ShamSingh7ਮਾਨਵਤਾ ਦੇ ਦੁਸ਼ਮਣੋਂਹੁਣ ਬੰਦ ਕਰੋ ਆਪਣਾ ਘਿਨਾਉਣਾ ਕਾਰੋਬਾਰ ...
(10 ਜੂਨ 2017)

 

ਘਾਤ ਲਗਾ ਕੇ ਹਮਲੇ ਕਰਨੇ, ਛੁਪ ਕੇ ਵਾਰ ਕਰਨੇ ਜਾਂ ਫੇਰ ਗੁਰੀਲਾ ਹੱਲਿਆਂ ਨੂੰ ਏਨੀ ਜਰਬ ਆ ਗਈ ਹੈ ਕਿ ਦੁਨੀਆ ਭਰ ਵਿੱਚ ਕੋਈ ਵੀ ਥਾਂ ਅਜਿਹਾ ਨਹੀਂ ਰਹਿ ਗਿਆ, ਜਿੱਥੇ ਦਹਿਸ਼ਤਗਰਦੀ ਦਾ ਡਰ ਨਾ ਹੋਵੇ। ਪਿਸਤੌਲਾਂ, ਰਫਲਾਂ ਦੀ ਗੋਲੀਬਾਰੀ ਅਤੇ ਬੰਬ ਧਮਾਕੇ ਕਰਨ ਤੋਂ ਵੀ ਅਗਾਂਹ ਹੁਣ ਮਨੁੱਖੀ ਬੰਬ ਧਮਾਕੇ ਹੋਣ ਦੀ ਗੱਲ ਆਮ ਹੋ ਗਈ ਹੈ, ਜਿਸ ਵਿੱਚ ਜਨੂੰਨ ਅਤੇ ਪੈਸਿਆਂ ਬਦਲੇ ਜਾਨ ਵਾਰਨ ਨੂੰ ਬੜੇ ਸਹਿਜ ਨਾਲ ਤਰਜੀਹ ਦਿੱਤੀ ਜਾਣ ਲੱਗ ਪਈ ਹੈ, ਜੋ ਮਨੁੱਖਤਾ ਲਈ ਖ਼ਤਰਨਾਕ ਵੀ ਹੈ ਅਤੇ ਜਾਨ-ਲੇਵਾ ਵੀ।

ਦਹਿਸ਼ਤਗਰਦੀ ਕਿਤੇ ਅੰਬਰੋਂ ਨਹੀਂ ਉੱਤਰੀ। ਇਹ ਧਰਤੀ ਦੇ ਮਨੁੱਖਾਂ ਦੀ ਸੋਚ ਅਤੇ ਇੱਕ ਦੂਜੇ ’ਤੇ ਕੀਤੇ ਜਾਂਦੇ ਹਮਲਿਆਂ ਵਿੱਚੋਂ ਹੀ ਪੈਦਾ ਹੋਈ ਹੈ, ਜਿਸ ’ਤੇ ਕਾਬੂ ਪਾਉਣਾ ਆਸਾਨ ਨਹੀਂ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕਿੱਥੇ ਭਾਣਾ ਵਰਤ ਜਾਵੇ। ਮਿੰਟਾਂ-ਸਕਿੰਟਾਂ ਵਿੱਚ ਹੀ ਉਹਨਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਜਾਂਦੀਆਂ ਹਨ, ਜਿਹੜੇ ਧਰਤੀ ਦੇ ਮਹਿਮਾਨ ਦੁਨੀਆ ਦੇ ਰੰਗ-ਰੰਗੀਲੇ ਮੇਲੇ ਵਿੱਚ ਫਿਰਦੇ ਇਸ ਤਰ੍ਹਾਂ ਦੇ ਕੋਝੇ ਵਰਤਾਰੇ ਤੋਂ ਬਾਖ਼ਬਰ ਹੀ ਨਹੀਂ ਹੁੰਦੇ। ਭੋਲੇ-ਭਾਲੇ ਬੇਖ਼ਬਰ ਲੋਕਾਂ ਨੂੰ ਮਾਰਨਾ ਕੇਵਲ ਮਨੁੱਖਤਾ ਵਿਰੁੱਧ ਅਪਰਾਧ ਹੀ ਨਹੀਂ, ਸਗੋਂ ਬਹੁਤ ਵੱਡਾ ਪਾਪ ਵੀ ਹੈ, ਜਿਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।

ਪਿਛਲੇ ਕੁਝ ਅਰਸੇ ਵਿੱਚ ਹੀ ਦਹਿਸ਼ਤਗਰਦੀ ਵਿੱਚ ਇੰਨੀਆਂ ਜਾਨਾਂ ਚਲੀਆਂ ਗਈਆਂ, ਜਿਨ੍ਹਾਂ ਦਾ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ। ਮਜ਼ਹਬਾਂ ਦੀ ਕੱਟੜਤਾ ਦੇ ਮੌਜ਼ੂ ’ਤੇ ਦੂਜਿਆਂ ਨੂੰ ਮਾਰਨਾ ਅੱਲ੍ਹਾ, ਰੱਬ ਅਤੇ ਦੁਨੀਆ ਦੇ ਸਾਈਂ ਵਿਰੁੱਧ ਵੀ ਜਹਾਦ ਹੈ, ਜਿਸ ਵੱਲੋਂ ਮਹਿਮਾਨ ਬਣਾ ਕੇ ਧਰਤੀ ’ਤੇ ਭੇਜੇ ਮਹਿਮਾਨਾਂ ਨੂੰ ਮਾਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ। ਇਹ ਕੰਮ ਉਸ ਨੇ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਹੈ, ਪਰ ਇਹ ਦਹਿਸ਼ਤਗਰਦ ਉਸ ਦੀ ਉਲੰਘਣਾ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ।

ਬਦਲੇ ਦੀ ਭਾਵਨਾ ਦਹਿਸ਼ਤਗਰਦੀ ਦਾ ਵੱਡਾ ਕਾਰਨ ਹੈ, ਜੋ ਏਨਾ ਨੁਕਸਾਨ ਕਰਦੀ ਹੈ ਕਿ ਸਹਿਣ ਕਰਨਾ ਆਸਾਨ ਨਹੀਂ ਹੁੰਦਾ। ਇਹ ਧਰਮਾਂ ਵਿੱਚ ਵੀ ਹੁੰਦਾ ਹੈ ਤੇ ਫ਼ਿਰਕਿਆਂ ਵਿੱਚ ਵੀ, ਵਰਗਾਂ ਵਿੱਚ ਵੀ, ਜਾਤ-ਪਾਤਾਂ ਵਿੱਚ ਵੀ, ਦੇਸਾਂ ਵਿੱਚ ਵੀ ਹੁੰਦਾ ਹੈ ਅਤੇ ਕੌਮਾਂ ਵਿੱਚ ਵੀ। ਜਦੋਂ ਧਰਮਾਂ ਵਾਲੇ ਇੱਕ ਦੂਜੇ ਤੋਂ ਬਦਲਾ ਲੈਂਦੇ ਹਨ ਤਾਂ ਰੱਬ ਵੀ ਸ਼ਰਮਸਾਰ ਹੁੰਦਾ ਹੋਵੇਗਾ। ਫ਼ਿਰਕਿਆਂ, ਵਰਗਾਂ ਅਤੇ ਜਾਤਾਂ-ਪਾਤਾਂ ਵਿੱਚ ਬਦਲੇ ਉਹਨਾਂ ਲੋਕਾਂ ਦੀ ਫੋਕੀ ਹਉਮੈ ਦਾ ਕਾਰਾ ਹੈ, ਜਿਨ੍ਹਾਂ ਅੰਦਰ ਅਖੌਤੀ ਉੱਚ-ਪੁਣੇ ਦੀ ਆਕੜ ਤਿਲਮਿਲਾਉਂਦੀ ਵੀ ਰਹਿੰਦੀ ਹੈ ਅਤੇ ਆਫਰੀ ਵੀ। ਜਦੋਂ ਇੱਕ ਦੇਸ ਦੂਜੇ ਦੇਸ ਤੋਂ ਬਦਲਾ ਲੈਣ ਲਈ ਕਦਮ ਉਠਾਉਂਦੇ ਹਨ ਤਾਂ ਘਾਣ ਸੰਬੰਧਤ ਦੇਸਾਂ ਦੀ ਜਨਤਾ ਦਾ ਹੁੰਦਾ ਹੈ, ਜਿਸ ਦੀ ਜ਼ਿੰਮੇਵਾਰੀ ਕੋਈ ਵੀ ਨਹੀਂ ਲੈਂਦਾ। ਜਿਹੜੇ ਦੂਰੋਂ-ਪਾਰੋਂ ਆਏ ਜ਼ਿੰਮੇਵਾਰੀ ਲੈਂਦੇ ਹਨ, ਉਹਨਾਂ ਦਾ ਜਨਤਾ ਨਾਲ ਕੋਈ ਕਿਸੇ ਕਿਸਮ ਦਾ ਲਾਗਾ-ਦੇਗਾ ਨਹੀਂ ਹੁੰਦਾ।

ਬਦਲਾ ਦੇਸ ਦੇ ਹਾਕਮਾਂ ਤੋਂ ਲੈਣਾ ਹੁੰਦਾ ਹੈ, ਜਿਨ੍ਹਾਂ ਦਾ ਕਦੇ ਕੁਝ ਨਹੀਂ ਵਿਗੜਦਾ। ਜਾਨੀ-ਮਾਲੀ ਨੁਕਸਾਨ ਉਨ੍ਹਾਂ ਦਾ ਹੋ ਜਾਂਦਾ ਹੈ, ਜਿਨ੍ਹਾਂ ਕਦੇ ਨਾ ਆਪਣੇ ਹਾਕਮਾਂ ਦਾ ਕੁਝ ਵਿਗਾੜਿਆ ਹੁੰਦਾ ਹੈ, ਨਾ ਦੂਜੇ ਦੇਸਾਂ ਦੇ ਹਾਕਮਾਂ ਦਾ। ਬਦਲੇ ਦਾ ਵੱਡਾ ਸ਼ਿਕਾਰ ਹੋਣ ਵਾਲੇ ਅਕਸਰ ਪੁੱਛਦੇ ਹਨ ਕਿ ਉਹਨਾਂ ਦੇ ਹੋਏ ਨੁਕਸਾਨ ਦਾ, ਦਿਲਾਂ ’ਤੇ ਹੋਏ ਜ਼ਖ਼ਮਾਂ ਦਾ ਬਦਲਾ ਲੈਣ ਤਾਂ ਕਿਸ ਤੋਂ ਲੈਣ? ਉਹਨਾਂ ਦੀ ਕੇਵਲ ਬੇਵਸੀ ਬੋਲਦੀ ਹੈ, ਉਹ ਆਪ ਬੋਲਣ ਜੋਗੇ ਨਹੀਂ ਰਹਿੰਦੇ।

ਦੁਨੀਆ ਭਰ ’ਚ ਕੌਮਾਂ ਦੀ ਖਹਿਬਾਜ਼ੀ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਨੂੰ ਰੋਕਣ ਲਈ ਸੁਲਝੇ ਹੋਏ ਦਾਨਿਸ਼ਵਰ ਵੀ ਅੱਗੇ ਨਹੀਂ ਆਉਂਦੇ। ਉਹ ਵੀ ਮਨੁੱਖਤਾ ਦੇ ਭਾਈਚਾਰੇ ਦੇ ਹੱਕ ਵਿੱਚ ਖੜ੍ਹਨ ਦੀ ਬਜਾਏ ਕੌਮ-ਪ੍ਰਸਤੀ ਤੋਂ ਉੱਪਰ ਉੱਠਣ ਲਈ ਤਿਆਰ ਨਹੀਂ ਹੁੰਦੇ। ਇਸੇ ਲਈ ਕੌਮਾਂ ਵਿੱਚ ਚੱਲਦੇ ਆ ਰਹੇ ਸੱਭਿਆਤਾਵਾਂ ਦੇ ਭੇੜ ਖ਼ਤਮ ਨਹੀਂ ਹੁੰਦੇ।

ਇਹ ਅਤਿ ਖ਼ਤਰਨਾਕ ਗੱਲ ਹੈ ਕਿ ਦਹਿਸ਼ਤਗਰਦੀ ਦੇ ਕੋਈ ਅਸੂਲ ਹੀ ਨਹੀਂ। ਬੇਕਸੂਰਾਂ, ਨਿਆਸਰਿਆਂ, ਨਿਮਾਣਿਆਂ, ਨਿਹੱਥਿਆਂ ਅਤੇ ਆਲੇ-ਭੋਲੇ ਲੋਕਾਂ ਨੂੰ ਮੌਤ ਦਾ ਸ਼ਿਕਾਰ ਬਣਾ ਕੇ ਜਿਹੜੀ ‘ਬਹਾਦਰੀ’ (ਅਸਲ ਵਿੱਚ ਬੁਜ਼ਦਿਲੀ) ਦਿਖਾਈ ਜਾਂਦੀ ਹੈ, ਉਸ ਲਈ ਕਿਹੜੇ ਤਮਗੇ ਦਿੱਤੇ ਜਾਣ? ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਮਾਰਨ ਵਾਲੇ ਏਡਾ ਵੱਡਾ ਪਾਪ ਕਰਦੇ ਹਨ ਕਿ ਜੰਨਤ ਮਿਲਣ ’ਤੇ ਵੀ ਬੇਚੈਨੀ ਉਹਨਾਂ ਦਾ ਪਿੱਛਾ ਨਹੀਂ ਛੱਡੇਗੀ, ਪਛਤਾਵਾ ਭੂਤਾਂ ਵਾਂਗ ਉਹਨਾਂ ’ਤੇ ਸਵਾਰ ਹੋਇਆ ਰਹੇਗਾ।

ਇਕੱਲਾ ਮਾਨਚੈਸਟਰ ਸ਼ਹਿਰ ਹੀ ਨਹੀਂ, ਸਗੋਂ ਬਹੁਤ ਦੇਸਾਂ ਦੇ ਬਹੁਤ ਸ਼ਹਿਰ ਬੰਬ ਧਮਾਕੇ ਕਰਨ ਵਾਲਿਆਂ ਦੀ ਪਕੜ ਅਤੇ ਜਕੜ ਵਿੱਚ ਹਨ, ਜਿੱਥੇ ਪਤਾ ਨਹੀਂ ਕਦੋਂ ਕੀ ਹੋ ਜਾਵੇ। ਦਹਿਸ਼ਤਗਰਦਾਂ ਨੂੰ ਆਪਣੇ ਆਪ ’ਤੇ ਨਾ ਸਹੀ, ਮਨੁੱਖਤਾ ’ਤੇ ਜ਼ਰੂਰ ਰਹਿਮ ਕਰਨਾ ਚਾਹੀਦਾ ਹੈ, ਤਾਂ ਕਿ ਇੱਕੀਵੀਂ ਸਦੀ ਦੀ ਤਰੱਕੀ ਅਤੇ ਭਰਾਤਰੀ-ਭਾਵ ਦਾ ਅਸਰ ਉਹਨਾਂ ’ਤੇ ਵੀ ਨਜ਼ਰ ਆਵੇ।

ਹਰ ਦੇਸ ਸੁਰੱਖਿਆ ’ਤੇ ਕਿਤੇ ਵੱਧ ਖ਼ਰਚ ਕਰਦਾ ਹੈ, ਤਾਂ ਕਿ ਮਾੜੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਫੇਰ ਵੀ ਅੱਤਵਾਦੀ ਆਪਣੇ ਕਾਰਿਆਂ ਵਾਸਤੇ ਰਾਹ ਤਲਾਸ਼ ਕਰ ਲੈਂਦੇ ਹਨ ਅਤੇ ਆਪਣੇ ਮਿੱਥੇ ਨਿਸ਼ਾਨਿਆਂ ਨੂੰ ਪੂਰਾ ਕਰਨ ਲਈ ਸਥਾਨਕ ਲੋਕਾਂ ਨੂੰ ਵੀ ਅਜਿਹੀ ਤਰਕੀਬ ਨਾਲ ਆਪਣੀਆਂ ਚਾਲਾਂ ਵਿੱਚ ਫਸਾ ਲੈਂਦੇ ਹਨ ਅਤੇ ਉਹਨਾਂ ਨੂੰ ਭੇਤਾਂ ਦਾ ਪਤਾ ਤੱਕ ਪਤਾ ਨਹੀਂ ਲੱਗਣ ਦਿੰਦੇ। ਜਦੋਂ ਭਾਣਾ ਵਰਤ ਜਾਂਦਾ ਹੈ, ਤਾਂ ਹੀ ਉਹਨਾਂ ਵਿਚਾਰਿਆਂ ਨੂੰ ਪਤਾ ਲੱਗਦਾ ਹੈ ਕਿ ਕੀ ਦਾ ਕੀ ਹੋ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੀ ਲੁਕਵੇਂ ਢੰਗ ਨਾਲ ਕੀਤੀਆਂ ਜਾਂਦੀਆਂ ਹਨ, ਤਾਂ ਕਿ ਭੇਤ ਵੀ ਨਾ ਖੁੱਲ੍ਹੇ ਅਤੇ ਮਾੜਾ ਕੰਮ ਵੀ ਸਿਰੇ ਚੜ੍ਹ ਜਾਵੇ।

ਹਰ ਦੇਸ ਆਪਣੇ ਨਾਗਰਿਕਾਂ ਦੀ ਹਿਫਾਜ਼ਤ ਵਾਸਤੇ ਉਹਨਾਂ ਨੂੰ ਚੌਕਸ ਕਰਨ ਲਈ ਕਦਮ ਉਠਾਉਂਦਾ ਰਹਿੰਦਾ ਹੈ, ਜਿਸ ਕਾਰਨ ਦਹਿਸ਼ਤਗਰਦਾਂ ਦੀਆਂ ਚਾਲਾਂ ਬਹੁਤ ਵਾਰ ਠੁੱਸ ਹੋ ਕੇ ਰਹਿ ਜਾਂਦੀਆਂ ਹਨ, ਪਰ ਹਰ ਥਾਂ ਅਤੇ ਹਰ ਨਾਗਰਿਕ ਨੂੰ ਬਚਾਉਣ ਲਈ ਹਿਫਾਜ਼ਤੀ ਪ੍ਰਬੰਧ ਕਰਨੇ ਆਸਾਨ ਗੱਲ ਨਹੀਂ। ਸਹੀ ਤਾਂ ਇਹੀ ਹੈ ਕਿ ਕਿਸੇ ਵੀ ਦੇਸ਼ ਵਾਸੀ ਨੂੰ ਬਾਹਰਲੀਆਂ ਗ਼ਲਤ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਸਤੇ ਸੋਚਣਾ ਵੀ ਨਹੀਂ ਚਾਹੀਦਾ।

ਦਹਿਸ਼ਤਗਰਦਾਂ ਨੇ ਵਿਸ਼ਵ ਭਰ ਵਿੱਚ ਬਹੁਤ ਨੁਕਸਾਨ ਕਰ ਲਿਆ ਹੈ, ਮਾਲ-ਅਸਬਾਬ ਤਬਾਹ ਕਰ ਦਿੱਤਾ ਅਤੇ ਬਹੁਤ ਹੀ ਮਨੁੱਖੀ ਜਾਨਾਂ ਲੈ ਲਈਆਂ ਹਨ, ਹੁਣ ਉਹਨਾਂ ਨੂੰ ਆਪਣੇ ਮਾਰੂ ਹਮਲਿਆਂ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ, ਤਾਂ ਕਿ ਇੱਕੀਵੀਂ ਸਦੀ ਨੂੰ ਕੇਵਲ ਦਹਿਸ਼ਤਗਰਦੀ ਦੇ ਨਾਂਅ ਨਾਲ ਹੀ ਯਾਦ ਨਾ ਕੀਤਾ ਜਾਵੇ, ਸਗੋਂ ਪੈਦਾ ਹੋਣ ਵਾਲੀ ਮਨੁੱਖੀ ਭਾਈਚਾਰੇ ਦੀ ਮੁਹੱਬਤ ਦੇ ਨਾਂਅ ਨਾਲ ਯਾਦ ਕੀਤਾ ਜਾਵੇ।

ਧਰਮਾਂ, ਜਾਤਾਂ, ਕੌਮਾਂ ਦੇ ਖੇਤਰਾਂ ਵਿਚ ਬਥੇਰਾ ਨੁਕਸਾਨ ਹੋ ਗਿਆ। ਮਾਨਵਤਾ ਦੇ ਦੁਸ਼ਮਣੋਂ, ਹੁਣ ਬੰਦ ਕਰੋ ਆਪਣਾ ਘਿਨਾਉਣਾ ਕਾਰੋਬਾਰ। ਰਹਿਮ ਕਰੋ, ਅੱਲ੍ਹਾ-ਸਾਈਂ ਨੂੰ ਯਾਦ ਕਰੋ ਅਤੇ ਦਹਿਸ਼ਤਗਦੀ ਦੇ ਪ੍ਰਛਾਵੇਂ ਢਲ ਲੈਣ ਦਿਉ। ਇਹ ਤਾਂ ਹੀ ਢਲਣਗੇ, ਜੇ ਦਹਿਸ਼ਤਗਰਦ ਜਥੇਬੰਦੀਆਂ ਅਤੇ ਦਹਿਸ਼ਤਗਰਦ ਆਪਣੇ ਮਾੜੇ ਇਰਾਦਿਆਂ ਅਤੇ ਨਾਂਹ-ਪੱਖੀ ਪਹੁੰਚ ਨੂੰ ਤਿਆਗ ਕੇ ਵਿਸ਼ਵ ਭਾਈਚਾਰਾ ਕਾਇਮ ਕਰਨ ਦੇ ਰਾਹ ਪੈਣ, ਜਿਸ ਵਿੱਚ ਕੋਈ ਬੇਗਾਨਾ, ਪਰਾਇਆ ਅਤੇ ਦੁਸ਼ਮਣ ਦਿਸੇ ਹੀ ਨਾ। ਚੰਗਾ ਹੋਵੇ, ਜੇ ਜੰਨਤ ਜਾਣ ਦੇ ਲਾਰਿਆਂ ਦੀ ਥਾਂ ਧਰਤੀ ਦੇ ਜੰਨਤ ਨੂੰ ਹੀ ਮਾਣਿਆ ਜਾਵੇ।

**

ਕੀ ਤੁਸੀਂ ਜਾਣਦੇ ਹੋ

ਮਾਦਰੇ-ਵਤਨ’ - ‘ਭਾਰਤ ਕੀ ਜੈ’ - 1857 ਵਿੱਚ ਅਜ਼ੀਮ ਉੱਲ੍ਹਾ ਖ਼ਾਨ ਨੇ ਬੋਲਿਆ - ਇੱਕ ਨਾਹਰੇ ਦੇ ਰੂਪ ਵਿੱਚ।

ਜੈ ਹਿੰਦ’ ਦਾ ਨਾਹਰਾ ਅਬੀਦ ਹਸਨ ਸਫ਼ਰਾਨੀ ਨੇ ਦਿੱਤਾ।

ਇਨਕਲਾਬ-ਜ਼ਿੰਦਾਬਾਦ’ ਹਸਰਤ ਮੋਹਾਨੀ ਦਾ ਨਾਹਰਾ ਸੀ, ਜੋ ਅੱਜ ਤੱਕ ਥਾਂ-ਥਾਂ ਗੂੰਜ ਰਿਹਾ।

ਭਾਰਤ ਛੱਡੋ’ ਦਾ ਨਾਹਰਾ ਯੂਸਫ਼ ਮੇਹਰ ਅਲੀ ਨੇ ਲਾਇਆ, ਜਿਸ ਨਾਲ ਅੰਗਰੇਜ਼ਾਂ ਨੂੰ ਚੁਣੌਤੀ ਦਿੱਤੀ ਗਈ। ਉਸ ਨੇ ਹੀ ‘ਸਾਈਮਨ ਗੋ ਬੈਕ’ ਆਖਿਆ।

ਬਿਸਮਿਲ ਅਜ਼ੀਮਾਬਾਦੀ ਨੇ ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ’ 1921 ਵਿੱਚ ਲਿਖਿਆ।

ਹੋਰ ਵੀ ਅਜਿਹਾ ਕੁਝ ਹੈ, ਜੋ ਕੱਲ੍ਹ ਦੇ ਜਾਂ ਅੱਜ ਦੇ ਹਾਕਮਾਂ ਦੇ ਪੈਰੋਕਾਰਾਂ ਦੇ ਨਹੀਂ, ਸਗੋਂ ਖ਼ਾਸ ਵਰਗ ਦੇ ਹਿੱਸੇ ਹੀ ਆਇਆ।

*****

(727)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author