SurinderGillDr7“ਸਾਡੇ ਬਜ਼ੁਰਗ ਕਵੀ ਦਾ ਵਿਸ਼ੇਸ਼ ਗੁਣ/ਲੱਛਣ ਉਸ ਦੀ ਰਚਨਾ ਵਿਚਲੀ ਰਾਜਨੀਤਕ ਚੇਤਨਤਾ ਅਤੇ ਪ੍ਰਗਤੀਸ਼ੀਲਤਾ ਹੈ ...”
(24 ਮਈ 2017)

 

IsherSDard2ਪੰਜਾਬ ਲੋਕ ਕਵੀਆਂ ਦੀ ਧਰਤੀ ਹੈ। ਪੰਜਾਬੀ ਜਨ ਸਾਧਾਰਣ ਵਿਚ ਸਮੇਂ ਸਮੇਂ ਅਜਿਹੇ ਲੋਕ ਕਵੀ ਹਰਮਨ ਪਿਆਰੇ ਹੋਏ ਹਨ ਜਿਹੜੇ ਆਪਣੇ ਆਲੇ-ਦੁਆਲੇ, ਆਪਣੇ ਇਲਾਕੇ ਜਾਂ ਸਮੁੱਚੇ ਪੰਜਾਬ ਦੇ ਵਾਸੀਆਂ ਦਾ ਆਪਣੀਆਂ ਰਚਨਾਵਾਂ ਨਾਲ ਮਨੋਰੰਜਨ ਕਰਨ ਦੇ ਨਾਲ ਲੋਕਾਂ ਨੂੰ ਕੋਈ ਵਿਸ਼ੇਸ਼ ਸੰਦੇਸ਼ ਦਿੰਦੇ ਅਤੇ ਜਾਗ੍ਰਿਤ ਕਰਦੇ ਰਹੇ ਹਨ।

ਉਪਰੋਕਤ ਭਾਂਤ ਦੇ ਜਾਗਰੂਕ ਲੋਕ ਕਵੀਆਂ ਵਿਚ ਗ਼ਦਰ ਲਹਿਰ ਦੇ ਗ਼ਦਰੀ ਕਵੀ, ਅਕਾਲੀ ਲਹਿਰ ਦੇ ਅਕਾਲੀ ਕਵੀ ਅਤੇ ਸੁਤੰਤਰਤਾ ਸੰਗਰਾਮ ਤੋਂ ਪ੍ਰਭਾਵਿਤ  ਕਵੀਆਂ ਦੇ ਨਾਂ ਲਏ ਜਾ ਸਕਦੇ ਹਨ। ਇਨ੍ਹਾਂ ਤੋਂ ਬਿਨਾਂ ਕੁਝ ਕਵੀ ਅਜਿਹੇ ਹਨ ਜਿਨ੍ਹਾਂ ਨੇ ਕਿਸੇ ਵਿਸ਼ੇਸ਼ ਲਹਿਰ ਅਥਵਾ ਵਿਚਾਰਧਾਰਾ ਨਾਲ ਜੁੜਨ ਤੋਂ ਬਿਨਾਂ, ਸੁਤੰਤਰ ਰੂਪ ਵਿਚ ਆਪਣੀ ਕਾਵਿ ਰਚਨਾ ਨਾਲ, ਲੋਕ ਪੱਖੀ ਸਰਬਜਨਕ ਕਲਿਆਣਕਾਰੀ ਆਵਾਜ਼ ਬੁਲੰਦ ਕਰਦੇ ਰਹੇ ਅਤੇ ਸਮਾਜਿਕ ਕੁਰੀਤੀਆਂ ਅਤੇ ਸਮਾਜ ਵਿਰੋਧੀ ਸ਼ਕਤੀਆਂ ਵਿਰੁੱਧ ਜਨ ਸਧਾਰਣ ਨੂੰ ਜਗਾਉਣ ਦੇ ਯਤਨ ਕੀਤੇ। ਇਨ੍ਹਾਂ ਕਵੀਆਂ ਵਿਚ ਲੋਕ ਕਵੀ ਗੁਰਦਾਸ ਰਾਮ ਆਲਮ, ਤੇਰਾ ਸਿੰਘ ਚੰਨ, ਅਰੂੜ ਸਿੰਘ ਇਨਕਲਾਬ ਆਦਿ ਹਸਤਾਖ਼ਰ ਪ੍ਰਮੁੱਖ ਹਨ।

ਪਿਛਲੇ ਦਿਨੀਂ ਇਹਨਾਂ ਸਤਰਾਂ ਦੇ ਲੇਖਕ ਨੂੰ ਇਕ ਹੋਰ ਲੋਕ ਕਵੀ ਰਚਿਤ ਕੁਝ ਕਵਿਤਾਵਾਂ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਹੈਇਹ ਅਜਿਹੇ ਪ੍ਰਗਤੀਸ਼ੀਲ ਕਵੀ ਦੀਆਂ ਕਵਿਤਾਵਾਂ ਹਨ, ਜਿਹੜਾ ਹੁਣ ਤੱਕ ਸਮੇਂ ਦੀ ਧੂੜ ਵਿਚ ਕਿਧਰੇ ਲੁਕਿਆ ਛਿਪਿਆ ਰਿਹਾ। ਇਸ ਬਜ਼਼ੁਰਗ ਕਵੀ ਦਾ ਨਾਮ ਹੈ ਗਿਆਨੀ ਈਸ਼ਰ ਸਿੰਘ ‘ਦਰਦ’। ਗਿਆਨੀ ਈਸ਼ਰ ਸਿੰਘ ‘ਦਰਦ’ (15 ਫਰਵਰੀ 1900 ਤੋਂ 28 ਅਕਤੂਬਰ 1983 ਈ.) ਪੰਜਾਬ ਦੇ ਸਿਰਮੌਰ ਕਵੀ, ਕਹਾਣੀਕਾਰ ਤੇ ਨਾਵਲਕਾਰ ਸ੍ਰੀ ਸੰਤੋਖ ਸਿੰਘ ਧੀਰ ਅਤੇ ਸ੍ਰੀ ਰਿਪੁਦਮਨ ਸਿੰਘ ਰੂਪ ਦੇ ਪਿਤਾ ਜੀ ਸਨ। ਸ੍ਰੀ ਰਿਪੁਦਮਨ ਸਿੰਘ ਰੂਪ ਦੀ ਪਾਰਖੂ ਅੱਖ, ਲਗਨ ਅਤੇ ਮਿਹਨਤ ਦੇ ਫ਼ਲਸਰੂਪ ਉਨ੍ਹਾਂ ਦੇ ਪਿਤਾ ਜੀ ਗਿਆਨੀ ਈਸ਼ਰ ਸਿੰਘ ‘ਦਰਦ’ ਦੀ ਕਵਿਤਾ ਅਲਮਾਰੀਆਂ ਵਿਚ ਬੰਦ ਪਈਆਂ ਡਾਇਰੀਆਂ, ਕਾਪੀਆਂ ਅਤੇ ਰਜਿਸਟਰਾਂ ਵਿੱਚੋਂ ਨਿੱਕਲ ਕੇ ਅੱਜ ਪੰਜਾਬੀ ਸੰਸਾਰ ਤੱਕ ਪੁੱਜਣਯੋਗ ਹੋਈ ਹੈ।

ਗਿਆਨੀ ਈਸ਼ਰ ਸਿੰਘ ‘ਦਰਦ’ ਰਚਿਤ ਇਨ੍ਹਾਂ ਸੰਗ੍ਰਹਿਆਂ ਦੀਆਂ ਕਵਿਤਾਵਾਂ ਵਿਚ ਤਤਕਾਲੀਨ ਰਿਵਾਜ਼ ਅਨੁਸਾਰ ਧਾਰਮਿਕ, ਸਮਾਜਿਕ ਰੰਗ ਦੀਆਂ ਕਵਿਤਾਵਾਂ ਸੰਕਲਿਤ ਹਨ। ਪਰ ਸਾਡੇ ਬਜ਼ੁਰਗ ਕਵੀ ਦਾ ਵਿਸ਼ੇਸ਼ ਗੁਣ/ਲੱਛਣ ਉਸ ਦੀ ਰਚਨਾ ਵਿਚਲੀ ਰਾਜਨੀਤਕ ਚੇਤਨਤਾ ਅਤੇ ਪ੍ਰਗਤੀਸ਼ੀਲਤਾ ਹੈ।

ਵਿਸ਼ੇ-ਵਸਤੂ ਦੇ ਪੱਖ ਤੋਂ ਪਰਖਿਆਂ ਸ੍ਰੀ ‘ਦਰਦ’ ਦੀ ਕਾਵਿ ਰਚਨਾ ਜੀਵਨ ਦੇ ਬਹੁ-ਪਾਸਾਰੀ ਅਤੇ ਬਹੁ-ਦਿਸ਼ਾਈ ਪੱਖਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਵਿਸ਼ੇ ਪੱਖੋਂ ਦਰਦ ਰਚਿਤ ਕਾਵਿ ਨੂੰ ਹੇਠ ਲਿਖੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:

1. ਧਾਰਮਿਕ ਸ਼ਰਧਾ ਕਾਵਿ

2. ਜੀਵਨ-ਤੱਤ-ਸਾਰ

3. ਪਰੰਪ੍ਰਿਕ ਕਾਵਿ ਜਾਂ ਭਾਰਤੀ ਦਰਸ਼ਨ ਸਬੰਧੀ ਕਵਿਤਾਵਾਂ

4. ਰਾਜਨੀਤਕ ਚੇਤਨਤਾ ਅਥਵਾ ਸੁਤੰਤਰਤਾ ਸੰਗਰਾਮ ਬਾਰੇ ਕਵਿਤਾਵਾਂ।

5. ਤੰਤਰ ਕਾਵਿ: ਜਨ ਸਾਧਾਰਣ ਦੀ ਉਪਰਾਮਤਾ ਦਾ ਚਿਤਰਣ ਆਦਿ।

ਤੱਤਕਾਲੀ ਰੁਚੀ ਅਨੁਸਾਰ ਧਾਰਮਿਕ ਰੰਗ ਦੀਆਂ ਕਵਿਤਾਵਾਂ ਸ਼ਰਧਾਵਾਦੀ ਰੰਗ ਵਿਚ ਰੰਗੀਆਂ ਕਵਿਤਾਵਾਂ ਹਨ। ਪਰ ਇੱਥੇ ਵੀ ਸਾਡਾ ਕਵੀ ਜੀਵਨ ਦੇ ਯਥਾਰਥ ਦਾ ਲੜ ਨਹੀਂ ਛੱਡਦਾ। ਜਿਵੇਂ,

ਮੈਂ ਦੀਨਾਂ ਦੀ ਰੱਖਿਆ ਲਈ,
ਖੰਡਾ ਬਣਾਗਾ।
ਮੈਂ ਵਿਗੜੇ ਸਵਾਰਨ ਲਈ,
ਡੰਡਾ ਬਣਾਗਾ।

ਮੈਂ ਦੁੱਖੜੇ ਦਰਦ,
ਸਭ ਸਿਰ ’ਤੇ ਜਰਾਂਗਾ।
ਵਤਨ ਲਈ ਜੀਆਂਗਾ,
ਵਤਨ ਲਈ ਮਰਾਂਗਾ।

(ਸੰਦੇਸ਼ਦਾਤਾ)

ਅਤੇ

ਮੈਂ ਤੀਰਾਂ ਦੇ ਨਾਲ ਖ਼ੂਨੀ ਤੀਰਾਂ ਨੂੰ ਤੋੜੂੰ,
ਮੈਂ ਭਾਰਤ ਗ਼ਲ ਪਈਆਂ ਜੰਜੀਰਾਂ ਨੂੰ ਤੋੜੂੰ।

ਮੈਂ ਚਾਹੁੰਦਾ ਹਾਂ ਭਾਰਤ ਸੁਰਖ਼ੁਰੂ ਹੋ ਜਾਏ,
ਨਿਛਾਵਰ ਮੇਰਾ ਭਾਵੇਂ ਪਰਿਵਾਰ ਹੋ ਜਾਏ ...।”

(ਸੰਦੇਸ਼ਦਾਤਾ)

ਦਰਦ ਰਚਿਤ ਕੁਝ ਕਵਿਤਾਵਾਂ, ਵਿਸ਼ੇਸ਼ ਕਰਕੇ ਨਿੱਕੀਆਂ ਕਵਿਤਾਵਾਂ ਜੀਵਨ ਘੋਲ ਵਿੱਚੋਂ ਪ੍ਰਾਪਤ ਕੁੱਝ ਤੱਤਸਾਰ ਸੱਚਾਈਆਂ ਨੂੰ ਕਾਵਿ ਰੂਪ ਵਿਚ ਢਾਲਿਆ ਗਿਆ ਹੈ। ਅਜਿਹੀਆਂ ਨਿੱਕੀਆਂ ਕਵਿਤਾਵਾਂ ਕਵੀ ਈਸ਼ਰ ਸਿੰਘ ਦਰਦ ਦੇ ਜੀਵਨ ਅਨੁਭਵ ਦੀ ਕੁਠਾਲੀ ਵਿੱਚੋਂ ਸੋਨੇ ਦੇ ਕਣ ਮਾਤਰ ਅਤੇ ਅਟੱਲ ਯਥਾਰਥ ਦਾ ਪ੍ਰਗਟਾਵਾ ਹਨ। ਉਦਾਹਰਣ ਰੂਪ:

ਚੰਨਣ ਦੀ ਜੇ ਹੋਏ ਬੁਹਾਰੀ,
ਅੰਤ ਬਹੁਕਰ ਦੀ ਬਹੁਕਰ।
ਭਾਵੇਂ ਕਿੱਡਾ ਹੋਏ ਮਰਤਬਾ
ਰਹੂ ਨੌਕਰ ਦਾ ਨੌਕਰ।

(ਟੋਟਕੇ)

ਪੰਜਾਬ ਦੇ ਇਕ ਸਾਧਾਰਨ ਪਰਿਵਾਰ ਵਿਚ ਜਨਮੇ ਅਤੇ ਜਵਾਨ ਹੋਏ ਕਵੀ ਈਸ਼ਰ ਸਿੰਘ ‘ਦਰਦ’ ਆਪਣੇ ਪਿੰਡ, ਸ਼ਹਿਰ ਜਾਂ ਸੂਬੇ ਦੀ ਹੱਦ ਅੰਦਰ ਹੀ ਨਹੀਂ ਟਿਕੇ ਰਹੇ, ਸਗੋਂ ਸਮੁੱਚੇ ਭਾਰਤ ਦੇ ਕਈ ਪ੍ਰਾਂਤਾਂ ਵਿਚ ਵਿਚਰਦੇ ਰਹੇ। ਆਪਣੇ ਸਮਕਾਲੀ ਹਾਣੀਆਂ ਦੇ ਮੁਕਾਬਲੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਅਤਿ ਵਿਸ਼ਾਲ, ਨਵੀਨ ਅਤੇ ਸਮਾਜਵਾਦੀ ਕਲਮ ਦਾ ਤਤਕਾਲੀ ਸਮਾਜਿਕ ਰਾਜਨੀਤਕ ਸਮਾਚਾਰ ਪ੍ਰਤੀ ਜਾਣੂ ਅਤੇ ਚੇਤਨ ਹੋਣਾ ਹੈਰਾਨੀ ਦੀ ਹੱਦ ਤੱਕ ਪਾਠਕਾਂ/ਆਲੋਚਕਾਂ ਦਾ ਧਿਆਨ ਆਕ੍ਰਸ਼ਿਤ ਕਰਦਾ ਹੈ। ਹੇਠ ਲਿਖੇ ਕਾਵਿ ਬੰਦ ਕਵੀ ‘ਦਰਦ’ ਦੀ ਰਾਜਨੀਤਕ ਚੇਤਨਤਾ ਦਾ ਜਿਉਂਦਾ ਜਾਗਦਾ ਪ੍ਰਮਾਣ ਹਨ:

ਅੱਜ ਟਾਟੇ ਟੁੱਟਦੇ ਜਾ ਰਹੇ,
ਔਹ ਬਦਲੀ ਦੇਖ ਨੁਹਾਰ।

ਕਿਤੇ ਡੁੱਬਦੀਆਂ ਫ਼ਿਰਕੇਦਾਰੀਆਂ,
ਰਹੀਆਂ ਕੱਖਾਂ ਨੂੰ ਹੱਥ ਮਾਰ।

ਇੱਥੇ ਜਾਗ ਚੁੱਕੀ ਹੈ ਲੋਕਤਾ,
ਮਰ ਰਿਹਾ ਸਰਮਾਏਦਾਰ।

ਭੁੱਲ ਰਹੇ ਭੁਲੇਖੇ ਭਰਮ ਦੇ,
ਜੋ ਪਾਉਂਦੇ ਸੀ ਪੂੰਜੀਦਾਰ।

ਅੱਜ ਵਿੱਥ ਦੀਆਂ ਕੰਧਾਂ ਭਰ ਗਈਆਂ,
ਹੱਥ ਮਿਲੇ ਸਮੁੰਦਰੋਂ ਪਾਰ।

ਮੇਰਾ ਭਾਰਤ ਰੰਗਲਾ,
ਜਿਹਦਾ ਚਹੁੰ ਕੂੰਟੀ ਸਤਿਕਾਰ।

(ਮੇਰਾ ਦੇਸ)

(ਰਚਣ ਮਿਤੀ: ਸਰਹੰਦ, ਅਗਸਤ 1956)

ਉਪਰੋਕਤ ਕਵਿਤਾ ਦੀ ਰਚਣ ਮਿਤੀ ਦੇ ਸੰਦਰਭ ਵਿਚ ਪੜ੍ਹਿਆਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਾਡਾ ਕਵੀ ਭਾਵੇਂ ਸਾਹਿਤ ਸੰਸਾਰ ਵਿਚ ਗੁੰਮਨਾਮ ਹੀ ਰਿਹਾ, ਪਰ ਉਸ ਦੀ ਇਹ ਅਤੇ ਕੁੱਝ ਹੋਰ ਰਚਨਾਵਾਂ ਤਤਕਾਲ ਦੇ ਪ੍ਰਸਿੱਧ ਪ੍ਰਗਤੀਸ਼ੀਲ ਕਵੀਆਂ ਹੀਰਾ ਸਿੰਘ ਦਰਦ, ਗਿਆਨੀ ਗੁਰਮੁਖ ਸਿੰਘ ਮੁਸਾਫਿ਼ਰ, ਪ੍ਰੋ. ਮੋਹਨ ਸਿੰਘ ਦੀਆਂ ਰਚਨਾਵਾਂ ਦੇ ਹਾਣ ਦੀਆਂ ਰਚਨਾਵਾਂ ਹਨ।

ਇੱਥੇ ਕਵੀ ‘ਦਰਦ’ ਦੀ ਰਚਿਤ ਕਵਿਤਾ ‘ਡਾਕੂ’ ਵਿਚ ਸੰਕਲਿਤ ਕੁਝ ਰਾਜਨੀਤੀਵੇਤਾ ਅਤੇ ਸਾਮਰਾਜੀ ਹਾਕਮਾਂ ਦਾ ਉਲੇਖ ਕਵੀ ਦੀ ਰਾਜਨੀਤਕ ਜਾਗਰੂਕਤਾ ਦੀ ਜਿਉਂਦੀ ਜਾਗਦੀ ਮਿਸਾਲ ਹੈ:

ਡਾਕੂ

ਲਾਰਡ ਕਲਾਇਵ, ਹੇਸਟਿੰਗਜ਼,
ਡਲਹੌਜ਼ੀ, ਜੇ ਬਣੇ ਸਰਕਾਰ।

ਕਰਜ਼ਨ ਵਾਂਗ ਕਾਨੂੰਨ ਬਣਾ ਕੇ
ਕਰਕੇ ਹਜ਼ਮ ਨਾ ਲਵਾਂ ਡਕਾਰ।

ਲਿੱਲੜੀ ਕੱਢਾਂ ਧਮਕੀ ਦੇਵਾਂ,
ਵਾਅਦੇ ਕਰਲਾਂ ਕਈ ਹਜ਼ਾਰ।

ਘਾਓਘੱਪ ਕਰਾਂ ਮੈਂ ਸਭ ਨੂੰ,
ਜੀਵਨ ਦੀ ਫਿਰ ਅਜ਼ਬ ਬਹਾਰ

ਇਸੇ ਲੜੀ ਵਿਚ ‘ਕਵੀ’ ਨਾਮ ਦੀ ਕਵਿਤਾ ਸ੍ਰੀ ‘ਦਰਦ’ ਦੇ ਦਿਲ ਵਿਚ ਧੁਖ਼ਦੀ ਦੇਸ਼ ਭਗਤੀ ਦੀ ਭਾਵਨਾ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਹੈ:

ਕਵੀ

ਐਸੀ ਹੋਵੇ ਕਵਿਤਾ ਮੇਰੀ,
ਮੁਰਦਿਆਂ ਨੂੰ ਕਰ ਦਏ ਹੁਸ਼ਿਆਰ।

ਐਟਮ ਬੰਬ ਖ਼ਤਮ ਕਰਾਕੇ,
ਗਾਵੇ ਗੀਤ ਅਮਨ ਸੰਸਾਰ।

ਫ਼ਿਰਕੂ ਝਗੜੇ ਕੁੱਲ ਮੁਕਾਵਾਂ,
ਜੋ ਪਾਉਂਦੇ ਨੇ ਪੂੰਜੀਦਾਰ।

ਦਰਦ ਦੇਸ਼ ਦਾ ਦਿਲ ਵਿਚ ਹੋਵੇ,
ਜੀਵਨ ਦੀ ਫਿਰ ਅਜ਼ਬ ਬਹਾਰ।

ਰੂਪਕ ਪੱਖ ਤੋਂ ਪਰਖਿਆਂ ਸਪਸ਼ਟ ਪ੍ਰਗਟ ਹੋ ਜਾਂਦਾ ਹੈ ਕਿ ਕਵੀ ‘ਦਰਦ’ ਨੇ ਤਤਕਾਲ ਦੇ ਪ੍ਰਚਲਿਤ ਛੰਦਾਂ ਦੀ ਵਰਤੋਂ ਸਫ਼ਲਤਾ ਪੂਰਵਕ ਅਤੇ ਨਿਪੁੰਨਤਾ ਨਾਲ ਕੀਤੀ ਹੈ।

ਕਵੀ ਦੀ ਬੋਲੀ, ਆਮ ਬੋਲਚਾਲ ਦੀ ਬੋਲੀ ਹੈ ਪਰ ਕਾਵਿ ਕਲਾ ਦੀ ਸਾਣ ਤੇ ਲੱਗੀ ਹੋਈ। ਕਈ ਕਵਿਤਾਵਾਂ ਵਿਚ ਲੋੜ ਅਨੁਸਾਰ ਪ੍ਰਚਲਿਤ ਅੰਗਰੇਜ਼ੀ ਸ਼ਬਦਾਵਲੀ ਵੀ ਵਰਤੀ ਗਈ ਹੈ। ਪਰ ਸਹਿੰਦੀ ਸਹਿੰਦੀ ਅਤੇ ਢੁੱਕਵੀਂ।

ਗਿਆਨੀ ਈਸ਼ਰ ਸਿੰਘ ‘ਦਰਦ’ ਰਚਿਤ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਨ ਸਮੇਂ ਇਉਂ ਜਾਪਦਾ ਹੈ ਕਿ ਕੋਈ ਹੰਢਿਆ ਵਰਤਿਆ ਪੇਂਡੂ ਬਜ਼ੁਰਗ ਥੋੜ੍ਹੇ ਨਸ਼ੇ ਦੀ ਖ਼਼ੁਮਾਰੀ ਵਿਚ ਮਸਤ ਬੈਠਾ, ਆਪਣੀ ਹੀ ਧੁਨ ਵਿਚ ਕੁਝ ਕਹਿ ਰਿਹਾ ਹੈ। ਥੋੜ੍ਹੇ ਧਿਆਨ ਨਾਲ ਸੁਣਿਆ ਜਾਵੇ ਤਾਂ ਅਨੁਭਵ ਹੁੰਦਾ ਹੈ ਕਿ ਬੜੀਆਂ ਪਤੇ ਦੀਆਂ ਗੱਲਾਂ ਕਰ ਰਿਹਾ ਹੈ। ਜੀਵਨ ਘੋਲ ਵਿੱਚੋਂ ਪ੍ਰਾਪਤ ਤੱਤ ਸਾਰ ਦਾ ਪ੍ਰਗਟਾਵਾ ਕਰ ਰਿਹਾ ਹੈ।

ਉਪਰੋਕਤ ਕਥਨ ਲੋਕ ਕਵੀ ਈਸ਼ਰ ਸਿੰਘ ‘ਦਰਦ’ ਕਾਵਿ ਦਾ ਮੁੱਖ ਗੁਣ/ਲੱਛਣ ਹੈ ਅਤੇ ਇਹ ਹੀ ਉਸ ਦੀ ਸਿਫ਼ਤ।

*****

(711)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸੁਰਿੰਦਰ ਗਿੱਲ

ਡਾ. ਸੁਰਿੰਦਰ ਗਿੱਲ

Mohali, Punjab, India.
Phone: (91 - 99154 - 73505)