SatnamDhah7ਮੇਰੇ ਲਈ ਪੱਤਰਕਾਰੀ ਦੇ ਉਸਤਾਦ ਵੀ ਲੋਕ ਹਨਪੱਤਰਕਾਰੀ ਦਾ ਉਦੇਸ਼ ਵੀ ਲੋਕ ਤੇ ਹਰ ਗੱਲ ਜਦੋਂ ਲੋਕਾਂ ਨਾਲ ...
(22 ਮਈ 2017)

 

JatinderPannuMulakaatALL1ਜਤਿੰਦਰ ਪਨੂੰ ਬਹੁਤ ਹੀ ਮਿਲਣਸਾਰ, ਮਿਹਨਤੀ, ਇਮਾਨਦਾਰ ਸੁਭਾਅ ਦਾ ਵਿਆਕਤੀ ਹੈ। ਮਿਲਣਸਾਰ ਬੰਦੇ ਨਾਲ ਮੁਲਾਕਾਤ ਕਰਨੀ ਭਾਵੇਂ ਬਹੁਤੀ ਔਖੀ ਨਹੀਂ ਹੁੰਦੀ ਪਰ ਜਿਸ ਬੰਦੇ ਨੂੰ ਤੁਸੀਂ ਪਹਿਲਾਂ ਕਦੇ ਮਿਲੇ ਨਹੀਂ ਹੁੰਦੇ ਤਾਂ ਤੁਹਾਡੇ ਮਨ ਵਿਚ ਇੱਕ ਧੁੜਕੂ ਜ਼ਰੂਰ ਹੁੰਦਾ ਕਿ ਪਤਾ ਨਹੀਂ ਇਹ ਵਿਆਕਤੀ ਕਿੰਨਾ ਕੁ ਸਹਿਯੋਗ ਦੇਵੇਗਾ। ਮੈਂ ਜਦੋਂ ਫ਼ੋਨ ’ਤੇ ਮੁਲਾਕਾਤ ਦੀ ਇੱਛਾ ਜ਼ਾਹਰ ਕੀਤੀ ਤਾਂ ਬਿਨਾਂ ਕਿਸੇ ਟਾਲ ਮਟੋਲ ਦੇ ਉਨ੍ਹਾਂ ਕਿਹਾ, “ਸਤਨਾਮ ਜੀ, ਅਪਣਾ ਟਾਇਮ ਦੇਖ ਕੇ ਜਦੋਂ ਮਰਜ਼ੀ ਆ ਜਾਉ। ਮੈਂ ਅਜੇ ਦੋ ਦਿਨ ਤੁਹਾਡੇ ਸ਼ਹਿਰ (ਕੈਲਗਰੀ) ਵਿੱਚ ਹੀ ਹਾਂ

ਮੈਨੂੰ ਇੰਝ ਲੱਗਾ ਕਿ ਜਿਵੇਂ ਉਹ ਮੈਨੂੰ ਪਹਿਲਾਂ ਹੀ ਜਾਣਦਾ ਹੋਵੇ। ਇਹੋ ਜਿਹੇ ਵਿਆਕਤੀ ਨਾਲ ਮੁਲਾਕਾਤ ਕਰਨ ਦਾ ਸੁਆਦ ਵੱਖਰਾ ਹੀ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਉਸ ਨੇ ਕਿਸੇ ਵੀ ਗੱਲ ਨੂੰ ਲੁਕੋਇਆ ਨਹੀਂ, ਨਾ ਹੀ ਕਿਸੇ ਸਵਾਲ ਨੂੰ ਕੱਟਣ ਲਈ ਕਿਹਾ ਅਤੇ ਨਾ ਹੀ ਜਵਾਬ ਦੇਣ ਤੋਂ ਟਾਲ਼ਾ ਵੱਟਿਆ। ਜਤਿੰਦਰ ਪੰਨੂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸ ਨੂੰ ਦੁਨੀਆ ਭਰ ਦੇ ਪੰਜਾਬੀ ਬੜੀ ਚੰਗੀ ਤਰ੍ਹਾਂ ਜਾਣਦੇ ਹਨ। ਵੱਖ ਵੱਖ ਵਿਸ਼ਿਆਂ ਉੱਤੇ ਉਸ ਦੇ ਲਿਖੇ ਲੇਖ ਲੋਕ ਪੜ੍ਹਦੇ ਹਨ ਤੇ ਅਗਲੇ ਲੇਖ ਦੀ ਉਡੀਕ ਕਰਦੇ ਰਹਿੰਦੇ ਹਨ। ਵਿਦੇਸ਼ਾਂ ਵਿੱਚ ਹੁਣ ਬਹੁਤ ਸਾਰੇ ਰੇਡੀਉ ਪ੍ਰੋਗਰਾਮ ਪੰਜਾਬੀਆਂ ਵੱਲੋਂ ਚਲਾਏ ਜਾਂਦੇ ਹਨ, ਉਹਨਾਂ ’ਤੇ ਸਰੋਤੇ ਪਨੂੰ ਦਾ ਤਬਸਰਾ ਬੜੀ ਨੀਝ ਨਾਲ ਸੁਣਦੇ ਹਨ। ਉਹ ਪਿਛਲੇ ਕਾਫੀ ਸਮੇਂ ਤੋਂ ‘ਨਵਾਂ ਜ਼ਮਾਨਾ’ ਅਖ਼ਬਾਰ ਲਈ ਕੰਮ ਕਰ ਰਿਹਾ ਹੈ। ਇਹਨਾਂ ਹਫਤਾਵਾਰੀ ਲੇਖਾਂ ਦੇ ਨਾਲ ਨਾਲ ਜਤਿੰਦਰ ਪਨੂੰ ਇੱਕ ਕਾਲਮ ਤੀਸ ਮਾਰ ਖਾਂਵੀ ਲਿਖ ਰਿਹਾ ਹੈ, ਜੋ ਬਹੁਤ ਹੀ ਮਕਬੂਲ ਹੈ।

ਉਂਝ ਤਾਂ ਬਹੁਤ ਸਾਰੀਆਂ ਪੰਜਾਬੀ ਅਖ਼ਬਾਰਾਂ ਵਿੱਚ ਹੋਰ ਪੱਤਰਕਾਰ ਵੀ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹਨ ਤੇ ਲੋਕ ਪੜ੍ਹਦੇ ਵੀ ਹਨ ਪਰ ਜਤਿੰਦਰ ਪਨੂੰ ਦੀ ਪੱਤਰਕਾਰੀ ਬਹੁਤ ਨਿਵੇਕਲ਼ੀ ਤੇ ਨਿੱਡਰ ਹੋਣ ਕਰਕੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਭਾਵੇਂ ਜਤਿੰਦਰ ਪਨੂੰ ਇਸ ਗੱਲ ਨੂੰ ਮੰਨਦਾ ਹੈ ਕਿ ਪੱਤਰਕਾਰ ਨਿਰਪੱਖ ਨਹੀਂ ਹੁੰਦੇ ਪਰ ਪਨੂੰ ਦੀਆਂ ਇਮਾਨਦਾਰੀ ਨਾਲ ਕੀਤੀਆਂ ਸੱਚੀਆਂ ਤੇ ਸਿੱਧੀਆਂ ਪਸਾਟ ਗੱਲਾਂ ਕਈ ਵਾਰ ਉਹਨਾਂ ਲੋਕਾਂ ਨੂੰ ਗੱਸੇ ਵੀ ਕਰ ਦਿੰਦੀਆਂ, ਜਿਹੜੇ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾੳਣ ਜਾਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ। ਉਹਨਾਂ ਲੋਕਾਂ ਵੱਲੋਂ ਮਿਲ਼ੀਆਂ ਧਮਕੀਆਂ ਜਾਂ ਲਾਲਚ ਉਸ ਨੂੰ ਆਪਣੇ ਰਾਹ ਤੋਂ ਥਿੜਕਾ ਨਹੀਂ ਸਕੇ। ਇਹੀ ਉਸ ਦੀ ਨਿਵੇਕਲ਼ੀ ਪਛਾਣ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਜਤਿੰਦਰ ਪਨੂੰ ਇੱਕ ਸਫ਼ਲ ਸੰਪਾਦਕ ਵੀ ਹੈ. ਉਸ ਨੂੰ ਪਤਾ ਹੈ ਕਿ ਲੋਕਾਂ ਨੂੰ ਆਪਣੇ ਨਾਲ ਤੇ ਅਖ਼ਬਾਰ ਨਾਲ ਕਿਸ ਤਰ੍ਹਾਂ ਜੋੜਨਾ ਹੈ। ਨਵਾਂ ਜ਼ਮਾਨਾਂ ਅਖ਼ਬਾਰ ਭਾਵੇਂ ਕਮਿਉਨਿਸਟ ਪੱਖੀ ਅਖ਼ਬਾਰ ਹੈ ਪਰ ਲੋਕਾਂ ਦੀ ਨਬਜ਼ ਪਛਾਣ ਕੇ ਗੱਲ ਕਰਨ ਦੀ ਦਲੇਰੀ ਰੱਖਣ ਵਾਲੇ ਅਤੇ ਨਾ ਵਿਕਣ ਵਾਲੇ ਪੱਤਰਕਾਰਾਂ ਦੇ ਕਰਕੇ ਇਹ ਅਖ਼ਬਾਰ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੱਕਾ ਹੈ। ਨਵਾਂ ਜ਼ਮਾਨਾਂ ਦੇ ਐਤਵਾਰਤਾਅੰਕ ਦੀ ਲੋਕ ਬੜੀ ਉਤਸੁਕਤਾ ਨਾਲ ਹਫ਼ਤਾ ਭਰ ਉਡੀਕ ਕਰਦੇ ਹਨ। ਸਮੇਂ ਸਮੇਂ ਕਈ ਹੋਰ ਵਿਸ਼ੇਸ਼ ਅੰਕ ਵੀ ਕੱਢਦੇ ਰਹਿਣ ਕਰਕੇ ਅਖ਼ਬਾਰ ਨੇ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ। ਜਤਿੰਦਰ ਪਨੂੰ ਆਪਣੀ ਪ੍ਰੀਬੱਧਤਾ ਉੱਪਰ ਪਹਿਰਾ ਦੇਣ ਵਾਲ਼ਾ, ਅਖ਼ਬਾਰ ਲਈ, ਪਾਰਟੀ ਅਤੇ ਸਮਾਜ ਲਈ ਸਮਰਪਿਤ ਵਿਅਕਤੀ ਹੈ, ਜਿਸ ਉੱਪਰ ਪੰਜਾਬੀਆਂ ਨੂੰ ਪੂਰਾ ਮਾਣ ਹੈ। ਪੱਤਰਕਾਰੀ ਵਿੱਚ ਕੰਮ ਕਰਦਿਆਂ ਉਸ ਨੂੰ ਆਲ ਇੰਡੀਆ ਸਮਾਲ ਐਂਡ ਮੀਡੀਅਮ ਨੀਊਜ਼ ਪੇਪਰਜ਼ ਸੁਸਾਇਟੀ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਐਵਾਰਡ ਮਿਲ ਚੁੱਕਿਆ ਹੈ। ਪਨੂੰ ਜੀ ਦੀ ਇਸ ਫੇਰੀ ਸਮੇਂ ਮੈਂ ਉਹਨਾਂ ਨਾਲ ਇੱਕ ਲੰਬੀ ਤੇ ਵਿਸ਼ੇਸ਼ ਮੁਲਾਕਾਤ ਕੀਤੀ, ਜਿਸ ਵਿੱਚ ਬਹੁਤ ਸਾਰੀਆਂ ਦਿਲਚਸਪ ਗੱਲਾਂਬਾਤਾਂ ਹੋਈਆਂ। ‘ਸਰੋਕਾਰ’ ਦੇ ਪਾਠਕਾਂ ਲਈ ਅਸੀਂ ਉਸ ਮੁਲਾਕਾਤ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ। ਉਮੀਦ ਹੈ ਪਾਠਕ ਪੰਸਦ ਕਰਨਗੇ।

***

? ਜਤਿੰਦਰ ਜੀ, ਪਹਿਲਾਂ ਤਾਂ ਆਪਣੇ ਜਨਮ, ਬਚਪਨ ਦੇ ਦਿਨਾਂ ਅਤੇ (ਆਪਣੇ ਮਾਤਾ ਪਿਤਾ) ਪਰਿਵਾਰਕ ਪਿਛੋਕੜ ਬਾਰੇ ਕੁਝ ਦੱਸੋ?

: ਸਤਨਾਮ ਜੀ, ਮੇਰਾ ਜਨਮ ਤਰਨ ਤਾਰਨ ਤਹਿਸੀਲ ਦੇ ਪਿੰਡ ਸਖੀਰਾ ਦੇ ਸਧਾਰਨ ਕਿਸਾਨ ਸਰਦਾਰ ਮੇਹਰ ਸਿੰਘ ਦੇ ਘਰ 1954 ਵਿੱਚ ਹੋਇਆ ਸੀ। ਮੇਰੀ ਮਾਤਾ ਸ੍ਰੀਮਤੀ ਕੁਲਦੀਪ ਕੌਰ ਸਾਧਾਰਨ ਘਰੇਲੂ ਔਰਤ ਸੀ। ਪਿਤਾ ਜੀ ਖੇਤੀ ਦੇ ਨਾਲ ਕੋਆਪਰੇਟਿਵ ਵਿਭਾਗ ਵਿੱਚ ਨੌਕਰੀ ਕਰਦੇ ਸਨ। ਬਚਪਨ ਬਹੁਤਾ ਸੌਖਾ ਨਹੀਂ ਸੀ। ਗੁਜ਼ਾਰਾ ਕਾਫੀ ਔਖਾ ਚੱਲਦਾ ਸੀ। ਫਿਰ ਵੀ ਪਿਤਾ ਜੀ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਮੈਨੂੰ ਪਾਲਣ ਪੋਸਣ ਦੇ ਨਾਲ ਨਾਲ ਚੰਗੇ ਸੰਸਕਾਰ ਦਿੱਤੇ।

? ਮੁੱਢਲੀ ਵਿੱਦਿਆ ਕਿੱਥੋਂ ਹਾਸਲ ਕੀਤੀ? ਵਿੱਦਿਆ ਪ੍ਰਾਪਤੀ ਪਿੱਛੋਂ ਹੋਰ ਕੀ ਕੀ ਕੰਮ ਕੀਤੇ। ਪੱਤਰਕਾਰੀ ਵਿੱਚ ਆਉਣ ਲਈ ਕੋਈ ਟ੍ਰੇਨਿੰਗ ਵਗੈਰਾ ਵੀ ਲੈਣੀ ਪਈ?

: ਛੇਵੀਂ ਜਮਾਤ ਤੱਕ ਆਪਣੇ ਪਿੰਡ ਦੇ ਸਕੂਲ ਤੋਂ ਪੜ੍ਹ ਕੇ ਫਿਰ ਦਸਵੀਂ ਤੱਕ ਵਲਟੋਹੇ ਸਕੂਲ ਵਿੱਚ ਪੜ੍ਹਿਆ ਤੇ ਉਸ ਪਿੱਛੋਂ ਆਈ ਟੀ ਆਈ ਕਰਨ ਲਈ ਪੱਟੀ ਦਾਖ਼ਲ ਹੋ ਗਿਆ। ਇੱਥੋਂ ਫਿਟਰ ਟਰੇਡ ਦਾ ਕੋਰਸ ਕਰ ਲਿਆ ਤੇ ਲੁਧਿਆਣੇ ਸੈਂਟਰਲ ਟਰੇਨਿੰਗ ਇੰਸਟੀਚਿਊਟ ਵਿੱਚ ਆਈ ਟੀ ਆਈ ਦੇ ਇੰਸਟ੍ਰਕਟਰ ਦਾ ਕੋਰਸ ਕਰਨ ਚਲਾ ਗਿਆ। ਖ਼ਿਆਲ ਸੀ ਕਿ ਬੱਚੇ ਪੜ੍ਹਾਇਆ ਕਰਾਂਗਾ। ਕੁਝ ਸਮਾਂ ਪ੍ਰਾਈਵੇਟ ਮਿੱਲ੍ਹਾਂ ਵਿੱਚ ਕੰਮ ਕੀਤਾ। ਫਿਰ ਇਹ ਛੱਡ ਕੇ ਖੱਬੇ ਪੱਖੀ ਧਿਰ ਨਾਲ ਜੁੜ ਕੇ ਰਾਜਨੀਤੀ ਵਿੱਚ ਆ ਗਿਆ। ਉੱਥੋਂ ਮੈਂਨੂੰ ਪੱਤਰਕਾਰੀ ਖੇਤਰ ਵਿੱਚ ਲੈ ਆਂਦਾ ਗਿਆ।

? ਆਮ ਕਰਕੇ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਤੇ ਵਕੀਲ ਬਣਨ ਲਈ ਜ਼ੋਰ ਦਿੰਦੇ ਹਨ। ਤੁਸੀਂ ਗੱਲ ਕਰ ਰਹੇ ਸੀ ਕਿ ਤੁਹਾਡੇ ਪਿਤਾ ਜੀ ਕੋਅਪਰੇਟਿਵ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੇ ਤੁਹਾਨੂੰ ਪੱਤਰਕਾਰ ਬਣਨ ਦੀ ਥਾਂ ਕਿਸੇ ਹੋਰ ਕਿੱਤੇ ਨਾਲ ਜੁੜਨ ਲਈ ਨਹੀਂ ਪ੍ਰੇਰਰਿਆ?

: ਮੇਰੀ ਮਾਂ ਦਮੇਂ ਦੀ ਮਰੀਜ਼ ਸੀ ਤੇ ਕਈ-ਕਈ ਦਿਨ ਮੰਜੇ ਤੋਂ ਨਹੀਂ ਸੀ ਉੱਠ ਸਕਦੀ। ਉਹ ਚਾਹੁੰਦੀ ਸੀ ਕਿ ਮੈਂ ਵੱਡਾ ਹੋ ਕੇ ਡਾਕਟਰ ਬਣਾ। ਪਿਤਾ ਜੀ ਮੇਰੇ ਇੰਜੀਨੀਅਰ ਬਣਨ ਦੇ ਪੱਖ ਵਿੱਚ ਸਨ ਅਤੇ ਇਸੇ ਲਈ ਸੀ ਟੀ ਆਈ ਦਾ ਕੋਰਸ ਕਰਨ ਤੱਕ ਚਲਾ ਗਿਆ ਸਾਂ, ਪਰ ਹਾਲਾਤ ਮੈਨੂੰ ਖੱਬੀ ਲਹਿਰ ਤੋਂ ਹੁੰਦੇ ਹੋਏ ਪੱਤਰਕਾਰੀ ਵਿੱਚ ਲੈ ਗਏ।

? ਜਤਿੰਦਰ ਜੀ, ਇੱਕ ਨਿੱਜੀ ਸਵਾਲ ਹੈ, ਵਿਆਹ ਬਾਰੇ ਦੱਸੋ ਕਿ ਤੁਹਾਡਾ ਵਿਆਹ ਦੋ ਪਰਿਵਾਰਾਂ ਦੀ ਸਲਾਹ ਨਾਲ ਹੋਇਆ ਜਾਂ ਤੁਹਾਡੀ ਨਿੱਜੀ ਚੋਣ ਸੀ?

: ਮੇਰੇ ਪਿਤਾ ਜੀ ਦਾ ਸਕੀ ਮਾਸੀ ਦਾ ਪੁੱਤਰ ਮੇਰਾ ਚਾਚਾ ਲੱਗਦਾ ਸੀ। ਉਸ ਦੀ ਪਤਨੀ, ਮੇਰੀ ਚਾਚੀ, ਪੰਜ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ। ਪੰਜਾਂ ਵਿੱਚੋਂ ਸਭ ਤੋਂ ਛੋਟੀ ਦਾ ਰਿਸ਼ਤਾ ਉਨ੍ਹਾਂ ਨੇ ਮੈਨੂੰ ਕਰਵਾ ਦਿੱਤਾ ਤੇ ਅਸੀਂ ਛੇ ਸਾਲ ਉਸ ਵਕਤ ਫੜਾਏ ਗਏ ਇੱਕ ਰੁਪਈਏ ਨਾਲ ਕੱਟ ਲਏ, ਇੱਕ ਦੂਸਰੇ ਨੂੰ ਵੇਖਿਆ ਵੀ ਨਹੀਂ ਸੀ।

? ਆਪਣੇ ਬੱਚਿਆਂ ਬਾਰੇ ਕੁਝ ਦੱਸੋ। ਕੀ ਉਹਨਾਂ ਦੀ ਦਿਲਚਸਪੀ ਪੱਤਰਕਾਰੀ ਵਿੱਚ ਹੈ ਜਾਂ ਕਿਸੇ ਹੋਰ ਖੇਤਰ ਵਿੱਚ ਦਿਲਚਸਪੀ ਰੱਖਦੇ ਹਨ? ਤੁਹਾਡੇ ਪੱਤਰਕਾਰੀ ਦੇ ਜੋਖ਼ਮ ਭਰੇ ਕੰਮ ਕਰਕੇ ਉਹਨਾਂ ਦੀ ਪੜ੍ਹਾਈ ਵਿੱਚ ਜਾਂ ਉਸ ਤਰ੍ਹਾਂ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਤਾਂ ਨਹੀਂ ਆਈਆਂ?

: ਮੇਰੀ ਬੇਟੀ ਇਸ ਵਕਤ ਕੈਨੇਡਾ ਵਿੱਚ ਟੀਚਿੰਗ ਲਾਈਨ ਵਿੱਚ ਹੈ, ਬੇਟਾ ਵੀ ਕੈਨੇਡਾ ਵਿੱਚ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕੀ ਬਣਨਾ ਹੈ, ਇਹ ਉਨ੍ਹਾਂ ਉੱਤੇ ਕਦੇ ਮੈਂ ਜ਼ੋਰ ਨਹੀਂ ਦਿੱਤਾ। ਮੇਰੇ ਕੰਮਾਂ ਤੋਂ ਮੁਸ਼ਕਲਾਂ ਦਾ ਲੇਖਾ ਉਨ੍ਹਾਂ ਲਈ ਕੋਈ ਨਹੀਂ ਸੀ। ਉਨ੍ਹਾਂ ਦਾ ਬਚਪਨ ਵੀ ਮੇਰੇ ਕਾਰਨ ਉਸ ਤਰ੍ਹਾਂ ਸੁਖਾਵਾਂ ਨਹੀਂ ਰਹਿ ਸਕਿਆ, ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਆਮ ਮਾਂ-ਬਾਪ ਦੀ ਖਾਹਿਸ਼ ਹੁੰਦੀ ਹੈ।

? ਪੱਤਰਕਾਰੀ ਖ਼ੇਤਰ ਵੱਲ ਕਿਸ ਤਰ੍ਹਾਂ ਆਏ? ਕਿਉਂਕਿ ਪੱਤਰਕਾਰੀ ਨੂੰ ਉਸਤਰਿਆਂ ਦਾ ਮਾਲ਼ਾ ਕਿਹਾ ਜਾਂਦਾ ਹੈ। ਇਹ ਕੰਮ ਜੇ ਨਿਡਰਤਾ ਅਤੇ ਇਮਾਨਦਾਰੀ ਨਾਲ ਕਰਨਾ ਹੋਵੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਕੀ ਉਦੇਸ਼ ਲੈ ਕੇ ਪੱਤਰਕਾਰੀ ਦੇ ਖੇਤਰ ਵਿੱਚ ਆਏ?

: ਸਤਨਾਮ ਜੀ, ਪੰਜਾਬ ਦੇ ਹਾਲਾਤ ਜਦੋਂ ਵਿਗੜ ਗਏ ਸਨ, ਓਦੋਂ ਇਸ ਬਾਰੇ ਬਹੁਤ ਘੱਟ ਲੋਕ ਲਿਖਦੇ ਸਨ ਤੇ ਜਿਹੜੇ ਲਿਖਦੇ ਸਨ, ਉਹ ਬਹੁਤਾ ਕਰ ਕੇ ਇੱਕ ਤਰਫਾ ਲਿਖਦੇ ਸਨ। ਮੈਂ ਕੁਝ ਲੇਖ ਲਿਖੇ ਅਤੇ ਅਖਬਾਰਾਂ ਨੇ ਛਾਪ ਦਿੱਤੇ। ਲੋਕ ਮੈਨੂੰ ਪੱਤਰਕਾਰ ਸਮਝਣ ਲੱਗ ਪਏ। ਆਮ ਲੋਕਾਂ ਦੇ ਦੁੱਖ ਲਿਖਦਾ ਮੈਂ ਪੱਤਰਕਾਰ ਕਦੋਂ ਬਣ ਗਿਆ ਸਾਂ, ਇਹ ਮੈਨੂੰ ਵੀ ਸਮਝ ਨਹੀਂ ਪੈਂਦੀ। ਪੱਤਰਕਾਰੀ ਦਾ ਕੋਈ ਕੋਰਸ ਕਰਨ ਦਾ ਮੌਕਾ ਹੀ ਕਦੇ ਨਹੀਂ ਮਿਲਿਆ। ਮੇਰੇ ਲਈ ਪੱਤਰਕਾਰੀ ਦੇ ਉਸਤਾਦ ਵੀ ਲੋਕ ਹਨ, ਪੱਤਰਕਾਰੀ ਦਾ ਉਦੇਸ਼ ਵੀ ਲੋਕ ਤੇ ਹਰ ਗੱਲ ਜਦੋਂ ਲੋਕਾਂ ਨਾਲ ਜੁੜੀ ਹੋਈ ਹੋਵੇ, ਜਿਹੋ ਜਿਹੀ ਪੱਤਰਕਾਰੀ ਕੀਤੀ ਜਾ ਸਕਦੀ ਹੈ, ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਹਾਂ।

ਜੇਕਰ ਇਹ ਕੰਮ ਇਮਾਨਦਾਰੀ ਨਾਲ ਕਰਨਾ ਹੈ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਤਰਕਾਰਾਂ ਦੀਆਂ ਕਈ ਵੰਨਗੀਆਂ ਹਨ। ਕੁਝ ਲੋਕ ਪੈਸਿਆਂ ਖ਼ਾਤਰ ਲਿਖਦੇ ਹਨ, ਕੁਝ ਲੋਕ ਦੇਸ਼ ਤੇ ਲੋਕਾਂ ਲਈ ਲਿਖਦੇ ਹਨ। ਕੁਝ ਵਿੱਚ-ਵਿਚਾਲਾ ਕਰੀ ਜਾਂਦੇ ਹਨ। ਕਈ ਵਾਰ ਧਮਕੀਆਂ ਮਿਲਦੀਆਂ ਹਨ, ਹੱਸ ਕੇ ਟਾਲ ਦੇਈਦੀਆਂ ਹਨ। ਇੱਕ ਵਾਰ ਮੈਨੂੰ ਬਹੁਤ ਬੁਰਾ ਲੱਗਾ, ਜਦੋਂ ਇੱਕ ਸਰਕਾਰੀ ਅਫ਼ਸਰ ਮੇਰੇ ਕੋਲ਼ ਆਇਆ ਤੇ ਕਹਿਣ ਲੱਗਾ ਕਿ ਤੁਹਾਡੀਆਂ ਫਲਾਣੀ ਕਿਸਮ ਦੀਆਂ ਲਿਖਤਾਂ ਨੂੰ ਜੇ ਕਿਤਾਬੀ ਰੂਪ ਛਾਪ ਦਿੱਤਾ ਜਾਵੇ ਤਾਂ ਚੋਖੇ ਪੈਸੇ ਤੁਹਾਨੂੰ ਰੌਇਲਟੀ ਦੇ ਮਿਲ ਸਕਦੇ ਹਨ, ਪਰ ਉਸ ਵਿੱਚੋਂ ਮੁੱਖ ਮੰਤਰੀ ਬਾਰੇ ਕੁਝ ਟਿੱਪਣੀਆਂ ਕੱਢ ਦਿਉ, ਬਾਕੀ ਸਭ ਕੁਝ ਵਿੱਚ ਰਹਿਣ ਦਿਉ। ਮੈਂ ਉਸ ਨੂੰ ਕਿਹਾ ਕਿ ਆਪਾਂ ਪੁਰਾਣੇ ਮਿੱਤਰ ਸੀ, ਕਹਿਣ ਤੋਂ ਪਹਿਲਾਂ ਥੋੜ੍ਹਾ ਸੋਚ ਲੈਣਾ ਸੀ। ਜੇ ਤੁਸੀਂ ਗੱਲ ਕਹਿ ਦਿੱਤੀ ਹੈ ਤਾਂ ਮੇਰੀ ਵੀ ਸੁਣ ਲਉ। ਮੈਂ ਦੇਸ਼ ਲਈ ਲਿਖਦਾ ਹਾਂ, ਉਦੇਸ਼ ਲਈ ਲਿਖਦਾ ਹਾਂ, ਪਰ ਆਦੇਸ਼ ਲਈ ਮੈਂ ਕਦੇ ਨਹੀਂ ਲਿਖਿਆ। ਦੇਸ਼, ਉਦੇਸ਼, ਆਦੇਸ਼ ਦਾ ਫ਼ਰਕ ਚੇਤੇ ਰੱਖਿਓ, ਮੁੜ ਕੇ ਮੇਰੇ ਕੋਲ਼ ਨਾ ਆਇਉ।

? ਜਲੰਧਰ ਨੂੰ ਪੱਤਰਕਾਰੀ ਦੀ ਰਾਜਧਾਨੀ ਮੰਨਿਆ ਜਾਂਦਾ ਹੈ, ਨਵਾਂ ਜ਼ਮਾਨਾ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਅਖ਼ਬਾਰਾਂ ਜਲੰਧਰ ਤੋਂ ਨਿੱਕਲਦੀਆਂ ਹਨ, ਤੁਸੀਂ ਲੰਮੇ ਸਮੇਂ ਤੋਂ ਨਵਾਂ ਜ਼ਮਾਨਾ ਨਾਲ ਕੰਮ ਕਰ ਰਹੇ ਹੋ? ਇਸ ਅਖ਼ਬਾਰ ਨਾਲ ਜੁੜਨ ਦਾ ਕਾਰਨ? ਕੀ ਇਸ ਅਖ਼ਬਾਰ ਨਾਲ ਤੁਹਾਡੀ ਵਿਚਾਰਧਾਰਾ ਮੇਲ ਖਾਂਦੀ ਹੋਣ ਕਰਕੇ ਜਾਂ ਕੋਈ ਹੋਰ ਕਾਰਨ ਸਮਝਦੇ ਹੋ?

: ਕਿਉਂਕਿ ਮੈਂ ਕਮਿਉਨਿਸਟ ਪਾਰਟੀ ਨਾਲ ਸੰਬੰਧਤ ਸਾਂ, ਇਨ੍ਹਾਂ ਦੀ ਨੌਜਵਾਨ ਸਭਾ ਦੀ ਆਲ ਇੰਡੀਆ ਦੀ ਨੈਸ਼ਨਲ ਕੌਂਸਲਦਾ ਮੈਂਬਰ ਸਾਂ। ਕਿਸਾਨ ਸਭਾ ਦਾ ਜਨਰਲ ਸਕੱਤਰ ਸਾਂ। ਉਸ ਸਾਰੇ ਦੌਰ ਵਿੱਚ ਪਾਰਟੀ ਨਾਲ ਜੁੜਿਆ ਰਿਹਾ ਸੀ। ਜਦੋਂ ਔਖੇ ਵੇਲਿਆਂ ਵਿੱਚ ਪੰਜਾਬ ਬਾਰੇ ਲਿਖਣਾ ਪਿਆ, ਉਦੋਂ ਇਹ ਸਾਫ਼ ਗੱਲ ਸੀ ਕਿ ਹਰ ਅਖ਼ਬਾਰ ਮੈਨੂੰ ਛਾਪਣ ਲਈ ਤਿਆਰ ਨਹੀਂ ਸੀ। ਕੁਝ ਅਖ਼ਬਾਰ ਡਰਦੇ ਸਨ, ਕੁਝ ਦੂਜੇ ਪਾਸੇ ਸਨ ਅਤੇ ਕੁਝ ਇਹ ਸਮਝਦੇ ਸਨ ਕਿ ਸਾਨੂੰ ਇਹਦਾ ਕੀ ਲਾਭ ਹੋਣਾ ਹੈ। ਨਵਾਂ ਜ਼ਮਾਨਾ ਨੇ ਮੇਰੀ ਕਦੇ ਇੱਕ ਵੀ ਲਾਈਨ ਕੱਟੀ ਨਹੀਂ। ਉਹ ਮੇਰੇ ਵਿਚਾਰਾਂ ਦੀ ਪੇਸ਼ਕਾਰੀ ਲਈ ਖੁੱਲ੍ਹਾ ਸਥਾਨ ਦੇਂਦਾ ਸੀ ਤੇ ਇਸੇ ਲਈ ਮੇਰਾ ਉਸ ਨਾਲ ਮੋਹ ਪੈਂਦਾ ਗਿਆ।

? ਜਲੰਧਰ ਤੋਂ ਨਿੱਕਲਦੀਆਂ ਦੂਜੀਆਂ ਅਖ਼ਬਾਰਾਂ ਤੋਂ ਨਵਾਂ ਜ਼ਮਾਨਾ ਦੇ ਮਿਆਰ ਨੂੰ ਕਿਵੇਂ ਵਖ਼ਰਿਆਉਂਦੇ ਹੋ?

: ਨਵਾਂ ਜ਼ਮਾਨਾ ਦੇ ਮਿਆਰ ਨੂੰ ਜੇ ਦੇਖੀਏ ਗਰਾਮਰ ਦੀਆਂ ਗ਼ਲਤੀਆਂ ਤੋਂ, ਤੁਹਾਨੂੰ ਬਹੁਤ ਘੱਟ ਦਿਸਣਗੀਆਂ। ਜੇ ਛਪਾਈ ਦੇਖੀਏ ਤਾਂ ਪ੍ਰਿੰਟਿੰਗ ਮਸ਼ੀਨਾਂ ਦੀ ਕਮਜ਼ੋਰੀ ਸਾਫ਼ ਨਜ਼ਰ ਆਉਂਦੀ ਹੈ। ਨਵਾਂ ਜ਼ਮਾਨਾਂ ਨੇ ਕੁਝ ਗੱਲਾਂ ’ਤੇ ਕਦੇ ਸਮਝੌਤਾ ਨਹੀਂ ਕੀਤਾ। ਇੱਕ ਤਾਂ ਦੇਸ਼ ਦੀ ਏਕਤਾ, ਆਖੰਡਤਾ ਬਾਰੇ ਕਦੇ ਸਮਝੌਤਾ ਨਹੀਂ ਕੀਤਾ। ਦੂਜਾ ਜਾਤ ਪਾਤ ਨੂੰ ਕਦੇ ਉਤਸ਼ਾਹਿਤ ਨਹੀਂ ਕੀਤਾ। ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਮੈਂ ਇਹ ਡੱਬੀ ਲਾਈ ਸੀ ਕਿ ਹਿੰਦੀ ਦਾ ਸ਼ਬਦ ਭਈਆਤੇ ਪੰਜਾਬੀ ਦਾ ਸ਼ਬਦ ਭਰਾ ਜਾਂ ਭਾਊ ਇੱਕੋ ਗੱਲ ਹੈ, ਪਰ ਜਿਸ ਨਸਲਵਾਦੀ ਢੰਗ ਨਾਲ ਨਫ਼ਰਤ ਦੇ ਅੰਦਾਜ਼ ਵਿੱਚ ਯੂ ਪੀ, ਬਿਹਾਰ ਤੋਂ ਆਏ ਮਜ਼ਦੂਰਾਂ ਨੂੰ ਭਈਆਕਿਹਾ ਜਾਂਦਾ ਹੈ, ਨਵਾਂ ਜ਼ਮਾਨਾ ਇਸ ਸ਼ਬਦ ਦੀ ਵਰਤੋ ਨਹੀਂ ਕਰੇਗਾ। ਇਹ ਪਹਿਲਾ ਅਖ਼ਬਾਰ ਹੈ ਜਿਸ ਨੇ ਇਹ ਕੰਮ ਕੀਤਾ। ਇੱਕ ਦੌਰ ਸੀ ਕਿ ਲੋਕ ਕਹਿੰਦੇ ਸਨ ਭਈਏਆ ਗਏ ਪੰਜਾਬ ਦੇ ਸੱਭਿਆਚਾਰ ਨੂੰ ਖ਼ਤਮ ਕਰਨ ਨੂੰ। ਅਸੀਂ ਕਿਹਾ, ਤੁਸੀਂ ਬਿਹਾਰੀ ਮਜ਼ਦੂਰ ਕਹਿ ਲਓ, ਯੂ ਪੀ ਦੇ ਮਜ਼ਦੂਰ ਕਹੋ, ‘ਭਈਆਸ਼ਬਦ ਗ਼ਲਤ ਹੈ। ਅਸੀਂ ਸਮਾਜ ਵਿੱਚ ਹੋ ਰਹੇ ਗ਼ਲਤ ਵਰਤਾਰੇ ਦੇ ਖਿਲਾਫ਼ ਖੜ੍ਹੇ ਸਾਂ।

? ਇਸ ਅਖ਼ਬਾਰ ਨੂੰ ਕਮਿਉਨਿਸਟ ਪੱਖੀ ਅਖ਼ਬਾਰ ਮੰਨਿਆ ਜਾਂਦਾ ਹੈ। ਕਿਸੇ ਇੱਕ ਵਿਚਾਰਧਾਰਾ ਨਾਲ ਜੁੜ ਕੇ ਪੱਤਰਕਾਰੀ ਦੇ ਖੇਤਰ ਪੱਤਰਕਾਰ ਨਿਰਪੱਖਤਾ ਕਵੇਂ ਨਿਭਾ ਸਕਦਾ ਹੈ? ਕਈ ਆਲੋਚਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜਲੰਧਰ ਪੱਤਰਕਾਰੀ ਦਾ ਕੇਂਦਰ ਰਿਹਾ, ਪਰ ਪ੍ਰੈੱਸ ਉੱਤੇ ਗਲਬਾ ਸਿਆਸਤਦਾਨ ਪੱਤਰਕਾਰਾਂ ਦਾ ਹੀ ਰਿਹਾ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ?

: ਪੱਤਰਕਾਰ ਕਹਿਣ ਨੂੰ ਨਿਰਪੱਖ ਹੁੰਦੇ ਹਨ, ਪਰ ਨਿਰਪੱਖ ਹੁੰਦੇ ਨਹੀਂ। ਜੇ ਕੋਈ ਮੈਨੂੰ ਨਿਰਪੱਖ ਕਹੇ ਤਾਂ ਮੈਂ ਨਿਰਪੱਖ ਨਹੀਂ। ਕੁਝ ਲੋਕ ਕਹਿੰਦੇ ਹਨ ਕਿ ਸਾਡਾ ਪੱਤਰਕਾਰਾਂ ਦਾ ਫ਼ਰਜ਼ ਹੈ ਕਿ ਅਸੀਂ ਨਿਰੀ ਪੱਤਰਕਾਰੀ ਕਰੀਏ। ਜਿੱਥੇ ਦੇਸ਼ ਦੀ ਆਜ਼ਾਦੀ ਦੇ ਖ਼ਤਰੇ ਦਾ ਸਵਾਲ ਆਵੇ, ਮੈਂ ਆਜ਼ਾਦੀ ਲਈ ਦੇਸ਼ ਦੇ ਨਾਗਰਿਕ ਦੇ ਤੌਰ ’ਤੇ ਖੜੋਵਾਂਗਾ, ਕਿਉਂਕਿ ਜਦੋਂ ਦੇਸ਼ ਆਜ਼ਾਦ ਨਹੀਂ ਸੀ, ਉਦੋਂ ਪੱਤਰਕਾਰੀ ਵੀ ਆਜ਼ਾਦ ਨਹੀਂ ਸੀ। ਅੰਗਰੇਜ਼ ਆਉਂਦੇ ਤੇ ਪ੍ਰਿੰਟਿੰਗ ਮਸ਼ੀਨਾਂ ਪੁੱਟ ਕੇ ਲੈ ਜਾਂਦੇ ਸਨ। ਐਡੀਟਰਾਂ ਨੂੰ ਜੇਲ਼੍ਹ ਵਿੱਚ ਸੁੱਟ ਦਿੰਦੇ ਸਨ। ਜਦੋਂ ਕਾਰਗਿਲ ਦੀ ਜੰਗ ਲੱਗੀ, ਅਸੀਂ ਆਪਣੇ ਦੇਸ਼ ਦਾ ਪੱਖ ਲਿਆ। ਸਾਡੇ ਦੇਸ਼ ਦੀਆਂ ਕੁਝ ਗ਼ਲਤੀਆਂ ਸਨ, ਉਹ ਵੀ ਅਸੀਂ ਦੱਸੀਆਂ, ਪਰ ਆਪਣੇ ਦੇਸ਼ ਦੇ ਲੋਕਾਂ ਨਾਲ ਖੜ੍ਹੇ ਸਾਂ। ਇਸ ਤਰ੍ਹਾਂ ਕਈ ਹੋਰ ਮਾਮਲਿਆਂ ਵਿੱਚ ਵੀ ਖੜੋ ਸਕਦੇ ਹਾਂ।

ਜਿਹੜਾ ਤੁਸੀਂ ਕਿਹਾ ਹੈ ਕਿ ਪੱਤਰਕਾਰੀ ਦੀ ਰਾਜਧਾਨੀ ਜਲੰਧਰ ’ਤੇ ਪੱਤਰਕਾਰਾਂ, ਸਿਆਸਤਦਾਨਾਂ ਦਾ ਗਲਬਾ ਹੈ, ਇਹ ਹੋਰ ਥਾਂਈਂ ਵੀ ਹੈ। ਪਾਰਲੀਮੈਂਟ ਦੇ ਅੱਠ-ਸੱਤ ਮੈਂਬਰ ਅਜਿਹੇ ਹਨ, ਜਿਹੜੇ ਅਖ਼ਬਾਰਾਂ ਦੇ ਐਡੀਟਰ ਹਨ। ਉਨ੍ਹਾਂ ਨੂੰ ਇੱਕ ਜਾਂ ਦੂਜੀ ਪਾਰਟੀ ਸਿਆਸਤ ਵਿੱਚ ਲਿਆਈ ਹੈ। ਇਹ ਗਲਬਾ ਇਕੱਲੇ ਸਿਆਸਤਦਾਨਾਂ ਦਾ ਨਹੀਂ, ਕਾਰਪੋਰਟ ਘਰਾਣਿਆਂ ਦਾ ਵੀ ਹੈ। ਜਿਹੜੇ ਦੋ ਤਿੰਨ ਵੱਡੇ ਅਖ਼ਬਾਰ ਚਲਦੇ ਹਨ, ਉਹਨਾਂ ਵਿੱਚ ਇੱਕ ਅਖ਼ਬਾਰ ਇੱਕ ਘਰਾਣੇ ਦਾ ਹੈ, ਦੂਜਾ ਦੂਜੇ ਦੇ ਨਾਂ। ਹੁਣ ਇੰਡੀਆ ਵਿੱਚ ਇੱਕ ਘਰਾਣਾ ਸਾਹਮਣੇ ਆ ਗਿਆ ਹੈ, ਜਿਸ ਦੇ ਬਾਪ ਦਾਦੇ ਨੂੰ 1988 ਤੋਂ ਪਹਿਲਾਂ ਕੋਈ ਜਾਣਦਾ ਨਹੀਂ ਸੀ। ਅੱਜ ਉਹਦੇ ਅੱਗੇ ਬੀ ਜੇ ਪੀ ਅਤੇ ਕਾਂਗਰਸ ਲਿਫਦੀਆਂ ਜਾਂਦੀਆਂ ਹਨ। ਉਹ ਸਰਕਾਰਾਂ ਪਲਟਾੳਣ ਦੀ ਤਾਕਤ ਰੱਖਦੇ ਹਨ। ਉਹਨਾਂ ਨੇ ਪਹਿਲਾਂ ਇੱਕ ਚੈਨਲ ਖ਼ਰੀਦਿਆ, ਫੇਰ ਦੂਜਾ। ਇਸ ਵੇਲੇ ਅਠਾਰਾਂ ਉੱਨੀ ਮੀਡੀਆ ਚੈਨਲ ਉਹਨਾਂ ਦੇ ਹਨ। ਉਹ ਸਿਆਸੀ ਆਗੂ ਨਹੀਂ, ਪਰ ਸਿਆਸਤਦਾਨਾਂ ਨੂੰ ਮੋਹਰਿਆਂ ਵਾਂਗ ਵਰਤਦੇ ਹਨ। ਕਈ ਨਵੇਂ ਰੁਝਾਨ ਆ ਗਏ, ਜਿਨ੍ਹਾਂ ਵਿੱਚ ਪ੍ਰੈੱਸ ਉੱਤੇ ਸਿਆਸਤਦਾਨਾਂ ਦੇ ਗਲਬੇ ਸਮੇਤ ਕਈ ਗਲਬੇ ਆ ਗਏ ਹਨ। ਵਿਦੇਸ਼ੀ ਅਖ਼ਬਾਰਾਂ ਵੀ ਆ ਗਈਆ ਹਨ। ਵਿਦੇਸ਼ੀ ਟੀਵੀ ਚੈਨਲਾਂ ਰਾਹੀਂ ਵੀ ਮੀਡੀਆ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।

? ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਜਲੰਧਰ ਪੰਜਾਬੀ ਪੱਤਰਕਾਰੀ ਦਾ ਕੇਂਦਰ ਹੈ। ਇਹ ਸਾਰੇ ਹੀ ਅਖ਼ਬਾਰ ਕਿਸੇ ਨਾ ਕਿਸੇ ਰਾਜਸੀ ਪਾਰਟੀ ਜਾਂ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਇਹਨਾਂ ਦੇ ਮਾਲਕਾਂ (ਪ੍ਰਬੰਧਕਾਂ) ਜਾਂ ਕਹਿ ਲਓ ਸੰਪਾਦਕਾਂ, ਪੱਤਰਕਾਰਾਂ ਦਾ ਆਪੋ ਵਿੱਚ ਕਿਹੋ ਜਿਹਾ ਵਰਤਾਰਾ ਹੈ। ਇੱਕ ਦੂਜੇ ਨਾਲ ਸਹਿਯੋਗ ਵਾਲ਼ਾ ਜਾਂ ਫੇਰ ਦੁਸ਼ਮਣੀ ਵਾਲਾ ਕਹਿ ਸਕਦੇ ਹੋ?

: ਆਪਸ ਵਿੱਚ ਨਿੱਜੀ ਪੱਧਰ ਦੇ ਸੰਬੰਧ ਬਹੁਤ ਚੰਗੇ ਹਨ। ਵਿਆਹ-ਸ਼ਾਦੀਆਂ ਤੇ ਸੋਗ ਦੇ ਮੌਕਿਆਂ ਲਈ ਮਿਲ਼ ਲੈਂਦੇ ਹਨ, ਕਾਰੋਬਾਰੀ ਸੰਬੰਧ ਚੰਗੇ ਨਹੀਂ। ਕਾਰੋਬਾਰ ਆਪਸੀ ਵਿਰੋਧ ਪੈਦਾ ਕਰ ਦੇਂਦਾ ਹੈ, ਪਰ ਦੁਸ਼ਮਣੀ ਵਾਲੀ ਗੱਲ ਫਿਰ ਵੀ ਕਹਿ ਸਕਣੀ ਔਖੀ ਹੈ। ਕੁਝ ਨਾ ਕੁਝ ਸਹਿ-ਹੋਂਦ ਤਾਂ ਕਾਇਮ ਰਹਿੰਦੀ ਹੈ।

? ਪੱਤਰਕਾਰ ਪ੍ਰੋ. ਪਿਆਰਾ ਸਿੰਘ ਭੋਗਲ ਦਾ ਕਹਿਣਾ ਹੈ ਕਿ ਆਜ਼ਾਦੀ ਮਿਲਣ ਪਿੱਛੋਂ ਪੰਜਾਬੀ ਪੱਤਰਕਾਰੀ ਦਾ ਉਹ ਵਿਕਾਸ ਨਹੀਂ ਹੋ ਸਕਿਆ, ਜੋ ਹੋਣਾ ਚਾਹੀਦਾ ਸੀ, ਕਿਉਂਕਿ ਇਹ ਵੱਖ ਵੱਖ ਧਰਮਾਂ, ਫਿਰਕਿਆਂ, ਜਾਤਾਂ ਜਾਂ ਉਨ੍ਹਾਂ ਦੀ ਪ੍ਰਤੀਨਿਧਤਾ ਕਰਦੀ ਰਾਜਸੀ ਲੀਹ ਤੋਂ ਬਾਹਰ ਨਹੀਂ ਨਿਕਲ ਸਕੀ। ਤੁਸੀਂ ਇਸ ਨਾਲ ਕਿੰਨਾ ਕੁ ਸਹਿਮਤ ਹੋ?

: ਮੈਂ ਕਾਫੀ ਹੱਦ ਤੱਕ ਸਹਿਮਤ ਹਾਂ। ਕਾਰਨ ਇਹ ਕਿ ਆਜ਼ਾਦੀ ਤੋਂ ਬਾਅਦ ਪੰਜਾਬ, ਪੰਜਾਬੀ ਸੂਬੇ ਦੀ ਲਹਿਰ ਵਿੱਚ ਫਸ ਗਿਆ। ਉਸ ਵਿੱਚ ਇੱਕ ਭਾਈਚਾਰਾ ਪੰਜਾਬੀ ਸੂਬਾ ਮੰਗਦਾ ਸੀ ਤੇ ਦੂਜਾ ਵਿਰੋਧ ਕਰਦਾ ਸੀ। ਪੰਜਾਬੀ ਬੋਲਣ ਵਾਲੇ ਤੇ ਪੰਜਾਬ ਵਿਚ ਰਹਿਣ ਵਾਲੇ ਲੋਕ ਪੰਜਾਬੀ ਸੂਬੇ ਦਾ ਵਿਰੋਧ ਕਰਦੇ ਸਨ। ਕਿਉਂਕਿ ਧਰਮ ਦੇ ਨਾਂ ’ਤੇ ਕੁਝ ਅਖ਼ਬਾਰਾਂ ਨੇ ਪ੍ਰਚਾਰ ਕੀਤਾ ਕਿ ਜੇ ਪੰਜਾਬੀ ਸੂਬਾ ਬਣ ਗਿਆ ਤਾਂ ਆਪਣੇ ਧਰਮ ਵਾਲ਼ਿਆਂ ਨੂੰ ਇੱਥੋਂ ਉਸੇ ਤਰ੍ਹਾਂ ਉੱਠਣਾ ਪਵੇਗਾ, ਜਿੱਦਾਂ ਪਕਿਸਤਾਨ ਤੋਂ ਉੱਠਣਾ ਪਿਆ ਸੀ। ਜਦੋਂ ਬੋਲੀ ਦੇ ਨਾਂ ’ਤੇ ਲੋਕ ਧਰਮ ਅਤੇ ਫਿਰਕਿਆਂ ਵਿੱਚ ਵੰਡੇ ਗਏ, ਅਖ਼ਬਾਰ ਵੀ ਧਰਮਾਂ ਅਤੇ ਫਿਰਕਿਆਂ ਦੇ ਅਖ਼ਬਾਰ ਬਣ ਗਏ। ਮੀਡੀਆ ਇਸ ਤਰ੍ਹਾਂ ਵੰਡਿਆ ਗਿਆ।

ਬਾਕੀ ਗੱਲ ਜਿਹੜੀ ਤੁਸੀਂ ਨਿਰਪੱਖਤਾ ਦੀ ਕਰਦੇ ਹੋ, ਉਹ ਹੋ ਨਹੀਂ ਸਕਦੀ। ਐਸ ਵੇਲੇ ਜਿੰਨੇ ਵੀ ਅਖ਼ਬਾਰ ਹਨ, ਉਹਨਾਂ ਨੂੰ ਇੱਕ ਜਾਂ ਦੂਜੀ ਧਿਰ ਮਦਦ ਕਰਦੀ ਹੈ। ਜੇ ਕੋਈ ਧਿਰ ਸਪੋਰਟ ਨਾ ਕਰੇ ਤਾਂ ਉਸ ਅਖ਼ਬਾਰ ਨੂੰ ਡਰ ਹੈ ਕਿ ਸਾਡਾ ਅਖ਼ਬਾਰ ਬੰਦ ਨਾ ਹੋ ਜਾਵੇ। ਉਹਨਾਂ ਨੂੰ ਕਿਸੇ ਨਾ ਕਿਸੇ ਪਾਸਿਉਂ ਮਦਦ ਦੀ ਲੋੜ ਪੈਂਦੀ ਹੈ। ਉਹ ਮਦਦ ਸਿਆਸੀ ਪਾਰਟੀਆਂ ਤੋਂ ਵੀ ਭਾਲਦੇ ਹਨ। ਕਈ ਅਖ਼ਬਾਰਾਂ ਨੂੰ ਆਪਣੇ ਖ਼ਰਚੇ ਚਲਾਉਣ ਲਈ ਕੁਝ ਸਾਧਾਂ ਦੇ ਡੇਰਿਆਂ ਨਾਲ ਨੇੜਤਾ ਰੱਖਣੀ ਪੈਂਦੀ ਹੈ। ਅਸੀਂ ਇਸ ਗੱਲੋਂ ਪਾਸੇ ਹਾਂ ਪਰ ਕੁਝ ਅਖ਼ਬਾਰ ਸਾਧਾਂ ਦੇ ਡੇਰਿਆਂ ਨਾਲ ਹਨ, ਕੁਝ ਕਾਂਗਰਸ, ਬੀ ਜੇ ਪੀ ਅਤੇ ਅਕਾਲ਼ੀ ਦਲ ਨਾਲ। ਹੁਣ ਤਾਂ ਗੱਲ ਇਓਂ ਹੈ ਕਿ ਕੁਝ ਅਕਾਲੀ ਦਲ ਦੇ ਇੱਕ ਗਰੁਪ ਨਾਲ, ਕੁਝ ਦੂਜੇ ਨਾਲ। ਇਹ ਚਰਚਾ ਵੀ ਸੁਣਨ ਵਿੱਚ ਆਈ ਕਿ ਸਿਆਸੀ ਪਾਰਟੀਆਂ ਨੇ ਆਪਣੇ ਲੀਡਰਾਂ ਰਾਹੀਂ ਆਪਣੇ ਸ਼ੇਅਰ ਅਖ਼ਬਾਰਾਂ ਵਿੱਚ ਰੱਖ ਲਏ ਹਨ ਤਾਂ ਕਿ ਉਨ੍ਹਾਂ ਦੇ ਪ੍ਰਚਾਰ ਦਾ ਕੇਂਦਰ ਬਣੀਆਂ ਰਹਿਣ। ਸਰਮਾਏਦਾਰੀ ਖੁੱਲ੍ਹੀ ਮੰਡੀ ਵਿੱਚ ਇਸ ਦੀ ਖੁੱਲ੍ਹ ਦਿੰਦੀ ਹੈ ਕਿ ਪੈਸਾ ਖ਼ਰਚ ਕਰਕੇ ਵੱਧ ਤੋਂ ਵੱਧ ਨਫਾ ਲਿਆ ਜਾ ਸਕੇ। ਹਸਪਤਾਲ, ਸਕੂਲ ਸੇਵਾ ਦੇ ਕੇਂਦਰ ਹੁੰਦੇ ਸਨ, ਪਰ ਹੁਣ ਇਹ ਵੀ ਇਜਾਜ਼ਤ ਹੈ ਕਿ ਪ੍ਰਾਈਵੇਟ ਸਕੂਲਾਂ, ਹੌਸਪੀਟਲਾਂ ਵਿੱਚ ਪੈਸਾ ਲਾ ਕੇ ਜਿੰਨੀ ਮਰਜ਼ੀ ਲੋਕਾਂ ਦੀ ਛਿੱਲ ਲਾਹ ਸਕਦੇ ਹੋ, ਮਨੁੱਖੀ ਕਲਿਆਣ ਦੀ ਕੋਈ ਪਰਵਾਹ ਕੀਤੇ ਬਿਨਾਂ।

? ਇਸੇ ਨਾਲ ਜੁੜਵਾਂ ਸਵਾਲ ਹੈ, ਮਿੱਟੀ ਤੇ ਬੋਲੀ ਦੀ ਸਾਂਝ ਕਿਸੇ ਖ਼ਿਤੇ ਦੇ ਲੋਕਾਂ ਵਿੱਚ ਆਪਸੀ ਪਿਆਰ ਲਈ ਸਹਾਈ ਹੋ ਸਕਦੀ ਹੈ। ਇਹ ਮੰਨਿਆ ਜਾਂਦਾ ਕਿ ਪੰਜਾਬੀ ਤੇ ਪੰਜਾਬੀਅਤ ਹਰ ਪੰਜਾਬੀ ਦਾ ਧਰਮ ਹੋਣਾ ਚਾਹੀਦਾ, ਪਰ ਪੰਜਾਬ ਵਿੱਚ ਇਸ ਦੇ ਉਲਟ ਹੋ ਰਿਹਾ ਹੈ। ਪੰਜਾਬ ਦਾ ਹਿੰਦੂ ਪੰਜਾਬੀ ਨੂੰ ਤਿਆਗ ਕੇ ਹਿੰਦੀ ਨੂੰ ਆਪਣੀ ਬੋਲੀ ਮੰਨਦਾ ਤੇ ਪੰਜਾਬੀ ਨੂੰ ਸਿੱਖਾਂ ਦੀ ਬੋਲੀ, ਇਸ ਨਾਲ ਬੇਲੋੜੀ ਖਿੱਚੋਤਾਣ ਨਾਲ਼ ਲੋਕਾਂ ਦੇ ਆਪਸੀ ਪਿਆਰ ਬਣੇ ਰਹਿਣ ਵਿੱਚ ਰੁਕਾਵਟਾਂ ਪੈਦਾ ਨਹੀਂ ਹੋਈਆਂ? ਜਿਹੜਾ ਸਮਾਜ ਧਰਮਾਂ ਜਾਤਾਂ ਅਤੇ ਫਿਰਕਿਆਂ ਵਿੱਚ ਵੰਡਿਆ ਹੋਵੇ ਉੱਥੇ ਲੋਕਾਂ ਵਿੱਚ ਆਪਸੀ ਪਿਆਰ ਤੇ ਸਾਂਝਾਂ ਕਿਵੇਂ ਪਲਰ ਸਕਦੀਆਂ ਹਨ?

: ਇਹ ਗੱਲ ਇੱਕ ਹੱਦ ਤੱਕ ਠੀਕ ਹੈ, ਪਰ ਸਮੁੱਚੇ ਤੌਰ ਉੱਤੇ ਨਹੀਂ। ਧਨੀ ਰਾਮ ਚਾਤ੍ਰਿਕ ਨੇ ਰਣਜੀਤ ਸਿੰਘ ਦੀ ਮੜ੍ਹੀ ਉੱਤੇ ਜਿਹੜੇ ਕੀਰਨੇ ਪਾਏ, ਉਹ ਕਿਸੇ ਸਿੱਖ ਪੰਜਾਬੀ ਤੋਂ ਨਹੀਂ ਪਾਏ ਜਾ ਸਕੇ। ਨੰਦ ਲਾਲ ਨੂਰਪੁਰੀ ਸਾਡੀ ਬੋਲੀ ਦਾ ਮਾਣ ਸੀ। ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬੀ ਵਿੱਚੋਂ ਕੋਈ ਮਨਫੀ ਨਹੀਂ ਕਰ ਸਕਦਾ। ਸਿਰਫ ਹਿੰਦੂਆਂ ਨੇ ਹੀ ਇਸ ਪੱਖੋਂ ਮਾੜਾ ਵਿਹਾਰ ਨਹੀਂ ਕੀਤਾ, ਤੇ ਹਰ ਹਿੰਦੂ ਨੇ ਨਹੀਂ ਕੀਤਾ, ਬਹੁਤ ਸਾਰੇ ਸਿੱਖਾਂ ਨੇ ਵੀ ਹਿੰਦੂ ਭਾਈਚਾਰੇ ਨੂੰ ਪੰਜਾਬੀਅਤ ਦਾ ਅੰਗ ਮੰਨਣ ਦੀ ਥਾਂ ਪੰਜਾਬ ਤੋਂ ਕੱਢ ਦੇਣ ਲਈ ਕਈ ਵਾਰ ਜ਼ੋਰ ਲਾਇਆ ਹੈ। ਦੁਵੱਲੇ ਪਾਪਾਂ ਨੂੰ ਸਿਰਫ ਇੱਕ ਪੱਖ ਨਾਲ ਨਹੀਂ ਜੋੜਿਆ ਜਾ ਸਕਦਾ। ਤੁਹਾਡੀ ਗੱਲ ਠੀਕ ਹੈ ਕਿ ਜਦੋਂ ਤੱਕ ਸਮਾਜ ਜਾਤਾਂ ਤੇ ਧਰਮਾਂ ਜਾਂ ਫਿਰਕਿਆਂ ਵਿੱਚ ਵੰਡਿਆ ਰਹੇਗਾ, ਆਪਸੀ ਪਿਆਰ ਤੇ ਸਾਂਝਾਂ ਦਾ ਪੱਲਰਨਾ ਔਖਾ ਹੁੰਦਾ ਹੈ।

? ਪਨੂੰ ਜੀ, ਕਹਿਣ ਨੂੰ ਭਾਰਤ ਦੇਸ਼ ਧਰਮ ਨਿਰਪੱਖ ਇੱਕ (ਸੈਕੂਲਰ) ਦੇਸ਼ ਮੰਨਿਆ ਜਾਂਦਾ ਹੈ, ਪਰ ਇਸ ਦਾ ਮੀਡੀਆ, ਰਾਜਨੀਤਕ ਪਾਰਟੀਆਂ, ਡੇਰਿਆਂ, ਧਰਮਾਂ, ਜਾਤਾਂ ਪਾਤਾਂ ਤੇ ਫਿਰਕਿਆਂ ਵਿੱਚ ਪੂਰੀ ਤਰ੍ਹਾਂ ਗਲਤਾਨ ਹੋ ਚੁੱਕੇ ਹਨ, ਜਿਹੜਾ ਬਹੁਤ ਖ਼ਤਰਨਾਕ ਰੁਝਾਨ ਬਣ ਗਿਆ ਹੈ। ਦੇਸ਼ ਦੀ ਰਾਜਨੀਤੀ, ਕੌਮੀ ਸੇਵਾ ਦੇ ਜ਼ਜਬੇ ਪੱਖੋਂ ਸੱਖਣੀ ਨਜ਼ਰ ਆ ਰਹੀ ਹੈ। ਕੀ ਹਿੰਦੋਸਤਾਨ ਵਿੱਚ ਸਹੀ ਅਰਥਾਂ ਵਿੱਚ ਲੋਕਤੰਤਰ ਰਾਜ ਦੀ ਕੋਈ ਸੰਭਾਵਨਾ ਹੈ? ਇੱਕ ਪੱਤਰਕਾਰ ਹੋਣ ਨਾਤੇ ਤੁਹਾਡੇ ਕੀ ਵਿਚਾਰ ਹਨ?

: ਧਰਮਾਂ, ਜਾਤਾਂ ਤੇ ਫਿਰਕਿਆਂ ਵਿੱਚ ਜੇ ਲੋਕ ਵੰਡੇ ਹੋਣ ਤਾਂ ਉਨ੍ਹਾਂ ਨੂੰ ਇਕੱਠੇ ਕਰਨ ਦੀ ਲੋੜ ਹੁੰਦੀ ਹੈ, ਪਰ ਸਾਡੇ ਲੀਡਰਾਂ ਨੇ ਆਪ ਪਾੜਿਆ ਹੈ। ਪੰਡਿਤ ਜਵਾਹਰ ਲਾਲ ਨਹਿਰੂ ਕਿਸੇ ਧਰਮ ਅਸਥਾਨ ’ਤੇ ਨਹੀਂ ਸਨ ਜਾਂਦੇ ਤਾਂ ਕਿ ਲੋਕਾਂ ਵਿੱਚ ਧਰਮ ਨਿਰਪੱਖਤਾ ਕਾਇਮ ਰਹੇ, ਪਰ ਉਨ੍ਹਾਂ ਦੀ ਧੀ ਇੰਦਰਾ ਗਾਂਧੀ ਹਰ ਧਰਮ ਅਸਥਾਨ ਵਿਖੇ ਉਚੇਚਾ ਜਾਂਦੀ ਸੀ, ਤਾਂ ਕਿ ਧਰਮ ਨਿਰਪੱਖਤਾ ਦਾ ਪ੍ਰਭਾਵ ਦੇ ਸਕੇ। ਉਸ ਦੀ ਇਸ ਗ਼ਲਤ ਧਾਰਨਾ ਦੇ ਕਾਰਨ ਬਾਕੀ ਲੀਡਰ ਵੀ ਨਾ ਸਿਰਫ ਧਰਮ ਅਸਥਾਨਾਂ ਨੂੰ ਰਾਜਨੀਤੀ ਦਾ ਅਖਾੜਾ ਬਣਾਉਣ ਲੱਗ ਪਏ, ਸਗੋਂ ਰਾਜਨੀਤੀ ਧਰਮ ਦੇ ਮੁੱਦੇ ਉੱਤੇ ਹੋਣ ਲੱਗ ਪਈ। ਲੋਕਤੰਤਰ ਵਿੱਚ ਇਹ ਕੰਮ ਬੰਦ ਹੋਣਾ ਚਾਹੀਦਾ ਹੈ।

? ਆਜ਼ਾਦੀ ਤੋਂ ਬਾਅਦ ਦੀ ਪੱਤਰਕਾਰੀ ਵਿੱਚ ਪ੍ਰੈੱਸ ਦੀ ਆਜ਼ਾਦੀ ਦੇ ਸੰਬੰਧ ਵਿੱਚ ਪੰਜਾਬ ਵਿੱਚ ਖ਼ਾਸ ਕਰਕੇ ਵੱਖ ਵੱਖ ਸਮੇਂ ਨਵਾਂ ਜ਼ਮਾਨਾ ਦੇ ਐਡੀਟਰਾਂ (ਅਰਜਨ ਸਿੰਘ ਗੜਗੱਜ, ਸੋਹਣ ਸਿੰਘ ਜੋਸ਼, ਸੁਰਜਨ ਸਿੰਘ ਜ਼ੀਰਵੀ ਤੇ ਸੁਹੇਲ ਅੰਮ੍ਰਿਤਸਰੀ) ਦੇ ਗ੍ਰਿਫ਼ਤਾਰ ਹੋਣ ਦਾ ਸਿਲਸਿਲਾ ਚੱਲਦਾ ਰਿਹਾ, ਪਰ ਟ੍ਰਿਬਿਊਨ, ਇੰਡੀਅਨ ਐਕਸਪ੍ਰੈੱਸ, ਟਾਈਮਜ਼ ਆਫ ਇੰਡੀਆ ਆਦਿ ਅਖ਼ਬਾਰਾਂ ਦੇ ਐਡੀਟਰ ਇਸ ਤਰ੍ਹਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਚੇ ਰਹੇ, ਇਹ ਅਖ਼ਬਾਰਾਂ ਕਦੇ ਸਰਕਾਰਾਂ ਦੇ ਗੁੱਸੇ ਦਾ ਸ਼ਿਕਾਰ ਨਹੀਂ ਹੋਈਆਂ। ਕੀ ਕਾਰਨ ਸਮਝਦੇ ਹੋ?

: ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, (ਸੋਹਨ ਸਿੰਘ ਜੋਸ਼, ਅਰਜਣ ਸਿੰਘ ਗੜਗਜ ਅਤੇ ਹੋਰ ਸੰਪਾਦਕ), ਉਹ ਇੱਕ ਵਿਚਾਰਧਾਰਾ ਦੇ ਅਖ਼ਬਾਰ ਸਨ। ਬਾਕੀ ਦੂਜੇ ਅਖ਼ਬਾਰਾਂ ਦੀ ਗੱਲ, ਕਿ ਤਰੱਕੀ ਵੀ ਕਰਦੇ ਰਹੇ ਤੇ ਨੁਕਸਾਨ ਵੀ ਨਹੀਂ ਝੱਲਿਆ ਤੇ ਕਿਸੇ ਦੇ ਗੁੱਸੇ ਦਾ ਸ਼ਿਕਾਰ ਵੀ ਨਹੀਂ ਹੋਏ, ਇਹ ਮੱਧ-ਮਾਰਗੀ ਅਖ਼ਬਾਰ ਸਨ। ਮੱਧ-ਮਾਰਗੀ ਅਖ਼ਬਾਰ ਕਿਸੇ ਪਾਸੇ ਵੀ ਝੁਕ ਜਾਣ, ਉਹਨਾਂ ਨੂੰ ਖੁੱਲ੍ਹ ਹੁੰਦੀ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹਾਂਗਾ ਕਿ ਟ੍ਰਿਬਿਊਨ ਗਰੁੱਪ ਨੂੰ ਲੋਕ ਬੜਾ ਸੈਕੂਲਰ ਅਖ਼ਬਾਰ ਮੰਨਦੇ ਸਨ, ਬੜਾ ਨਿਰਪੱਖ ਸਮਝਦੇ ਸੀ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ। 29 ਅਪਰੈਲ 1986 ਨੂੰ ਹਰਿਮੰਦਰ ਸਾਹਿਬ ਦੇ ਅੰਦਰ ਖ਼ਾਲਿਸਤਾਨ ਦਾ ਐਲਾਨ ਹੋਇਆ। ਸਰਕਾਰ ਨੇ ਪੁਲੀਸ ਭੇਜ ਦਿੱਤੀ। ਅਗਲੇ ਦਿਨ ਟ੍ਰਿਬਿਊਨ ਅਖ਼ਬਾਰ ਦੇ ਤਿੰਨੇ ਐਡੀਸ਼ਨ ਸਾਹਮਣੇ ਰੱਖ ਕੇ ਦੇਖੇ ਤਾਂ ਤਿੰਨਾਂ ਵਿੱਚ ਇਸ ਘਟਨਾ ਨੂੰ ਵੱਖ ਵੱਖ ਬਿਆਨਾਂ ਹੇਠ ਛਾਪਿਆ ਗਿਆ। ਜਿਹੜਾ ਪੰਜਾਬੀ ਅਖ਼ਬਾਰ ਸੀ, ਉਹਦਾ ਹੈਡਿੰਗ ਲਾਇਆ, “ਪੁਲੀਸ ਫੇਰ ਹਰਿਮੰਦਰ ਸਾਹਿਬ ਜਾ ਵੜੀ, ਸਿੱਖਾਂ ਦੇ ਹਿਰਦੇ ਵਲੂੰਧਰੇ ਗਏ, ਬਰਦਾਸ਼ਤ ਨਹੀਂ ਕਰਾਂਗੇ (ਸ਼੍ਰੋਮਣੀ ਕਮੇਟੀ)।ਦੈਨਿਕ ਟ੍ਰਿਬਿਊਨ ਹਿੰਦੀ ਵਾਲਾ ਐਡੀਸ਼ਨ ਸੀ, ਉਸ ਨੇ ਲਿਖਿਆ, “ਸੁਰਖਸ਼ਾ ਬਲੋਂ ਕੋ ਹਰਿਮੰਦਰ ਸਾਹਿਬ ਮੇਂ ਜਾਨਾ ਪੜਾ, ਅੰਦਰ ਤਸੀਹਾ ਚੈਂਬਰ ਥੇ, ਔਰਤੋਂ ਕੀ ਇੱਜ਼ਤ ਲੂਟੀ ਜਾ ਰਹੀ ਥੀ।ਜਿਹੜਾ ਇਨ੍ਹਾਂ ਦੇ ਵਿਚਾਲੇ ਮੱਧ-ਮਾਰਗ ਅੰਗਰੇਜ਼ੀ ਐਡੀਸ਼ਨ ਸੀ, ਉਸ ਵਿੱਚ ਐਨਾ ਲਿਖ ਦਿੱਤਾ, “ਫੋਰਸਿਜ਼ ਰੀ-ਇੰਟਰਡ ਇਨ ਗੋਲਡਨ ਟੈਪਲ ਕੰਪਲੈਕਸ।ਇੱਕੋ ਅਖ਼ਬਾਰ ਤਿੰਨ ਬੋਲੀਆਂ ਕਿਉਂ ਬੋਲੇ, ਕਿਉਂਕਿ ਇਹਨਾਂ ਨੂੰ ਪਤਾ ਕਿ ਪੰਜਾਬੀ ਅਖ਼ਬਾਰ ਸਿੱਖਾਂ ਨੇ ਪੜ੍ਹਨਾ, ਹਿੰਦੀ ਦਾ ਹਿੰਦੂਆਂ ਨੇ, ਤੇ ਅੰਗਰੇਜ਼ੀ ਦੋਵਾਂ ਦੀ ਸੈਕੂਲਰ ਕੌਂਸੀਚੂਐਂਸੀ ਨੇ ਪੜ੍ਹਨਾ। ਇਹ ਜਿਹੜੇ ਮੱਧ-ਮਾਰਗੀ ਅਖ਼ਬਾਰ ਨੇ, ਕਿਸੇ ਪਾਸੇ ਕਦੇ ਵੀ ਝੁਕ ਸਕਦੇ ਹਨ, ਦੋਹਾਂ ਪਾਸਿਆ ਤੋਂ ਲੈ ਸਕਦੇ ਹਨ। ਇੱਕ ਖ਼ਬਰ ਦੇ ਤਿੰਨ ਅੱਡ ਅੱਡ ਹੈਡਿੰਗ। ਸਤਨਾਮ ਜੀ, ਮੁਆਫ਼ ਕਰਨਾ ਅੱਜ ਵੀ ਨੱਬੇ ਪ੍ਰੀਸ਼ਤ ਲੋਕ ਹਨ, ਜੋ ਹੈਡਿੰਗ ਪੜ੍ਹਦੇ ਹਨ ਤੇ ਹੈਡਿੰਗ ਨਾਲ ਕੰਮ ਸਾਰ ਲੈਂਦੇ ਹਨ ਅੱਗੇ ਪੜ੍ਹਨ ਦੀ ਲੋੜ ਨਹੀਂ ਸਮਝਦੇ।

? ਪਨੂੰ ਜੀ, ਪੰਜਾਬ ਤੋਂ ਬਾਹਰਲੇ ਸੂਬਿਆਂ ਜਾਂ ਸ਼ਹਿਰਾਂ ਵਿੱਚ ਜਿੱਥੇ ਪੰਜਾਬੀਆਂ ਦੀ ਗਿਣਤੀ ਕਾਫ਼ੀ ਹੈ, ਦਿੱਲੀ, ਹਰਿਆਣਾ, ਬੰਬਈ, ਕਲਕੱਤੇ ਪੰਜਾਬੀ ਪੱਤਰਕਾਰੀ ਦਾ ਭਵਿੱਖ ਕਿਸ ਤਰ੍ਹਾਂ ਲੱਗਦੈ? ਦੇਸ਼ ਦੀ ਆਜ਼ਾਦੀ ਪਿੱਛੋਂ ਅੱਜ ਤੱਕ ਪੰਜਾਬ ਤੋਂ ਬਾਹਰ ਸ਼ਾਇਦ ਹੀ ਕੋਈ ਸਿਰਮੌਰ ਅਖ਼ਬਾਰ ਲੰਮੇ ਸਮੇਂ ਲਈ ਜਿਉਂਦਾ ਰਿਹਾ ਹੋਵੇ। ਭਾਵੇਂ ਦਿੱਲੀ ਵਰਗੇ ਸ਼ਹਿਰ ਵਿੱਚ ਸਮੇਂ ਸਮੇਂ ਕੁਝ ਲੋਕਾਂ ਯਤਨ ਵੀ ਕੀਤੇ ਪਰ ਕੁਝ ਚਿਰ ਚੱਲੇ, ਫਿਰੇ ਬੰਦ ਹੋ ਗਏ। ਜਿਹੜੇ ਹਨ, ਉਹ ਵੀ ਪੰਜਾਬੀ ਲੋਕਾਂ ਦੀ ਤਰਜਮਾਨੀ ਕਰਨ ਵਿੱਚ ਪਛੜੇ ਹੀ ਰਹੇ। ਤੁਸੀਂ ਇਸ ਦਾ ਮੁੱਖ ਕਾਰਨ ਕੀ ਸਮਝਦੇ ਹੋ?

: ਕਲਕਤੇ ਵਿੱਚ ਬਚਨ ਸਿੰਘ ਸਰਲ` ਹੋਰੀਂ ਇੱਕ ਅਖ਼ਬਾਰ (ਸਰਲ’) ਲਗਾਤਾਰ ਚਲਾ ਰਹੇ ਹਨ। ਦਿੱਲੀ ਵਿੱਚ ਇਸ ਕਰਕੇ ਨਹੀਂ ਚੱਲ ਸਕਿਆ ਕਿ ਦਿੱਲੀ ਨੂੰ ਪੰਜਾਬ ਦੇ ਅਖ਼ਬਾਰ ਮਾਤ ਪਾ ਰਹੇ ਹਨ। ਚੰਡੀਗੜ੍ਹ ਤੋਂ ਟ੍ਰਿਬਿਊਨ ਸਵੇਰੇ ਸੱਤ ਵਜੇ ਤੋਂ ਪਹਿਲਾਂ ਦਿੱਲੀ ਪੁੱਜ ਜਾਂਦਾ ਹੈ, ਸਸਤਾ ਹੁੰਦਾ ਹੈ, ਇਨ੍ਹਾਂ ਦੇ ਖ਼ਰਚੇ ਘੱਟ ਹਨ। ਦੂਜਾ, ਦੋ ਅਖ਼ਬਾਰਾਂ ਵਿੱਚੋਂ ਇੱਕ ਦਾ ਖ਼ਰਚਾ ਨਿਕਲ ਆਉਂਦਾ। ਇਸੇ ਤਰ੍ਹਾਂ ਅਜੀਤ ਅਤੇ ਜੱਗ ਬਾਣੀ ਸਵੇਰੇ ਲੋਕਾਂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਂਦੇ ਹਨ। ਜਿਸ ਅਖ਼ਬਾਰ ਨੇ ਦਿੱਲੀ ਵਿਚ ਜਨਮ ਲੈਣਾ ਹੈ, ਇਹ ਅਖ਼ਬਾਰ ਉਸ ਨੂੰ ਹੋਂਦ ਵਿੱਚ ਆਉਣ ਨਹੀਂ ਦਿੰਦੇ। ਉਹਦੇ ਪੈਰ ਨਹੀਂ ਲੱਗ ਸਕਦੇ। ਜਿੱਥੇ ਤੁਸੀਂ ਰਹਿੰਦੇ ਹੋਵੋਂ, ਉੱਥੇ ਦੀ ਬੋਲੀ, ਉੱਥੇ ਦਾ ਰਹਿਣ ਸਹਿਣ ਤੁਹਾਡੇ ਤੇ ਭਾਰੂ ਹੋ ਜਾਂਦਾ ਹੈ, ਸਥਾਨਿਕ ਸਮੱਸਿਆਵਾਂ ਭਾਰੂ ਹੋ ਜਾਂਦੀਆਂ ਹਨ। ਦਿੱਲੀ ਦੇ ਸਿੱਖ ਆਪੋ ਵਿੱਚ ਪੰਜਾਬੀ ਬੋਲਦੇ ਹਨ, ਪਰ ਅੱਧੀ ਤੋਂ ਵੱਧ ਦਿਹਾੜੀ ਹਿੰਦੀ ਬੋਲਣ ਵਾਲੇ ਲੋਕਾਂ ਵਿੱਚ ਰਹਿੰਦੇ ਉਹ ਹਿੰਦੀ ਭਾਸ਼ੀ ਜਾਪਣ ਲੱਗ ਜਾਂਦੇ ਹਨ।

? ਪੰਨੂ ਜੀ, ਉਂਝ ਤਾਂ ਸਮੁੱਚੀ ਪੱਤਰਕਾਰੀ ਵਿੱਚ ਪੰਜਾਬੀਆਂ ਨੇ ਬੜਾ ਨਾਂ ਕਮਾਇਆ ਹੈ। ਅੰਗਰੇਜ਼ੀ, ਹਿੰਦੀ ਅਤੇ ਉਰਦੂ ਪੱਤਰਕਾਰੀ ਵਿੱਚ (ਕੁਲਦੀਪ ਨਈਅਰ, ਖੁਸ਼ਵੰਤ ਸਿੰਘ, ਅਰੁਨ ਸ਼ੋਰੀ, ਪ੍ਰੇਮ ਭਾਟੀਆ, ਓਪਿੰਦਰ ਨਾਥ ਅਸ਼ਕ, ਯਸ਼ਪਾਲ) ਨੇ ਬਹੁਤ ਵੱਡਾ ਹਿੱਸਾ ਪਾਇਆ। ਤੁਸੀਂ ਕੀ ਸਮਝਦੇ ਹੋ ਕਿ ਜੇ ਪੰਜਾਬੀਆਂ ਨੇ ਦੂਜੀਆਂ ਬੋਲੀਆਂ ਵਿੱਚ ਪੱਤਰਕਾਰੀ ਵਿੱਚ ਕੰਮ ਕਰਕੇ ਪੱਤਰਕਾਰੀ ਨੂੰ ਬੁਲੰਦੀਆਂ ’ਤੇ ਲੈ ਗਏ, ਆਪਣਾ ਨਾਂ ਵੀ ਬਣਾਇਆ। ਜੇ ਪੰਜਾਬੀ ਅਖ਼ਬਾਰਾਂ ਵਿੱਚ ਵੀ ਪੱਤਰਕਾਰਾਂ ਨੂੰ ਉਹ ਮਿਹਨਤਾਨਾ ਅਤੇ ਸਹੂਲਤਾਂ ਮਿਲਦੀਆਂ ਤਾਂ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕੁਝ ਵੱਖਰਾ ਨਾ ਹੁੰਦਾ? ਤੁਸੀਂ ਇਸ ਕਥਨ ਨਾਲ ਕਿੰਨਾ ਕੁ ਸਹਿਮਤ ਹੋ?

: ਸਤਨਾਮ ਜੀ, ਪੰਜਾਬ ਦੀ ਕਾਂਸੀਚੂਐਂਸੀ ਬਹੁਤ ਛੋਟੀ ਹੈ। ਹਿੰਦੋਸਤਾਨ ਬਹੁਤ ਵੱਡਾ ਹੈ। ਹੁਣ ਤੁਸੀਂ ਦੇਖੋ, ਜੇ ਖੁਸ਼ਵੰਤ ਸਿੰਘ ਦਿੱਲੀ ਬੈਠਾ ਅੰਗਰੇਜ਼ੀ ਵਿੱਚ ਲਿਖਦਾ ਹੈ ਤਾਂ ਅੱਧੇ ਹਿੰਦੋਸਤਾਨ ਨੇ ਉਸ ਨੂੰ ਪੜ੍ਹਨਾ, ਬੰਬੇ, ਬੰਗਲੌਰ ਤੱਕ ਪੜ੍ਹਿਆ ਜਾਵੇਗਾ। ਦੇਸ਼ ਤੋਂ ਪਾਰ ਵਿਦੇਸ਼ ਵਿੱਚ ਪੜ੍ਹਿਆ ਜਾਵੇਗਾ। ਹੁਣ ਉਹਨਾਂ ਦਾ ਦਿਹਾਂਤ ਹੋ ਗਿਆ। ਕੁਲਦੀਪ ਨਈਅਰ ਦੀ ਵੀ ਇਹੋ ਗੱਲ ਹੈ। ਜੇ ਉਹ ਪੰਜਾਬੀ ਵਿੱਚ ਲਿਖੇ ਤਾਂ ਜਲੰਧਰ, ਚੰਡੀਗੜ੍ਹ ਹੀ ਪੜ੍ਹਿਆ ਜਾਵੇਗਾ, ਗੱਲ ਕਾਂਸੀਚੂਐਂਸੀ ਦੀ ਹੈ। ਦੂਜੀ ਗੱਲ ਇਹ ਕਿ ਇਹ ਬਹੁਤ ਵੱਡੀਆਂ ਅਖ਼ਬਾਰਾਂ ਹਨ। ਹੁਣ ਤੁਸੀਂ ਦੇਖੋ, ਹਿੰਦੀ ਦਾ ਭਾਸਕਰ ਇੱਕੋ ਵੇਲੇ ਤੀਹ ਥਾਵਾਂ ਤੋਂ ਛਪਦਾ ਹੈ। ਉਹ ਵੱਡੇ ਖ਼ਰਚੇ ਝੱਲ ਸਕਦੇ ਹਨ। ਪਿੱਛੇ ਜਿਹੇ, ਨਿਊਜ਼ੀਲੈਂਡ ਵਿੱਚ ਇੱਕ ਟੈਸਟ ਮੈਚ ਚੱਲਦਾ ਸੀ, ਉਹਨਾਂ ਨੇ ਆਪਣੇ ਪੱਤਰਕਾਰ ਨੂੰ ਵੀਜ਼ਾ ਲੈ ਕੇ ਦਿੱਤਾ ਤੇ ਕਿਹਾ ਕਿ ਪੰਜ ਦਿਨ ਟੈਸਟ ਮੈਚ ਕਵਰ ਕਰਨਾ। ਇਸੇ ਤਰ੍ਹਾਂ ਅੰਗਰੇਜ਼ੀ ਦਾ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਕਈ ਥਾਵਾਂ ਤੋਂ ਛਪਦਾ ਹੈ, ਟਾਈਮਜ਼ ਆਫ਼ ਇੰਡੀਆ ਬਹੁਤ ਥਾਵਾਂ ਤੋਂ ਛਪਦਾ ਹੈ। ਇਹ ਸਾਰੇ ਖ਼ਰਚੇ ਝੱਲ ਸਕਦੇ ਹਨ ਤੇ ਸਹੂਲਤਾਂ ਵੀ ਦੇ ਸਕਦੇ ਹਨ। ਪੰਜਾਬੀ ਅਖ਼ਬਾਰਾਂ ਲਈ ਇਹ ਸਹੂਲਤਾਂ ਮੁਸ਼ਕਿਲ ਹਨ।

? ਪਨੂੰ ਜੀ, ਸੁਣਿਆ ਜਾਂਦਾ ਹੈ ਕਿ ਪੰਜਾਬੀ ਪੱਤਰਕਾਰੀ ਵਿੱਚ ਇਹ ਵੀ ਸਮੱਸਿਆ ਹੈ ਕਿ ਨਵੇਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਵੱਡੀ ਉਮਰ ਦੇ ਸੰਪਾਦਕਾਂ ਤੋਂ ਹੀ ਕੰਮ ਲਿਆ ਜਾਂਦਾ ਹੈ। ਦੂਜੀਆਂ ਕੁਝ ਹੋਰ, (ਟੈਲੀਪ੍ਰਿੰਟਰ ਦੀ ਅਣਹੋਂਦ, ਪੁਰਾਣੀ ਤਕਨਾਲੋਜੀ, ਕਾਮਿਆਂ ਦੀ ਘੱਟ ਤਨਖ਼ਾਹ, ਪੱਤਰਕਾਰੀ ਦਾ ਹੌਲਾ ਪੱਧਰ) ਸਮੱਸਿਆਵਾਂ ਵੀ ਪੰਜਾਬੀ ਪੱਤਰਕਾਰੀ ਨੂੰ ਦੂਜੀਆਂ ਬੋਲੀਆਂ ਦੀਆਂ ਅਖ਼ਬਾਰਾਂ ਤੋਂ ਪਛਾੜ ਰਹੀਆਂ ਹਨ। ਤੁਸੀਂ ਕੀ ਕਹਿਣਾ ਚਾਹੋਗੇ?

: ਨੌਜਵਾਨ ਜਿੱਥੇ ਵੀ ਆਉਣ, ਜੇ ਉਹ ਆਪਣੀ ਵੱਖਰੀ ਥਾਂ ਵੀ ਬਣਾਉਣ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਉੱਥੇ ਕੰਮ ਕਰਦੇ ਪੁਰਾਣਿਆਂ ਦੇ ਮਨ ਵਿੱਚ ਇਹ ਭਾਵਨਾ ਆ ਸਕਦੀ ਹੈ ਤੇ ਆਉਂਦੀ ਵੀ ਹੈ ਕਿ ਇਹ ਕੱਲ੍ਹ ਆਣ ਕੇ ਅੱਗੇ ਨਿਕਲ ਰਿਹਾ ਹੈ, ਪਰ ਇਹ ਹਰ ਥਾਂ ਅੜਿੱਕਾ ਨਹੀਂ ਬਣਦੀ। ਸਚਿਨ ਤੇਂਦੁਲਕਰ ਦੀ ਕਾਮਯਾਬੀ ਆਪਣੇ ਰਿਕਾਰਡਾਂ ਦੇ ਕਾਰਨ ਨਹੀਂ ਹੋਣੀ ਚਾਹੀਦੀ, ਵੱਡੀ ਕਾਮਯਾਬੀ ਤਦੇ ਸੀ, ਜੇ ਉਹ ਰਿਟਾਇਰ ਹੋਣ ਤੋਂ ਪਹਿਲਾਂ ਆਪਣੇ ਵਰਗਾ ਸਚਿਨ ਪੈਦਾ ਕਰ ਜਾਂਦਾ। ਪੁਰਾਣੇ ਸਦਾ ਤਾਂ ਕੰਮ ਨਹੀਂ ਕਰ ਸਕਦੇ, ਉਨ੍ਹਾਂ ਦੀ ਇਖ਼ਲਾਕੀ ਜ਼ਿੰਮੇਵਾਰੀ ਹੈ ਕਿ ਪਾਸੇ ਹੋਣ ਵਾਲਾ ਆਪਣਾ ਸਮਾਂ ਆਉਣ ਤੋਂ ਪਹਿਲਾਂ ਆਪਣੇ ਵਰਗਾ ਕੋਈ ਪੈਦਾ ਕਰ ਕੇ ਜਾਣ। ਉਹ ਨੌਜਵਾਨਾਂ ਵਿੱਚੋਂ ਆਵੇਗਾ। ਜਿੱਥੋਂ ਤੱਕ ਸਵਾਲ ਤਕਨੀਕ ਦਾ ਹੈ, ਇਹ ਹੁਣ ਸਭ ਥਾਂਈਂ ਨਾਲੋ-ਨਾਲ ਪਹੁੰਚ ਰਹੀ ਹੈ। ਕਾਮਿਆਂ ਦੀ ਘੱਟ ਤਨਖ਼ਾਹ ਕਈ ਅਖ਼ਬਾਰਾਂ ਦੀ ਮਜਬੂਰੀ ਹੈ, ਪਰ ਜੇਕਰ ਕਈ ਖੁਸ਼ਹਾਲ ਪਰਚੇ ਵੀ ਨਹੀਂ ਦੇਂਦੇ ਤਾਂ ਕੁਝ ਨਹੀਂ ਕੀਤਾ ਜਾ ਸਕਦਾ।

? ਪੰਜਾਬ ਵਿੱਚ ਪੱਤਰਕਾਰੀ ਦੀ ਸਿੱਖਿਆ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਿਨਾਂ ਹੋਰ ਕਿਹੜੀਆਂ ਯੂਨੀਵਰਸਿਟੀਆਂ ਦੇ ਰਹੀਆਂ ਹਨ। ਪੰਜਾਬ ਵਿੱਚ ਪੱਤਰਕਾਰੀ ਦਾ ਭਵਿੱਖ ਕੀ ਦੇਖਦੇ ਹੋ? ਕੀ ਨਵੇਂ ਵਿਦਿਆਰਥੀ ਵੀ ਇਸ ਖ਼ੇਤਰ ਵਿੱਚ ਦੂਜਿਆਂ ਵਿਸ਼ਿਆਂ ਜਿੰਨੀ ਹੀ ਦਿਲਚਸਪੀ ਲੈ ਰਹੇ ਹਨ?

: ਸਤਨਾਮ ਜੀ, ਹੁਣ ਤਾਂ ਪੱਤਰਕਾਰੀ ਦੀਆਂ ਦੁਕਾਨਾਂ ਹੀ ਖੁੱਲ੍ਹ ਗਈਆਂ ਹਨ। ਇਕੱਲੇ ਜਲੰਧਰ ਵਿੱਚ ਹੀ ਅੱਠ ਕਾਲਜ ਹਨ। ਜਲੰਧਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਪਣਾ ਵੀ ਇੱਕ ਕੈਂਪਸ ਹੈ। ਐਗਰੀਕਲਚਰ ਯੂਨੀਵਰਸਿਟੀ ਵੀ ਪੱਤਰਕਾਰੀ ਦਾ ਕੋਰਸ ਕਰਵਾ ਰਹੀ ਹੈ। ਤਕਰੀਬਨ ਹਰ ਯੂਨੀਵਰਸਿਟੀ ਤੇ ਕਾਲਜ ਨੇ ਕੋਰਸ ਸ਼ੁਰੂ ਕੀਤੇ ਹੋਏ ਹਨ। ਮੈਂ ਉੱਥੇ ਜਾ ਕੇ ਦੇਖਿਆ ਤੇ ਪੁੱਛਿਆ, ਬਹੁਤ ਸਾਰੇ ਬੱਚੇ ਕਹਿੰਦੇ ਹਨ, ਖ਼ਾਸ ਕਰਕੇ ਕੁੜੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਕਿਹੜੀ ਪੱਤਰਕਾਰੀ ਕਰਨੀ ਹੈ, ਘਰ ਦੇ ਕਹਿੰਦੇ ਸੀ ਕਿ ਕੋਈ ਡਿਗਰੀ ਕਰ ਲਓ, ਕੋਈ ਘਰ-ਵਰ ਚੰਗਾ ਮਿਲ ਜਾਉ। ਇਨ੍ਹਾਂ ਡਿਗਰੀਆਂ ਵਾਲ਼ਿਆਂ ਤੋਂ ਅਸੀਂ ਕੋਈ ਆਸ ਨਹੀਂ ਕਰ ਸਕਦੇ। ਜੇ ਡਿਗਰੀਆਂ ਵਾਲੇ ਕੋਈ ਗਿਆਨ ਲੈ ਕੇ ਪੱਤਰਕਾਰੀ ਖੇਤਰ ਵਿੱਚ ਆ ਕੇ ਤਜ਼ਰਬੇ ਕਰਨ, ਉਹਨਾਂ ਵਿੱਚੋਂ ਦੂਸਰੇ ਨਾਮਵਰ ਪੱਤਰਕਾਰਾਂ ਵਾਂਗ ਕੋਈ ਖੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਬਣ ਸਕਦਾ ਹੈ। ਨਵਾਂ ਖ਼ੂਨ ਇਸ ਖੇਤਰ ਵਿੱਚ ਆਉਂਦਾ ਹੈ, ਸਾਨੂੰ ਇਹਨਾਂ ਤੋਂ ਚੰਗੀ ਆਸ ਰੱਖਣੀ ਚਾਹੀਦੀ ਹੈ। ਸਾਨੂੰ ਇਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ।

? ਵਰ੍ਹਾ 1978 ਨੂੰ ਪੰਜਾਬੀ ਪੱਤਰਕਾਰੀ ਦੇ ਇਤਿਹਸ ਵਿੱਚ ਬਹੁਤ ਮਹੱਤਵ ਵਾਲਾ ਮੰਨਿਆ ਗਿਆ ਹੈ, ਕਿਉਂਕਿ ਇਸ ਸਮੇਂ ਵਿੱਚ ਦੋ ਪੰਜਾਬੀ ਅਖ਼ਬਾਰਾਂ ਪੰਜਾਬੀ ਟ੍ਰਿਬਿਊਨ ਅਤੇ ਜੱਗ ਬਾਣੀ ਨੇ ਪੰਜਾਬੀ ਪੱਤਰਕਾਰੀ ਵਿੱਚ ਰੰਗਦਾਰ ਫੋਟੋਗ੍ਰਾਫੀ ਦੀ ਸ਼ੁਰੂਆਤ ਕਰਕੇ ਇੱਕ ਨਵਾਂ ਪਾਠਕ ਵਰਗ ਪੈਦਾ ਕੀਤਾ। ਹਰ ਵਰਗ ਦੇ ਪਾਠਕਾਂ ਨੂੰ ਆਪਣੇ ਵੱਲ ਖਿੱਚਿਆ। ਅਸ਼ਲੀਲ ਤੇ ਅੱਧ-ਨੰਗੀਆਂ ਤਸਵੀਰਾਂ ਛਾਪਣ ਵਿੱਚ ਜੱਗ ਬਾਣੀ ਨੂੰ ਮੋਹਰੀ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਕਿ ਅੱਤਵਾਦ ਦੌਰਾਨ ਸਭ ਤੋਂ ਵੱਧ ਫੋਟੋ ਜੱਗ ਬਾਣੀ ਨੇ ਛਾਪੀਆਂ?

: ਪੰਜਾਬੀ ਟ੍ਰਿਬਿਊਨ ਉਸ ਵੇਲੇ ਨਵਾਂ ਆਇਆ ਸੀ। ਮੈਨੂੰ ਸ਼ੱਕ ਹੈ ਕਿ ਰੰਗਦਾਰ ਪ੍ਰਿੰਟਿੰਗ ਉਹਨੇ ਸ਼ੁਰੂ ਕੀਤੀ ਹੈ। ਰੰਗਦਾਰ ਪ੍ਰਿੰਟਿੰਗ ਦਾ ਅਸਲ ਮੁਕਾਬਲਾ ਜੱਗ ਬਾਣੀ ਤੇ ਅਜੀਤ ਵਿੱਚ ਚੱਲਿਆ ਸੀ। ਇੱਕ ਪੜਾਅ ਉੱਤੇ ਅਜੀਤ ਨੇ ਰੰਗਦਾਰ ਸਫ਼ੇ ਵਧਾ ਦਿੱਤੇ, ਫੇਰ ਜੱਗ-ਬਾਣੀ ਨੇ ਵੀ। ਇਸ ਤਰ੍ਹਾਂ ਇਹ ਮੁਕਾਬਲਾ ਚੱਲਦਾ ਰਿਹਾ। ਬਰਜਿੰਦਰ ਸਿੰਘ ਹੁਰਾਂ ਦੇ ਜਲੰਧਰ ਆਉਣ ਤੋਂ ਪਹਿਲਾਂ ਵੀ ਸਾਧੂ ਸਿੰਘ ਹਮਦਰਦ ਵੇਲੇ ਅਜੀਤ ਦਾ ਮੁਕਾਬਲਾ ਉੰਨਾ ਪੰਜਾਬੀ ਟ੍ਰਿਬਿਊਨ ਨਾਲ ਨਹੀਂ ਸੀ, ਜਿੰਨਾ ਜੱਗ-ਬਾਣੀ ਨਾਲ ਸੀ। ਉਹ ਜੱਗ-ਬਾਣੀ ਦੇ ਨਾਂਅ ਉੱਤੇ ਵੀ ਇਤਰਾਜ਼ ਕਰਦੇ ਸਨ। ਬਾਕੀ ਜੱਗ ਬਾਣੀ ਵਿੱਚ ਅਸ਼ਲੀਲ ਫੋਟੋਆਂ ਦਾ ਜਿਹੜਾ ਮਾਮਲਾ ਹੈ, ਉਸ ਨੂੰ ਕੁਝ ਲੋਕ ਅਸ਼ਲੀਲ ਕਹਿੰਦੇ ਹਨ ਤਾਂ ਰੀਅਲਟੀ ਕਹਿੰਦੇ ਹੋ ਸਕਦੇ ਹਨ। ਅਸ਼ਲੀਲਤਾ ਨੂੰ ਅੱਜ ਕੱਲ੍ਹ ਲੋਕ ਹੋਰ ਤਰ੍ਹਾਂ ਲੈਣ ਲੱਗ ਪਏ ਹਨਯੋ ਯੋ ਹਨੀ ਸਿੰਘ ਦਾ ਕਿੰਨਾ ਰੌਲ਼ਾ ਪਿਆ? ਅੰਤ ਨੂੰ ਹੋਇਆ ਕੀ! ਹਨੀ ਸਿੰਘ ਨੇ ਸ਼ੋਅ ਕੀਤਾ, ਲੋਕਾਂ ਦੀਆਂ ਭੀੜਾਂ ਭਰ ਗਈਆਂ। ਅੱਜ ਉਹ ਪੰਜਾਬੀ ਸੱਭਿਆਚਾਰ ਦਾ ਬ੍ਰੈਂਡ ਅੰਬੈਸਡਰ ਬਣਿਆ ਫਿਰਦਾ ਹੈ। ਲੋਕ ਉਸ ਪਾਸੇ ਤੁਰ ਗਏ। ਅਸ਼ਲੀਲਤਾ ਬਾਰੇ ਪੰਜਾਬ ਵਿੱਚ ਇਹ ਵੀ ਹੈ ਲੋਕ ਪੱਛਮੀ ਕਲਚਰ ਵੱਲ ਗਏ ਤੇ ਅਸ਼ਲੀਲਤਾ ਲੈ ਆਂਦੀ। ਤੁਸੀਂ ਹੁਣ ਇੱਥੇ ਪੱਛਮ ਵਿੱਚ ਹੋ, ਕਿੰਨੀ ਕੁ ਅਸ਼ਲੀਲਤਾ ਦੇਖਦੇ ਹੋ? ਜਦੋਂ ਅਜੰਤਾ ਤੇ ਅਲੋਰਾ ਦੀਆਂ ਗੁਫ਼ਾਵਾਂ ਬਣੀਆਂ, ਉਦੋਂ ਅਸ਼ਲੀਲਤਾ ਤੇ ਸੈਕਸੀ ਪੋਜ਼ ਵਾਲੇ ਬੁਤ ਬਣੇ, ਉਸ ਵੇਲੇ ਪੱਛਮ ਵਾਲੇ ਸਾਡੇ ਨੇੜੇ ਤੇੜੇ ਨਹੀਂ ਸਨ। ਇਹਦਾ ਮਤਲਬ ਹੈ ਕਿ ਸਾਡੇ ਵਡੇਰਿਆਂ ਵਿੱਚੋਂ ਕੁਝ ਲੋਕਾਂ ਦੇ ਮਨ ਵਿੱਚ ਅਸ਼ਲੀਲਤਾ ਓਦੋਂ ਵੀ ਸੀ। ਹੁਣ ਜੱਗ ਬਾਣੀ ਅਸ਼ਲੀਲ ਫੋਟੋ ਛਾਪਦਾ, ਜਿਹੜੇ ਲੋਕ ਵਿਰੋਧ ਕਰਦੇ ਹਨ, ਅਖ਼ਬਾਰ ਬੰਦ ਨਹੀਂ ਕਰਦੇ, ਅਖ਼ਬਾਰ ਪੜ੍ਹੀ ਜਾਂਦੇ ਹਨ ਤੇ ਵਿਰੋਧ ਵੀ ਕਰੀ ਜਾਂਦੇ ਹਨ। ਕੁਝ ਗੱਲਾਂ ਵਿੱਚ ਅਸੀਂ ਬਹੁਤ ਅਗੇ ਲੰਘ ਗਏ ਹਾਂ। ਟੀਵੀ ਉੱਤੇ ਬਹੁਤ ਕੁਝ ਇਹੋ ਜਿਹਾ ਆਉਂਦਾ ਹੈ ਜੋ ਅਸੀਂ ਪਰਿਵਾਰ ਵਿੱਚ ਬੈਠ ਕੇ ਵੇਖ ਨਹੀਂ ਸਕਦੇ। ਹੁਣ ਤੁਸੀਂ ਉੱਥੋ ਉੱਠ ਕੇ ਜਾਉਗੇ ਤਾਂ ਪਤਾ ਲੱਗਦਾ ਕਿ ਤੁਸੀਂ ਉਹ ਦੇਖਣਾ ਨਹੀਂ ਚਾਹੁੰਦੇ।

ਬਾਕੀ ਅੱਤਵਾਦ ਦੌਰਾਨ ਫੋਟੋ ਛਾਪਣ ਵਾਲੀ ਗੱਲ, ਇਹ ਸਚਾਈ ਹੈ ਕਿ ਇਨ੍ਹਾਂ ਦੋ ਅਖ਼ਬਾਰਾਂ ਵਿੱਚ ਮੁਕਾਬਲਾ ਚੱਲਦਾ ਸੀ। ਅਜੀਤ ਤੇ ਜੱਗ ਬਾਣੀ ਵਿਚਕਾਰ, ਕੌਣ ਕਿੰਨੀਆਂ ਛਾਪਦਾ। ਕਿਉਂਕਿ ਦੋਵਾਂ ਅਖ਼ਬਾਰਾਂ ਦੇ ਆਪੋ ਆਪਣੇ ਪਾਠਕਾਂ ਦਾ ਘੇਰਾ ਸੀ। ਜਦੋਂ ਅਜੀਤ ਵਾਲੇ ਛਾਪਦੇ ਤਾਂ ਜੱਗ ਬਾਣੀ ਵਾਲ਼ੇ ਸਮਝਦੇ ਸੀ ਕਿ ਇਹ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਉਕਸਾਉਂਦੇ ਹਨ। ਜੱਗ ਬਾਣੀ ਵਾਲੇ ਛਾਪਦੇ ਤਾਂ ਕਹਿੰਦੇ ਸੀ ਕਿ ਅਸੀਂ ਵਿਖਾਉਦੇ ਹਾਂ ਕਿ ਅੱਤਵਾਦ ਦਾ ਚਿਹਰਾ ਕਿੰਨਾ ਘਿਨਾਉਣਾ ਹੈ। ਫੋਟੋ ਉਹੀ ਸੀ। ਉਹ ਇੱਕ ਦੌਰ ਸੀ, ਜੋ ਲੰਘ ਗਿਆ। ਉਹਦੀ ਕਿਸੇ ਕਿਸਮ ਦੀ ਤੁਲਨਾ ਕਰਨੀ ਹੋਵੇ ਤਾਂ ਦੋਵੇਂ ਆਪੋ ਆਪਣਾ ਪੱਖ ਪੇਸ਼ ਕਰਨਗੇ। ਸੱਚਾ ਕੌਣ, ਝੂਠਾ ਕੌਣ? ਉਹ ਮੌਕਾ ਲੰਘ ਗਿਆ। ਹੁਣ ਹਾਲਤ ਇਹ ਹੈ ਕਿ ਭ੍ਰਿਸ਼ਟਾਚਾਰ ਤੇ ਬਾਕੀ ਗੱਲਾਂ ਵਿੱਚ ਕੌਣ ਕਿੱਥੇ ਹੈ? ਹੁਣ ਬਹਿਸ ਇਸ ਗੱਲ ’ਤੇ ਹੋਵੇਗੀ ਕਿ ਕਿਹੜੀ ਪਾਰਟੀ ਨਾਲ ਕੌਣ ਕਿੱਥੇ ਖੜ੍ਹਾ ਹੈ? ਹੁਣ ਬਹਿਸ ਇੱਥੇ ਹੋਵੇਗੀ ਕਿ ਦੇਸ਼ ਦੀ ਏਕਤਾ ਅਖੰਡਤਾ ਨਾਲ ਕੌਣ ਖੜ੍ਹਾ ਹੈ ਤੇ ਹੁਣ ਬਹਿਸ ਇਹ ਹੋਵੇਗੀ ਕਿ ਵਗਦੇ ਵਹਿਣ ਨਾਲ ਚੱਲਣਾ ਹ ਜਾਂ ਇਸ ਦੇ ਖ਼ਿਲਾਫ ਚੱਲਣਾ ਹੈ।

? ਜਤਿੰਦਰ ਜੀ, ਪੰਜਾਬੀ ਪੱਤਰਕਾਰੀ ਦੇ ਇਤਿਹਾਸ ਨੂੰ ਦੇਖੀਏ ਤਾਂ ਕਿਹਾ ਜਾਂਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬੀ ਅਖ਼ਬਾਰਾਂ ਦੇ ਐਡੀਟਰਾਂ ਨੂੰ ਨਾ ਤਨਖ਼ਾਹ, ਨਾ ਕੁਰਸੀ ਤੇ ਨਾ ਸਤਿਕਾਰ ਮਿਲਦਾ ਸੀ, ਸਜ਼ਾਵਾਂ (ਜ਼ੇਲ੍ਹਾਂ, ਹੱਥ-ਕੜੀਆਂ, ਬੇੜੀਆਂ) ਹੀ ਮਿਲੀਆਂ। ਉਹਨਾਂ ਲਈ ਕੌਮੀ ਸੇਵਾ, ਲਗਨ, ਅੰਗਰੇਜ਼ੀ ਸਰਕਾਰ ਵਿਰੁੱਧ ਜੂਝਣ ਦਾ ਜਜ਼ਬਾ ਹੀ ਉਹਨਾਂ ਲਈ ਸਭ ਕੁਝ ਸੀ। ਤੁਸੀਂ ਅੱਜ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਦੇ ਕੰਮ ਕਰਨ ਵਿੱਚ ਕੀ ਫ਼ਰਕ ਮਹਿਸੂਸ ਕਰਦੇ ਹੋ?

: ਢਾਹ ਜੀ, ਪੱਤਰਕਾਰ ਸਮਾਜ ਦਾ ਹਿੱਸਾ ਹਨ, ਜੇ ਸਮਾਜ ਵਿੱਚ ਭ੍ਰਿਸ਼ਟਾਚਾਰ ਹੈ ਤਾਂ ਪੱਤਰਕਾਰ ਬਚ ਨਹੀਂ ਸਕਦੇ। ਸਮਾਜ ਵਿੱਚ ਜਾਤ ਪਾਤ ਹੈ ਤਾਂ ਪੱਤਰਕਾਰਾਂ ਵਿੱਚ ਵੀ ਹੈ। ਸਮਾਜ ਵਿੱਚ ਫਿਰਕਾਪ੍ਰਸਤੀ ਹੈ ਤਾਂ ਪੱਤਰਕਾਰਾਂ ਵਿੱਚ ਵੀ ਹੋਵੇਗੀ। ਉਹਨਾਂ ਵੇਲਿਆਂ ਵਿੱਚ ਸਾਰੇ ਦੇ ਸਾਰੇ ਪੱਤਰਕਾਰ, ਸੰਪਾਦਕ ਸਮਰਪਣ ਦੀ ਭਾਵਨਾ ਨਾਲ ਤੁਰੇ ਸਨ। ਉਦੋਂ ਦੇਸ਼ ਭਗਤ ਸਿਆਸਤਦਾਨ ਭਗਤ ਸਿੰਘ ਵਰਗੇ ਫ਼ਾਂਸੀ ਦਾ ਰੱਸਾ ਚੁੰਮਦੇ, ਲਾਲਾ ਲਾਜਪਤ ਰਾਏ ਪੁਲਿਸ ਦੀਆਂ ਡਾਂਗਾਂ ਨਾਲ ਸ਼ਹੀਦ ਹੁੰਦੇ, ਮਹਾਤਮਾ ਗਾਂਧੀ ਮਰਨ ਵਰਤ ਰੱਖਦਾ, ਪੰਡਤ ਨਹਿਰੂ ਜੇਲ੍ਹਾਂ ਕੱਟਦਾ ਹੈ। ਉਹ ਇਸ ਲਈ ਜੇਲ੍ਹਾਂ ਨਹੀਂ ਸੀ ਕੱਟਦੇ ਕਿ ਉਹਨ ਪ੍ਰਧਾਨ ਮੰਤਰੀ ਬਣਨਾ ਸੀ, ਉਹਨਾਂ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੁੰਦਾ ਸੀ। ਤੁਸੀਂ ਅੱਜ ਦੇ ਸਿਆਸਤਦਾਨਾਂ ਦੀ ਤੁਲਨਾ ਕਰੋ ਤਾਂ ਦੇਖੋਗੇ ਕਿ ਅੱਜ ਸਿਆਤਦਾਨ ਇਹ ਪਹਿਲਾਂ ਪੁੱਛਦਾ ਹੈ ਕਿ ਮੈਨੂੰ ਅਹੁਦਾ ਕਿਹੜਾ ਦਿੰਦੇ ਹੋ? ਜੇ ਮਰਜ਼ੀ ਦਾ ਅਹੁਦਾ ਮਿਲਦਾ ਹੈ  ਤਾਂ ਠੀਕ, ਨਹੀਂ ਤਾਂ ਮੈਂ ਦੂਸਰੀ ਪਾਰਟੀ ਵਿੱਚ ਚਲੇ ਜਾਂਦਾ ਹਾਂ। ਇਹ ਕੰਮ ਪੱਤਰਕਾਰਾਂ ਵਿੱਚ ਵੀ ਆ ਗਿਆ ਹੈ। ਕਈ ਪੱਤਰਕਾਰ ਇਹ ਕਹਿੰਦੇ ਹਨ, ਇੰਨੇ ਪੈਸੇ ਦਿਉ, ਨਹੀਂ ਤਾਂ ਦੂਜੇ ਪਾਸੇ ਤੁਹਾਡੇ ਤੋਂ ਦਸ ਹਜ਼ਾਰ ਵੱਧ ਮਿਲਦਾ ਹੈ, ਮੈਂ ਉੱਥੇ ਚਲਾ ਜਾਂਦਾ ਹਾਂ। ਤੁਸੀਂ ਟੀਵੀ ਚੈਨਲਾਂ ’ਤੇ ਦੇਖੋਗੇ ਕਿ ਕਈਆਂ ਨੇ ਬਾਰਾਂ ਬਾਰਾਂ ਚੈਨਲ ਬਦਲੇ ਹਨ। ਅਸੀਂ ਸਾਰੇ ਇਸ ਸਮਾਜ ਦਾ ਹਿੱਸਾ ਹਾਂ, ਇਹਦਾ ਅਸਰ ਸਾਡੇ ਉੱਤੇ ਵੀ ਪਿਆ।

? ਕਲਮ ਦੀ ਤਾਕਤ ਤਲਵਾਰ ਦੀ ਤਾਕਤ ਤੋਂ ਵੱਧ ਮੰਨੀ ਗਈ ਹੈ। ਕਿਸੇ ਸਮੇਂ ਕਿਰਤੀ ਅਖ਼ਬਾਰ ਅਤੇ ਗ਼ਦਰ ਗੂੰਜਾਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਇਕਮੁੱਠ ਹੋ ਕੇ ਅਜ਼ਾਦੀ ਸੰਗਰਾਮ ਲਈ ਸ਼ਕਤੀ ਦਿੱਤੀ ਸੀ। ਕੀ ਅੱਜ ਪੰਜਾਬ ਵਿੱਚ ਕੋਈ ਅਖ਼ਬਾਰ ਇਹੋ ਜਿਹੀ ਤਾਕਤ ਨਹੀਂ ਰੱਖਦਾ, ਜੋ ਲੋਕਾਂ ਵਿੱਚ ਕੌਮੀ ਜਾਗਰਤੀ ਲਿਆ ਸਕੇ ਅਤੇ ਦੇਸ਼ ਨੂੰ ਇਸ ਹਾਲਾਤ ਵਿੱਚੋਂ ਬਾਹਰ ਕੱਢਣ ਲਈ ਆਪਣਾ ਯੋਗਦਾਨ ਪਾ ਸਕੇ?

: ਸਤਨਾਮ ਜੀ, ਔਖਾ ਬਹੁਤ ਹੈ। ਕੁਝ ਅਖ਼ਬਾਰਾਂ ਇਸ ਭਾਵਨਾ ਨਾਲ ਕੰਮ ਕਰਦੀਆਂ ਹਨ। ਜਿਹੜੀਆਂ ਇਹ ਕੰਮ ਕਰਦੀਆਂ, ਉਹ ਘੱਟ ਗਿਣਤੀ ਵਿੱਚ ਛਪਦੀਆਂ ਹਨ। ਵੱਡੀਆਂ ਅਖ਼ਬਾਰਾਂ ਛਪਦੀਆਂ ਹਨ, ਜਿਹੜੀਆਂ ਵਗਦੇ ਵਹਿਣ ਦੇ ਨਾਲ ਵਗਦੀਆਂ ਹਨ, ਉਹਨਾਂ ਨੂੰ ਇਸ ਗੱਲ ਨਾਲ ਵਾਸਤਾ ਨਹੀਂ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਕਿੰਨਾ ਹੈ? ਜਦੋਂ ਅਸੀਂ ਦੇਖਦੇ ਹਾਂ ਕਿ ਚੋਣਾਂ ਸਮੇਂ ਪੇਡ ਨੀਊਜ਼ ਲੱਗਦੀ ਹੈ। ਇਹ ਪੇਡ ਨਿਊਜ਼ ਅਖ਼ਬਾਰਾਂ ਵਿੱਚ ਵੀ ਲੱਗਦੀ ਹੈ। ਜਿਹੜੇ ਅਖ਼ਬਾਰਾਂ ਦੇ ਐਡੀਟਰ ਲਾਉਂਦੇ ਹਨ, ਉਹ ਪ੍ਰੈੱਸ ਕੌਂਸਲ ਵਿੱਚ ਬੈਠ ਕੇ ਰੌਲ਼ਾ ਪਾਉਂਦੇ ਹਨ ਕਿ ਪੇਡ ਨਿਊਜ਼ ਲੱਗਦੀ ਹੈ, ਬਹੁਤ ਮਾੜੀ ਗੱਲ ਹੈ। ਆਪੇ ਉਹ ਕੰਮ ਕਰਨਾ, ਆਪੇ ਵਿਰੋਧ ਕਰਨਾ। ਪ੍ਰੈੱਸ ਦਾ ਵੱਡਾ ਹਿੱਸਾ ਉਸ ਪਾਸੇ ਜਾ ਚੁੱਕਾ ਹੈ। ਹੁਣ ਪ੍ਰੈੱਸ ਕੋਈ ਲਹਿਰ ਨਹੀਂ ਉਸਾਰਦਾ, ਕਦੇ ਕਦਾਈਂ ਜਦੋਂ ਅੰਨਾ ਹਜ਼ਾਰੇ ਵਰਗੇ ਦਾ ਭ੍ਰਿਸ਼ਟਾਚਾਰ ਦੇ ਖ਼ਿਲਾਫ ਮੋਰਚਾ ਲੱਗਾ ਹੋਇਆ ਹੋਵੇ, ਉਦੋਂ ਚਾਰ ਦਿਨ ਰੌਲ਼ਾ ਜ਼ਰੂਰ ਪਾ ਦਿੰਦਾ, ਇਸ ਤੋਂ ਜ਼ਿਆਦਾ ਅਖ਼ਬਾਰਾਂ ਨਹੀਂ ਕਰਦੀਆਂ।

? ਜਗਜੀਤ ਸਿੰਘ ਆਨੰਦ ਕਿਹਾ ਕਰਦੇ ਸਨ ਕਿ ਨਵਾਂ ਜ਼ਮਾਨਾ ਅਖ਼ਬਾਰ ਪੱਤਰਕਾਰੀ ਦੀ ਨਰਸਰੀ ਹੈ, ਜੋ ਇੱਕ ਸਕੂਲ ਵਾਂਗ ਕੰਮ ਕਰਦੀ ਹੈ। ਬਹੁਤ ਸਾਰੀਆਂ ਹੋਰ ਅਖ਼ਬਾਰਾਂ ਦੇ ਪੱਤਰਕਾਰ ਇੱਥੇ ਕੰਮ ਕਰਕੇ, ਇੱਥੇ ਸਿਖਲਾਈ ਲੈ ਕੇ ਹੋਰ ਅਖ਼ਬਾਰਾਂ ਵਿੱਚ ਕੰਮ ਕਰਨ ਗਏ ਹਨ। ਤੁਸੀਂ ਵੀ ਇਹ ਭੂਮਿਕਾ ਨਿਭਾ ਰਹੇ ਹੋ? ਤੁਸੀਂ ਇਸ ਕਥਨ ਨਾਲ ਕਿੱਥੋਂ ਕੁ ਤੱਕ ਸਹਿਮਤ ਹੋ?

: ਬਿਲਕੁਲ ਜੀ, ਨਵਾਂ ਜ਼ਮਾਨਾ ਹੈ ਹੀ ਪੱਤਰਕਾਰੀ ਦੀ ਨਰਸਰੀ। ਇੱਥੋਂ ਬਹੁਤ ਸਾਰੇ ਪੱਤਰਕਾਰ ਸਿਖਲਾਈ ਲੈ ਕੇ ਦੂਜੀਆਂ ਅਖ਼ਬਾਰਾਂ ਵਿੱਚ ਗਏ, ਟੀਵੀ ਵੱਲ ਗਏ। ਇਹਦੇ ਵਿੱਚ ਜਗਜੀਤ ਸਿੰਘ ਆਨੰਦ ਹੋਰਾਂ ਦਾ ਬਹੁਤ ਵੱਡਾ ਰੋਲ ਹੈ। ਟੋਰਾਂਟੋ ਵਿੱਚ ਬੈਠੇ ਬਜ਼ੁਰਗ ਸੁਰਜਨ ਸਿੰਘ ਜ਼ੀਰਵੀ ਦਾ ਵੀ ਬਹੁਤ ਵੱਡਾ ਹੱਥ ਹੈ। ਅਰਜਣ ਸਿੰਘ ਗੜਗੱਜ ਹੋਰਾਂ ਦਾ ਬਹੁਤ ਵੱਡਾ ਰੋਲ ਹੈ। ਉਹ ਇਨ੍ਹਾਂ ਤੋਂ ਪਹਿਲੀ ਪੀੜ੍ਹੀ ਦੇ ਪੱਤਰਕਾਰ ਸਨ। ਇਨ੍ਹਾਂ ਨੂੰ ਪੱਤਰਕਾਰ ਬਣਾਉਣ ਵਾਲੇ ਉਹ ਸਨ। ਨਵਾਂ ਜ਼ਮਾਨਾ ਅੱਜ ਵੀ ਪੱਤਰਕਾਰੀ ਦੀ ਨਰਸਰੀ ਹੈ। ਮੈਂ ਇਸ ਵੇਲੇ ਨਵਾਂ ਜ਼ਮਾਨਾ ਦੇ ਕੰਢੇ ’ਤੇ ਖੜ੍ਹਾ ਹਾਂ, ਉਹ ਇਸ ਕਰਕੇ ਕਿ ਇਨ੍ਹਾਂ ਨੇ ਮੈਨੂੰ ਕਾਰਜਕਾਰੀ ਐਡੀਟਰ ਬਣਾਇਆ ਸੀ। ਮੇਰੀ ਸਿਹਤ ਠੀਕ ਨਾ ਹੋਣ ਕਾਰਨ ਮੈਂ ਚਾਰ ਵਾਰ ਅਸਤੀਫਾ ਲਿਖ ਕੇ ਦੇ ਚੱਕਾ ਹਾਂ। ਮੈਂ ਆਪਣੇ ਘਰ ਤੋਂ ਦਫਤਰ ਜਾਣ ਦੀ ਪੁਜ਼ੀਸ਼ਨ ਵਿੱਚ ਵੀ ਨਹੀਂ। ਮੈਂ ਇਸ ਮਾਮਲੇ ਵਿੱਚ ਆਪਣੀ ਬਹੁਤੀ ਭੂਮਿਕਾ ਨਹੀਂ ਨਿਭਾ ਰਿਹਾ, ਸਿਵਾਏ ਇਸ ਤੋਂ ਕਿ ਆਪਣੇ ਘਰੋਂ ਲਿਖ ਕੇ ਕੋਈ ਆਰਟੀਕਲ ਭੇਜ ਦਿਆਂ ਜਾਂ ਕਿਸੇ ਮਸਲੇ ’ਤੇ ਸਲਾਹ ਦੇ ਦਿਆਂ। ਮੈਂ ਉੱਥੇ ਹੋਵਾਂ ਜਾਂ ਨਾ, ਇਹ ਕੰਮ ਚੱਲਦਾ ਰਹੇਗਾ। ਜਿਸ ਤਰ੍ਹਾਂ ਪਹਿਲਾਂ ਇਹ ਭੂਮਿਕਾ ਨਵਾਂ ਜ਼ਮਾਨਾਂ ਨੇ ਪੱਤਰਕਾਰੀ ਦੀ ਨਰਸਰੀ ਵਾਲ਼ੀ ਨਿਭਾਈ ਹੈ, ਹੁਣ ਵੀ ਨਿਭਾਵੇਗਾ ਤੇ ਨਿਭਾਉਣੀ ਚਾਹੀਦੀ ਵੀ ਹੈ।

? ਪੰਜਾਬ ਦੇ ਕਾਲੇ ਦਿਨਾਂ ਵਿੱਚ ਕੁਝ ਅਖ਼ਬਾਰਾਂ ਫਿਰਕੂ ਭਾਵਨਾਵਾਂ ਦੇ ਖ਼ਿਲਾਫ਼ ਗੱਲ ਕਰਦੀਆਂ ਸਨ ਤਾਂ ਖਾੜਕੂ ਜਥੇਬੰਦੀਆਂ ਦਾ ਸ਼ਿਕਾਰ ਹੋਈਆਂ। ਕੁਝ ਅਖ਼ਬਾਰਾਂ ਫਿਰਕੂ ਪ੍ਰਚਾਰ ਕਰਕੇ ਫ਼ਸਾਦਾਂ ਨੂੰ ਜਨਮ ਦਿੰਦੀਆਂ ਸਨ ਕਿਉਂਕਿ ਕਿਸੇ ਖ਼ਾਸ ਵਰਗ ਦੇ ਲੋਕਾਂ, ਜਾਂ ਖ਼ਾਸ ਰਾਜਸੀ ਪਾਰਟੀ ਦੇ ਪ੍ਰਭਾਵ ਹੇਠ ਇਮਾਨਦਾਰੀ ਤੇ ਨਿਰਪੱਖਤਾ ਦਾ ਪ੍ਰਭਾਵ ਨਹੀਂ ਦੇ ਸਕੀਆਂ। ਇੱਥੇ ਤੁਸੀਂ ਪ੍ਰੈਸ ਦੀ ਆਜ਼ਾਦੀ ਜਾਂ ਪ੍ਰਤੀਬੱਧਤਾ ਬਾਰੇ ਕੀ ਕਹਿਣਾ ਚਾਹੋਗੇ?

: ਸਤਨਾਮ ਜੀ, ਪਬਲਿਕ ਮੂਡ ਵਿੱਚ ਕਈ ਉਬਾਲ਼ੇ ਤੇ ਉਛਾਲੇ ਆਉਂਦੇ ਹਨ। ਉਦੋਂ ਕਈ ਅਖ਼ਬਾਰਾਂ ਵਾਲੇ ਵੀ ਉਨ੍ਹਾਂ ਵਿੱਚ ਫਸ ਜਾਂਦੇ ਹਨ। ਵਗਦੇ ਵਹਿਣ ਨਾਲ ਵਗਦੇ ਹਨ। ਜੇ ਨਾ ਵਗਣ ਤਾਂ ਧਮਕੀਆਂ ਮਿਲਦੀਆਂ ਹਨਉਹਨਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਸੀ, ਪਰ ਪੱਤਰਕਾਰੀ ਦਾ ਆਪਣਾ ਇੱਕ ਹਿੱਸਾ ਉਹਨਾਂ ਨਾਲ ਤੁਰ ਪਿਆ। ਪੱਤਰਕਾਰੀ ਦਾ ਇੱਕ ਹਿੱਸਾ ਸਰਕਾਰ ਨਾਲ ਖੜੋ ਗਿਆ ਸੀ। ਪੱਤਰਕਾਰ ਉਦੋਂ ਨਿਰਪੱਖ ਨਹੀਂ ਸਨ। ਜੇ ਹੁਣ ਕੱਲ੍ਹ ਨੂੰ ਕੋਈ ਹੋਰ ਲਹਿਰ ਉੱਠੇ ਤਾਂ ਪੱਤਰਕਾਰ ਉਸ ਵਹਿਣ ਵਿੱਚ ਨਾ ਵਗਣਗੇ, ਇਹ ਗੱਲ ਨਹੀਂ। ਅਖ਼ਬਾਰਾਂ ਦੇ ਮਾਲਕ ਆਪ ਕਿਸੇ ਰੀਪੋਰਟ ਲਈ ਨਹੀਂ ਜਾਣਗੇ। ਉਹ ਪੱਤਰਕਾਰਾਂ ਨੂੰ ਭੇਜਣਗੇ ਕਿ ਇਸ ਮਾਮਲੇ ’ਤੇ ਰੀਪੋਰਟ ਲਿਆਉ, ਭਾਵੇਂ ਉਹਨਾਂ ਨੂੰ ਇਸ ਦਾ ਪਤਾ ਹੈ ਕਿ ਉੱਥੇ ਜਾਨ ਦਾ ਖ਼ਤਰਾ ਹੈ। ਉਹ ਖ਼ਤਰਾ ਮੁੱਲ ਲਏ ਬਗੈਰ ਕੰਮ ਕਰਨਾ ਜਾਣਦੇ ਹਨ, ਇਸ ਕਰਕੇ ਅਗਲਿਆਂ ਦਿਨਾਂ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਕਰਨਾ ਹੈ। ਕੋਈ ਸੁਧਾਰ ਨਹੀਂ ਆਉਣ ਵਾਲਾ ਨਹੀਂ। ਇਸ ਮਜਬੂਰੀ ਵਿੱਚ ਕਈ ਕੁਝ ਹੋਈ ਜਾਂਦਾ ਹੈ, ਜੋ ਸਾਹਮਣੇ ਨਹੀਂ ਆ ਸਕਦਾ।

? ਪਨੂੰ ਜੀ, ਇਸ ਕੰਮ ਵਿੱਚ ਤੁਹਾਨੂੰ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ਼ਿਆ? ਮੇਰੇ ਖ਼ਿਆਲ ਨਾਲ ਜਿਸ ਤਰ੍ਹਾਂ ਦੀ ਪੱਤਰਕਾਰੀ ਤੁਸੀਂ ਕਰਦੇ ਹੋ, ਸਿੱਧੀਆਂ ਤੇ ਸਪਾਟ ਗੱਲਾਂ, ਖ਼ਾਸ ਕਰਕੇ ਖਾੜਕੂਵਾਦ ਦੇ ਦਿਨਾਂ ਵਿੱਚ ਪਰਿਵਾਰਕ ਸੁਰੱਖਿਆ ਨੂੰ ਦੇਖਦਿਆਂ ਕਈ ਵਾਰ ਰਿਸ਼ਤੇਦਾਰ, ਮਿੱਤਰ-ਦੋਸਤ ਤੇ ਪਰਿਵਾਰਕ ਮੈਂਬਰ ਤੁਹਾਨੂੰ ਸਲਾਹ ਦਿੰਦੇ ਹੋਣਗੇ ਕਿ ਚਲੋ ਛੱਡੋ, ਕੋਈ ਹੋਰ ਕੰਮ ਕਰ ਲਵੋ, ਪੱਤਰਕਾਰੀ ਕਰਕੇ ਖ਼ਤਰਾ ਮੁੱਲ ਕਿਉਂ ਲੈ ਰਹੇ ਹੋ?

: ਮਿੱਤਰਾਂ ਦਾ ਸਹਿਯੋਗ ਰਿਹਾ, ਰਿਸ਼ਤੇਦਾਰਾਂ ਦਾ ਕੋਈ ਸਹਿਯੋਗ ਨਹੀਂ ਰਿਹਾ, ਪਰਿਵਾਰ ਮੇਰੇ ਨਾਲ ਖੜ੍ਹਾ ਸੀਮੇਰੀ ਸੁਪਤਨੀ ਨੇ ਕਿਹਾ, ਮੈਂ ਤੇਰੇ ਨਾਲ ਹਾਂ। ਉਹ ਸਿਰੜ ਦੀ ਪੱਕੀ ਹੈ, ਉਹ ਸਮਝਦੀ ਸੀ ਕਿ ਜੋ ਗ਼ਲਤ ਹੋ ਰਿਹਾ ਹੈ, ਉਹਦੇ ਵਿਰੁੱਧ ਸਾਨੂੰ ਸਟੈਂਡ ਲੈਣਾ ਚਾਹੀਦਾ ਹੈ ਤੇ ਲਿਆ ਵੀ। ਰਿਸ਼ਤੇਦਾਰ ਉਸ ਵੇਲੇ ਇੰਨਾ ਪਾਸਾ ਵੱਟ ਗਏ ਕਿ ਜੇ ਕਿਸੇ ਦੇ ਘਰ ਵਿਆਹ ਸ਼ਾਦੀ ਰੱਖਿਆ ਹੁੰਦਾ, ਓਦੋਂ ਅਜੇ ਕਾਰਡ ਤੇ ਡੱਬੇ ਦੇਣ ਦਾ ਰਿਵਾਜ ਨਹੀਂ ਸੀ ਚੱਲਿਆ, ਉਹ ਸ਼ਹਿਰ ਆ ਕੇ ਮਿਠਿਆਈ ਦਾ ਡੱਬਾ ਲੈਂਦੇ, ਸਭ ਤੋਂ ਪਹਿਲਾਂ ਮੇਰੇ ਘਰ ਆਉਣਾ ਤੇ ਕਹਿਣਾ ਕਿ ਫਲਾਣੀ ਤਾਰੀਖ ਨੂੰ ਕੁੜੀ ਜਾਂ ਮੁੰਡੇ ਦਾ ਵਿਆਹ ਰੱਖਿਆ ਹੈ। ਸਾਨੂੰ ਪਤਾ, ਹਾਲਾਤ ਠੀਕ ਨਹੀਂ, ਤੂੰ ਜੇ ਨਾ ਵੀ ਆ ਸਕੇਂ ਤਾਂ ਸਾਨੂੰ ਕੋਈ ਗੁੱਸਾ ਨਹੀਂ। ਦਰਅਸਲ ਉਹ ਇਹ ਕਹਿਣ ਆਉਂਦੇ ਸਨ ਕਿ ਤੂੰ ਨਾ ਆਵੇਂ ਤਾਂ ਚੰਗਾ ਹੈ। ਆਪ ਤਾਂ ਮਰਨਾ, ਸਾਨੂੰ ਵੀ ਮਰਵਾਏਂਗਾ। ਉਹੋ ਰਿਸ਼ਤੇਦਾਰ ਹੁਣ ਕਹਿਣਗੇ, “ਸਾਨੂੰ ਤਾਂ ਤੇਰੇ ’ਤੇ ਬਹੁਤ ਮਾਣ ਹੈ। ਅਸੀਂ ਤਾਂ ਉਦੋਂ ਵੀ ਤੇਰੇ ਨਾਲ ਸੀ ਤੇ ਹੁਣ ਵੀ ਤੇਰੇ ਨਾਲ ਹਾਂ।ਆਪਾਂ ਹੱਸ ਕੇ ਟਾਲ ਦੇਈਦਾ, ਉਹਨਾਂ ਲੋਕਾਂ ਦਾ ਉਹ ਪੱਧਰ ਹੈ, ਮੈਂ ਉਸ ਪੱਧਰ ’ਤੇ ਜਾ ਕੇ ਗੱਲ ਨਹੀਂ ਕਰ ਸਕਦਾ। ਨਾਂ ਮੈਂ ਕਿਸੇ ਦੇ ਗਲ਼ ਪੈਂਦਾ ਹਾਂ, ਨਾ ਕਿਸੇ ਨਾਲ ਨਫ਼ਰਤ ਹੈ। ਜੇ ਵਕਤ ਹੋਵੇ ਤਾਂ ਕਿਸੇ ਦੇ ਚਲਾ ਜਾਂਦਾ ਹਾਂ, ਨਾ ਵਕਤ ਹੋਵੇ ਤਾਂ ਮੁਆਫ਼ੀ ਮੰਗ ਲੈਦਾ ਹਾਂ। ਮੈਂ ਆਪਣੇ ਢੰਗ ਨਾਲ ਉਦੋਂ ਚੱਲੀ ਜਾਂਦਾ ਸੀ, ਆਪਣੇ ਢੰਗ ਨਾਲ ਹੁਣ ਚੱਲੀ ਜਾਣਾ ਹੈ। ਇਸ ਤਰ੍ਹਾਂ ਦੇ ਵੇਲੇ ਤੁਹਾਡੇ ਨਾਲ ਕੋਈ ਕੋਈ ਹੀ ਖੜੋ ਸਕਦਾ ਹੈ।

? ਤੁਸੀਂ ਵਿਦੇਸ਼ਾਂ ਵਿੱਚ ਸਮੇਂ ਸਮੇਂ ਵਿਚਰਦੇ ਰਹਿੰਦੇ ਹੋ। ਵਿਦੇਸ਼ਾਂ ਵਿੱਚ ਪੰਜਾਬੀ ਪੱਤਰਕਾਰੀ ਦਾ ਭਵਿੱਖ ਕਿਸ ਤਰ੍ਹਾਂ ਦੇਖ ਰਹੇ ਹੋ? ਬਰਤਾਨੀਆਂ ਵਿੱਚ ਪੰਜਾਬੀ ਪੱਤਰਕਾਰੀ ਅਮਰੀਕਾ ਕੈਨੇਡਾ ਤੋਂ ਜ਼ਿਆਦਾ ਪ੍ਰਫੁਲਤ ਨਹੀਂ ਹੋ ਸਕੀ। ਅਮਰੀਕਾ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਭਾਵੇਂ ਕਾਫੀ ਪੁਰਾਣਾ ਹੈ, ਪਰ ਹੁਣ ਦੀ ਪੱਤਰਕਾਰੀ ਅਤੇ ਪਹਿਲੀ ਪੱਤਰਕਾਰੀ ਵਿੱਚ ਕੋਈ ਫ਼ਰਕ ਮਹਿਸੂਸ ਕਰਦੇ ਹੋ?

: ਵਿਦੇਸ਼ਾਂ ਦੀ ਪੱਤਰਕਾਰੀ ਵਿੱਚੋਂ ਬਰਤਾਨੀਆਂ ਦੀ ਪੱਤਰਕਾਰੀ ਤੋਂ ਮੈਂ ਥੋੜ੍ਹਾ ਅਫ਼ਸੋਸ ਹੀ ਪ੍ਰਗਟ ਕਰ ਸਕਦਾ ਹਾਂ, ਕੋਈ ਤਸੱਲੀ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਇੱਕ ਦੋ ਅਖ਼ਬਾਰ ਨਵੇਂ ਚੱਲੇ ਹਨ। ਇੱਕ ਦੋ ਮੀਡੀਆ ਚੈਨਲ ਵੀ ਚੱਲੇ ਹਨ, ਜਿਨ੍ਹਾਂ ਤੋਂ ਆਸ ਹੈ। ਜਿਹੜਾ ਅਖ਼ਬਾਰ ਬਰਤਾਨੀਆਂ ਵਿੱਚ ਸਭ ਤੋਂ ਪਹਿਲਾਂ ਛਪਦਾ ਸੀ, ਉਹਨੇ ਬੜੇ ਰੰਗ ਵੇਖੇ ਤੇ ਵਿਖਾਏ। ਪਹਿਲਾਂ ਉਹਦੇ ਦਫ਼ਤਰ ’ਤੇ ਅੰਗਰੇਜ਼ਾਂ ਦਾ ਝੰਡਾ ਯੂਨੀਅਨ ਯੈਕ ਤੇ ਇੰਡੀਆ ਦਾ ਤਿਰੰਗਾ ਹੁੰਦਾ ਸੀ, ਫੇਰ ਉਹਨੇ ਇੰਡੀਆ ਦਾ ਤਿਰੰਗਾ ਲਾਹ ਕੇ ਖ਼ਾਲਿਸਤਾਨ ਦਾ ਝੰਡਾ ਲਾ ਲਿਆ। ਹੁਣ ਇਕੱਲਾ ਯੂਨੀਅਨ ਯੈਕ ਹੈ। ਕਈ ਰੰਗ ਉਸ ਨੇ ਬਦਲੇ ਹਨ। ਉਹ ਬਾਕੀਆਂ ਲਈ ਟਰੈਂਡਸੈਟਰ ਸੀ। ਬਾਕੀ ਵੀ ਉਸੇ ਤਰ੍ਹਾਂ ਚੱਲ ਪਏ। a[ਸਟ੍ਰੇਲੀਆਂ ਵਿੱਚ ਇੱਕ ਦੋ ਪੇਪਰ ਚੰਗੇ ਹਨ, ਨਿਊਜ਼ੀਲੈਂਡ ਵਿੱਚ ਇੱਕ ਵਧੀਆ ਚੱਲਿਆ ਹੈ, ਜਿਸ ਦਾ ਚੰਗਾ ਅਸਰ ਪੈ ਰਿਹਾ।

ਤੁਹਾਡੇ ਇੱਥੇ ਕੈਨੇਡਾ ਵਿੱਚ ਕੁਝ ਪੱਤਰਕਾਰ ਬੱਸ ਬਿਜ਼ਨਸ ਦੇ ਤੌਰ ’ਤੇ ਪੇਪਰ ਕੱਢਣ ਦਾ ਕੰਮ ਕਰਦੇ ਹਨ। ਕੁਝ ਪੱਤਰਕਾਰ, ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਂਣਾ, ਆਪਣੇ ਭਾਈਚਾਰੇ ਦੀਆਂ ਖ਼ਬਰਾਂ ਨਾ ਹੋਣ ਤਾਂ ਬਣਾ ਕੇ ਲਾਉਂਦੇ ਹਨ, ਤਾਂ ਕਿ ਉਨ੍ਹਾਂ ਦੀ ਜੇਬ ਖਾਲ਼ੀ ਕਰਾਈ ਜਾ ਸਕੇ। ਕੁਝ ਪੱਤਰਕਾਰ ਹੈਲਥੀ ਮੁਕਾਬਲਾ ਦੇ ਰਹੇ ਹਨ। ਕੁਝ ਪੱਤਰਕਾਰਾਂ ਨੇ ਕਿਹਾ ਕਿ ਅਸੀਂ ਠੱਗ ਬਾਬਿਆਂ ਤੇ ਜੋਤਿਸ਼ੀਆਂ ਦੀਆਂ ਐੱਡ ਨਹੀਂ ਲਾਉਣੀਆਂ, ਦੋ ਰੋਟੀਆਂ ਘੱਟ ਖਾ ਲਵਾਂਗੇ, ਪਰ ਇਨ੍ਹਾਂ ਚੋਰਾਂ, ਠੱਗਾਂ ਦੀਆਂ ਐੱਡਾਂ ਨਹੀਂ ਲਾਉਣੀਆਂ। ਤੁਹਾਡੀ ਪੱਤਰਕਾਰੀ ਇਸ ਕਰ ਕੇ ਚੰਗੀ ਹੈ ਕਿ ਜਿਹੜੀ ਗੱਲ ਪੰਜਾਬ ਵਿੱਚ ਕਹੀ ਨਹੀਂ ਜਾ ਸਕਦੀ, ਤੁਸੀਂ ਕਹਿ ਸਕਦੇ ਹੋ। ਜਿਹੜਾ ਮਿਆਰ ਸੈੱਟ ਕੀਤਾ ਜਾ ਰਿਹਾ ਹੈ, ਪੰਜਾਬੀਆਂ ਵੱਲੋਂ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮੈਂ ਕੈਨੇਡਾ ਦੀ ਪੱਤਰਕਾਰੀ ਤੋਂ ਨਿਰਾਸ਼ ਨਹੀਂ। ਕਈ ਵਾਰੀ ਲੋਕ ਕਹਿ ਦਿੰਦੇ ਹਨ ਕਿ ਫ਼ਲਾਣਾ ਨਾਲੇ ਬੱਸ/ਟਰੱਕ ਚਲਾਈ ਜਾਂਦਾ, ਨਾਲੇ ਅਖ਼ਬਾਰ ਕੱਢੀ ਜਾ ਰਿਹਾ। ਫਲਾਣਾ ਟੈਕਸੀ ਚਲਾਈ ਜਾਂਦਾ, ਨਾਲੇ ਮੀਡੀਆ ਚਲਾਈ ਜਾਂਦਾ। ਮੇਰੇ ਖ਼ਿਆਲ ਨਾਲ ਜੇ ਦੋ ਕੰਮ ਕਰੀ ਜਾ ਰਿਹਾ, ਕੋਈ ਮਾੜਾ ਕੰਮ ਨਹੀਂ ਕਰ ਰਿਹਾ। ਤੁਹਾਡੇ ਸਾਹਮਣੇ ਬਲਦੇਵ ਸੜਕਨਾਮੇ ਦੀ ਉਦਾਹਰਣ ਹੈ। ਉਹ ਟਰੱਕ ਚਲਾਉਂਦਾ ਸੀ। ਸੜਕਾਂ ਉੱਤੇ ਲੋਕਾਂ ਨੂੰ ਦੇਖਦਾ, ਜੋ ਮਹਿਸੂਸ ਕਰਦਾ ਸੀ, ਲਿਖ ਦਿੰਦਾ ਸੀ। ਸੜਕਨਾਮਾਸਾਡੀ ਬੋਲੀ ਦੀ ਸ਼ਾਹਕਾਰ ਰਚਨਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਹਨ ਜੋ ਕਿਰਤ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਹਨ, ਚੰਗੀ ਗੱਲ ਹੈ।

? ਜਤਿੰਦਰ ਜੀ, ਪੰਜਾਬੀ ਬੋਲੀ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਵਿੱਚ ਪੱਤਰਕਾਰੀ ਦਾ ਰੋਲ ਕਿਹੋ ਜਿਹਾ ਲੱਗਾ। ਖ਼ਾਸ ਕਰਕੇ ਕੈਨੇਡਾ ਦੇ ਵੱਡੇ ਸਾਰੇ ਸ਼ਹਿਰਾਂ ਵਿੱਚ ਪੰਜਾਬੀ ਰੇਡੀਓ ਅਖ਼ਬਾਰਾਂ ਚੱਲ ਰਹੀਆਂ ਹਨ, ਚਲਾਉਣ ਵਾਲਿਆਂ ਵਿੱਚੋਂ ਬਹੁਤ ਘੱਟ ਲੋਕ ਹਨ ਜਿਨ੍ਹਾਂ ਨੂੰ ਪੱਤਰਕਾਰੀ ਦੇ ਖ਼ੇਤਰ ਦਾ ਤਜਰਬਾ ਤੇ ਗਿਆਨ ਹੈ। ਤੁਸੀਂ ਵਿਦੇਸ਼ਾਂ ਵਿਚਲੀ ਪੱਤਰਕਾਰੀ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬੀ ਦੇ ਸ਼ਬਦਾਂ ਨੂੰ ਗ਼ਲਤ ਲਿਖਣ ਅਤੇ ਸ਼ਬਦਾਂ ਦੇ ਗ਼ਲਤ ਉਚਾਰਣ ਦੀ ਸਮੱਸਿਆ ਦਾ ਕੀ ਹੱਲ ਸਮਝਦੇ ਹੋ?

: ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਨੂੰ ਪੰਜਾਬ ਵਿੱਚ ਵੀ ਬਹੁਤਾ ਗ਼ੌਲਿਆਂ ਨਹੀਂ ਜਾ ਰਿਹਾ, ਅਜੇ ਵੀ ਮਜ਼ਬੂਤ, ਮਜ਼ਦੂਰ ਤੇ ਮਜਬੂਰ ਆਦਿ ਸ਼ਬਦਾਂ ਵਿੱਚ ਜ ਦੇ ਪੈਰ ਬਿੰਦੀ ਕਿੱਥੇ ਪੈਣੀ, ਕੋਈ ਪਤਾ ਨਹੀਂ ਹੁੰਦਾ। ਫ਼ਿਲੌਰ, ਫ਼ਿਰੋਜ਼ਪੁਰ ਵਿੱਚ ਬਿੰਦੀ ਕਿੱਥੇ ਪੈਣੀ, ਕੋਈ ਨਹੀਂ ਦੇਖਦਾ, ਛੱਡੀ ਜਾਂਦੇ ਹਨ। ਇੱਥੇ ਬਾਹਰ ਏਨੇ ਜ਼ਿਆਦਾ ਪ੍ਰਬੰਧ ਨਾ ਹੋਣ ਕਰਕੇ ਸ਼ਾਇਦ ਪੰਜਾਬੀ ਦੀਆਂ ਡਿਕਸ਼ਨਰੀਆਂ ਵੀ ਓਨੀਆਂ ਨਾ ਹੋਣ। ਅੰਗਰੇਜ਼ੀ ਵਿੱਚ ਟਾਈਪ ਕਰਦੇ ਹੋ, ਝੱਟ ਕੰਪਿਊਟਰ ਤੋਂ ਸਪੈਲਿੰਗ ਚੈੱਕ ਕਰ ਕੇ ਦੇਖ ਸਕਦੇ ਹੋ। ਇੱਥੇ ਕਈ ਇਲਾਕੇ ਇਹੋ ਜਿਹੇ ਹਨ, ਜਿੱਥੇ ਪੰਜਾਬੀ ਦਾ ਕੋਈ ਸਾਧਨ ਵੀ ਨਹੀਂ, ਪਰ ਪੰਜਾਬੀ ਲੋਕ ਰਹਿੰਦੇ ਹਨ। ਇਸ ਦੇ ਬਾਵਜੂਦ ਪੰਜਾਬੀ ਪੱਤਰਕਾਰੀ ਦੀ ਬੜੀ ਵੱਡੀ ਜ਼ਰੂਰਤ ਹੈ। ਏਦਾਂ ਦੇ ਇਲਾਕੇ ਵਿੱਚ ਪੰਜਾਬੀ ਬੱਚਿਆਂ ’ਤੇ ਅੰਗਰੇਜ਼ੀ ਤੇ ਦੂਜੀਆਂ ਭਾਸ਼ਾਵਾਂ ਦਾ ਪ੍ਰਭਾਵ ਪਵੇਗਾ। ਪੰਜਾਬੀ ਪੱਤਰਕਾਰੀ ਦੀ ਇੱਥੇ ਕਾਫੀ ਲੋੜ ਹੈ। ਜੇ ਘਰ ਵਿੱਚ ਅਖ਼ਬਾਰ ਆਉਂਦਾ ਹੈ ਤਾਂ ਇਸ ਦਾ ਬੱਚਿਆਂ ’ਤੇ ਵੀ ਅਸਰ ਪਵੇਗਾ। ਸ਼ਬਦਾਂ ਦੇ ਉਚਾਰਣ ਦੀ ਗੱਲ ਕਰੀਏ ਤਾਂ ਪੰਜਾਬਸ਼ਬਦ ਵੀ ਕਿੱਥੇ ਪੰਜਾਬੀ ਦਾ ਸ਼ਬਦ ਹੈ! ਇਹ ਤਾਂ ਪੰਚ+ਨਦਹੁੰਦਾ ਸੀ। ਜਦੋਂ ਪਾਣੀ ਨੂੰ ਆਬ ਕਹਿਣ ਵਾਲੇ ਆਏ, ਪੰਜ+ਆਬ ਬੋਲਣ ਵਾਲੇ ਆਏ, ਇਹ ਪੰਜਾਬ ਬਣ ਗਿਆ। ਪੰਜਾਬ ਦੀ ਪੰਜਾਬੀ ’ਤੇ ਹਿੰਦੀ ਦਾ ਅਸਰ ਅਤੇ ਤੁਹਾਡੀ ਪੰਜਾਬੀ ’ਤੇ ਅੰਗਰੇਜ਼ੀ ਦਾ ਅਸਰ ਹੋਣਾ ਹੀ ਹੈ। ਮੈਂ ਇੰਗਲੈਂਡ ਵਿੱਚ ਦੇਖਿਆ, ਲੋਕ ਵਿੰਡੋ ਨੂੰ ਵਿੰਡਾ ਕਹੀ ਜਾਂਦੇ ਸਨ ਤੇ ਅਖ਼ਬਾਰਾਂ ਵਾਲੇ ਵੀ ਵਿੰਡਾ ਲਿਖਣ ਲੱਗ ਪਏ। ਨਿਊਜ਼ੀਲੈਂਡ ਵਿੱਚ ਵੀ ਏਦਾਂ ਹੀ ਹੋਇਆ। ਪਹਿਲਾਂ ਇੰਗਲੈਂਡ ਵਿੱਚ ਸੁਣਦੇ ਸੀ ਹਿੰਗਲਿਸ਼ ਬਣ ਗਈ, ਫੇਰ ਸੁਣਿਆ ਲੰਡਨ ਤੇ ਬ੍ਰਮਿੰਘਮ ਵਿੱਚ ਲੋਕ ਪਿੰਗਲਿਸ਼ ਬੋਲਦੇ ਹਨ। ਇਹ ਸਭ ਪੰਜਾਬੀ ਦੀਆਂ ਸ਼ਾਖਾਵਾਂ ਹੀ ਹਨ। ਇਹਨਾਂ ਤਬਦੀਲੀਆਂ ਨੂੰ ਮੰਨ ਲੈਣਾ ਚਾਹੀਦਾ ਹੈ। ਪੰਜਾਬੀ ਹੋਰ ਬੋਲੀਆਂ ਤੋਂ ਸ਼ਬਦ ਅਡਾਪਟ ਕਰੀ ਜਾਂਦੀ ਹੈ, ਪਰ ਸ਼ਬਦਾਂ ਨੂੰ ਜਾਣ ਬੁੱਝ ਕੇ ਵਿਗਾੜਨਾ ਵੀ ਠੀਕ ਨਹੀਂ। ਜਿੱਥੇ ਸਾਡੇ ਕੋਲ਼ ਚੰਗੇ ਭਲੇ ਤੇ ਸੌਖੇ ਸ਼ਬਦ ਹੋਣ ਉਹਨਾਂ ਨੂੰ ਹੀ ਵਰਤਣਾ ਚਹੀਦਾ ਹੈ।

? ਪੱਤਰਕਾਰੀ ਵਿੱਚ ਤੁਸੀਂ ਕਿਹੜੇ ਲੋਕਾਂ ਨੂੰ ਆਪਣਾ ਰੋਲ ਮਾਡਲ ਮੰਨ ਕੇ ਚੱਲਦੇ ਹੋ? ਤੁਸੀਂ ਆਪਣੀਆਂ ਸੱਚੀਆਂ ਤੇ ਕੌੜੀਆਂ ਟਿਪਣੀਆਂ ਕਰਕੇ ਕਦੇ ਸਰਕਾਰਾਂ ਜਾਂ ਕਿਸੇ ਸੰਸਥਾ ਦੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਹੋਵੋਗੇ? ਜਾਂ ਕਹਿ ਲਓ ਕਿ ਸੱਚ ਬੋਲਣ ਨਾਲ ਦੁਸ਼ਮਣੀਆਂ ਪਈਆਂ ਹੋਣ? ਲੰਮਾ ਸਮਾਂ ਇਸ ਖ਼ੇਤਰ ਦਾ ਕੰਮ ਕਰਦਿਆਂ ਦੋਸਤੀਆਂ ਦੁਸ਼ਮਣੀ ਦਾ ਕੋਈ ਤਜ਼ਰਬਾ ਸਾਂਝਾ ਕਰੋਗੇ? ਕੋਈ ਅਜਿਹੀ ਯਾਦ ਸਾਂਝੀ ਕਰਨਾ ਚਾਹੋਗੇ ਜੋ ਅੱਜ ਵੀ ਤੁਹਾਡੇ ਚੇਤਿਆਂ ਦੀ ਚੰਗੇਰ ਵਿੱਚ ਉਵੇਂ ਯਾਦ ਹੋਵੇ ਤੁਹਾਡੇ ਮਨ ਨੂੰ ਉਦਾਸੀ ਜਾਂ ਖ਼ੁਸ਼ੀ ਦਿੰਦੀ ਹੋਵੇ?

: ਸਤਨਾਮ ਜੀ, ਦੋਸਤੀਆਂ ਵੀ ਬਹੁਤ ਰਹੀਆਂ ਤੇ ਦੁਸ਼ਮਣੀਆਂ ਵੀ, ਜੇ ਮੈਂ ਅੱਜ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲ ਕਰਾਂ ਤਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ, ਜਿਨ੍ਹਾਂ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ। ਬਾਕੀ ਜਿੰਨ੍ਹਾਂ ਲੋਕਾਂ ਨੂੰ ਮੈਂ ਆਪਣਾ ਆਦਰਸ਼ ਮੰਨਦਾ ਹਾਂ, ਉਹਨਾਂ ਦੇ ਮੈਂ ਕਦੀ ਦਰਸ਼ਨ ਵੀ ਨਹੀਂ ਕੀਤੇ। ਅਰਜਣ ਸਿੰਘ ਗੜਗੱਜ ਹੁੰਦੇ ਸਨ, ਅੰਗਰੇਜ਼ਾਂ ਦੇ ਸਮੇਂ। ਉਹਨਾਂ ਦੀਆਂ ਲਿਖਤਾਂ ਕਰਕੇ ਪੁਲਿਸ ਉਹਨਾਂ ਨੂੰ ਫੜ ਕੇ ਥਾਣੇ ਲੈ ਗਈ। ਉਹਨਾਂ ਦੇ ਕੇਸ ਬਹੁਤ ਲੰਬੇ ਸਨ। ਪੁਲਿਸ ਨੇ ਉਹਨਾਂ ਦੇ ਕੇਸਾਂ ਨੂੰ ਛੱਤ ਨਾਲ ਬੰਨ੍ਹ ਕੇ ਲਟਕਾ ਦਿੱਤਾ ਤੇ ਪੁਲਿਸ ਵਾਲੇ ਆਪ ਖ਼ਾਣ ਪੀਣ ਰੁੱਝ ਗਏ। ਸਵੇਰੇ ਦੇਖਿਆ ਤਾਂ ਗੜਗੱਜ ਜੀ ਦੀ ਖੋਪਰੀ ਤੋਂ ਵਾਲ ਲਹਿ ਗਏ ਤੇ ਉਹ ਹੇਠਾਂ ਬੇਹੋਸ਼ ਡਿੱਗੇ ਪਏ ਸਨ। ਉਸ ਪਿੱਛੋਂ 1963 ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। ਸਾਰੀ ਉਮਰ ਉਹਨਾਂ ਦੇ ਫਿਰ ਕੇਸ ਨਹੀਂ ਆਏ। ਇਸ ਤਰ੍ਹਾਂ ਦੇ ਨਿਧੜਕ ਲੋਕ ਮੇਰੇ ਰੋਲ-ਮਾਡਲ ਸਨ। ਮੈਂ ਜਦੋਂ ਨਵਾਂ ਜ਼ਮਾਨਾ ਦੀਆਂ ਪੌੜੀਆਂ ਚੜ੍ਹਦਾਂ, ਮੇਰੇ ਮਨ ਵਿੱਚ ਇਹ ਗੱਲ ਹੁੰਦੀ ਹੈ ਕਿ ਮੇਰੇ ਕੋਲੋਂ ਕੋਈ ਇਹੋ ਜਿਹੀ ਭੁੱਲ ਨਾ ਹੋ ਜਾਵੇ, ਜਿਸ ਨਾਲ ਅਰਜਣ ਸਿੰਘ ਗੜਗੱਜ ਵਰਗੀ ਸ਼ਖ਼ਸੀਅਤ ਦੇ ਨਾਂ ਨੂੰ ਵੱਟਾ ਲੱਗੇ। ਮੇਰੇ ਲਈ ਸਭ ਤੋਂ ਵੱਡੇ ਆਦਰਸ਼ ਉਹ ਸਨ।

ਬਾਕੀ ਰਹੀ ਗੱਲ ਦੋਸਤੀਆਂ-ਦੁਸ਼ਮਣੀਆਂ ਦੀ, ‘ਸੱਚੇ ਸੌਦੇਵਾਲੇ ਬਾਰੇ ਇੱਕ ਮੌਕਾ ਸੀ, ਜਦੋਂ ਕੋਈ ਨਹੀਂ ਸੀ ਬੋਲਦਾ। ਅਕਾਲੀ, ਕਾਂਗਰਸ ਇੱਥੋਂ ਤੱਕ ਕਿ ਇੱਕ ਵਾਰੀ ਕਮਿਉਨਿਸਟ ਵੀ ਉਹਦੇ ਤੋਂ ਵੋਟਾਂ ਮੰਗਣ ਗਏ। ਮੈਂ ਪਹਿਲੀ ਵਾਰੀ ਉਹਨਾਂ ਵਿਰੁੱਧ ਲਿਖ ਦਿੱਤਾ। ਜਦੋਂ ਲਿਖ ਦਿੱਤਾ ਤਾਂ ਦੋ ਰੁਪਏ ਦਾ ਅਖ਼ਬਾਰ ਅਤੇ ਉਸ ਲੇਖ ਦੀਆਂ ਕਾਪੀਆਂ ਪੰਜਾਹ ਪੰਜਾਹ ਰੁਪਏ ਨੂੰ ਵਿਕੀਆਂ। ਦੋ ਤਿੰਨ ਦਿਨਾਂ ਬਾਅਦ ਇੱਕ ਗਿਆਰਾਂ ਮੈਂਬਰੀ ਕਮੇਟੀ ਸਿਰਸੇ ਤੋਂ ਚੱਲ ਕੇ ਨਵਾਂ ਜ਼ਮਾਨਾ ਦਫ਼ਤਰ ਇਹ ਕਹਿਣ ਆਈ ਕਿ ਤੁਸੀਂ ਆਹ ਗ਼ਲਤ ਛਾਪਿਆ ਹੈ। ਮੈਂ ਕਿਹਾ, “ਜੀ, ਇਹ ਗ਼ਲਤ ਨਹੀਂ, ਪੱਤਰਕਾਰੀ ਦਾ ਮਿਆਰ ਇਹ ਕਹਿ ਰਿਹਾ ਹੈ ਕਿ ਠੀਕ ਛਾਪਿਆ ਹੈ। ਜੇ ਤੁਹਾਨੂੰ ਗ਼ਲਤ ਲੱਗਦਾ ਤੁਸੀਂ ਆਪਣੇ ਵਿਚਾਰ ਦੇ ਜਾਉ, ਅਸੀਂ ਉਹ ਵੀ ਛਾਪਾਂਗੇ। ਅਸੀਂ ਤੁਹਾਡਾ ਪੱਖ ਛਾਪਾਂਗੇ। ਜੇ ਉਹਦੇ ਜਵਾਬ ਵਿੱਚ ਕੋਈ ਹੋਰ ਵਿਚਾਰ ਆਏ ਤਾਂ ਉਹ ਵੀ ਛਾਪਾਂਗੇ। ਉਹ ਕਹਿੰਦੇ, “ਪੱਖ ਪੁੱਖ ਦੀ ਗੱਲ ਨਹੀਂ, ਅਸੀਂ ਤੁਹਾਨੂੰ ਇਹ ਦੱਸਣ ਆਏ ਹਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਗੱਲ ਛਾਪੀ ਤਾਂ ਤੁਹਾਨੂੰ ਮਹਿੰਗੀ ਬਹੁਤ ਪਵੇਗੀ। ਜੇ ਲਿਖਣਾ ਹੈ ਤਾਂ ਜਰਾ ਸੋਚ ਕੇ ਲਿਖਣਾ।ਮੈਂ ਆਖਿਆ, “ਤੁਸੀਂ ਮੇਰੇ ਦਫ਼ਤਰ ਵਿੱਚ ਬੈਠ ਕੇ ਮੈਨੂੰ ਧਮਕੀ ਦਿੰਦੇ ਹੋ! ਤੁਹਾਡੀ ਹਿੰਮਤ ਦੀ ਦਾਦ ਦਿੰਦਾ ਹਾਂ। ਪਰ ਮੇਰੀ ਇੱਕ ਗੱਲ ਸੁਣ ਲਉ ਕਿ ਜੇ ਮੈਨੂੰ ਲਿਖਣਾ ਪਿਆ ਤਾਂ ਮੈਂ ਫੇਰ ਲਿਖੂੰ। ਤੁਸੀਂ ਜੋ ਕਰਨਾ ਕਰ ਲਿਉ।ਉਹ ਉੱਠੇ ਤੇ ਚੱਲੇ ਗਏ। ਉਸ ਤੋਂ ਥੋੜ੍ਹੇ ਦਿਨਾਂ ਬਾਅਦ ਕੋਟਕਪੂਰੇ ਵਿੱਚ ਦੋ ਪੱਤਰਕਾਰਾਂ ਨੂੰ ਖ਼ਬਰ ਲਾਉਣ ਕਰਕੇ ਕੁੱਟਿਆ ਤੇ ਠਾਣੇਦਾਰ ਸਾਹਮਣੇ ਮੁਆਫ਼ੀ ਮੰਗਵਾਈ। ਮੈਂ ਅੱਜ ਵੀ ਸਿਰਸੇ ਵਾਲੀ ਕਮੇਟੀ ਨੂੰ ਉਡੀਕਦਾ ਹਾਂ ਕਿ ਆਵੇ ਤਾਂ ਸਹੀ।

ਇੱਕ ਵਾਰ ਮੈਨੂੰ ਮੁੱਖ-ਮੰਤਰੀ ਦਫ਼ਤਰ ਵਿੱਚੋਂ ਇਸੇ ਤਰ੍ਹਾਂ ਦਾ ਸੁਨੇਹਾ ਆਇਆ। ਮੈਂ ਆਖਿਆ ਕਿ ਨਾ ਲਿਖਣਾ ਮਨਜ਼ੂਰ ਹੈ, ਪਰ ਜਿਸ ਦਿਨ ਲਿਖਣਾ, ਜੋ ਤੁਹਾਡੇ ਵਿੱਚ ਨੁਕਸ ਹੈ, ਜ਼ਰੂਰ ਲਿਖਾਂਗਾ। ਬਾਅਦ ਵਿੱਚ ਇੱਕ ਦਿਨ ਮੁੱਖ ਮੰਤਰੀ ਦਾ ਸੁਨੇਹਾ ਆ ਗਿਆ ਕਿ ਇਹ ਐਵੇਂ ਹੇਠਲੇ ਸਟਾਫ ਨੇ ਕਹਿ ਦਿੱਤਾ ਹੋਵੇਗਾ, ਤੂੰ ਲਿਖੀ ਜਾਹ, ਜੋ ਲਿਖਣਾ। ਇੱਥੇ ਹੋਰ ਬਥੇਰਾ ਕੁਝ ਹੋਈ ਜਾਂਦਾ। ਅਸੀਂ ਕਿਹੜੀ ਕਿਸੇ ਦੀ ਪ੍ਰਵਾਹ ਕਰਦੇ ਹਾਂ, ਪਰ ਜਿਹੜਾ ਸੁਨੇਹਾ ਤੈਨੂੰ ਦਿੱਤਾ ਗਿਆ, ਉਸ ਵਿੱਚ ਮੈਂ ਸ਼ਾਮਲ ਨਹੀਂ ਸੀ।ਮੈਂ ਆਖਿਆ ਚੱਲੋ ਠੀਕ ਹੈ। ਇਸੇ ਤਰ੍ਹਾਂ ਮੇਰੇ ਉੱਤੇ ਪੰਜ ਚਾਰ ਕੇਸ ਬਣੇ। ਜਦੋਂ ਮੈਂ ਦੇਸ਼ ਵਿੱਚ ਵੀ ਨਹੀਂ ਸੀ, ਓਦੋਂ ਵੀ ਕੇਸ ਬਣੇ, ਖ਼ਾਰਜ ਹੋਏ, ਕਈ ਲੋਕਾਂ ਨੇ ਮਾਣ-ਹਾਨੀ ਦੇ ਕੇਸ ਕੀਤੇ ਤੇ ਕੇਸ ਰੱਦ ਵੀ ਹੋਏ। ਸਤਨਾਮ ਜੀ, ਇਹ ਪਾਰਟ ਆਫ਼ ਲਾਈਫ਼ ਹੈ। ਇਹ ਕੰਮ ਚਲਦੇ ਹੀ ਰਹਿੰਦੇ ਹਨ।

? ਇੱਕ ਸਵਾਲ ਪੱਤਰਕਾਰੀ ਤੋਂ ਹਟਵਾਂ ਹੈ ਜੇਕਰ ਤੁਸੀਂ ਬੁਰਾ ਨਾ ਮਨਾਓਂ। ਤੁਸੀਂ ਕਮਿਉਨਿਸਟ ਪਾਰਟੀ ਦੇ ਨਾਲ ਕੰਮ ਵੀ ਕੀਤਾ। ਇਸ ਪਾਰਟੀ ਵਿੱਚ ਬਹੁਤ ਸਾਰੇ ਸਮਰਪਤ, ਸੱਚੇ ਸੁੱਚੇ ਇਮਾਨਦਾਰ ਕਾਮੇਂ ਵੀ ਕੰਮ ਕਰਦੇ ਰਹੇ ਹਨ। ਇਸ ਪਾਰਟੀ ਨੂੰ ਕਿਸਾਨਾਂ, ਮਜ਼ਦੂਰਾਂ ਦੀ ਪਾਰਟੀ ਕਿਹਾ ਜਾਂਦਾ ਰਿਹਾ ਹੈ। ਕੀ ਕਾਰਨ ਸਮਝਦੇ ਹੋ ਕਿ ਇਸ ਪਾਰਟੀ ਦੇ ਪੈਰ ਪੰਜਾਬ ਵਿੱਚ ਲੱਗ ਨਹੀਂ ਸਕੇ? ਕੀ ਲੀਡਰਸ਼ਿੱਪ ਵਿੱਚ ਕਿਤੇ ਕਮਜ਼ੋਰੀ ਹੈ ਜਾਂ ਫੇਰ ਤੁਹਾਡੀ ਪਾਰਟੀ ਦੀ ਲੋਕਾਂ ਦੇ ਨਾਲ ਮੀਜ਼ਾ ਨਹੀਂ ਮਿਲ਼ੀ? ਕੀ ਕਾਰਨ ਸਮਝਦੇ ਹੋ?

: ਵੱਡਾ ਕਾਰਨ ਕਮਿਉਨਿਸਟ ਪਾਰਟੀ ਦੀ ਆਪਸੀ ਲੜਾਈ, ਫੇਰ ਵੰਡ ਹੁੰਦੀ ਗਈ। ਦੂਜੀਆਂ ਪਾਰਟੀਆਂ ਨੇ ਇਸ ਗੱਲ ਦਾ ਲਾਭ ਉਠਾਇਆ। ਦੂਜੀ ਗੱਲ ਇਹ ਕਿ ਲੀਡਰਸ਼ਿੱਪ ਸੁਖ ਰਹਿਣੀ ਹੋ ਗਈ। ਪਹਿਲੀ ਲੀਡਰਸ਼ਿੱਪ ਵਾਲ਼ੀ ਗੱਲ ਨਹੀਂ ਕਿ ਲੋਕਾਂ ਦੇ ਢਾਰਿਆਂ ਛੰਨਾਂ ਵਿੱਚ ਜਾ ਕੇ ਰਹਿਣ ਤੇ ਅਚਾਰ ਗੰਢੇ ਨਾਲ ਰੋਟੀ ਖਾ ਲੈਣ। ਹੁਣ ਤਾਂ ਪਾਰਟੀ ਦੇ ਦਫਤਰ ਆਲੀਸ਼ਾਨ ਏਅਰ-ਕੰਡੀਸ਼ਨ ਕੋਠੀਆਂ ਹਨ। ਇਹਨਾਂ ਗੱਲਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਕਾਮਾ-ਜਮਾਤ ਦਾ ਕਰੈਕਟਰ ਵੀ ਬਦਲ ਗਿਆ। ਕਾਮਾ-ਜਮਾਤ ਦਾ ਕਰੈਕਟਰ ਪਹਿਲਾਂ ਵਾਲ਼ਾ ਨਹੀਂ। ਪਹਿਲਾਂ ਲੋਕ ਦੁੱਖ ਮੁਸੀਬਤਾਂ ਝੱਲ ਕੇ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਸਨ। ਹੁਣ ਲੋਕਾਂ ਨੂੰ ਹੋਰ ਬਹੁਤ ਸਾਰੇ ਫਿਕਰਾਂ ਨੇ ਮਾਰ ਲਿਆ, ਖੇਤੀ ਦੇ ਟਰੈਂਡ ਬਦਲ ਗਏ ਹਨ। ਅੱਜ ਦੋਵੇਂ ਵੱਡੀਆਂ ਕਮਿਊਨਿਸਟ ਪਾਰਟੀਆਂ ਪੰਜਾਹ ਸਾਲ ਪੁਰਾਣਾ ਲਿਖਿਆ ਪ੍ਰੋਗਰਾਮ ਚੁੱਕੀ ਫਿਰਦੀਆਂ ਹਨ। ਇੰਨੇ ਸਮੇਂ ਵਿੱਚ ਬਹੁਤ ਸਾਰਾ ਪਾਣੀ ਪੁਲ਼ਾਂ ਹੇਠ ਦੀ ਲੰਘ ਚੁੱਕਾ ਹੁੰਦਾ ਹੈ। ਨਵੀਂ ਤਬਦੀਲੀ ਦੀ ਲੋੜ ਹੈ। ਕਮਿਉਨਿਸਟ ਪਾਰਟੀ ਨੂੰ ਨਵੀਂ ਵਿਚਾਰਧਾਰਾ ਲੈ ਕੇ ਸਮੇਂ ਦੇ ਹਾਣੀ ਬਣਨ ਲੋੜ ਹੈ।

? ਤੁਹਾਡੇ ਲਿਖੇ ਤੀਸ ਮਾਰ ਖ਼ਾਂ` ਵਾਲ਼ੇ ਕਾਲਮ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ, ਇਹ ਕਾਲਮ ਲਿਖਣ ਲਈ ਤੁਸੀਂ ਕਦੋਂ ਤੇ ਕਿਵੇਂ ਸੋਚਿਆ? ਕੀ ਇਹਨਾਂ ਨੂੰ ਕਿਸੇ ਕਿਤਾਬੀ ਰੂਪ ਵਿੱਚ ਸਾਂਭਣ ਦਾ ਉਪਰਾਲਾ ਵੀ ਕੀਤਾ? ਇਹਦੇ ਬਾਰੇ ਕੁਝ ਦੱਸਣਾ ਚਾਹੋਗੇ?

: ਸਾਡੇ ਐਡੀਟੋਰੀਅਲ ਬੋਰਡ ਵਿੱਚ ਸਾਰੇ ਮੈਂਬਰ ਮੇਰੇ ਤੋਂ ਸਨੀਆਰ ਸਨ, ਉਨ੍ਹਾਂ ਵਿੱਚ ਮੈਂ ਹੀ ਜੂਨੀਅਰ ਸੀ। ਸਾਡੀ ਬੋਰਡ ਦੀ ਇੱਕ ਵਾਰ ਮੀਟਿੰਗ ਹੋਈ, ਉਹਦੇ ਵਿੱਚ ਗੱਲ ਚੱਲੀ ਕਿ ਰੋਜ਼ ਅਖ਼ਬਾਰ ਵਿੱਚ ਬੈਂਤ ਵਾਂਗ ਇੱਕ ਛੋਟਾ ਜਿਹਾ ਕਵਿਤਾ ਦਾ ਟੋਟਾ ਦਿੱਤਾ ਜਾਵੇ। ਹੁਣ ਇਹ ਆਵੇ ਕਿੱਥੋਂ? ਕਿਸੇ ਨੇ ਕਹਿ ਦਿੱਤਾ ਕਿ ਪਨੂੰ ਲਿਖਿਆ ਕਰੇਗਾ। ਮੇਰੇ ਇੱਕ ਸੀਨੀਅਰ ਨੇ ਮਜ਼ਾਕ ਨਾਲ ਕਹਿ ਦਿੱਤਾ ਕਿ ਇਹ ਪਹਿਲਾਂ ਸਿਆਸਤ ਬਾਰੇ, ਫੇਰ ਅੱਤਵਾਦ ਬਾਰੇ ਲਿਖਦਾ ਸੀ। ਹੁਣ ਇਹ ਕਵਿਤਾ ਲਿਖਿਆ ਕਰੇਗਾ, ਪਨੂੰ ਕੋਈ ਤੀਸ ਮਾਰ ਖ਼ਾਂ ਹੈ! ਗੱਲ ਹਾਸੇ ਵਿੱਚ ਆਈ ਗਈ ਹੋ ਗਈ, ਪਰ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਖੁੱਭ ਗਈ। ਮਹੀਨਾ ਕੁ ਸੋਚਦਾ ਰਿਹਾ। ਇੱਕ ਦਿਨ ਕਵਿਤਾ ਲਿਖ ਦਿੱਤੀ ਪਰ ਮੈਂ ਆਪਣਾ ਨਾਂ ਨਹੀਂ ਸੀ ਦੇਣਾ ਚਾਹੁੰਦਾ। ਮੈਂ ਆਪਣੇ ਮਨ ਵਿੱਚ ਕਿਹਾ, ਕਿ ਚੱਲ ਪਨੂੰ ਹੁਣ ਤੂੰ ਤੀਸ ਮਾਰ ਖ਼ਾਂ ਦੀ ਬੁੱਕਲ ਮਾਰ ਲੈ। ਕਈ ਸਾਲਾਂ ਤੱਕ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਲੱਗਾ ਕਿ ਤੀਸ ਮਾਰ ਖ਼ਾਂ ਹੈ ਕੌਣ, ਇਹ ਕੌਣ ਲਿਖਦਾ ਹੈ। ਫੇਰ ਛਪਣਾ ਸ਼ੁਰੂ ਹੋ ਗਿਆ, ਹੁਣ ਰੇਡੀਓ ਸਟੇਸ਼ਨਾਂ ਤੋਂ ਪੜ੍ਹਿਆ ਜਾਂਦਾ ਹੈ। ਮੈਂ ਕਦੇ ਇਤਰਾਜ਼ ਨਹੀਂ ਕੀਤਾ, ਨਾ ਕਦੇ ਰਾਇਲਟੀ ਮੰਗੀ ਹੈ। ਕਈ ਵਾਰ ਲੋਕ ਸੋਚਦੇ ਹਨ ਕਿ ਸ਼ਾਇਦ ਇਹ ਪੜ੍ਹਨ ਵਾਲੇ ਦਾ ਹੀ ਲਿਖਿਆ ਹੋਇਆ ਹੈ। ਬਾਕੀ ਕਿਤਾਬ ਛਾਪਣ ਦੀ ਗੱਲ ਜਿਹੜੀ ਹੈ, ਉਹ ਪਹਿਲੇ ਪੰਜ ਸੱਤ ਸਾਲਾਂ ਦੇ ਚੋਣਵੇਂ ਕੱਢ ਕੇ ਇੱਕ ਕਿਤਾਬ ਛਾਪੀ ਸੀ। ਹੁਣ ਦੂਸਰੀ ਛਾਪਣ ਦੀ ਤਿਆਰੀ ਕਰ ਰਿਹਾ ਹਾਂ। ਸਾਰੇ ਨਹੀਂ, ਸਾਰੇ ਤਾਂ ਬਹੁਤ ਹੋ ਜਾਣਗੇ, ਇੰਨੇ ਸਾਂਭੇ ਨਹੀਂ ਜਾਣਗੇ।

? ਅੰਗਰੇਜ਼ੀ, ਹਿੰਦੀ ਅਤੇ ਹੋਰ ਬੋਲੀਆਂ ਦੇ ਅਖ਼ਬਾਰਾਂ ਵਿੱਚ ਕਾਰਟੂਨਾਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ਜਿਵੇਂ ਤੁਸੀ ਇਨ੍ਹਾਂ ਕਾਲਮਾਂ ਰਾਹੀਂ ਮਨੋਰੰਜਨ ਲਈ ਜਾਂ ਚੋਟ ਲਈ ਵਿਅੰਗ ਲਿਖਦੇ ਹੋ, ਪੰਜਾਬੀ ਪੱਤਰਕਾਰੀ ਵਿੱਚ ਕਾਰਟੂਨਾਂ ਦਾ ਰੁਝਾਨ ਓਨਾ ਨਹੀਂ ਦੇਖਿਆ ਗਿਆ। ਸਿਰਫ਼ ਦੋ ਤਿੰਨ ਅਖ਼ਬਾਰਾਂ (ਜੱਗ ਬਾਣੀ, ਅਜੀਤ ਤੇ ਪੰਜਾਬੀ ਟ੍ਰਿਬਿਊਨ) ਤੋਂ ਬਿਨਾਂ ਬਾਕੀ ਅਖ਼ਬਾਰਾਂ ਸੰਕੋਚ ਕਰਦੀਆਂ ਨਜ਼ਰ ਆਈਆਂ ਹਨ। ਤੁਹਾਡੀ ਅਖ਼ਬਾਰ ਵੀ ਕਾਰਟੂਨ ਰਾਹੀਂ ਵਿਅੰਗ ਕਰਦੀ ਨਜ਼ਰ ਨਹੀਂ ਆ ਰਹੀ। ਇਸ ਕੀ ਕਾਰਨ ਹੈ?

: ਕਿਸੇ ਸਮੇਂ ਸਭ ਤੋਂ ਵੱਧ ਕਾਰਟੂਨ ਪੰਜਾਬੀ ਟ੍ਰਿਬਿਊਨ ਛਾਪਦਾ ਸੀ। ਹੁਣ ਟ੍ਰਿਬਿਊਨ ਦਾ ਓਦੋਂ ਵਾਲਾ ਪੱਧਰ ਨਹੀਂ ਰਹਿ ਗਿਆ। ਦੂਜਾ ਇਹ ਹੈ ਕਿ ਪੰਜਾਬੀ ਵਿੱਚ ਵਿਅੰਗਕਾਰ ਨਹੀਂ ਰਹੇ। ਨਾ ਸੂਬਾ ਸਿੰਘ ਨੇ ਮੁੜ ਆਉਣਾ ਤੇ ਨਾ ਚਾਚਾ ਚੰਡੀਗੜ੍ਹੀਆ ਨੇ। ਦਰਅਸਲ ਪੰਜਾਬੀ ਵਿੱਚ ਵਿਅੰਗਕਾਰਾਂ ਦੀ ਘਾਟ ਹੈ। ਜਿਹੜਾ ਕਾਰਟੂਨਿਸਟ ਹੁੰਦਾ, ਉਹ ਲਿਖਦਾ ਨਹੀਂ, ਬੱਸ ਇੱਕ ਖ਼ਾਸ ਤਰ੍ਹਾਂ ਦਾ ਸਕੈੱਚ ਬਣਾ ਕੇ ਬਹੁਤ ਵੱਡਾ ਵਿਅੰਗ ਕਰ ਜਾਂਦਾ ਹੈ। ਉਹਦੀ ਘਾਟ ਹੈ। ਜੇ ਕੋਈ ਵਧੀਆ ਕਾਰਟੂਨਿਸਟ ਲੱਭ ਜਾਣ ਤਾਂ ਕੰਮ ਅੱਜ ਵੀ ਚੱਲ ਸਕਦਾ। ਜੱਗ ਬਾਣੀ ਵਿੱਚ ਜਿਹੜਾ ਆਉਂਦਾ, ਉਹ ਹਿੰਦੀ ਵਾਲਾ ਦਿੰਦੇ ਹਨ। ਅਜੀਤ ਵਾਲ਼ਿਆਂ ਕੋਲ ਹੈ, ਕਦੇ ਕਦੇ ਬਹੁਤ ਵਧੀਆ ਬਣਾ ਦਿੰਦਾ ਤੇ ਕਦੇ ਚਲਾਵਾਂ ਕੰਮ ਵੀ ਕਰ ਜਾਂਦਾ ਹੈ। ਸਾਡੀ ਅਖ਼ਬਾਰ ਵਿੱਚ ਅਸੀਂ ਇੱਕ ਛੋਟਾ ਜਿਹਾ ਕਾਲਮ ਸ਼ੁਰੂ ਕੀਤਾ ਸੀ, ਜਿੱਥੇ ਅੱਜ ਨਾਮਾ` ਛਪਦਾ। ਉਹ ਕਾਲਮ ਸੀ ਅਮਲੀ ਦੀ ਅੱਖ’, ਉਸ ਮੁੰਡੇ ਨੂੰ ਜਿੰਨੇ ਪੈਸੇ ਅਸੀਂ ਦਿੰਦੇ ਸੀ, ਇੰਨੇ ਨਹੀਂ ਸਨ ਕਿ ਉਹ ਗੁਜ਼ਾਰਾ ਕਰ ਸਕਦਾ। ਉਹ ਫੇਰ ਇਹ ਕੰਮ ਛੱਡ ਕੇ ਪੱਤਰਕਾਰ ਬਣ ਗਿਆ ਤੇ ਅਜੀਤ ਨਾਲ ਕੰਮ ਕਰਨ ਲੱਗ ਪਿਆ। ਸ਼ਾਇਦ ਉੱਥੇ ਉਹਨੂੰ ਪੈਸੇ ਵੱਧ ਮਿਲਦੇ ਹੋਣਗੇ, ਪਰ ਕਾਰਟੂਨਿਸਟ ਦੇ ਤੌਰ ’ਤੇ ਨਹੀਂ। ਹਾਲਾਂ ਕਿ ਉਹ ਉੱਥੇ ਕਾਰਟੂਨਿਸਟ ਦਾ ਕੰਮ ਵੀ ਕਰ ਸਕਦਾ ਸੀ, ਪਰ ਪਤਾ ਨਹੀਂ ਕਿਉਂ ਇਹ ਕੰਮ ਛੱਡ ਗਿਆ।

? ਪਨੂੰ ਜੀ, ਕੁਝ ਗੱਲਾਂ ਅਖ਼ਬਾਰ ਤੋਂ ਹਟਵੀਆਂ ਵੀ ਕਰਨਾ ਚਾਹੁੰਦਾ ਹਾਂ। ਅੱਜ ਪੰਜਾਬ ਵਿੱਚ ਕਿਸਾਨੀ ਦਾ ਬਹੁਤ ਮੰਦਾ ਹਾਲ ਹੈ। ਪਹਿਲੇ ਸਮਿਆਂ ਵਿੱਚ ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਜਿਸ ਕਿਸਾਨ ਦੀ ਜ਼ਮੀਨ ਥੋੜ੍ਹੀ ਸੀ, ਉਹ ਵੇਚ ਕੇ ਯੂ ਪੀ, ਰਾਜਿਸਥਾਨ ਜਾਂ ਦੂਜੇ ਸੂਬਿਆਂ ਵਿੱਚ ਲੈ ਕੇ ਗੁਜ਼ਾਰੇ ਦਾ ਸਾਧਨ ਬਣਾ ਲੈਂਦਾ ਸੀ। ਦੂਜੇ ਸੂਬਿਆਂ ਵਿੱਚ ਪਿਛਲੇ ਕੁਝ ਸਮੇਂ ਜ਼ਮੀਨ ਲੈਣ ਦੀ ਮਨਾਹੀ ਹੋਣ ਨਾਲ ਕਿਸਾਨ ਨਾ ਇੱਥੇ ਥੋੜ੍ਹੀ ਜ਼ਮੀਨ ਵਿੱਚ ਖੇਤੀ ਕਰ ਸਕਦਾ ਨਾ ਹੀ ਬਾਹਰ ਨਿੱਕਲ ਸਕਦਾ। ਇਸ ਪਾਬੰਦੀ ਦਾ ਕੀ ਕਾਰਨ ਸਮਝਦੇ ਹੋ?

: ਇਹ ਪਾਬੰਦੀਆਂ ਉਨ੍ਹਾਂ ਰਾਜਾਂ ਵਿੱਚ ਲਾਈਆਂ ਗਈਆਂ ਹਨ, ਜਿੱਥੇ ਆਮ ਲੋਕ ਗ਼ਰੀਬ ਹਨ ਅਤੇ ਬਾਹਰ ਤੋਂ ਆਏ ਲੋਕ ਉਨ੍ਹਾਂ ਦੀਆਂ ਜ਼ਮੀਨਾਂ ਹਥਿਆ ਸਕਦੇ ਹਨ। ਕੁਝ ਪਹਾੜੀ ਸੂਬਿਆਂ ਵਿੱਚ ਇਹ ਰੋਕਾਂ ਨਾ ਲਾਈਆਂ ਜਾਂਦੀਆਂ ਤਾਂ ਅਮੀਰਾਂ ਨੇ ਸਾਰੇ ਪਹਾੜ ਹਥਿਆ ਕੇ ਉੱਥੇ ਟੂਰਿਸਟ ਪੁਆਇੰਟ ਬਣਾ ਲੈਣੇ ਸਨ ਅਤੇ ਸਥਾਨਕ ਲੋਕ ਬਾਹਰ ਕੱਢੇ ਹੋਣੇ ਸਨ। ਫਿਰ ਵੀ ਕੁਝ ਰਾਜਾਂ ਨੇ ਗੈਰ ਜ਼ਰੂਰੀ ਰੋਕਾਂ ਲਾਈਆਂ ਹਨ। ਉੱਥੇ ਜਾ ਕੇ ਪੰਜਾਬੀ ਕਿਸਾਨਾਂ ਨੇ ਖੇਤੀ ਕਰ ਕੇ ਚੰਗੇ ਸਿੱਟੇ ਕੱਢੇ ਸਨ ਤਾਂ ਅੱਗੋਂ ਵੀ ਇਸ ਦਾ ਹੱਕ ਮਿਲਣਾ ਚਾਹੀਦਾ ਸੀ। ਬਾਕੀ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਵਿੱਚ ਹੀ ਇਹੋ ਜਿਹੇ ਹਾਲਾਤ ਪੇਸ਼ ਕਰਨੇ ਚਾਹੀਦੇ ਹਨ ਕਿ ਉਹ ਬਾਹਰ ਨੂੰ ਨਾ ਭੱਜੇ। ਸਰਕਾਰ ਇਹ ਕੰਮ ਨਹੀਂ ਕਰਦੀ।

? ਨਵਾਂ ਜ਼ਮਾਨਾਂ ਦਾ ਐਤਵਾਰਤਾਅੰਕ ਕਾਫੀ ਮਕਬੂਲ ਹੋ ਚੱਕਾ ਹੈ। ਕੋਈ ਹੋਰ ਸਪੈਸ਼ਲ ਫੀਚਰ ਵੀ ਕੱਢਦੇ ਹੋ? ਜਿਸ ਤਰ੍ਹਾਂ ਕਈ ਪੰਜਾਬੀ ਅਖ਼ਬਾਰਾਂ ਸਪੈਸ਼ਲ ਅੰਕ ਕੱਢਦੀਆਂ ਹਨ, ਕੀ ਤੁਹਾਡੀ ਅਖ਼ਬਾਰ ਨੇ ਪਿਛਲੇ ਸਮਿਆਂ ਵਿੱਚ ਕੋਈ ਹੋਰ ਸਪੈਸ਼ਲ ਅੰਕ ਵੀ ਕੱਢੇ ਹੋਣਗੇ?

: ਤੁਸੀਂ ਠੀਕ ਆਖਿਆ ਹੈ ਕਿ ਐਤਵਾਰਤਾਬਹੁਤ ਮਕਬੂਲ ਹੋ ਚੁੱਕਾ ਹੈ। ਹਫਤੇ ਵਿੱਚ ਦੋ-ਤਿੰਨ ਹੋਰ ਵਿਸ਼ੇਸ਼ ਅੰਕ ਵੀ ਕੱਢੇ ਜਾਂਦੇ ਹਨ, ਪਰ ਉਨ੍ਹਾਂ ਦੇ ਨਾਂਅ ਪੱਕੇ ਨਹੀਂ ਹੁੰਦੇ, ਸਮੇਂ-ਸਮੇਂ ਬਦਲਦੇ ਵੀ ਰਹਿੰਦੇ ਹਨ।

? ਤੁਸੀਂ ਹਰ ਪੱਖ ਤੋਂ ਕੋਈ ਨਾ ਕੋਈ ਆਰਟੀਕਲ ਲਿਖਦੇ ਰਹਿੰਦੇ ਹੋ। ਇਸ ਬਾਰੇ ਥੋੜ੍ਹਾ ਦੱਸੋ ਕਿ ਇਹ ਸਾਰੀ ਜਾਣਕਾਰੀ ਕਿਵੇਂ ਤੇ ਕਿੱਥੋਂ-ਕਿੱਥੋਂ ਕਿਸ ਤਰ੍ਹਾਂ ਪ੍ਰਾਪਤ ਕਰਦੇ ਹੋ, ਇਸ ਪ੍ਰਕ੍ਰਿਆ ਬਾਰੇ ਕੁਝ ਦੱਸੋ? ਆਰਟੀਕਲ ਨੂੰ ਅਖ਼ਬਾਰ ਵਿੱਚ ਜਾਣ ਤੋਂ ਪਹਿਲਾਂ ਕਿੰਨਾ ਕੁ ਸਮਾਂ ਲੱਗਦਾ ਹੈ?

: ਪਹਿਲੀ ਗੱਲ ਤਾਂ ਇਹ ਕਿ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸਾਂ, ਜਦੋਂ ਪਹਿਲੀ ਵਾਰ ਘਰ ਦੱਸਣ ਤੋਂ ਬਿਨਾਂ ਚੋਣ ਪ੍ਰਚਾਰ ਵਾਲੀ ਇੱਕ ਟੋਲੀ ਵਿੱਚ ਚਲਾ ਗਿਆ ਤੇ ਸਾਰਾ ਦਿਨ ਘੁੰਮਦਾ ਰਿਹਾ ਸਾਂ। ਓਦੋਂ ਤੋਂ ਅੱਜ ਤੱਕ ਬਹੁਤ ਸਾਰੀਆਂ ਘਟਨਾਵਾਂ ਨਜ਼ਰ ਤੋਂ ਲੰਘੀਆਂ ਹਨ ਤੇ ਯਾਦਾਸ਼ਤ ਮੇਰੀ ਕਾਫੀ ਹੈ। ਦੂਸਰਾ ਇਹ ਕਿ ਮੈਂ ਬਚਪਨ ਤੋਂ ਕਿਤਾਬੀ ਕੀੜਾ ਸੀ। ਖੇਤਾਂ ਨੂੰ ਜਾਂਦਿਆਂ ਕੋਈ ਅਖ਼ਬਾਰ ਦਾ ਟੋਟਾ ਰਾਹ ਵਿੱਚ ਡਿੱਗਾ ਲੱਭ ਜਾਂਦਾ ਤਾਂ ਖੇਤ ਭੁੱਲ ਕੇ ਮੈਂ ਪੜ੍ਹਨ ਬੈਠ ਜਾਂਦਾ ਸੀ, ਬਾਅਦ ਵਿੱਚ ਘਰੋਂ ਝਿੜਕਾਂ ਖਾਂਦਾ ਸੀ। ਤੀਸਰਾ ਇਹ ਕਿ ਜਿਹੜੀ ਗੱਲ ਸਮਝ ਅੰਦਰ ਨਹੀਂ ਪੈਂਦੀ, ਉਸ ਦੇ ਲਈ ਫੋਲਣ ਦੀ ਆਦਤ ਹੈ ਤੇ ਕਿਸੇ ਜ਼ਰਾ ਜਿੰਨੇ ਨੁਕਤੇ ਲਈ ਸਾਰੀ ਰਾਤ ਕਿਤਾਬਾਂ ਫੋਲਣ ਦਾ ਕੰਮ ਕਰ ਸਕਦਾ ਹਾਂ। ਜਦੋਂ ਤੱਕ ਪਤਾ ਨਾ ਲੱਗ ਜਾਵੇ, ਆਰਾਮ ਨਾਲ ਨਹੀਂ ਬਹਿੰਦਾ। ਕਈ ਗੱਲਾਂ ਇਹੋ ਜਿਹੀਆਂ ਹਨ, ਜਿਨ੍ਹਾਂ ਦਾ ਮੈਨੂੰ ਆਪ ਨੂੰ ਪਤਾ ਨਹੀਂ ਕਿ ਮੈਂ ਕਿਵੇਂ ਕਰੀ ਜਾਂਦਾ ਹਾਂ, ਪਰ ਕਰੀ ਤਾਂ ਜਾਂਦਾ ਹਾਂ। ਮਿਸਾਲ ਵਜੋਂ ਮੈਂ ਕਿਸੇ ਕਵੀ ਦਾ ਚੇਲਾ ਨਹੀਂ ਬਣਿਆ, ਮੈਂ ਪਿੰਗਲ ਨਹੀਂ ਪੜ੍ਹਿਆ ਤੇ ਕਵਿਤਾ ਦੇ ਅਸੂਲ ਵੀ ਪੂਰੇ ਨਹੀਂ ਜਾਣਦਾ, ਪਰ ਰੋਜ਼ ਅੱਜ-ਨਾਮਾ ਲਿਖ ਰਿਹਾ ਹਾਂ। ਰਹੀ ਗੱਲ ਕਿ ਕਿੰਨਾ ਚਿਰ ਲੱਗਦਾ ਹੈ, ਇਹ ਲਿਖਤ ਅਤੇ ਅਖ਼ਬਾਰ ਕੋਲ ਸਮੇਂ ਉੱਤੇ ਨਿਰਭਰ ਕਰਦਾ ਹੈ। ਕੁਝ ਸੌਖੀਆਂ ਲਿਖਤਾਂ ਭਾਸ਼ਣ ਵਾਂਗ ਲਿਖ ਸਕਦਾ ਹਾਂ, ਕੁਝ ਵਿੱਚ ਅੰਕੜੇ ਜਾਂ ਹੋਰ ਵੇਰਵੇ ਦੇਣੇ ਹੋਣ ਤਾਂ ਸਮਾਂ ਲੱਗ ਜਾਂਦਾ ਹੈ ਤੇ ਇਸ ਵਿੱਚ ਕੋਈ ਪੱਕੀ ਧਾਰਨਾ ਨਹੀਂ ਰੱਖੀ ਜਾ ਸਕਦੀ।

? ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਬਾਰੇ ਨਾ ਐਨ ਆਰ ਆਈ ਸਭਾਤੇ ਨਾ ਐਨ ਆਰ ਆਈ ਥਾਣਿਆਂਤੋਂ ਬਹੁਤੀ ਮਦਦ ਕਰਨ ਦੀ ਗੱਲ ਸਾਹਮਣੇ ਆਈ ਹੈ। ਹੋ ਰਹੀਆਂ ਵਧੀਕੀਆਂ ਤੋਂ ਡਰਦੇ ਲੋਕ ਨਾ ਪਲੀਸ ਅਤੇ ਨਾ ਕਿਸੇ ਹੋਰ ਕੋਲ ਰੋਣਾ ਰੋ ਸਕਦੇ ਹਨ। ਲੋਕ ਆਪਣਾ ਦੁੱਖ ਦੱਸਣ ਤਾਂ ਕਿਹਨੂੰ ਦੱਸਣ? ਲੰਬੇ ਸਮੇਂ ਤੋਂ ਪਰਵਾਸੀ ਪੰਜਾਬੀ ਹੁਣ ਤੱਕ ਦੀਆਂ ਪੰਜਾਬ ਸਰਕਾਰਾਂ ਦੀ ਲਾਰੇ-ਲੱਪੇ ਦੀ ਕਾਰ-ਗੁਜ਼ਾਰੀ ਤੋਂ ਨਿਰਾਸ਼ ਨਜ਼ਰ ਆ ਰਹੇ ਹਨ। ਕੀ ਪੰਜਾਬ ਵਿੱਚ ਵਾਕਿਆ ਜੰਗਲ ਦਾ ਰਾਜ ਹੈ ਜਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ, ਕੋਈ ਕਿਸੇ ਦੀ ਸੁਰੱਖਿਆ ਨਹੀਂ?

: ਹਾਲਾਤ ਕਾਫੀ ਮਾੜੇ ਹਨ ਅਤੇ ਮੈਂ ਇਨ੍ਹਾਂ ਨੂੰ ਲੁਕਾ ਨਹੀਂ ਸਕਦਾ। ਐਨ ਆਰ ਆਈ ਸਭਾਜਦੋਂ ਬਣਾਈ ਸੀ ਤਾਂ ਅਸੀਂ ਬਣਾਉਣ ਵਾਲਿਆਂ ਵਿੱਚ ਸੀ, ਪਰ ਜਦੋਂ ਕੁਰਾਹੇ ਪਈ, ਅਸੀਂ ਪਿੱਛੇ ਹੋ ਗਏ। ਹੁਣ ਸਰਕਾਰ ਦੇ ਬਾਕੀ ਵਿਭਾਗਾਂ ਵਾਂਗ ਵਿਗਾੜ ਦੀ ਸ਼ਿਕਾਰ ਹੈ। ਥਾਣਿਆਂ ਵਿੱਚ ਕੋਈ ਬਹੁਤਾ ਚੰਗਾ ਹਾਲ ਨਹੀਂ, ਪਰ ਐਨ ਆਰ ਆਈ ਦੇ ਮਸਲਿਆਂ ਦੀ ਜ਼ਿੰਮੇਵਾਰੀ ਜਿਹੜੀ ਇੰਸਪੈਕਟਰ ਜਨਰਲ ਰੈਂਕ ਦੀ ਬੀਬੀ ਗੁਰਪ੍ਰੀਤ ਦੇਊ ਨੂੰ ਸੌਂਪੀ ਗਈ, ਉਸ ਦਾ ਕੰਮ ਬਹੁਤ ਵਧੀਆ ਹੈ। ਆਪਣੇ ਨੇਕ ਕੰਮਾਂ ਦੇ ਕਾਰਨ ਸਾਡੇ ਲਈ ਉਹ ਛੋਟੀ ਭੈਣ ਵਾਂਗ ਹੈ, ਪ੍ਰਵਾਸੀ ਭਰਾਵਾਂ ਵਿੱਚੋਂ ਜਿਸ ਕਿਸੇ ਨੇ ਉੱਥੇ ਪਹੁੰਚ ਕੀਤੀ, ਕਦੀ ਨਿਰਾਸ਼ਾ ਹੋਈ ਹੋਵੇ, ਮੈਂ ਕਿਸੇ ਤੋਂ ਸੁਣਿਆ ਨਹੀਂ। ਇਸ ਤੋਂ ਮੈਂ ਇਹ ਕਹਿ ਸਕਦਾ ਹਾਂ ਕਿ ਸਾਰਾ ਪੰਜਾਬ ਗਰਕ ਨਹੀਂ ਗਿਆ, ਅਜੇ ਵੀ ਕੁਝ ਲੋਕ ਬਚੇ ਹੋਏ ਹਨ।

? ਪਨੂੰ ਜੀ, ਪੰਜਾਬ ਦੇ ਕਾਲ਼ੇ ਦੌਰ ਸਮੇਂ ਜਦੋਂ ਹਾਲਾਤ ਕਾਬੂ ਤੋਂ ਬਾਹਰ ਸਨ ਤਾਂ ਤੁਸੀਂ ਪੰਜਾਬ ਪੁਲੀਸ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਸੀ ਕਿ ਪੰਜਾਬ ਪੁਲੀਸ ਨੇ ਬੜੇ ਸਿਰੜ ਨਾਲ ਕੰਮ ਕੀਤਾ ਹੈ। ਇਨ੍ਹਾਂ ਵੱਲੋਂ ਨਿਭਾਏ ਰੋਲ ਦੀ ਅਸੀਂ ਪ੍ਰਸੰਸਾ ਕਰਦੇ ਹਾਂ। ਦੂਜੇ ਪਾਸੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਪੰਜਾਬ ਪੁਲੀਸ ਨੇ ਬਹੁਤ ਸਾਰੀਆਂ ਵਧੀਕੀਆਂ ਕੀਤੀਆਂ ਤੇ ਬਹੁਤ ਸਾਰੇ ਝੂਠੇ ਮੁਕਾਬਲਿਆਂ ਵਿੱਚ ਬੇਕਸੂਰ ਲੋਕ ਮਾਰੇ ਤੇ ਘਰਾਂ ਦੇ ਘਰ ਉਜਾੜ ਦਿੱਤੇ। ਕੌਣ ਦੱਸੇ ਸਮੇਂ ਦਾ ਸੱਚ ਕੀ ਹੈ?

: ਸਮੇਂ ਦਾ ਸੱਚ ਕਦੀ ਵੀ ਸਾਰਾ ਬਾਹਰ ਨਹੀਂ ਆ ਸਕਣਾ। ਜਿੱਥੇ ਮੁਕਾਬਲੇ ਹੁੰਦੇ ਸਨ, ਉੱਥੇ ਪੁਲਿਸ ਵਾਲੇ ਜਾਂ ਮਰਨ ਵਾਲੇ ਹੁੰਦੇ ਸਨ। ਦੋਵਾਂ ਧਿਰਾਂ ਵਿੱਚੋਂ ਕਿਹੜੀ ਥਾਂ ਕੌਣ ਸੱਚਾ ਸੀ, ਇਹ ਨਿਖੇੜਾ ਨਹੀਂ ਹੋ ਸਕਣਾ। ਸਿਰਫ ਇੱਕ ਪੈਮਾਨਾ ਹੋ ਸਕਦਾ ਹੈ ਕਿ ਜਿਹੜਾ ਬੰਦਾ ਮਾਰਿਆ ਗਿਆ, ਉਸ ਦਾ ਪਿਛਲਾ ਕਿਰਦਾਰ ਕੀ ਸੀ? ਰਹੀ ਗੱਲ ਪੁਲਿਸ ਦੇ ਆਮ ਲੋਕਾਂ ਨਾਲ ਮਾੜੇ ਵਿਹਾਰ ਅਤੇ ਵਧੀਕੀਆਂ ਦੀ, ਇਸ ਨੂੰ ਮੈਂ ਰੱਦ ਨਹੀਂ ਕਰਦਾ ਤੇ ਜਿੱਥੇ ਕਿਤੇ ਲੜਾਈ ਦਾ ਇਹ ਰੰਗ ਬਣ ਜਾਵੇ, ਏਦਾਂ ਹੁੰਦਾ ਹੀ ਹੈ। ਬੰਦੂਕ ਦੀ ਇੱਕ ਮਾਨਸਿਕਤਾ ਹੁੰਦੀ ਹੈ। ਜਿਨ੍ਹਾਂ ਕੋਲ ਬੰਦੂਕ ਹੈ ਅਤੇ ਰਾਤ-ਦਿਨ ਇਹੋ ਸੋਚੀ ਜਾਂਦੇ ਹਨ ਕਿ ਫਲਾਣਾ ਮੈਨੂੰ ਮਾਰ ਦੇਵੇਗਾ, ਪਹਿਲਾਂ ਮੈਂ ਹੀ ਮਾਰ ਦੇਵਾਂ, ਉੱਥੇ ਕੁਝ ਵੀ ਹੋ ਸਕਦਾ ਹੈ ਅਤੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਹੁੰਦੀ। ਕੁਝ ਪੁਲਿਸ ਵਾਲੇ ਆਮ ਹਾਲਾਤ ਵਿੱਚ ਵੀ ਲੁਟੇਰਾ ਕਿਸਮ ਦੇ ਹੁੰਦੇ ਹਨ। ਉਹ ਇਹੋ ਜਿਹੇ ਦੌਰ ਵਿੱਚ ਵੀ ਲੁੱਟ-ਮਾਰ ਤੇ ਕਤਲ ਕਰੀ ਜਾਂਦੇ ਹਨ। ਇਹ ਪੁਲਿਸ ਦਾ ਵਿਹਾਰ ਨਹੀਂ ਤੇ ਜਿੱਥੇ ਕਿਤੇ ਇਹ ਹੁੰਦਾ ਹੋਵੇ, ਇਸ ਜੰਗਲੀਪੁਣੇ ਨੂੰ ਰੋਕਣਾ ਚਾਹੀਦਾ ਹੈ। ਜਿੱਥੇ ਕਾਤਲ ਬੇਰਹਿਮ ਹੋਵੇ, ਉੱਥੇ ਵੀ ਪੁਲਿਸ ਤੋਂ ਬੰਧੇਜ ਅਤੇ ਡਿਸਿਪਲਿਨ ਵਿੱਚ ਰਹਿਣ ਦੀ ਆਸ ਰੱਖਣੀ ਚਾਹੀਦੀ ਹੈ।

? ਦੇਸ਼ ਦੀ ਆਜ਼ਾਦੀ ਪਿੱਛੋਂ ਪੰਜਾਬ ਨੂੰ ਦੋ ਲਹਿਰਾਂ,  ਖ਼ਾਲਸਤਾਨੀ ਤੇ ਨਕਸਲਬਾੜੀ ਨੂੰ ਬਹੁਤ ਪ੍ਰਭਾਵਿਤ ਕੀਤਾ। ਇਹਨਾਂ ਲਹਿਰਾਂ ਦੇ ਸਮੇਂ ਪੰਜਾਬੀ ਪੱਤਰਕਾਰੀ ਦਾ ਰੋਲ਼ ਕਿਸ ਤਰ੍ਹਾਂ ਰਿਹਾ। ਸਰਕਾਰੀ ਤੇ ਖਾੜਕੂ ਜਥੇਬੰਦੀਆਂ ਦੇ ਡਰ ਵਿੱਚ ਪੱਤਰਕਾਰੀ ਪਿਸਦੀ ਰਹੀ, ਉਸ ਵੇਲੇ ਪ੍ਰੈੱਸ ਦੀ ਆਜ਼ਾਦੀ ਜਾਂ ਇਮਾਨਦਾਰੀ ਨੂੰ ਕਿਸ ਤਰ੍ਹਾਂ ਨਿਭਾਇਆ ਗਿਆ। ਕੋਈ ਤਜ਼ਰਬਾ ਸਾਂਝਾ ਕਰਨਾ ਚਾਹੋਗੇ?

: ਨਕਸਲੀ ਲਹਿਰ ਵੇਲੇ ਮੈਂ ਪੱਤਰਕਾਰੀ ਵਿੱਚ ਨਹੀਂ ਸੀ ਤੇ ਸਿਰਫ ਸੁਣਿਆ ਹੈ ਕਿ ਪੱਤਰਕਾਰੀ ਨਿਰਪੱਖ ਤਾਂ ਓਦੋਂ ਵੀ ਨਹੀਂ ਸੀ, ਪਰ ਜਦੋਂ ਖ਼ਾਲਿਸਤਾਨੀ ਲਹਿਰ ਆਈ, ਓਦੋਂ ਬਿਲਕੁਲ ਹੀ ਦੋਂਹ ਪਾਸੀਂ ਵੰਡੀ ਗਈ ਸੀ ਤੇ ਕੁਝ ਜਿਹੜੇ ਵਿਚਾਲੇ ਰਹਿ ਗਏ, ਉਹ ਉਧਰ ਜਾਊਂ, ਮੈਂ ਇੱਧਰ ਜਾਊਂ, ਖੁਦਾ ਜਾਨੇ ਮੈਂ ਕਿੱਧਰ ਜਾਊਂਦੀਆਂ ਦੋ ਬੇੜੀਆਂ ਦੀ ਸਵਾਰੀ ਕਰਨ ਦੇ ਚੱਕਰ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠੇ ਸਨ।

? ਪਨੂੰ ਜੀ, ਜਦੋਂ ਪੰਜਾਬ ਦਾ ਮਸਲਾ ਪੂਰੀ ਤਰ੍ਹਾਂ ਸਿੱਖਾਂ ਨਾਲ ਜੁੜ ਗਿਆ ਤੇ ਇਹ ਮਸਲਾ ਦਿਨੋ ਦਿਨ ਹੋਰ ਗੁੰਝਲਦਾਰ ਬਣਦਾ ਗਿਆ, ਜਿਸ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ, ਕੀ ਤੁਹਾਨੂੰ ਇਹ ਲੱਗਦਾ ਹੈ ਕਿ ਜੇ ਸਾਰੀਆਂ ਰਾਜਨੀਤਿਕ ਪਾਰਟੀਆਂ, ਅਖ਼ਬਾਰਾਂ ਤੇ ਕੇਂਦਰ ਸਰਕਾਰ ਨੇ ਇਮਾਨਦਾਰੀ ਨਾਲ ਇਸ ਮਸਲੇ ਨੂੰ ਸਮੁੱਚੇ ਪੰਜਾਬੀਆਂ ਦੇ ਮਸਲੇ ਦੇ ਤੌਰ ’ਤੇ ਵਿਚਾਰ ਕੇ ਹੱਲ ਕਰਨ ਦੀ ਕੋਸ਼ਿਸ਼ ਹੁੰਦੀ ਤਾਂ ਇਤਿਹਾਸ ਹੋਰ ਹੁੰਦਾ। ਅੱਜ ਵੀ ਬਹੁਤ ਸਾਰੇ ਲੋਕ ਭੰਬਲਭੂਸੇ ਵਿੱਚ ਹਨ। ਕੋਈ ਕਿਸੇ ਨੂੰ ਦੋਸ਼ ਦਿੰਦਾ, ਕੋਈ ਕਿਸੇ ਨੂੰ। ਤੁਹਾਨੂੰ ਕੀ ਲੱਗਦਾ ਕਿ ਸਚਾਈ ਸਾਹਮਣੇ ਆਉਣ ਵਿੱਚ ਕਿਤੇ ਕਮੀ ਰਹੀ ਜਾਂ ਗ਼ਲਤ ਪ੍ਰਾਪੋਗੰਡੇ ਨੇ ਆਪਣੀ ਕਰਾਮਾਤ ਦਿਖਾਈ ਹੈ?

: ਹਰ ਕਿਸੇ ਦਾ ਆਪੋ ਆਪਣਾ ਸੱਚ ਹੁੰਦਾ ਹੈ। ਤੁਸੀਂ ਸਾਰੀਆਂ ਰਾਜਨੀਤਕ ਪਾਰਟੀਆਂ, ਅਖ਼ਬਾਰਾਂ ਤੇ ਕੇਂਦਰ ਸਰਕਾਰ ਤੋਂ ਇਮਾਨਦਾਰੀ ਦੀ ਆਸ ਰੱਖ ਕੇ ਹੱਲ ਪੁੱਛਦੇ ਹੋ, ਪਰ ਸੱਚ ਇਹ ਵੀ ਹੈ ਕਿ ਇਨ੍ਹਾਂ ਸਾਰਿਆਂ ਨੇ ਹਾਲਾਤ ਵਿਗਾੜ ਕੇ ਇੱਥੋਂ ਤੱਕ ਪੁਚਾਏ ਸਨ ਕਿ ਪੰਝੀ ਹਜ਼ਾਰ ਪੰਜਾਬੀਆਂ ਦੇ ਜਾਨ ਦੇ ਖੌਅ ਬਣ ਗਏ। ਇਸ ਵਿੱਚ ਮੁਕੰਮਲ ਤੇ ਓੜਕ ਦਾ ਸੱਚ ਕਦੀ ਵੀ ਸਾਹਮਣੇ ਨਹੀਂ ਆ ਸਕਣਾ, ਆਪੋ ਆਪਣਾ ਸੱਚ ਹੀ ਬਾਹਰ ਆਵੇਗਾ।

? ਜਤਿੰਦਰ ਜੀ, 1984 ਦੇ ਦੁਖਾਂਤ ਬਾਰੇ ਭਾਵੇਂ ਕਈ ਕਿਤਾਬਾਂ ਲਿਖੀਆਂ ਗਈਆਂ ਹਨ ਪਰ ਇੱਕ ਕਿਤਾਬ ਅੰਮ੍ਰਿਤਸਰ` (ਸ਼੍ਰੀਮਤੀ ਗਾਂਧੀ ਦੀ ਆਖ਼ਰੀ ਲੜਾਈ) ਪੰਜਾਬ ਤੋਂ ਬਾਹਰਲੇ ਦੋ ਪੱਤਰਕਾਰਾਂ (ਮਾਰਕ ਟੱਲੀ, ਸਤੀਸ਼ ਜੈਕਬ) ਨੇ ਲਿਖੀ ਹੈ, ਜਿਸ ਵਿੱਚ ਕਾਫੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਕੀ ਪੰਜਾਬ ਵਿੱਚ ਰਹਿੰਦੇ ਪੱਤਰਕਾਰਾਂ ਨੇ ਵੀ ਇਹੋ ਜਿਹਾ ਉਪਰਾਲਾ ਕੀਤਾ? ਜੇ ਕੀਤਾ ਤਾਂ ਹੋਰ ਕਿਤਾਬਾਂ ਦੇ ਲੇਖਕਾਂ ਬਾਰੇ ਦੱਸੋ, ਜੇ ਨਹੀਂ ਕੀਤਾ ਤਾਂ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਕਿਉਂ ਨਹੀਂ ਕੀਤਾ। ਮੇਰੇ ਖ਼ਿਆਲ ਨਾਲ ਪੰਜਾਬ ਵਿੱਚ ਰਹਿੰਦੇ ਪੱਤਰਕਾਰ ਸ਼ਾਇਦ ਹੋਰ ਡੁੰਘਾਈ ਨਾਲ ਜਾਣਕਾਰੀ ਦੇ ਸਕਦੇ ਸੀ?

: ਹਾਂ ਜੀ, ਇਸ ਬਾਰੇ ਕਈ ਲੋਕਾਂ ਨੇ ਕਿਤਾਬਾਂ ਲਿਖੀਆਂ ਸਨ। ਸ਼ਾਇਦ ਮਾਰਕ ਟੱਲੀ ਅਤੇ ਸਤੀਸ਼ ਜੈਕਬ ਤੋਂ ਪਹਿਲਾਂ ਖੁਸ਼ਵੰਤ ਸਿੰਘ ਤੇ ਕੁਲਦੀਪ ਨਈਅਰ ਦੀ ਟਰੈਜਿਡੀ ਆਫ ਪੰਜਾਬਆਈ ਸੀ, ਪਰ ਉਸ ਵਿੱਚ ਬਹੁਤ ਕੁਝ ਤੱਥਾਂ ਤੋਂ ਲਾਂਭੇ ਜਾ ਕੇ ਕਿਤਾਬ ਵੇਚਣ ਲਈ ਲਿਖਿਆ ਗਿਆ, ਜਾਣਕਾਰੀ ਦੀ ਘਾਟ ਸੀ। ਕੁਲਦੀਪ ਨਈਅਰ ਨੇ ਪਿਛਲੇ ਸਾਲ ਇੱਕ ਕਿਤਾਬ ਫਿਰ ਇਸ ਬਾਰੇ ਲਿਖੀ ਹੈ। ਅਪਰੇਸ਼ਨ ਬਲਿਊ ਸਟਾਰ ਦੇ ਕਮਾਂਡਰ ਜਨਰਲ ਬਰਾੜ ਨੇ ਵੀ ਲਿਖੀ ਹੈ। ਕੇ ਪੀ ਐੱਸ ਗਿੱਲ ਨੇ ਵੀ ਲਿਖ ਦਿੱਤੀ ਹੈ। ਦੋ ਤਿੰਨ ਆਈ ਏ ਐੱਸ ਅਫਸਰਾਂ ਨੇ ਵੀ ਲਿਖ ਦਿੱਤੀਆਂ ਹਨ। ਕਿਸੇ ਇੱਕ ਦੀ ਕਿਤਾਬ ਦੂਸਰੇ ਨਾਲ ਮੇਲ ਨਹੀਂ ਖਾਂਦੀ। ਜਦੋਂ ਕੋਈ ਹੋਰ ਲਿਖੇਗਾ ਤਾਂ ਭੁਲੇਖੇ ਹੋਰ ਵੀ ਵਧਾ ਦੇਵੇਗਾ। ਹਰ ਕਿਸੇ ਦਾ ਆਪਣਾ ਨਜ਼ਰੀਆ ਕਿਤਾਬ ਉੱਤੇ ਭਾਰੂ ਰਹਿੰਦਾ ਹੈ।

? ਥੋੜ੍ਹੀ ਜਿਹੀ ਗੱਲ ਪੰਜਾਬ ਬਾਰੇ, ਜੋ ਹਾਲਾਤ ਅੱਜ ਪੰਜਾਬ ਦੇ ਹਨ, ਇਹੋ ਜਿਹੇ ਹਾਲਾਤ ਵਿੱਚ ਪੱਤਰਕਾਰ ਦਾ ਸਮਾਜ ਵਿੱਚ ਕੀ ਰੋਲ ਹੋਣਾ ਚਾਹੀਦਾ ਹੈ? ਦੇਖਿਆ ਜਾਵੇ ਤਾਂ ਪੰਜਾਬ ਵਿੱਚ ਵਿੱਦਿਆ ਲਈ ਕਿੰਨੇ ਇੰਗਲਿਸ਼ ਸਕੂਲ, ਨਿੱਤ ਪ੍ਰਾਈਵੇਟ ਤੇ ਨਵੀਆਂ ਯੂਨੀਵਸਿਟੀਆਂ ਖੁੱਲ੍ਹ ਰਹੀਆਂ ਹਨ। ਧਾਰਮਿਕ ਪ੍ਰਚਾਰ ਪਹਿਲੇ ਵੇਲਿਆਂ ਤੋਂ ਕਿਤੇ ਜ਼ਿਆਦਾ ਹੈ ਪਰ ਪੰਜਾਬ ਹਰ ਪੱਖੋਂ (ਵਿੱਦਿਆ, ਖੇਡਾਂ ਅਤੇ ਸਿਹਤ) ਗੱਲ ਕੀ ਹਰ ਖ਼ੇਤਰ ਵਿੱਚ ਪਛੜ ਰਿਹਾ ਕੀ ਕਾਰਨ ਸਮਝਦੇ ਹੋ?

: ਜਿਹੜੇ ਇੰਗਲਿਸ਼ ਸਕੂਲ ਤੇ ਯੂਨੀਵਰਸਿਟੀਆਂ ਦੀ ਤੁਸੀਂ ਗੱਲ ਕੀਤੀ ਹੈ, ਇਹ ਵਿੱਦਿਆ ਦਾ ਸੌਦਾ ਵੇਚਣ ਦੀਆਂ ਦੁਕਾਨਾਂ ਹਨ, ਜਿੱਥੇ ਕਈ ਕੁਝ ਇਹੋ ਜਿਹਾ ਹੁੰਦਾ ਹੈ, ਜਿਹੜਾ ਆਮ ਲੋਕ ਨਹੀਂ ਜਾਣ ਸਕਦੇ ਤੇ ਉਹ ਜਾਣ ਵੀ ਲੈਣ ਤਾਂ ਕੁਝ ਕਰ ਨਹੀਂ ਸਕਦੇ। ਪੱਤਰਕਾਰਾਂ ਦਾ ਫਰਜ਼ ਹੈ ਕਿ ਲੋਕਾਂ ਨੂੰ ਸੱਚ ਦੇ ਦਰਸ਼ਨ ਕਰਾਉਣ, ਪਰ ਜਦੋਂ ਏਦਾਂ ਕਰਨ ਲੱਗਣਗੇ ਤਾਂ ਇਸ਼ਤਿਹਾਰ ਬੰਦ ਹੋ ਜਾਣਗੇ। ਫਕੀਰੀ ਦੀ ਪੱਤਰਕਾਰੀ ਔਖੀ ਹੁੰਦੀ ਹੈ।

? ਪੰਜਾਬੀ ਪੱਤਰਕਾਰੀ ਦਾ ਇਤਿਹਾਸ ਬਹੁਤ ਚਣੌਤੀਆਂ ਭਰਿਆ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬੀ ਪੱਤਰਕਾਰੀ ਅੰਗਰੇਜ਼ੀ ਪੱਤਰਕਾਰੀ ਤੋਂ ਪ੍ਰਭਾਵਿਤ ਹੁੰਦੀ ਹੈ, ਜਦੋਂ ਕਿ ਚਾਹੀਦਾ ਇਹ ਸੀ ਅੰਗਰੇਜ਼ੀ-ਹਿੰਦੀ ਪੱਤਰਕਾਰੀ ਪੰਜਾਬੀ ਪੱਤਰਕਾਰੀ ਤੋਂ ਪ੍ਰਭਾਵਿਤ ਹੁੰਦੀ। ਤੁਸੀਂ ਇਸ ਗੱਲ ਨਾਲ ਕਿੱਥੋਂ ਕੁ ਤੱਕ ਸਹਿਮਤ ਹੋ?

: ਸੰਸਾਰ ਹੁਣ ਗਲੋਬਲ ਪਿੰਡ ਬਣ ਚੁੱਕਾ ਹੈ। ਇੱਕ ਦੇਸ਼ ਵਿੱਚ ਹੋਈ ਖੋਜ ਸਾਰੇ ਸੰਸਾਰ ਵਿੱਚ ਅਗਲੇ ਦਿਨ ਪਹੁੰਚ ਜਾਂਦੀ ਹੈ। ਕਈ ਦੇਸ਼ਾਂ ਨੇ ਅੰਗਰੇਜ਼ੀ ਨੂੰ ਆਪਣੇ ਵਿਹੜੇ ਨਹੀਂ ਵੜਨ ਦਿੱਤਾ, ਪਰ ਇੰਟਰਨੈੱਟ ਨੇ ਉਨ੍ਹਾਂ ਅੱਗੇ ਵੀ ਇਹ ਮਜਬੂਰੀ ਖੜ੍ਹੀ ਕਰ ਦਿੱਤੀ ਕਿ ਅੰਗਰੇਜ਼ੀ ਦੀ ਕੁਝ ਨਾ ਕੁਝ ਵਰਤੋਂ ਕਰਨੀ ਪੈਂਦੀ ਹੈ। ਇਸ ਪਿੱਛੋਂ ਅੰਗਰੇਜ਼ੀ ਦਾ ਪ੍ਰਭਾਵ ਉਨ੍ਹਾਂ ਉੱਤੇ ਵੀ ਪੈਂਦਾ ਹੈ, ਪੰਜਾਬ ਤਾਂ ਲੰਮਾ ਸਮਾਂ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ।

? ਸਾਡੇ ਪਿੰਡਾਂ ਦੇ ਲੋਕ ਗਿਆਨ ਵਿਗਿਆਨ ਨਾਲ ਜੀਵਨ-ਸ਼ੈਲੀ ਨੂੰ ਸੁਧਾਰਨ ਦੀ ਥਾਂ ਡੇਰਾਵਾਦ ਦੇ ਚਿੱਕੜ ਵਿੱਚ ਫਸ ਕੇ ਜੀਵਨ ਨੂੰ ਤਬਾਹ ਕਰ ਰਹੇ ਹਨ। ਤਕਰੀਬਨ ਹਰ ਪਿੰਡ ਵਿੱਚ ਨਵੇਂ ਡੇਰੇ ਖੁੱਲ਼੍ਹ ਰਹੇ ਹਨ ਪਰ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਹਨ। ਤੁਸੀਂ ਇਸਦਾ ਕੀ ਕਾਰਨ ਸਮਝਦੇ ਹੋ?

: ਜਦੋਂ ਲੋਕਾਂ ਦੇ ਮਨ ਦੀ ਭਟਕਣ ਨੂੰ ਹੋਰ ਕੋਈ ਕਿਰਨ ਨਹੀਂ ਦਿਸਦੀ, ਉਹ ਆਪਣੀ ਗਰੀਬੀ ਨੂੰ ਰੱਬ ਦਾ ਗੁੱਸਾ ਮੰਨਣ ਲੱਗ ਪੈਂਦੇ ਹਨ ਤੇ ਇਹ ਭਟਕਣ ਉਨ੍ਹਾਂ ਨੂੰ ਡੇਰਿਆਂ ਵਿੱਚ ਲੈ ਜਾਂਦੀ ਹੈ। ਸਮਾਜ ਦੇ ਵਿਕਾਸ ਦੇ ਯਤਨ ਤੇਜ਼ ਹੋਣ ਤਾਂ ਲੋਕ ਉੱਧਰ ਨੂੰ ਨਹੀਂ ਜਾਣਗੇ।

? ਅੱਜ ਪੰਜਾਬ ਦੀ ਜਵਾਨੀ ਦਿਸ਼ਾਹੀਣ ਹੋਈ ਨਸ਼ਿਆਂ, ਲੁਟਾਂ ਖੋਹਾਂ ਤੇ ਗੈਂਗਾਂ ਬਣਾ ਕੇ ਸੰਗੀਨ ਜੁਰਮਾਂ ਵਿੱਚ ਗਲਤਾਨ ਹੈ। ਕੁਝ ਰੋਟੀ ਰੋਜ਼ੀ ਲਈ ਵਿਦੇਸ਼ ਜਾਣ ਲਈ ਜਾਇਜ਼-ਨਾਜਾਇਜ਼ ਢੰਗ ਵਰਤ ਕੇ ਕਰਜ਼ਾਈ ਹੋਈ ਜਾ ਰਹੀ ਹੈ। ਇਹ ਯੰਗ (ਮੈਨ-ਪਾਵਰ) ਤੋਂ ਦੂਜੇ ਦੇਸ਼ ਬਿਨਾਂ ਕੋਈ ਖ਼ਰਚ ਕੀਤਿਆਂ ਲਾਭ ਉਠਾਈ ਜਾਂਦੇ ਹਨ, ਤਰੱਕੀ ਕਰ ਰਹੇ ਹਨ। ਸਾਡੇ ਲੋਕ ਗ਼ਰੀਬੀ ਨਾਲ ਜੂਝ ਰਹੇ ਹਨ। ਕਸੂਰਵਾਰ ਕੌਣ ਹੈ?

: ਜੇ ਸਾਡਾ ਦੇਸ਼ ਇਨ੍ਹਾਂ ਨੂੰ ਆਪਣੇ ਘਰ ਵਿੱਚ ਕੰਮ ਦੇਵੇ ਤਾਂ ਇਹ ਬਾਹਰ ਨਹੀਂ ਜਾਣਗੇ। ਕੰਮ ਮਿਲੇ ਤਾਂ ਨੌਜਵਾਨ ਕਦੇ ਵੀ ਜੁਰਮ ਦੀ ਦੁਨੀਆ ਵਿੱਚ ਨਹੀਂ ਜਾਣਗੇ। ਕਸੂਰਵਾਰ ਸਾਡਾ ਸਾਰਾ ਸਿਸਟਮ ਹੈ। ਭਾਰਤ ਮਾਂ ਪੁੱਤ ਜੰਮਣੇ ਜਾਣਦੀ ਹੈ, ਸੰਭਾਲਣੇ ਨਹੀਂ ਸਿੱਖ ਸਕੀ।

? ਵੇਸੇ ਤਾਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਵਰਤਾਰਾ ਜ਼ੋਰ ਫੜ ਰਿਹਾ ਹੈ ਪਰ ਆਪਣੇ ਦੇਸ਼ ਵਿੱਚ ਜਿੱਥੇ ਬਹੁਤ ਤੇਜ਼ੀ ਨਾਲ ਵਿੱਦਿਆ ਇੱਕ ਵਿਉਪਾਰ ਬਣ ਗਈ ਹੈ ਤੇ ਗ਼ਰੀਬ ਲੋਕ ਆਪਣੇ ਬੱਚਿਆਂ ਨੂੰ ਇਹ ਵਿੱਦਿਆ ਦਿਵਾਉਣ ਤੋਂ ਅਸਮਰੱਥ ਹਨ। ਅਮੀਰ ਲੋਕ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲ, ਯੂਨੀਵਰਸਿਟੀ ਵਿੱਚ ਭੇਜ ਸਕਦੇ ਹਨ। ਇਸ ਤਰ੍ਹਾਂ ਦੋ ਵਰਗਾਂ ਦੇ ਸਮਾਜ ਵਿੱਚ ਜਿੱਥੇ ਇੱਕ ਵਰਗ ਪੂਰੀ ਤਰ੍ਹਾਂ ਵਿੱਦਿਆ ਤੋਂ ਸੱਖਣਾ ਅਤੇ ਇੱਕ ਵਰਗ ਉੱਚ ਵਿੱਦਿਆ ਨਾਲ ਲੈਸ ਹੋ ਰਿਹਾ ਹੈ, ਇਹੋ ਜਿਹੇ ਸਮਾਜ ਵਿੱਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਦਾ ਸੰਤੁਲਨ ਕਿਵੇਂ ਰਹਿ ਸਕਦਾ ਹੈ? ਇੱਕ ਪੱਤਰਕਾਰ ਦੇ ਤੌਰ ’ਤੇ ਤੁਸੀਂ ਕੀ ਕਹਿਣਾ ਚਾਹੋਗੇ?

: ਪਿੰਡ ਦਾ ਛੱਪੜ ਉਦੋਂ ਬਣਿਆ ਸੀ, ਜਦੋਂ ਉਸ ਦੀ ਮਿੱਟੀ ਪੁੱਟ ਕੇ ਹੋਰ ਥਾਂ ਲੱਗੀ ਸੀ। ਲੋਕ ਗਰੀਬ ਹੋਏ ਹੀ ਇਸ ਲਈ ਸੀ ਕਿ ਉਨ੍ਹਾਂ ਦਾ ਹੱਕ ਕੋਈ ਹੋਰ ਖਾ ਗਿਆ। ਜਿਸ ਦਿਨ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੇ ਘਰਾਂ ਦੀ ਮਿੱਟੀ ਕਿੱਥੇ ਲੱਗੀ ਹੈ ਤੇ ਉਹ ਛੱਪੜ ਵਿੱਚ ਕਿਵੇਂ ਜਾ ਪਏ, ਇਸ ਦਾ ਹੱਲ ਵੀ ਕੱਢ ਲੈਣਗੇ।

? ਅੱਜ ਬਹੁਤੀਆਂ ਅਖ਼ਬਾਰਾਂ ਦੇ ਸੰਪਾਦਕ, ਪੱਤਰਕਾਰ, ਟੀਵੀ ਅਤੇ ਰੇਡੀਓ ਦੇ ਸੰਚਾਲਕ ਸਰਕਾਰੀ ਇਸ਼ਤਿਹਾਰ ਲੈਣ ਲਈ ਇਮਾਨਦਾਰੀ ਤੇ ਨਿਰਪੱਖਤਾ ਨੂੰ ਅੱਖੋਂ ਉਹਲੇ ਕਰਕੇ ਸਮਝੌਤੇ ਕਰਦੇ ਤੇ ਸਰਕਾਰੀ ਬੋਲੀ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਕਈ ਵਾਰ ਗ਼ਲਤ ਜਾਣਕਾਰੀ ਦੇ ਕੇ ਨੁਕਸਾਨ ਕਰਦੇ ਹਨ। ਪਿੱਛੇ ਜਿਹੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਪੱਤਰਕਾਰੀ ਦਾ ਹਾਲ ਇੰਨਾ ਮੰਦਾ ਹੋ ਗਿਆ ਕਿ ਮੀਡੀਆ ਮੋਦੀ ਸਰਕਾਰ ਦੀ ਅਲੋਚਨਾ ਕਰਕੇ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦਾ। ਕੀ ਇਹ ਸੱਚ ਹੈ? ਇਸ ਬਾਰੇ ਕੀ ਕਹਿਣਾ ਚਾਹੋਗੇ?

: ਇਹ ਸੋਲਾਂ ਆਨੇ ਸੱਚ ਹੈ। ਹਰ ਸਮੇਂ ਇਹ ਹੁੰਦਾ ਹੈ, ਪਰ ਮੋਦੀ ਸਰਕਾਰ ਦੇ ਵਕਤ ਵੱਧ ਹੋਣ ਲੱਗ ਪਿਆ ਹੈ। ਫਿਰ ਵੀ ਅਜੇ ਤੱਕ ਕੁਝ ਲੋਕ ਹਠ ਉੱਤੇ ਕਾਇਮ ਹਨ। ਆਓ ਆਸ ਕਰੀਏ ਕਿ ਉਹ ਕਾਇਮ ਰਹਿਣਗੇ।

? ਜਤਿੰਦਰ ਜੀ, ਇਸੇ ਨਾਲ ਜੁੜਵਾਂ ਸਵਾਲ ਪੱਤਰਕਾਰਾਂ ਦੀ ਸੁਰੱਖਿਆ ਦਾ ਹੈ। ਦੇਖਣ ਵਿੱਚ ਆਇਆ ਹੈ ਕਿ ਕੌਮਾਂਤਰੀ ਪੱਧਰ ’ਤੇ ਆਜ਼ਾਦ ਘੁੰਮ ਰਹੇ ਪੱਤਰਕਾਰਾਂ ਦੇ ਨੱਬੇ ਫ਼ੀਸਦੀ ਦੇ ਕਤਲ ਬਿਨਾਂ ਕਿਸੇ ਡਰ ਤੋਂ ਹੋਏ ਹਨ। ਇਸ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ (ਇੰਡੀਆ) ਦਾ ਨਾਂ ਵੀ ਬੋਲਦਾ ਹੈ, ਜਿੱਥੇ 32 ਪੱਤਰਕਾਰ ਆਪਣੀ ਡਿਉਟੀ ਨਿਭਾਉਂਦੇ ਮਾਰੇ ਗਏ ਹਨ। ਪੂਰਾ ਸੱਚ` ਅਖ਼ਬਾਰ ਵਾਲੇ ਰਾਮਚੰਦਰ ਛੱਤਰਪਤੀ ਨੂੰ ਸੱਚ ਬੋਲਣ ਦੀ ਸਜ਼ਾ ਦੇਣ ਕਈ ਕਤਲ ਦੀ ਦਾਸਤਾਨ ਤੁਹਾਡੇ ਸਾਹਮਣੇ ਹੈ। ਪੱਤਰਕਾਰਾਂ ਦੀ ਸੁਰੱਖਿਆ ਬਾਰੇ ਤੁਸੀਂ ਕੀ ਸੋਚਦੇ ਹੋ?

: ਮੇਰੀ ਸਿੱਧੀ ਜਿਹੀ ਰਾਏ ਹੈ ਕਿ ਕਿਸੇ ਨੇ ਦਬਾਅ ਪਾ ਕੇ ਸਾਨੂੰ ਪੱਤਰਕਾਰ ਨਹੀਂ ਬਣਾਇਆ। ਜਦੋਂ ਆਪਣੇ ਲਈ ਇਹ ਰਾਹ ਚੁਣ ਲਿਆ ਤਾਂ ਖਤਰੇ ਵੀ ਸਹੇੜਨੇ ਪੈਣਗੇ। ਰਾਮਚੰਦਰ ਛਤਰਪਤੀ ਵਾਂਗ ਕਈ ਲੋਕਾਂ ਨੇ ਇਸ ਫਰਜ਼ ਲਈ ਜਾਨ ਦਿੱਤੀ ਹੈ, ਉਨ੍ਹਾਂ ਵੱਲ ਵੇਖ ਕੇ ਦੋ ਹੀ ਗੱਲਾਂ ਹਨ, ਜਾਂ ਰਾਹ ਛੱਡ ਜਾਓ, ਜਾਂ ਫਿਰ ਫਰਜ਼ ਦੀ ਪੂਰਤੀ ਕਰਨ ਵੇਲੇ ਫਰਜ਼ ਦਾ ਚੇਤਾ ਰੱਖੋ, ਜਾਨ ਤਾਂ ਰਾਹ ਜਾਂਦੇ ਸੜਕ ਹਾਦਸੇ ਵਿੱਚ ਵੀ ਚਲੀ ਜਾਂਦੀ ਹੈ।

? ਪੰਜਾਬੀ ਅਖ਼ਬਾਰਾਂ ਦੇ ਪਾਠਕਾਂ ਦੀ ਗਿਣਤੀ ਪੇਂਡੂ-ਪੰਜਾਬ ਨਾਲ ਜੋੜ ਕੇ ਦੇਖੀ ਜਾਂਦੀ ਹੈ ਜਦੋਂ ਕਿ ਸ਼ਹਿਰੀ ਲੋਕ ਹਿੰਦੀ ਅਤੇ ਅੰਗਰੇਜ਼ੀ ਅਖ਼ਬਾਰਾਂ ਨੂੰ ਪਹਿਲ ਦਿੰਦੇ ਹਨ। ਪਿੰਡਾਂ ਵਿੱਚ ਭਾਵੇਂ ਤਬਦੀਲੀ ਆ ਚੁੱਕੀ ਹੈ। ਕੀ ਪੰਜਾਬੀ ਪੱਤਰਕਾਰੀ ਨੇ ਪੇਂਡੂ ਸਮਾਜ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੇ ਦਿਲਚਸਪੀ ਦੇ ਫੀਚਰਾਂ ਨੂੰ ਆਪਣੀ ਅਖ਼ਬਾਰ ਦੀ ਦਿਖ ਬਣਾਈ ਹੈ। ਕੋਈ ਉਦਾਹਰਣ ਦਿਉਗੇ?

: ਬਿਲਕੁਲ, ਪੰਜਾਬੀ ਅਖ਼ਬਾਰ ਪੰਜਾਬੀ ਸੱਭਿਆਚਾਰ, ਪੰਜਾਬੀ ਤਿਓਹਾਰ, ਗੁਰਪੁਰਬ ਅਤੇ ਪਿੰਡਾਂ ਦੇ ਜਠੇਰੇ ਤੱਕ ਚੇਤੇ ਰੱਖ ਕੇ ਫੀਚਰ ਕੱਢਣ ਲੱਗ ਪਏ ਹਨ। ਪੇਂਡੂ ਖੇਡਾਂ ਤੇ ਪਿੰਡਾਂ ਦੀ ਭੁੱਲੀਆਂ-ਵਿੱਸਰੀਆਂ ਖੇਡਾਂ ਦੇ ਫੀਚਰ ਵੀ ਕੱਢੇ ਜਾਂਦੇ ਹਨ। ਪਿੰਡਾਂ ਦੀ ਚੁੰਝ ਚਰਚਾ ਆਦਿ ਬਾਰੇ ਕਹਾਣੀਆਂ ਤੇ ਤਾਸ਼ ਵਾਲੀਆਂ ਢਾਣੀਆਂ ਤੱਕ ਬਾਰੇ ਚਰਚਾ ਛੇੜ ਲੈਂਦੇ ਹਨ। ਇਸ ਨਾਲ ਪੰਜਾਬੀ ਪੱਤਰਕਾਰੀ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੈ।

? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਪੰਜਾਬੀ ਦਾ ਦਾਇਰਾ ਤਾਂ ਬਹੁਤ ਛੋਟਾ ਹੈ, ਇਸ ਕਰਕੇ ਇਹਨਾਂ ਦੀਆਂ ਇਹ ਸਾਰੀਆਂ ਸਮੱਸਿਆਵਾਂ ਇਸੇ ਦਾਇਰੇ ਵਿੱਚ ਸੀਮਤ ਲੋਕਾਂ ਤਾਈ ਹੀ ਜਾਂਦੀਆਂ ਹਨ। ਮੇਰੇ ਖ਼ਿਆਲ ਨਾਲ ਜਲੰਧਰ ਤੋਂ ਪੰਜਾਬੀ, ਹਿੰਦੀ ਅਤੇ ਉਰਦੂ ਅਖ਼ਬਾਰਾਂ ਦੇ ਨਾਲ਼ ਇੱਕ ਅਖ਼ਬਾਰ ਅੰਗਰੇਜ਼ੀ ਵਿੱਚ ਵੀ ਕੱਢਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦੂਜੇ ਉਹਨਾਂ ਲੋਕਾਂ ਤੱਕ ਪਹੁੰਚ ਸਕਣ, ਜਿਹੜੇ ਸਿਰਫ਼ ਅੰਗਰੇਜ਼ੀ ਪੜ੍ਹ ਸਕਦੇ ਹਨ। ਉਹ ਵੀ ਪੰਜਾਬ ਦੇ ਰਾਜਨੀਤਿਕ, ਆਰਥਿਕ, ਅਤੇ ਸਮਾਜਿਕ ਧਾਰਮਿਕ ਸਮੱਸਿਆਵਾਂ ਨੂੰ ਸਮਝ ਸਕਣ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਮੇਰੇ ਖ਼ਿਆਲ ਨਾਲ਼ ਇਸ ਦਾ ਬਹੁਤਾ ਲਾਭ ਨਹੀਂ ਹੋਣਾ। ਪੰਜਾਬ ਨਾਲ ਸੰਬੰਧਤ ਅੰਗਰੇਜ਼ੀ ਪਸੰਦ ਕਰਨ ਵਾਲਿਆਂ ਕੋਲ ਪਹਿਲਾਂ ਹੀ ਟ੍ਰਿਬਿਊਨ ਅਤੇ ਹਿੰਦੁਸਤਾਨ ਟਾਈਜ਼, ਇੰਡੀਅਨ ਐਕਸਪ੍ਰੈੱਸ ਆਦਿ ਮੌਜੂਦ ਹਨ, ਬਹੁਤਿਆਂ ਦੀ ਘੜਮੱਸ ਵਿੱਚ ਗੱਲ ਸਗੋਂ ਰੁਲ ਜਾਂਦੀ ਹੈ ਤੇ ਫਿਰ ਮਿਆਰ ਨੂੰ ਛੱਡ ਕੇ ਪੀਲੀ ਪੱਤਰਕਾਰੀ ਸ਼ੁਰੂ ਹੋ ਸਕਦੀ ਹੈ।

? ਪੰਜਾਬੀ ਪੱਤਰਕਾਰੀ ਨੂੰ ਅੱਜ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਅੱਜ ਦਾ ਸਮਾਂ ਪਹਿਲੇ ਤੋਂ ਬਹੁਤ ਬਦਲ ਚੁੱਕਾ ਹੈ। ਐਡਵਾਂਸ ਤਕਨੌਲੌਜੀ ਰਾਹੀਂ ਦੁਨੀਆ ਦੇ ਕਿਸੇ ਖੂੰਜੇ ਕੋਈ ਘਟਨਾ ਵਾਪਰਦੀ ਹੈ ਤਾਂ ਮਿੰਟਾਂ ਸੈਕੰਟਾਂ ਵਿੱਚ ਦੂਰ-ਦੁਰਾਡੇ ਪਹੁੰਚ ਜਾਂਦੀ ਹੈ ਇਸ ਨਾਲ ਪ੍ਰਿੰਟ ਮੀਡੀਆ ਕਿਵੇਂ ਕੰਪੀਟ ਕਰੇ? ਆਉਣ ਵਾਲੇ ਸਮੇਂ ਵਿੱਚ ਪੰਜਾਬੀ ਅਖ਼ਬਾਰਾਂ ਦੀ ਮਹੱਤਤਾ ਇਸੇ ਤਰ੍ਹਾਂ ਬਣੀ ਰਹੇਗੀ ਜਾਂ ਕਹਿ ਲਓ ਕਿ ਪੰਜਾਬੀ ਪੱਤਰਕਾਰੀ ਇਸ ਚੁਣੌਤੀ ਲਈ ਤਿਆਰ ਹੈ? ਹੁਣ ਤਾਂ ਸਮਾਰਟ ਫੋਨ ਹੀ ਬਹੁਤ ਸਾਰੇ ਕੰਮ ਕਰੀ ਜਾ ਰਿਹਾ ਹੈ?

: ਜ਼ਿੰਦਗੀ ਸੰਘਰਸ਼ ਦਾ ਨਾਂਅ ਹੈ। ਇਹ ਸੰਘਰਸ਼ ਪੱਤਰਕਾਰੀ ਵੀ ਕਰਦੀ ਰਹੀ ਹੈ ਤੇ ਇਸ ਨੂੰ ਹਾਲੇ ਹੋਰ ਵੀ ਕਰਨਾ ਪੈਣਾ ਹੈ। ਐਡਵਾਂਸ ਟੈਕਨੀਕ ਆਉਣ ਪਿੱਛੋਂ ਸਵੇਰੇ ਉੱਠ ਕੇ ਪਹਿਲਾਂ ਈਮੇਲ ਅਤੇ ਨੈੱਟ ਉੱਤੇ ਖ਼ਾਸ ਖ਼ਬਰਾਂ ਦੇ ਬਾਰੇ ਜਾਣਨਾ ਪੈਂਦਾ ਹੈ। ਏਦਾਂ ਨਾ ਕੀਤਾ ਜਾਵੇ ਤਾਂ ਪਛੜ ਜਾਈਦਾ ਹੈ। ਕੁਝ ਅਖ਼ਬਾਰਾਂ ਨੇ ਆਪਣੇ ਨਾਲ ਹੀ ਸੋਸ਼ਲ ਮੀਡੀਆ ਦੇ ਸਾਧਨ ਵਰਤਣੇ ਸ਼ੁਰੂ ਕਰ ਦਿੱਤੇ ਹਨ। ਉਹ ਫੇਸਬੁੱਕ, ਟਵਿੱਟਰ, ਵੱਟਸਐਪ ਆਦਿ ਹਰ ਢੰਗ ਵਰਤ ਕੇ ਲੋਕਾਂ ਤੱਕ ਦੂਸਰਿਆਂ ਤੋਂ ਪਹਿਲਾਂ ਪਹੁੰਚਣ ਦੇ ਯਤਨ ਕਰ ਰਹੇ ਹਨ। ਮੁਕਾਬਲੇ ਵਿੱਚ ਰਹਿਣਾ ਹੈ ਤਾਂ ਇਹ ਸਭ ਕੁਝ ਵੀ ਕਰਨਾ ਹੀ ਪੈਣਾ ਹੈ ਤੇ ਕੀਤਾ ਵੀ ਜਾ ਰਿਹਾ ਹੈ।

? ਪਨੂੰ ਜੀ, ਪੰਜਾਬੀ ਸਾਹਿਤਕ ਪੱਤਰਕਾਰੀ ਦਾ ਪੰਜਾਬ ਵਿੱਚ ਭਵਿੱਖ ਕਿਹੋ ਜਿਹਾ ਲੱਗਦਾ? ਜਿਵੇਂ ਪਹਿਲਾਂ ਬਹੁਤ ਵਧੀਆ ਸਾਹਿਤਕ ਰਿਸਾਲੇ ਪ੍ਰੀਤ ਲੜੀ’, ‘ਆਰਸੀ’, ‘ਨਾਗਮਣੀ’ ਜਾਂ ਪੰਜਾਬੀ ਡਾਈਜੈਸਟ’, ‘ਅਕਸ’, ‘ਸਿਰਜਣਾ’, ‘ਮੁਹਾਂਦਰਾ’, ਸਮਦਰਸ਼ੀ, ਪਿੱਛੇ ਜਿਹੇ ਫਿਲਹਾਲ` ਅਤੇ ਹੁਣ` ਮੈਗਜ਼ੀਨ ਤੇ ਹੋਰ ਬਹੁਤ ਸਾਰੇ ਸਾਹਿਤਕ ਮੈਗਜ਼ੀਨ ਸਨ, ਜਿਨ੍ਹਾਂ ਦੀ ਛਪਣ ਗਿਣਤੀ ਦਿਨੋਂ ਦਿਨ ਘਟ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਕੀ ਤੁਹਾਨੂੰ ਲੱਗਦਾ ਕਿ ਅਡਵਾਂਸ ਤਕਨਾਲੌਜੀ ਕਰਕੇ ਪਾਠਕ ਵਰਗ ਮੈਗਜ਼ੀਨ ਪੜ੍ਹਨ ਦੀ ਬਜਾਏ ਟੀਵੀ, ਇੰਨਰਨੈੱਟ, ਆਈ-ਫੋਨ ਤੋਂ ਆਪਣੀ ਤਸੱਲੀ ਕਰ ਰਹੇ ਹਨ? ਜਾਂ ਇਹਨਾਂ ਸਾਹਿਤਕ ਮੈਗਜ਼ੀਨਾਂ ਦੀ ਮਹੱਤਤਾ ਪੰਜਾਬ ਵਿੱਚ ਉਵੇਂ ਹੀ ਕਾਇਮ ਹੈ?

: ਇਲੈਕਟਰਾਨਿਕ ਮੀਡੀਆ, ਟੀਵੀ ਵਗੈਰਾ ਕਾਫੀ ਕੁਝ ਦੇਂਦੇ ਹਨ, ਪਰ ਇਨ੍ਹਾਂ ਰਸਾਲਿਆਂ ਦੀ ਆਪਣੀ ਥਾਂ ਹੈ, ਇਹ ਉਸ ਨਵੇਂ ਸਾਧਨ ਨਾਲ ਪੂਰੀ ਨਹੀਂ ਹੋ ਸਕਦੀ। ਕੁਝ ਰਸਾਲੇ ਆਪਣੀ ਪੁਰਾਣੀ ਸਮਝ ਦੇ ਕਾਰਨ ਪਛੜ ਗਏ ਹਨ ਤੇ ਕੁਝ ਨੇ ਨਵੇਂ ਤਜ਼ਰਬੇ ਕਰ ਕੇ ਦਿੱਖ ਅਤੇ ਦਿਸ਼ਾ ਦਾ ਖ਼ਿਆਲ ਰੱਖ ਕੇ ਆਪਣੀ ਥਾਂ ਕਾਇਮ ਰੱਖੀ ਹੈ। ਇਨਾਂ ਦੀ ਥਾਂ ਕਾਇਮ ਹੈ ਤੇ ਕਈ ਨਵੇਂ ਵੀ ਸ਼ਾਮਲ ਹੋ ਰਹੇ ਹਨ। ਮੇਰਾ ਖ਼ਿਆਲ ਹੈ ਕਿ ਇਨ੍ਹਾਂ ਨੂੰ ਕੋਈ ਖ਼ਤਰਾ ਨਹੀਂ।

? ਪੰਜਾਬੀ ਭਾਸ਼ਾ ਦੇ ਮਿਆਰੀ-ਕਰਨ ਵਿੱਚ ਪਾਏ ਯੋਗਦਾਨ ਦੀ ਗੱਲ ਕਰਦਿਆਂ ਆਲੋਚਕਾਂ ਵੱਲੋਂ ਸਿਰਫ਼ ਤਿੰਨ (ਪੰਜਾਬੀ ਟ੍ਰਿਬਿਊਨ, ਅਜੀਤ ਅਤੇ ਜੱਗ ਬਾਣੀ) ਅਖ਼ਬਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੇ ਜੀਵਨ ਦੇ ਹਰ ਪੱਖ ਨਾਲ ਸੰਬੰਧਤ ਸਮਗਰੀ ਛਾਪੀ ਹੈ। ਅੰਗਰੇਜ਼ੀ ਤੋਂ ਅਨੁਵਾਦ ਰਾਹੀਂ, ਉਂਝ ਵੀ ਲੋੜੀਦੀ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਪੰਜਾਬੀ ਭਾਸ਼ਾ ਦੇ ਮਿਆਰੀ-ਕਰਨ ਵਿੱਚ ਮਹੱਤਵ ਪੂਰਨ ਹਿੱਸਾ ਪਾਇਆ ਹੈ। ਬਾਕੀ ਪੰਜਾਬੀ ਅਖ਼ਬਾਰਾਂ ਇਹ ਕੰਮ ਕਿਉਂ ਨਹੀਂ ਕਰ ਸਕੀਆਂ? ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ?

: ਪੁਰਾਣੀ ਕਹਾਵਤ ਹੈ ਕਿ ਸੂਈ ਦਾ ਕੰਮ ਤਲਵਾਰ ਨਹੀਂ ਕਰ ਸਕਦੀ ਤੇ ਤਲਵਾਰ ਦਾ ਕੰਮ ਸੂਈ ਨਹੀਂ ਕਰ ਸਕਦੀ। ਹਰ ਕਿਸੇ ਦੀ ਆਪੋ ਆਪਣੀ ਥਾਂ ਹੈ। ਜਿਨ੍ਹਾਂ ਅਖਬਾਰਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਉਨ੍ਹਾਂ ਦੀ ਆਪਣੀ ਥਾਂ ਹੈ, ਪਰ ਨਵਾਂ ਜ਼ਮਾਨਾ ਸਮੇਤ ਜਿਨ੍ਹਾਂ ਦਾ ਤੁਸੀਂ ਇਸ ਵਿੱਚ ਨਾਂਅ ਨਹੀਂ ਲਿਆ, ਉਨ੍ਹਾਂ ਨਾਲ ਜੁੜੇ ਹੋਏ ਪਾਠਕ ਕਦੇ ਵੀ ਉਸ ਨੂੰ ਛੱਡ ਨਹੀਂ ਸਕੇ। ਇਸ ਦਾ ਵੀ ਇੱਕ ਕਾਰਨ ਹੈ। ਕੁਝ ਅਖਬਾਰਾਂ ਵੱਧ ਵਿਕਦੀਆਂ ਹਨ, ਪਰ ਉਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਪੰਜਾਬੀ ਭਾਸ਼ਾ ਨੂੰ ਵਿਗਾੜ ਰਹੀਆਂ ਹਨ। ਮੈਂ ਇਸ ਨਾਲ ਵੀ ਸਹਿਮਤ ਨਹੀਂ। ਪੰਜਾਬੀ ਵਿੱਚ ਹਮੇਸ਼ਾ ਤੋਂ ਨਵੇਂ ਲਫਜ਼ ਆਉਂਦੇ ਰਹੇ ਹਨ। ਅਰਬੀ ਤੇ ਅੰਗਰੇਜ਼ੀ ਸਮੇਤ ਸਾਰੀਆਂ ਭਾਸ਼ਾਵਾਂ ਤੋਂ ਆਏ ਹਨ ਅਤੇ ਹੁਣ ਵੀ ਆ ਰਹੇ ਹਨ। ਇਸ ਬੋਲੀ ਦਾ ਕੋਈ ਮਿਆਰ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਉਸ ਪੱਖੋਂ ਹਰ ਕਿਸੇ ਦਾ ਆਪੋ ਆਪਣਾ ਯੋਗਦਾਨ ਹੈ ਤੇ ਸਾਰਿਆਂ ਦੇ ਯੋਗਦਾਨ ਨੂੰ ਮਾਨਤਾ ਦੇਣੀ ਪਵੇਗੀ।

? ਤੁਹਾਡੇ ਲਿਖੇ ਲੇਖ, ਡੂੰਘੇ ਵਿਸ਼ਲੇਸ਼ਣ ਤੇ ਤਰਕ ਪੂਰਨ ਹੁੰਦੇ ਹਨ। ਅਖ਼ਬਾਰਾਂ ਤੇ ਰਿਸਾਲੇ ਤਾਂ ਲੋਕ ਪੜ੍ਹ ਕੇ ਸੁੱਟ ਦਿੰਦੇ ਹਨ ਜਾਂ ਘੱਟ ਹੀ ਸਾਂਭਦੇ ਹਨ। ਕੀ ਤੁਸੀਂ ਇਹਨਾਂ ਨੂੰ ਕਿਤਾਬੀ ਰੂਪ ਵਿੱਚ ਸਾਂਭਣ ਦਾ ਉਪਰਾਲਾ ਕੀਤਾ ਹੈ? ਜੇ ਕੀਤਾ ਹੈ ਤਾਂ ਕਿਹੜੀ ਕਿਹੜੀ ਕਿਤਾਬ ਛਪੀ ਹੈ? ਕੀ ਕਦੇ ਤੁਸੀਂ ਇਸ ਤਰ੍ਹਾਂ ਵੀ ਸੋਚਿਆ ਕਿ ਪੱਤਰਕਾਰੀ ਦੇ ਰੁਝੇਵੇਂ ਛੱਡ ਕੇ ਕੋਈ ਸ਼ਾਹਕਾਰ ਰਚਨਾ ਵੀ ਕੀਤੀ ਜਾਵੇ?

: ਮੈਂ ਬਹੁਤ ਪਹਿਲਾਂ ਇੱਕ ਛੋਟੀ ਜਿਹੀ ਕਿਤਾਬ ਪੰਜਾਬ ਦੇ ਉਸ ਦੁਖਾਂਤ ਦੇ ਦੌਰ ਬਾਰੇ ਲਿਖੀ ਸੀ, ਜਿਸ ਵਿੱਚ ਪੰਝੀ ਹਜ਼ਾਰ ਪੰਜਾਬੀ ਇਸ ਲਈ ਮਾਰੇ ਗਏ ਕਿ ਕੁਝ ਲੋਕ ਰਾਜਨੀਤੀ ਵਾਸਤੇ ਸਿੱਖੀ ਨੂੰ ਮੋਹਰਾ ਬਣਾ ਤੁਰੇ ਸਨ। ਉਹ ਕਿਤਾਬ ਹੁਣ ਬਾਜ਼ਾਰ ਵਿੱਚ ਨਹੀਂ ਹੈ। ਕੈਨੇਡਾ ਦੇ ਗੁਰੂ ਕੇ ਲੰਗਰਾਂ ਵਿੱਚ ਮੇਜ਼ ਕੁਰਸੀਆਂ ਰੱਖਣ ਜਾਂ ਚੁੱਕਣ ਬਾਰੇ ਇੱਕ ਕਿਤਾਬ ਆਪਣੇ ਅਤੇ ਕੁਝ ਹੋਰਨਾਂ ਦੇ ਲੇਖਾਂ ਸਮੇਤ ਛਾਪੀ ਸੀ, ਉਹ ਵੀ ਹੁਣ ਨਹੀਂ ਮਿਲਦੀ। ਮੇਰੇ ਵਿਅੰਗ ਦੀ ਇੱਕ ਕਿਤਾਬ ਆਈ ਸੀ, ਉਹ ਵੀ ਹੁਣ ਨਹੀਂ ਮਿਲ ਰਹੀ ਤੇ ਮੈਂ ਦੋਬਾਰਾ ਛਾਪਣ ਬਾਰੇ ਸੋਚ ਰਿਹਾ ਹਾਂ। ‘ਤੀਸ ਮਾਰ ਖਾਂ’ ਵਾਲੇ ਅੱਜ-ਨਾਮਾ ਦੀ ਇੱਕ ਕਿਤਾਬ ਛਾਪੀ ਸੀ, ਹੁਣ ਖ਼ਤਮ ਹੋ ਚੁੱਕੀ ਹੈ। ਕੁਝ ਚੋਣਵੇਂ ਲੇਖਾਂ ਦੀ ਇੱਕ ਕਿਤਾਬ ਛਾਪਣ ਦੀ ਤਿਆਰੀ ਕਰ ਰਿਹਾ ਹਾਂ, ਸ਼ਾਇਦ ਅਗਲੇ ਸਾਲ ਤੱਕ ਇਹ ਕਰ ਦਿਆਂਗਾ। ਉਂਜ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਤੁਕ ਤਤਕਰਾ ਮੈਂ ਤਿਆਰ ਕੀਤਾ ਸੀ, ਉਸ ਦੇ ਦੋ ਐਡੀਸ਼ਨ ਛਪ ਚੁੱਕੇ ਹਨ। ਸਿੱਖ ਧਰਮ ਦੇ ਸਮਾਜਿਕ ਸਰੋਕਾਰਾਂ ਬਾਰੇ ਕਿਤਾਬ ਲਿਖੀ ਸੀ, ਦੋ ਐਡੀਸ਼ਨ ਛਪ ਚੁੱਕੇ ਹਨ, ਉਹ ਅੰਗਰੇਜ਼ੀ ਵਿੱਚ ਵੀ ਛਪੀ ਹੈ। ਪੰਜਾਬ ਦੇ ਸਾਡੇ ਸਮਿਆਂ ਦੇ ਇਤਹਾਸ ਬਾਰੇ ਕੁਝ ਲਿਖਣ ਦਾ ਇਰਾਦਾ ਹੈ, ਸਮਾਂ ਪਤਾ ਨਹੀਂ ਕਦੋਂ ਮਿਲੇਗਾ?

? ਪੱਤਰਕਾਰੀ ਦੇ ਕੰਮ ਤੋਂ ਕਿੰਨਾ ਕੁ ਸੰਤੁਸ਼ਟ ਹੋ? ਜੇਕਰ ਪੱਤਰਕਾਰੀ ਨਾ ਕਰਦੇ ਤਾਂ ਹੋਰ ਕਿਹੜਾ ਕਿੱਤਾ ਤੁਹਾਡੇ ਮਨ-ਭਾਉਂਦਾ ਕਿੱਤਾ ਹੁੰਦਾ?

: ਮੈਂ ਜਿੱਥੇ ਅਤੇ ਜਿਹੜੇ ਵੀ ਕੰਮ ਵਿੱਚ ਰਿਹਾ, ਸੰਤੁਸ਼ਟ ਹੀ ਰਿਹਾ ਹਾਂ। ਕੋਈ ਇੱਕ ਵੀ ਕੰਮ ਮੈਂ ਮਰਜ਼ੀ ਨਾਲ ਨਹੀਂ ਸੀ ਚੁਣ ਸਕਿਆ, ਹਾਲਾਤ ਦੇ ਵਹਿਣ ਹੀ ਲੈ ਜਾਂਦੇ ਰਹੇ ਸਨ। ਜਦੋਂ ਸੰਤੁਸ਼ਟ ਨਾ ਹੋਇਆ ਤਾਂ ਇਹ ਕਿੱਤਾ ਛੱਡ ਜਾਵਾਂਗਾ। ਜੇ ਪੱਤਰਕਾਰੀ ਨਾ ਕਰਦਾ ਤਾਂ ਕੀ ਕਰਦਾ, ਇਸ ਬਾਰੇ ਕਦੇ ਸੋਚਿਆ ਵੀ ਨਹੀਂ। ਕੋਸ਼ਿਸ਼ ਇਹ ਕੀਤੀ ਹੈ ਕਿ ਉਹ ਕੰਮ ਕਰਾਂ, ਜਿਸ ਵਿੱਚ ਮੇਰੀ ਸੇਵਾ ਦੀ ਮੇਰੇ ਲੋਕਾਂ ਨੂੰ ਵੱਧ ਲੋੜ ਜਾਪਦੀ ਹੈ।

? ਪੱਤਰਕਾਰੀ ਦੇ ਸਫ਼ਰ ਵਿੱਚ ਕੋਈ ਇਹੋ ਜਿਹਾ ਕੰਮ, ਜਿਸ ਨੂੰ ਸੋਚ ਕੇ ਕੋਈ ਪਛਤਾਵਾ ਹੁੰਦਾ ਹੋਵੇ ਜਾਂ ਕੋਈ ਕੰਮ ਅਜਿਹਾ ਜਿਸ ਨਾਲ ਧੁਰ ਅੰਦਰੋਂ ਤਸੱਲੀ ਹੁੰਦੀ ਹੋਵੇ ਕਿ ਇਸ ਤੋਂ ਵਧੀਆ ਕੰਮ ਹੋਰ ਹੋ ਨਹੀਂ ਸਕਦਾ। ਕੋਈ ਐਸੀ ਯਾਦ ਸਾਂਝੀ ਕਰਨਾ ਚਾਹੋਗੇ?

: ਇਸ ਖੇਤਰ ਵਿੱਚ ਹਰ ਵਕਤ ਕਾਹਲੀ ਬਹੁਤ ਰਹਿੰਦੀ ਹੈ। ਕਈ ਵਾਰ ਗ਼ਲਤੀਆਂ ਹੋ ਜਾਂਦੀਆਂ ਹਨ ਤੇ ਕੁਝ ਮੌਕੇ ਇਹੋ ਜਿਹੇ ਹੁੰਦੇ ਹਨ, ਜਦੋਂ ਗ਼ਲਤੀ ਕਿਸੇ ਹੋਰ ਦੀ ਅਤੇ ਸਿਰ ਆਪਣੇ ਲੈਣੀ ਪੈਂਦੀ ਹੈ। ਜਿਨ੍ਹਾਂ ਦੇ ਕਾਰਨ ਗ਼ਲਤੀ ਹੋਈ ਹੁੰਦੀ ਹੈ, ਉਹ ਉਸ ਵਕਤ ਸੋਚਦੇ ਹਨ ਕਿ ਇਸ ਨੇ ਆਪਣੇ ਸਿਰ ਲੈ ਕੇ ਚੰਗਾ ਕੀਤਾ, ਪਰ ਵਕਤ ਗੁਜ਼ਰ ਜਾਣ ਦੇ ਬਾਅਦ ਏਦਾਂ ਸਮਝਦੇ ਹਨ ਕਿ ਹੁਣ ਸਾਨੂੰ ਇਸ ਬਾਰੇ ਸੋਚਣ ਦੀ ਵੀ ਲੋੜ ਨਹੀਂ। ਬਹੁਤ ਵਧੀਆ ਕੰਮ ਕਦੀ ਕੀਤਾ ਹੋਵੇ, ਇਸ ਬਾਰੇ ਕਈ ਲੋਕ ਕਹਿ ਦੇਂਦੇ ਹਨ ਕਿ ਆਹ ਕੀਤਾ ਹੈ, ਪਰ ਮੈਂ ਜਦੋਂ ਵੀ ਸੋਚਦਾ ਹਾਂ ਤਾਂ ਇੰਜ ਲੱਗਦਾ ਹੈ ਕਿ ਅਜੇ ਇਹੋ ਜਿਹਾ ਕੰਮ ਕਰਨ ਵਾਲਾ ਹੈ, ਜਿਸ ਨੂੰ ਮੈਂ ਖ਼ੁਦ ਵਧੀਆ ਕਹਿ ਸਕਾਂ। ਹਾਲੇ ਯਤਨ ਜਾਰੀ ਹੈ। ਹਰ ਕੰਮ ਦੇ ਦੋ ਪਹਿਲੂ ਹੁੰਦੇ ਹਨ। ਇੱਕ ਪੱਖ ਕੁਝ ਲੋਕਾਂ ਨੂੰ ਚੰਗਾ ਲੱਗਦਾ ਹੈ ਤਾਂ ਉਹੋ ਪੱਖ ਸਮਾਜ ਦੇ ਕਿਸੇ ਹੋਰ ਤਬਕੇ ਲਈ ਦੁਖੀ ਕਰਨ ਵਾਲਾ ਵੀ ਹੋ ਸਕਦਾ ਹੈ। ਉਹ ਆਪੋ ਆਪਣੀ ਐਨਕ ਦੇ ਸ਼ੀਸੇ ਨਾਲ ਵੇਖਦੇ ਹਨ।

? ਤੁਸੀਂ ਅਕਸਰ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਵਿਚਰਦੇ ਰਹੇ ਹੋ। ਬਾਹਰਲੇ ਅਨੁਭਵ ਨੂੰ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਕੋਈ ਪੱਤਰਕਾਰੀ ਤੋਂ ਹਟਵੀਂ ਐਹੋ ਜਿਹੀ ਯਾਦ ਜਿਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇ, ਸਾਂਝੀ ਕਰਨੀ ਚਾਹੋਗੇ?

: ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨਹੀਂ ਗਿਣਾ ਸਕਦਾ। ਆਮ ਕਰ ਕੇ ਪੱਤਰਕਾਰ ਚੰਗੇ ਹਨ ਤੇ ਉਨ੍ਹਾਂ ਨੇ ਮਿਹਨਤ ਨਾਲ ਥਾਂ ਬਣਾਈ ਹੈ। ਕੁਝ ਚੋਰ ਕਿਸਮ ਦੇ ਵੀ ਹਨ। ਉਨ੍ਹਾਂ ਨੇ ਪੁੱਠੇ ਕੰਮਾਂ ਦੇ ਓਹਲੇ ਲਈ ਪੱਤਰਕਾਰੀ ਦੇ ਕਿੱਤੇ ਨੂੰ ਵਰਤਿਆ ਹੈ। ਇੱਥੋਂ ਹੋ ਕੇ ਗਏ ਕਈ ਭਾਰਤੀ ਪੰਜਾਬੀ ਲੇਖਕ ਲਿਖਦੇ ਹਨ ਕਿ ਟਰੱਕ ਚਲਾਉਂਦੇ ਸੱਜਣ ਵੀ ਵਿਦੇਸ਼ ਵਿੱਚ ਪੱਤਰਕਾਰ ਬਣੇ ਫਿਰਦੇ ਹਨ, ਪਰ ਮੈਂ ਇਹ ਨਹੀਂ ਕਹਿੰਦਾ। ਟਰੱਕ ਚਲਾਉਣਾ ਕੋਈ ਮਿਹਣਾ ਤਾਂ ਨਹੀਂ ਹੁੰਦਾ। ਉਹ ਇਸ ਨਾਲ ਖ਼ੁਦ ਮਿਹਨਤ ਕਰ ਕੇ ਗੁਜ਼ਾਰਾ ਚਲਾਉਂਦੇ ਹੋਏ ਸਮਾਜ ਦੀ ਸੇਵਾ ਕਰੀ ਜਾਂਦੇ ਹਨ। ਆਮ ਕਰ ਕੇ ਵਿਦੇਸ਼ ਦੇ ਪੱਤਰਕਾਰਾਂ ਦਾ ਆਪੋ ਵਿੱਚ ਸ਼ਰੀਕ-ਸਾੜਾ ਇਹ ਵਿਚਾਰ ਲਿਖਣ ਲਈ ਭਾਰਤ ਤੋਂ ਆਉਂਦੇ ਲੇਖਕਾਂ ਨੂੰ ਉਕਸਾਉਂਦਾ ਹੈ। ਜਦੋਂ ਉਹ ਇਸ ਤਰ੍ਹਾਂ ਲਿਖਦੇ ਹਨ, ਆਪ ਨਹੀਂ ਲਿਖ ਰਹੇ ਹੁੰਦੇ। ਉਨ੍ਹਾਂ ਦੇ ਅੰਦਰ ਭਰੀਆਂ ਹੋਈਆਂ ਚਾਬੀਆਂ ਘੁੰਮ ਰਹੀਆਂ ਹੁੰਦੀਆਂ ਹਨ। ਮੈਂ ਕਦੇ ਏਦਾਂ ਨਹੀਂ ਕੀਤਾ ਤੇ ਕੋਸ਼ਿਸ਼ ਕਰਾਂਗਾ ਕਿ ਇਸ ਤੋਂ ਬਚਿਆ ਰਹਾਂ।

? ਪੰਜਾਬੀ ਪੱਤਰਕਾਰੀ ਵਿੱਚ ਜਿਨ੍ਹਾਂ ਲੋਕਾਂ ਨੇ ਕੋਈ ਮਹਤੱਵ ਪੂਰਨ ਯੋਗਦਾਨ ਪਾਇਆ ਹੋਵੇ ਉਨ੍ਹਾਂ ਦਾ ਜ਼ਿਕਰ ਕਰਨਾ ਚਾਹੋਗੇ? ਅੱਜ ਅਸੀਂ ਕਿਨ੍ਹਾਂ ਪੱਤਰਕਾਰਾਂ ਤੋਂ ਆਸ ਕਰ ਸਕਦੇ ਹਾਂ ਕਿ ਪੰਜਾਬੀ ਪੱਤਰਕਾਰੀ ਨੂੰ ਉਹ ਦੂਜੀਆਂ ਬੋਲੀਆਂ ਦੀ ਪੱਤਰਕਾਰੀ ਵਾਂਗ ਮਿਆਰੀ ਬਣਾਉਣ ਲਈ ਕੰਮ ਕਰ ਸਕਣਗੇ? ਤੁਹਾਡੇ ਖ਼ਿਆਲ ਨਾਲ ਪੰਜਾਬੀ ਦੀ ਕਿਹੜੀ ਅਖ਼ਬਾਰ ਹੈ ਜੋ ਅੱਜ ਦੇ ਹਾਣ ਦੀ ਹੋ ਕੇ ਪੰਜਾਬੀ ਲੋਕਾਂ ਦੀ ਨਬਜ਼ ਪਛਾਨਣ ਦੀ ਤਾਕਤ ਰੱਖਦੀ ਹੈ?

: ਮਾਓ ਜ਼ੇ ਤੁੰਗ ਨੇ ਕਿਹਾ ਸੀ ਕਿ ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓਜਿੰਨੇ ਵੀ ਅਖ਼ਬਾਰ ਇਸ ਵੇਲੇ ਨਿਕਲ ਰਹੇ ਹਨ, ਸਾਰਿਆਂ ਦੀ ਆਪੋ ਆਪਣੀ ਵਿਸ਼ੇਸ਼ਤਾ ਅਤੇ ਆਪੋ ਆਪਣੇ ਪਾਠਕਾਂ ਦਾ ਘੇਰਾ ਹੋਣ ਕਾਰਨ ਮੈਂ ਕਿਸੇ ਇੱਕ ਨੂੰ ਬਾਕੀਆਂ ਤੋਂ ਉੱਪਰ ਰੱਖਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਪੱਤਰਕਾਰਾਂ ਵਿੱਚ ਸੋਹਣ ਸਿੰਘ ਜੋਸ਼, ਅਰਜਨ ਸਿੰਘ ਗੜਜੱਜ, ਹੀਰਾ ਸਿੰਘ ਦਰਦ, ਗਿਆਨੀ ਸ਼ਾਦੀ ਸਿੰਘ, ਸਾਧੂ ਸਿੰਘ ਹਮਦਰਦ, ਜਗਜੀਤ ਸਿੰਘ ਆਨੰਦ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ, ਸੁਰਜਨ ਜ਼ੀਰਵੀ, ਬਰਜਿੰਦਰ ਸਿੰਘ ਹਮਦਰਦ, ਹਰਭਜਨ ਹਲਵਾਰਵੀ, ਗੁਲਜ਼ਾਰ ਸਿੰਘ ਸੰਧੂ ਬਹੁਤ ਸਾਰੇ ਵੱਡੇ ਲੋਕ ਹਨ, ਮੈਂ ਤਾਂ ਹਾਲੇ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਕੱਤੀ। ਸਾਡੀ ਪੀੜ੍ਹੀ ਦੇ ਲੋਕਾਂ ਨੂੰ ਇਨ੍ਹਾਂ ਸਾਰਿਆਂ ਤੋਂ ਮਾਰਗ ਦਰਸ਼ਨ ਮਿਲਿਆ ਹੈ ਤੇ ਹੁਣ ਸਾਡੇ ਸਿਰ ਇਹ ਜ਼ਿੰਮੇਵਾਰੀ ਹੈ ਕਿ ਜਿੰਨੀ ਜੋਗੇ ਵੀ ਹਾਂ, ਅਗਲੀ ਪੀੜ੍ਹੀ ਤਿਆਰ ਕਰਨ ਲਈ ਜਿੰਨਾ ਕੁ ਹੋ ਸਕੇ, ਯਤਨ ਕਰੀ ਜਾਈਏ।

? ਪਨੂੰ ਸਾਹਿਬ, ਤੁਹਾਡੇ ਪੱਤਰਕਾਰੀ ਦੇ ਕੰਮ ਕਾਰ ਨੂੰ ਦੇਖ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਂ ਨੇ ਕਦਰਦਾਨੀ ਕਰਦਿਆਂ ਕਦੇ ਕੋਈ ਮਾਣ ਸਨਮਾਨ ਦਿੱਤਾ? ਤੁਸੀਂ ਰੇਡੀਓ ਅਖ਼ਬਾਰਾਂ ਟੀ ਵੀ ਅਤੇ ਅਕਸਰ ਗੱਲਬਾਤ ਨਾਲ ਪੰਜਾਬ ਤੋਂ ਬਾਹਰ ਵੀ ਪੰਜਾਬੀ ਲੋਕਾਂ ਲੋਕਾਂ ਨਾਲ ਜੁੜੇ ਹੋਏ ਹੋ?

: ਮੈਨੂੰ ਹਾਲੇ ਪੱਤਰਕਾਰੀ ਵਿੱਚ ਦੂਜਾ ਸਾਲ ਚੱਲਦਾ ਪਿਆ ਸੀ, ਜਦੋਂ ਆਲ ਇੰਡੀਆ ਸਮਾਲ ਐਂਡ ਮੀਡੀਅਮ ਨਿਊਜ਼ ਪੇਪਰਜ਼ ਸੋਸਾਈਟੀ ਨੇ ਨੈਸ਼ਨਲ ਮੀਡੀਆ ਐਵਾਰਡ ਦੇ ਦਿੱਤਾ ਸੀ। ਉਹ ਪੰਜਾਬ ਦੇ ਦੁਖਾਂਤਕ ਦੌਰ ਵਿੱਚ ਮੇਰੀ ਪੱਤਰਕਾਰੀ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਸੀ। ਪੰਜਾਬ ਸਰਕਾਰ ਦਾ ਸ਼੍ਰੋਮਣੀ ਪੱਤਰਕਾਰ ਐਵਾਰਡ ਮੈਨੂੰ ਮਿਲ ਚੁੱਕਾ ਹੈ ਤੇ ਪੂਨੇ ਦੀ ਸੰਸਥਾ ਹਰ ਸਾਲ ਇੱਕ ਪੰਜਾਬੀ ਸ਼ਖ਼ਸੀਅਤ ਨੂੰ ਇੱਕ ਲੱਖ ਰੁਪਏ ਦੇ ਇਨਾਮ ਵਾਲਾ ਸੰਤ ਨਾਮਦੇਵ ਐਵਾਰਡ ਦੇਂਦੀ ਹੈ। ਉਸ ਸੰਸਥਾ ਦੇ ਸਰਪ੍ਰਸਤਾਂ ਵਿੱਚ ਅੰਨਾ ਹਜ਼ਾਰੇ ਵੀ ਹਨ। ਡੇਢ ਸਾਲ ਪਹਿਲਾਂ ਉਹ ਉੱਥੇ ਬੁਲਾ ਕੇ ਮੈਨੂੰ ਦਿੱਤਾ ਗਿਆ ਸੀ। ਸਧਾਰਨ ਘਰ ਤੋਂ ਤੁਰਿਆ ਸਾਂ, ਜਿੰਨਾ ਸਨਮਾਨ ਮਿਲ ਚੁੱਕਾ ਹੈ, ਮੇਰੀ ਆਸ ਤੋਂ ਵੱਧ ਜਾਪਦਾ ਹੈ। ਮੈਨੂੰ ਇੱਕ ਵਾਰੀ ਯੂਨੀਵਰਸਿਟੀ ਦੇ ਪੱਤਰਕਾਰੀ ਦੇ ਸਮਾਗਮ ਵਿੱਚ ਇੱਕ ਵਿਦਿਆਰਥੀ ਨੇ ਸਵਾਲ ਪੁੱਛ ਲਿਆ ਕਿ ਅਸੀਂ ਕੀ ਲਿਖੀਏ ਕਿ ਸਾਨੂੰ ਵੀ ਸ਼਼੍ਰੋਮਣੀ ਪੱਤਰਕਾਰ ਐਵਾਰਡ ਮਿਲ ਜਾਵੇ? ਇਹ ਉਸ ਦਾ ਬਚਪਨਾ ਸੀ। ਮੈਂ ਉਸ ਨੂੰ ਸਮਝਾਇਆ ਕਿ ਬੇਟਾ, ਲਿਖਣ ਲਈ ਐਵਾਰਡ ਕਦੇ ਨਾ ਕਦੇ ਮਿਲ ਸਕਦੇ ਹਨ, ਪਰ ਐਵਾਰਡਾਂ ਦੀ ਝਾਕ ਰੱਖ ਕੇ ਲਿਖਿਆ ਨਹੀਂ ਜਾ ਸਕਦਾਲਿਖਣ ਲਈ ਵਿਚਾਰਾਂ ਦੀ ਸੇਧ ਚਾਹੀਦੀ ਹੈ, ਪੇਸ਼ਕਾਰੀ ਦਾ ਕੇਂਦਰ ਬਣ ਸਕਦਾ ਨੁਕਤਾ ਚਾਹੀਦਾ ਹੈ। ਜੇ ਲਿਖਣ ਵੇਲੇ ਐਵਾਰਡਾਂ ਦੇ ਸੁਫਨੇ ਲੈਂਦੇ ਰਹੇ ਤਾਂ ਕਿਸੇ ਪਾਸੇ ਲੱਗਿਆ ਨਹੀਂ ਜਾ ਸਕਣਾ। ਮੇਰੇ ਮਨ ਵਿੱਚ ਕਦੇ ਵੀ ਸਨਮਾਨ ਦਾ ਵਿਚਾਰ ਨਹੀਂ ਆਇਆ, ਵੱਡਾ ਸਨਮਾਨ ਲੋਕਾਂ ਦਾ ਪਿਆਰ ਹੈ।

? ਪਿਛਲੇ ਦਿਨੀਂ, ਤੁਹਾਨੂੰ ਕੈਲਗਰੀ ਤੋਂ ਚੱਲ ਰਹੇ ਸੁਰ-ਸੰਗਮ ਰੇਡੀਓ’ ਅਤੇ ਪੰਜਾਬੀ ਨੈਸ਼ਨਲ’ ਅਖ਼ਬਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲੈ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ?

: ਰੇਡੀਓ ਸੁਰ-ਸੰਗਮ ਨਾਲ ਮੈਂ ਕਈ ਸਾਲਾਂ ਤੋਂ ਜੁੜਿਆ ਹੋਇਆ ਹਾਂ। ਇਹ ਸਾਫ ਸੁਥਰੀ ਅਕਸ ਵਾਲਾ ਇੱਕ ਸਨਮਾਨ ਯੋਗ ਅਦਾਰਾ ਹੈ। ਪੰਜਾਬੀ ਨੈਸ਼ਨਲ ਅਖ਼ਬਾਰ ਜਦੋਂ ਤੋਂ ਸ਼ੁਰੂ ਹੋਇਆ, ਮੈਂ ਇਸ ਨਾਲ ਮੁੱਢਲੇ ਅੰਕ ਤੋਂ ਜੁੜ ਕੇ ਕੰਮ ਕਰ ਰਿਹਾ ਹਾਂ। ਬਾਹਰੋਂ ਤਾਂ ਲੋਕ ਸਨਮਾਨ ਕਰਦੇ ਰਹਿੰਦੇ ਹਨ, ਪਰ ਘਰ ਵਿੱਚ ਕਈ ਵਾਰੀ ਜੋਗੀ ਜੋਗੜਾ ਹੀ ਹੁੰਦਾ ਹੈ ਤੇ ਜਦੋਂ ਕਦੇ ਆਪਣੇ ਘਰ ਵਿੱਚੋਂ ਇਹੋ ਜਿਹਾ ਸਨਮਾਨ ਮਿਲਦਾ ਹੈ, ਜ਼ਰਾ ਵੱਧ ਖੁਸ਼ੀ ਹੁੰਦੀ ਹੈ। ਰੇਡੀਓ ਸੁਰ-ਸੰਗਮ ਅਤੇ ਪੰਜਾਬੀ ਨੈਸ਼ਨਲ ਮੇਰੇ ਆਪਣੇ ਪਰਵਾਰ ਵਾਂਗ ਹਨ, ਮੈਨੂੰ ਕਿਤੋਂ ਬਾਹਰੋਂ ਮਿਲੇ ਸਨਮਾਨ ਵੀ ਇਸ ਅਦਾਰੇ ਦਾ ਸਨਮਾਨ ਜਾਪਦੇ ਹਨ ਅਤੇ ਇਸ ਘਰ ਤੋਂ ਮਿਲਿਆ ਸਨਮਾਨ ਵੀ ਕੰਮ ਕਰਨ ਲਈ ਦਿੱਤੀ ਥਾਪੀ ਵਾਂਗ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਅਦਾਰੇ ਦੀ ਸੇਵਾ ਕਰਦਾ ਰਹਾਂ ਅਤੇ ਮੇਰੀ ਇਹ ਕਾਮਨਾ ਰਹੇਗੀ ਕਿ ਇਹ ਦੋਵੇਂ ਅਦਾਰੇ ਹੀ ਲਗਾਤਾਰ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦੇ ਹੋਏ ਆਪਣੇ ਸਮਾਜ ਦੀ ਸੇਵਾ ਕਰਦੇ ਰਹਿਣ।

? ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਨ ਦੀਆਂ ਅਜੇ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਇਸ ਖੇਤਰ ਨੂੰ ਹੋਰ ਮਿਆਰੀ ਜਾਂ ਦੂਜੀਆਂ ਭਾਸ਼ਾਵਾਂ ਦੀ ਪੱਤਰਕਾਰੀ ਦੇ ਹਾਣ ਦਾ ਬਣਾਉਣ ਲਈ ਨਵੇਂ ਤੇ ਪੁਰਾਣੇ ਕੰਮ ਕਰਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?

: ਬੰਦਾ ਜੰਗਲਾਂ ਤੋਂ ਤੁਰਿਆ ਸੀ, ਚੰਦ ਤੱਕ ਪਹੁੰਚ ਗਿਆ ਹੈ, ਮੰਗਲ ਵੱਲ ਤੁਰਿਆ ਜਾਂਦਾ ਹੈ। ਪੰਜਾਬੀਅਤ ਦੇ ਉਸ ਦੌਰ ਨੂੰ ਚੇਤੇ ਕਰੀਏ ਜਦੋਂ ਗੁਰੂ ਬਾਬਾ ਨਾਨਕ ਜੀ ਚਾਰ ਉਦਾਸੀਆਂ ਵਿੱਚ ਪੈਦਲ ਦੁਨੀਆ ਸੋਧਣ ਤੁਰਦੇ ਰਹੇ ਸੀ ਤੇ ਫਿਰ ਇਹ ਵੇਖੀਏ ਕਿ ਤੜਕੇ ਦਿੱਲੀ ਤੋਂ ਚੜ੍ਹ ਕੇ ਸ਼ਾਮ ਪੈਣ ਤੱਕ ਕੈਲਗਰੀ ਆ ਜਾਈਦਾ ਹੈ। ਇਹ ਤਰੱਕੀ ਸਾਨੂੰ ਆਪਣੇ ਨਾਲ ਕਦਮ ਮਿਲਾਉਣ ਨੂੰ ਪ੍ਰੇਰਦੀ ਹੈ, ਪੰਜਾਬੀਅਤ ਦੇ ਕਰਨ ਵਾਲਾ ਵੀ ਅਜੇ ਬਹੁਤ ਕੁਝ ਹੈ ਤੇ ਪੰਜਾਬੀ ਦੀ ਪੱਤਰਕਾਰੀ ਨੂੰ ਵੀ ਅਜੇ ਬਹੁਤ ਮੰਜ਼ਿਲਾਂ ਉਡੀਕਦੀਆਂ ਹਨ। ਕਦਮਾਂ ਦੀ ਰਵਾਨੀ ਘਟਣ ਨਹੀਂ ਦੇਣੀ ਚਾਹੀਦੀ। ਅਗਲੇ ਹਰ ਪੜਾਅ ਨੂੰ ਸਿਰਫ ਪੜਾਅ ਮੰਨਣਾ ਚਾਹੀਦਾ ਹੈ, ਮੰਜ਼ਿਲ ਸਮਝ ਕੇ ਰੁਕਣ ਦੀ ਲੋੜ ਨਹੀਂ।

? ਤੁਹਾਡੇ ਰੁਝੇਵਿਆਂ ਨੂੰ ਦੇਖ ਕੇ ਲੱਗਦਾ ਤਾਂ ਨਹੀਂ ਕਿ ਤੁਹਾਡੇ ਕੋਲ ਕੋਈ ਵਿਹਲਾ ਸਮਾਂ ਹੋਵੇ, ਪਰ ਜੇ ਕਦੇ ਵਿਹਲ ਮਿਲਦਾ ਹੋਵੇ ਤਾਂ ਉਹ ਸਮਾਂ ਕਿਸ ਤਰ੍ਹਾਂ ਬਿਤਾਉਦੇ ਹੋ? ਕੋਈ ਮਨ ਪਸੰਦ ਦੀ ਖੇਡ, ਸ਼ੌਕ, ਜਾਂ ਸੰਗੀਤ ਬਾਰੇ ਦੱਸੋ?

: ਹੁਣ ਤਾਂ ਵਿਹਲ ਹੀ ਨਹੀਂ ਮਿਲਦਾ, ਪਰ ਜਦੋਂ ਮਿਲਦਾ ਸੀ, ਕਦੇ ਵਾਲੀਬਾਲ ਵੀ ਖੇਡ ਲਈਦਾ ਸੀ, ਮਿੱਤਰਾਂ ਨਾਲ ਬੈਠ ਕੇ ਤਾਸ਼ ਖੇਡਣ ਤੋਂ ਗੁਰੇਜ਼ ਨਹੀਂ ਸੀ, ਸ਼ਤਰੰਜ ਵੀ ਖੇਡਦੇ ਹੁੰਦੇ ਸਾਂ ਅਤੇ ਕਦੇ-ਕਦਾਈ ਬੈਡਮਿੰਟਨ ਦਾ ਵੀ ਸ਼ੌਕ ਪੂਰਾ ਕਰ ਲੈਂਦੇ ਸਾਂ। ਹੁਣ ਤਾਂ ਸਭ ਕੁਝ ਟੀਵੀ ਉੱਤੇ ਹੁੰਦਾ ਵੇਖ ਕੇ ਖੁਸ਼ ਹੋਈਦਾ ਹੈ। ਬੋੜਾ ਬੰਦਾ ਜਦੋਂ ਗੰਨਾ ਚੂਪਣ ਜੋਗਾ ਨਾ ਰਹੇ, ਓਦੋਂ ਗੰਨੇ ਦਾ ਰਸ ਪੀ ਕੇ ਕੁਝ ਨਾ ਕੁਝ ਮਜ਼ਾ ਤਾਂ ਲੈ ਹੀ ਸਕਦਾ ਹੈ।

? ਕੋਈ ਨਿੱਜੀ ਗੱਲ ਦੱਸੋ। ਕੋਈ ਆਪਣੀ ਨਿੱਜੀ ਪ੍ਰਾਪਤੀ? ਕੋਈ ਅਸਫ਼ਲਤਾ?

: ਨਿੱਜੀ ਪ੍ਰਾਪਤੀ ਇਹ ਕਿ ਮੈਂ ਲੋਕਾਂ ਦੇ ਪਿਆਰ ਦਾ ਨਿੱਘ ਮਾਣ ਸਕਿਆ ਹਾਂ ਤੇ ਅਸਫ਼ਲਤਾ ਇਸ ਲਈ ਕੋਈ ਨਹੀਂ ਕਿ ਕੋਈ ਇਹੋ ਜਿਹਾ ਵੱਡਾ ਸੁਫਨਾ ਹੀ ਨਹੀਂ ਲਿਆ, ਜਿਹੜਾ ਪੂਰਾ ਨਾ ਹੋਣ ਦਾ ਦੁੱਖ ਮਨਾਇਆ ਜਾਵੇ।

? ਬੰਦੇ ਦੀਆਂ ਖਾਹਿਸ਼ਾਂ ਕਦੇ ਮੁੱਕੀਆਂ ਨਹੀਂ, ਕੋਈ ਖ਼ਾਸ ਦਿਲੀ ਤਮੰਨਾ ਜੋ ਪੂਰੀ ਕਰਨੀ ਚਾਹੁੰਦੇ ਹੋਵੇ?

: ਬੰਦੇ ਅੰਦਰ ਕਿਤੇ ਨਾ ਕਿਤੇ ਮੈਂਲੁਕੀ ਰਹਿੰਦੀ ਹੈ ਤੇ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਮੈਂਨੂੰ ਮਾਰਨ ਦੇ ਬਿਨਾਂ ਪੰਜਾਬ ਤਰੱਕੀ ਨਹੀਂ ਕਰ ਸਕਦਾ। ਇਸ ਨੂੰ ਮੁਕਾਈ ਚਾਹੁੰਦਾ ਹਾਂ, ਪਰ ਮੁੱਕਦੀ ਜਾਪਦੀ ਨਹੀਂ।

? ਜਤਿੰਦਰ ਜੀ, ਕੋਈ ਸੁਨੇਹਾ ਉਨ੍ਹਾਂ ਪੰਜਾਬੀਆਂ ਨੂੰ ਜੋ ਬਾਹਰ ਬੈਠੇ ਪੰਜਾਬ ਦਾ ਫਿਕਰ ਕਰਦੇ ਰਹਿੰਦੇ ਹਨ? ਪੰਜਾਬ ਦੇ ਹਾਲਾਤ ਦੇਖ ਸੁਣ ਕੇ ਬਹੁਤ ਵਾਰੀ ਪੰਜਾਬ ਜਾਣ ਤੋਂ ਵੀ ਝਿਜਕਦੇ ਹਨ?

: ਤੁਸੀਂ ਬਾਹਰ ਬੈਠੇ ਹੋਏ ਲੋਕ ਸਾਡੇ ਪੰਜਾਬ ਅਤੇ ਭਾਰਤ ਦੇ ਅਸਲੀ ਦੂਤ ਹੋ, ਆਪਣੇ ਵਸੇਬੇ ਵਾਲੇ ਟਿਕਾਣੇ ਉੱਤੇ ਜਿੰਨੀ ਹੋ ਸਕੇ, ਮਹਿਕ ਵੰਡਣ ਦਾ ਯਤਨ ਕਰਿਓ ਅਤੇ ਜਿਹੜੇ ਇਹ ਕੰਮ ਕਰਨ ਜੋਗੇ ਨਹੀਂ, ਮੇਰੀ ਉਨ੍ਹਾਂ ਲਈ ਬੇਨਤੀ ਹੈ ਕਿ ਘੱਟੋ ਘੱਟ ਗੰਦ ਪਾਉਣ ਵਾਲਿਆਂ ਵਿੱਚ ਆਪਣਾ ਨਾਂਅ ਆਉਣ ਤੋਂ ਬਚਾਉਂਦੇ ਰਹੋ। ਤੁਹਾਡੀ ਇੱਥੇ ਪੈਦਾ ਨਵੀਂ ਪੀੜ੍ਹੀ ਦੇ ਲੋਕਾਂ ਨੇ ਪੰਜਾਬ ਨਹੀਂ ਜਾਣਾ, ਇੱਥੇ ਵਸਣਾ ਹੈ, ਇਸ ਲਈ ਪੰਜਾਬ ਦੀ ਵਿਰਾਸਤ ਨਾਲ ਜੁੜੇ ਹੋਏ ਵੀ ਇਸ ਦੇਸ਼ ਅਤੇ ਇਸ ਸੋਹਣੇ ਸਮਾਜ ਨੂੰ ਹੋਰ ਸੋਹਣਾ ਕਰਨ ਵਿੱਚ ਜਿੰਨਾ ਹੋ ਸਕੇ, ਯੋਗਦਾਨ ਪਾਇਓ।

? ਪਨੂੰ ਜੀ, ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਹਾਡਾ ਲੰਬਾ ਅਰਸਾ ਕੰਮ ਕਰਨ ਦੀ ਸਾਰੀ ਗੱਲਬਾਤ ਇੰਨੇ ਸੀਮਤ ਸਮੇਂ ਨਹੀਂ ਕੀਤੀ ਜਾ ਸਕਦੀ। ਕੋਈ ਅਜਿਹੀ ਗੱਲ ਦੱਸੋ, ਜੋ ਮੈਂ ਤੁਹਾਨੂੰ ਨਾ ਪੁੱਛ ਸਕਿਆ ਹੋਵਾਂ ਪਰ ਤੁਸੀਂ ਦੱਸਣੀ ਚਾਹੁੰਦੇ ਹੋਵੋ?

: ਸਿਰਫ ਇੱਕ, ਕਿ ਨਵੀਂ ਪੀੜ੍ਹੀ ਨੂੰ ਉਂਗਲ ਫੜ ਕੇ ਓਦੋਂ ਤੋਰਨ ਦਾ ਯਤਨ ਨਾ ਕਰਿਓ, ਜਦੋਂ ਉਨ੍ਹਾਂ ਦੇ ਸਿਰ ਖੁਦ ਸੋਚਣ ਜੋਗੇ ਹੋ ਚੁੱਕੇ ਹੋਣ। ਮੋਢਿਆਂ ਉੱਤੇ ਸਿਰ ਇਸੇ ਲਈ ਲੱਗਾ ਹੁੰਦਾ ਹੈ ਕਿ ਬੰਦਾ ਆਪ ਸੋਚ ਸਕੇ। ਸਾਡੇ ਕੁਝ ਮਿੱਤਰ ਅਜੇ ਵੀ ਇਸ ਗੱਲ ਨੂੰ ਰੋਈ ਜਾਂਦੇ ਹਨ ਕਿ ਮੇਰੇ ਪੁੱਤਰ-ਧੀਆਂ ਮੇਰੀ ਗੱਲ ਨਹੀਂ ਸੁਣਦੇ। ਪਹਿਲਾਂ ਇਹ ਸੋਚੋ ਕਿ ਆਪਾਂ ਕਦੇ ਉਨ੍ਹਾਂ ਦੀ ਗੱਲ ਸੁਣੀ ਹੈ? ਨਵੇਂ ਯੁੱਗ ਵਿੱਚ ਨਵੀਂ ਪੀੜ੍ਹੀ ਦੀ ਗੱਲ ਪਹਿਲਾਂ ਸੁਣਨੀ ਅਤੇ ਸਮਝਣੀ ਤੇ ਫਿਰ ਆਪਣੀ ਕਹਿਣੀ ਲਾਹੇਵੰਦ ਰਹੇਗੀ। ਇਹ ਫਾਰਮੂਲਾ ਹੁਣ ਨਹੀਂ ਚੱਲਣਾ ਕਿ ਮੇਰੇ ਬਾਪੂ ਨੇ ਮੇਰੇ ਬਾਰੇ ਕੋਈ ਕੰਮ ਕਰਨ ਤੋਂ ਪਹਿਲਾਂ ਕਦੇ ਮੈਨੂੰ ਪੁੱਛਿਆ ਨਹੀਂ ਸੀ। ਨਵੀਂ ਪੀੜ੍ਹੀ ਇੰਟਰਨੈੱਟ ਯੁੱਗ ਦੀ ਹੈ। ਉਸ ਨੂੰ ਨਾਲ ਰੱਖਣ ਲਈ ਉਸ ਦੇ ਹਾਣ ਦਾ ਬਣਨਾ ਪਵੇਗਾ। ਆਪਣੇ ਆਪ ਨੂੰ ਅੱਪਡੇਟ ਕਰਨਾ ਪਵੇਗਾ, ਨਹੀਂ ਤਾਂ ਜਿੰਨੀ ਤੇਜ਼ੀ ਨਾਲ ਇਹ ਚੱਲ ਰਹੀ ਹੈ, ਸਾਨੂੰ ਪਿਛਲੇ ਸਟੇਸ਼ਨ ਉੱਤੇ ਖੜ੍ਹੇ ਛੱਡ ਕੇ ਅੱਗੇ ਨਿਕਲ ਜਾਵੇਗੀ। ਇਹ ਮੌਕਾ ਕਦੇ ਨਾ ਆਉਣ ਦੇਣਾ।

*****

(709)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author