ArshdeepSBains7ਕਿਸੇ ਨੇ ਮਹਿਕਮੇ ਦੇ ਹੈੱਡ ਆਫਿਸ ਵਿੱਚ ਜਾ ਕੇ ਬਾਬੂ ਰਜਬ ਅਲੀ ਦੇ ਵਿਰੁੱਧ ਚੁਗਲੀ ਕਰ ਦਿੱਤੀ ਕਿ ...
(19 ਜੂਨ 2017)

 

ਪੰਜਾਬ ਵਿਚ ਸਾਹਿਤ ਤੇ ਸਭਿਆਚਾਰ ਦੀ ਸਿਰਜਣਾ ਲਈ ਬਹੁਤ ਸਾਰੇ ਸੂਝਵਾਨ, ਸਾਹਿਤਕਾਰ, ਸ਼ਾਇਰ ਅਤੇ ਦਾਰਸ਼ਨਿਕ ਹੋਏ ਹਨ ਜਿਨ੍ਹਾਂ ਵਿੱਚੋਂ ਬਾਬੂ ਰਜਬ ਅਲੀ ਦਾ ਨਾਂ ਬਹੁਤ ਮਕਬੂਲ ਹੋਇਆ ਹੈ। ਕਵੀਸ਼ਰੀ ਦੇ ਬਾਦਸ਼ਾਹ ਦਾ ਜਨਮ ਜ਼ਿਲ੍ਹਾ ਮੋਗੇ ਦੇ ਇੱਕ ਛੋਟੇ ਜਿਹੇ ਪਿੰਡ ਸਾਹੋਕੇ ਵਿਖੇ ਮਾਤਾ ਜਿਊਣੀ ਦੀ ਕੁੱਖੋਂ ਪਿਤਾ ਧਮਾਲੀ ਖਾਂ ਦੇ ਘਰ 10 ਅਗਸਤ 1854 ਈ. ਨੂੰ ਹੋਇਆ। ਬਾਬੂ ਰਜਬ ਅਲੀ ਦਾ ਬਚਪਨ ਬਹੁਤ ਹੀ ਲਾਡਾਂ ਪਿਆਰਾਂ ਵਿੱਚ ਬੀਤਿਆ ਕਿਉਂਕਿ ਚਾਰ ਭੈਣਾਂ ਤੋਂ ਬਾਅਦ ਘਰ ਵਿੱਚ ਪੁੱਤਰ ਪੈਦਾ ਹੋਇਆ ਸੀ। ਇਸੇ ਖੁਸ਼ੀ ਵਿੱਚ ਇਨ੍ਹਾਂ ਦੇ ਪਿਤਾ ਧਮਾਲੀ ਖਾਂ ਨੇ ਗਵੰਤਰੀਆਂ ਤੇ ਕਵੀਸ਼ਰਾਂ ਦੇ ਅਖਾੜੇ ਲਗਵਾਏ ਅਤੇ ਨਾਮਵਰ ਭਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ। ਮਗਰੋਂ ਧਮਾਲੀ ਖਾਂ ਨੇ ਪੁੱਤਰ ਦੇ ਜਨਮ ਤੇ ਹਰ ਸਾਲ ਇਹ ਮੇਲਾ ਲਾਉਣਾ ਸ਼ੁਰੂ ਕਰ ਦਿੱਤਾ। ਪਿਤਾ ਦੇ ਸ਼ੌਕ ਨੇ ਹੀ ਬਾਬੂ ਰਜਬ ਅਲੀ ਦੇ ਖੂਨ ਵਿੱਚ ਕਲਾ ਦਾ ਰੂਪ ਧਾਰ ਲਿਆ।

ਧਮਾਲੀ ਖਾਂ ਨੇ ਪੁੱਤਰ ਨੂੰ ਪੜ੍ਹਾਉਣ ਲਈ ਮਦਰੱਸੇ ਵਿੱਚ ਪੜ੍ਹਨੇ ਪਾ ਦਿੱਤਾ। ਉਸ ਸਮੇਂ ਆਵਾਜਾਈ ਦੇ ਵਸੀਲੇ ਤਾਂ ਨਹੀਂ ਸੀ ਹੁੰਦੇ, ਇਸ ਕਰਕੇ ਧਮਾਲੀ ਖਾਂ ਆਪਣੇ ਪੁੱਤਰ ਨੂੰ ਮੋਢਿਆਂ ’ਤੇ ਬਿਠਾ ਕੇ ਹੀ ਮਦਰੱਸੇ ਛੱਡਦੇ ਸਨ ਤੇ ਘਰ ਲੈ ਕੇ ਆਉਂਦੇ ਸਨ। ਇਕ ਦਿਨ ਜ਼ਿੰਦਗੀ ਦੀ ਇਕ ਅਜਿਹੀ ਘਟਨਾ ਵਾਪਰੀ ਜਿਸ ਤੋਂ ਧਮਾਲੀ ਖਾਂ ਨੇ ਠਾਣ ਲਿਆ ਕਿ ਪੁੱਤਰ ਨੂੰ ਬਾਬੂ ਬਣਾ ਕੇ ਛੱਡੇਗਾ। ਮਦਰੱਸੇ ਨੂੰ ਜਾਂਦਿਆਂ ਸੱਥ ਵਿੱਚੋਂ ਲੰਘਦਿਆਂ ਨੂੰ ਯਾਰ ਇੰਦਰ ਸਿੰਹੁ ਨੇ ਧਮਾਲੀ ਖਾਂ ਨੂੰ ਮਖੌਲੀਆ ਲਹਿਜ਼ੇ ਵਿੱਚ ਕਿਹਾ, ‘ਬਸ ਓਏ ਧਮਾਲੀ ਖਾਂ, ਇਹ ਨੇ ਕਿਤੇ ਪੜ੍ਹ ਕੇ ਬਾਬੂ ਬਣਨਾ?”

ਬਾਬੂ ਉਸ ਸਮੇਂ ਨਹਿਰੀ ਮਹਿਕਮੇ ਦੇ ਓਵਰਸੀਅਰ ਨੂੰ ਕਿਹਾ ਜਾਂਦਾ ਸੀ। ਅੱਗੇ ਧਮਾਲੀ ਖਾਂ ਨੇ ਇੰਦਰ ਸਿੰਹੁ ਨੂੰ ਮੋੜਵਾਂ ਜਵਾਬ ਦਿੱਤਾ, “ਜੇ ਮੈਂ ਜਿਉਂਦਾ ਰਿਹਾ ਤਾਂ ਮੁੰਡੇ ਨੂੰ ਇਕ ਦਿਨ ਜ਼ਰੂਰ ਬਾਬੂ ਬਣਾ ਕੇ ਛੱਡੂੰ। ਆਪਣੀ ਸਕੂਲੀ ਵਿੱਦਿਆ ਪਿੰਡ ਬੰਬੀਹਾ, ਮੋਗਾ, ਤੇ ਫਰੀਦਕੋਟ ਤੋਂ ਪੂਰੀ ਕਰਨ ਉਪਰੰਤ ਬਾਬੂ ਜੀ ਨੇ ਗੁਜਰਾਤ ਵਿੱਚ ਰਸੂਲ ਵਿਖੇ ਇੰਜੀਨੀਅਰ ਕਾਲਜ ਵਿੱਚੋਂ ਓਵਰਸੀਰ ਦਾ ਕੋਰਸ ਕੀਤਾ। ਬਾਬੂ ਰਜਬ ਅਲੀ ਜੀ ਦੀ ਇਕ ਕਵਿਤਾ ਵਿੱਚ ਆਪਣੀ ਪੜ੍ਹਾਈ ਦਾ ਜ਼ਿਕਰ ਕੀਤਾ ਮਿਲਦਾ ਹੈ।

ਮੋਗੇ ਅੱਠ ਜਮਾਤਾਂ, ਮੈਟ੍ਰਿਕ ਕੋਟ ਫਰੀਦੋ ਕੀਤੀ, ਦੇਸ਼ ਕੁੱਲ ਜਾਣੇ।
ਬਾਬੂ ਬਣਿਆ ਰਸੂਲੋ ਜੀ, ਮੇਰੀ ਉਮਰ ਐਸ਼ ਨਾਲ ਬੀਤੀ, ਬੜੇ ਸੁੱਖ ਮਾਣੇ।
ਪੰਜ ਪੜ੍ਹਿਆ ਬੰਬੀਹੇ ਜੀ, ਸਾਹੋ ਤੋਂ ਡੇਢ ਮੀਲ ਪਿਆਰਾ, ਸਕੂਲ ਬੰਬੀਹੋਂ।
ਫੌਜੀ ਦੇਸ਼ ਪੰਜਾਬ ਦਿਓ, ਤੁਮੇ ਸੌ ਸੌ ਪ੍ਰਣਾਮ ਹਮਾਰਾ, ਮਾਂ ਦਿਉ ਸ਼ੀਹੋਂ।

ਬਾਬੂ ਰਜਬ ਅਲੀ ਦੀ ਨੌਕਰੀ ਪਿਸ਼ਾਵਰ ਵਿਖੇ ਲੱਗੀ ਜਿੱਥੇ ਕਿ ਪਠਾਣਾਂ ਦੀ ਵਸੋਂ ਸੀ। ਇਹ ਇਕ ਬਹੁਤ ਹੀ ਖੁਸ਼ਹਾਲ ਤੇ ਸੋਹਣਾ ਇਲਾਕਾ ਸੀ। ਉੱਪਰੋਂ ਬਾਬੂ ਰਜਬ ਅਲੀ ਦੀ ਖੁੱਲ੍ਹੀ ਤਨਖਾਹ, ਲੋਹੜੇ ਦੀ ਜਵਾਨੀ, ਸਾਹਿਤ ਦਾ ਇਸ਼ਕ ਤੇ ਵਾਧੂ ਸਮਾਂ ਹੋਣ ਕਰਕੇ ਪਹਿਲੀ ਰਚਨਾ (ਹੀਰ ਰਜਬ ਅਲੀ) ਛੰਦਾ ਬੰਦੀ ਵਿੱਚ ਲਿਖੀ:

ਬਾਬੂ ਇਸ਼ਕ ਮਜਾਜੀ ਨੇ, ਲਾਈ ਜੋ ਅੱਗ ਦੀ ਅੰਗੀਠੀ ਬਲਦੀ।
ਜਾਵਾਂ ਤਖਤ ਹਜਾਰੇ ਨੂੰ, ਆਖ ਦੇ ਵੱਟਗੀ ਜ਼ਬਾਨੋ ਜਲਦੀ।
ਰਾਂਝਾ ਰੋਂਦਾ ਹਾਰੇ ਨਾ, ਪੂਰੋ ਪੂਰ ਲੱਗੀਆਂ ਇੰਝਾਂ ਦੀਆਂ ਪਾਲਾਂ।
ਹੀਰੇ ਕੱਚੀਏ ਜਹਾਨ ਦੀਏ, ਡੋਲੀ ਵਿੱਚ ਚੜ੍ਹਗੀ ਮਾਰ ਕੇ ਛਾਲਾਂ।

ਬਾਬੂ ਜੀ ਨੇ ਆਪਣੀ ਡਿਊਟੀ ਤੋਂ ਇਲਾਵਾ ਬਹੁਤ ਸਾਰਾ ਸਮਾਂ ਸੰਸਾਰ ਦਾ ਇਤਿਹਾਸ, ਮਿਥਿਹਾਸ, ਵਾਰਤਕ ਤੇ ਕਵਿਤਾ ਦੇ ਰੂਪ ਵਿੱਚ ਬੜੀ ਬਰੀਕੀ ਨਾਲ ਵਾਚਿਆ। ਉਨ੍ਹਾਂ ਨੇ ਪੰਜਾਬ ਦੀ ਕਵੀਸ਼ਰੀ ਅਤੇ ਕਿੱਸਾ-ਕਾਵਿ ਨੂੰ ਸਾਹਿਤਕਾਰੀ ਦਾ ਕੇਂਦਰ ਬਿੰਦੂ ਬਣਾ ਲਿਆ, ਜੋ ਕਿ ਬਾਬੂ ਜੀ ਦੀਆਂ ਵੱਖੋ ਵੱਖਰੀਆਂ ਰਚਨਾਵਾਂ ਵਿੱਚ ਵੇਖਣ ਨੂੰ ਮਿਲਦਾ ਹੈ:

ਬੀਕਾਨੇਰ ਬੋਤੇ, ਮੱਝਾਂ ਚੁੰਘੀਆ ਬਹੋਲਪੁਰ,
ਸਿੰਘ ਦੀ ਮਦੀਨ, ਲੈਣੇ ਬਲਦ ਹਿਸਾਰ ’ਚੋਂ।

ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,
ਮਥਰਾ ਦੇ ਪੇੜੇ, ਰਿਉੜੀ ਰੋਹਤਕ ਬਾਜ਼ਾਰ ’ਚੋਂ।

ਕੋਟੇ ਖੁਰਮਾਨੀ, ਹੈ ਨਾ ਸਰਦੇ ਪਿਸ਼ੌਰ ਜੈਸੇ,
ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ ’ਚੋਂ।
ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,
ਬਾਬੂ’ ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ ’ਚੋਂ।

ਬਾਬੂ ਜੀ ਨੇ ਆਪਣੇ ਸਕੂਲ ਦੇ ਹੈੱਡਮਾਸਟਰ ਪੰਡਿਤ ਰਾਮ ਨਿਵਾਸ ਜੀ ਤੋਂ ਕਾਵਿ ਬੋਧ ਪ੍ਰਾਪਤ ਕੀਤਾ। ਪੰਜਾਬੀ, ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਪਿੰਗਲ ਪੜ੍ਹੇ। ਪਰ ਰਵਾਇਤੀ ਤੌਰ ’ਤੇ ਕਵੀਸ਼ਰੀ ਕਲਾ ਦੇ ਉਸਤਾਦ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਨੂੰ 1921 ਵਿੱਚ ਵਿਧੀ ਪੂਰਵਕ ਪੱਗ ਦੇ ਕੇ ਉਸਤਾਦ ਧਾਰਿਆ। ਬਾਬੂ ਜੀ ‘ਮਾਨ ਸਿੰਘ’ ਜੀ ਦੀ ਸ਼ਾਗਿਰਦੀ ਵਿੱਚ ਰਹਿ ਮਾਲਵੇ ਦੇ ਸਿਰਮੌਰ ਕਵੀਸ਼ਰ ਬਣੇ।

ਬਾਬੂ ਜੀ ਨੇ ਇਸਲਾਮ ਪਰੰਪਰਾ ਅਨੁਸਾਰ ਚਾਰ ਵਿਆਹ ਕਰਵਾਏ। ਉਹਨਾਂ ਦੀਆਂ ਚੌਹਾਂ ਪਤਨੀਆਂ ਦੇ ਨਾਂ ਭਾਗੋ, ਫਾਤਮਾ, ਰਹਿਮਤ ਬੀਬੀ, ਤੇ ਦੌਲਤਾਂ ਸਨ। ਰਜਬ ਅਲੀ ਇਮਾਨਦਾਰ ਓਵਰਸੀਅਰ ਤੇ ਪਬਲਿਕ ਦਾ ਸੱਚਾ ਸੁੱਚਾ ਸੇਵਾਦਾਰ ਸੀ। ਉਸ ਵਰਗਾ ਜ਼ਿੰਦਾ ਦਿਲ, ਲੋਭ ਰਹਿਤ, ਵਿਵੇਕਸ਼ੀਲ ਤੇ ਸ਼ਾਇਰ ਅਫਸਰ ਨਹਿਰ ਮਹਿਕਮੇ ਦੀ ਲਿਸਟ ਵਿੱਚ ਸ਼ਾਇਦ ਹੀ ਕੋਈ ਆਇਆ ਹੋਵੇ। ਇਸ ਦੀ ਸ਼ਾਇਰੀ ਦੀ ਮਹਿਕ ਲੋਕਾਂ ਦੇ ਦਿਲੋ ਦਿਮਾਗ ਵਿੱਚ ਵਸ ਚੁੱਕੀ ਸੀ, ਜਿਸ ਦਾ ਵੇਰਵਾ ਉਹਨਾਂ ਦੀਆਂ ਸੈਂਕੜੇ ਕਵਿਤਾਵਾਂ ਵਿੱਚ ਵੀ ਮਿਲਦਾ ਹੈ:

ਦਿਲ ਸਾਫ਼ ਲੋੜ ਕੈਮਰਾ ਕੀ ਲੈਣ ਦੀ,
ਸਹੀ ਤਸਵੀਰ ਖਿੱਚਦੀ ਆਂ ਰਮਾਇਣ ਦੀ।

ਕਰਦੇ ਦਲੀਲ ਪੂਰੀ ‘ਬਾਬੂ’ ਨਹਿਰੀ ਦੀ,
ਮਿੱਠੀ ਨਹਿਰ ਚਲ ਪਏ ਦਿਮਾਗੋਂ ਸ਼ਾਇਰੀ ਦੀ।

ਬਾਬੂ ਜੀ ਅੰਗਰੇਜ਼ ਸਰਕਾਰ ਦਾ ਇਮਾਨਦਾਰ ਅਫਸਰ ਹੁੰਦਿਆਂ ਹੋਇਆ ਵੀ ਵਤਨ ਦਾ ਵਫ਼ਾਦਾਰ ਸੀ। ਉਨ੍ਹਾਂ ਨੂੰ ਗੁਲਾਮੀ ਤੋਂ ਬਹੁਤ ਨਫ਼ਰਤ ਸੀ। ਸੰਨ 1920 ਤੋਂ 1940 ਤੱਕ ਅੰਗਰੇਜ਼ ਸਰਕਾਰ ਦੇ ਪੈਰ ਥਿੜਕਣ ਲੱਗੇ ਸਨ। ਰਜਬ ਅਲੀ ਨੇ ਕੌਮੀ ਪਰਵਾਨਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਿਰੁੱਧ ਕਈ ਬਗਾਵਤੀ ਕਵਿਤਾਵਾਂ ਲਿਖੀਆ ਜੋ ਕਿ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਪ੍ਰਸੰਗ ਵਿੱਚ ਦਰਜ ਹਨ:

ਇਕ ਸਦੀ ਰਾਜ ਕਰਦਿਆਂ ਨੂੰ ਲੰਘੀ ਸੀ, ਹੋ ਖਤਮ ਤੇਜ ਗਏ।
ਹੱਥਾਂ ਦੀਆਂ ਵੌਹਣ ਲੱਗ ਗਏ ਫਰੰਗੀ ਸੀ, ਹੋ ਅੰਗਰੇਜ਼ ਤੇਜ ਗਏ।

ਹੋ ਗਿਆ ਜੁਆਨ ਸੂਰਮਾ ਦਲੇਰ ਦਾਦੀ ਦਾ, ਉੱਘਾ ਕਰੂਗਾ ਰੇਸ ਨੂੰ।
ਸੀ ਭਗਤ ਸਿੰਘ ਆਸ਼ਕ ਆਜ਼ਾਦੀ ਦਾ, ਕਰਿਆ ਆਜ਼ਾਦ ਦੇਸ਼ ਨੂੰ।

ਕਿਸੇ ਨੇ ਮਹਿਕਮੇ ਦੇ ਹੈੱਡ ਆਫਿਸ ਵਿੱਚ ਜਾ ਕੇ ਬਾਬੂ ਰਜਬ ਅਲੀ ਦੇ ਵਿਰੁੱਧ ਚੁਗਲੀ ਕਰ ਦਿੱਤੀ ਕਿ ਉਹ ਤਾਂ ਅੰਗਰੇਜ਼ ਸਰਕਾਰ ਵਿਰੁੱਧ ਬਗ਼ਾਵਤੀ ਕਵਿਤਾਵਾਂ ਲਿਖ ਲਿਖ ਵੰਡ ਰਿਹਾ ਹੈ ਜਿਸ ਕਾਰਨ ਉਹਨਾਂ ਦੀ ਪਰਮੋਸ਼ਨ ਫਾਇਲ ਸੀਲ ਕਰ ਦਿੱਤੀ ਗਈ। ਇਸ ਦੁੱਖਦਾਈ ਘਟਨਾ ਤੋਂ ਪਰੇਸ਼ਾਨ ਹੋ ਕੇ ਬਾਬੂ ਜੀ ਨੇ ਪਹਿਲਾਂ ਹੀ ਪੈਨਸ਼ਨ ਲੈ ਲਈ। ਜਿੱਥੇ ਬਾਬੂ ਜੀ ਆਜ਼ਾਦੀ ਲਈ ਇੰਨਾ ਉਤਾਵਲਾ ਸੀ, ਉੰਨੀ ਹੀ ਡੂੰਘੀ ਸੱਟ ਉਹਨਾਂ ਦੇ ਦਿਨ ’ਤੇ ਲੱਗੀ ਜਦੋਂ ਪਤਾ ਲੱਗਿਆ ਕਿ ਧਰਮ ਦੇ ਆਧਾਰ ਤੇ ਵੰਡੀਆਂ ਪੈ ਗਈਆਂ ਹਨ ਤੇ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਇਹ ਘਰ ਛੱਡਣਾ ਪਿਆ। ਉੱਚੀ ਉੱਚੀ ਭੁੱਬਾਂ ਮਾਰ ਮਾਰ ਉਹਨਾਂ ਨੇ ਸਰਹੱਦ ਪਾਰ ਕੀਤੀ। ਇਹ ਉਹ ਸਮਾਂ ਕਿ ਜਦੋਂ ਲੱਖਾਂ ਲੋਕਾਂ ਦਾ ਕਤਲੇਆਮ ਹੋਇਆ, ਧੀਆਂ, ਭੈਣਾਂ ਦੀ ਇੱਜ਼ਤ ਲੁੱਟੀ ਗਈ, ਮਾਵਾਂ ਸਾਹਮਣੇ ਪੁੱਤਾਂ ਦਾ ਕਤਲ ਹੋਇਆ। ਆਜ਼ਾਦੀ ਬਰਬਾਦੀ ਵਿੱਚ ਬਦਲ ਗਈ। ਜਿਸ ਦੀ ਬਾਬੂ ਜੀ ਦੇ ਦਿਲ ਤੇ ਡੂੰਘੀ ਸੱਟ ਲੱਗੀ

ਭਾਈ, ਭਾਈਆਂ ਦੇ ਜਾਨ ਦੇ ਬਣੇ ਵੈਰੀ।
ਕਾਲੇ ਮੂੰਹ ਹੋ ਗੇ, ਚਿੱਟੇ ਖੂਨ ਹੋ ਗੇ।

ਰਿਸ਼ਤੇ ਨਾਤੇ ਤਾਂ ਸ਼ਰਮ ਹਯਾ ਭੁਲੇ।
ਖਾਰੇ ਸ਼ਹਿਦ ਹੋ ਗੇ ਤੇ ਕੌੜੇ ਲੂਣ ਹੋਏ।

ਬਾਬੂ ਰਜਬ ਅਲੀ ਬਹੁਤ ਹੀ ਫਿਰਾਕ ਦਿਲ ਦੇ ਮਾਲਕ ਸਨ। ਇਸਲਾਮ ਧਰਮ ਨਾਲ ਸਬੰਧਤ ਹੁੰਦਿਆਂ ਵੀ ਉਹਨਾਂ ਨੇ ਦਿਲ ਵਿੱਚ ਸਿੱਖ ਗੁਰੂਆਂ ਬਾਰੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਬਾਰੇ ਬਹੁਤ ਸਤਿਕਾਰ ਸੀ

ਗੁਰੂ ਪੰਜ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ।
ਕੰਮ ਅਣਥੱਕਿਆਂ ਵਾਲੇ, ਕਰਨ ਹਮੇਸ਼ ਗੁਰੂ।

ਬਾਬੂ ਜੀ’ ਸ਼ਰਨ ਵਾਲੇ, ਦੁਆਰੇ ਤੇ ਧਰਨ ਵਾਲੇ।
ਪਟਨੇ ਜਨਮ ਵਾਲੇ, ਮੇਰੇ ਦਸਮੇਸ਼ ਗੁਰੂ।

ਬਾਬੂ ਰਜਬ ਅਲੀ ਉਰਦੂ ਤੇ ਫਾਰਸੀ ਤੋਂ ਇਲਾਵਾ ਹੋਰ ਵੀ ਸੱਤ ਭਾਸ਼ਾਵਾਂ ਦੇ ਗਿਆਤਾ ਸਨ। ਪਰ ਜਿੰਨਾ ਸਤਿਕਾਰ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਦਿੱਤਾ, ਉੰਨਾ ਹੋਰ ਕਿਸੇ ਭਾਸ਼ਾ ਨੂੰ ਨਹੀਂ। ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਬਾਰੇ ਬਹੁਤ ਹੀ ਸੋਹਣਾ ਲਿਖਿਆ ਹੈ

ਆਪਣੀ ਜ਼ੁਬਾਨ ਛੱਡ ਗੈਰਾਂ ਦੇ ਮਗਰ ਲੱਗਾ।
ਏਦੂੰ ਵੱਧ ਬੇਵਕੂਫਾ ਕਿਹੜੀ ਗੱਲ ਪਾਪ ਦੀ।

ਬਾਬੂ ਜੀ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ।
ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ।

ਬਾਬੂ ਰਜਬ ਅਲੀ ਨੇ ਸਾਰੀ ਜ਼ਿੰਦਗੀ ਸਮੁੱਚੇ ਪੰਜਾਬੀ ਸਭਿਆਚਾਰ ਦੀ ਅਣਥੱਕ ਸੇਵਾ ਕੀਤੀ। ਸਭਿਆਚਾਰ ਦੇ ਹਰ ਪੱਖ ਨੂੰ ਉਹਨਾਂ ਨੇ ਆਪਣੀਆਂ ਕਵਿਤਾਵਾਂ ਦਾ ਸ਼ਿੰਗਾਰ ਬਣਾਇਆ। ਕਈ ਵਿਦਵਾਨਾਂ ਦੀ ਰਾਏ ਹੈ ਕਿ ਬਾਬੂ ਰਜਬ ਅਲੀ ਦਾ ਦਿਮਾਗ ਇੰਨਾ ਤੇਜ਼ ਤਰਾਰ ਸੀ ਕਿ ਉਹ ਸਿੱਕਾ ਉਛਾਲਣ ਦੇ ਸਮੇਂ ਤੋਂ ਹੇਠਾਂ ਆਉਣ ਤੱਕ ਕਵਿਤਾ ਦਾ ਬੰਦ ਰਚ ਦਿੰਦੇ ਸਨ, ਜਿਸ ਕਰਕੇ ਇਨ੍ਹਾਂ ਨੂੰ ਕਵੀਸ਼ਰੀ ਕਲਾ ਦਾ ਬਾਦਸ਼ਾਹ ਕਿਹਾ ਜਾਂਦਾ ਹੈ।

*****

ਇਸ ਲੇਖ ਬਾਰੇ ਜਸਵੀਰ ਕੌਰ ਨੇ ਲਿਖਿਆ ਹੈ:

ਅਰਸ਼ਦੀਪ ਸਿੰਘ ਬੈਂਸ ਨੇ ਬਹੁਤ ਹੀ ਥੋੜ੍ਹੇ ਸ਼ਬਦਾਂ ਵਿਚ ਮਹਾਨ ਕਵਸ਼ਰੀ ਕਲਾ ਦੇ ਬਾਦਸ਼ਾਹ ਬਾਬੂ ਰਜਬ ਅਲੀ ਜੀ ਬਾਰੇ ਬਹੁਤ ਹੀ ਸੋਹਣੇ ਡੰਗ ਨਾਲ ਲਿਖਿਆ ਹੈ। ਲੇਖ ਪੜ੍ਹ ਕਿ ਇੰਝ ਜਾਪਿਆ ਜਿਵੇਂ ਮੈਂ ਖੁਦ ਬਾਬੂ ਰਜਬ ਅਲੀ ਜੀ ਦਾ ਜੀਵਨ ਹੰਡਾ ਰਹੀ ਹੋਵਾਂ।

ਅਰਸ਼ਦੀਪ ਸਿੰਘ ਬੈਂਸ ਦੇ ਹੋਰ ਲੇਖਾਂ ਦੀ ਬੇਸਬਰੀ ਨਾਲ ਉਡੀਕ ਰਹੇਗੀ।

(737)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਰਸ਼ਦੀਪ ਸਿੰਘ ਬੈਂਸ

ਅਰਸ਼ਦੀਪ ਸਿੰਘ ਬੈਂਸ

Mohali, Punjab, India.
Phone: (97 - 97803 - 96511)
Email: (arsh.bains1990gmail.com)