GurbhinderGuri7“ਰਾਤ ਨੂੰ ਸਾਨੂੰ ਖਾਣ ਨੂੰ ਤਾਂ ਕੀ ਦੇਣਾ ਸੀਪਾਣੀ ਦਾ ਇੱਕ ਘੁੱਟ ਵੀ ਨਹੀਂ ਦਿੱਤਾ ਗਿਆ। ਅਸੀਂ ਤਿੰਨਾਂ ਮੁੰਡਿਆਂ ਨੇ ਆਪਣਾ ਪਿਸ਼ਾਬ ਪੀ ਕੇ ਪਿਆਸ ਬੁਝਾਈ ...”
(ਅਕਤੂਬਰ 1, 2015)


ਹਰ ਆਏ ਦਿਨ ਅਖ਼ਬਾਰਾਂ ਵਿੱਚ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਏ ਪੰਜਾਬੀ ਮੁੰਡੇ-ਕੁੜੀਆਂ ਦੀ ਕਹਾਣੀ ਅਕਸਰ ਹੀ ਪੜ੍ਹਨ ਨੂੰ ਮਿਲਦੀ ਹੈ। ਪਰ ਸਾਡੇ ਦੇਸ਼ ਅੰਦਰ ਪੜ੍ਹ-ਲਿਖ ਕੇ ਹੱਥੀਂ ਡਿਗਰੀਆਂ ਚੁੱਕੀ ਫਿਰਦੇ ਵਿਹਲੇ ਨੌਜਵਾਨ ਸਾਡੀਆਂ ਜ਼ਾਲਿਮ ਸਰਕਾਰਾਂ ਦੀ ਬੇਰੁਖ਼ੀ ਦੇ ਸਤਾਏ ਰੋਜ਼ੀ-ਰੋਟੀ ਦੀ ਭਾਲ ਵਿੱਚ ਠੱਗ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ। ਇਹ ਏਜੰਟ ਇਨ੍ਹਾਂ ਨੂੰ ਵੱਡੇ ਵੱਡੇ ਸਬਜ਼ਬਾਗ ਦਿਖਾ ਦਿੰਦੇ ਹਨ
ਇਹ ਭੋਲੇ-ਭਾਲੇ ਨੌਜਵਾਨ ਇਨ੍ਹਾਂ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਵਿਦੇਸ਼ੀ ਧਰਤੀ ਦੇ ਸੁਪਨੇ ਦਿਨ-ਰਾਤ ਦੇਖਣ ਲੱਗ ਪੈਂਦੇ ਹਨਡਾਲਰਾਂ-ਪੌਂਡਾਂ ਦੀ ਚਮਕ ਇਨ੍ਹਾਂ ਦੇ ਅੰਦਰ ਵੱਸ ਜਾਂਦੀ ਹੈ। ਇਨ੍ਹਾਂ ਨੂੰ ਇੰਝ ਲੱਗਣ ਲਗਦਾ ਹੈ ਕਿ ਬੇਗਾਨੇ ਮੁਲਕਾਂ ਵਿੱਚ ਜਾ ਕੇ ਡਾਲਰ-ਪੌਂਡ ਦਰਖਤਾਂ ਤੋਂ ਤੋੜਨੇ ਹਨ

ਫਿਰ ਇਹ ਹਕੀਕਤ ਤੋਂ ਅਨਜਾਣ ਨੌਜਵਾਨ ਆਪਣਾ ਸਭ ਕੁੱਝ ਵੇਚ-ਵੱਟ ਕੇ ਧੋਖੇਬਾਜ਼ ਏਜੰਟਾਂ ਨੂੰ ਵੱਡੀਆਂ ਰਕਮਾਂ ਦੇ ਕੇ ਗਲਤ ਤਰੀਕੇ ਨਾਲ ਰੁਲਦੇ-ਰਲਾਉਂਦੇ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ੀ ਧਰਤੀ ਤੇ ਪਹੁੰਚ ਜਾਂਦੇ ਹਨਉੱਥੇ ਪਹੁੰਚ ਕੇ ਇਨ੍ਹਾਂ ਨੂੰ ਹਕੀਕਤ ਪਤਾ ਲਗਦਾ ਹੈ। ਫਿਰ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦੇ ਹਨ।

ਪੰਜਾਬ ਤੋਂ ਯੂਰਪ ਦੀ ਧਰਤੀ ਤੇ ਵਸਣ ਲਈ ਦਸ ਪੰਜਾਬੀ ਮੁੰਡੇ, ਜੋ ਆਪਸ ਵਿੱਚ ਰਿਸ਼ਤੇਦਾਰ ਤੇ ਦੋਸਤ-ਮਿੱਤਰ ਹੀ ਸਨ, ਲੱਖਾਂ ਰੁਪਏ ਪੰਜਾਬ ਦੇ ਇੱਕ ਟਰੈਵਲ ਏਜੰਟ ਨੂੰ ਦੇ ਕੇ ਤੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੁਲ਼ਦੇ-ਖੁਲ਼ਦੇ ਦਿੱਲੀ ਤੋਂ ਯੂਰਪ ਤੱਕ ਛੇ ਮਹੀਨਿਆਂ ਵਿਚ ਪਹੁੰਚੇਇਨ੍ਹਾਂ ਨੌਜਵਾਨਾਂ ਨੇ ਕਾਫੀ ਸਫ਼ਰ ਪੈਦਲ ਤੈਅ ਕੀਤਾ। ਜਦੋਂ ਇਨ੍ਹਾਂ ਦੇ ਮਾਪਿਆਂ ਨੂੰ ਛੇ ਮਹੀਨੇ ਇਨ੍ਹਾਂ ਦੀ ਕੋਈ ਖ਼ਬਰਸਾਰ ਨਾ ਮਿਲੀ ਤਾਂ ਚੰਡੀਗੜ੍ਹ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੇ ਆਪਣੇ ਇੱਕ ਮਿੱਤਰ ਪੱਤਰਕਾਰ ਨਾਲ ਇਹ ਗੱਲ ਸਾਂਝੀ ਕੀਤੀ। ਉਹ ਪੱਤਰਕਾਰ ਉਸ ਵਕਤ ਇੰਗਲੈਂਡ ਦੀ ਧਰਤੀ ਤੇ ਸੀਉਸਨੇ ਇਨ੍ਹਾਂ ਨੌਜਵਾਨਾਂ ਦੀ ਭਾਲ ਵਿੱਚ ਕਾਫੀ ਜੱਦੋਜਹਿਦ ਕਰਦਿਆਂ ਇਨ੍ਹਾਂ ਨੂੰ ਆਖਰਕਾਰ ਯੂਰਪੀਅਨ ਦੇਸ਼ ਸਪੇਨ ਦੀ ਧਰਤੀ ਤੇ, ਜਿੱਥੇ ਇਹ ਇੱਕ ਕੈਂਪ ਵਿੱਚ (ਜਿੱਥੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਿਆ ਜਾਂਦਾ ਹੈ) ਜਾ ਕੇ ਲੱਭ ਹੀ ਲਿਆ। ਇਨ੍ਹਾਂ ਨੌਜਵਾਨਾਂ ਨੇ ਜੋ ਆਪਣੀ ਹੱਡਬੀਤੀ ਪੱਤਰਕਾਰ ਨੂੰ ਸੁਣਾਈ, ਉਸ ਨੂੰ ਸੁਣ ਕੇ ਲੂ-ਕੰਢੇ ਖੜ੍ਹੇ ਹੋ ਜਾਂਦੇ ਹਨ। ਤੁਸੀਂ ਵੀ ਸੁਣੋ:

ਅਸੀਂ ਪੰਜਾਬ ਤੋਂ ਸਪੇਨ ਜਾਣ ਲਈ 10 ਜੁਲਾਈ ਨੂੰ 7-7 ਲੱਖ ਰੁਪਏ ਪ੍ਰਤੀ ਵਿਅਕਤੀ ਏਜੰਟ ਨੂੰ ਦਿੱਤਾ ਸੀ। ਦਿੱਲੀ ਦੇ ਏਅਰਪੋਰਟ ਤੋਂ ਸਿੱਧਾ ਸਪੇਨ ਜਾਣਾ ਸੀ, ਕਿਉਂਕਿ ਉੱਥੋਂ ਦਾ ਵਰਕ ਪਰਮਿਟ ਲੈਣ ਲਈ ਏਜੰਟ ਨੂੰ ਪੈਸੇ ਦਿੱਤੇ ਸਨ। ਪਰ ਸਾਨੂੰ ਦਿੱਲੀ ਤੋਂ ਸਪੇਨ ਨਹੀਂ, ਕੀਨੀਆ ਪਹੁੰਚਾ ਦਿੱਤਾ ਗਿਆਉੱਥੇ ਵੀ ਸਾਡੇ ਦੋ ਸਾਥੀ 12 ਜੁਲਾਈ ਨੂੰ, 3 ਸਾਥੀ 14 ਜੁਲਾਈ ਨੂੰ, 2 ਮੁੰਡੇ 17 ਜੁਲਾਈ, 2 ਮੁੰਡੇ 21 ਜੁਲਾਈ ਨੂੰ ਤੇ ਇੱਕ 22 ਜੁਲਾਈ ਨੂੰ ਪਹੁੰਚੇ

ਉੱਥੇ ਅਸੀਂ ਸਾਰੇ 4 ਸਤੰਬਰ ਤੱਕ ਰੁਕੇ। ਫਿਰ ਕੀਨੀਆ ਤੋਂ ਟੈਕਸੀ ਕਰਕੇ ਏਜੰਟ ਸਾਨੂੰ ਤਨਜ਼ਾਨੀਆ ਦੇਸ਼ ਵਿੱਚ ਲੈ ਗਿਆ। ਲਗਾਤਾਰ 20 ਘੰਟੇ ਦਾ ਸਫ਼ਰ ਤੈਅ ਕੀਤਾਰਸਤੇ ਵਿੱਚ ਪਾਣੀ ਤੇ ਖਾਣਾ ਬਿਲਕੁਲ ਨਹੀਂ ਦਿੱਤਾ ਗਿਆ, ਅਸੀਂ ਭੁੱਖੇ-ਭਾਣੇ ਇਹ ਸਫ਼ਰ ਤੈਅ ਕੀਤਾ ਅਸੀਂ ਇਸ ਮੁਲਕ ਦੇ ਸ਼ਹਿਰ ਦਾਰਾ ਸਲਾਮ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਰੁਕੇ।

ਉੱਥੋਂ ਸਾਨੂੰ 8 ਸਤੰਬਰ ਨੂੰ ਇੱਕ ਜਹਾਜ਼ ਰਾਹੀਂ ਸੈਨੇਗਲ (Senegal) ਦੇਸ਼ ਦੇ ਇੱਕ ਸ਼ਹਿਰ ਡਾਕਰ (Dakar) ਵਿੱਚ ਲੈ ਗਏ। ਉੱਥੋਂ ਸਾਨੂੰ ਟੈਕਸੀ ਵਿੱਚ ਬਿਠਾ ਕੇ ਇੱਕ ਹੋਰ ਏਜੰਟ ਦੇ ਘਰ ਲੈ ਗਏ। ਸਾਡੇ ਤਿੰਨ ਨਵੇਂ ਮੋਬਾਇਲ ਫੋਨ ਸੈੱਟ, ਘੜੀਆਂ ਤੇ ਕੱਪੜੇ ਨਾਲ ਭਰੇ ਬੈਗ ਵੀ ਉੱਥੇ ਹੀ ਰੱਖ ਲਏ ਤੇ ਸਾਨੂੰ ਕਿਹਾ ਗਿਆ ਕਿ ਅੱਗੇ ਕੋਈ ਸਮਾਨ ਨਹੀਂ ਜਾ ਸਕਦਾ। ਇੱਕ ਘੰਟਾ ਅਸੀਂ ਉੱਥੇ ਰੁਕੇ ਅਤੇ ਫਿਰ ਸਾਨੂੰ ਦੁਬਾਰਾ ਟੈਕਸੀ ਵਿੱਚ ਬਿਠਾ ਕੇ ਬਾਰਡਰ ਤੇ ਇੱਕ ਗੰਦੀ ਜਿਹੀ ਬਸਤੀ ਵਿੱਚ ਸੁੱਟ ਦਿੱਤਾ ਗਿਆ। ਉੱਥੇ ਬਹੁਤੀ ਗਰਮੀ ਸੀ ਅਤੇ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ। ਇੱਕ ਛੋਟਾ ਜਿਹਾ ਕਮਰਾ ਸਾਨੂੰ ਦੇ ਦਿੱਤਾ ਗਿਆ ਖਾਣ ਨੂੰ ਸਾਨੂੰ ਸਿਰਫ ਇੱਕ ਵਕਤ ਚੌਲ ਦਿੱਤੇ ਜਾਂਦੇ ਸਨ। ਪੀਣ ਅਤੇ ਨਹਾਉਣ ਲਈ ਪਾਣੀ ਸਾਨੂੰ ਮੁੱਲ ਖਰੀਦਣਾ ਪੈਂਦਾ ਸੀ। ਸਾਨੂੰ 5 ਦਿਨ ਇੱਥੇ ਰੱਖਿਆ ਗਿਆ। ਪੰਜਾਂ ਦਿਨਾਂ ਬਾਅਦ ਰਾਤ ਨੂੰ ਦੋ ਕਿਲੋਮੀਟਰ ਤੁਰ ਕੇ ਅਸੀਂ ਇੱਕ ਕਿਸ਼ਤੀ ਕੋਲ ਪਹੁੰਚੇ। ਉਸ ਕਿਸ਼ਤੀ ਰਾਹੀਂ ਸਾਨੂੰ ਇੱਕ ਘੰਟੇ ਵਿੱਚ ਨਦੀ ਪਾਰ ਕਰਾਈ ਗਈ। ਜਦੋਂ ਅਸੀਂ ਕਿਨਾਰੇ ਤੇ ਪਹੁੰਚੇ ਤਾਂ ਇੱਕ ਟੈਕਸੀ, ਜੋ ਬਿਨਾਂ ਸੀਟਾਂ ਵਾਲੀ ਸੀ, ਉਸ ਵਿੱਚ ਸਾਨੂੰ ਬਿਠਾਇਆਖਾਣ ਲਈ ਸਾਨੂੰ ਕੁੱਝ ਨਹੀਂ ਦਿੱਤਾ ਗਿਆ। ਜਦੋਂ ਅਸੀਂ ਕੁੱਝ ਖਾਣ ਲਈ ਮੰਗਦੇ ਸੀ ਤਾਂ ਉਹ ਸਾਡੀ ਕੁੱਟਮਾਰ ਕਰਦੇ।

ਜਦੋਂ ਗੱਡੀ ਰੇਗਿਸਤਾਨ ਵਿੱਚ ਪਹੁੰਚੀ ਤਾਂ ਰੇਤੇ ਵਿੱਚ ਧਸ ਗਈ। ਸਾਨੂੰ ਸਾਰਿਆਂ ਨੂੰ ਧੱਕਾ ਲਾਉਣ ਲਈ ਕਿਹਾ ਗਿਆ। ਇਸੇ ਤਰ੍ਹਾਂ 5-6 ਵਾਰ ਕਰਵਾਇਆ ਗਿਆ। ਫਿਰ ਉੱਥੇ ਹੀ ਗੱਡੀ ਰੋਕ ਕੇ ਸਾਡੇ ਸਾਰਿਆਂ ਤੋਂ ਪੈਸੇ ਖੋਹ ਲਏ ਗਏ। ਉਨ੍ਹਾਂ ਕਿਹਾ ਕਿ ਇਹ ਪੈਸੇ ਪੁਲਿਸ ਨੂੰ ਦੇ ਕੇ ਬਾਰਡਰ ਪਾਰ ਕਰਨਾ ਹੈ, ਪਰ ਇਹ ਸਭ ਕੁੱਝ ਕੋਰਾ ਝੂਠ ਸੀਦਸ ਘੰਟੇ ਭੁੱਖੇ-ਪਿਆਸੇ ਸਫਰ ਤੈਅ ਕੀਤਾ ਤਾਂ ਅੱਗੇ ਇੱਕ ਟੈਕਸੀ ਖੜ੍ਹੀ ਸੀ। ਉਸ ਵਿੱਚ ਅਸੀਂ ਤਿੰਨ ਘੰਟੇ ਲਗਾਤਾਰ ਸਫਰ ਕੀਤਾ। ਰਾਤ ਜੰਗਲਾਂ ਵਿੱਚ ਸਾਨੂੰ ਬਿਨਾਂ ਕੱਪੜਿਆਂ ਤੋਂ ਸੌਣਾ ਪਿਆ। ਠੰਢ ਬਹੁਤ ਜ਼ਿਆਦਾ ਸੀ

ਫਿਰ ਇੱਕ ਹੋਰ ਟੈਕਸੀ ਮੰਗਵਾਈ ਗਈ। ਉਸ ਵਿੱਚ ਬਿਠਾ ਕੇ 18 ਘੰਟੇ ਲਗਾਤਾਰ ਸਫਰ ਕੀਤਾ। ਇੱਥੇ ਵੀ ਸਾਨੂੰ ਕੁੱਝ ਖਾਣ-ਪੀਣ ਨੂੰ ਨਹੀਂ ਦਿੱਤਾ ਗਿਆ। ਫਿਰ ਸਾਨੂੰ ਇੱਕ ਪਹਾੜ ਦੀ ਖੱਡ ਵਿੱਚ ਉਤਾਰਿਆ ਗਿਆ, ਜਿੱਥੇ ਪਹਿਲਾਂ ਹੀ 30-35 ਬੰਗਲਾਦੇਸ਼ੀ ਮੌਜੂਦ ਸਨ। ਦੋ ਗੱਡੀਆਂ, ਜਿਹੜੀਆਂ ਬਿਨਾਂ ਸੀਟਾਂ ਤੋਂ ਤੇ ਬਗੈਰ ਛੱਤ ਵਾਲੀਆਂ ਸਨ, ਵਿੱਚ ਸਾਨੂੰ 41 ਜਣਿਆਂ ਨੂੰ ਬਿਠਾਇਆ ਗਿਆ। ਜਗਾਹ ਬਹੁਤ ਤੰਗ ਸੀ, ਅਸੀਂ ਇੱਕ-ਦੂਜੇ ਨੂੰ ਫੜ ਕੇ ਲਗਾਤਾਰ ਤਿੰਨ ਚਾਰ ਘੰਟੇ ਸਫਰ ਕੀਤਾ। ਖਾਣ ਲਈ ਥੋੜ੍ਹਾ-ਬਹੁਤਾ ਦਿੱਤਾ ਗਿਆ। ਫਿਰ ਸਾਨੂੰ ਇੱਕ ਬਹੁਤ ਵੱਡੀ ਪਹਾੜੀ ਤੇ ਉਤਾਰ ਦਿੱਤਾ ਗਿਆ ਕਿ ਇਸ ਤੋਂ ਅੱਗੇ 5 ਕਿਲੋਮੀਟਰ ਤੁਰ ਕੇ ਬਾਰਡਰ ਪਾਰ ਕਰਨਾ ਹੈ। ਪਰ ਅਸਲ ਵਿੱਚ ਇਹ ਰਸਤਾ 25 ਕਿਲੋਮੀਟਰ ਸੀ। ਅਸੀਂ ਸ਼ਾਮ ਨੂੰ 6 ਵਜੇ ਚੱਲੇ ਤੇ ਸਵੇਰੇ ਦੇ 7 ਵਜੇ ਤੱਕ ਰਸਤਾ ਤੈਅ ਕੀਤਾ। ਇਹ ਰਸਤਾ ਪਹਾੜੀ ਅਤੇ ਰੇਗਿਸਤਾਨੀ ਸੀ। ਇਸ ਰਸਤੇ ਵਿੱਚ ਝਾੜੀਆਂ ਹੋਣ ਕਰਕੇ ਸਾਡੇ ਸਰੀਰਾਂ ਤੇ ਜ਼ਖ਼ਮ ਹੋ ਗਏ। ਰਾਤ ਨੂੰ ਸਾਨੂੰ ਖਾਣ ਨੂੰ ਤਾਂ ਕੀ ਦੇਣਾ ਸੀ, ਪਾਣੀ ਦਾ ਇੱਕ ਘੁੱਟ ਵੀ ਨਹੀਂ ਦਿੱਤਾ ਗਿਆ। ਅਸੀਂ ਤਿੰਨਾਂ ਮੁੰਡਿਆਂ ਨੇ ਆਪਣਾ ਪਿਸ਼ਾਬ ਪੀ ਕੇ ਪਿਆਸ ਬੁਝਾਈ। ਮਰਦੇ ਕੀ ਨਾ ਕਰਦੇ, ਜਾਨ ਬਚਾਉਣ ਲਈ ਸਾਨੂੰ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ।

ਫਿਰ ਸਵੇਰੇ ਸਾਨੂੰ ਗੱਡੀਆਂ ਵਿੱਚ ਬਿਠਾਇਆ ਗਿਆ ਅਤੇ ਤਿੰਨ ਦਿਨ ਲਗਾਤਾਰ ਸਫਰ ਕੀਤਾ। ਰਸਤੇ ਵਿੱਚ ਬੰਗਲਾਦੇਸ਼ੀ ਮੁੰਡਾ ਬਿਮਾਰ ਪੈ ਗਿਆ, ਉਹ ਚੱਲ-ਫਿਰ ਨਹੀਂ ਸੀ ਸਕਦਾ। ਸਾਡੇ ਸਾਹਮਣੇ ਹੀ ਏਜੰਟ ਨੇ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਲਾਸ਼ ਵੀ ਉੱਥੇ ਹੀ ਸੁੱਟ ਦਿੱਤੀ।

ਅਸੀਂ 21 ਸਤੰਬਰ ਨੂੰ ਮਰੌਕੋ (Morocco) ਦੇਸ਼ ਦੇ ਇਕ ਸ਼ਹਿਰ ਵਿਚ ਪਹੁੰਚ ਗਏ। ਉੱਥੇ ਅਸੀਂ ਇੱਕ ਪਹਾੜ ਦੀ ਖੱਡ ਵਿੱਚ ਲੁੱਕ ਕੇ ਬੈਠ ਗਏ। ਸ਼ਾਮ ਨੂੰ ਟੈਕਸੀ ਵਿੱਚ ਬਿਠਾ ਕੇ 30 ਕਿਲੋਮੀਟਰ ਸਫਰ ਕਰਵਾਇਆ ਗਿਆ। ਇੱਥੇ ਸਾਨੂੰ ਇੱਕ ਹੋਰ ਪਹਾੜ ਦੀ ਖੱਡ ਵਿੱਚ ਬਿਠਾ ਦਿੱਤਾ ਗਿਆ, ਜਿੱਥੇ ਪਹਿਲਾਂ ਹੀ 20 ਕਾਲੇ ਅਫਰੀਕਾ ਦੇ ਬੈਠੇ ਸਨ। ਉੱਥੇ ਅਸੀਂ ਇੱਕ ਮਹੀਨਾ ਰੁਕੇ। ਫਿਰ ਸਾਨੂੰ ਇੱਕ ਹੋਰ ਪਹਾੜ ਦੀ ਖੱਡ ਵਿੱਚ ਲੈ ਗਏ, ਜਿੱਥੇ ਅਸੀਂ 50 ਦਿਨ ਤੱਕ ਰੁਕੇ। ਰਾਤ ਨੂੰ ਠੰਢ ਬਹੁਤ ਪੈਂਦੀ ਸੀ। ਅਸੀਂ ਸ਼ਾਮ ਨੂੰ ਜੰਗਲ ਵਿੱਚ ਦੋ ਕਿਲੋਮੀਟਰ ਤੁਰ-ਫਿਰ ਕੇ ਲੱਕੜਾਂ ਇਕੱਠੀਆਂ ਕਰਕੇ ਲਿਆਉਂਦੇ, ਲੱਕੜਾਂ ਨੂੰ ਜਲਾ ਕੇ ਰਾਤ ਗੁਜ਼ਾਰਦੇ। ਸਾਨੂੰ ਰੱਜ ਕੇ ਸੁੱਤਿਆਂ ਲਗਭਗ 80 ਦਿਨ ਹੋ ਗਏ ਸਨ। ਦਿਨ ਵਿੱਚ ਥੋੜ੍ਹਾ-ਬਹੁਤਾ ਸੌਂ ਲੈਂਦੇ ਸੀ, ਭੁੱਖੇ ਪੇਟ ਨੀਂਦ ਵੀ ਨਹੀਂ ਆਉਂਦੀ ਸੀ। ਕੁੱਝ ਅਰਬੀ ਲੋਕ ਸਾਨੂੰ ਪਾਣੀ ਤੇ ਬਰੈੱਡ ਦੇਣ ਲਈ ਆਏ ਸਨ, ਜਿਸ ਨਾਲ ਤਿੰਨ ਚਾਰ ਦਿਨ ਲੰਘ ਗਏ ਸਨ। ਇੱਕ ਆਦਮੀ ਨੂੰ ਰੋਜ਼ਾਨਾ ਇੱਕ ਬਰੈੱਡ ਤੇ ਇੱਕ ਲੀਟਰ ਪਾਣੀ ਹੀ ਦਿੱਤਾ ਜਾਂਦਾ ਸੀ।

ਕਈ ਵਾਰ ਅਰਬੀ ਲੋਕ ਤਿੰਨ-ਚਾਰ ਦਿਨਾਂ ਬਾਅਦ ਕੁੱਝ ਖਾਣ ਨੂੰ ਦੇਣ ਆਉਂਦੇ ਸਨ। ਅਸੀਂ ਮੂੰਹ ਚੁੱਕ-ਚੁੱਕ ਕੇ ਕੁੱਤਿਆਂ ਵਾਂਗ ਉਨ੍ਹਾਂ ਦਾ ਇੰਤਜ਼ਾਰ ਕਰਦੇ ਭੁੱਖੇ-ਭਾਣੇ ਹੀ ਟਾਈਮ ਪਾਸ ਕਰਦੇ ਸਨ। ਸਾਡੀ ਹਾਲਤ ਭਿਖਾਰੀਆਂ ਵਾਲੀ ਹੋ ਗਈ ਸੀ। ਮਰੇ ਹੋਏ ਕੁੱਤਿਆਂ ਵਾਂਗ ਲੇਟੇ ਰਹਿੰਦੇ ਸੀ। ਦਿਨ ਵਿੱਚ ਗਰਮੀ ਤੇ ਰਾਤ ਨੂੰ ਠੰਢ ਬਰਦਾਸ਼ਤ ਕਰਨੀ ਪੈਂਦੀ ਸੀ। ਫਿਰ ਸਾਨੂੰ ਤਿੰਨ ਤਿੰਨ ਆਦਮੀਆਂ ਨੂੰ ਰਾਤ ਨੂੰ 1 ਤੋਂ 2 ਵਜੇ ਤੱਕ ਇਕ ਕਿਸ਼ਤੀ ਵਿੱਚ ਬਿਠਾ ਕੇ, ਜਿਸ ਵਿੱਚ ਪਹਿਲਾਂ ਹੀ 33 ਲੋਕ ਮੌਜੂਦ ਹੁੰਦੇ ਸਨ, ਸਮੁੰਦਰ ਪਾਰ ਕਰਵਾਇਆ ਜਾਂਦਾ ਸੀ। ਬਾਕੀ ਮੁੰਡੇ ਉੱਥੇ ਖੜ੍ਹ ਕੇ ਇੰਤਜ਼ਾਰ ਕਰਦੇ ਸੀ। ਸਮੁੰਦਰ ਦੇ ਕਿਨਾਰੇ ਖੜ੍ਹ ਕੇ ਪਾਣੀ ਦੀ ਅਵਾਜ਼ ਸੁਣ ਕੇ ਬਹੁਤ ਡਰ ਲਗਦਾ ਸੀ। ਪਰ ਵਾਪਸ ਇੰਡੀਆ ਜਾਣ ਦਾ ਵੀ ਕੋਈ ਰਸਤਾ ਨਹੀਂ ਸੀ। ਅੱਗੇ ਜਾਂਦੇ ਸੀ ਤਾਂ ਮੌਤ ਸਾਡੇ ਸਿਰ ਤੇ ਘੁੰਮਦੀ ਸੀ। ਉੱਥੋਂ ਸਪੇਨ ਸਿਰਫ 15 ਘੰਟੇ ਦਾ ਸਮੁੰਦਰੀ ਰਸਤਾ ਸੀ।

ਜਦੋਂ ਸਾਡੀ ਕਿਸ਼ਤੀ ਸਪੇਨ ਪਹੁੰਚੀ ਤਾਂ ਉੱਥੇ ਸਾਨੂੰ ਰੈੱਡ ਕਰਾਸ ਵਾਲਿਆਂ ਦਾ ਸ਼ਿੱਪ ਮਿਲਿਆ। ਉਨ੍ਹਾਂ ਨੇ ਸਾਨੂੰ ਸ਼ਿੱਪ ਵਿੱਚ ਬਿਠਾਇਆ ਤੇ ਇੱਕ ਕੈਂਪ ਵਿੱਚ ਲੈ ਗਏਉੱਥੇ ਜੁੱਤੀਆਂ ਅਤੇ ਕੱਪੜੇ ਮਿਲੇ, ਨਾਲ ਚਾਹ ਪੀਣ ਲਈ ਅਤੇ ਬਿਸਕੁੱਟ ਖਾਣ ਨੂੰ। ਭੁੱਖ ਬਹੁਤ ਲੱਗੀ ਹੋਈ ਸੀ ਕਿਉਂਕਿ ਕਿਸ਼ਤੀ ਵਿੱਚ 15-16 ਘੰਟੇ ਖਾਣ ਲਈ ਕੁੱਝ ਵੀ ਨਹੀਂ ਦਿੱਤਾ ਗਿਆ ਸੀ। ਸਪੇਨ ਪਹੁੰਚਣ ’ਤੇ ਰੈੱਡ ਕਰਾਸ ਵਾਲਿਆਂ ਨੇ ਸਾਡੇ ਨਾਮ ਅਤੇ ਪਤੇ ਲਿਖ ਲਏ ਤੇ 40 ਕਿਲੋਮੀਟਰ ਦੂਰ ਇੱਕ ਕੈਂਪ ਵਿੱਚ ਛੱਡ ਦਿੱਤਾ, ਜਿੱਥੇ ਸਾਨੂੰ ਸੌਣ ਲਈ ਕੰਬਲ ਮਿਲੇ।

ਇਸ ਕੈਂਪ ਵਿੱਚ ਅਸੀਂ 33 ਦਿਨ ਰਹੇ। ਇੱਥੇ ਸਾਨੂੰ ਸਵੇਰੇ ਨਾਸ਼ਤਾ, ਦੁਪਹਿਰ ਤੇ ਰਾਤ ਨੂੰ ਖਾਣਾ ਮਿਲਦਾ ਸੀ। ਆਪਣੇ ਘਰ ਟੈਲੀਫੋਨ ਵੀ ਕਰ ਸਕਦੇ ਸੀ। ਡਾਕਟਰੀ ਸਹਾਇਤਾ ਵੀ ਮਿਲਦੀ ਸੀ। ਫੁੱਟਬਾਲ ਵੀ ਖੇਡਣ ਨੂੰ ਮਿਲਦੀ ਸੀ। ਫਿਰ ਉੱਥੋਂ ਹੀ ਸਾਨੂੰ ਜਹਾਜ਼ ਵਿੱਚ ਬਿਠਾ ਕੇ ਸਪੇਨ ਦੀ ਰਾਜਧਾਨੀ ਮੈਡਰਿਡ ਛੱਡ ਦਿੱਤਾ ਗਿਆ। ਉੱਥੋਂ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਸੀ। ਅਸੀਂ ਉੱਥੋਂ ਵੈਲਨਸੀਆ ਸ਼ਹਿਰ ਜਾਣਾ ਸੀ ਜੋ ਕਿ 360 ਕਿਲੋਮੀਟਰ ਦੂਰ ਸੀ। ਸਾਰੀ ਰਾਤ ਠੰਢ ਵਿੱਚ ਅਸੀਂ ਮੈਡਰਿਡ ਸ਼ਹਿਰ ਦੀਆਂ ਸੜਕਾਂ ਤੇ ਗੁਜ਼ਾਰੀ। ਭੁੱਖਾ ਪੇਟ ਹੋਣ ਕਾਰਨ ਕੂੜੇ ਦੇ ਢੋਲਾਂ ਵਿੱਚ ਹੱਥ ਮਾਰਦੇ ਰਹੇ ਕਿ ਸ਼ਾਇਦ ਖਾਣ ਲਈ ਕੁੱਝ ਮਿਲ ਜਾਵੇ। ਸਾਨੂੰ ਕੂੜੇ ਵਿੱਚੋਂ ਕੁੱਝ ਬਰੈੱਡ ਵਗੈਰਾ ਖਾਣ ਨੂੰ ਮਿਲੇ।

ਫੇਰ ਅਸੀਂ ਉੱਥੇ ਪੈਸੇ ਮੰਗ ਕੇ ਟਰੇਨ ਦਾ ਟਿਕਟ ਲਿਆ ਤੇ ਵੈਲਨਸੀਆ (Valencia) ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਗਏ, ਜਿੱਥੇ ਅਸੀਂ ਚਾਰ ਦਿਨ ਰਹੇ। ਚਾਹ ਅਤੇ ਰੋਟੀ ਦਾ ਸਵਾਦ ਅਸੀਂ ਪੰਜ ਮਹੀਨੇ ਬਾਅਦ ਗੁਰਦੁਆਰਾ ਸਾਹਿਬ ਆ ਕੇ ਵੇਖਿਆ। ਇੱਥੇ ਸਾਨੂੰ ਰਹਿਣ ਲਈ ਮਕਾਨ ਤੇ ਸੰਤਰੇ ਤੋੜਨ ਦਾ ਕੰਮ ਮਿਲ ਗਿਆ। ਡੇਢ ਮਹੀਨਾ ਕੰਮ ਕਰਨ ਤੋਂ ਬਾਅਦ ਇਹ ਕੰਮ ਵੀ ਖ਼ਤਮ ਹੋ ਗਿਆ।

ਫਿਰ ਅਪ੍ਰੈਲ ਵਿੱਚ ਮੁਸੰਮੀਆਂ ਤੋੜਨ ਦਾ ਕੰਮ ਕੀਤਾ, ਇਹ ਕੰਮ ਬਹੁਤ ਸਖ਼ਤ ਸੀ। ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰਨਾ ਪੈਂਦਾ ਸੀ। ਜਿਸ ਦੇ ਸਾਨੂੰ 10 ਤੋਂ 20 ਯੂਰੋ ਮਿਲਦੇ ਸੀਇਨ੍ਹਾਂ ਨਾਲ ਅਸੀਂ ਮਕਾਨ ਦਾ ਕਿਰਾਇਆ ਅਤੇ ਰੋਟੀ-ਪਾਣੀ ਦਾ ਖ਼ਰਚ ਹੀ ਚਲਾ ਸਕਦੇ ਸੀ। ਦੂਸਰੇ ਪਾਸੇ ਸਪੇਨ ਨੇ 7 ਫਰਵਰੀ ਤੋਂ 7 ਮਈ ਤੱਕ ਇਮੀਗ੍ਰੇਸ਼ਨ ਖੋਲ੍ਹ ਦਿੱਤੀ ਸੀ, ਪਰ ਸਾਡੇ ਕੋਲ ਪਾਸਪੋਰਟ ਹੀ ਨਹੀਂ ਸਨ। ਸਾਡੇ ਪਾਸਪੋਰਟ ਤਾਂ ਏਜੰਟਾਂ ਨੇ ਰਸਤੇ ਵਿੱਚ ਹੀ ਖੋਹ ਲਏ ਸਨਏਜੰਟਾਂ ਨੇ ਸਾਡੇ ਨਾਲ ਜੋ ਖਿਲਵਾੜ ਕੀਤਾ, ਅਸੀਂ ਜ਼ਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਸੀ। ਇਹ ਅਸੀਂ ਕਦੇ ਨਹੀਂ ਭੁੱਲ ਸਕਦੇ। ਪੰਜਾਬ ਵਿੱਚ ਸਾਡੇ ਮਾਪੇ, ਪਤਨੀਆਂ ਅਤੇ ਬੱਚੇ ਸਾਡੀ ਉਡੀਕ ਵਿੱਚ ਸਨ ਕਿ ਅਸੀਂ ਕਦੋਂ ਪੰਜਾਬ ਵਾਪਸ ਆਵਾਂਗੇ। ਘਰ ਪੈਸੇ ਭੇਜਣ ਦੀ ਗੱਲ ਤਾਂ ਦੂਰ ਹੈ, ਅਸੀਂ ਤਾਂ ਆਪਣਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚਲਾ ਰਹੇ ਹਾਂ।

ਸਾਡੇ ਏਜੰਟ ਨੇ ਸੌ/ਸਵਾ ਸੌ ਆਦਮੀ ਇਸੇ ਤਰੀਕੇ ਨਾਲ ਸਪੇਨ ਭੇਜੇ, ਜੋ ਬੈਠੇ ਆਪਣੀ ਕਿਸਮਤ ਨੂੰ ਰੋ ਰਹੇ ਹਨ। ਸਾਡੇ ਨਾਲ ਦੇ  ਦੋ ਮੁੰਡੇ, ਜਿਨ੍ਹਾਂ ਨੂੰ ਅਸੀਂ 4 ਦਸੰਬਰ ਨੂੰ ਮਰੌਕੋ ਵਿੱਚ ਪਹਾੜ ਦੀ ਖੱਡ ਵਿੱਚ ਛੱਡ ਕੇ ਆਏ ਸੀ, ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ।  ਏਜੰਟ ਨੇ 31 ਮਾਰਚ ਤੱਕ ਉਨ੍ਹਾਂ ਨੂੰ ਸਪੇਨ ਪਹੁੰਚਾਉਣ ਦਾ ਵਾਅਦਾ ਕੀਤਾ ਸੀ, ਪਰ ਉਹ ਅੱਜ ਤਕ ਸਪੇਨ ਨਹੀਂ ਪਹੁੰਚੇ। ਇਹ ਤਾਂ ਏਜੰਟ ਹੀ ਦੱਸ ਸਕਦਾ ਹੈ ਕਿ ਇਸ ਵੇਲੇ ਉਹ ਕਿੱਥੇ ਹਨ।

ਜਦੋਂ ਸਾਡੇ ਘਰ ਦੇ ਉਸ ਏਜੰਟ ਕੋਲ ਸਾਡੇ ਬਾਰੇ ਪਤਾ ਕਰਨ ਗਏ ਤਾਂ ਉਹ ਅੱਗੋਂ ਘਰਦਿਆਂ ਨੂੰ ਬੁਰਾ-ਭਲਾ ਕਹਿਣ ਲੱਗ ਗਿਆ ਅਤੇ ਸਾਡੇ ਪਰਿਵਾਰ ਦੇ ਖ਼ਿਲਾਫ ਹੀ ਥਾਣੇ ਵਿੱਚ ਰਿਪੋਰਟ ਦਰਜ਼ ਕਰਵਾ ਦਿੱਤੀ।

ਸਾਡੀ ਭਾਰਤ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਪੰਜਾਬ ਦੇ ਮੁੱਖ ਮੰਤਰੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਸਾਡੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਆਪਣਾ ਪੈਸਾ ਤੇ ਜ਼ਿੰਦਗੀ ਬਰਬਾਦ ਕਰਨ ਲਈ ਕਦੇ ਵੀ ਵਿਦੇਸ਼ ਨਾ ਆਇਓ। ਨਹੀਂ ਤਾਂ ਤਸਵੀਰ ਤੁਹਾਡੇ ਸਾਹਮਣੇ ਹੀ ਹੈ।

*****

(ਸੰਪਾਦਕੀ ਨੋਟ: ਇਸੇ ਤਰ੍ਹਾਂ ਖੱਜਲ਼-ਖੁਆਰ ਹੋ ਕੇ ਸਪੇਨ ਪਹੁੰਚਣ ਵਾਲੇ ਕੁਝ ਨੌਜਵਾਨਾਂ ਦਾ ਜ਼ਿਕਰ ਹਰਪ੍ਰਕਾਸ਼ ਸਿੰਘ ਰਾਏ ਨੇ ਆਪਣੇ ਲੇਖ ‘ਦੇਸ ਬਨਾਮ ਪ੍ਰਦੇਸ -2 (ਇਵੇਂ ਪਹੁੰਚੇ ਅਸੀਂ ਸਪੇਨ)’ ਵਿਚ ਵੀ ਕੀਤਾ ਹੈ। ਉਹ ਆਪ ਕਿਵੇਂ ਸਪੇਨ ਪਹੁੰਚਿਆ, ਜਾਨਣ ਲਈ ਇਹ ਲੇਖ ਪੜ੍ਹਨਾ ਪਵੇਗਾ।)

(72)

ਇਸ ਵਰਤਾਰੇ ਬਾਰੇ ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ:
(This email address is being protected from spambots. You need JavaScript enabled to view it.)