AvtarSRaisar7ਉਂਝ ਪੜ੍ਹਨ ਸਮੇਂ ਪਾਪਾ ਜੀ ਵੱਲੋਂ ਇਹ ਸ਼ਰਤ ਹੁੰਦੀ ਸੀ ਕਿ ਜੇਕਰ ਘੱਟੋ ਘੱਟ 75% ਅੰਕ ਆਏੇ ਤਾਂ ...
(13 ਜੂਨ 2017)

 

ParminderjitKaurA2ਇੱਕੀਵੀਂ ਸਦੀ ਵਿੱਚ ਪਹੁੰਚਕੇ ਜਦ ਅੱਜ ਸਮਾਜ ਦੇ ਬਦਲੇ ਹਾਲਾਤ ’ਤੇ ਨਜ਼ਰ ਮਾਰਦੇ ਹਾਂ ਤਾਂ ਬੜਾ ਮਾਣ ਮਹਿਸੂਸ ਹੁੰਦਾ ਹੈ। ਅਸੀਂ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਈਜਾਦ ਕਰ ਲਏ ਹਨ। ਨਵੀਆਂ ਤਕਨੀਕਾਂ ਸਦਕਾ ਅੱਜ ਇੰਨੇ ਜ਼ਿਆਦਾ ਅਡਵਾਂਸ ਹੋ ਗਏ ਹਾਂ ਕਿ ਦੁਨੀਆ ਇੱਕ ਪਿੰਡ ਵਾਂਗ ਜਾਪਣ ਲੱਗ ਪਈ ਹੈ। ਸਾਲਾਂ, ਮਹੀਨਿਆਂ ਹਫਤਿਆਂ ਦੇ ਕੰਮ ਹੁਣ ਘੰਟਿਆਂ, ਮਿੰਟਾਂ, ਸਕਿੰਟਾਂ ਤੱਕ ਸਿਮਟ ਗਏ ਹਨ। ਅਜਿਹੇ ਕਾਰਨਾਂ ਪਿੱਛੇ ਗੌਰ ਨਾਲ ਵੇਖੀਏ ਤਾਂ ਸਾਡੇ ਰਹਿਬਰਾਂ, ਗੁਰੂਆਂ, ਪੀਰਾਂ ਦੇ ਮਹਾਨ ਵਿਚਾਰਾਂ ਅਤੇ ਉਪਦੇਸ਼ਾਂ ਦਾ ਵੱਡਾ ਮਹੱਤਵ ਰਿਹਾ ਹੈ। ਅੱਜ ਔਰਤ ਨੇ ਨਾ ਸਿਰਫ਼ ਮਰਦ ਦੇ ਮੁਕਾਬਲੇ ਬਰਾਬਰਤਾ ਹਾਸਿਲ ਕਰ ਲਈ ਹੈ, ਸਗੋਂ ਕਦੇ ਚੁੱਲ੍ਹੇ ਚੌਂਕੇ ਤੱਕ ਸੀਮਤ ਸਮਝੀ ਜਾਂਦੀ ਰਹੀ ਔਰਤ ਨੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਮਰਦ ਨੂੰ ਪਿਛਾਂਹ ਕਰਦਿਆਂ ਨਵੇਂ ਦਿਸਹੱਦੇ ਸਿਰਜੇ ਹਨ। ਪਰ ਫਿਰ ਵੀ ਕਦੇ ਨਾ ਕਦੇ, ਕਿਤੇ ਨਾ ਕਿਤੇ ਔਰਤ ਸੁਰੱਖਿਆ ਪੱਖੋਂ ਪੁਰਸ਼ ਤੋਂ ਫਾਡੀ ਨਜ਼ਰ ਆ ਰਹੀ ਹੈ, ਜਾਂ ਕਹਿ ਲਈਏ ਕਿ ਔਰਤ ਅੱਜ ਵੀ ਸਮਾਜ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਤਸਵੀਰ ਦਾ ਦੂਸਰਾ ਪਹਿਲੂ ਇਹ ਹੈ ਕਿ ਕੁੜੀਆਂ ਹੁਣ ਕੁੜੀਆਂ ਨਹੀਂ ਰਹੀਆਂ …। ਅਜਿਹੇ ਵਾਕਿਆਤ ਨੂੰ ਸਾਕਾਰ ਕਰਦੀ ਹੋਈ ਕੁੜੀਆਂ ਲਈ ਮਾਡਲ ਦੇ ਰੂਪ ਵਿੱਚ ਸਾਹਮਣੇ ਆਈ ਸਬ ਇੰਸਪੈਕਟਰ ਪੰਜਾਬ ਪੁਲੀਸ ਪ੍ਰਮਿੰਦਰਜੀਤ ਕੌਰ ਇੱਕ ਬਹਾਦਰ, ਜਾਂਬਾਜ਼, ਸਾਹਸੀ, ਤੇਜ਼ ਤਰਾਰ, ਮਿਕਨਾਤੀਸੀ ਖਿੱਚ ਅਤੇ ਜਜ਼ਬੇ ਵਾਲੀ ਸਖਸ਼ੀਅਤ ਵਜੋਂ ਉੱਭਰਕੇ ਸਾਹਮਣੇ ਆਈ ਹੈ ਉਸਦੀ ਹਾਂ ਪੱਖੀ, ਉਸਾਰੂ ਤੇ ਲੀਹ ਤੋੜ ਕੇ ਨਵੇਂ ਰਾਹ ਬਣਾਉਣ ਵਾਲੀ ਸੋਚ ਸਦਕਾ ਹਰ ਕੋਈ ਉਸਦਾ ਕਾਇਲ ਹੈ।

ਮਾਤਾ ਕੁਲਵਿੰਦਰ ਕੌਰ, ਪਿਤਾ ਸ. ਕੁਲਵੰਤ ਸਿੰਘ ਦੇ ਗ੍ਰਹਿ ਪਿੰਡ ਕੋਠਾ ਪੱਕੀ (ਰਾਜਸਥਾਨ) ਵਿਖੇ 10 ਜੂਨ 1991 ਜਨਮੀ ਪ੍ਰਮਿੰਦਰਜੀਤ ਨੇ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਤੇ ਬੀ.ਐੱਡ. ਤੱਕ ਦੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਡੀ.ਏ.ਵੀ ਕਾਲਜ ਆਬੋਹਰ ਬਤੌਰ ਪ੍ਰੋਫੈੱਸਰ ਡੇਢ ਸਾਲ ਸਿੱਖਿਆ ਸੇਵਾਵਾਂ ਨਿਭਾਈਆਂ ਹਨ। ਉੱਚੀਆਂ ਉਡਾਣਾਂ ਦੀ ਚਾਹਤ, ਕੁਝ ਕਰਨ ਦੀ ਲਾਲਸਾ ਨੇ ਇੱਥੇ ਪ੍ਰਮਿੰਦਰਜੀਤ ਨੂੰ ਟਿਕਣ ਨਾ ਦਿੱਤਾ। ਉਹ ਸਿੱਖਿਆ ਵਿਭਾਗ ਵਿੱਚੋਂ ਅਸਤੀਫਾ ਦੇ ਕੇ 13 ਫਰਵਰੀ 2015 ਨੂੰ ਬਤੌਰ ਐੱਸ.ਆਈ. ਪੰਜਾਬ ਪੁਲਿਸ ਵਿੱਚ ਜੁਆਇਨ ਕਰ ਗਈ। ਉਸਦਾ ਤਰਕ ਹੈ ਕਿ ਨੀਲੀ ਡੋਰ ਦੀ ਕਰੇਜ਼ ਨੇ ਮੈਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਿੱਖਿਆ ਖੇਤਰ ਦੇ ਮੁਕਾਬਲੇ ਸਖਤ ਵਿਭਾਗ ਵਜੋਂ ਜਾਣੇ ਜਾਂਦੇ ਪੁਲਿਸ ਵਿਭਾਗ ਪ੍ਰਤੀ ਪ੍ਰਮਿੰਦਰਜੀਤ ਬੜੇ ਉਤਸ਼ਾਹ ਨਾਲ ਆਖਦੀ ਹੈ ਕੇ ਜੇਕਰ ਕੁੜੀਆਂ ਇਹ ਸੋਚ ਕੇ ਪੁਲਿਸ ਵਿਭਾਗ ਵਿੱਚ ਨਹੀਂ ਆਉਣਗੀਆਂ ਤਾਂ ਫਿਰ ਸਮਾਜ ਵਿੱਚ ਸੁਧਾਰ ਕਿਵੇਂ ਹੋਵੇਗਾ? ਨਾਲੇ ਸਿੱਖਿਆ ਵਿਭਾਗ ਵਿੱਚ ਮੈਂ ਇੱਕ ਸੀਮਤ ਦਾਇਰੇ ਵਿੱਚ ਰਹਿ ਜਾਣਾ ਸੀ, ਜਦ ਕਿ ਹੁਣ ਪੂਰਾ ਆਸਮਾਨ ਮੇਰਾ ਹੈ ਮੇਰਾ ਸਰਕਲ ਬਹੁਤ ਖੁੱਲ੍ਹਾ ਹੈ। ਹਾਂ ਪਰ ਜਦੋਂ ਮੈਂ ਸਿੱਖਿਆ ਵਿਭਾਗ ਵਿੱਚ ਪੜ੍ਹਾਉਂਦੀ ਸੀ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਮੈਂ ਵੀ ਇਹਨਾਂ ਬੱਚਿਆਂ ਵਾਂਗ ਜਵਾਨ ਹਾਂ।

ਬਚਪਨ ਦੇ ਮਾਹੌਲ ਵਾਰੇ ਪੁੱਛੇ ਜਾਣ ’ਤੇ ਪ੍ਰਮਿੰਦਰਜੀਤ ਦੱਸਦੀ ਹੈ ਕਿ ਬਚਪਨ ਦੀਆਂ ਬਹੁਤ ਸਾਰੀਆਂ ਪਿਆਰੀਆਂ ਤੇ ਖੱਟੀਆਂ ਮਿੱਠੀਆਂ ਯਾਦਾਂ ਅੱਜ ਵੀ ਮੇਰੇ ਨਾਲ-ਨਾਲ ਤੁਰਦੀਆਂ ਰਹਿੰਦੀਆਂ ਹਨ। ਸਾਡੇ ਸਾਹਮਣੇ ਘਰ ਵਾਲਿਆਂ ਦੇ ਘਰ ਬੇਰੀ ਸੀ, ਅਸੀਂ ਰੋਜ਼ ਬੇਰ ਤੋੜਨ ਜਾਂਦੇ ਇੱਕ ਦਿਨ ਅਸੀਂ ਰੋਜ਼ਾਨਾ ਵਾਂਗ ਬੇਰ ਤੋੜਨ ਸਮੇਂ ਮੈ ਇੱਕ ਰੋੜਾ ਬੇਰੀ ਦੇ ਵੱਲ ਚਲਾਇਆ, ਜੋ ਮੇਰੇ ਨਾਲ ਦੇ ਸਾਥੀ ਦੇ ਸਿਰ ਵਿੱਚ ਵੱਜਣ ਨਾਲ ਉਹ ਲਹੂ ਲੁਹਾਨ ਹੋ ਗਿਆ ਤੇ ਸਾਡੇ ਘਰ ਉਲਾਂਭਾ ਆਉਣ ਕਰਕੇ ਘਰ ਵਿਚ ਮੇਰੀ ਚੰਗੀ ਪਰੇਡ ਹੋਈ। ਦੂਸਰੀ ਯਾਦਗਰੀ ਘਟਨਾ ਸੀ 1992 ਵਿੱਚ ਜਦ ਮੇਰੇ ਵੀਰ ਖੁਸ਼ਵੰਤ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਸਾਡੇ ਘਰ ਟੀ.ਵੀ. ਆਇਆ। ਘਰ ਪਾਪਾ ਜੀ ਸੌਂ ਰਹੇ ਹੁੰਦੇ ਸਨ ਤਾਂ ਅਸੀਂ ਉਹਨਾਂ ਤੋਂ ਚੋਰੀ ਡਰਦਿਆਂ ਡਰਦਿਆਂ, ‘ਸ਼ਕਤੀਮਾਨ’ ਟੀਵੀ ਸੀਰੀਅਲ ਵੇਖਣਾ। ਟੀ.ਵੀ. ਦੀ ਆਵਾਜ਼ ਵੀ ਬਿਲਕੁਲ ਬੰਦ ਹੁੰਦੀ ਸੀ ਤੇ ਮਨ ਵਿੱਚ ਡਰ ਵੀ ਹੁੰਦਾ ਕਿ ਜੇਕਰ ਪਾਪਾ ਜੀ ਜਾਗ ਪਏ ਤਾਂ ਸਮਝੋ ਖੈਰ ਨਹੀਂ। ਇਸੇ ਤਰ੍ਹਾਂ ਪੜ੍ਹਨ ਦੇ ਦਿਨਾਂ ਵਿੱਚ ਵੀ ਆਂਢ ਗੁਆਂਢ ਵਿੱਚ ਕੁੜੀਆਂ ਦੇ ਪੜ੍ਹਨ ਨੂੰ ਲੈਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ। ਪਰ ਇਸ ਪੱਖੋਂ ਮੇਰੇ ਪਾਪਾ ਜੀ ਨੇ ਸਾਨੂੰ ਕਦੇ ਵੀ ਪਿੱਛੇ ਨਹੀਂ ਰਹਿਣ ਦਿੱਤਾ। ਉਹਨਾਂ ਦੀ ਉੱਚੀ ਤੇ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਮੈਂ ਆਪਣੇ ਕੈਰੀਅਰ ਨੂੰ ਲੈਕੇ ਸੰਤੁਸ਼ਟ ਹਾਂ। ਉਂਝ ਪੜ੍ਹਨ ਸਮੇਂ ਪਾਪਾ ਜੀ ਵੱਲੋਂ ਇਹ ਸ਼ਰਤ ਹੁੰਦੀ ਸੀ ਕਿ ਜੇਕਰ ਘੱਟੋ ਘੱਟ 75% ਅੰਕ ਆਏੇ ਤਾਂ ਅੱਗੇ ਪੜ੍ਹਾਵਾਂਗੇ। ਮੇਰਾ ਪ੍ਰਮਾਤਮਾ ਵਿੱਚ ਪੂਰਾ ਵਿਸ਼ਵਾਸ ਹੈ ਤੇ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਂ 75%-80% ਅੰਕ ਹਾਸਿਲ ਕੀਤੇ ਹਨ।

ParminderjitKaur2ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੀ ਪ੍ਰਮਿੰਦਰਜੀਤ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਹੈ। ਭਾਵੇਂ ਉਹ ਕਵਿਤਾਵਾਂ ਸਿਰਫ ਆਪਣੇ ਲਈ ਲਿਖਦੀ ਹੈ, ਪਰ ਉਸਨੇ ਨਾਵਲਿਸਟ ਸ. ਗੁਰਦਿਆਲ ਸਿੰਘ (ਮੜ੍ਹੀ ਦਾ ਦੀਵਾ), ਨਾਨਕ ਸਿੰਘ (ਚਿੱਟਾ ਲਹੂ) ਸ਼ਿਵ ਕੁਮਾਰ ਬਟਾਲਵੀ, ਅਵਤਾਰ ਪਾਸ਼ ਅਤੇ ਸੁਰਜੀਤ ਪਾਤਰ ਵਰਗੇ ਪੰਜਾਬੀ ਸਾਹਿਤ ਦੇ ਚੋਟੀ ਦੇ ਲੇਖਕਾਂ ਤੇ ਸ਼ਾਇਰਾਂ ਨੂੰ ਪੜ੍ਹਿਆ ਅਤੇ ਮਾਣਿਆ ਹੈ। ਅਤੇ ਹੁਣ ਉਹ ਸਮਾਂ ਮਿਲੇ ਤਾਂ ‘ਅਦਬੀ ਸਾਂਝ’ ਵੀ ਪੜ੍ਹਦੀ ਹੈ।

ਪ੍ਰਮਿੰਦਰਜੀਤ ਦੇ ਅੰਦਰ ਸਮਾਜਿਕ ਸਲੀਕਾ ਤੇ ਸ਼ਿਸ਼ਟਾਚਾਰ ਅਧਿਆਪਕ ਪਿਤਾ ਸ. ਕੁਲਵੰਤ ਸਿੰਘ ਨੇ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਉਹ ਆਪਣੇ ਪਿਤਾ ਜੀ ਸ. ਕੁਲਵੰਤ ਸਿੰਘ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਹ ਸੂਹੇ ਅੱਖਰ ਨਾਂ ਦੇ ਪੇਜ ’ਤੇ ਆਪਣੀਆਂ ਭਾਵਨਾਵਾਂ ਨੂੰ ਕਵਿਤਾਂਵਾ ਦੇ ਰੂਪ ਵਿੱਚ ਰੂਪਮਾਨ ਕਰਦੀ ਰਹਿੰਦੀ ਹੈ, ਪਰ ਇਹਨਾਂ ਨੂੰ ਛਪਣ ਲਈ ਕਿਸੇ ਮੈਗਜ਼ੀਨ ਜਾਂ ਅਖਬਾਰ ਵਗੈਰਾ ਨੂੰ ਨਹੀਂ ਭੇਜਦੀ।

ਪੁਲਿਸ ਵਿਭਾਗ ਵਿੱਚ ਆਪਣੇ ਦਾਖਲੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਪ੍ਰਮਿੰਦਰਜੀਤ ਦੱਸਦੀ ਹੈ ਕਿ ਉਦੋਂ ਐੱਸ.ਐੱਸ.ਪੀ ਆਫਿਸ ਬਰਨਾਲਾ, ਅਨਾਜ ਮੰਡੀ ਕੋਲ ਹੁੰਦਾ ਸੀ। ਮੇਰੇ ਨਾਲ ਮੇਰੇ ਪਿਤਾ ਜੀ ਤੇ ਪਰਿਵਾਰ ਵਾਲੇ ਆਏ ਸਨ। ਸਾਨੂੰ ਸਾਰਾ ਦਿਨ ਬਿਠਾਈ ਰੱਖਿਆ। ਮੈਨੂੰ ਬੜਾ ਬੁਰਾ ਮਹਿਸੂਸ ਹੋਇਆ ਕਿ ਮੇਰੇ ਕਰਕੇ ਮੇਰੇ ਪੇਰੈਂਟਸ ਨੂੰ ਵੀ ਖੱਜਲ ਖੁਆਰ ਹੋਣਾ ਪਿਆ। ਪਰ ਉਸ ਸਮੇਂ ਮੈਂ ਬੇਵੱਸ ਸੀ, ਅਗਲੇ ਹਫਤੇ ਮੇਰੀ ਜੁਆਨਿੰਗ ਹੋਈ। ਪ੍ਰਮਿੰਦਰਜੀਤ ਬੜੇ ਮਾਣ ਨਾਲ ਦੱਸਦੀ ਹੈ ਕਿ ਹੁਣ ਤਾਂ ਮੇਰੇ ਛੋਟੇ-ਛੋਟੇ ਭਤੀਜੇ ਵੀ ਆਪਣੇ ਸਾਥੀਆਂ ਨੂੰ ਕੁੱਟਣਾ ਆਪਣਾ ਅਧਿਕਾਰ ਸਮਝਦੇ ਹਨ ਕਿ ਸਾਡੀ ਭੂਆ ਜੀ ਠਾਣੇਦਾਰ ਲੱਗੀ ਹੋਈ ਆ। ਪੁਲਿਸ ਵਰਦੀ ਕਰਕੇ ਲੋਕਾਂ ਤੋਂ ਸਤਿਕਾਰ ਵੀ ਬਹੁਤ ਜ਼ਿਆਦਾ ਮਿਲਦਾ ਹੈ। ਪਰ ਮਹਿਕਮੇ ਵਿੱਚ ਮੈਨੂੰ ਫਰੈਂਡ ਸਰਕਲ ਦੀ ਬਹੁਤ ਵੱਡੀ ਸਮੱਸਿਆ ਹੈ। ਮੈਂ ਇੱਥੇ ਇੱਕਲੀ ਹਾਂ। ਕੰਸਟੇਬਲ ਕੁੜੀਆਂ ਮੈਥੋਂ ਦੂਰ ਬਹਿੰਦੀਆਂ ਨੇ। ਦੂਸਰੀ ਗੱਲ ਵਿਭਾਗ ਵਿੱਚ ਦਿਮਾਗੀ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹੈ। ਸਾਰਾ ਸਾਰਾ ਦਿਨ ਮੈਨੇਜ ਕਰਦਿਆਂ ਦਾ ਲੰਘ ਜਾਂਦਾ ਹੈ। ਹਰ ਇੱਕ ਮਾਮਲੇ ਵਿੱਚ ਸਬੰਧਿਤ ਵਿਅਕਤੀ ਦੇ ਕੈਰੀਅਰ ਦਾ ਸਵਾਲ ਸਾਹਮਣੇ ਹੁੰਦਾ ਹੈ।

ਭਵਿੱਖ ਵਾਰੇ ਪੁੱਛੇ ਜਾਣ ’ਤੇ ਪ੍ਰਮਿੰਦਰਜੀਤ ਨੇ ਦੱਸਿਆ ਕਿ ਉਹਨਾਂ ਨੂੰ ਅਜਿਹੇ ਜੀਵਨ ਸਾਥੀ ਦੀ ਲੋੜ ਹੈ ਜੋ ਇੱਜ਼ਤ ਕਰਨ ਵਾਲਾ ਹੋਵੇ। ਗੱਲ ਸੁਣਨ ਵਾਲਾ ਹੋਵੇ ਅਤੇ ਭਾਵਨਾਵਾਂ ਦੀ ਕਦਰ ਕਰਨ ਵਾਲਾ ਹੋਵੇ। ਘੱਟੋ-ਘੱਟ ਪੁਲਿਸ ਵਿਭਾਗ ਬਾਰੇ ਮਾੜਾ ਬੋਲਣ ਵਾਲਾ ਨਾ ਹੋਵੇ। ਹਾਂ, ਨੌਕਰੀ ਤਾਂ ਉੱਨੀ ਇੱਕੀ ਚੱਲ ਸਕਦੀ ਹੈ। ਮੇਰਾ ਸੁਫਨਾ ਹੈ ਕਿ ਸਮਾਜ ਔਰਤ ਦੀ ਇੱਜ਼ਤ ਦਾ ਸਤਿਕਾਰ ਕਰਨ ਵਾਲਾ ਹੋਏ। ਹਾਲੇ ਵੀ ਸਮਾਜ ਵਿੱਚ ਔਰਤ ਦੀ ਸੇਫਟੀ ਦੀ ਗਰੰਟੀ ਨਹੀਂ। ਇਸ ਲਈ ਔਰਤ ਨੂੰ ਖੁਦ ਵੀ ਜਾਗਰਿਤ ਹੋਣਾ ਪਵੇਗਾ। ਪੁਲਿਸ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਸਬੰਧੀ ਪ੍ਰਮਿੰਦਰਜੀਤ ਨੇ ਖੁੱਲ੍ਹੇ ਦਿਲ ਨਾਲ ਮੰਨਿਆ ਕਿ ਭ੍ਰਿਸ਼ਟਾਚਾਰ ਇਕੱਲੇ ਪੁਲਿਸ ਵਿਭਾਗ ਵਿੱਚ ਹੀ ਨਹੀਂ, ਸਗੋਂ ਦੂਸਰੇ ਵਿਭਾਗਾਂ ਤੋਂ ਇਲਾਵਾ ਪੂਰੇ ਸਮਾਜ ਅੰਦਰ ਇੰਨਾ ਜ਼ਿਆਦਾ ਡੂੰਘਾ ਘਰ ਕਰ ਗਿਆ ਹੈ ਕਿ ਇਸਦੇ ਸੁੰਕਮਲ ਸਫਾਏ ਲਈ ਸਭ ਨੂੰ ਬਣਦਾ ਸਹਿਯੋਗ (ਯੋਗਦਾਨ) ਕਰਨਾ ਚਾਹੀਦਾ ਹੈ। ਇੱਥੇ ਤਾਂ ਕੁਰਸੀ ਲਈ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਅਖੇ ਜੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਪਰ ਕੁਰਸੀ ਨੀ ਜਾਣ ਦੇਣੀ। ਜਿੰਦਗੀ ਦੇ ਅਣਬੁੱਝੇ ਸਵਾਲ ਦੇ ਜਵਾਬ ਵਿੱਚ ਉਹ ਦੱਸਦੀ ਹੈ ਕਿ ਮੈਂ ਉਸ ਮੰਜ਼ਿਲ ’ਤੇ ਪਹੁੰਚਣਾ ਹੈ ਕਿ ਮੈਨੂੰ ਸ. ਕੁਲਵੰਤ ਸਿੰਘ ਦੀ ਬੇਟੀ ਪ੍ਰਮਿੰਦਰਜੀਤ ਦੀ ਬਜਾਏ ਮੇਰੀ ਆਪਣੀ ਐਨੀ ਪਹਿਚਾਣ ਹੋਵੇ ਕਿ ਜ਼ਮਾਨਾ ਜਾਣੇ ਕਿ ਉਸ ਪ੍ਰਮਿੰਦਰਜੀਤ ਦੇ ਪਾਪਾ ਜੀ ਨੇ ਇਹ ਕੁਲੰਵਤ ਸਿੰਘ। ਆਖਿਰ ਵਿੱਚ ਪ੍ਰਮਿੰਦਰਜੀਤ ਇਹ ਵੀ ਮਹਿਸੂਸ ਕਰਦੀ ਹੈ ਕਿ ਸਾਨੂੰ ਆਪਣਾ ਪਿਛੋਕੜ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਜਿਹੜਾ ਵੀ ਇਨਸਾਨ ਆਪਣਾ ਪਿਛੋਕੜ ਹਮੇਸ਼ਾ ਯਾਦ ਰੱਖਦਾ ਹੈ ਉਹ ਕਦੇ ਵੀ ਗਲਤ ਕੰਮ ਨਹੀਂ ਕਰਦਾ।

*****

(730)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਰਾਏਸਰ

ਅਵਤਾਰ ਸਿੰਘ ਰਾਏਸਰ

Editor: Adbi Sanjh
Raisar, Barnala, Punjab, India.
Phone: (91 - 98143 - 21087)
Email: (adbisanjh99@gmail.com)