MohanSharma7“ਇਹ ਨਸ਼ਿਆਂ ਦੀ ਅੱਗ ਤਾਂ ਥਾਂ-ਥਾਂ ਲੱਗੀ ਪਈ ਹੈ। ਕਿਹਨੂੰ-ਕਿਹਨੂੰ ਸਮਝਾਈਏ ...”
(12 ਜੂਨ 2017)

 

ਅੰਦਾਜ਼ਨ ਪਿਛਲੇ 10 ਵਰ੍ਹਿਆਂ ਤੋਂ ਮੈਂ ਨਸ਼ਿਆਂ ਵਿਰੁੱਧ ਫਰੰਟ ਬਣਾ ਕੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਯਤਨਸ਼ੀਲ ਹਾਂ। ਇਹ ਫਰੰਟ ਸਮਾਜ ਦੇ ਮੱਥੇ ’ਤੇ ਨਸ਼ਿਆਂ ਰੂਪੀ ਜੰਮੀ ਧੂੜ ਨੂੰ ਭਾਵੇਂ ਪੂਰੀ ਤਰ੍ਹਾਂ ਧੋਣ ਵਿਚ ਤਾਂ ਸਫਲ ਨਹੀਂ ਹੋ ਸਕਿਆ, ਪਰ ਬਹੁਤ ਹੱਦ ਤੱਕ ਸਮਾਜ ਚਿੰਤਕ, ਅਧਿਆਪਕ, ਪੱਤਰਕਾਰ ਅਤੇ ਪੰਚਾਂ-ਸਰਪੰਚਾਂ ਨੇ ਨਿੱਜੀ ਤੌਰ ’ਤੇ ਮਿਲ ਕੇ, ਟੈਲੀਫੋਨ ਸੰਦੇਸ਼ਾਂ ਅਤੇ ਹੋਰ ਸਾਧਨਾਂ ਰਾਹੀਂ ਖੁੱਲ੍ਹੇ ਤੌਰ ’ਤੇ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਸੰਗਰੂਰ ਤੋਂ ਸ਼ੁਰੂ ਹੋਈ ਇਹ ਮੁਹਿੰਮ ਪਹਿਲਾਂ ਸਮੁੱਚੇ ਜ਼ਿਲ੍ਹੇ ਵਿਚ ਅਤੇ ਫਿਰ ਪੰਜਾਬ ਵਿਚ ਫੈਲ ਗਈ। ਮੇਰਾ ਨਿੱਜੀ ਅਨੁਭਵ ਹੈ ਕਿ ਕੋਈ ਵੀ ਸਮਾਜਿਕ ਤਬਦੀਲੀ ਉੰਨੀ ਦੇਰ ਤੱਕ ਸੰਭਵ ਹੀ ਨਹੀਂ ਜਿੰਨੀ ਦੇਰ ਤੱਕ ਲੋਕਾਂ ਦਾ ਭਰਵਾਂ ਸਹਿਯੋਗ ਪ੍ਰਾਪਤ ਨਹੀਂ ਹੁੰਦਾ। ਕਿਸੇ ਵੀ ਉਸਾਰੂ ਨੀਤੀ ਨੂੰ ਲਾਗੂ ਕਰਨ ਲਈ ਸਰਕਾਰ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਲੋਕਾਂ ਦੇ ਸਹਿਯੋਗ ਦਾ ਸੁਮੇਲ ਅਤਿਅੰਤ ਜਰੂਰੀ ਹੈ। ਨਸ਼ਿਆਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ, ਲੋਕਾਂ ਨੂੰ ਨਸ਼ਿਆਂ ਦੇ ਸਰੀਰਕ, ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਨਸ਼ਿਆਂ ਰੂਪੀ ਦੈਂਤ ਦਾ ਟਾਕਰਾ ਕਰਨ ਲਈ ਪਬਲਿਕ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਨਾ ਵੀ ਅਤਿਅੰਤ ਜ਼ਰੂਰੀ ਹੈ। ਦੂਜੇ ਪਾਸੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਵੀ ਲੋੜ ਹੈ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ ਦੀ ਅਸਲ ਪੂੰਜੀ ਹੈ। ਆਪਣੀ ਇਸ ਪੂੰਜੀ ਨੂੰ ਸੰਭਾਲਣ ਲਈ ਮਾਪਿਆਂ ਦਾ ਰੋਲ ਮਾਡਲ ਬਣਨਾ ਅਤਿਅੰਤ ਜ਼ਰੂਰੀ ਹੈ। ਦੋਨਾਂ ਪੱਖਾਂ ਨੂੰ ਲੈ ਕੇ ਅਸੀਂ ਜਿੱਥੇ ਵਿਦਿਆਰਥੀ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਸਕੂਲਾਂ-ਕਾਲਜਾਂ ਵਿਚ ਜਾ ਕੇ ਦੇ ਰਹੇ ਹਾਂ, ਉੱਥੇ ਹੀ ਪਿੰਡਾਂ ਦੀਆਂ ਸੱਥਾਂ ਵਿਚ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਯਤਨਸ਼ੀਲ ਹਾਂ।

ਇਸ ਤਰ੍ਹਾਂ ਹੀ ਇਕ ਸੰਸਥਾ ਵਿਚ ਜਾਣ ਦਾ ਮੌਕਾ ਮਿਲਿਆ। ਉੱਥੋਂ ਦੀ ਸੰਸਥਾ ਦੇ ਇਕ ਅਧਿਆਪਕ ਨੇ ਚਿੰਤਾਤੁਰ ਲਹਿਜ਼ੇ ਵਿਚ ਕਿਹਾ, ਸਰ, ਤੁਸੀਂ ਦੱਸੋ, ਅਸੀਂ ਕਿੱਧਰ ਨੂੰ ਜਾਈਏ? ਇੱਥੇ ਤਾਂ ਆਵਾ ਈ ਊਤਿਆ ਪਿਆ ਹੈ।” ਪਿੰਡ ਦਾ ਸਰਪੰਚ ਆਪਣੇ ਪੰਚਾਇਤ ਮੈਂਬਰਾਂ ਨੂੰ ਲੈ ਕੇ ਮੀਟਿੰਗਾਂ ਹੀ ਸਕੂਲ ਵਿਚ ਕਰਦਾ ਹੈ। ਮੀਟਿੰਗ ਤੋਂ ਬਾਅਦ ਦੋ ਲੇਡੀਜ਼ ਪੰਚ ਤਾਂ ਆਪਣੇ ਘਰਾਂ ਨੂੰ ਤੁਰ ਜਾਂਦੀਆਂ ਨੇ, ਪਰ ਸਰਪੰਚ ਦੂਜੇ ਮੈਂਬਰਾਂ ਨੂੰ ਸਕੂਲ ਦੇ ਕਮਰੇ ਵਿਚ ਬਿਠਾ ਕੇ ਹੀ ਦਾਰੂ ਪਿਆਲਾ ਪੀਣ ਲੱਗ ਜਾਂਦਾ ਹੈ। ਪਹਿਲੇ ਹੈੱਡ ਮਾਸਟਰ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਸੀ ਤਾਂ ਇਨ੍ਹਾਂ ਨੇ ਆਪਣਾ ਅਸਰਰਸੂਖ ਵਰਤ ਕੇ ਉਸ ਦੀ ਦੂਰ-ਦੁਰਾਡੇ ਬਦਲੀ ਕਰਵਾ ਦਿੱਤੀ। ਹੁਣ ਵਾਲਾ ਹੈੱਡ ਮਾਸਟਰ ਰਿਟਾਇਰਮੈਂਟ ਦੇ ਨੇੜੇ ਬੈਠਾ ਹੈ। ਉਹ ਇਨ੍ਹਾਂ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ। ਬੱਸ, ਜੇ ਅਸੀਂ ਹੈੱਡ ਮਾਸਟਰ ਕੋਲ ਜਾ ਕੇ ਰੋਸ ਪ੍ਰਗਟ ਕਰਦੇ ਹਾਂ ਤਾਂ ਉਹ ਵਿਦਿਆਰਥੀਆਂ ਨੂੰ ਅੱਧੀ ਛੂੱਟੀ ਵੇਲੇ ਸਾਰੀ ਛੁੱਟੀ’ ਕਰ ਦਿੰਦਾ ਹੈ। ਬੱਚੇ ਖੁਸ਼ੀ ਵਿਚ ਕਿਲਕਾਰੀਆਂ ਮਾਰਦੇ ਘਰਾਂ ਨੂੰ ਤੁਰ ਜਾਂਦੇ ਨੇ। ਮਾਸੂਮ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ।”

ਫਿਰ ਉਸ ਅਧਿਆਪਕ ਨੇ ਭਰੇ ਮਨ ਨਾਲ ਦੱਸਿਆ,ਤੁਹਾਡੇ ਵਾਂਗ ਮੈਂ ਵੀ ਚਾਹੁੰਦਾ ਹਾਂ ਕਿ ਵਿਦਿਆਰਥੀਆਂ ਤੱਕ ਨਸ਼ੇ ਦਾ ਸੇਕ ਨਾ ਪਹੁੰਚੇ। ਪਿੰਡ ਦੇ ਸਰਪੰਚ ਦੀ ਸ਼ਰਾਬ ਦੇ ਠੇਕੇਦਾਰ ਨਾਲ ਵੀ ਗੰਢ-ਤੁੱਪ ਹੈ। ਸਰਪੰਚ ਜਿੱਥੇ ਠੇਕੇਦਾਰ ਦੀ ਸਮੇਂ-ਸਮੇਂ ਸਿਰ ਸਿੱਧੀ-ਅਸਿੱਧੀ ਮਦਦ ਕਰਦਾ ਹੈ, ਉੱਥੇ ਹੀ ਠੇਕੇਦਾਰ ਸਰਪੰਚ ਨੂੰ ਆਪਸੀ ਸਮਝੌਤੇ’ ਅਨੁਸਾਰ ਲਾਗਤ ਮੁੱਲ ਤੇ ਵਧੀਆ ਸ਼ਰਾਬ ਭੇਜ ਦਿੰਦਾ ਹੈ। ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਉਹ ਆਪਣੇ ਖਾਸ ਬੰਦਿਆਂ ਨੂੰ ਵਧੀਆ ਸ਼ਰਾਬ ਦੇਣ ਲਈ ਪਰਚੀਆਂ ਵੀ ਲਿਖ ਕੇ ਦਿੰਦਾ ਹੈ। ਅਗਾਂਹ ਉਹ ਬੰਦੇ ਆਪ ਠੇਕੇ ’ਤੇ ਜਾਣ ਦੀ ਥਾਂ ਆਪਣੇ ਪੁੱਤਾਂ ਨੂੰ ਜਿਹੜੇ ਨੌਵੀਂ ਦਸਵੀਂ ਦੇ ਵਿਦਿਆਰਥੀ ਨੇ, ਪਰਚੀਆਂ ਦੇ ਕੇ ਸ਼ਰਾਬ ਦੇ ਠੇਕੇ ਤੇ ਭੇਜਦੇ ਨੇ। ਇੰਝ ਮਾਪੇ ਆਪਣੇ ਪੁੱਤਾਂ ਦੇ ਹੱਥਾਂ ਵਿਚ ਸ਼ਰਾਬ ਦੀਆਂ ਬੋਤਲਾਂ ਫੜਾਉਣ ਲਈ ਜ਼ਿੰਮੇਵਾਰ ਬਣ ਜਾਂਦੇ ਨੇ। ਜਿਹੜੇ ਮੁੰਡੇ ਆਪਣੇ ਬਾਪ ਨੂੰ ਜਵਾਬ ਦੇ ਦਿੰਦੇ ਨੇ, ਉਨ੍ਹਾਂ ਨੂੰ ਘੂਰ ਕੇ ਬੋਤਲਾਂ ਮੰਗਵਾਉਂਦੇ ਨੇ। ਭਾਵੇਂ ਮਾਵਾਂ ਵਿਰੋਧ ਕਰਦੀਆਂ ਨੇ ਪਰ ਉਹ ਵਿਚਾਰੀਆਂ ਵੀ ਬੇਬਸ ਹੋ ਜਾਂਦੀਆਂ ਨੇ। ਕਈ ਵਿਦਿਆਰਥੀ ਬਹੁਤ ਹੀ ਉਦਾਸ ਹੋ ਕੇ ਸਾਨੂੰ ਇਹ ਗੱਲਾਂ ਦੱਸਦੇ ਨੇ। ਅਜਿਹੀ ਹਾਲਤ ਤੇ ਰੋਣਾ ਨਿੱਕਲ ਜਾਂਦਾ ਹੈ। ਤੁਸੀਂ ਸਾਡੇ ਨਾਲ ਖੜ੍ਹੋ ਜੀ। ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ।”

ਅਧਿਆਪਕ ਸੱਚ-ਮੁੱਚ ਹੀ ਵਿਦਿਆਰਥੀਆਂ ਦੇ ਭਵਿੱਖ ਬਾਰ ਉਦਾਸ ਸੀ। ਅਧਿਆਪਕ ਨੂੰ ਸਾਡੀ ਟੀਮ ਵੱਲੋਂ ਇਸ ਤਰ੍ਹਾਂ ਦੀ ਚਿੰਤਾ ਕਰਨ ਲਈ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਹੀ ਬਹੁਤ ਛੇਤੀ ਇਸ ਸਮੱਸਿਆ ਦੇ ਹੱਲ ਲਈ ਯਤਨ ਕਰਨ ਦਾ ਯਕੀਨ ਦਿਵਾਇਆ। ਉਸ ਸੰਸਥਾ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਉਪਰੰਤ ਸਕੂਲ ਵਿੱਚੋਂ ਬਾਹਰ ਆ ਕੇ ਅਸੀਂ ਕੁਝ ਦੇਰ ਬਾਹਰ ਖੜ੍ਹੇ ਵਿਉਂਤਬੰਦੀ ਕਰਦੇ ਰਹੇ। ਭਾਵੇਂ ਸਾਡੀ ਪੰਜ ਮੈਂਬਰਾਂ ਦੀ ਟੀਮ ਦੇ ਆਪਣੇ ਆਪਣੇ ਹੋਰ ਰੁਝੇਵੇਂ ਸਨ ਪਰ ਵਿਦਿਆਰਥੀਆਂ ਅਤੇ ਲੋਕਾਂ ਦੀ ਨਸ਼ਿਆਂ ਦੀ ਮਹਾਂਮਾਰੀ ਸਾਹਮਣੇ ਬਾਕੀ ਰੁਝੇਵੇਂ ਤੁੱਛ ਜਿਹੇ ਲੱਗੇ। ਅਸੀਂ ਉੱਥੇ ਖੜ੍ਹਿਆਂ ਹੀ ਸਰਪੰਚ ਨਾਲ ਮੋਬਾਇਲ ਤੇ ਮਿਲਣ ਦੀ ਇੱਛਾ ਪ੍ਰਗਟ ਕੀਤੀ। ਉਸ ਦੇ ਹਾਂ ਪੱਖੀ ਹੁੰਗਾਰੇ ਉਪਰੰਤ ਅਸੀਂ ਸਰਪੰਚ ਦੇ ਘਰ ਵੱਲ ਚਾਲੇ ਪਾ ਦਿੱਤੇ। ਰਾਹ ਵਿਚ ਮੇਰੇ ਸਾਥੀ ਡਾ. ਏ.ਐੱਸ. ਮਾਨ ਨੇ ਕਿਹਾ ਕਿ ਗੱਲਬਾਤ ਮੈਂ ਸ਼ੁਰੂ ਕਰਾਂਗਾ ਅਤੇ ਬਾਅਦ ਵਿਚ ਅਗਲੀ ਗੱਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਮੇਰੇ ’ਤੇ ਸੁੱਟ ਦਿੱਤੀ ਅਤੇ ਨਾਲ ਹੀ ਫੈਸਲਾ ਹੋਇਆ ਕਿ ਦਲੀਲ ਨਾਲ ਗੱਲ ਕਰਦਿਆਂ ਸੁਖਾਵਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨੀ ਹੈ। ਜੇ ਸਰਪੰਚ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ ਅਤੇ ਆਪਣੀ ਜ਼ਿੱਦ ’ਤੇ ਕਾਇਮ ਰਿਹਾ ਤਾਂ ਹੋਰ ਕੋਈ ਢੁੱਕਵਾਂ ਕਦਮ ਚੁੱਕਣ ਲਈ ਅਗਲੀ ਰਣਨੀਤੀ ’ਤੇ ਬੈਠ ਕੇ ਵਿਚਾਰ ਕਰ ਲਿਆ ਜਾਵੇਗਾ।

ਜਦੋਂ ਅਸੀਂ ਸਰਪੰਚ ਦੇ ਘਰ ਗਏ, ਉਸ ਨੇ ਸਵਾਗਤੀ ਬੋਲਾਂ ਨਾਲ ਸਾਨੂੰ ਜੀ ਆਇਆਂ ਨੂੰ’ ਕਿਹਾ। ਚਾਹ ਆ ਗਈ। ਚਾਹ ਦਾ ਪਹਿਲਾ ਘੁੱਟ ਭਰਦਿਆਂ ਹੀ ਮੇਰੇ ਸਾਥੀ ਡਾ. ਮਾਨ ਨੇ ਬੜੀ ਨਿਮਰਤਾ ਨਾਲ ਗੱਲ ਛੇੜੀ,ਸਰਪੰਚ ਸਾਹਿਬ, ਤੁਹਾਡੇ ਕੋਲੋਂ ਖੈਰ ਮੰਗਣ ਆਏ ਹਾਂ।

“ਦੱਸੋ, ਜਿੰਨੇ ਜੋਗਾ ਹਾਂ, ਹਾਜ਼ਰ ਹਾਂ। ਸਰਪੰਚ ਉਸ ਵੇਲੇ ਇਹ ਸਮਝ ਗਿਆ ਸੀ ਕਿ ਕਿਸੇ ਪ੍ਰੋਗਰਾਮ ਲਈ ਮਾਇਆ ਦਾ ਦਾਨ’ ਮੰਗਣ ਆਏ ਨੇ। ਉਸ ਵੇਲੇ ਮੈਂ ਗੱਲ ਨੂੰ ਅਗਾਂਹ ਤੋਰਿਆ,ਸਰਪੰਚ ਸਾਹਿਬ, ਅਸੀਂ ਤੁਹਾਡੇ ਅਤੇ ਇਸ ਪਿੰਡ ਦੇ ਦਿਲੀ ਹਮਦਰਦ ਹਾਂ ਤੁਸੀਂ ਪਿੰਡ ਦੇ ਮੁਖੀ ਹੋ। ਤੁਹਾਡੇ ਵੱਲੋਂ ਕੀਤੇ ਕੰਮਾਂ ਨਾਲ ਇਸ ਪਿੰਡ ਦਾ ਇਤਿਹਾਸ ਬਣਨਾ ਹੈ। ਸਿਰਫ ਪਿੰਡ ਦੀ ਸੱਥ ਵਿਚ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਤੁਹਾਡੇ ਕੀਤੇ ਕਰਮਾਂ ਦੀ ਚੰਗੀ ਖੁਸ਼ਬੂ ਫੈਲਣੀ ਹੈ, ਪਰ ...।”

“ਪਰ ਕੀ ...? ਸਰਪੰਚ ਦੇ ਬੋਲਾਂ ਵਿਚ ਥੋੜ੍ਹੀ ਜਿਹੀ ਤਲਖ਼ੀ ਸੀ।

“ਸਰਪੰਚ ਸਾਹਿਬ, ਮੇਰੇ ਸਾਥੀ ਨੇ ਸ਼ੁਰੂ ਵਿਚ ਹੀ ਝੋਲੀ ਅੱਡ ਕੇ ਤੁਹਾਡੇ ਕੋਲੋਂ ਇਸ ਪਿੰਡ ਦੀ ਹੀ ਖ਼ੈਰ ਮੰਗੀ ਹੈ। ਨਸ਼ਿਆਂ ਕਾਰਨ ਆਲੇ-ਦੁਆਲੇ ਪਿੰਡ ਦੀ ਤੋਏ-ਤੋਏ ਹੋ ਰਹੀ ਹੈ। ਉਸ ’ਤੇ ਵਿਚਾਰ ਕਰਨ ਲਈ ਅਸੀਂ ਤੁਹਾਡੇ ਕੋਲ ਆਏ ਹਾਂ।”

ਆਪਣੇ ਵੱਲੋਂ ਤਾਂ ਅਸੀਂ ਬਥੇਰਾ ਲੋਕਾਂ ਨੂੰ ਸਮਝਾਉਂਦੇ ਹਾਂ, ਪਰ ਇਹ ਨਸ਼ਿਆਂ ਦੀ ਅੱਗ ਤਾਂ ਥਾਂ-ਥਾਂ ਲੱਗੀ ਪਈ ਹੈ। ਕਿਹਨੂੰ-ਕਿਹਨੂੰ ਸਮਝਾਈਏ, ਆਵਾ ਈ ਊਤਿਆ ਪਿਐ।”

“ਸਰਪੰਚ ਸਾਹਿਬ, ਦੋ ਕੰਮ ਤੁਹਾਡੇ ਕਰਨ ਜੋਗੇ ਨੇ, ਪਹਿਲਾਂ ਤੁਸੀਂ ਸ਼ੁਰੂ ਕਰੋ।”

“ਦੱਸੋ ...? ਸਰਪੰਚ ਹੁਣ ਕਾਫੀ ਗੰਭੀਰ ਲੱਗ ਰਿਹਾ ਸੀ।

“ਤੁਸੀਂ ਪਿੰਡ ਦੇ ਸਕੂਲ ਵਿਚ ਮੀਟਿੰਗ ਕਰਦੇ ਹੋ, ਮੀਟਿੰਗ ਕਰਨ ਬਾਅਦ ਦਾਰੂ ਸਿੱਕਾ ਵੀ ਚਲਦਾ ਹੈ। ਵਿਦਿਆਰਥੀ ਤੁਹਾਡੀ ਮਾੜੀ-ਮਾੜੀ ਹਰਕਤ ਨੂੰ ਨੋਟ ਕਰਦੇ ਨੇ। ਕਈ ਵਾਰੀ ਹੈੱਡ ਮਾਸਟਰ ਇਸ ਕਰਕੇ ਛੁੱਟੀ ਕਰ ਦਿੰਦਾ ਹੈ ਕਿ ਤੁਹਾਨੂੰ ਸ਼ਰਾਬ ਪੀਂਦਿਆਂ ਵੇਖ ਕੇ ਬੱਚਿਆਂ ’ਤੇ ਬੁਰਾ ਅਸਰ ਨਾ ਪਵੇ। ਭਲਾ ਇਹ ਕਿਵੇਂ ਹੋ ਸਕਦਾ ਹੈ ਕਿ ਵਿਦਿਆਰਥੀ ਤੁਹਾਡੀਆਂ ਹਰਕਤਾਂ ਦੀ ਨਕਲ ਨਾ ਕਰਨ? ਇਸ ਉਮਰ ਦੀ ਪੀੜ੍ਹੀ ਸੁਣਨ ਸੁਣਾਉਣ ਵਿਚ ਯਕੀਨ ਨਹੀਂ ਕਰਦੀ, ਸਗੋਂ ਨਕਲ ਕਰਨ ਵਿਚ ਯਕੀਨ ਕਰਦੀ ਹੈ। ਤੁਹਾਡੇ ਸਮੇਤ ਪੰਚਾਇਤ ਮੈਂਬਰਾਂ ਦੇ ਸਕੂਲ ਵਿਚ ਸ਼ਰਾਬ ਪੀਣ ਨਾਲ ਅਧਿਆਪਕ ਅਤੇ ਵਿਦਿਆਰਥੀ ਦੋਨੋਂ ਹੀ ਮਾਨਸਿਕ ਤੌਰ ’ਤੇ ਰੋਗੀ ਹੋ ਰਹੇ ਹਨ ਅਤੇ ਵਿਦਿਆਰਥੀ ਹੱਥਾਂ ਵਿੱਚੋਂ ਵੀ ਨਿੱਕਲ ਰਹੇ ਹਨ।” ਸਰਪੰਚ ਦੇ ਚਿਹਰੇ ’ਤੇ ਮੈਂ ਤੈਰਦੀ ਜਿਹੀ ਨਜ਼ਰ ਸੁੱਟੀ, ਉਹਦੇ ਚਿਹਰੇ ਉੱਤੇ ਤਣਾਉ ਅਤੇ ਗੰਭੀਰਤਾ ਦੀਆਂ ਰਲਵੀਆਂ ਮਿਲਵੀਆਂ ਲਕੀਰਾਂ ਉੱਭਰ ਆਈਆਂ।

“ਲੱਗਦੇ ਹੱਥ, ਦੂਜਾ ਕੰਮ ਵੀ ਦੱਸ ਦਿਉ?

ਹਾਂ, ਸਰਪੰਚ ਸਾਹਿਬ, ਦੂਜਾ ਕੰਮ ਵੀ ਪਿੰਡ ਦੇ ਭਵਿੱਖ ਦੇ ਨਾਲ ਨਾਲ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਤੁਸੀਂ ਵਧੀਆ ਸ਼ਰਾਬ ਲਿਆਉਣ ਲਈ ਪਿੰਡ ਦੇ ਬੰਦਿਆਂ ਨੂੰ ਜਿਹੜੀਆਂ ਪਰਚੀਆਂ ਦਿੰਦੇ ਹੋ, ਉਹ ਅਗਾਂਹ ਉਨ੍ਹਾਂ ਪਰਚੀਆਂ ’ਤੇ ਵਧੀਆ ਸ਼ਰਾਬ ਮੰਗਵਾਉਣ ਲਈ ਆਪਣੇ ਪੁੱਤਰਾਂ ਨੂੰ ਭੇਜਦੇ ਨੇ। ਜੇ ਉਹ ਬਾਗੀ ਹੋ ਕੇ ਨਹੀਂ ਜਾਂਦੇ ਜਾਂ ਮਾਂ ਮੁੰਡੇ ਦੇ ਹੱਕ ਵਿੱਚ ਖੜ੍ਹਦੀ ਹੈ ਤਾਂ ਘਰ ਵਿਚ ਖੌਰੂ ਪੈਂਦਾ ਹੈ। ਨੌਵੀਂ ਦਸਵੀਂ ਵਿਚ ਪੜ੍ਹਦੇ ਨਾਬਾਲਿਗ ਮੁੰਡਿਆਂ ਦਾ ਠੇਕੇ ਤੋਂ ਸ਼ਰਾਬ ਖਰੀਦਣਾ ਜ਼ੁਰਮ ਹੈ ਅਤੇ ਜ਼ੁਰਮ ਸਿੱਧੇ- ਅਸਿੱਧੇ ਤਰੀਕੇ ਨਾਲ ਤੁਹਾਡੇ ਰਾਹੀਂ ਹੋ ਰਿਹਾ ਹੈ। ਅੱਲੜ੍ਹ ਉਮਰ ਦੇ ਮੁੰਡੇ ਦਾਰੂ ਦਾ ਸੇਵਨ ਵੀ ਕਰਨ ਲੱਗ ਪਏ ਨੇ ਇਸ ਤਰੀਕੇ ਨਾਲ ਗਿਆਨ ਦੀਆਂ ਅੱਖਾਂ ਬੰਦ ਹੋ ਰਹੀਆਂ ਨੇ ਅਤੇ ਜ਼ੁਰਮ ਦੀਆਂ ਅੱਖਾਂ ਖੁੱਲ੍ਹ ਰਹੀਆਂ ਨੇ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦੇ ਮੁੰਡੇ ਸ਼ਰਾਬਾਂ ਪੀ ਕੇ ਲੜਾਈ ਝਗੜੇ ਕਰਨ ਅਤੇ ਸਾਡੀਆਂ ਧੀਆਂ ਪੈਣਾਂ ’ਤੇ ਵਹਿਸ਼ੀ ਨਜ਼ਰ ਰੱਖਣ? ਮਾਂ-ਬਾਪ ਦੇ ਕਹਿਣੇ ਤੋਂ ਬਾਹਰ ਹੋ ਜਾਣ? ਚੰਗੇ ਪੁੱਤ, ਚੰਗੇ ਬਾਪ ਅਤੇ ਚੰਗੇ ਪਤੀ ਬਣਨ ਦੀ ਥਾਂ ਉਹ ਚੋਰ, ਲੁਟੇਰੇ ਬਣ ਜਾਣ? ਇਸ ਉਮਰ ਵਿਚ ਹੀ ਉਨ੍ਹਾਂ ਦੀ ਨਿਉਂ ਰੱਖੀ ਜਾਣੀ ਹੈ ਅਤੇ ਜੇ ਨਿਉਂ ਕਮਜ਼ੋਰ ਹੋ ਗਈ ਤਾਂ ਪਿੰਡ ਦੀ ਨਸਲ ਹੀ ਬਰਬਾਦ ਹੋ ਜਾਣੀ ਹੈ। ਪਿੰਡ ਦੇ ਮੁਖੀ ਹੋਣ ਦੇ ਨਾਤੇ ਸਾਰੇ ਬੱਚੇ ਤੁਹਾਡੇ ਆਪਣੇ ਨੇ ...।

ਸਰਪੰਚ ਨੇ ਮੇਰੀ ਗੱਲ ਵਿੱਚੋਂ ਹੀ ਕੱਟਦਿਆਂ ਕਿਹਾ,ਕੋਈ ਨਾ, ਮੈਨੂੰ ਦੋ ਚਾਰ ਦਿਨ ਸੋਚਣ ਦਾ ਮੌਕਾ ਦੇਵੋ। ਹੁਣ ਆਪਾਂ ਇਕ-ਇਕ ਕੱਪ ਚਾਹ ਹੋਰ ਪੀ ਲਈਏ।” ਸਰਪੰਚ ਨੇ ਗੱਲ ਦਾ ਰੁਖ ਬਦਲਣ ਲਈ ਕਿਹਾ।

ਸਰਪੰਚ ਦੇ ਘਰੋਂ ਅਸੀਂ ਸੁਖਾਵੇਂ ਮਾਹੌਲ ਵਿਚ ਪਰਤ ਆਏ। ਦੋ ਦਿਨ ਬਾਅਦ ਸਕੂਲ ਦੇ ਅਧਿਆਪਕ ਦਾ ਫੋਨ ਆਇਆ। ਉਹਦੇ ਬੋਲਾਂ ਵਿਚ ਉਤਸ਼ਾਹ ਸੀ, “ਜੀ ਅੱਜ ਸਰਪੰਚ ਆਪਣੇ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਸਕੂਲ ਵਿਚ ਆਇਆ ਸੀ। ਸਾਨੂੰ ਸਾਰਿਆਂ ਨੂੰ ਕਹਿ ਗਿਆ ਕਿ ਅੱਗੇ ਤੋਂ ਪੰਚਾਇਤ ਮੀਟਿੰਗ ਸਕੂਲ ਵਿਚ ਨਹੀਂ ਹੋਵੇਗੀ ਅਤੇ ਨਾਲ ਹੀ ਇਹ ਭਰੋਸਾ ਵੀ ਦਿੱਤਾ ਕਿ ਅਗਲੇ ਮਹੀਨੇ ਸਕੂਲ ਦੇ ਹੈੱਡ ਮਾਸਟਰ ਸਾਹਿਬ ਦੀ ਰਿਟਾਇਰਮੈਂਟ ਤੋਂ ਬਾਅਦ ਆਪਣੇ ਪੁਰਾਣੇ ਹੈੱਡ ਮਾਸਟਰ ਸਾਹਿਬ ਦੀ ਬਦਲੀ ਕਰਵਾ ਕੇ ਆਦਰ ਨਾਲ ਲੈ ਕੇ ਆਂਵਾਂਗੇ।

ਸ਼ਾਮ ਨੂੰ ਸਰਪੰਚ ਸਾਹਿਬ ਦਾ ਟੈਲੀਫੋਨ ਆ ਗਿਆ। ਉਹ ਪਸ਼ਚਾਤਾਪ ਭਰੇ ਲਹਿਜ਼ੇ ਵਿਚ ਕਹਿ ਰਿਹਾ ਸੀ ਕਿ ਤੁਸੀਂ ਕਿਸੇ ਦਿਨ ਸਾਡੇ ਪਿੰਡ ਨਸ਼ਿਆਂ ਵਿਰੁੱਧ ਪ੍ਰੋਗਰਾਮ ਰੱਖੋ। ਸਾਰੇ ਪਿੰਡ ਦਾ ਇਕੱਠ ਮੈਂ ਕਰਾਂਗਾ। ਮੈਂ ਥੋਡੇ ਨਾਲ ਚੱਟਾਨ ਦੀ ਤਰ੍ਹਾਂ ਖੜਾਂਗਾ। ਅਗਲੇ ਸਾਲ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲ੍ਹਣ ਲਈ ਪੰਚਾਇਤ ਵੱਲੋਂ ਮਤਾ ਵੀ ਪਾਇਆ ਜਾਵੇਗਾ। ਜਿਉਂਦੇ ਵਸਦੇ ਰਹੋ। ਇਉਂ ਹੀ ਹੋਕਾ ਦਿੰਦੇ ਰਹੋ, ਵਾਹਿਗੁਰੂ ਮਿਹਰ ਕਰੂਗਾ।

ਸਰਪੰਚ ਦਾ ਨਸ਼ਿਆਂ ਵਿਰੁੱਧ ਲੋਕ ਲਹਿਰ ਦਾ ਹਿੱਸਾ ਬਣਨ ਤੇ ਜੇਤੂ ਮੁਸਕਾਨ ਨਾਲ ਅਸੀਂ ਇੱਕ ਦੂਜੇ ਨੂੰ ਮੁਬਾਰਕਬਾਦ ਦੇ ਰਹੇ ਸਾਂ।

*****

(729)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author