HarnekMatharoo7“ਇਹ ਆਮ ਆਦਮੀ ਪਾਰਟੀ ਹੀ ਹੈ ਜਿਸਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਨਵੀਂ ਆਸ ਅਤੇ ਨਵਾਂ ਰਾਹ ਦਿਖਾਇਆ ਹੈ ...”
(6 ਜੂਨ 2017)

 

ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਭ੍ਰਿਸ਼ਟਾਚਾਰ ਮੁਕਤ ਤੇ ਸੁੱਚਾ ਰਾਜ ਪ੍ਰਬੰਧ ਹੈ। ਇਸ ਦੇ ਨਾਲ ਨਾਲ ਹਰ ਨਾਗਰਿਕ ਨੂੰ ਉਸ ਦਾ ਬਣਦਾ ਹੱਕ ਦੁਆ ਕੇ ਇਕ ਚੰਗਾ ਤੇ ਮਜ਼ਬੂਤ ਸਮਾਜ ਪੈਦਾ ਕਰਨਾ ਹੈ। ਇਹ ਹੱਕ ਪੜ੍ਹਾਈ, ਦਵਾਈ ਤੇ ਕਮਾਈ ਵਿਚ ਸਭ ਨੂੰ ਬਰਾਬਰ ਦੇ ਮੌਕੇ ਦੁਆ ਕੇ ਦੇਣਾ ਸੀ। ਇਹ ਗੱਲਾਂ ਵੇਖਣ ਨੂੰ ਤਾਂ ਕੋਈ ਵੱਡੀਆਂ ਨਹੀਂ ਲੱਗਦੀਆਂ ਪਰ ਮਨੁੱਖ ਦੇ ਇਤਿਹਾਸ ਵਿਚ ਹੱਕ, ਸੱਚ ਤੇ ਇਨਸਾਫ ਦੀ ਇਹ ਸਭ ਤੋਂ ਪੁਰਾਣੀ ਤੇ ਵੱਡੀ ਲੜਾਈ ਹੈ। ਇਸ ਲੜਾਈ ਦੇ ਇਕ ਪਾਸੇ ਸਮਾਜਿਕ, ਆਰਥਿਕ, ਧਾਰਮਿਕ ਤੇ ਸਿਆਸੀ ਵਿਵਸਥਾ ਦੇ ਉਹ ਢੰਗ ਤਰੀਕੇ ਹਨ ਜਿਨ੍ਹਾਂ ਨਾਲ ਮਨੁੱਖ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜੋ ਲੋਕਤੰਤਰੀ ਰਾਹ ’ਤੇ ਚੱਲ ਕੇ ਇਸ ਵਿਵਸਥਾ ਨੂੰ ਬਦਲਣਾ ਚਾਹੁੰਦੀ ਹੈ। ਇਹ ਲੜਾਈ ਇੰਨੀ ਵੱਡੀ ਤੇ ਅਹਿਮ ਹੈ ਕਿ ਉਹ ਵਿਵਸਥਾ ਜਿਸ ਵਿਚ ਸਰਕਾਰੀ ਖਜ਼ਾਨੇ ਦਾ ਬਹੁਤ ਸਾਰਾ ਪੈਸਾ ਭ੍ਰਿਸ਼ਟ ਆਗੂਆਂ, ਅਫਸਰਾਂ ਤੇ ਕਾਰਪੋਰੇਟ ਅਦਾਰਿਆਂ ਵੱਲੋਂ ਲੁੱਟ ਲਿਆ ਜਾਂਦਾ ਹੈ, ਉਹ ਵਿਵਸਥਾ ਜਿਸ ਵਿਚ ਇਕ ਪਾਸੇ ਉੱਪਰਲੀ ਜਮਾਤ ਲਈ ਹਮੇਸ਼ਾ ਅੱਗੇ ਰਹਿਣ ਦੇ ਢੰਗ ਤਰੀਕੇ ਬਣਦੇ ਰਹਿੰਦੇ ਹਨ ਤੇ ਹੇਠਲੀ ਜਮਾਤ ਨੂੰ ਮੁਸ਼ਕਿਲਾਂ, ਗਰੀਬੀ ਤੇ ਲਾਚਾਰੀ ਤੋਂ ਬਿਨਾਂ ਕੁਝ ਨਹੀਂ ਮਿਲਦਾ। ਉਹੀ ਵਿਵਸਥਾ ਜਿਸ ਵਿੱਚ ਉੱਪਰਲੀ ਜਮਾਤ ਦਾ ਲੋੜ ਪੈਣ ’ਤੇ ਸੱਤ ਤਾਰਾ ਹੋਟਲਾਂ ਵਰਗੇ ਹਸਪਤਾਲਾਂ ਵਿਚ ਇਲਾਜ ਹੁੰਦਾ ਹੈ ਤੇ ਜਿੱਥੇ ਹੇਠਲੀ ਜਮਾਤ ਦੇ ਲੋਕ ਛੋਟੀਆਂ ਛੋਟੀਆਂ ਬੀਮਾਰੀਆਂ ਕਰਕੇ ਲਾ-ਇਲਾਜ ਮਾਰੇ ਜਾਂਦੇ ਹਨ। ਉਹੀ ਵਿਵਸਥਾ ਜਿਸ ਵਿਚ ਸਰਕਾਰੀ ਅਫਸਰ, ਆਗੂ ਤੇ ਉਹਨਾਂ ਦੇ ਚਹੇਤੇ ਸਰਕਾਰੀ ਸਕੀਮਾਂ ਦਾ 70 ਫੀਸਦੀ ਪੈਸਾ ਲੋੜਵੰਦਾਂ ਤੱਕ ਪਹੁੰਚਾਉਣ ਦੀ ਬਜਾਏ ਆਪ ਹੀ ਛਕ ਲੈਂਦੇ ਹਨ। ਉਹੀ ਵਿਵਸਥਾ ਜਿਸ ਵਿਚ ਇਸ ਆਮ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਤੇ ਦੂਜੇ ਪਾਸੇ ਵੱਡੇ ਵੱਡੇ ਗੁਨਾਹਗਾਰ, ਲੁਟੇਰੇ ਬਿਨਾਂ ਕਿਸੇ ਡਰ ਤੋਂ ਖੁੱਲ੍ਹੇ ਫਿਰਦੇ ਹਨ। ਸੋ ਇਹ ਲੜਾਈ ਕੋਈ ਮਾਮੂਲੀ ਸਿਆਸੀ ਲੜਾਈ ਨਹੀਂ ਸੀ। ਆਮ ਆਦਮੀ ਪਾਰਟੀ ਦੀ ਇਸ ਸੋਚ ਨੇ ਵੱਡੇ ਵੱਡੇ ਸਿਆਸੀ ਘਰਾਣਿਆਂ, ਅਫਸਰਾਂ ਤੇ ਕਾਰਪੋਰੇਟ ਅਦਾਰਿਆਂ ਦੀ ਨੀਂਦ ਹਰਾਮ ਕਰ ਦਿੱਤੀ ਸੀ ਤੇ ਉਹਨਾਂ ਦੀ ਹੋਂਦ ਲਈ ਬਹੁਤ ਵੱਡਾ ਖਤਰਾ ਬਣ ਗਈ ਸੀ। ਇਸੇ ਲਈ ਇਸ ਪਾਰਟੀ ਨੂੰ ਹਰਾਉਣਾ ਉਨ੍ਹਾਂ ਲਈ ਬਹੁਤ ਜ਼ਰੂਰੀ ਬਣ ਗਿਆ ਸੀ।

ਇਸ ਪਾਰਟੀ ਵਿਚ ਇਕ ਪਾਸੇ ਉਹ ਲੋਕ ਸਨ ਜੋ ਭਾਰਤ ਅੱਗੇ ਪਈਆਂ ਮੁਸ਼ਕਲਾਂ ਦੇ ਹੱਲ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਸਨ ਤੇ ਦੂਜੇ ਪਾਸੇ ਉਹ ਸਾਰਾ ਸਮਾਜਿਕ, ਆਰਥਿਕ ਤੇ ਸਿਆਸੀ ਰਾਜ ਪ੍ਰਬੰਧ ਸੀ, ਜਿਹੜਾ ਦੇਸ਼ ਦੀਆਂ ਇਹਨਾਂ ਮੁਸ਼ਕਿਲਾਂ ਲਈ ਜ਼ਿੰਮੇਵਾਰ ਸੀ। ਆਉ ਇੱਕ ਨਿਗਾਹ ਮਾਰੀਏ ਉਹਨਾਂ ਢੰਗ ਤਰੀਕਿਆਂ ’ਤੇ ਜੋ ਇਹਨਾਂ ਤਾਕਤਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਵਰਤੇ ਗਏ।

ਲੋਕਤੰਤਰੀ ਰਾਜ ਪਰਣਾਲੀ ਦਾ ਕਿਸੇ ਦੇਸ਼ ਵਿਚ ਕਾਮਯਾਬ ਹੋਣ ਲਈ ਉਸ ਦੇਸ਼ ਵਿਚ ਕੁਝ ਖਾਸ ਤਰ੍ਹਾਂ ਦੇ ਹਾਲਾਤ ਹੋਣੇ ਜ਼ਰੂਰੀ ਹਨ। ਉਹਨਾਂ ਵਿਚ ਆਮ ਜਨਤਾ ਦੀ ਸੂਝਬੂਝ, ਜਾਣਕਾਰੀ, ਆਜ਼ਾਦ ਪੱਤਰਕਾਰੀ, ਬਿਨਾਂ ਡਰ ਭੈਅ ਤੇ ਦਬਾਅ ਤੋਂ ਮਾਹੌਲ ਤੇ ਨਿਰਪੱਖ, ਚੋਣ ਪ੍ਰਕਿਰਿਆ ਹੋਣੀ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਦੀ ਵੀ ਘਾਟ ਲੋਕਤੰਤਰ ਨੂੰ ਮਹਿਜ਼ ਇਕ ਧੋਖਾ ਬਣਾ ਸਕਦੀ ਹੈ। ਅੱਜ ਦੇ ਭਾਰਤ ਵੱਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਹਨਾਂ ਲੋੜੀਂਦੀਆਂ ਗੱਲਾਂ ਵਿਚ ਕੋਈ ਇਕ ਵੀ ਪੂਰੀ ਤਰ੍ਹਾਂ ਸਹੀ ਨਹੀਂ ਹੈ। ਜਨਤਾ ਦੀ ਸੂਝਬੂਝ ਵੱਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਜਿਸ ਦੇਸ਼ ਨੂੰ ਸਦੀਆਂ ਤੋਂ ਧਰਮਾਂ, ਜਾਤਾਂ ਦੇ ਆਧਾਰ ’ਤੇ ਵੰਡਿਆ ਹੋਇਆ ਹੈ, ਉਸ ਦੇਸ਼ ਵਿੱਚ ਅੱਜ ਵੀ ਲੋਕ ਉਸੇ ਤਰ੍ਹਾਂ ਵੰਡੇ ਜਾ ਸਕਦੇ ਹਨ। ਅੱਜ ਵੀ ਲੋਕਾਂ ਨੂੰ ਧਰਮਾਂ ਤੇ ਜਾਤਾਂ ਦਾ ਵਾਸਤੇ ਦੇ ਕੇ ਭਰਮਾਇਆ ਜਾ ਸਕਦਾ ਹੈ। ਇਸ ਦਾ ਵੱਡਾ ਅਸਰ ਦੇਖਣ ਨੂੰ ਉਦੋਂ ਮਿਲਿਆ ਜਦੋਂ ਅਕਾਲੀ ਪਾਰਟੀ ਤੇ ਬੀ.ਜੇ.ਪੀ. ਨੇ ਜਿਸ ਤਰ੍ਹਾਂ ਲੋਕਾਂ ਨੂੰ ਧਰਮ ਤੇ ਜਾਤ-ਪਾਤ ਦਾ ਡਰ ਦੇ ਕੇ ਕਾਂਗਰਸ ਨੂੰ ਵੋਟਾਂ ਦੇਣ ਲਈ ਕਿਹਾ। ਕਿਵੇਂ ਦਿੱਲੀ ਤੋਂ ਭੇਜੀਆਂ ਟੀਮਾਂ ਨੇ ਪੰਜਾਬ ਦੇ ਹਰ ਸ਼ਹਿਰ ਵਿਚ ਜਾ ਕੇ ਹਿੰਦੂ ਪਰਿਵਾਰਾਂ ਨੂੰ ਡਰਾਇਆ ਕਿ ਅਗਰ ਆਮ ਆਦਮੀ ਪਾਰਟੀ ਜਿੱਤ ਗਈ ਤਾਂ ਕਿਵੇਂ ਖਾੜਕੂਵਾਦ ਫਿਰ ਪੈਦਾ ਹੋ ਜਾਵੇਗਾ ਤੇ ਇਸ ਲਈ ਬਸ਼ੱਕ ਤੁਸੀਂ ਵੋਟ ਅਕਾਲੀ ਪਾਰਟੀ ਜਾਂ ਬੀ.ਜੇ.ਪੀ. ਨੂੰ ਨਾ ਪਾਇਓ ਪਰ ਆਮ ਪਾਰਟੀ ਪਾਰਟੀ ਨੂੰ ਵੋਟ ਤੁਹਾਡੇ ਲਈ ਵੱਡਾ ਖਤਰਾ ਹੈ। ਸੋ ਬਹੁਤ ਸਾਰੀ ਉਹ ਵੋਟ ਕਾਂਗਰਸ ਪਾਰਟੀ ਨੂੰ ਭੁਗਤੀ।

ਲੋਕਾਂ ਦੇ ਵਿਚ ਇਸ ਡਰ ਭੈਅ ਦਾ ਮਾਹੌਲ ਤੋਂ ਇਲਾਵਾ ਅੱਤ ਦੀ ਗਰੀਬੀ ਜਾਂ ਪੇਂਡੂ ਇਲਾਕਿਆਂ ਵਿਚ ਲੋਕਾਂ ਦੀ ਰੋਜ਼-ਮਰਾ ਜ਼ਿੰਦਗੀ ’ਤੇ ਸਿਆਸੀ ਪਾਰਟੀਆਂ ਦਾ ਕੰਟਰੋਲ ਵੀ ਲੋਕਾਂ ਨੂੰ ਆਪਣੀ ਮਰਜ਼ੀ ਅਨੁਸਾਰ ਵੋਟ ਨਾ ਪਾਉਣ ਲਈ ਮਜਬੂਰ ਕਰ ਦਿੰਦਾ ਹੈ। ਭਾਰਤ ਵਿਚ ਹਾਲੇ ਵੀ ਸੱਤਰ ਫੀਸਦੀ ਲੋਕ ਗਰੀਬੀ ਦੀ ਜਕੜ ਵਿਚ ਹਨ। ਇਹਨਾਂ ਦਾ ਆਪਣੀ ਰੋਜ਼-ਮਰਾ ਜ਼ਿੰਦਗੀ ਦੀਆਂ ਲੋੜਾਂ ਤੋਂ ਉੱਪਰ ਉੱਠ ਕੇ ਭਵਿੱਖ ਬਾਰੇ ਸੋਚਣਾ ਮੁਸ਼ਕਿਲ ਹੀ ਨਹੀਂ ਹੈ, ਬਲਕਿ ਇਹਨਾਂ ਨੂੰ ਆਪਣੇ ਪਰਿਵਾਰਾਂ ਨੂੰ ਜਿਉਦੇ ਰੱਖਣ ਲਈ ਅੱਜ ਬੁਰਜੂਆ ਜਮਾਤਾਂ ਦਾ ਦਾਸ ਬਣ ਕੇ ਰਹਿਣਾ ਪੈਂਦਾ ਹੈ। ਇਸੇ ਲਈ ਇਹ ਲੋਕ ਸਿਆਸੀ ਪਾਰਟੀਆਂ ਤੋਂ ਆਇਆ ਪੈਸਾ ਲੈ ਕੇ ਆਪਣਾ ਵੋਟ ਵੇਚ ਦਿੰਦੇ ਹਨ। ਉਹਨਾਂ ਨੂੰ ਉਹ ਭਵਿੱਖ ਜਿਸ ਵਿਚ ਉਹਨਾਂ ਨੂੰ ਪੜ੍ਹਾਈ, ਦਵਾਈ ਤੇ ਕਮਾਈ ਦਾ ਬਰਾਬਰ ਦਾ ਹੱਕ ਮਿਲੇ, ਇਕ ਬਹੁਤ ਦੂਰ ਦਾ ਸੁਪਨਾ ਹੀ ਲਗਦਾ ਹੈ। ਇਹੋ ਜਿਹੇ ਵੋਟਰ ਹਰ ਹਲਕੇ ਵਿਚ ਹਜ਼ਾਰਾਂ ਦੀ ਗਿਣਤੀ ਪਾਏ ਜਾਂਦੇ ਹਨ ਜੋ ਕਿਸੇ ਵੀ ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਕਰਨ ਲਈ ਕਾਫੀ ਹਨ।

ਇਸ ਤੋਂ ਬਿਨਾਂ ਸ਼ਰਾਬ ਦੀ ਵਰਤੋਂ ਵੀ ਹਰ ਪਿੰਡ, ਹਲਕੇ ਵਿਚ ਕੀਤੀ ਗਈ। ਕਈ ਪਿੰਡਾਂ ਵਿਚ ਤਾਂ ਲੋਕਾਂ ਦੀਆਂ ਸ਼ਰਾਬ ਪੀਣ ਨਾਲ ਮੌਤਾਂ ਵੀ ਹੋਈਆਂ। ਪੰਜਾਬ ਦੇ ਵਿਚ ਬੇਰੁਜ਼ਗਾਰੀ ਤੇ ਨਸ਼ਿਆਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਲੱਖਾਂ ਦੀ ਤਾਦਾਦ ਵਿਚ ਇਹੋ ਜਿਹੇ ਵੋਟਰ ਸ਼ਰਾਬਾਂ ਦੀਆਂ ਦੋ-ਦੋ ਬੋਤਲਾਂ ਲੈ ਕੇ ਆਪਣਾ ਵੋਟ ਵੇਚ ਦਿੰਦੇ ਹਨ। ਮੁੱਕਦੀ ਗੱਲ ਜਦੋਂ ਤਕ ਵੋਟਰ ਦੇ ਢਿੱਡ ਵਿਚ ਰੋਟੀ, ਰਹਿਣ ਨੂੰ ਮਕਾਨ ਤੇ ਬੱਚਿਆਂ ਲਈ ਪੜ੍ਹਾਈ, ਬਜ਼ੁਰਗਾਂ ਲਈ ਦਵਾਈ ਤੇ ਨੌਜਵਾਨਾਂ ਲਈ ਕਮਾਈ ਨਹੀਂ ਹੋਵੇਗੀ, ਉਹ ਮਜਬੂਰੀ ਵੱਸ ਆਪਣੀਆਂ ਵੋਟਾਂ ਇਵੇਂ ਹੀ ਵੇਚਦੇ ਰਹਿਣਗੇ। ਪੁਰਾਣੀਆਂ ਸਿਆਸੀ ਪਾਰਟੀਆਂ ਨੇ ਇਸ ਕੰਮ ਲਈ ਬਹੁਤ ਹੀ ਕਾਰਗਰ ਢੰਗ ਤਰੀਕੇ ਲੱਭੇ ਹੋਏ ਹਨ।

ਜਨਤਾ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਆਬਾਦੀ ਦਾ ਬਹੁਤ ਵੱਡਾ ਹਿੱਸਾ ਅੱਜ ਵੀ ਅਜਿਹਾ ਹੈ ਜਿਸ ਨੂੰ ਇਹ ਵੀ ਪਤਾ ਨਹੀਂ ਕਿ ਉਹਨਾਂ ਦੀ ਸਰਕਾਰ ਕਿਵੇਂ ਚਲਦੀ ਹੈ ਤੇ ਸਰਕਾਰ ਬਣਾਉਣ ਵਿਚ ਆਗੂਆਂ, ਵਿਧਾਇਕਾਂ, ਅਫਸਰਾਂ ਤੇ ਕਰਮਚਾਰੀਆਂ ਦਾ ਕੀ ਰੋਲ ਤੇ ਕੀ ਜ਼ਿੰਮੇਵਾਰੀ ਹੁੰਦੀ ਹੈ। ਇਹਨਾਂ ਨੂੰ ਚੋਣ ਮਨੋਰਥ ਪੱਤਰਾਂ ਵਿਚ ਕੀਤੇ ਵਾਅਦਿਆਂ ਨੂੰ ਪੜ੍ਹਨ, ਵਿਚਾਰਨ ਤੇ ਸਮਝਣ ਦੀ ਕੋਈ ਖਾਸ ਲੋੜ ਨਹੀਂ ਲਗਦੀ। ਇਹਨਾਂ ਲੋਕਾਂ ਨੂੰ ਇਕ ਚੰਗੇ ਤੇ ਮਾੜੇ ਰਾਜ ਪ੍ਰਬੰਧ ਵਿਚ ਕੋਈ ਬਹੁਤਾ ਫਰਕ ਨਹੀਂ ਲਗਦਾ। ਇਹਨਾਂ ਦਾ ਕੋਈ ਨਿੱਜੀ ਮਸਲਾ ਜਦੋਂ ਪਾਰਟੀਆਂ ਦੇ ਛੱਡੇ ਏਜੰਟ (ਹਲਕਾ ਇੰਚਾਰਜ) ਹੱਲ ਕਰਵਾ ਦਿੰਦੇ ਹਨ ਤਾਂ ਉਹਨਾਂ ਨੂੰ ਇਹੀ ਲਗਦਾ ਹੈ ਕਿ ਇਹ ਪਾਰਟੀ ਠੀਕ ਹੈ ਜਿਸ ਨੇ ਉਸਦਾ ਕੰਮ ਕਰਵਾਇਆ ਹੈਚਾਹੇ ਉਹ ਪਾਰਟੀ ਹੀ ਸੂਬੇ ਦੀ ਵਿਗੜੀ ਆਰਥਿਕ ਹਾਲਤ, ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਹੋਰ ਗਲਤ ਨੀਤੀਆਂ ਲਈ ਜ਼ਿੰਮੇਵਾਰ ਕਿਉਂ ਨਾ ਹੋਵੇ। ਇਸ ਲਈ ਸਿਆਸੀ ਪਾਰਟੀਆਂ ਤੇ ਸਰਕਾਰਾਂ ਵਲੋਂ ਲੋਕਾਂ ਨੂੰ ਜਾਣ-ਬੁੱਝ ਕੇ ਅਣਜਾਣ ਰੱਖਿਆ ਜਾਂਦਾ ਹੈ। ਸੋ ਇਹੋ ਜਿਹੇ ਲੋਕਾਂ ਤੋਂ ਵੋਟਾਂ ਸਮੇਂ ਸਹੀ ਫੈਸਲਾ ਕਰਨ ਦੀ ਆਸ ਰੱਖਣੀ ਵੀ ਗਲਤ ਹੋਵੇਗੀ।

ਆਜ਼ਾਦ ਪੱਤਰਕਾਰੀ ਪੱਖੋਂ ਵੀ ਭਾਰਤ ਹਾਲੇ ਬਹੁਤ ਪਿੱਛੇ ਹੈ। ਬਹੁਤਾ ਮੀਡੀਆ ਵੱਡੇ ਵੱਡੇ ਕਾਰਪੋਰੇਟ ਅਦਾਰਿਆਂ ਤੇ ਸਿਆਸੀ ਪਾਰਟੀਆਂ ਵੱਲੋਂ ਖਰੀਦਿਆ ਹੋਇਆ ਹੈ। ਪੰਜਾਬ ਵਿਚ ਵੀ ਮੀਡੀਏ ’ਤੇ ਇਹਨਾਂ ਦਾ ਹੀ ਕੰਟਰੋਲ ਹੈ, ਜਿਸ ਰਾਹੀਂ ਜਨਤਾ ਤਕ ਪੁੱਜਣ ਵਾਲੀ ਹਰ ਖਬਰ ਤੇ ਰਿਪੋਰਟ ਨੂੰ ਆਪਣੇ ਰੰਗ ਅਤੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਵਿਰੋਧੀ ਪਾਰਟੀਆਂ ਦੀ ਚੰਗੀ ਗੱਲ ਨੂੰ ਦਬਾਇਆ ਜਾਂਦਾ ਹੈ ਤੇ ਹਾਕਮ ਪਾਰਟੀ ਦੀ ਹਰ ਗੱਲ ਦਾ ਚੰਗਾ ਪੱਖ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਇਸੇ ਕਾਰਨ ਦਿੱਲੀ ਵਿਚ ਵੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਚਰਚਾ ਦੀ ਬਜਾਏ ਦਿੱਲੀ ਸਰਕਾਰ ਦੇ ਰਾਹ ਵਿਚ ਲੈਫਟੀਨੈਂਟ ਗਵਰਨਰ ਵੱਲੋਂ ਅੜਾਏ ਜਾਂਦੇ ਰੋੜਿਆਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਰਿਹਾ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਨੂੰ ਤਾਂ ਸਿਵਾਏ ਟਕਰਾਅ ਤੇ ਵਿਰੋਧ ਕਰਨ ਤੋਂ ਕੁਝ ਆਉਂਦਾ ਹੀ ਨਹੀਂ। ਦਿੱਲੀ ਸਰਕਾਰ ਵਲੋਂ ਬਿਜਲੀ, ਪਾਣੀ, ਸਿਹਤ, ਪੜ੍ਹਾਈ ਤੇ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਚੰਗੇ ਤੇ ਅਸਰਦਾਰ ਕੰਮਾਂ ਵੱਲ ਮੀਡੀਏ ਵਲੋਂ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਸਗੋਂ ਸਰਕਾਰ ਵਲੋਂ ਮੀਡੀਏ ’ਤੇ ਖਰਚੇ 76 ਕਰੋੜ ਰੁਪਏ ਨੂੰ ਵਧਾ ਚੜ੍ਹਾ ਕੇ 525 ਕਰੋੜ ਕਰਕੇ ਫਜ਼ੂਲ ਤੇ ਨਜਾਇਜ਼ ਖਰਚਿਆ ਪੈਸਾ ਦਰਸਾਇਆ ਗਿਆ। ਇਹ ਸਭ ਪੂਰੀ ਗਿਣੀ-ਮਿਥੀ ਸਾਜਿਸ਼ ਰਾਹੀਂ ਪਾਰਟੀ ਨੂੰ ਬਦਨਾਮ ਕਰਨ ਲਈ ਕੀਤਾ ਗਿਆ। ਇਹੋ ਜਿਹੇ ਹਾਲਾਤ ਵਿਚ ਲੋਕਾਂ ਦੀ ਜਾਣਕਾਰੀ ਹਮੇਸ਼ਾ ਅਧੂਰੀ ਤੇ ਗਲਤ ਹੁੰਦੀ ਹੈ ਤੇ ਇਹ ਆਸ ਹੀ ਨਹੀਂ ਕੀਤੀ ਜਾ ਸਕਦੀ ਕਿ ਵੋਟਰ ਆਪਣੀ ਵੋਟ ਸਹੀ ਤੱਥਾਂ ਦੇ ਅਧਾਰ ’ਤੇ ਸੋਚ ਵਿਚਾਰ ਕੇ ਦੇ ਰਿਹਾ ਹੈ। ਮੀਡੀਏ ਤੇ ਕਾਰਪੋਰੇਟ ਅਦਾਰਿਆਂ ’ਤੇ ਸਿਆਸੀ ਪਾਰਟੀਆਂ ਦਾ ਕੰਟਰੋਲ ਵੀ ਲੋਕਤੰਤਰ ਲਈ ਇਕ ਵੱਡਾ ਧੋਖਾ ਹੈ।

ਲੋਕਤੰਤਰ ਦਾ ਸਭ ਤੋਂ ਜ਼ਰੂਰੀ ਤੇ ਮਜ਼ਬੂਤ ਥੰਮ੍ਹ ਹੈ ਨਿਰਪੱਖ ਚੋਣ ਪ੍ਰਕਿਰਿਆ, ਜਿਸ ਰਾਹੀਂ ਹਰ ਨਾਗਰਿਕ ਆਪਣੀ ਵੋਟ ਬਿਨਾਂ ਕਿਸੇ ਡਰ ਭੈਅ ਤੇ ਦਬਾਅ ਤੋਂ ਗੁਪਤ ਤਰੀਕੇ ਨਾਲ ਪਾ ਸਕਦਾ ਹੈ। ਭਾਰਤ ਦਾ ਲੋਕਤੰਤਰ ਦੁਨੀਆ ਵਿਚ ਬਹੁਤ ਵੱਡੇ ਲੋਕਤੰਤਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖ਼ੈਰ, ਇਸ ਵਿਚ ਕੋਈ ਵੱਡੀ ਗੱਲ ਨਹੀਂ, ਜਿੰਨੀ ਵੱਧ ਅਬਾਦੀ ਉੰਨਾ ਵੱਡਾ ਲੋਕਤੰਤਰ। ਲੋਕਤੰਤਰ ਦੇ ਦੂਜੇ ਥੰਮ੍ਹਾਂ ਦਾ ਹਾਲ ਤਾਂ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਤੇ ਇਹ ਥੰਮ੍ਹ ਜਿਸ ਦੇ ਸਹਾਰੇ ਲੋਕਤੰਤਰ ਖੜ੍ਹਾ ਹੈ, ਵੀ ਕੋਈ ਬਹੁਤਾ ਮਜ਼ਬੂਤ ਨਹੀਂ। ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਭਾਰਤ ਵਿਚ ਅੱਜਕਲ ਹਰ ਮਿਉਂਸਪਲ, ਵਿਧਾਨ ਸਭਾ ਤੇ ਪਾਰਲੀਮੈਂਟਰੀ ਚੋਣ ਲਈ ਹੁੰਦੀ ਹੈ। ਇਹ ਇਕ ਸਸਤਾ ਤੇ ਤੇਜ਼ ਤਰੀਕਾ ਹੈ। ਬੇਸ਼ੱਕ ਭਾਰਤੀ ਚੋਣ ਕਮਿਸ਼ਨ ਨੇ ਹਰ ਵਾਰ ਇਸ ਗੱਲ ’ਤੇ ਭਰੋਸਾ ਦੁਆਇਆ ਹੈ ਕਿ ਈ.ਵੀ.ਐੱਮ ਵਿਚ ਕੋਈ ਗੜਬੜ ਸੰਭਵ ਨਹੀਂ ਹੈ ਪਰ ਕਿਤੇ ਨਾ ਕਿਤੇ ਇਸ ਵਿਚ ਕੋਈ ਬਹੁਤ ਵੱਡੀ ਘਾਟ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਤੀਜੇ ਪੰਜਾਬ, ਯੂ.ਪੀ. ਤੇ ਦਿੱਲੀ ਮਿਉਂਸਪਲ ਚੋਣਾਂ ਵਿਚ ਆਏ ਹਨ, ਉਸ ਦੀ ਆਸ ਬਿਲਕੁਲ ਨਹੀਂ ਸੀ। ਬਹੁਤ ਸਾਰੇ ਇਲਾਕਿਆਂ ਵਿੱਚੋਂ ਰਿਪੋਰਟਾਂ ਆਈਆਂ ਸਨ ਕਿ ਇਹਨਾਂ ਮਸ਼ੀਨਾਂ ਵਿਚ ਕੋਈ ਗੜਬੜ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਰਟੀਆਂ, ਮੁਤਾਬਿਕ ਉਹਨਾਂ ਦੇ ਪੋਲਿੰਗ ਬੂਥ ਮਸ਼ੀਨਾਂ ਵਿਚ ਉੰਨੀਆਂ ਵੋਟਾਂ ਆਮ ਆਦਮੀ ਪਾਰਟੀਆਂ ਨੂੰ ਪਈਆਂ ਹੀ ਨਹੀਂ। ਲੋਕਾਂ ਨੇ ਹਲਫੀਆ ਬਿਆਨ ਦਿੱਤੇ। ਮੱਧ ਪ੍ਰਦੇਸ਼ ਦੇ ਭਿੰਡ ਕਸਬੇ ਵਿਚ ਇਕ ਟੈੱਸਟ ਦੌਰਾਨ ਮਸ਼ੀਨ ’ਤੇ ਬਟਨ ਕੋਈ ਦੱਬ ਹੋ ਰਿਹਾ ਸੀ ਤੇ ਵੋਟ ਕਿਸੇ ਹੋਰ ਪਾਰਟੀ ਨੂੰ ਪੈ ਰਹੀ ਸੀ। ਇਸੇ ਤਰ੍ਹਾਂ ਦੀਆਂ ਕੁਝ ਰਿਪੋਰਟਾਂ ਹੋਰ ਸੂਬਿਆਂ ਤੋਂ ਵੀ ਆਈਆਂ ਹਨ। ਇਸੇ ਕਰਕੇ ਈਵੀਐੱਮ ਸ਼ੱਕ ਦੇ ਘੇਰੇ ਵਿਚ ਆ ਚੁੱਕੀਆਂ ਹਨ। ਇਹ ਮਸ਼ੀਨਾਂ ਛੋਟੇ ਕੰਪਿਊਟਰ ਹੁੰਦੀਆਂ ਹਨ। ਇਹਨਾਂ ਨਾਲ ਛੇੜਛਾੜ ਕਰਨੀ ਕੋਈ ਵੱਡੀ ਗੱਲ ਨਹੀਂ। ਇਸ ਦੇ ਸਬੂਤ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਪਹਿਲਾਂ ਹੀ ਦੇ ਚੁੱਕੀਆਂ ਹਨ। ਇਸੇ ਕਰਕੇ ਬਹੁਤ ਸਾਰੇ ਅਗਾਂਹਵਧੂ ਦੇਸ਼ਾਂ ਵਿਚ ਇਹਨਾਂ ਦਾ ਇਸਤੇਮਾਲ ਬੰਦ ਕਰ ਦਿੱਤਾ ਗਿਆ ਹੈ। ਭਾਰਤ ਦੇ ਮੌਜੂਦਾ ਹਾਲਾਤ ਵਿਚ ਜਨਤਾ ਦਾ ਭਰੋਸਾ ਬਣਾਈ ਰੱਖਣ ਦੀ ਲੋੜ ਹੈ ਕਿ ਇਕ ਬਹੁ ਪਾਰਟੀ ਕਮੇਟੀ ਤੇ ਚੋਣ ਕਮਿਸ਼ਨ ਰਲ ਕੇ ਇਹਨਾਂ ਮਸ਼ੀਨਾਂ ਨੂੰ ਚੰਗੀ ਤਰ੍ਹਾਂ ਪਰਖੇ ਤੇ ਪੱਕਾ ਕਰੇ ਤਾਂ ਕਿ ਇਹਨਾਂ ਨਾਲ ਕੋਈ ਵੀ ਛੇੜਛਾੜ ਨਾ ਹੋ ਸਕੇ। ਨਹੀਂ ਤਾਂ ਭਾਰਤੀ ਜਨਤਾ ਨਾਲ ਲੋਕਤੰਤਰ ਦੇ ਨਾਂ ’ਤੇ ਇਹ ਇਕ ਬਹੁਤ ਵੱਡਾ ਧੋਖਾ ਹੋਵੇਗਾ।

ਇਸ ਤੋਂ ਇਲਾਵਾ ਕੁਝ ਕਾਰਨ ਹੋਰ ਵੀ ਹਨ  ਜਿਨ੍ਹਾਂ ਕਰਕੇ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਹੈ ਮੁੱਖ ਮੰਤਰੀ ਦੀ ਪਦਵੀ ਦੇ ਉਮੀਦਵਾਰ ਵਜੋਂ ਕਿਸੇ ਨੇਤਾ ਦਾ ਨਾਂ ਪੇਸ਼ ਨਾ ਕਰਨਾ। ਬੇਸ਼ੱਕ ਇਸ ਪਿੱਛੇ ਪਾਰਟੀ ਦੀ ਸੋਚ ਤੇ ਕਾਰਨ ਠੀਕ ਸਨ ਪਰ ਵਿਰੋਧੀਆਂ ਨੂੰ ਇਹ ਗੱਲ ਲੋਕਾਂ ਦੇ ਦਿਲਾਂ ਵਿਚ ਬਿਠਾਉਣ ਦਾ ਮੌਕਾ ਮਿਲ ਗਿਆ ਕਿ ਪੰਜਾਬ ’ਤੇ ਇਕ ਵਾਰੀ ਫਿਰ ਦਿੱਲੀ ਵਾਲੇ ਤੇ ਭਈਏ ਰਾਜ ਕਰਨਗੇ। ਇਸ ਗੱਲ ਦਾ ਪੰਜਾਬੀਆਂ ’ਤੇ ਬਹੁਤ ਅਸਰ ਹੋਇਆ। ਦੂਜਾ ਵੱਡਾ ਕਾਰਨ ਇਹ ਹੈ ਕਿ ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਲੀਡਰਾਂ ਨੂੰ ਟਿਕਟਾਂ ਦੇਣੀਆਂ ਤੇ ਅੱਗੇ ਲਿਆਉਣਾ। ਇਸ ਨਾਲ ਪਾਰਟੀ ਦੇ ਹਮਦਰਦ ਵਲੰਟੀਅਰਾਂ ਨੂੰ ਬਹੁਤ ਵੱਡੀ ਠੇਸ ਲੱਗੀਉਹ ਪਾਰਟੀ ਤੋਂ ਨਿਰਾਸ਼ ਹੋ ਕੇ ਪਿੱਛੇ ਹਟ ਗਏ। ਹਾਲਾਂਕਿ ਪਾਰਟੀ ਨੇ ਉਹ ਉਮੀਦਵਾਰ ਕਿਉਂ ਲਏ ਤੇ ਕਿਉਂ ਲੋੜ ਪਈ, ਇਸਦੇ ਕਾਰਨ ਵੀ ਸਮਝ ਆਉਂਦੇ ਹਨ ਪਰ ਸ਼ਾਇਦ ਇਹ ਗੱਲ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਦੇ ਸਮਝ ਨਹੀਂ ਆ ਸਕੀ।

ਪੰਜਾਬ ਵਿਚ ਹਾਰ ਦਾ ਤੀਜਾ ਵੱਡਾ ਕਾਰਨ ਸੀ ਪਾਰਟੀ ਲੀਡਰਸ਼ਿੱਪ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਪਾਰਟੀ ਨਾਲ ਜੁੜੇ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢਣਾ। ਪਹਿਲੀ ਗਲਤੀ 2015 ਵਿੱਚ ਦਿੱਲੀ ਵਿਚ ਵੱਡੀ ਜਿੱਤ ਤੋਂ ਬਾਅਦ ਆਏ ਹੰਕਾਰ ਕਾਰਨ ਹੋਈ ਜਦੋਂ ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਪ੍ਰੋ. ਆਨੰਦ, ਡਾ. ਗਾਂਧੀ ਅਤੇ ਡਾਕਟਰ ਦਲਜੀਤ ਸਿੰਘ ਵਰਗਿਆਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਤੇ ਫਿਰ ਪੰਜਾਬ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਬਿਨਾਂ ਸਬੂਤ ਪੇਸ਼ ਕੀਤੇ ਸੁੱਚਾ ਸਿੰਘ ਛੋਟੇਪੁਰ ਨੂੰ ਕੱਢ ਦਿੱਤਾ। ਇਸ ਨਾਲ ਪਾਰਟੀ ਵਿਚ ਅਲੱਗ-ਅਲੱਗ ਧੜੇ ਬਣ ਗਏ ਤੇ ਲੋਕਾਂ ਨੂੰ ਇਵੇਂ ਲੱਗਣ ਲੱਗ ਗਿਆ ਕਿ ਦਿੱਲੀ ਵਾਲੇ ਕਿਸੇ ਵੀ ਪੰਜਾਬੀ ਨੂੰ ਅੱਗੇ ਨਹੀਂ ਆਉਣ ਦੇ ਰਹੇ ਤੇ ਪੰਜਾਬ ’ਤੇ ਆਪ ਰਾਜ ਕਰਨਾ ਚਾਹੁੰਦੇ ਹਨ। ਬੇਸ਼ਕ ਇਸ ਵਿਚ ਕੋਈ ਸਚਾਈ ਨਹੀਂ ਸੀ ਪਰ ਲੋਕਾਂ ਦੇ ਮਨਾਂ ਵਿਚ ਇਹ ਗੱਲ ਕਾਫੀ ਘਰ ਕਰ ਗਈ ਸੀ। ਇਹਨਾਂ ਤੋਂ ਇਲਾਵਾ ਛੋਟੇ-ਮੋਟੇ ਹੋਰ ਵੀ ਕਾਰਨ ਹੋ ਸਕਦੇ ਹਨ ਪਰ ਮੋਟੇ ਤੌਰ ’ਤੇ ਇਹੀ ਕਾਰਨ ਹਨ  ਜਿਨ੍ਹਾਂ ਕਾਰਨ ਆਮ ਆਦਮੀ ਪਾਰਟੀ ਦੀ ਹਾਰ ਹੋਈ।

ਅਖੀਰ ਵਿਚ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਭਾਰਤ ਦੇ ਵਿਗੜੇ ਹਾਲਾਤ ਨੇ ਹੀ ਅਰਵਿੰਦ ਕੇਜਰੀਵਾਲ ਵਰਗੇ ਲੀਡਰ ਤੇ ਆਮ ਆਦਮੀ ਪਾਰਟੀ ਪੈਦਾ ਕੀਤੀ ਤੇ ਭਾਰਤ ਦੀਆਂ ਉਹਨਾਂ ਹੀ ਸਿਆਸੀ, ਆਰਥਿਕ, ਧਾਰਮਿਕ ਤੇ ਸਮਾਜਿਕ ਤਾਕਤਾਂ, ਜਿਨ੍ਹਾਂ ਨੇ ਇਹ ਹਾਲਾਤ ਵਿਗਾੜੇ ਹਨ, ਨੇ ਹੀ ਰਲ ਕੇ ਆਮ ਆਦਮੀ ਪਾਰਟੀ ਨੂੰ ਹਰਾਇਆ। ਭਾਰਤ ਦਾ ਲੋਕਤੰਤਰ ਵਰਤਮਾਨ ਸਮੇਂ ਭਾਰਤ ਲਈ ਸਹੀ ਨਹੀਂ। ਇਸ ਵਿੱਚ ਉਹਨਾਂ ਲੋਕ ਵਿਰੋਧੀ ਤਾਕਤਾਂ ਦੀ ਜਕੜ ਹਾਲੇ ਬਹੁਤ ਪੱਕੀ ਹੈ ਤੇ ਡਰ-ਭੈਅ, ਗਰੀਬੀ, ਧਰਮ, ਜਾਤ-ਪਾਤ ਦੇ ਨਾਂ ’ਤੇ ਹਾਲੇ ਵੀ ਲੋਕਾਂ ਨੂੰ ਡਰਾਇਆ, ਧਮਕਾਇਆ ਤੇ ਖਰੀਦਿਆ ਜਾ ਸਕਦਾ ਹੈ।

ਖ਼ੈਰ, ਇਹ ਜੱਦੋਜਹਿਦ ਚਲਦੀ ਰਹਿਣੀ ਹੈ ਤੇ ਇਸੇ ਵਿੱਚੋਂ ਸਮਾਜ ਤੇ ਦੇਸ਼ ਨੂੰ ਅੱਗੇ ਤੋਰਨ ਦਾ ਰਾਹ ਲੱਭਣਾ ਹੈ। ਜਦੋਂ ਵੀ ਕਦੇ ਅਜਿਹੀਆਂ ਲਹਿਰਾਂ ਅਤੇ ਲੀਡਰ ਪੈਦਾ ਹੋਏ ਹਨ, ਉਦੋਂ ਹੀ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਅੰਦੋਲਨਾਂ ਕਰਕੇ ਸਮਾਜ ਆਪਣੀ ਪੁਰਾਣੀ ਸੋਚ ਅਤੇ ਚਾਲ ਛੱਡ ਕੇ ਅੱਗੇ ਵਧਿਆ ਹੈ। ਬੇਸ਼ਕ ਆਮ ਆਦਮੀ ਪਾਰਟੀ ਅੱਜ ਹਾਰ ਗਈ ਹੈ ਤੇ ਇਸ ਲਈ ਆਪਣੇ ਆਪ ਨੂੰ ਬਚਾਉਣਾ ਅਤੇ ਅੱਗੇ ਵਧਾਉਣਾ ਹੋਰ ਵੀ ਵੀ ਮੁਸ਼ਕਿਲ ਹੋ ਗਿਆ ਹੈ ਪਰ ਇਸ ਪਾਰਟੀ ਨੇ ਦਹਾਕਿਆਂ ਤੋਂ ਪੈਸੇ ਤੇ ਤਾਕਤ ਦੇ ਨਸ਼ੇ ਵਿਚ ਮਸਤ ਹੋਈਆਂ ਸਿਆਸੀ ਪਾਰਟੀਆਂ ਹਲੂਣ ਦਿੱਤਾ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਸਿਆਸੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਦਿੱਤਾ ਹੈ।

ਹਾਕਮ ਪਰਿਵਾਰ, ਜਿਸਨੇ ਪੰਜਾਬ ਨੂੰ ਆਪਣੀ ਰਿਆਸਤ ਸਮਝ ਲਿਆ ਸੀ ਤੇ ਜਿਸਦੇ ਦਰ ਤੋਂ ਲੋਕ ਚੁੱਪ ਬੈਠੇ ਦਿਨ ਕਟੀ ਕਰ ਰਹੇ ਸਨ, ਨੂੰ ਗੱਦੀ ਤੋਂ ਲਾਹ ਦਿੱਤਾ ਹੈ। ਉਹ ਲੋਕ ਜੋ ਡਰ ਦੇ ਮਾਰੇ ਬੋਲਦੇ ਨਹੀਂ ਸਨ, ਹੁਣ ਉੱਚੀ ਆਵਾਜ਼ ਵਿੱਚ ਹਾਕਮਾਂ ਤੋਂ ਜਵਾਬ ਮੰਗਣ ਲੱਗ ਪਏ ਹਨ। ਇਹ ਆਮ ਆਦਮੀ ਪਾਰਟੀ ਹੀ ਹੈ ਜਿਸਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਨਵੀਂ ਆਸ ਅਤੇ ਨਵਾਂ ਰਾਹ ਦਿਖਾਇਆ ਹੈ। ਇਹੀ ਇਸ ਪਾਰਟੀ ਦੀ ਸਭ ਤੋਂ ਵੱਡੀ ਦੇਣ ਹੈ। ਉਹਨਾਂ ਲੱਖਾਂ ਲੋਕਾਂ,  ਜਿਨ੍ਹਾਂ ਇਸ ਪਾਰਟੀ ਦੀ ਤਨ, ਮਨ ਤੇ ਧੰਨ ਨਾਲ ਮਦਦ ਕੀਤੀ, ਨੂੰ ਮਾਣ ਹੋਣਾ ਚਾਹੀਦਾ ਹੈ ਕਿ ਇਸ ਚੰਗੇ ਅਤੇ ਬੁਰੇ ਦੀ ਲੜਾਈ ਵਿਚ ਉਨ੍ਹਾਂ ਚੰਗੇ ਦਾ ਸਾਥ ਦਿੱਤਾ ਹੈ ਤੇ ਸਮਾਜ ਨੂੰ ਇਕ ਨਵੇਂ ਰਾਹ ’ਤੇ ਤੋਰਿਆ ਹੈ। ਇਹ ਜੰਗ ਜਾਰੀ ਰਹੇਗੀ। ਆਮ ਆਦਮੀ ਪਾਰਟੀ ਨਹੀਂ ਤਾਂ ਕੋਈ ਹੋਰ ਮਸ਼ਾਲ ਨੂੰ ਫੜ ਕੇ ਇੱਕ ਵਾਰੀ ਫੇਰ ਅੱਗੇ ਵਧੇਗਾ।

*****

(723)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਨੇਕ ਮਠਾੜੂ

ਹਰਨੇਕ ਮਠਾੜੂ

Edmonton, Alberta, Canada.
Phone: (780 718 4141)

Email: (harnek@royalwesthomes.com)