤਿਹਾਸ ਵਿਚ ਇਹ ਸ਼ਾਇਦ ਰਿਕਾਰਡ ਹੀ ਬਣ ਗਿਆ ਹੋਵੇਗਾ ਕਿ ਕਈ ਬਾਬੂਆਂ ਦੀ ਚਾਰ ਚਾਰ ਵਾਰ ਬਦਲੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਇਹ ਆਖਰੀ ਬਦਲੀ ਨਹੀਂ ਜਦੋਂ ਕਿ ਸਰਕਾਰੀ ਸੇਵਾ ਨਿਯਮਾਂ ਮੁਤਾਬਕ ਕਿਸੇ ਵੀ ਛੋਟੇ ਵੱਡੇ ਬਾਬੂ ਦੀ ਬਦਲੀ ਦੋ ਸਾਲਾਂ ਤੋਂ ਪਹਿਲਾਂ ਨਹੀਂ ਕੀਤੀ ਜਾ ਸਕਦੀ। ਪਰ ਕੌਣ ਕਹੇ ਰਾਣੀ ਅੱਗਾ ਢਕ।

ਬਾਬੂਆਂ ਦੀਆਂ ਨਿੱਤ ਦੀਆਂ ਬਦਲੀਆਂ ਤੋਂ ਵਿਧਾਇਕ ਵੀ ਬੜੇ ਔਖੇ ਹਨ। ਬਹੁਤ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਕੋਲ ਦੁੱਖੜੇ ਰੋਏ ਵੀ ਹਨ ਕਿ ਜ਼ਿਲ੍ਹਿਆਂ ਦੇ ਅਧਿਕਾਰੀ ਉਨ੍ਹਾਂ ਨੂੰ ਬਹੁਤਾ ਗੌਲਦੇ ਹੀ ਨਹੀਂ। ਇਨ੍ਹਾਂ ਵਿਧਾਇਕਾਂ ਨੂੰ ਤਾਂ ਲੱਗ ਹੀ ਇਹ ਰਿਹਾ ਕਿ ਅਜੇ ਵੀ ਪੰਜਾਬ ਦੀ ਬਹੁਤ ਸਾਰੀ ਅਫਸਰਸ਼ਾਹੀ ਬਾਦਲਾਂ-ਪੱਖੀ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹਨ ਕਿ ਉਨ੍ਹਾਂ ਨੇ ਸਾਰਾ ਪੰਜਾਬ ਹੀ ਅਫਸਰਸ਼ਾਹੀ ਦੇ ਹਵਾਲੇ ਕਰ ਰਖਿਆ ਹੈ। ਲਗਦਾ ਇਹੀ ਹੈ ਕਿ ਮੰਤਰੀਆਂ ਨਾਲੋਂ ਵੀ ਅਫਸਰਸ਼ਾਹੀ ਦੀ ਵਧੇਰੇ ਚਲਦੀ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਪਹਿਲਾਂ ਵਾਂਗ ਹੀ ਮੰਤਰੀਆਂ ਨੂੰ ਘੱਟ ਹੀ ਮਿਲਦੇ ਮਿਲਾਉਂਦੇ ਹਨ ਇਸ ਲਈ ਉਨ੍ਹਾਂ ਦੇ ਕੰਮ ਕਾਜ ਲਈ ਵੀ ਪਹਿਲਾਂ ਵੱਡੇ ਅਫਸਰਾਂ ਨੂੰ ਮਿਲਣਾ ਪੈਂਦਾ ਹੈ। ਕਿਹਾ ਜਾ ਸਕਦਾ ਹੈ ਕਿ ਇਸ ਹਿਸਾਬ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਫਸਰਸ਼ਾਹੀ ’ਤੇ ਪੂਰੀ ਪਕੜ ਹੈ ਪਰ ਘੋਖਿਆਂ ਇਹ ਖੁਦ ਕੈਪਟਨ ਲਈ ਤਾਂ ਹੋ ਸਕਦੀ ਹੈ ਬਾਕੀ ਮੰਤਰੀਆਂ ਤੇ ਵਿਧਾਇਕਾਂ ਸਮੇਤ ਦੂਜੇ ਚੁਣੇ ਪ੍ਰਤੀਨਿਧਾਂ ਲਈ ਨਹੀ। ਇਸ ਤਰ੍ਹਾਂ ਇਸ ਸਥਿਤੀ ਤੋਂ ਪੰਜਾਬ ਦੇ ਲੋਕ ਕਾਫੀ ਚਿੰਤਾਵਾਨ ਹੋਣ ਲੱਗੇ ਹਨ। ਕਹਿੰਦੇ ਹਨ ਕਿ ਘਰ ਦੇ ਭਾਗ ਤਾਂ ਡਿਓਢੀਓਂ ਹੀ ਨਜ਼ਰ ਆ ਜਾਂਦੇ ਹਨ ਅਤੇ ਇਨ੍ਹਾਂ ਚਹੁੰ ਮਹੀਨਿਆਂ ਵਿਚ ਜੋ ਵਰਤਾਰਾ ਪੰਜਾਬ ਦੇ ਸਮੁੱਚੇ ਦ੍ਰਿਸ਼ ਦਾ ਨਜ਼ਰ ਆਇਆ ਹੈ, ਉਹ ਕੋਈ ਬਹੁਤ ਉਤਸ਼ਾਹਜਨਕ ਨਹੀਂ ਲਗਦਾ। ਅਜੇ ਤਾਂ ਚਾਰ ਮਹੀਨੇ ਹੀ ਪੂਰੇ ਹੋਏ ਹਨ ਅਤੇ ਪੌਣੇ ਪੰਜ ਸਾਲ ਪਏ ਹੋਏ ਹਨ। ਕੀ ਇਸ ਅਰਸੇ ਦੌਰਾਨ ਘਰ ਦੇ ਭਾਗ ਸੁਵੱਲੇ ਹੋ ਜਾਣਗੇ ਜਾਂ ਓੁਨ੍ਹਾਂ ਨੂੰ ਪਹਿਲਾਂ ਵਾਂਗ ਹੀ ਸ਼ਸ਼ੋਪੰਜ ਵਿੱਚ ਲੰਘਣਾ ਪਵੇਗਾ।

ਤਾਂ ਵੀ ਜਾਂਦੇ ਜਾਂਦੇ ਆਓ ਕੈਪਟਨ ਦੀ ਕਥਨੀ ਤੇ ਕਰਨੀ ਵਿਚਲੇ ਫਰਕ ਦੀ ਇਕ ਹੋਰ ਬਾਤ ਪਾ ਲਈਏ। ਚੋਣਾਂ ਸਮੇਂ ਕੈਪਟਨ ਨੇ ਵਾਅਦੇ ਤਾਂ ਲੋਕਾਂ ਨਾਲ ਸੈਂਕੜਿਆਂ ਦੇ ਹਿਸਾਬ ਨਾਲ ਕੀਤੇ। ਇੱਥੇ ਸਿਰਫ ਤਿੰਨ ਚਾਰ ਵਾਅਦਿਆਂ ਦੀ ਗੱਲ ਕਰਦੇ ਹਾਂ ਇਨ੍ਹਾਂ ਵਿੱਚ ਮਹੀਨੇ ਦੇ ਵਿੱਚ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ, ਹਰ ਘਰ ਵਿਚ ਇਕ ਨੌਕਰੀ, ਨਸ਼ਿਆਂ ਦਾ ਖਾਤਮਾ ਅਤੇ ਯੁਵਕਾਂ ਨੂੰ ਸਮਾਰਟ ਮੋਬਾਇਲ ਫੋਨ ਦੇਣੇ ਸ਼ਾਮਲ ਹਨ। ਹੁਣ 20 ਜੂਨ ਨੂੰ ਪੰਜਾਬ ਦਾ ਬੱਜਟ ਵੀ ਪੇਸ਼ ਹੋ ਚੁੱਕਾ ਹੈ ਅਤੇ ਉਸ ਵਿੱਚ ਸਿਰਫ ਉਪਰੋਕਤ ਮੱਦਾਂ ਬਾਰੇ ਜੋ ਰਕਮ ਰੱਖੀ ਗਈ ਹੈ ਤੁਸੀਂ ਉਸ ਤੋਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਇਹ ਵਾਅਦੇ ਇਕ ਮਹੀਨਾ ਤਾਂ ਕੀ ਇਕ ਸਾਲ ਵਿੱਚ ਵੀ ਪੂਰੇ ਹੋ ਜਾਣਗੇ? ਜਵਾਬ ਹੋਵੇਗਾ ਸ਼ਾਇਦ ਨਹੀਂ? ਉਂਜ ਇਹ ਸ਼ਾਇਦ ਇਸ ਲਈ ਵੀ ਕਿ ਖਜ਼ਾਨੇ ਵਿਚ ਪੈਸੇ ਹੀ ਨਹੀਂ। ਇਹ ਵੀ ਕੋਈ ਨਵੀਂ ਗੱਲ ਨਹੀਂ। ਪੈਸੇ ਤਾਂ ਪਿਛਲੀ ਸਰਕਾਰ ਵੇਲੇ ਵੀ ਖਜ਼ਾਨੇ ਵਿੱਚ ਨਹੀਂ ਸਨ ਤੇ ਉਹ ਕੰਮ ਚਲਾਈ ਜਾਂਦੀ ਸੀ। ਇਹ ਵੱਖਰੀ ਗੱਲ ਹੈ ਕਿ ਪੰਜਾਬ ਸਿਰ ਲਗਪਗ ਦੋ ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ। ਸ਼ਾਇਦ ਕੈਪਟਨ ਸਰਕਾਰ ਨੂੰ ਵੀ ਹੁਣ ਆਪਣਾ ਸਾਰਾ ਕੰਮ-ਕਾਜ ਕਰਜ਼ਾ ਲੈ ਕੇ ਕਰਨਾ ਪਵੇ ਕਿਉਂਕਿ ਇਸਦੇ ਆਪਣੇ ਮਾਲੀ ਸੋਮੇ ਤਾਂ ਸੀਮਤ ਹਨ। ਕੁਝ ਵੀ ਹੋਵੇ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੈ ਜੇ ਹੁਣ ਹੀ ਉਹ ਪਹਿਲਾਂ ਵਾਂਗ ਆਪਣੇ ਸਾਥੀ ਮੰਤਰੀਆਂ, ਵਿਧਾਇਕਾਂ ਅਤੇ ਲੋਕਾਂ ਤੋਂ ਦੂਰ ਹੋਣ ਲੱਗੇ ਤਾਂ ਉਨ੍ਹਾਂ ਦੇ ਵਾਅਦਿਆਂ ਦਾ ਕੀ ਬਣੇਗਾ? ਲੋਕ ਫਿਰ ਵੀ ਉਨ੍ਹਾਂ ਤੋਂ ਆਸ ਕਰਦੇ ਹਨ ਕਿ ਉਨ੍ਹਾਂ ਨੇ ਜੋ ਵਾਅਦੇ ਕੀਤੇ ਉਹ ਪੂਰੇ ਕਰਕੇ ਕਥਨੀ ਤੇ ਕਰਨੀ ਦੇ ਸੂਰੇ ਬਣਨ।

*****

(762)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author