JaswantAjit7“ਹਿੰਦੁਸਤਾਨ-ਪਾਕਿਸਤਾਨ ਦਾ ਬਹੁਤ ਮਜ਼ਾਕ ਬਣ ਚੁੱਕਾ ਹੈ, ਹੋਰ ਮਜ਼ਾਕ ਨਾ ਬਣਾਉ ...”
(27 ਜੂਨ 2017)

 

ਕ੍ਰਿਕਟ ਦੀ ਹਾਲ ਵਿੱਚ ਹੀ ਹੋਈ ‘ਚੈਂਪੀਅਨ ਟਰਾਫੀ’ ਮੈਚਾਂ ਦੀ ਲੜੀ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਏ ਫਾਈਨਲ ਵਿੱਚ ਪਾਕਿਸਤਾਨੀ ਕ੍ਰਿਕਟ ਟੀਮ, ਭਾਰਤੀ ਕ੍ਰਿਕਟ ਟੀਮ ਪੁਰ ਸ਼ਾਨਦਾਰ ਜਿੱਤ ਹਾਸਿਲ ਕਰਨ ਵਿੱਚ ਸਫਲ ਰਹੀ। ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਸੀ, ਕਿਉਂਕਿ ਕੁਦਰਤੀ ਹੈ ਕਿ ਜਦੋਂ ਖੇਡ ਦੇ ਮੈਦਾਨ ਵਿੱਚ ਦੋ ਟੀਮਾਂ ਆਹਮੋ-ਸਾਹਮਣੇ ਉੱਤਰਦੀਆਂ ਹਨ ਤਾਂ ਜਿੱਤ ਦੋਹਾਂ ਵਿੱਚੋਂ ਕਿਸੇ ਇੱਕ ਟੀਮ ਦੇ ਹਿੱਸੇ ਹੀ ਆਉਂਦੀ ਹੈ ਤੇ ਦੂਸਰੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕੁਝ ਇਸ ਮੈਚ ਵਿੱਚ ਹੋਇਆ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਕ੍ਰਿਕਟ ਮੇਲੇ ਵਿੱਚ ਜੋ ਕੁਝ ਹੋਇਆ, ਉਸ ਸਭ-ਕੁਝ ਨੂੰ ਵੇਖ-ਸੁਣ ਕੇ ਇਉਂ ਜਾਪਿਆ ਜਿਵੇਂ ਪਾਕਿਸਤਾਨੀ ਟੀਮ ਦੀ ਜਿੱਤ ਅਤੇ ਭਾਰਤੀ ਟੀਮ ਦੀ ਹਾਰ ਖੇਡ ਦੇ ਮੈਦਾਨ ਵਿੱਚ ਨਹੀਂ, ਸਗੋਂ ਕਿਸੇ ਜੰਗ ਦੇ ਮੈਦਾਨ ਵਿੱਚ ਹੋਈ ਹੋਵੇ। ਇਸ ਜਿੱਤ-ਹਾਰ ਦਾ ਜੋ ਪ੍ਰਤੀਕਰਮ ਭਾਰਤ ਅਤੇ ਪਾਕਿਸਤਾਨ ਵਿੱਚ ਵੇਖਣ-ਸੁਣਨ ਨੂੰ ਮਿਲਿਆ, ਉਸ ਤੋਂ ਸੰਸਾਰ ਭਰ ਵਿੱਚ ਇਹ ਸੰਦੇਸ਼ ਚਲਾ ਗਿਆ ਕਿ ਭਾਰਤੀਆਂ ਤੇ ਪਾਕਿਸਤਾਨੀਆਂ ਦੇ ਦਿਲਾਂ ਵਿੱਚੋਂ ਖੇਡ ਭਾਵਨਾ ਪੂਰੀ ਤਰ੍ਹਾਂ ਦਮ ਤੋੜ ਗਈ ਹੋਈ ਹੈ। ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਪਸ ਵਿੱਚ ਮੈਚ ਖੇਡਣ ਲਈ ਮੈਦਾਨ ਵਿੱਚ ਉੱਤਰਦੀਆਂ ਹਨ, ਤਾਂ ਦੋਹਾਂ ਦੇਸ਼ਾਂ ਦੇ ਲੋਕ ਇਹ ਮੰਨ ਲੈਂਦੇ ਹਨ ਕਿ ਉਹ ਖੇਡ ਦੇ ਮੈਦਾਨ ਵਿੱਚ ਨਹੀਂ, ਸਗੋਂ ਜੰਗ ਦੇ ਮੈਦਾਨ ਵਿੱਚ ਆਹਮੋ-ਸਾਹਮਣੇ ਉਤਰੀਆਂ ਹਨ। ਇੰਨਾ ਹੀ ਨਹੀਂ, ਇਨ੍ਹਾਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦੇ ਮੁਕਾਬਲੇ ਜਦੋਂ ਹੋਰ ਦੇਸ਼ਾਂ ਦੀਆਂ ਟੀਮਾਂ ਨਾਲ ਹੁੰਦੇ ਹਨ ਤਾਂ ਉਸ ਸਮੇਂ ਵੀ ਇਨ੍ਹਾਂ ਦੋਹਾਂ ਦੇਸ਼ਾਂ ਦੇ ਲੋਕੀ ਆਪੋ-ਆਪਣੇ ਦੇਸ਼ ਦੀਆਂ ਟੀਮਾਂ ਦੀ ਜਿੱਤ ਦੇ ਦਾਅਵੇ ਕਰਨ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਲਗਦੇ ਹਨ, ਜਿਵੇਂ ਵਿਰੋਧੀ ਟੀਮਾਂ ਹੱਥਾਂ ਵਿੱਚ ਚੂੜੀਆਂ ਪਾ ਕੇ ਹਾਰਨ ਲਈ ਹੀ ਮੈਦਾਨ ਵਿੱਚ ਨਿੱਤਰੀਆਂ ਹੋਣ। ਇਸ ਤੋਂ ਇਉਂ ਜਾਪਣ ਲਗਦਾ ਹੈ ਜਿਵੇਂ ਇਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਅਖੌਤੀ ‘ਦੇਸ਼ ਭਗਤੀ’ ਦਾ ਮੁਖੌਟਾ ਲਾ ਕੇ ਖੇਡ ਭਾਵਨਾ ਦਾ ਪੂਰੀ ਤਰ੍ਹਾਂ ਗਲਾ ਘੁੱਟ ਦਿੱਤਾ ਹੋਇਆ ਹੈ।

ਵਿਸ਼ੇਸ਼ ਰੂਪ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਆਪਸੀ ਮੁਕਾਬਲੇ ਵਿੱਚ ਦੋਹਾਂ ਵਿੱਚੋਂ, ਜਿਸ ਦੇਸ਼ ਦੀ ਟੀਮ ਜਿੱਤਦੀ ਹੈ ਤਾਂ ਉਸ ਦੇਸ਼ ਅਤੇ ਉੱਥੋਂ ਦੇ ਮੀਡੀਆ ਦੇ ਲੋਕੀ ਟੀਮ ਅਤੇ ਖਿਡਾਰੀਆਂ ਨੂੰ ਅਕਾਸ਼ ਪੁਰ ਚੜ੍ਹਾਉਣ ਲਈ ਉਨ੍ਹਾਂ ਦੇ ਅੰਤ-ਹੀਨ ਸੋਹਲੇ ਗਾਉਣ ’ਤੇ ਤੁਲ ਜਾਂਦੇ ਹਨ। ਉਨ੍ਹਾਂ ਦਾ ਗੁਣ-ਗਾਣ ਕਰਦਿਆਂ ਜ਼ਮੀਨ-ਅਸਮਾਨ ਇੱਕ ਕਰ ਦਿੱਤਾ ਜਾਂਦਾ ਹੈਜੇਤੂ ਹੋਣ ’ਤੇ ਉਨ੍ਹਾਂ ਦੇ ਆਪਣੇ ਦੇਸ਼ ਪਰਤਣ ’ਤੇ ਹਵਾਈ ਅੱਡੇ ਤੋਂ ਲੈ ਖਿਡਾਰੀਆਂ ਦੇ ਘਰਾਂ ਤਕ ਨਜ਼ਰਾਂ ਅਤੇ ਫੁੱਲ ਵਿਛਾ ਕੇ ਉਨ੍ਹਾਂ ਦਾ ਸਵਾਗਤ-ਸਨਮਾਨ ਕੀਤਾ ਜਾਂਦਾ ਹੈ ਪ੍ਰੰਤੂ ਜਦੋਂ ਟੀਮ ਹਾਰ ਕੇ ਮੁੜਦੀ ਹੈ ਤਾਂ ਹਵਾਈ ਅੱਡੇ ਤੋਂ ਲੈ ਖਿਡਾਰੀਆਂ ਦੇ ਘਰਾਂ ਤਕ ਮਾਤਮ ਛਾ ਗਿਆ ਹੋਇਆ ਨਜ਼ਰ ਆਉਣ ਲਗਦਾ ਹੈ, ਜਿਵੇਂ ਉਨ੍ਹਾਂ ਦੀ ਟੀਮ ‘ਬੇੜਾ ਰੋੜ੍ਹ’ ਕੇ ਮੁੜੀ ਹੋਵੇ। ਉਹ ਇਹ ਭੁੱਲ ਜਾਂਦੇ ਹਨ ਕਿ ਖੇਡ ਦੇ ਮੈਦਾਨ ਵਿੱਚ ਜਦੋਂ ਕੋਈ ਟੀਮ ਉੱਤਰਦੀ ਹੈ, ਉਹ ਭਾਵੇਂ ਤਾਕਤਵਰ ਹੋਵੇ ਤੇ ਭਾਵੇਂ ਕਮਜ਼ੋਰ, ਜਿੱਤ ਦੇ ਇਰਾਦੇ ਨਾਲ ਹੀ ਉੱਤਰਦੀ ਹੈ। ਹਰ ਟੀਮ ਦੇ ਖਿਡਾਰੀ ਜਾਣਦੇ ਹਨ ਕਿ ਜਦੋਂ ਖੇਡ ਦੇ ਮੈਦਾਨ ਵਿੱਚ ਦੋ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਦੋਹਾਂ ਵਿੱਚੋਂ ਇੱਕ ਨੇ ਹੀ ਜਿੱਤਣਾ ਹੁੰਦਾ ਹੈ। ਖੇਡ ਦਾ ਹਰ ਮੈਦਾਨ ਇਸ ਗੱਲ ਦਾ ਗਵਾਹ ਹੈ ਕਿ ਕਈ ਵਾਰ ਉਹ ਟੀਮਾਂ ਜਿੱਤ ਦੇ ਦਰਵਾਜ਼ੇ ਤਕ ਜਾ ਪੁੱਜਦੀਆਂ ਹਨ, ਜਿਨ੍ਹਾਂ ਨੂੰ ਸੁਪਨੇ ਵਿੱਚ ਵੀ ਆਸ ਨਹੀਂ ਹੁੰਦੀ ਕਿ ਉਹ ਵਿਰੋਧੀ ਟੀਮ ਦੇ ਮੁਕਾਬਲੇ ਠਹਿਰ ਵੀ ਸਕਣਗੀਆਂ ਜਾਂ ਨਹੀਂ। ਇਸ ਲਈ ਖੇਡ ਦੇ ਮੈਦਾਨ ਵਿੱਚ ਹੋਣ ਵਾਲੀ ਜਿੱਤ-ਹਾਰ ਨੂੰ ਖਿਡਾਰੀਆਂ ਵਾਂਗ ਖੇਡ ਦੀ ਭਾਵਨਾ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਜੰਗ ਦੇ ਮੈਦਾਨ ਵਿੱਚ ਹੋਈ ਹਾਰ-ਜਿੱਤ ਵਾਂਗ!

ਇਸ ‘ਚੈਂਪੀਅਨ ਟਰਾਫੀ’ ਮੁਕਾਬਲੇ ਵਿੱਚ ਭਾਰਤ-ਪਾਕ ਟੀਮਾਂ ਵਿਚਕਾਰ ਹੋਏ ਫਾਈਨਲ ਮੈਚ ਵਿੱਚ, ਇੱਕ ਟੀਮ (ਪਾਕਿਸਤਾਨ) ਦੀ ਹੋਈ ਜਿੱਤ ਤੇ ਦੂਸਰੀ ਟੀਮ (ਭਾਰਤ) ਦੀ ਹੋਈ ਹਾਰ ਦੇ ਪ੍ਰਤੀਕਰਮ ਵਜੋਂ ਦੋਹਾਂ ਦੇਸ਼ਾਂ ਵਿੱਚ ਜੋ ਕੁਝ ਹੋਇਆ, ਉਸ ਤੋਂ ਦੁਖੀ ਪਾਕਿਸਤਾਨ ਦੇ ਪ੍ਰਸਿੱਧ ਇੱਕ ਕ੍ਰਿਕਟ ਖਿਡਾਰੀ ਨੇ ਇੱਕ ਮਜ਼ਮੂਨ ਸਪੁਰਦ-ਏ-ਕਲਮ ਕਰਦਿਆਂ ਲਿਖਿਆ ਕਿ ‘ਦੁਨੀਆ ਸਾਹਮਣੇ ਪਹਿਲਾਂ ਹੀ ਸਾਡਾ ਹਿੰਦੁਸਤਾਨ-ਪਾਕਿਸਤਾਨ ਦਾ ਬਹੁਤ ਮਜ਼ਾਕ ਬਣ ਚੁੱਕਾ ਹੈ, ਹੋਰ ਮਜ਼ਾਕ ਨਾ ਬਣਾਉ। ਟੀਮਾਂ ਖੇਡ ਕੇ ਚਲੀਆਂ ਗਈਆਂ, ਮੈਚ ਖਤਮ ਹੋ ਗਿਆ। ਕ੍ਰਿਕਟ ਖੇਡਣ ਵਾਲੇ ਭੁੱਲ ਵੀ ਗਏ ਅਤੇ ਤੁਸੀਂ ਅਜੇ ਵੀ ਲੱਗੇ ਹੋਏ ਹੋ। ਮੈਂ ਬੇਨਤੀ ਕਰਾਂਗਾ ਕਿ ਇਹ ਖੇਡ ਹੈ, ਖੇਡ ਵਿੱਚ ਹਾਰ ਵੀ ਹੁੰਦੀ ਰਹੇਗੀ ਅਤੇ ਜਿੱਤ ਵੀ ਹੁੰਦੀ ਰਹੇਗੀ।’

ਇਸ ਦੇ ਨਾਲ ਹੀ ਖੇਡਾਂ ਦੇ ਇੱਕ ਭਾਰਤੀ ਦਰਸ਼ਕ ਨੇ ਪਾਕਿਸਤਾਨ ਦੀ ਜਿੱਤ ਪੁਰ ਪਾਕਿਸਤਾਨ ਅਤੇ ਭਾਰਤ ਵਿੱਚ ਜੋ ਕੁਝ ਹੋਇਆ ਉਸ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਲਿਖਿਆ ਕਿ ‘… ਦੀ ਬਦੌਲਤ ਪਾਕਿਸਤਾਨ ਦੀ ਕ੍ਰਿਕਟ ਟੀਮ ਇੱਕ ਯਾਦਗਾਰੀ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੀ। ਪਰ ਇਸ ਤੋਂ ਬਾਅਦ ਦੋਹਾਂ ਦੇਸ਼ ਦੇ ਮੀਡੀਆ ਤੇ ਸੇਲਿਬ੍ਰਿਟੀਜ਼ ਨੇ ਜਿਸ ਤਰ੍ਹਾਂ ਪ੍ਰਤੀਕ੍ਰਿਆਵਾਂ ਦਿੱਤੀਆਂ, ਉਹ ਖੇਡ-ਪਿਆਰ ਤੋਂ ਪ੍ਰੇਰਿਤ ਟਿੱਪਣੀਆਂ ਨਹੀਂ ਸਨ, ਸਗੋਂ ਉਹ ਕਥਿਤ ਰਾਸ਼ਟਰਵਾਦ ਦਾ ਸਸਤਾ ਤੇ ਸ਼ਰਮਨਾਕ ਪ੍ਰਦਰਸ਼ਨ ਸੀ … ਇਉਂ ਮਹਿਸੂਸ ਹੁੰਦਾ ਸੀ ਕਿ ਇਸ ਜਿੱਤ ਤੇ ਹਾਰ ਪੁਰ ਖੁਸ਼ੀ ਤੇ ਅਫਸੋਸ ਦੇ ਪ੍ਰਗਟਾਵੇ ਵਿੱਚ, ਖੁਸ਼ੀ ਤੇ ਅਫਸੋਸ ਨਾਲੋਂ ਇੱਕ-ਦੂਜੇ ਨੂੰ ਚਿੜਾਉਣ ਦੇ ਤੱਤ ਕਿਧਰੇ ਵਧੇਰੇ ਸਨ। ਇਉਂ ਜਾਪਿਆ ਜਿਵੇਂ ਭਾਰਤ ਨੂੰ ਪਾਕਿਸਤਾਨ-ਫੋਬਿਆ ਅਤੇ ਪਾਕਿਸਤਾਨ ਨੂੰ ਭਾਰਤ-ਫੋਬੀਆ ਤੋਂ ਮੁਕਤ ਹੋਣ ਦਾ ਉਪਦੇਸ਼ ਦੇਣ ਵਾਲੇ ਆਖਿਰ ਆਪਣੀਆਂ ਕੁੰਠਾਵਾਂ ਤੋਂ ਮੁਕਤ ਕਿਉਂ ਨਹੀਂ ਹੋ ਪਾਉਂਦੇ? ਅਸੀਂ ਵੀ ਦੇਸ਼ ਭਗਤ ਲੋਕ ਹਾਂ, ਪਰ ਅਸੀਂ ਵਧੀਆ ਖੇਡ ਵੇਖਣੀ ਚਾਹੁੰਦੇ ਹਾਂ। ਉਸ ਨੂੰ ਹੋਸ਼-ਹੀਣ ਜੋਸ਼ ਵਿੱਚ ਨਾ ਬਦਲੋ। ਕ੍ਰਿਕਟ ਦੀ ਮਰਿਆਦਾ ਦੀ ਰੱਖਿਆ ਕੇਵਲ ਕਿਸੇ ਦੇਸ਼ ਦੇ ਖਿਡਾਰੀ ਹੀ ਨਹੀਂ ਕਰਦੇ, ਇਹ ਆਸ ਉਨ੍ਹਾਂ ਦੇਸ਼ਾਂ ਦੇ ਦਰਸ਼ਕਾਂ ਪਾਸੋਂ ਵੀ ਰੱਖੀ ਜਾਂਦੀ ਹੈ।’

ਖੇਡ ਵਿੱਚ ਦੁਸ਼ਮਣੀ ਕਿਉਂ?

ਬੀਬੀਸੀ ਤੋਂ ਖੇਡਾਂ ਦੇ ਇੱਕ ਮਾਹਿਰ ਵੀ. ਖਾਨ ਨੇ ਇਸ ਹਾਰ-ਜਿੱਤ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਸਨੇ ਪਿਛਲੇ ਹਫਤੇ ਹੀ ਇਸ ਚੈਨਲ ਪੁਰ ਭਾਰਤ-ਪਾਕ ਵਿੱਚ ਹੋਣ ਵਾਲੇ ਫਾਈਨਲ ਪੁਰ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਸੀ ਕਿ ਇਸ ਮੁਕਾਬਲੇ ਦਾ ਮੁੱਦਾ ਮੈਚ ਜਿੱਤਣਾ ਨਹੀਂ, ਭਾਰਤ ਤੇ ਪਾਕਿਸਤਾਨ ਵਿੱਚੋਂ ਕਿਸੇ ਇੱਕ ਨੂੰ ਹਰਾਉਣਾ ਹੈ। ਉਹੀ ਹੋਇਆ! ਫਰਜ਼ ਕਰੋ ਕਿ ਇਹੀ ਮੈਚ ਪਾਕਿਸਤਾਨ ਦੀ ਬਜਾਏ ਦਖਣੀ ਅਫਰੀਕਾ ਜਿੱਤਦਾ, ਤਾਂ ਕੀ ਕਾਨਪੁਰ ਵਿੱਚ ਗੁੱਸੇ ਨਾਲ ਲੋਕੀ ਟੀਵੀ ਤੋੜਦੇ? ਕੀ ਪਿਸ਼ਾਵਰ ਵਿੱਚ ਹਵਾਈ ਫਾਇਰਿੰਗ ਨਾਲ ਪੰਜ ਬੱਚੇ ਜ਼ਖਮੀ ਹੁੰਦੇ? ਮੈਨੂੰ ਤਾਂ ਮੈਚ ਤੋਂ ਪਹਿਲਾਂ ਦੀ ਇੱਕ ਤਸਵੀਰ ਸਭ ਤੋਂ ਵੱਧ ਚੰਗੀ ਲੱਗੀ, ਜਿਸ ਵਿੱਚ ਮਹਿੰਦਰ ਸਿੰਘ ਧੋਨੀ ਨੇ ਪਾਕਿਸਤਾਨੀ ਟੀਮ ਦੇ ਕੈਪਟਨ ਸਰਫਰਾਜ਼ ਅਹਿਮਦ ਦੇ ਬੱਚੇ ਨੂੰ ਗੋਦ ਵਿੱਚ ਚੁਕਿਆ ਹੋਇਆ ਸੀ। ਉਸੇ ਦਿਨ ਭਾਰਤ ਨੇ ਪਾਕਿਸਤਾਨ ਪੁਰ ਹਾਕੀ ਵਿੱਚ ਸੱਤ ਗੋਲ ਠੋਕ ਦਿੱਤੇ ਸਨ। ਪਾਕਿਸਤਾਨੀ ਚੈਨਲਾਂ ਵਿੱਚ ਇਸ ਖਬਰ ਲਈ ਕੋਈ ਜਗ੍ਹਾ ਨਹੀਂ ਸੀ ਤੇ ਅਰਨਬ ਨੇ ਇਸ ਪੁਰ ਇੱਕ ਪੂਰਾ ਪ੍ਰੋਗਰਾਮ ਕਰ ਮਾਰਿਆ। ਉਸ ਅਨੁਸਾਰ ਇਹ ਪ੍ਰੋਗਰਾਮ ਉਸੇ ਚੈਨਲ ਪੁਰ ਹੋ ਸਕਦਾ ਸੀ, ਜਿੱਥੇ ਭਾਰਤ ਦੀ ਜਿੱਤ ਤੋਂ ਵਧੇਰੇ ਖੁਸ਼ੀ ਇਸ ਗੱਲ ਦੀ ਮਨਾਈ ਗਈ ਕਿ ਭਾਰਤੀ ਟੀਮ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਚ ਖੇਡਿਆ, ਮਤਲਬ ਇਹ ਕਿ ‘ਐ ਅੱਤਵਾਦੀਓ, ਅਸੀਂ ਤੁਹਾਡੀ ਸ਼ਕਲ ਵੀ ਨਹੀਂ ਵੇਖਣਾ ਚਾਹੁੰਦੇ, ਪਰ ਕੀ ਕਰੀਏ, ਟੂਰਨਾਮੈਂਟ ਦੀ ਮਜਬੂਰੀ ਹੈ।’ ‘ਵੱਟ ਏ ਸਪੋਰਟਸਮੈਨ ਸਪਿਰਟ’? ਇੰਡੀਆ-ਪਾਕਿਸਤਾਨ ਦੇ ਕ੍ਰਿਕਟਰ ਮੈਦਾਨ ਤੋਂ ਬਾਹਰ ਇੱਕ ਦੂਜੇ ਨੂੰ ਕਿਵੇਂ ਮਿਲਦੇ ਹਨ, ਇਹ ਸੁਣਨ ਦੀ ਵੀ ਗੱਲ ਹੈ ਅਤੇ ਸਿੱਖਣ-ਸਮਝਣ ਦੀ ਵੀ, ਪਰ ਇਹ ਰਾਜਨੀਤੀ ਇੰਨੀ ਘਿਨਾਉਣੀ (ਮਾੜੀ) ਹੈ ਕਿ ਇਹ ਐਂਕਰਾਂ ਨੂੰ ਛੱਡੋ, ਚੰਗੇ ਭਲੇ ਕ੍ਰਿਕਟਰ ਨੇਤਾ ਨੂੰ ਵੀ ਤੰਗਦਿਲ ਬਣਾ ਦਿੰਦੀ ਹੈ। ਅਜਿਹੇ ਹਾਲਾਤ ਵਿੱਚ, ਧੋਨੀ ਵਰਗੇ ਲੋਕੀ ਘੱਟ ਸਹੀ, ਪਰ ਯਾਦ ਸਭ ਤੋਂ ਵੱਧ ਰੱਖਦੇ ਹਨ।

*****

(746)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author