BalrajSidhu720 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲੇ ਮੇਲੇ ਦੇ ਹਾਲਾਤ ਵੇਖਕੇ ਮਨ ਬਹੁਤ ਦੁਖੀ ਹੋਇਆ ...
(ਸਤੰਬਰ 24, 2015)


ਇਸ ਸਾਲ ਬਟਾਲੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ
20 ਸਤੰਬਰ ਨੂੰ ਮਨਾਇਆ ਗਿਆ। ਆਮ ਲੋਕਾਂ ਵੱਲੋਂ ਇਸ ਨੂੰ ‘ਬਾਬੇ ਦਾ ਵਿਆਹ’ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ, ਜੋ ਧਾਰਮਿਕ ਤੌਰ ਤੇ ਠੀਕ ਸ਼ਬਦ ਨਹੀਂ। ਅੱਜਕਲ੍ਹ ਦੀ ਵਿਹਲੜ ਨੌਜਵਾਨ ਪੀੜ੍ਹੀ ਨੇ ਗੁਰੂ ਸਾਹਿਬ ਦੇ ਵਿਆਹ ਪੁਰਬ ਤੇ ਬਹੁਤ ਗੁੱਲ ਖਿਲਾਏ। ਅਜਿਹੀਆਂ ਹਰਕਤਾਂ ਕੀਤੀਆਂ ਜਿਵੇਂ ਕਿਸੇ ਆਮ ਬਰਾਤ ਵਿੱਚ ਕੀਤੀਆਂ ਜਾਂਦੀਆਂ ਹਨ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇਸ ਪੁਰਬ ਦੀ ਧਾਰਮਿਕ ਮਹੱਤਤਾ ਕੀ ਹੈ? ਪੰਜਾਬ ਵਿੱਚ ਧਰਮ ਨਾਲ ਸਬੰਧਿਤ ਅਨੇਕਾਂ ਜੋੜ ਮੇਲੇ ਲੱਗਦੇ ਹਨ, ਜਿਹਨਾਂ ਵਿੱਚ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਫਤਿਹਗੜ੍ਹ ਸਾਹਿਬ ਦੀ ਸਭਾ, ਤਲਵੰਡੀ ਸਾਬੋ ਦੀ ਵਿਸਾਖੀ ਅਤੇ ਮਾਘੀ ਮੇਲਾ ਮੁਕਤਸਰ ਸਾਹਿਬ ਪ੍ਰਮੁੱਖ ਹਨ। ਧਾਰਮਿਕ ਮੇਲਿਆਂ ਵਿੱਚ ਜਾਣ ਦਾ ਮਤਲਬ ਆਮ ਤੌਰ ਤੇ ਇਹ ਮੰਨਿਆਂ ਜਾਂਦਾ ਹੈ ਕਿ ਨੌਜਵਾਨ ਆਪਣੇ ਵਿਰਸੇ ਤੋਂ ਜਾਣੂ ਹੋਣ। ਪਰ ਅੱਜਕਲ੍ਹ ਮੇਲਿਆਂ ਵਿੱਚ ਜੋ ਗੁੱਲ ਖਿਲਾਏ ਜਾ ਰਹੇ ਹਨ, ਉਹ ਸਭ ਦੇ ਸਾਹਮਣੇ ਹਨ।

1970 ਦੇ ਦਹਾਕੇ ਤੱਕ ਤਰਨ ਤਾਰਨ ਦੀ ਮੱਸਿਆ ਬਾਰੇ ਮਾਝੇ ਦੇ ਲੋਕਾਂ ਦੇ ਵਿਚਾਰ ਬਹੁਤੇ ਚੰਗੇ ਨਹੀਂ ਸਨ। ਭੀੜ ਬਹੁਤ ਹੁੰਦੀ ਸੀ, ਮੁਸ਼ਟੰਡੇ ਘੇਰਾ ਪਾ ਕੇ ਔਰਤਾਂ ਨੂੰ ਸਾਥੀਆਂ ਤੋਂ ਨਿਖੇੜ ਲੈਂਦੇ ਸਨ ਤੇ ਛੇੜਖਾਨੀਆਂ ਕਰਦੇ ਸਨ। ਆਉਣ ਵਾਲੇ ਯਾਤਰੀਆਂ ਵਿੱਚੋਂ ਕਈ ਵਾਰ ਔਰਤਾਂ ਨੂੰ ਅਗਵਾ ਤੱਕ ਕਰ ਲਿਆ ਜਾਂਦਾ ਸੀ। ਅਖੀਰ ਸ਼੍ਰੋਮਣੀ ਕਮੇਟੀ ਨੇ ਬੜੀ ਸਖਤੀ ਕਰਕੇ ਇਸ ਗੁੰਡਾਗਰਦੀ ’ਤੇ ਕਾਬੂ ਪਾਇਆ। ਬੋਰੀਆਂ ਵਿੱਚ ਬੰਦ ਕਰਕੇ ਮੁਸ਼ਟੰਡਿਆਂ ਦੀ ਛਿਤਰੌਲ ਕੀਤੀ ਜਾਂਦੀ ਸੀ। ਬੋਰੀਆਂ ਬਾਰੇ ਤਾਂ ਮੁਹਾਵਰਾ ਹੀ ਬਣ ਗਿਆ ਸੀ। ਜੇ ਕੋਈ ਤਰਨ ਤਾਰਨ ਜਾ ਕੇ ਬਦਮਾਸ਼ੀ ਕਰਨ ਬਾਰੇ ਸੋਚਦਾ ਸੀ ਤਾਂ ਨਾਲ ਦੇ ਕਹਿੰਦੇ ਸਨ, ਲਾਲ ਮਿਰਚਾਂ ਵਾਲੀ ਬੋਰੀ ਵੇਖੀ ਐ ਬਾਬਿਆਂ ਦੀ? ਹੁਣ ਇਸ ਨਵੀਂ ਪੀੜ੍ਹੀ ਨੇ ਸਾਰੇ ਧਾਰਮਿਕ ਮੇਲਿਆਂ ਦਾ ਮਾਹੌਲ ਤਰਨ ਤਾਰਨ ਦੀ ਮੱਸਿਆ ਵਰਗਾ ਬਣਾ ਕੇ ਰੱਖ ਦਿੱਤਾ ਹੈ। ਇਹਨਾਂ ਤੋਂ ਡਰਦੇ ਭਲੇ ਘਰਾਂ ਦੇ ਮਰਦ ਔਰਤਾਂ ਮੇਲਿਆਂ ਵਿੱਚ ਜਾਣ ਦੀ ਜੁਰਅਤ ਨਹੀਂ ਕਰਦੇ।

20 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲੇ ਮੇਲੇ ਦੇ ਹਾਲਾਤ ਵੇਖਕੇ ਮਨ ਬਹੁਤ ਦੁਖੀ ਹੋਇਆ। ਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲਾਂ ਉੱਤੇ ਸਵਾਰ ਮੁਸ਼ਟੰਡਿਆਂ ਦੇ ਗਰੋਹ ਸਾਰੇ ਸ਼ਹਿਰ ਵਿੱਚ ਹਰਲ ਹਰਲ ਕਰਦੇ ਫਿਰਦੇ ਸਨ। ਪੁਲਿਸ ਇੱਕ ਪਾਸੇ ਕੰਟਰੋਲ ਕਰਦੀ ਸੀ ਤਾਂ ਮੁਸ਼ਟੰਡੇ ਸ਼ਹਿਰ ਦੇ ਦੂਜੇ ਪਾਸੇ ਜਾ ਗਦਰ ਮਚਾਉਂਦੇ ਸਨ। ਟਰੈਕਟਰਾਂ ਉੱਤੇ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ 20-20 ਬੰਦੇ ਲਟਕੇ ਹੋਏ ਸਨ। ਜੇ ਕਿਤੇ ਪੁਲਿਸ ਜ਼ਿਆਦਾ ਸਖਤੀ ਨਾ ਕਰਦੀ ਤਾਂ ਇਹ ਮੁਸ਼ਟੰਡੇ ਲੋਕਾਂ ਦਾ ਘਰੋਂ ਨਿਕਲਣਾ ਹੀ ਬੰਦ ਕਰ ਦੇਂਦੇ।

ਜਦੋਂ ਗੁਰੂ ਸਾਹਿਬ ਦਾ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਪਹੁੰਚਿਆ ਤਾਂ ਉਸ ਦਾ ਸਵਾਗਤ ਕਰਨ ਦੇ ਨਾਂ ’ਤੇ ਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲ ਉਸਦੇ ਅੱਗੇ ਲਾ ਲਏ ਗਏ। ਜਦੋਂ ਇੱਕ ਮੋਟਰ ਸਾਇਕਲ ਨੇ ਸਾਇਲੈਂਸਰ ਦਾ ਪਟਾਕਾ ਵਜਾਇਆ ਤਾਂ ਦੂਸਰਾ ਮੋਟਰ ਸਾਇਕਲ ਸਵਾਰ ਘਬਰਾ ਕੇ ਸੰਤੁਲਨ ਗਵਾਉਣ ਕਾਰਨ ਡਿੱਗ ਕੇ ਹਸਪਤਾਲ ਪਹੁੰਚ ਗਿਆ।

ਇੱਕ ਹੋਰ ਘਟੀਆਂ ਵਰਤਾਰਾ ਵੇਖਣ ਨੂੰ ਮਿਲਿਆਬਜਾਰਾਂ ਵਿੱਚ ਬਰਾਤ ਦੇ ਸਵਾਗਤ ਦੇ ਨਾਂ ਤੇ ਵੱਡੇ ਵੱਡੇ ਸਪੀਕਰ ਲਗਾ ਕੇ ਚਾਲੂ ਗੀਤਾਂ ਦੀ ਧੁੰਨ ਤੇ ਫੂਹੜ ਨਾਚ ਕਰ ਕੇ ਟਰੈਫਿਕ ਜਾਮ ਕੀਤਾ ਗਿਆ। ਜੇ ਇਹੋ ਹਾਲ ਰਿਹਾ ਤਾਂ ਹੋ ਸਕਦਾ ਹੈ ਕਿ ਅਗਲੇ ਵਿਆਹ ਪੁਰਬ ਤੇ ਡਾਂਸਰਾਂ ਵੀ ਬੁਲਾਈਆਂ ਜਾਣ। ਕਈ ਥਾਈਂ ਪੁਲਿਸ ਨੇ ਡਾਂਗ ਫੇਰ ਕੇ ਟਰੈਫਿਕ ਚਾਲੂ ਕੀਤਾ। ਪੰਜਾਬ ਦੇ ਕਿਸੇ ਵੀ ਧਾਰਮਿਕ ਮੇਲੇ ਨਾਲੋਂ ਇਸ ਮੇਲੇ ਵਿੱਚ ਮੁਸ਼ਟੰਡਿਆਂ ਤੇ ਪੁਲਿਸ ਵੱਲੋਂ ਜ਼ਿਆਦਾ ਸਖਤੀ ਕੀਤੀ ਜਾਂਦੀ ਹੈ। ਹਰ ਸਾਲ ਡਾਂਗਾਂ ਖਾਣ ਤੋਂ ਬਾਅਦ ਵੀ ਇਹਨਾਂ ਢੀਠਾਂ ਨੂੰ ਸ਼ਰਮ ਨਹੀਂ ਆਉਂਦੀ।

ਜਦੋਂ ਵੀ ਪੰਜਾਬ ਵਿੱਚ ਕੋਈ ਮਸ਼ਹੂਰ ਮੇਲਾ ਨਜ਼ਦੀਕ ਆਉਂਦਾ ਹੈ ਤਾਂ ਇਹ ਮੱਛਰੀ ਹੋਈ ਵਿਹਲੜ ਮੁੰਡੀਹਰ ਮੋਟਰ ਸਾਇਕਲ ਲੈ ਕੇ ਉੱਧਰ ਨੂੰ ਚਾਲੇ ਪਾ ਦੇਂਦੀ ਹੈ। ਘਰ ਦੇ ਕੰਮ ਕਰਨ ਦੀ ਬਜਾਏ ਪਿਉ ਦੇ ਗਲ਼ ਵਿਚ ਗੂਠਾ ਦੇ ਕੇ ਪੈਸੇ ਲੈਂਦੇ ਹਨ। 5-5, 10-10 ਮੋਟਰ ਸਾਇਕਲ ਸਵਾਰ ਝੁੰਡ ਬਣਾ ਕੇ, ਪੀਲੀਆਂ ਝੰਡੀਆਂ ਲਾ ਕੇ ਤੁਰ ਪੈਂਦੇ ਹਨ। ਮੂੰਹ ਸਿਰ ਮੁੰਨੇ ਹੋਏ ਇਹ ਵਿਹਲੜ ਹੈਲਮਟ ਪਾਉਣ ਦੀ ਬਜਾਏ ਗਜ਼ ਕੁ ਲੰਬਾ ਚਿੱਟਾ ਜਾਂ ਪੀਲਾ ਸਾਫਾ ਸਿਰ ਤੇ ਬੰਨ੍ਹ ਲੈਂਦੇ ਹਨ। ਕਿਸੇ ਵੀ ਜਲਸੇ ਜਲੂਸ ਦੇ ਅੱਗੇ ਮੋਟਰ ਸਾਇਕਲਾਂ ਦੇ ਟੋਲੇ ਆਮ ਹੀ ਦਿਖਾਈ ਦੇਂਦੇ ਹਨ। ਜੇ ਡੋਪ ਟੈੱਸਟ ਕੀਤਾ ਜਾਵੇ ਤਾਂ ਇਹਨਾਂ ਵਿੱਚੋਂ ਅੱਧ ਤੋਂ ਜ਼ਿਆਦਾ ਡਰੱਗਜ਼ ਨਾਲ ਰੱਜੇ ਹੋਣਗੇ।

ਹੇਮਕੁੰਟ ਦੀ ਯਾਤਰਾ ਵੇਲੇ ਵੀ ਇਹ ਮੋਟਰ ਸਾਇਕਲ ਸਵਾਰ ਵਿਹਲੜ ਬਹੁਤ ਗਦਰ ਪਾਉਂਦੇ ਹਨ। ਅਖਬਾਰਾਂ ਵਿੱਚ ਇਹ ਖਬਰ ਬੜੀ ਵਾਰ ਛਪੀ ਹੈ ਕਿ ਉੱਤਰਾਖੰਡ ਦੀ ਪੁਲਿਸ ਪੰਜਾਬੀਆਂ ਨਾਲ ਵਿਤਕਰਾ ਕਰਦੀ ਹੈ। ਇਹ ਵਿਤਕਰਾ ਇਹਨਾਂ ਨਾਲ ਹੀ ਕਿਉਂ ਹੁੰਦਾ ਹੈ? ਕਾਰਨ ਇਹ ਹੈ ਕਿ ਇਹ ਉਤਰਾਖੰਡ ਦਾ ਕੋਈ ਟਰੈਫਿਕ ਕਾਨੂੰਨ ਨਹੀਂ ਮੰਨਦੇ। ਕੋਈ ਹੈਲਮਟ ਨਹੀਂ ਪਾਉਂਦਾ, ਇੱਕ ਮੋਟਰ ਸਾਇਕਲ ਤੇ ਤਿੰਨ ਤਿੰਨ ਸਵਾਰ ਚੰਬੜੇ ਹੁੰਦੇ ਹਨਕਿਸੇ ਦੇ ਕਾਗਜ਼ਾਤ ਪੂਰੇ ਨਹੀਂ ਹੁੰਦੇ। ਉੱਤਰਾਖੰਡ ਪੁਲਿਸ ਟੂਰਿਜ਼ਮ ਕਰਕੇ ਇਹਨਾਂ ਦੀਆਂ ਜ਼ਿਆਦਤੀਆਂ ਬਰਦਾਸ਼ਤ ਕਰ ਲੈਂਦੀ ਹੈ। ਜਦੋਂ ਵੀ ਕੋਈ ਅਫਸਰ ਚੈਕਿੰਗ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਧਾਰਮਿਕ ਵਿਤਕਰੇ ਦਾ ਰੌਲਾ ਪਾ ਕੇ ਬੈਠ ਜਾਂਦੇ ਹਨ।

ਰਸਤੇ ਵਿੱਚ ਪਹਾੜੀਆਂ ਖਿਸਕਣ ਨਾਲ ਸੜਕ ਤੇ ਡਿੱਗ ਰਹੇ ਪੱਥਰਾਂ ਦੀ ਵੀ ਇਹ ਪ੍ਰਵਾਹ ਨਹੀਂ ਕਰਦੇ। ਦੋ ਕੁ ਸਾਲ ਪਹਿਲਾਂ ਬਾਰਡਰ ਰੋਡਜ਼ ਦੇ ਫੌਜੀਆਂ ਨੇ ਰਿਸ਼ੀਕੇਸ਼ ਤੋਂ ਅੱਗੇ ਸ੍ਰੀ ਨਗਰ ਲਾਗੇ ਇਹਨਾਂ ਨੂੰ ਕੁੱਟ ਕੇ ਅੱਗੇ ਜਾਣ ਤੋਂ ਰੋਕਿਆ ਸੀ। ਪਿਛਲੇ ਕੁਝ ਸਾਲਾਂ ਤੋਂ ਰਿਸ਼ੀਕੇਸ਼, ਗੋਬਿੰਦ ਘਾਟ ਤੇ ਗੋਬਿੰਦ ਧਾਮ ਗੁਰਦਵਾਰਿਆਂ ਦੇ ਪ੍ਰਬੰਧਕ ਇਹਨਾਂ ਦੀਆਂ ਕਰਤੂਤਾਂ ਤੋਂ ਅੱਕੇ ਪਏ ਹਨ। ਰਾਤ ਨੂੰ ਸੌਣ ਲੱਗਿਆਂ ਇਹ ਬਜ਼ੁਰਗਾਂ ਤੱਕ ਤੋਂ ਕੰਬਲ ਖੋਹ ਲੈਂਦੇ ਹਨ। ਜਦੋਂ ਉਤਰਾਖੰਡ ਵਿੱਚ ਕੁਦਰਤ ਦੀ ਕਰੋਪੀ ਆਈ ਸੀ ਤਾਂ ਬਹੁਤੇ ਉਹ ਪੰਜਾਬੀ ਮਰੇ ਸਨ ਜੋ ਵਾਰਨਿੰਗ ਦੇ ਬਾਵਜੂਦ ਗੋਬਿੰਦ ਧਾਮ ਤੋਂ ਅੱਗੇ ਯਾਤਰਾ ਕਰਨ ਤੋਂ ਨਹੀਂ ਸਨ ਟਲੇ।

ਇਸ ਨਵੀਂ ਪੀੜ੍ਹੀ ਦਾ ਧਰਮ ਨਾਲ ਕੋਈ ਸਰੋਕਾਰ ਨਹੀਂ ਹੈ। ਇਹਨਾਂ ਵਾਸਤੇ ਇਹ ਸਿਰਫ ਮੰਨੋਰੰਜਨ ਦਾ ਸਾਧਨ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਜੋੜ ਮੇਲੇ ਵਿੱਚ ਇਹ ਵਿਹਲੜ ਟੋਲੇ ਬੜੀ ਭੈੜੀ ਜਿਹੀ ਆਵਾਜ ਵਾਲੀਆਂ ਪੀਪਣੀਆਂ ਵਜਾਉਂਦੇ ਅਵਾਰਾਗਰਦੀ ਕਰਦੇ ਆਮ ਹੀ ਵੇਖੇ ਜਾ ਸਕਦੇ ਹਨ। ਇਹਨਾਂ ਵਿੱਚੋਂ ਬਹੁਤਿਆਂ ਨੂੰ ਇਸ ਮੇਲੇ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ ਹੋਣਾ। ਮੇਲਿਆਂ ਵਿੱਚ ਲੜਾਈ ਝਗੜੇ ਤੇ ਛੇੜਛਾੜ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰੇਕ ਸਾਲ ਮੇਲਿਆਂ ਨੂੰ ਜਾਂਦੇ ਅਨੇਕਾਂ ਮੋਟਰ ਸਾਇਕਲ ਸਵਾਰ ਟਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਐਕਸੀਡੈਂਟਾਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਘਰ ਦਾ ਕੰਮ ਕਾਰ ਛੱਡ ਕੇ ਤੇ ਪੈਸੇ ਫੂਕ ਕੇ ਮੇਲਿਆਂ ਵਿੱਚ ਜਾ ਕੇ ਅਜਿਹੇ ਮੁਸ਼ਟੰਡਪੁਣੇ ਕਰਨੇ ਠੀਕ ਨਹੀਂ। ਪੁਲਿਸ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ।

*****

(68)

ਵਿਚਾਰ ਭੇਜਣ ਲਈ: Email: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author