IqbalKhan7“ਡਾ. ਸੁਖਦੇਵ ਸਿੰਘ ਸਿਰਸਾ ਨੇ ਸੂਫ਼ੀ ਅਮਰਜੀਤ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ...”
(30 ਜੂਨ 2017)

 ArpanLikhariSufi3

 

ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ 10 ਜੂਨ 2017 ਨੂੰ ਟੈਂਪਲ ਕਮਿਉਨਿਟੀ ਹਾਲ ਵਿਖੇ ਭਰਵੇਂ ਇਕੱਠ ਵਿੱਚ ਹੋਇਆ। ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਇਕਬਾਲ ਖ਼ਾਨ ਨੇ ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ, ਮੁੱਖ ਮਹਿਮਾਨ ਸੂਫ਼ੀ ਅਮਰਜੀਤ, ਇੰਡੀਆ ਤੋਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ, ਪੰਜਾਬੀ ਸਾਹਿਤਕ ਅਕੈਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਵੈਨਕੂਵਰ ਤੋਂ ਨਾਵਲਕਾਰ ਨਛੱਤਰ ਸਿੰਘ ਗਿੱਲ, ਕੈਲਗਰੀ ਤੋਂ ਸਿੱਖਿਆ ਸ਼ਾਸਤਰੀ ਡਾ. ਮਹਿੰਦਰ ਸਿੰਘ ਹੱਲਨ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਸ਼ੋਬਿਤ ਹੋਣ ਲਈ ਸੱਦਾ ਦਿੱਤਾ। ਕੇਸਰ ਸਿੰਘ ਨੀਰ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਇਕਬਾਲ ਖ਼ਾਨ ਨੇ ਸਟੇਜ ਦੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋਏ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਜਸਵੰਤ ਸਿੰਘ ਸੇਖੋਂ ਅਤੇ ਸਰੂਪ ਸਿੰਘ ਮੰਡੇਰ ਕੈਲਗਰੀ ਦੇ ਹਰਮਨ ਪਿਆਰੇ ਕਵੀਸ਼ਰੀ ਜੱਥੇ ਨੂੰ ਪ੍ਰੋਗਰਾਮ ਸ਼ੁਰੂ ਕਰਨ ਲਈ ਬੇਨਤੀ ਕੀਤੀ।

ਸਰੂਪ ਸਿੰਘ ਮੰਡੇਰ ਦੇ ਕਵੀਸ਼ਰੀ ਜੱਥੇ ਨੇ ਆਪਣੇ ਰੰਗ ਵਿੱਚ ਗ਼ਦਰੀ ਬਾਬਿਆਂ ਦੀ ਉਸਤਤ ਵਿੱਚ ਕਵਿਤਾ ਸੁਣਾ ਕੇ, ਉਨ੍ਹਾਂ ਦੀਆਂ ਕੀਤੀਆਂ ਕਰਬਾਨੀਆਂ ਨੂੰ ਯਾਦ ਕੀਤਾ। ਅਜੈਬ ਸਿੰਘ ਸੇਖੋਂ ਨੇ ‘ਜੀਵਨ ਖੇਡਾਂ’ ਨਾਂ ਦੀਆਂ ਰੁਬਾਈਆਂ ਨਾਲ ਨਿਹਾਲ ਕੀਤਾ। ਜਰਨੈਲ ਸਿੰਘ ਤੱਗੜ ਨੇ ‘ਮੌਤ ਦੇ ਸੁਦਾਗਰ’ ਕਵਿਤਾ ਰਾਹੀਂ ਅਮਨ ਦਾ ਸੁਨੇਹਾ ਦਿੱਤਾ। ਬੀਸੀ ਤੋਂ ਆਏ ਨਾਮਵਰ ਨਾਵਲਕਾਰ ਨਛੱਤਰ ਸਿੰਘ ਗਿੱਲ ਨੇ ਮੁਨੱਖ ਦੀ ਆਪਣੀ ਮਾਨਸਿਕਤਾ ਦਾ ਮਨੁੱਖ ਦੀ ਆਪਣੀ ਜ਼ਿੰਦਗੀ ਉੱਤੇ ਅਸਰ ਤੇ ਪ੍ਰਭਾਵ ਬਾਰੇ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਸੋਚਣ ਲਈ ਇਸ਼ਾਰਾ ਕੀਤਾ। ਕੈਲਗਰੀ ਦੇ ਸੁਰੀਲੀ ਤੇ ਬੁਲੰਦ ਆਵਾਜ਼ ਦੇ ਮਾਲਕ ਸੁਖਵਿੰਦਰ ਸਿੰਘ ਤੂਰ ਨੇ ਸੁਰਜੀਤ ਪਾਤਰ ਦੀ ਕਵਿਤਾ ਦਾ ਗਾਇਨ ਕਰਕੇ ਸਰੋਤਿਆਂ ਨੂੰ ਕੀਲ ਲਿਆ। ਜਗਵੰਤ ਗਿੱਲ, ਕਵਿਤਾ ਵਿੱਚ ਉੱਭਰ ਰਿਹਾ ਨਾਂ, ਨੇ ‘ਅਫ਼ਵਾਹਾਂ ਬੰਦ ਕਰੋ’ ਨਾਂ ਦੀ ਕਵਿਤਾ ਸੁਣਾਈ। ਨਵਪ੍ਰੀਤ ਰੰਧਾਵਾ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਪ੍ਰਭਾਵਾਸ਼ਾਲੀ ਗ਼ਜ਼ਲ ‘ਜਦੋਂ ਜਿਸਮ ’ਚੋਂ ਰੂਹ ਦਾ ਅਹਿਸਾਸ ਨਾ ਹੋਵੇ’ ਨੂੰ ਵਿਲੱਖਣ ਅੰਦਾਜ ਵਿੱਚ ਪੇਸ਼ ਕਰਕੇ ਵਾਹ ਵਾਹ ਲੈ ਗਈ। ਇਸ ਤੋਂ ਬਾਅਦ ਡਾ. ਸ਼ਰਮਾ ਨੇ ਇੰਡੀਆ ਵਿੱਚ ਬਜ਼ੁਰਗਾਂ ਦੇ ਹੋ ਰਹੇ ਸ਼ੋਸ਼ਣ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਇੱਕ ਕਵਿਤਾ ‘ਬਹੁਤ ਯਾਦ ਆਤੇ ਹੋ ਤੁਮ’ ਤਰੰਨਮ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਨਾਲ ਹੀ ਗੁਰਚਰਨ ਕੌਰ ਥਿੰਦ ਨੇ ਮਾਂ ਬਾਰੇ ਕਵਿਤਾ ਵਿੱਚ ਬਹੁਤ ਹੀ ਜ਼ਬਰਦਸਤ ਸੁਨੇਹਾ ਦਿੰਦਿਆਂ ਕਿਹਾ ਕਿ ‘ਮਾਂ ਨੂੰ ਅਬਲਾ ਕੋਈ ਨਾ ਕਹੇ’ ਗਰਦੀਸ਼ ਗਰੇਵਾਲ ਨੇ ਇੱਕ ਗ਼ਜ਼ਲ ਸੁਣਾਈ। ਬੀਬੀ ਅਮਤੁਲ ਖ਼ਾਨ ਨੇ ਉਰਦੂ ਵਿੱਚ ਇੱਕ ਗ਼ਜ਼ਲ ਪੇਸ਼ ਕੀਤੀ।

ਜੋਗਾ ਸਿੰਘ ਸਿਹੋਤਾ ਨੇ ਹਰਮੋਨੀਅਮ ਨਾਲ ਗੀਤ ਗਾ ਕੇ ਸਿਰੋਤਿਆਂ ਨੂੰ ਆਪਣੀ ਨਿਵੇਕਲੀ ਪੇਸ਼ਕਾਰੀ ਨਾਲ ਹੈਰਾਨ ਕਰ ਦਿੱਤਾ। ਸੁਰਿੰਦਰ ਗੀਤ ਨੇ ਸੁਰੀਲੀ ਅਵਾਜ਼ ਵਿੱਚ ਆਪਣੀ ਮੌਲਿਕ ਰਚਨਾ ਪੇਸ਼ ਕੀਤੀ। ਹਰਜੀਤ ਦੌਧਰੀਆ ਨੇ ਆਪਣੀ ਇੱਕ ਇਨਕਲਾਬੀ ਕਵਿਤਾ ‘ਆਓ ਭੈਣੋਂ ਸੰਸਾਰ ਦੀਓ’ ਉਸੇ ਜੋਸ਼ ਖਰੌਸ਼ ਨਾਲ ਪੇਸ਼ ਕੀਤੀ ਜਿਸ ਨਾਲ ਉਹ ਅੱਜ ਤੋਂ ਪੰਜਾਹ ਸਾਲ ਪਹਿਲਾਂ ਕਰਦਾ ਰਿਹਾ ਸੀਰਾਣੀ ਚੱਠਾ ਨੇ ‘ਬਜ਼ੁਰਗਾਂ ਦਾ ਸਤਿਕਾਰ ਕਰੋ’ ਨਾਂ ਦੀ ਕਵਿਤਾ ਬਹੁਤ ਹੀ ਭਾਵੁਕ ਸ਼ਬਦਾਂ ਵਿੱਚ ਸੁਣਾ ਕੇ ਮੁੱਲਵਾਨ ਸੁਨੇਹਾ ਦਿੱਤਾ।

ਇਕਬਾਲ ਅਰਪਨ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਸਤਪਾਲ ਕੌਰ ਬੱਲ ਨੇ ਸਨਮਾਨਿਤ ਕੀਤੇ ਸਾਹਿਤਕਾਰ ਸੂਫ਼ੀ ਅਮਰਜੀਤ ਦੀ ਸਹਿਤਕ ਸਿਰਜਣਾ ਬਾਰੇ ਬਹੁਤ ਸ਼ਾਨਦਾਰ ਸ਼ੈਲੀ ਤੇ ਢੁੱਕਵੇਂ ਸ਼ਬਦਾਂ ਰਾਹੀਂ ਜਾਣ ਪਛਾਣ ਕਰਾਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ। ਉਸ ਨੇ ਸੂਫ਼ੀ ਨੂੰ ਸਮੇਂ ਦਾ ਸੱਚ ਬਿਆਨ ਕਰਨ ਵਾਲਾ ਤੇ ਨਿਧੜਕ, ਬਹੁ-ਵਿਧਾਵੀ ਸਾਹਿਤਕਾਰ ਹੋਣ ਦਾ ਸਬੂਤ ਪੇਸ਼ ਕੀਤਾ ਅਤੇ ਸੂਫ਼ੀ ਅਮਰਜੀਤ ਦੀ ਬੇਬਾਕ ਲੇਖਣੀ ਬਾਰੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਪੇਸ਼ ਕੀਤਾ। ਡਾ. ਸੁਖਦੇਵ ਸਿੰਘ ਸਿਰਸਾ ਨੇ ਸੂਫ਼ੀ ਅਮਰਜੀਤ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਲੁਕੀਆਂ ਪਰਤਾਂ ’ਤੇ ਚਾਨਣਾ ਪਾਉਦਿਆਂ ਆਖਿਆ ਕਿ ਸੂਫ਼ੀ ਦੀ ਸਾਹਿਤਕ ਸਿਰਜਣਾ ਪੰਜਾਬੀ ਸਾਹਿਤ ਵਿੱਚ ਮੁੱਲਵਾਨ ਵਾਧਾ ਹੈ। ਡਾ. ਸਿਰਸਾ ਨੇ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਵਿੱਚ ਪੰਜਾਬੀ ਬੋਲੀ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਚਿੰਤਨ ਕਰਦਿਆਂ ਅਤੇ ਪੰਜਾਬ ਦੇ ਭਖਦੇ ਮਸਲਿਆਂ ਤੇ ਪੰਜਾਬੀਆਂ ਨੂੰ ਜਾਗਰਤ ਕਰਨ ਹਿਤ ਵਿਸਥਾਰ ਨਾਲ ਜ਼ਿਕਰ ਕੀਤਾ। ਡਾ. ਮਹਿੰਦਰ ਸਿੰਘ ਹੱਲਨ ਨੇ ਇਕਬਾਲ ਅਰਪਨ ਦੀ ਸਾਹਿਤ ਤੇ ਸਮਾਜਿਕ ਦੇਣ ਬਾਰੇ ਵਿਚਾਰ ਸਾਂਝੇ ਕਰਦਿਆਂ ਇੱਕ ਹਾਸ ਵਿਅੰਗ ਰਾਹੀਂ ਬਹੁਤ ਹੀ ਮੁੱਲਵਾਨ ਸੁਨੇਹਾ ਦਿੱਤਾ। ਪ੍ਰਸਿੱਧ ਸ਼ਾਇਰ ਕੇਸਰ ਸਿੰਘ ਨੀਰ ਨੇ ਇੱਕ ਗ਼ਜਲ ਅਨੋਖੇ ਅੰਦਾਜ਼ ਵਿੱਚ ਪੇਸ਼ ਕੀਤੀ। ਸੁਖਵਿੰਦਰ ਤੂਰ ਨੇ ਕੇਸਰ ਸਿੰਘ ਨੀਰ ਦੀ ਟੀਚਰ ਯੂਨੀਅਨ ਸਮੇਂ ਜੇਲ ਯਾਤਰਾ ਦੌਰਾਨ ਲਿਖੀ ਗ਼ਜ਼ਲ ਪੇਸ਼ ਕੀਤੀ। ਜਸਵੀਰ ਸਿਹੋਤੇ ਨੇ ਇੱਕ ਕਵਿਤਾ ‘ਫੁੱਲਾਂ ਦੀ ਚੰਗੇਰ’ ਸੁਣਾਈ, ਤੇ ਸ਼ਿਵ ਕਮਾਰ ਸ਼ਰਮਾ ਨੇ ਇੱਕ ਕਵਿਤਾ ਸੁਣਾਈ।

ਇਸ ਤੋਂ ਉਪਰੰਤ ਅਰਪਨ ਲਿਖਾਰੀ ਸਭਾ ਦੀ ਕਾਰਜਕਰਨੀ ਨੇ ਸੂਫ਼ੀ ਅਮਰਜੀਤ ਨੂੰ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ। ਇਸ ਤੋਂ ਬਾਅਦ ਜਗਦੀਸ਼ ਕੌਰ ਸਰੋਆ ਨੇ ਦਾਜ ਦੇ ਲੋਭੀਆਂ ਨੂੰ ਲਾਹਣਤ ਪਾਉਂਦਿਆਂ ਤੇ ਲੰਮੇਂ ਹੱਥੀਂ ਲੈਂਦਿਆਂ ਇੱਕ ਕਵਿਤਾ ਪੇਸ਼ ਕੀਤੀ। ਕੁਲਦੀਪ ਕੌਰ ਘਟੌੜਾ ਨੇ ਭਰੂਣ ਹੱਤਿਆ ’ਤੇ ਕਵਿਤਾ ਸੁਣਾਈ। ਭਾਵੇਂ ਇਹ ਸਮਾਗਮ ਤਕਰੀਬਨ ਤਿੰਨ ਘੰਟੇ ਚੱਲਿਆ ਫੇਰ ਵੀ ਬਹੁਤ ਸਾਰੇ ਬੁਲਾਰਿਆਂ ਤੋਂ ਸਮਾਂ ਨਾ ਦੇ ਸਕਣ ਲਈ ਖਿਮਾਂ ਮੰਗਣੀ ਪਈ।

ਇਸ ਸਮੇਂ ਪੰਜਾਬੀ ਭਾਈਚਾਰੇ ਦੇ ਨਾਂ ਕਈ ਅਪੀਲਾਂ ਕੀਤੀਆਂ ਗਈਆਂ ਇੱਕ ਤਾਂ ਇਹ ਕਿ ਜੈਨਸਿਸ ਸੈਂਟਰ ਦੇ ਨੇੜੇ ਇੱਕ ਅਪਾਰਟਮਿੰਟ ਬਿਲਡਿੰਗ ਬਣਾਉਣ ਦੇ ਰੋਸ ਪ੍ਰਦਰਸ਼ਨ ਲਈ, ਦੂਜੀ ਕੈਲਗਰੀ ਸਕੂਲ ਬੋਰਡ ਦੀ ਛੋਟੇ ਬੱਚਿਆਂ ਦੀ ਬੱਸ ਸਰਵਿਸ ਨੂੰ ਬੰਦ ਕੀਤਾ ਜਾਣ ਵਿਰੁੱਧ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ। ਹੈਲਥੀ ਲਾਇਫ਼ ਸਾਟਇਲ ਦੇ ਮੈਂਬਰਾਂ ਵੱਲੋਂ ਜਾਣਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਇਸ ਮੌਕੇ ’ਤੇ ਪਿਛਲੇ ਸਾਲਾਂ ਦੀ ਤਰ੍ਹਾਂ ਅੰਗ-ਦਾਨ ਕਰਨ ਲਈ ਲਿਟਰੇਚਰ ਵੰਡਿਆ ਗਿਆਇਸ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਦਿਲਚਸਪੀ ਦਿਖਾਈ। ਇਸੇ ਮੌਕੇ ’ਤੇ ਮਿਆਰੀ ਸਾਹਿਤ ਦੀ ਪ੍ਰਦਰਸ਼ਣੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ।

ਅਮਰਜੀਤ ਸੂਫ਼ੀ ਨੇ ਆਪਣਾ ਸਾਹਿਤਕ ਸਫ਼ਰ ਸਰੋਤਿਆਂ ਨਾਲ ਸਾਂਝਾ ਕੀਤਾ ਤੇ ਅਰਪਨ ਲਿਖਾਰੀ ਦਾ ਦਿਲ ਦੀਆਂ ਗਹਿਰਾਈ ਵਿੱਚੋਂ ਧੰਨਵਾਦ ਕੀਤਾ। ਅਖ਼ੀਰ ਤੇ ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ ਨੇ ਦੇਸ਼ ਵਿਦੇਸ਼ ਤੋਂ ਅਤੇ ਕੈਨੇਡਾ ਦੇ ਦੂਜੇ ਸ਼ਹਿਰਾਂ ਤੋਂ ਆਏ ਸਾਹਿਤ ਪ੍ਰੇਮੀ ਤੇ ਖ਼ਾਸ ਕਰਕੇ ਕੈਲਗਰੀ ਤੋਂ ਪਰਿਵਾਰਾਂ ਸਮੇਤ ਵਰ੍ਹਦੇ ਮੀਂਹ ਵਿੱਚ ਭਿੱਜਦੇ ਸਾਹਿਤ ਪਰੇਮੀ ਆਪਣੀਆਂ ਆਤਮਾਵਾਂ ਨੂੰ ਸਹਿਤਕ ਰਚਨਾਵਾਂ ਨਾਲ ਸਿੰਜਣ ਲਈ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ, ਏਨਾ ਵੱਡਾ ਇਕੱਠ ਕਰਨ ਲਈ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ। ਉਨ੍ਹਾਂ ਨੇ ਸਭਾ ਲਈ ਕੰਮ ਕਰਦੇ ਵਲੰਟੀਅਰਾਂ, ਤੇ ਭਾਈਚਾਰੇ ਦੀਆਂ ਵੱਖ ਵੱਖ ਸੰਸਥਾਵਾਂ, ਪੰਜਾਬੀ ਮੀਡੀਆ ਖ਼ਾਸ ਕਰਕੇ ਉਨ੍ਹਾਂ ਬਿਜਨਿਸਮੈਨਾਂ ਜਿਨ੍ਹਾਂ ਨੇ ਮਾਇਕ ਸਹਾਇਤਾ ਦੇ ਕੇ ਇਸ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾਇਆ, ਦਾ ਧਂਵਾਦ ਕੀਤਾਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋਂਗੇ, ਅਸੀਂ ਵੱਧ ਚੜ੍ਹ ਕੇ ਪੰਜਾਬੀ ਬੋਲੀ ਸੇਵਾ ਲਈ ਯਤਨਸ਼ੀਲ ਰਹਾਂਗੇ।

ਹੋਰ ਜਾਣਕਾਰੀ ਸਤਪਾਲ ਕੌਰ ਬੱਲ ਨੂੰ 403-590-1403 ’ਤੇ ਅਤੇ ਇਕਬਾਲ ਖ਼ਾਨ ਨੂੰ 403-921-8736 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

*****

About the Author

ਇਕਬਾਲ ਖਾਨ

ਇਕਬਾਲ ਖਾਨ

Calgary, Alberta, Canada.
Phone: (403 - 921 - 8736)
Email: (i.s.kalirai@hotmail.com)