ShyamSDeepti7“ਅੱਗੇ ਪਿੰਡ ਵਿਚ ਦੋ-ਚਾਰ ਅਮਲੀ ਹੁੰਦੇ ਸਨ ...”
(29 ਜੂਨ 2017)

 

ਅੱਜ ਜਦੋਂ ਅਸੀਂ ਆਪਣੇ ਸਮਾਜ ਵਿਚ, ਆਪਣੇ ਨੌਜਵਾਨਾਂ, ਆਪਣੇ ਦੇਸ਼ ਪਰਿਵਾਰ ਦੀ ਸਭ ਤੋਂ ਸਮਰੱਥ ਉਮਰ-ਪੜਾਅ ਦੇ ਬੱਚਿਆਂ ਵੱਲ ਦੇਖਦੇ ਹਾਂ ਤਾਂ ਨਿਰਾਸ਼ਾ ਅਤੇ ਨਸ਼ੇ ਜਿਵੇਂ ਨੌਜਵਾਨਾਂ ਦੇ ਅਨਿੱਖੜਵਾਂ ਹਿੱਸਾ ਲਗਦੇ ਹਨ। ਇਹ ਤਸਵੀਰ ਇਸ ਲਈ ਬਣਦੀ ਹੈ ਕਿ ਨਸ਼ੇ ਦੇ ਸ਼ਿਕਾਰ ਲੋਕਾਂ ਵਿੱਚੋਂ ਇਹ ਸਭ ਤੋਂ ਵਧ ਗਿਣਤੀ ਵਿਚ ਹਨ ਅੱਜ ਦੀ ਤਾਰੀਖ ਵਿਚ, ਤਕਰੀਬਨ ਦੋ-ਤਿਹਾਈ ਨਸ਼ੇ ਕਰਨ ਵਾਲੇ 15 ਤੋਂ 35 ਸਾਲ ਦੀ ਉਮਰ ਵਿੱਚੋਂ ਹਨ ਇਸੇ ਤਰ੍ਹਾਂ ਹੀ ਆਤਮ ਹੱਤਿਆ ਦੀ ਗੱਲ ਕਿਸਾਨਾਂ ਦੇ ਪੱਖ ਤੋਂ ਭਾਵੇਂ ਅਖਬਾਰੀ ਸੁਰਖੀਆਂ ਬਣਦੀ ਹੈ, ਪਰ ਕੁੱਲ ਆਤਮ-ਹੱਤਿਆਵਾਂ ਵਿੱਚੋਂ ਸਭ ਤੋਂ ਵੱਧ 15 ਤੋਂ 24 ਸਾਲ ਦੀ ਉਮਰ ਦੌਰਾਨ ਹੁੰਦੀਆਂ ਹਨ

ਇਸ ਉਮਰ ਨੂੰ ਲੈ ਕੇ, ਨਸ਼ਿਆਂ ਪ੍ਰਤੀ ਸਾਡੀ ਚਿੰਤਾ ਵਿਸ਼ੇਸ਼ ਬਣਦੀ ਹੈ, ਕਿਉਂਕਿ ਜੇ ਬੱਚਾ ਨਸ਼ੇ ਕਰ ਰਿਹਾ ਹੈ ਤਾਂ ਇਕ ਨਕਾਰਾ ਵਿਅਕਤੀ ਦੇ ਰੂਪ ਵਿਚ ਜਿੰਦਾ ਹੈ ਉਹ ਘਰ-ਸਮਾਜ ਵਿੱਚ ਸਾਨੂੰ ਤੁਰਦਾ ਹੋਇਆ ਦਿਸਦਾ ਹੈ ਉਹੀ ਬੱਚਾ, ਪਰਿਵਾਰ, ਜਿਸ ਦੇ ਸਹਾਰੇ ਸਪਨੇ ਦੇਖਦੇ ਹਨ, ਭਵਿੱਖ ਵਿੱਚ ਜਿਸ ਨੇ ਪਰਿਵਾਰ ਨੂੰ ਸਾਂਭਣਾ ਸੀ, ਅੱਜ ਉਸ ਨੂੰ ਮਾਂ-ਬਾਪ ਸਾਂਭ ਰਹੇ ਹਨ ਇਨ੍ਹਾਂ ਹਾਲਾਤ ’ਤੇ ਚਿੰਤਾ ਹੈ, ਚਿੰਤਨ ਨਹੀਂ ਹੈ ਚਿੰਤਾ ਦਾ ਪਹਿਲੂ ਗੁੱਸਾ ਦਿਵਾਉਂਦਾ ਹੈ, ਖਿਝ ਅਤੇ ਨਿਰਾਸ਼ਾ ਨੂੰ ਜਨਮ ਦਿੰਦਾ ਹੈ ਇਹ ਗੁੱਸਾ ਜਦੋਂ ਨੌਜਵਾਨਾਂ ’ਤੇ ਨਿਕਲਦਾ ਹੈ, ਤਾਂ ਨੌਜਵਾਨ ਅਜਿਹੀ ਹਾਲਤ ਵਿਚ ਸਗੋਂ ਹੋਰ ਡੂੰਘਾ ਫਸਦਾ ਹੈ ਕਿਤੇ ਵੀ ਇਸ ਉਮਰ ਦੀ ਇਸ ਵਿਸ਼ੇਸ਼ ਹਾਲਤ ਨੂੰ ਨਹੀਂ ਸਮਝਿਆ ਜਾ ਰਿਹਾ

ਨੌਜਵਾਨੀ ਦੀ ਉਮਰ, ਜਦੋਂ ਬਹੁਤ ਤੇਜ਼ੀ ਨਾਲ ਸਰੀਰ ਦਾ ਵਿਕਾਸ਼ ਹੁੰਦਾ ਹੈ, ਸਿਰਫ ਕੱਦ-ਕਾਠ ਹੀ ਨਹੀਂ ਸਗੋਂ ਸੈਕਸ ਅੰਗ, ਮਨ ਅਤੇ ਸਮਾਜਿਕ ਰਿਸ਼ਤਿਆਂ ਪ੍ਰਤੀ ਸਮਝ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ ਇਹ ਸਾਰੇ ਪਹਿਲੂ ਨਵੇਂ, ਵੱਖਰੇ ਤੇ ਵਿਸ਼ੇਸ਼ ਹੋਣ ਕਰਕੇ ਬੱਚਿਆਂ ਦੀ ਸਮਝ ਤੋਂ ਦੂਰ ਹੋਣ ਕਾਰਨ ਪਰੇਸ਼ਾਨ ਕਰਦੇ ਹਨ ਇਨ੍ਹਾਂ ਤਬਦੀਲੀਆਂ ਪ੍ਰਤੀ ਉਸ ਦੇ ਮਨ ਵਿੱਚ ਸਵਾਲ ਉੱਠਦੇ ਹਨ ਉਹ ਇਨ੍ਹਾਂ ਸਵਾਲਾਂ ਬਾਰੇ ਜਾਨਣਾ ਚਾਹੁੰਦਾ ਹੈ ਇਨ੍ਹਾਂ ਨੂੰ ਜਾਨਣ ਦਾ ਸੁਖਾਵਾਂ ਮਾਹੌਲ ਨਾ ਹੋਣ ਕਰਕੇ, ਉਹ ਹੋਰ ਬੇਚੈਨ/ਪਰੇਸ਼ਾਨ ਹੋ ਜਾਂਦਾ ਹੈ

ਇਹ ਤਬਦੀਲੀਆਂ ਅਨੇਕਾਂ ਅਹਿਸਾਸਾਂ ਨੂੰ ਸਮੋਈ ਬੈਠੀਆਂ ਹੁੰਦੀਆਂ ਹਨ ਕੱਦ-ਕਾਠ ਦਾ ਵਧਣਾ, ਸੰਪੂਰਨ ਵਿਅਕਤੀ, ਵੱਡੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਮਨ ਆਪਣੇ ਆਪ ਨਾਲ ਰੂਬਰੂ ਹੋਣਾ ਚਾਹੁੰਦਾ ਹੈ ਆਪਣੇ ਆਪ ਤੋਂ ਸਵਾਲ ਪੁੱਛਦਾ ਹੈ ਆਪਣੀ ਭੂਮਿਕਾ ਤਲਾਸ਼ ਕਰਦਾ ਹੈ ਵਿਰੋਧੀ ਸੈਕਸ ਪ੍ਰਤੀ ਖਿੱਚ, ਦੋਸਤਾਂ ਨਾਲ ਜੁੜਣ ਦੀ ਭਾਵਨਾ ਅਤੇ ਸਭ ਤੋਂ ਵਿਸ਼ੇਸ਼ ਅਤੇ ਮੁਸ਼ਕਿਲ ਖੜ੍ਹੀ ਕਰਨ ਵਾਲਾ ਹੈ ਬੁੱਧੀ ਦਾ ਵਿਕਾਸ ਹਰ ਵਰਤਾਰੇ ਪ੍ਰਤੀ ਸਵਾਲ - ਮੇਰੇ ਨਾਲ ਹੀ ਕਿਉਂ? ਕਿਉਂ ਜੋ ਮੈਂ ਚਾਹੁੰਦਾ, ਉਹ ਸੁਣਿਆ ਨਹੀਂ ਜਾ ਰਿਹਾ ਜਾਂ ਕਿਉਂ ਇਹ ਗੱਲ ਮੇਰੇ ’ਤੇ ਥੋਪੀ ਜਾ ਰਹੀ ਹੈ?

ਲੋੜ ਹੈ ਇਹਨਾਂ ਪਹਿਲੂਆਂ ਦੇ ਪ੍ਰਸ਼ਨਾਂ ਤਹਿਤ ਨੌਜਵਾਨਾਂ ਨਾਲ ਰੂਬਰੂ ਹੋਣ ਦੀ ਚਾਹੀਦਾ ਤਾਂ ਇਹ ਹੈ ਕਿ ਅਸੀਂ ਸਿਆਣੇ ਅਤੇ ਵੱਧ ਤਜ਼ਰਬੇਕਾਰ ਹੋਣ ਦੇ ਨਾਤੇ, ਵਿਕਾਸ ਪੜਾਅ ਤੋਂ ਜਾਣੂ ਅਤੇ ਉਸ ਦੇ ਪਤਾ ਹੁੰਦੇ, ਉਸ ਪੜਾਅ ਦੇ ਆਉਣ ਤੋਂ ਪਹਿਲਾਂ ਹੀ, ਨਹੀਂ ਤਾਂ ਨਾਲੋ-ਨਾਲ ਹੀ ਉਨ੍ਹਾਂ ਨੂੰ ਸੁਚੇਤ ਕਰੀਏ ਨੌਜਵਾਨਾਂ ਦੀ ਪਰੇਸ਼ਾਨੀ ਨੂੰ ਉਨ੍ਹਾਂ ਦੀ ਚੁੱਪ ਵਿੱਚੋਂ ਸਮਝੀਏ ਉਨ੍ਹਾਂ ਨੂੰ ਪ੍ਰੇਰਿਤ ਕਰੀਏ ਕਿ ਉਹ ਆਪਣੀ ਪਰੇਸ਼ਾਨੀ ਖੁੱਲ੍ਹ ਕੇ ਸਾਂਝੀ ਕਰਨ ਜੇਕਰ ਅਜਿਹਾ ਮਾਹੌਲ ਨਹੀਂ ਹੋਵੇਗਾ, ਬੱਚਾ ਬੇਚੈਨ-ਪਰੇਸ਼ਾਨ ਹੋਵੇਗਾ ਹੀ ਤੇ ਫਿਰ ਨਿਰਾਸ਼ਾ ਦੇ ਘੇਰੇ ਵਿੱਚ ਆ ਜਾਵੇਗਾ, ਜੋ ਕਿ ਹੋ ਰਿਹਾ ਹੈ

ਇਸ ਉਮਰ ’ਤੇ ਲੋੜ ਹੁੰਦੀ ਹੈ, ਇਕ ਰੋਲ-ਮਾਡਲ ਦੀ ਪਹਿਲਾਂ ਰੋਲ-ਮਾਡਲ ਮਾਪੇ ਹੋਣ, ਅਧਿਆਪਕ ਹੋਣ ਪੰਦਰਾਂ-ਸੋਲਾਂ ਸਾਲ ਦੀ ਉਮਰ ਵਿੱਚ ਬੱਚੇ ਦੇ ਵਿਕਾਸ ਤਹਿਤ ਉਹ ਹੁਣ ਘਟਨਾਵਾਂ, ਵਰਤਾਰਿਆਂ, ਵਿਵਹਾਰ ਅਤੇ ਗੱਲਾਂ ਨੂੰ ਸਮਝਣ ਲਗਦਾ ਹੈ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦਾ ਹੈ ਉਸ ਨੂੰ ਆਪਣੇ ਆਲੇ ਦੁਆਲੇ ਦੇ ਕਿਰਦਾਰਾਂ ਵਿਚ ਖੋਟ ਦਿਸਦਾ ਹੈ ਉਸ ਨੂੰ ਸਮਾਜ ਦੀ ਸਮਝ ਆ ਰਹੀ ਹੁੰਦੀ ਹੈ ਰਾਜਨੇਤਾ, ਧਾਰਮਿਕ ਪ੍ਰਵਚਨ, ਸਮਾਜ ਸੇਵੀ ਤਕਰੀਰਾਂ ਆਦਿ ਸਭ ਪਖੰਡ ਲਗਦੇ ਹਨ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ ਵੀ ਤੋੜਦਾ ਹੈ

ਨੌਜਵਾਨ ਨੂੰ ਆਪਣੀ ਪੜ੍ਹਾਈ ਸਪਨੇ ਦਿਖਾਉਂਦੀ ਹੈ ਮਾਂ-ਪਿਉ ਮਹਿੰਗੀ ਤੋਂ ਮਹਿੰਗੀ ਪੜ੍ਹਾਈ ਮਗਰੋਂ, ਵੱਡਾ ਅਫਸਰ ਅਤੇ ਚੰਗੀ ਸੈਲਰੀ ਵਾਲੀ ਨੌਕਰੀ ਦੀ ਆਸ ਕਰਦੇ ਹਨ ਨੌਜਵਾਨ ਦੋਵਾਂ ਸਚਾਈਆਂ ਦਾ ਸਾਹਮਣਾ ਕਰਦਾ ਹੈ ਉਹ ਦੇਖਦਾ ਹੈ ਕਿ ਰੰਗ-ਬਿਰੰਗੇ ਸ਼ੀਸ਼ੇਦਾਰ ਵਿੱਦਿਅਕ ਅਦਾਰੇ ਅਤੇ ਨੌਕਰੀ ਦੀ ਹਾਲਤ ਖਸਤਾ ਹੈ ਉਸ ਨੂੰ ਲਗਦਾ ਹੈ ਦੋਵੇਂ ਹੀ ਬਾਜ਼ਾਰ ਨੇ ਵਿੱਦਿਆ ਦੇ ਕੇਂਦਰ ਵੀ ਲੁੱਟ ਦੀਆਂ ਦੁਕਾਨਾਂ ਨੇ ਤੇ ਨੌਕਰੀਆਂ ਦਾ ਮਿਲਣਾ (ਪਲੇਸਮੈਂਟ) ਝਾਂਸਾ ਵੱਧ ਨੇ ਅੰਤ ਬੇਰੁਜ਼ਗਾਰੀ ਹੈ, ਭਟਕਣ, ਧੁੰਦਲਕਾ ਅਤੇ ਨਿਰਾਸ਼ਾ ਹੈ

ਨੌਜਵਾਨ ਪੜ੍ਹਾਈ ਦੇ ਵਾਤਾਵਰਨ, ਤੇ ਪੜ੍ਹਾਈ ਦੀ ਯੋਗਤਾ, ਤੇ ਦੇਸ਼ ਦੀਆਂ ਨੀਤੀਆਂ ਤੇ ਧਾਰਮਿਕ ਪਖੰਡਾਂ ਅਤੇ ਫਾਲਤੂ ਰੀਤੀ-ਰਿਵਾਜਾਂ ਉੱਪਰ ਸਵਾਲ ਖੜ੍ਹੇ ਕਰਦਾ ਹੈ ਆਪਣੇ ਹੀ ਸਵਾਲਾਂ ਨਾਲ ਆਪ ਘਿਰਿਆ ਹੁੰਦਾ ਹੈ ਨਾ ਵਿੱਦਿਆ ਕੋਲ ਜਵਾਬ ਹੈ, ਨਾ ਸਾਡੇ ਸਿਆਣੇ-ਬੁੱਧੀਜੀਵੀਆਂ ਕੋਲ

ਜੇਕਰ ਹਾਲਾਤ ਦਾ ਵਿਸ਼ਲੇਸ਼ਣ ਕਰੀਏ ਤਾਂ ਲਗਦਾ ਹੈ ਕਿ ਨਸ਼ੇ ਵੇਚਣ ਵਾਸਤੇ ਵਾਜਬ ਮਾਹੌਲ ਲਈ, ਇਨ੍ਹਾਂ ਵਿੱਦਿਅਕ ਸੰਸਥਾਵਾਂ ਦਾ ਜਾਲ ਬੁਣਿਆ ਗਿਆ ਹੈ ਜਿੱਥੇ ਰੰਗੀਨ ਸੁਪਨੇ ਹਨ ਤੇ ਰੰਗ ਉਹ ਹਨ ਜਿਨ੍ਹਾਂ ਦੀ ਕੋਈ ਹੋਂਦ ਨਹੀਂ, ਕੋਈ ਵਾਸਤਵਿਕਤਾ ਨਹੀਂ ਹੈ

ਨਸ਼ਿਆਂ ਦੀ ਵਰਤੋਂ ਦਾ ਇਤਿਹਾਸ ਬਹੁਤ ਪੁਰਾਣਾ ਹੈ ਸੈਂਕੜੇ ਨਹੀਂ, ਹਜ਼ਾਰਾਂ ਸਾਲਾਂ ਦਾ ਪਰ ਅੱਜ ਚਿੰਤਾ ਕਿਉਂ ਹੈ? ਅੱਗੇ ਪਿੰਡ ਵਿਚ ਦੋ-ਚਾਰ ਅਮਲੀ ਹੁੰਦੇ ਸਨ ਉਹ ਆਪਣੇ ਆਪ ਵਿਚ ਕਿੱਸੇ ਹੁੰਦੇ ਸੀ ਲੋਕ ਉਨ੍ਹਾਂ ਨੂੰ ਜਾਣਦੇ ਸੀ ਤੇ ਉਹ ਵੀ ਮਸਤ ਰਹਿੰਦੇ ਸੀ ਅੱਜ ਹਰ ਦੂਸਰੇ ਘਰ ਵਿਚ ਨਸ਼ਈ ਹੈ, ਜੋ ਕਿ ਸਮਾਜ ਦੀ ਇਕ ਡਰਾਉਣੀ ਤਸਵੀਰ ਬਣਾ ਰਿਹਾ ਹੈ

ਨਸ਼ਿਆਂ ਪ੍ਰਤੀ ਜਿੰਨਾ ਮਰਜ਼ੀ ਕੋਈ ਸਮਝਦਾਰ ਹੋਵੇ, ਪਤਾ ਹੋਣ ਦੇ ਬਾਵਜੂਦ ਇਸ ਵੱਲ ਜਾਵੇ ਜਾਂ ਫਸੇ, ਪਰ ਨਸ਼ਾ ਭਟਕਾਅ ਭਰਿਆ ਚਮਕਦਾਰ ਰਾਹ ਤਾਂ ਹੈ ਹੀ ਨਿਰਾਸ਼ ਹੋਏ ਵਿਅਕਤੀ ਨੂੰ ਨਸ਼ੇ ਨਾਲ ਬਾਅਦ ਵਿੱਚ ਹੋਣ ਵਾਲੀਆਂ ਦਿੱਕਤਾਂ ਨਹੀਂ ਦਿਸਦੀਆਂ, ਇਸ ਦੀ ਚਮਕ ਦਿਸਦੀ ਹੈ ਇਸ ਤੋਂ ਮਿਲਣ ਵਾਲੀ ਫੌਰੀ ਰਾਹਤ ਦਿਸਦੀ ਹੈ, ਚਾਹੇ ਉਹ ਥੋੜ੍ਹਵਕਤੀ ਹੀ ਹੋਵੇ

ਨਸ਼ਿਆਂ ਦੀਆਂ ਨਵੀਆਂ ਕਿਸਮਾਂ, ਸਮੈਕ, ਹੈਰੋਇਨ, ਸਿੰਥੈਟਕ ਨਸ਼ੇ, ਫਸਾਉਣ ਵਾਲਾ ਨਸ਼ਾ ਹਨ, ਵੇਚਣ ਅਤੇ ਮੁਨਾਫਾ ਕਮਾਉਣ ਲਈ ਨਸੇ ਹਨ ਅਤੇ ਕਿਸੇ ਨੂੰ ਛੇਤੀ ਤੋਂ ਛੇਤੀ ਆਦੀ ਬਣਾਉਣ ਵਾਲੇ ਨਸੇ ਹਨ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਤੇ ਖਾਸ ਕਰਕੇ ਨੌਜਵਾਨ ਆਪਣੇ ਜੋਸ਼ ਵਿੱਚ ਆ ਕੇ, ਤਜ਼ਰਬਾ ਕਰਨ ਵਿਚ ਗੁਰੇਜ਼ ਨਹੀਂ ਕਰਦੇ ਤੇ ਮਸਤੀ-ਮਸਤੀ ਵਿਚ ਹੀ ਫਸ ਜਾਂਦੇ ਹਨ

ਨਸ਼ੇ ਵਿਚ ਨੌਜਵਾਨ ਫਸਦਾ ਹੈ, ਭਾਵੇਂ ਉਸ ਦੇ ਇਸ ਕਾਰਨ ਪਿੱਛੇ ਉਸ ਦੀ ਕਮਜ਼ੋਰ ਸ਼ਖਸੀਅਤ ਦੀ ਭੂਮਿਕਾ ਹੁੰਦੀ ਹੈ ਪਰ ਸ਼ਖਸੀਅਤ ਤਾਂ ਬਣੀ ਬਣਾਈ ਨਹੀਂ ਮਿਲਦੀ ਇਹ ਉੱਸਰਦੀ ਹੈ ਇਸ ਸ਼ਖਸੀਅਤ ਉਸਾਰੀ ਵਿੱਚ ਪਰਿਵਾਰ, ਸਮਾਜ ਅਤੇ ਦੇਸ਼ ਦੀ ਭੂਮਿਕਾ ਹੈ ਪਰ ਪਰਿਵਾਰ ਅਤੇ ਸਕੂਲ ਪੱਧਰ ’ਤੇ ਬੱਚੇ ਦੀ ਸ਼ਖਸੀਅਤ ਉਸਾਰੀ ਤਹਿਤ, ਆਤਮ ਵਿਸ਼ਵਾਸ ਉਦੋਂ ਹੀ ਪੈਦਾ ਹੋਵੇਗਾ, ਜਦੋਂ ਨੌਜਵਾਨਾਂ ਨੂੰ ਖੁਦ ਆਪਣੇ ਹੱਥੀਂ ਕੁਝ ਕਰਨ ਦਾ ਸੁਤੰਤਰ ਮੌਕਾ ਮਿਲੇਗਾ ਜਦੋਂ ਉਸ ਨੂੰ ਛੋਟੇ-ਛੋਟੇ ਫੈਸਲੇ ਲੈਣ ਦੀ ਖੁੱਲ੍ਹ ਹੋਵੇਗੀ ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਨਸ਼ਿਆਂ ਨੂੰ ਵਰਤਣ ਦੇ ਦਬਾਅ ਹੇਠ ਉਹ ਨਾਂਹ ਕਰ ਸਕਣ ਵਿੱਚ ਮੁਸ਼ਕਿਲ ਮਹਿਸੂਸ ਕਰੇਗਾ ਹੀ।

ਨਸ਼ਿਆਂ ਦੀ ਸਹੀ ਸਮਝ ਤਿੰਨ ਪਹਿਲੂਆਂ ਵਿਚ ਪਈ ਹੈ ਇਕ ਹੈ ਨਸ਼ਿਆਂ ਦਾ ਮਿਲਣਾ, ਦੂਸਰਾ ਹੈ ਨਸ਼ੇ ਲੈਣ ਲਈ ਮਾਹੌਲ ਜਿਵੇਂ ਬੇਰੋਜ਼ਗਾਰੀ, ਢਹਿੰਦੀ-ਟੁੱਟਦੀ ਸ਼ਖ਼ਸੀਅਤ ਅਤੇ ਕਮਜ਼ੋਰ ਮਾਨਸਿਕਤਾ ਦਾ ਮਾਲਿਕ ਸਖ਼ਸ਼, ਜਿਵੇਂ ਨੌਜਵਾਨ ਜੇਕਰ ਨੌਜਵਾਨ ਹੀ ਸਾਡਾ ਕੇਂਦਰ ਹੈ ਤਾਂ ਸਾਡੀ ਚਿੰਤਾ ਉਸ ਦੀ ਸਖ਼ਸੀਅਤ ਉਸਾਰੀ ਹੋਣੀ ਚਾਹੀਦੀ ਹੈ

ਸਾਡੀ ਸਮਝ ਮੁਤਾਬਕ ਸਖ਼ਸੀਅਤ ਉਸਾਰੀ ਵਿੱਚ ਜੇਬ ਖਰਚੀ, ਮੋਟਰਸਾਈਕਲ, ਮੋਬਾਈਲ, ਚੰਗਾ-ਮਹਿੰਗਾ ਕਾਲਜ ਜਾਂ ਟਿਊਸ਼ਨ ਸੈਂਟਰ ਹੀ ਆਉਂਦੇ ਹਨ ਸਭ ਨੂੰ ਲਗਦਾ ਹੈ, ਅਸੀਂ ਪੂਰਾ ਜੋਰ ਲਗਾ ਦਿੱਤਾ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ ਨੌਜਵਾਨਾਂ ਦੇ ਮਨ ਉੱਪਰ ਵੀ ਭਾਰ ਪੈ ਰਿਹਾ ਹੁੰਦਾ ਹੈ

ਸਿਰਫ ਮਾਂ-ਪਿਉ ਦੀ ਗੱਲ ਨਹੀਂ, ਦਰਅਸਲ ਅਜੋਕੇ ਸਮੇਂ ਵਿੱਚ ਸਾਡਾ ਸਾਰਾ ਸਮਾਜ ਹੀ, ਸਕੂਲ, ਮੀਡੀਆ, ਨੇਤਾ, ਗੁਰੂ ਆਦਿ ਸਭ ਹੀ ਨੌਜਵਾਨਾਂ ਦੀ ਵਧੀਆ ਸ਼ਖ਼ਸੀਅਤ ਉਸਾਰੀ ਨਾ ਹੋਣ ਦੀ ਚਿੰਤਾ ਕਰਦੇ ਹਨ ਪਰ ਚਿੰਤਾ ਦੇ ਬਾਵਜੂਦ, ਇਕ ਠੋਸ ਸ਼ਖ਼ਸੀਅਤ ਨਹੀਂ ਸਗੋਂ ਭੁਰਭੁਰੀ/ਤਰੇੜਾਂ ਵਾਲੀ ਸ਼ਖ਼ਸੀਅਤ ਹੀ ਸਾਹਮਣੇ ਆਉਂਦੀ ਹੈ, ਜੋ ਥੋੜ੍ਹੇ ਜਿਹੇ ਮੁਸ਼ਕਿਲ ਹਾਲਾਤ ਵਿੱਚ ਭੁਰ ਜਾਂਦੀ ਹੈ ਤੇ ਟੁੱਟ ਜਾਂਦੀ ਹੈ

ਜੇਕਰ ਸਾਡੇ ਨੌਜਵਾਨਾਂ ਲਈ ਪੜ੍ਹਾਈ ਜਰੂਰੀ ਹੈ, ਕੋਈ ਹੁਨਰ ਹੋਣਾ ਲਾਜ਼ਮੀ ਹੈ ਤਾਂ ਫਿਰ ਇਹ ਵੀ ਜਰੂਰੀ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਵਿਚ, ਸਮਾਜ ਦੇ ਦਬਾਅ ਨਾਲ ਨਜਿੱਠਣ ਵਾਸਤੇ ਸਮਾਜਿਕ ਅਤੇ ਜੀਵਨ ਮੁਹਾਰਤਾਂ ਦੀ ਸਿਖਲਾਈ ਵੀ ਹੋਵੇ

ਕਿਸੇ ਨੂੰ ਧੁਤਕਾਰ ਕੇ, ਝਿੜਕ ਕੇ ਜਾਂ ਨੁਕਸ ਕੱਢ ਕੇ, ਅਸੀਂ ਆਤਮ ਵਿਸ਼ਵਾਸ਼ ਨਹੀਂ ਵਧਾ ਸਕਦੇ ਕਿਸੇ ਨੂੰ ਕੁਝ ਵੀ, ਪਹਿਲਾਂ ਦੇਣ - ਸਿਖਾਉਣ ਤੋਂ ਬਗੈਰ, ਉਹ ਆਸ ਨਹੀਂ ਕਰ ਸਕਦੇ ਅਸੀਂ ਜੋ ਚਾਹੁੰਦੇ ਹਾਂ, ਜਿਹੋ ਜਿਹਾ ਚਾਹੁੰਦੇ ਹਾਂ, ਵੈਸਾ ਹੀ ਸਾਨੂੰ ਦੱਸਣ ਸਮਝਾਉਣ ਅਤੇ ਦਿਖਣ ਦੀ ਵੀ ਲੋੜ ਹੈ ਇਸ ਤੋਂ ਬਿਨਾਂ ਨਿਰਾਸ਼ਾ ਦਾ ਆਉਣਾ ਸਹਿਜ ਹੈ ਅਤੇ ਨਸ਼ੇ ਅਤੇ ਨਿਰਾਸ਼ਾ ਦਾ ਸਬੰਧ ਕਾਫੀ ਡੂੰਘਾ ਹੈ

*****

(748)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author