ShangaraSBhullar7“ਇੱਧਰ ਇਹੀਓ ਪਰਵਾਸੀ ਪੰਜਾਬੀ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ ...”
(14 ਜੂਨ 2017)

 

ਭਲੇ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਹੈ ਅਤੇ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਾਂ ਕਾਂਗਰਸ ਸਰਕਾਰ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਪਿੜ ਵਿਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ ਦੇ ਸੁਪਨੇ ਖੇਰੂੰ ਖੇਰੂੰ ਹੋ ਗਏ ਹਨ। ਸਭ ਤੋਂ ਵੱਧ ਢਾਹ ਪਰਵਾਸੀ ਪੰਜਾਬੀਆਂ ਨੂੰ ਲੱਗੀ ਹੈ ਜਿਨ੍ਹਾਂ ਨੇ ਉਦੋਂ 2014 ਵਿਚ ਹੀ ਆਮ ਆਦਮੀ ਪਾਰਟੀ ਦੇ ਪੈਰਾਂ ਥੱਲੇ ਹੱਥ ਦੇਣੇ ਸ਼ੁਰੂ ਕਰ ਦਿੱਤੇ ਸਨ ਜਦੋਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਧਰਤੀ ਨੇ ਇਕੱਠੇ ਹੀ ਚਾਰ ਐੱਮ.ਪੀ. ਜਿਤਾ ਕੇ ਪਾਰਲੀਮੈਂਟ ਦੀਆਂ ਬਰੂਹਾਂ ਟਪਾ ਦਿੱਤੇ ਸਨ। ਉਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਬਿਨਾਂ ਸ਼ੱਕ ਵੱਖ ਵੱਖ ਸੂਬਿਆਂ ਵਿਚ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਪੰਜਾਬ ਤੋਂ ਬਿਨਾਂ ਹੋਰ ਕਿਸੇ ਥਾਂ ਤੋਂ ਉਸਦੀ ਝੋਲੀ ਵਿਚ ਖੈਰ ਨਹੀਂ ਸੀ ਪਈ। ਬੱਸ ਇਹੀਓ ਉਹ ਸਮਾਂ ਸੀ ਜਦੋਂ ਪਰਵਾਸੀ ਪੰਜਾਬੀਆਂ ਨੂੰ ਇਸ ਪਾਰਟੀ ਵਿੱਚੋਂ ਪੰਜਾਬ ਵਿਚ ਹਕੂਮਤ ਕਰਨ ਦੀ ਆਸ ਦੀ ਕਿਰਨ ਨਜ਼ਰ ਆਈ ਸੀ। ਇਹੀਓ ਉਹ ਪਲ ਛਿਣ ਸਨ ਜਦੋਂ ਪਰਵਾਸੀ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ ਆਪਣੇ ਘਰਾਂ ਦੇ ਬੂਹੇ ਤਾਂ ਖੋਲ੍ਹ ਹੀ ਦਿੱਤੇ ਸਨ ਸਗੋਂ ਰੱਜ ਕੇ ਮਾਇਆ ਵੀ ਇਨ੍ਹਾਂ ਦੀ ਝੋਲੀ ਪਾਈ। ਕੁਝ ਲੀਡਰਾਂ ਨੇ ਤਾਂ 2014 ਤੋਂ ਲੈ ਕੇ ਚੋਣ ਤੋਂ ਪਹਿਲਾਂ ਤੱਕ ਕਈ ਬਾਹਰਲੇ ਮੁਲਕਾਂ ਦੇ ਗੇੜੇ ਲਾਏ ਅਤੇ ਪਰਵਾਸੀਆਂ ਨੇ ਇਨ੍ਹਾਂ ਨੂੰ ਹਰ ਥਾਂ ਸਿਰ ਅੱਖਾਂ ’ਤੇ ਬਿਠਾਇਆ। ਖੁੱਲ੍ਹੇ ਆਮ ਉਨ੍ਹਾਂ ਨੂੰ ਸਮਰਥਨ ਦਿੱਤਾ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ।

ਇਹ ਗੱਲ ਤਾਂ ਸਾਫ ਸਪਸ਼ਟ ਹੈ ਕਿ ਅੱਜ ਉਂਜ ਤਾਂ ਪੰਜਾਬੀ ਹਰ ਛੋਟੇ ਤੋਂ ਛੋਟੇ ਮੁਲਕ ਵਿਚ ਵੀ ਵਸੇ ਹੋਏ ਹਨ ਪਰ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿਚ ਇਨ੍ਹਾਂ ਦੀ ਵੱਡੀ ਗਿਣਤੀ ਹੈ। ਇਨ੍ਹਾਂ ਅਤੇ ਹੋਰ ਮੁਲਕਾਂ ਵਿਚ ਰਹਿੰਦੇ ਪਰਵਾਸੀ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਜੋ ਭਰੋਸਾ ਜਾਂ ਹੱਲਾਸ਼ੇਰੀ ਦਿੱਤੀ ਗਈ, ਇਸ ਨੇ ਪਾਰਟੀ ਲੀਡਰਾਂ ਦੀ ਪੂਰੀ ਚੜ੍ਹ ਮਚਾ ਦਿੱਤੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾ ਨੂੰ ਤਾਂ ਜਦੋਂ ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਲਈ ਮਨ੍ਹਾਂ ਕਰ ਦਿੱਤਾ ਗਿਆ ਸੀ ਅਤੇ ਕਈ ਮੁਲਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਨੇਤਾਵਾਂ ਨੂੰ ਵੀ ਸਭਾਵਾਂ ਨਹੀਂ ਕਰਨ ਦਿੱਤੀਆਂ ਗਈਆਂ ਅਤੇ ਪੂਰੀ ਤਰ੍ਹਾਂ ਅਣਗੌਲਿਆ ਗਿਆ ਤਾਂ ਇੱਧਰ ਇਹੀਓ ਪਰਵਾਸੀ ਪੰਜਾਬੀ ਸਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ ਵਿਸ਼ਾਲ ਬੈਠਕਾਂ ਅਤੇ ਕਾਨਫਰੰਸਾਂ ਕੀਤੀਆਂ। ਸ਼ਾਇਦ ਇਹ ਸਾਰਾ ਕੁਝ ਹੀ ਆਮ ਆਦਮੀ ਪਾਰਟੀ ਦੀ ਚੜ੍ਹਤ ਦਰਸਾਉਂਦਾ ਸੀ। ਫਿਰ ਆਮ ਆਦਮੀ ਪਾਰਟੀ ਕੋਈ ਬਹੁਤ ਪੁਰਾਣੀ ਪਾਰਟੀ ਵੀ ਨਹੀਂ ਸੀ। ਸਿਰਫ ਤਿੰਨ ਚਾਰ ਸਾਲ ਪੁਰਾਣੀ ਸੀ ਪਰ ਪਰਵਾਸੀ ਪੰਜਾਬੀਆਂ ਦੇ ਖੁੱਲ੍ਹੇ ਦਿਲੋਂ ਦਿੱਤੇ ਚੰਦਿਆਂ ਨਾਲ ਇਸ ਨੂੰ ਚੋਣਾਂ ਲੜਨ ਲਈ ਪੈਰਾਂ ਸਿਰ ਕਰ ਦਿੱਤਾ ਸੀ।

ਬੱਸ ਇੱਥੇ ਹੀ ਨਹੀਂ ਸੀ ਹੋਈ ਸਗੋਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੇ ਬਾਹਰ ਰਹਿੰਦੇ ਸਮਰਥਕ ਪਰਵਾਸੀ ਪੰਜਾਬੀਆਂ ਦੇ ਭਰ ਭਰ ਕੇ ਜਹਾਜ਼ ਇੱਥੇ ਆਏ ਜਿਨ੍ਹਾਂ ਨੇ ਚੋਣਾਂ ਵਿੱਚ ਵੱਧ ਚੜ੍ਹ ਕੇ ਇਸ ਦੇ ਉਮੀਦਵਾਰਾਂ ਦੀ ਮਦਦ ਕੀਤੀ। ਉਂਜ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਇੱਕ ਵੇਲੇ ਤਾਂ ਮਾਹੌਲ ਇਸ ਤਰ੍ਹਾਂ ਦਾ ਬਣਦਾ ਜਾਪਿਆ ਸੀ ਕਿ ਸੂਬੇ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣ ਜਾਵੇਗੀ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਪੰਜਾਬ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਕ ਪਾਸੇ ਅਤੇ ਕਾਂਗਰਸ ਨੂੰ ਦੂਜੇ ਪਾਸੇ ਕਈ ਵਾਰੀ ਅਜ਼ਮਾ ਲਿਆ ਸੀ। ਜਾਪਦਾ ਸੀ ਬਹੁਤੇ ਵੋਟਰ ਇਨ੍ਹਾਂ ਦੋਨਾਂ ਪਾਰਟੀਆਂ ਦੀ ਥਾਂ ਨਵੀਂ ਪਾਰਟੀ ਨੂੰ ਮੌਕਾ ਦੇਣ ਦੀ ਤਾਕ ਵਿਚ ਸਨ ਕਿਉਂਕਿ ਇਸ ਪਾਰਟੀ ਨੇ ਲੋਕਾਂ ਨੂੰ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵੱਡਾ ਵਾਅਦਾ ਕੀਤਾ ਸੀ। ਪੰਜਾਬ ਦੇ ਲੋਕ ਇਸ ਪਾਰਟੀ ਦੀ ਦਿੱਲੀ ਵਿਚ ਚੱਲ ਰਹੀ ਸਰਕਾਰ ਤੋਂ ਵੀ ਕੁਝ ਪ੍ਰਭਾਵਿਤ ਸਨ ਹਾਲਾਂਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜੋ ਇਸ ਪਾਰਟੀ ਦਾ ਕਨਵੀਨਰ ਵੀ ਹੈ, ਹਮੇਸ਼ਾ ਲਈ ਕਈ ਕਾਰਨਾਂ ਕਰਕੇ ਵਿਵਾਦਾਂ ਵਿਚ ਹੀ ਘਿਰਿਆ ਰਿਹਾ। ਇੱਥੋਂ ਲਗਦਾ ਸੀ ਜਿਵੇਂ ਚੋਣ ਨਤੀਜੇ ਆਮ ਆਦਮੀ ਪਾਰਟੀ ਦੇ ਬਾਹਰ ਰਹਿੰਦੇ ਸਮਰਥਕਾਂ ਦੀਆਂ ਆਸਾਂ ਉਮੀਦਾਂ ’ਤੇ ਪਾਣੀ ਫੇਰ ਦੇਣਗੇ। ਪਾਰਟੀ ਦੇ ਪੰਜਾਬ ਅਤੇ ਕੌਮੀ ਪੱਧਰ ਦੇ ਨੇਤਾਵਾਂ ਦੀ ਆਪਸੀ ਲੜਈ ਨੇ ਐਸਾ ਖਤਰਨਾਕ ਰੂਪ ਧਾਰਨ ਕਰ ਲਿਆ ਸੀ ਕਿ ਹਵਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਵਗਦੀ ਵਗਦੀ ਕਾਂਗਰਸ ਦੇ ਹੱਕ ਵਿਚ ਵਗਣ ਲੱਗ ਪਈ ਸੀ। ਹਾਲਾਂਕਿ ਮੁਕਾਬਲਾ ਇੰਨਾ ਸਖਤ ਲਗਦਾ ਸੀ ਕਿ ਕਦੀ ਤਸਵੀਰ ਬਿਲਕੁਲ ਸਪਸ਼ਟ ਨਜ਼ਰ ਨਹੀਂ ਸੀ ਆਉਂਦੀ।

ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਲੋੜੋਂ ਵੱਧ ਮਾਰੇ ਗਏ ਦਮਗਜ਼ੇ ਅਤੇ ਇਸ ਦੀ ਅੰਦਰੂਨੀ ਲੜਾਈ ਹੀ ਇਸ ਨੂੰ ਲੈ ਬੈਠੀ ਅਤੇ ਬਾਜ਼ੀ ਕੈਪਟਨ ਅਮਰਿੰਦਰ ਸਿੰਘ ਮਾਰ ਗਏ। ਜਿਹੜੀ ਆਮ ਆਦਮੀ ਪਾਰਟੀ ਮਨੋ ਮਨੀ ਆਪਣੀ ਸਰਕਾਰ ਬਣਾਈ ਬੈਠੀ ਸੀ ਅਤੇ ਵਜ਼ੀਰੀਆਂ ਵੀ ਵੰਡੀ ਬੈਠੀ ਸੀ, ਬੜੀ ਮੁਸ਼ਕਲ ਨਾਲ 117 ਵਿੱਚੋਂ 20 ਸੀਟਾਂ ਹੀ ਲੈ ਸਕੀ। ਉੱਧਰ ਹੈਟ੍ਰਿਕ ਲਾਉਣ ਦਾ ਅੱਖਾਂ ਵਿੱਚ ਸੁਪਨਾ ਸਜਾਈ ਬੈਠੇ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ 15 ਸੀਟਾਂ ’ਤੇ ਹੀ ਸਿਮਟ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਲਗਪਗ ਇਕ ਸਦੀ ਦਾ ਹੋਣ ਵਾਲਾ ਹੈ ਅਤੇ ਹੁਣ ਤਕ ਇਸ ਨੂੰ ਕਦੀ ਵੀ ਏਨੀ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਇਸ ਲੜਾਈ ਵਿੱਚੋਂ ਕਾਂਗਰਸ ਜੇਤੂ ਰਹੀ ਅਤੇ ਉਹ ਵੀ ਬਹੁਮਤ ਨਾਲ। ਹਾਲਾਂਕਿ ਜਿਸ ਤਰ੍ਹਾਂ ਐਤਕਾਂ ਤਿੰਨ ਧਿਰੀ ਮੁਕਾਬਲਾ ਸੀ, ਲਗਦਾ ਸੀ ਕਿ ਜਿਸ ਵੀ ਪਾਰਟੀ ਦੀ ਸਰਕਾਰ ਬਣੇਗੀ, ਉਸ ਦੀ ਦੂਜੀ ਧਿਰ ਦੇ ਵਿਧਾਇਕਾਂ ਨਾਲ ਸਾਂਝੀ ਸਰਕਾਰ ਬਣੇਗੀ। ਇਸ ਦੀ ਲੋੜ ਹੀ ਨਹੀਂ ਪਈ ਅਤੇ ਪੂਰੇ ਦਸ ਸਾਲਾਂ ਤੋਂ ਪੰਜਾਬ ਦੀ ਗੱਦੀ ਦਾ ਇੰਤਜ਼ਾਰ ਕਰ ਰਹੀ ਕਾਂਗਰਸ ਦੀ ਝੋਲੀ ਵਿਚ 117 ਵਿੱਚੋਂ 77 ਸੀਟਾਂ ਪੈ ਗਈਆਂ ਸਨ।

ਇਸ ਵਿਚ ਦੋ ਰਾਵਾਂ ਨਹੀਂ ਕਿ ਇਨ੍ਹਾਂ ਚੋਣਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਹਾਰ ਦੀ ਨਮੋਸ਼ੀ ਹੋਈ ਹੀ ਹੈ ਸਗੋਂ ਆਮ ਆਦਮੀ ਪਾਰਟੀ ਨੂੰ ਵੀ ਘੱਟ ਨਮੋਸ਼ੀ ਨਹੀਂ ਹੋਈਪਰ ਕੌੜਾ ਸੱਚ ਇਹ ਵੀ ਹੈ ਕਿ ਸਭ ਤੋਂ ਵੱਧ ਨਮੋਸ਼ੀ ਪਰਵਾਸੀ ਪੰਜਾਬੀਆਂ ਨੂੰ ਹੋਈ ਹੈ ਜਿਹੜੇ ਬਾਹਰ ਬੈਠੇ ਪੰਜਾਬ ਵਿਚ ਇਸ ਪਾਰਟੀ ਦੀ ਸਰਕਾਰ ਕਿਆਸ ਰਹੇ ਸਨ। ਉਨ੍ਹਾਂ ਨੂੰ ਇਸ ਹਾਰ ਨਾਲ ਸਦਮਾ ਵੀ ਲੱਗਾ ਹੈ ਕਿ ਉਨ੍ਹਾਂ ਨੇ ਤਾਂ ਆਪਣੇ ਘਰਾਂ ਬਾਹਰਾਂ ਦੇ ਦਰਵਾਜ਼ੇ ਇਸ ਪਾਰਟੀ ਦੇ ਲੀਡਰਾਂ ਲਈ ਖੋਹਲ ਦਿੱਤੇ ਅਤੇ ਆਖਰੀ ਪੜਾਅ ਤਕ ਹਰ ਤਰ੍ਹਾਂ ਦੀ ਮਦਦ ਵੀ ਦਿੱਤੀ ਪਰ ਪਾਰਟੀ ਲੀਡਰਸ਼ਿੱਪ ਦੇ ਅੰਦਰੂਨੀ ਬਖੇੜੇ ਨੇ ਇਸ ਨੂੰ ਨਾ ਕੇਵਲ ਬਹੁਤ ਪਿੱਛੇ ਸੁੱਟ ਦਿੱਤਾ ਸਗੋਂ ਉਨ੍ਹਾਂ ਦੀਆਂ ਉਮੀਦਾਂ ਵੀ ਧੁੰਦਲੀਆਂ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਇਹ ਆਸ ਹੀ ਨਹੀਂ ਸੀ ਕਿ ਇਹ ਪਾਰਟੀ ਏਨੀ ਛੇਤੀ ਧੜੰਮ ਕਰਕੇ ਡਿੱਗ ਪਵੇਗੀ।

*****

(731)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)