RameshSethi7“ਮੈਟ੍ਰਿਕ ਕੇ ਬਾਦ ਨਾਨ ਮੈਡੀਕਲ ਕਰਨੇ ਕਾ ਇਰਾਦਾ ਹੈ। ਇੰਜੀਨੀਅਰਿੰਗ ਕਰਨੇ ਕੇ ਬਾਦ ...”
(30 ਜੂਨ 2017)

 

ਕੜਾਹ ਕਈ ਕਿਸਮ ਦਾ ਹੁੰਦਾ ਹੈ। ਆਟੇ ਦਾ, ਸੂਜੀ ਦਾ, ਤੇ ਕਈ ਲੋਕ ਆਲੂ ਜਾਂ ਕਿਸੇ ਹੋਰ ਸਬਜ਼ੀ ਦਾ ਵੀ ਬਣਾਉਂਦੇ ਹਨ। ਸਭ ਤੋਂ ਵਧੀਆ ਕੜਾਹ ਤਿੰਨ ਮੇਲ ਦੇ ਕੜਾਹ ਨੂੰ ਮੰਨਿਆ ਗਿਆ ਹੈ। ਇਸ ਵਿੱਚ ਆਟੇ, ਖੰਡ ਅਤੇ ਘਿਉ ਦੀ ਮਾਤਰਾ ਕਸਾਰ ਹੁੰਦੀ ਹੈ। ਆਮ ਕਰਕੇ ਸਿੱਖ ਮਤ ਵਿੱਚ ਕੜਾਹ ਦਾ ਪ੍ਰਸ਼ਾਦ ਹੀ ਸੰਗਤ ਨੂੰ ਵਰਤਾਇਆ ਜਾਂਦਾ ਹੈ। ਤੇ ਇਸ ਨੂੰ ਦੇਗ ਆਖਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭੋਗ ਲੁਆ ਕੇ ਵੰਡੇ ਗਏ ਪ੍ਰਸ਼ਾਦ ਲਈ ਦੇਗ ਤੇ ਕਈ ਜਗਾਹ ਤੇ ਕੁਨਕਾ ਸ਼ਬਦ ਵੀ ਵਰਤਿਆ ਜਾਂਦਾ ਹੈ।

ਹਿੰਦੂ ਧਰਮ ਵਿੱਚ ਅਸ਼ਟਮੀ ਦੀਆਂ ਕੜਾਹੀਆਂ ਸਮੇਂ ਜਾ ਵਰਤਾਂ ਦੇ ਅਧਿਆਪਣ ਸਮੇਂ, ਮਾਤਾ ਰਾਣੀ ਦੇ ਜਾਗਰਣ ਅਤੇ ਹੋਰ ਜੱਗ ਆਦਿ ਕਰਦੇ ਸਮੇਂ ਵੀ ਕੜਾਹ ਬਣਾਇਆ ਜਾਂਦਾ ਹੈ। ਕਈ ਲੋਕ ਕੜਾਹ ਨੂੰ ਹਲਵਾ ਵੀ ਆਖਦੇ ਹਨ। ਕਈ ਵਾਰੀ ਇਸ ਹਲਵੇ ਵਿੱਚ ਉੱਬਲੇ ਛੋਲੇ ਵੀ ਪਾਏ ਜਾਂਦੇ ਹਨ। ਹੁਣ ਤਾਂ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੇ ਮਿਡ ਡੇ ਮੀਲ ਵਿੱਚ ਵੀ ਕਈ ਵਾਰੀ ਹਲਵਾ ਬਣਾਕੇ ਅਤੇ ਉੱਬਲੇ ਛੋਲੇ ਪਾਕੇ ਬੱਚਿਆਂ ਨੂੰ ਖਿਲਾਏ ਜਾਂਦੇ ਹਨ। ਇਹ ਇੱਕ ਪੌਸ਼ਟਿਕ ਆਹਾਰ ਮੰਨਿਆ ਗਿਆ ਹੈ। ਹਲਵਾ ਮੂੰਗੀ ਦਾ ਵੀ ਬਣਾਇਆ ਜਾਂਦਾ ਹੈ। ਫਿਰ ਜਦੋਂ ਇਹ ਹਲਵਾ ਕਿਸੇ ਫੰਕਸ਼ਨ ਵਗੈਰਾ ਤੇ ਬਣਾਇਆ ਜਾਂਦਾ ਹੈ ਤਾਂ ਵਿੱਚ ਡਰਾਈ ਫਰੂਟ ਵੀ ਪਾਇਆ ਜਾਂਦਾ ਹੈ ਤੇ ਇਹ ਬਹੁਤ ਹੀ ਸਵਾਦੀ ਬਣ ਜਾਂਦਾ ਹੈ। ਪਰ ਇੱਕ ਕੜਾਹ ਹੋਰ ਵੀ ਹੁੰਦਾ ਹੈ, ਉਹ ਅੱਜ ਕੱਲ ਬਹੁਤ ਚਲਦਾ ਹੈ। ਉਹ ਹੈ ਗੱਲਾਂ ਦਾ ਕੜਾਹ। ਕਈ ਲੋਕ ਅੱਜਕਲ ਗੱਲਾਂ ਦਾ ਬਹੁਤ ਕੜਾਹ ਬਣਾਉਂਦੇ ਹਨ। ਤੇ ਇਸੇ ਦਾ ਖੱਟਿਆ ਹੀ ਖਾਂਦੇ ਹਨ।

ਆਮ ਕਰਕੇ ਲੋਕ ਜਦੋਂ ਖਿਆਲੀ ਪੁਲਾਵ ਬਣਾਉਂਦੇ ਹੋਏ ਕਿਸੇ ਦਾ ਢਿੱਡ ਗੱਲਾਂ ਨਾਲ ਭਰਦੇ ਹਨ ਤਾਂ ਉਹ ਗੱਲਾਂ ਦਾ ਕੜਾਹ ਤਿਆਰ ਕਰ ਰਹੇ ਹੁੰਦੇ ਹਨ। ਕਈ ਲੋਕ ਗਾਲੜੀ ਹੁੰਦੇ ਹਨ। ਉਹਨਾਂ ਕਰਨਾ ਤਾਂ ਕੁਝ ਵੀ ਨਹੀਂ ਹੁੰਦਾ, ਬੱਸ ਗੱਲਾਂ ਮਾਰ ਕੇ ਆਪਣਾ ਤੇ ਅਗਲੇ ਦਾ ਦਿਲ ਖੁਸ਼ ਕਰਨਾ ਹੁੰਦਾ ਹੈ। ਇਸ ਤਰ੍ਹਾਂ ਉਹ ਗੱਲਾਂ ਦਾ ਕੜਾਹ ਹੀ ਬਣਾਉਂਦੇ ਤੇ ਵਰਤਾਉਂਦੇ ਹਨ। ਇਹੀ ਉਹਨਾ ਦਾ ਧੰਦਾ ਹੁੰਦਾ ਹੈ। ਗੱਲਾਂ ਦਾ ਕੜਾਹ ਵੀ ਆਮ ਕੜਾਹ ਵਾਂਗੂ ਹੀ ਮਿੱਠਾ ਹੁੰਦਾ ਹੈ ਪਰ ਇਸ ਵਿੱਚ ਤਾਕਤ ਨਹੀਂ ਹੁੰਦੀ ਹੈ।

ਅਜੇ ਕੱਲ੍ਹ ਦੀ ਹੀ ਗੱਲ ਹੈ ਕਿ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲਗਦਾ ਮੇਰਾ ਭਤੀਜਾ ਮਿਲਿਆ। ਮੈ ਪੁੱਛਿਆ, ਪੁੱਤ ਕੀ ਕਰਦਾ ਹੁੰਦਾ ਹੈ। ਉਹ ਕਹਿੰਦਾ, “ਤਾਊ ਜੀ, ਅਭੀ ਤੋ ਮੈਂ ਨਾਈਂਥ ਮੇਂ ਹੂਆ ਹੂੰ। ਮੈਟ੍ਰਿਕ ਕੇ ਬਾਦ ਨਾਨ ਮੈਡੀਕਲ ਕਰਨੇ ਕਾ ਇਰਾਦਾ ਹੈ। ਇੰਜੀਨੀਅਰਿੰਗ ਕਰਨੇ ਕੇ ਬਾਦ ਅੱਛੀ ਸੀ ਨੌਕਰੀ ਕਰੂੰਗਾ। ਫਿਰ ਗੁੜਗਾਂਵ ਮੇਂ ਹੀ ਸੈਟਲ ਹੋ ਜਾਊਂਗਾ। ਡੱਬ ਵਲੀ ਮੇਂ ਕਿਆ ਰੱਖਾ ਹੈ? ਉਸ ਦੀਆਂ ਗੱਲਾਂ ਦਾ ਕੜਾਹ ਮੈਨੂੰ ਹਜ਼ਮ ਕਰਨਾ ਜਰਾ ਮੁਸ਼ਕਿਲ ਲੱਗਿਆ। “ਅੱਛਾ ਤਾਊ ਜੀ ਚਲਤਾ ਹੂੰ। ਮੰਮੀ ਵੇਟ ਕਰ ਰਹੀ ਹੋਗੀ ...” ਆਖ ਕੇ ਉਹ ਤੁਰ ਗਿਆ।ਉਹ ਤਾਂ ਚਲਾ ਗਿਆ ਪਰ ਮੈਨੂੰ ਐਕਟਿਵਾ ਦਾ ਸੈਲਫ ਮਾਰਨਾ ਹੀ ਔਖਾ ਹੋ ਗਿਆ।

ਕਈ ਵਾਰੀ ਜਿਹੜੇ ਲੋਕ ਕਿਸੇ ਰੋਜ਼ਗਾਰ ’ਤੇ ਨਹੀਂ ਹੁੰਦੇ, ਜਾਂ ਕਹਿ ਲਵੋ ਬਈ ਜ਼ਿੰਦਗੀ ਵਿੱਚ ਬਹੁਤੇ ਕਾਮਜਾਬ ਨਹੀਂ ਹੁੰਦੇ, ਆਰਥਿਕ ਰੂਪ ਵਿੱਚ ਵੀ ਕੰਮਜ਼ੋਰ ਹੁੰਦੇ ਹਨ, ਉਹ ਬਹੁਤ ਵੱਡੇ ਵੱਡੇ ਗਪੌੜ ਮਾਰਦੇ ਹਨ। ਉਹਨਾਂ ਨੂੰ ਵੇਖ ਕੇ ਲਗਦਾ ਹੈ ਕਿ ਇਹਨਾਂ ਤੋਂ ਸਿਆਣਾ ਜੱਗ ’ਤੇ ਕੋਈ ਹੋਰ ਨਹੀਂ ਹੋਣਾ। ਉਹ ਆਪਣੇ ਅੰਦਰ ਸਭ ਤੋਂ ਸਿਆਣਾ ਹੋਣ ਦਾ ਭਰਮ ਪਾਲੀ ਬੈਠੇ ਹੁੰਦੇ ਹਨ। ਸਾਰੀਆਂ ਸਿਆਣਪਾਂ ਦਾ ਜ਼ਿਕਰ ਕਰਕੇ, ਗੱਲ ਮਾੜੀ ਕਿਸਮਤ ’ਤੇ ਛੱਡ ਦਿੰਦੇ ਹਨ। ਲੋਕੀ ਚਾਹੇ ਅਜਿਹੇ ਲੋਕਾਂ ਬਾਰੇ ਕੁਝ ਵੀ ਕਹਿਣ ਪਰ ਉਹਨਾਂ ਦਾ ਕੀੜਾ ਅਖੌਤੀ ਸਿਆਣਪ ਵਿੱਚ ਹੀ ਫਸਿਆ ਹੁੰਦਾ ਹੈ। ਸਾਹਮਣੇ ਵਾਲਾ ਕੁਝ ਕਹਿ ਵੀ ਨਹੀਂ ਸਕਦਾ। ਕਿਉਂਕਿ ਜੇ ਅਗਲਾ ਕਹਿੰਦਾ ਵੀ ਹੈ ਤਾਂ ਲੋਕ ਮਿਹਣਾ ਮਾਰਦੇ ਹਨ ਕਿ ਹੁਣ ਇਹ ਨਹੀਂ ਬੋਲਦਾ, ਇਸ ਦਾ ਪੈਸਾ ਬੋਲਦਾ ਹੈ। ਚਾਰ ਪੈਸੇ ਹਨ, ਤਾਹੀਓਂ ਗੱਲਾਂ ਆਉਂਦੀਆਂ ਹਨ। ਤੇ ਮਜਬੂਰਨ ਸਾਹਮਣੇ ਵਾਲੇ ਨੂੰ ਗੱਲਾਂ ਦਾ ਕੜਾਹ ਹਜ਼ਮ ਕਰਨਾ ਪੈਂਦਾ ਹੈ।

ਸੱਚ ਪੁੱਛੋ ਤਾਂ ਗੱਲਾਂ ਦਾ ਕੜਾਹ ਹੁੰਦਾ ਤਾਂ ਸਵਾਦ ਹੈ, ਖਵਾਉਣਾ ਅਗਲੇ ਦੀ ਆਦਤ ਹੁੰਦੀ ਹੈ ਤੇ ਮਜਬੂਰੀ ਵੱਸ ਖਾਣਾ ਵੀ ਪੈਂਦਾ ਹੈ। ਇਹ ਗੱਲਾਂ ਦਾ ਸਵਾਦ ਕੜਾਹ ਭੋਰਾ ਵੀ ਗੁਣਕਾਰੀ ਨਹੀਂ ਹੁੰਦਾ। ਇਹ ਇੱਕ ਝੂਠੀ ਆਸ਼ਾ ਹੁੰਦੀ ਹੈ, ਤੇ ਨਸ਼ਾ ਹੁੰਦਾ ਹੈ। ਮਨ ਨੂੰ ਬਹਿਲਾਉਣ ਦੀ ਆਦਤ ਹੁੰਦੀ ਹੈ। ਬਹੁਤੇ ਲਿਖਣ ਵਾਲੇ ਵੀ ਗੱਲਾਂ ਦਾ ਕੜਾਹ ਹੀ ਪਰੋਸਦੇ ਹਨ ਤੇ ਪਾਠਕਾਂ ਨੂੰ ਮਜਬੂਰੀ ਵੱਸ ਖਾਣਾ ਪੈਂਦਾ ਹੈ।

*****

(749)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਮੇਸ਼ ਸੇਠੀ ਬਾਦਲ

ਰਮੇਸ਼ ਸੇਠੀ ਬਾਦਲ

Phone: (91 - 98766 - 27233)
Email: (rameshsethibadal@gmail)