ShamSingh7“ਅੱਜ ਦੇ ਹਾਕਮਾਂ ਅਤੇ ਖ਼ਾਸ ਕਰ ਕੇ ਲੋਕਤੰਤਰੀ ਦੇਸਾਂ ਵਿੱਚ ਰਾਜ-ਭਾਗ ਕਰਦੇ ਲੋਕਾਂ ਨੂੰ ...”
(20 ਮਈ 2017)

 

ਦੁਨੀਆ ਭਰ ਵਿੱਚ ਤਾਨਾਸ਼ਾਹੀ ਦਾ ਰੁਝਾਨ ਵਧ ਰਿਹਾ ਹੈ, ਜੋ ਕਈ ਥਾਂ ਲੁਕਵੇਂ ਰੂਪ ਵਿੱਚ ਹੈ ਅਤੇ ਕਈ ਜਗ੍ਹਾ ਪ੍ਰਤੱਖ। ਇਹ ਮਨੁੱਖਤਾ ਲਈ ਮਾੜਾ ਅਤੇ ਖ਼ਤਰਨਾਕ ਰੁਝਾਨ ਹੈ, ਜਿਸ ਵਿੱਚ ਆਮ ਆਦਮੀ ਨਪੀੜੇ ਜਾਣ ਤੋਂ ਬਚ ਨਹੀਂ ਸਕਦਾ। ਜਿਹੜੇ ਮੁਲਕਾਂ ਵਿਚ ਵੀ ਤਾਨਾਸ਼ਾਹੀ ਦੇ ਪ੍ਰਛਾਵੇਂ ਹਨ, ਉੱਥੇ ਗ਼ੁਲਾਮ ਜ਼ਹਿਨੀਅਤ ਕਾਰਨ ਕਿਸੇ ਵੀ ਖੇਤਰ ਵਿੱਚ ਆਜ਼ਾਦ ਅਤੇ ਉੱਚੀਆਂ ਉਡਾਰੀਆਂ ਨਹੀਂ ਭਰੀਆਂ ਜਾ ਸਕਦੀਆਂ। ਗ਼ੁਲਾਮੀ ਸਦਾ ਹੀ ਮਾਰਦੀ ਹੈ, ਤਾਰਦੀ ਨਹੀਂ। ਇਹ ਸਿਰ ’ਤੇ ਸ਼ਿਕੰਜਾ ਕੱਸੀ ਰੱਖਦੀ ਹੈ, ਡਰ ਤੋਂ ਮੁਕਤ ਨਹੀਂ ਹੋਣ ਦਿੰਦੀ। ਤਾਨਾਸ਼ਾਹੀ ਦੇ ਸਾਏ ਹੇਠ ਸੋਚ ਤਾਨਾਸ਼ਾਹੀ ਦੇ ਸਾਏ ਹੇਠ ਹੁੰਦੀ ਹੈ ਅਤੇ ਜਾਨ ਸਦਾ ਮੁੱਠੀ ਵਿੱਚ। ਅਜਿਹੇ ਵਿਚ ਮਾਨਵਤਾ ਤਾਂ ਰੁਲ਼-ਖੁਲ਼ ਕੇ ਰਹਿ ਜਾਂਦੀ ਹੈ ਅਤੇ ਕੁਝ ਵੀ ਨਹੀਂ ਬਚਦਾ।

ਲੋਕਤੰਤਰੀ ਪ੍ਰਣਾਲੀ ਅਪਣਾਉਣ ਵਾਲੇ ਦੇਸ ਜਦੋਂ ਵੋਟਾਂ ਰਾਹੀਂ ਆਪਣੇ ਪ੍ਰਤੀਨਿਧਾਂ ਨੂੰ ਚੁਣਦੇ ਹਨ ਤਾਂ ਉਹਨਾਂ ਤੋਂ ਆਸ ਇਹ ਕੀਤੀ ਜਾਂਦੀ ਹੈ ਕਿ ਉਹ ਲੋਕ ਭਾਵਨਾਵਾਂ ਮੁਤਾਬਿਕ ਕੰਮ ਕਰ ਕੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨਗੇ। ਚੁਣੇ ਜਾਣ ਵਾਲੇ ਆਪੋ-ਆਪਣੇ ਏਜੰਡਿਆਂ ਵਿੱਚ ਅਜਿਹਾ ਕੁਝ ਕਰਨ ਦੇ ਵਾਅਦੇ ਵੀ ਕਰਦੇ ਹਨ ਅਤੇ ਦਾਅਵੇ ਵੀ। ਜਿਨ੍ਹਾਂ ਮੁਲਕਾਂ ਵਿੱਚ ਸਰਕਾਰਾਂ ਤਾਂ ਲੋਕਤੰਤਰੀ ਵਿਧੀਆਂ ਨਾਲ ਹੀ ਚੁਣੀਆਂ ਜਾਂਦੀਆਂ ਹਨ, ਪਰ ਜਦੋਂ ਹਕੂਮਤ ਕਰਦੀਆਂ ਹਨ, ਤਾਂ ਉਹਨਾਂ ਦਾ ਰੁਝਾਨ ਮਨਮਰਜ਼ੀ, ਤਾਨਾਸ਼ਾਹੀ ਦੇ ਰਾਹ ਪੈ ਜਾਂਦਾ ਹੈ, ਜਿਸ ਦਾ ਲੋਕਾਂ ਨੇ ਉਹਨਾਂ ਨੂੰ ਹੱਕ ਨਹੀਂ ਦਿੱਤਾ ਹੁੰਦਾ।

ਉੱਤਰੀ ਕੋਰੀਆ ਵਿਚ ਤਾਨਾਸ਼ਾਹ ਦਾ ਸ਼ਬਦ ਹੀ ਕਾਨੂੰਨ ਹੈ, ਜਿਸ ਅੱਗੇ ਕੋਈ ਚਾਰਾਜੋਈ ਨਹੀਂ ਚੱਲਦੀ। ਉਹ ਅਮਰੀਕਾ ਦੇ ਮੁਖੀ ਨੂੰ ਵੀ ਚੁਣੌਤੀ ਦੇਣ ਤੋਂ ਉੱਕਦਾ ਨਹੀਂ। ਉੱਥੋਂ ਜਦੋਂ ਗੋਲੀ ਨਾਲ ਬੰਦਿਆਂ ਨੂੰ ਉਡਾਏ ਜਾਣ ਦੀਆਂ ਖ਼ਬਰਾਂ ਪੜ੍ਹਦੇ ਹਾਂ ਤਾਂ ਮਨੁੱਖੀ ਭਾਈਚਾਰੇ ਦਾ ਦਿਲ ਕੰਬ ਕੇ ਰਹਿ ਜਾਂਦਾ ਹੈ, ਪਰ ਉਹ ਕਰ ਕੁਝ ਨਹੀਂ ਸਕਦਾ। ਹੁਣੇ ਜਿਹੇ ਉਸ ਨੇ ਮਿਜ਼ਾਈਲ ਦਾ ਪ੍ਰੀਖਣ ਕਰ ਕੇ ਮਨਮਰਜ਼ੀ ਦਾ ਕਾਰਜ ਕੀਤਾ ਹੈ ਅਤੇ ਆਪਣੀ ਬੇਹੂਦਾ ਤਾਨਾਸ਼ਾਹੀ ਦਾ ਪ੍ਰਗਟਾਵਾ। ਅਜਿਹਾ ਕਰ ਕੇ ਉੱਥੋਂ ਦੇ ਹਾਕਮ ਇੱਕ ਨਾਲ ਨਹੀਂ, ਕਈ ਮੁਲਕਾਂ ਨਾਲ ਖਹਿ ਕੇ ਲੰਘਣ ਦਾ ਕੰਮ ਵੀ ਕਰਦੇ ਹਨ ਅਤੇ ਚੁਣੌਤੀ ਦੇਣ ਦਾ ਵੀ। ਅਜਿਹਾ ਹੋਣ ਨਾਲ ਖ਼ਤਰਿਆਂ ਨੂੰ ਜਰਬ ਆਉਂਦੀ ਹੈ ਅਤੇ ਦੁਸ਼ਮਣੀਆਂ ਵਿੱਚ ਵਾਧਾ ਰੁਕਣ ਦਾ ਨਾਂਅ ਨਹੀਂ ਲੈਂਦਾ।

ਚੀਨ ਵਿੱਚ ਇੱਕ ਹੀ ਸਿਆਸੀ ਪਾਰਟੀ ਕੰਮ ਕਰਦੀ ਹੈ, ਦੂਜੀ ਬਣਨ ਨਹੀਂ ਦਿੱਤੀ ਜਾਂਦੀ। ਕਈ ਵਾਰ ਵੱਡੇ ਨੇਤਾਵਾਂ ਦਾ ਸਫ਼ਾਇਆ ਇੱਕ ਪਾਰਟੀ ਦੀ ਤਾਨਾਸ਼ਾਹੀ ਦਾ ਹੀ ਸਿੱਟਾ ਹੈ, ਜਿਸ ਨੂੰ ਰੋਕਿਆ ਨਹੀਂ ਜਾ ਸਕਿਆ। ਉਹ ਸਿਆਸੀ ਪਾਰਟੀ ਜੋ ਚਾਹੁੰਦੀ ਹੈ, ਉਹ ਕਰਦੀ ਹੈ, ਉਸ ਤੋਂ ਵੱਖਰਾ ਦੇਸ ਵਿੱਚ ਕੁਝ ਨਹੀਂ ਹੋ ਸਕਦਾ। ਅਜਿਹੇ ਵਰਤਾਰੇ ਵਿੱਚ ਲੋਕਤੰਤਰ ਨਾਂਅ ਦਾ ਹੀ ਹੁੰਦਾ ਹੈ, ਅਸਲ ਵਿੱਚ ਰਾਜ-ਭਾਗ ਚਲਾਉਣ ਲਈ ਮਨਮਰਜ਼ੀ ਨਾਲ ਤਾਨਾਸ਼ਾਹੀ ਹੀ ਚਲਾਈ ਜਾਂਦੀ ਹੈ, ਜਿਸ ਦਾ ਰੱਥ ਰੋਕਣ ਦੇ ਲੋਕ ਸਮਰੱਥ ਨਹੀਂ ਹੁੰਦੇ। ਅਜਿਹੇ ਮਾਹੌਲ ਵਿੱਚ ਲੋਕ ਪਿਸਦੇ ਹਨ, ਬੇਵੱਸੀ ਭੋਗਦਿਆਂ ਕੁਝ ਨਹੀਂ ਕਰ ਸਕਦੇ।

ਅਮਰੀਕਾ ਵਿਚ ਚੋਣਾਂ ਤੋਂ ਪਹਿਲਾਂ ਇੰਨਾ ਲੰਮਾ ਘਮਾਸਾਣ ਹੁੰਦਾ ਹੈ ਕਿ ਥਾਂ-ਥਾਂ ਜਲਸੇ ਹੁੰਦੇ ਹਨ ਅਤੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਬਹਿਸ-ਮੁਬਾਹਿਸੇ ਚੱਲਦੇ ਹਨ। ਜਦੋਂ ਇੱਕ ਸਿਆਸੀ ਪਾਰਟੀ ਦਾ ਉਮੀਦਵਾਰ ਚੁਣਿਆ ਜਾਂਦਾ ਹੈ ਤਾਂ ਉਹ ਆਪਣੇ-ਆਪ ਨੂੰ ਇੰਨਾ ਤਾਕਤਵਰ ਅਤੇ ਮਹਾਨਤਮ ਸਮਝਣ ਲੱਗ ਪੈਂਦਾ ਹੈ, ਜਿਵੇਂ ਦੁਨੀਆ ਦਾ ਤਾਨਾਸ਼ਾਹ ਬਣ ਗਿਆ ਹੋਵੇ, ਜਿਵੇਂ ਧਰਤੀ ਉੱਤੇ ਰੱਬ ਦਾ ਹੀ ਰੂਪ ਧਾਰ ਕੇ ਆ ਗਿਆ ਹੋਵੇ। ਹੁਣ ਜਿਹੇ ਚੁਣਿਆ ਰਾਸ਼ਟਰਪਤੀ ਡੌਨਲਡ ਟਰੰਪ ਕੁਝ ਜ਼ਿਆਦਾ ਹੀ ਰੱਬ ਹੋ ਗਿਆ ਹੈ, ਜਿਸ ਨੂੰ ਆਪਣੀ ਔਕਾਤ ਹੀ ਯਾਦ ਨਹੀਂ ਰਹੀ। ਕਿਵੇਂ ਉਸ ਦੁਆਲੇ ਜੁੜੇ ਮਾੜੇ ਕਿੱਸੇ ਚੋਣਾਂ ਸਮੇਂ ਬਾਹਰ ਆਏ ਕਿ ਅਮਰੀਕਾ ਵਾਸੀ ਹੀ ਨਹੀਂ, ਦੁਨੀਆ ਭਰ ਦੇ ਲੋਕ ਦੰਗ ਹੋ ਕੇ ਰਹਿ ਗਏ।

ਉਹ ਇੰਨਾ ਹੰਕਾਰੀ ਹੋ ਗਿਆ ਕਿ ਨਿੱਤ ਨਵੇਂ ਫੁੰਕਾਰਿਆਂ ਨਾਲ ਕਨੂੰਨ ਨੂੰ ਚੁਣੌਤੀ ਦੇਣ ਲੱਗ ਪਿਆ ਅਤੇ ਮਨ ਆਏ ਹੁਕਮ ਐਲਾਨ ਕਰੀ ਜਾ ਰਿਹਾ ਹੈ। ਦੇਸ ਦੀਆਂ ਅਦਾਲਤਾਂ ਉਸ ਦੇ ਹੁਕਮਾਂ ਨੂੰ ਸਿਰ ਭਾਰ ਸੁੱਟੀ ਵੀ ਜਾ ਰਹੀਆਂ ਹਨ, ਫੇਰ ਵੀ ਅਜੇ ਉਹ ਸਿੱਧੇ ਰਾਹ ਪੈਣ ਲਈ ਤਿਆਰ ਨਹੀਂ। ਪਰਵਾਸੀਆਂ ਦੇ ਬਹੁਤਾ ਹੀ ਖ਼ਿਲਾਫ਼ ਹੈ, ਜਿਨ੍ਹਾਂ ਦੇ ਯੋਗਦਾਨ ਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ। ਉਹ ਅਮਰੀਕੀਆਂ ਦੇ ਹੱਕ ਵਿੱਚ ਆਵਾਜ਼ ਉਠਾਵੇ, ਕਦਮ ਭਰੇ, ਇਸ ’ਤੇ ਕਿਸੇ ਨੂੰ ਇਤਰਾਜ਼ ਨਹੀਂ, ਪਰ ਬੇਵਜ੍ਹਾ ਪਰਵਾਸੀਆਂ ’ਤੇ ਕੁਹਾੜਾ ਚਲਾਵੇ, ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਜਿਹੜੇ ਉੱਥੇ ਦੇਰ ਤੋਂ ਜਾ ਕੇ ਵਸ ਗਏ, ਉਹ ਟਰੰਪ ਵਰਗਿਆਂ ਜਿੰਨੇ ਹੀ ਅਮਰੀਕਾ ਦੇ ਅਧਿਕਾਰੀ ਹਨ ਅਤੇ ਅਮਰੀਕਾ ਦੀ ਧਰਤੀ ਦੇ ਮਾਲਕ।

ਇਸਰਾਈਲ, ਕੋਰੀਆ ਅਤੇ ਹੋਰ ਕਈ ਮੁਲਕਾਂ ਨੂੰ ਆਪਣੇ ਦਾਬੇ ਹੇਠ ਰੱਖਣ ਦੇ ਮਨਸ਼ੇ ਟਰੰਪ ਦੀ ਤਿੱਖੀ ਤਾਨਾਸ਼ਾਹੀ ਦੇ ਪ੍ਰਤੱਖ ਝਲਕਾਰੇ ਹਨ, ਜਿਨ੍ਹਾਂ ਤੋਂ ਉਸ ਨੂੰ ਰੋਕਣ ਲਈ ਭਾਰਤ ਸਮੇਤ ਹੋਰ ਲੋਕਤੰਤਰੀ ਦੇਸ਼ਾਂ ਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤਾਂ ਕਿ ਉਸ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾਇਆ ਜਾ ਸਕੇ। ਅਮਰੀਕਾ ਨੂੰ ਦੂਜਿਆਂ ਮੁਲਕਾਂ ’ਤੇ ਦਾਬਾ ਰੱਖਣ ਦੀ ਪਈ ਆਦਤ ਟਰੰਪ ਵਿੱਚ ਕੁਝ ਜ਼ਿਆਦਾ ਹੀ ਜਾਗ ਪਈ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਚੀਨ ਅਤੇ ਉੱਤਰੀ ਕੋਰੀਆ ਕਾਫ਼ੀ ਨਹੀਂ।

ਆਸਟਰੇਲੀਆ ਵਿਚ ਪਰਵਾਸੀਆਂ ਲਈ ਆਪਣੇ ਮਾਪੇ ਪੰਜ ਜਾਂ ਦਸ ਸਾਲ ਲਈ ਮੰਗਵਾਉਣ ਵਾਸਤੇ ਉੱਥੋਂ ਦੀ ਸਰਕਾਰ ਵੱਲੋਂ ਭਾਰੀ ਫੀਸ ਰੱਖੀ ਗਈ ਹੈ, ਜੋ ਤਾਨਾਸ਼ਾਹੀ ਦਾ ਪ੍ਰਗਟਾਵਾ ਹੈ, ਜਿਸ ਦੀ ਵਿਰੋਧਤਾ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ, ਕਿਉਂਕਿ ਇਹ ਕੇਵਲ ਖ਼ਜ਼ਾਨਾ ਭਰਨ ਵਾਲੀ ਗੱਲ ਹੈ, ਲੋਕ-ਮਾਰੂ। ਵਿਰੋਧੀ ਆਗੂ ਕਹਿ ਰਹੇ ਹਨ ਕਿ ਇਹ ਪਰਵਾਸੀਆਂ ਦੀਆਂ ਜੇਬਾਂ ਖ਼ਾਲੀ ਕਰਨ ਦਾ ਦਾਅ-ਪੇਚ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਪਰਵਾਸੀਆਂ ਨੂੰ ਇੱਕ ਪਾਸੇ ਖੁਸ਼ ਕਰਨ ਦਾ ਜਤਨ ਕੀਤਾ ਗਿਆ, ਪਰ ਦੂਜੇ ਪਾਸੇ ਏਨੀ ਭਾਰੀ ਫੀਸ ਕੋਈ ਵਿਰਲਾ ਹੀ ਚੁਕਾ ਸਕਣ ਦੇ ਸਮਰੱਥ ਹੋਵੇਗਾ।

ਦੇਰ ਪਹਿਲਾਂ ਯੁਗਾਂਡਾ ਵਿਚ ਈਦੀ ਅਮੀਨ ਨੇ ਜੋ ਗੁੱਲ ਖਿਲਾਏ ਸਨ, ਉਹਨਾਂ ਤੋਂ ਕੌਣ ਵਾਕਿਫ਼ ਨਹੀਂ? ਉਸ ਦਾ ਜੋ ਹਸ਼ਰ ਹੋਇਆ, ਉਹ ਸਮਿਆਂ ਦੇ ਸਫ਼ਿਆਂ ’ਤੇ ਉੱਕਰਿਆ ਘਿਨਾਉਣਾ ਦ੍ਰਿਸ਼ ਸਭ ਨੇ ਵੇਖ ਲਿਆ। ਵੱਖ-ਵੱਖ ਸਮਿਆਂ ’ਤੇ ਪਾਕਿਸਤਾਨ ਵਿੱਚ ਤਾਨਾਸ਼ਾਹਾਂ ਨੇ ਲੋਕਾਂ ਨੂੰ ਤਾਂ ਰਗੜਿਆ ਹੀ ਰਗੜਿਆ, ਪਰ ਨਾਲ ਹੀ ਮੁਲਕ ਵੀ ਰਗੜ ਕੇ ਰੱਖ ਮਾਰਿਆ। ਮੁਲਕ ਨੂੰ ਗ਼ਰੀਬੀ ਵੱਲ ਹੋਰ ਧੱਕ ਦਿੱਤਾ ਗਿਆ। ਤਾਨਾਸ਼ਾਹ ਆਪਣੀ ਮਨ ਆਈ ਤਾਂ ਪੂਰੀ ਕਰਦੇ ਰਹੇ, ਪਰ ਲੋਕਾਂ ਨਾਲ ਸਦਾ ਹੀ ਖਿਲਵਾੜ ਹੁੰਦਾ ਰਿਹਾ, ਜਿਨ੍ਹਾਂ ਦੀ ਹਿਫਾਜ਼ਤ ਅਤੇ ਭਲੇ ਲਈ ਕਿਸੇ ਨੇ ਕਦੇ ਵੀ ਕੁਝ ਨਹੀਂ ਕੀਤਾ। ਹੋਰ ਕਈ ਥਾਂਈਂ ਬਾਦਸ਼ਾਹ ਰਾਜਿਆਂ ਦੇ ਰੂਪ ਵਿਚ ਅਜੇ ਵੀ ਆਪਣੀ ਰਾਜਾਸ਼ਾਹੀ ਕਾਇਮ ਰੱਖੀ ਬੈਠੇ ਹਨ ਅਤੇ ਕਿਸੇ ਵੀ ਕੀਮਤ ’ਤੇ ਇਸ ਨੂੰ ਤਿਆਗਣ ਲਈ ਤਿਆਰ ਨਹੀਂ। ਬਹੁਤਾ ਕਰ ਕੇ ਉਹ ਆਪਣੇ ਬਾਰੇ ਹੀ ਸੋਚਦੇ ਅਤੇ ਕਰਦੇ ਹਨ, ਦੂਜਿਆਂ ਦੀ ਪਰਵਾਹ ਨਹੀਂ ਕਰਦੇ।

ਭਾਰਤ ਦੀ ਗੱਲ ਛੇੜੀਏ ਤਾਂ ਸੂਬੇ ਦਾ ਮੁੱਖ ਮੰਤਰੀ ਹੀ ਕਿਸੇ ਤਾਨਾਸ਼ਾਹ ਤੋਂ ਘੱਟ ਨਹੀਂ ਹੁੰਦਾ। ਉਸ ਤੋਂ ਬਿਨਾਂ ਕਿਸੇ ਹੋਰ ਦੀ ਚੱਲਦੀ ਹੀ ਨਹੀਂ, ਜਾਂ ਚੱਲਣ ਨਹੀਂ ਦਿੱਤੀ ਜਾਂਦੀ। ਹਰ ਫਾਈਲ ਉਸ ਦੇ ਹੱਥੋਂ ਹੀ ਲੰਘੇ, ਇਸ ਨੂੰ ਮਨਮਰਜ਼ੀ ਨਹੀਂ ਆਖੋਗੇ ਤਾਂ ਹੋਰ ਕੀ ਕਹੋਗੇ? ਅਫਸਰਸ਼ਾਹੀ ਦੇ ਹੱਥ-ਵੱਸ ਵੀ ਕੁਝ ਨਹੀਂ ਰਹਿਣ ਦਿੱਤਾ ਜਾਂਦਾ। ਇਹ ਰੁਝਾਨ ਠੀਕ ਨਹੀਂ। ਵਿਕੇਂਦਰੀਕਰਣ ਹੋਵੇ ਤਾਂ ਕੰਮ ਛੇਤੀ ਵੀ ਹੋ ਸਕਦੇ ਹਨ, ਆਸਾਨੀ ਨਾਲ ਵੀ।

ਲੋਕਤੰਤਰ ਵਿੱਚ ਜਵਾਬੀ, ਮਨਮਰਜ਼ੀ ਦੀ ਕੋਈ ਥਾਂ ਨਹੀਂ, ਪਰ ਇੱਥੇ ਵੀ ਜੇ ਰਾਜ ਦਾ ਮੁੱਖ ਮੰਤਰੀ ‘ਸੰਗਤ ਦਰਸ਼ਨ’ ਦੇ ਨਾਂਅ ’ਤੇ ਮਨਮਰਜ਼ੀ ਕਰੀ ਜਾਵੇ, ਇੱਕੋ ਹਲਕੇ ਵਿਚ ਕਰੋੜਾਂ ਰੁਪਇਆਂ ਰਾਜਿਆਂ ਵਾਂਗ ਵੰਡੀ ਜਾਵੇ ਤਾਂ ਇਹ ਲੋਕਤੰਤਰੀ ਭਾਵਨਾ ਦਾ ਸਿੱਧਾ ਘਾਣ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾਣਾ ਚਾਹੀਦਾ। ਇਹ ਆਪਣੇ ਭਗਤ ਪੈਦਾ ਕਰਨ, ਪੈਸੇ ਨਾਲ ਲੋਕਾਂ ਨੂੰ ਖ਼ਰੀਦਣ ਦਾ ਜਤਨ ਹੈ, ਜਿਸ ਨੂੰ ਕਾਨੂੰਨ ਅਤੇ ਨਿਯਮ ਪ੍ਰਵਾਨ ਨਹੀਂ ਕਰ ਸਕਦੇ। ਵਿਕਾਸ ਕਰਵਾਉਣ ਦਾ ਕੰਮ ਉੱਚ ਅਧਿਕਾਰੀਆਂ, ਜ਼ਿਲ੍ਹਾ ਕਰਮਚਾਰੀਆਂ ਦੇ ਜ਼ਿੰਮੇ ਹੁੰਦਾ ਹੈ, ਇਸ ਵਿੱਚ ਮੁੱਖ ਮੰਤਰੀ ਜਾਂ ਮੰਤਰੀ ਸਿੱਧਾ ਦਖ਼ਲ ਦੇਵੇ ਤਾਂ ਪ੍ਰਬੰਧਕੀ ਢਾਂਚੇ ਵਿੱਚ ਵਿਘਨ ਪਾਉਣ ਦੀ ਗੱਲ ਹੁੰਦੀ ਹੈ ਅਤੇ ਵਿੰਗ ਪਾਉਣ ਦੀ ਵੀ।

ਅਧਿਕਾਰੀ ਵੀ ਜੇ ਨਿਯਮਾਂ ਅਤੇ ਕਨੂੰਨਾਂ ਅਨੁਸਾਰ ਕੰਮ ਕਰਨ ਨੂੰ ਤਰਜੀਹ ਦੇਣ ਲੱਗ ਪੈਣ ਤਾਂ ਮਨਮਰਜ਼ੀ ਦੀਆਂ ਘਿਨਾਉਣੀਆਂ ਚਾਲਾਂ ਤੋਂ ਮੁਕਤੀ ਮਿਲ ਸਕਦੀ ਹੈ, ਜੋ ਤਵਾਜ਼ਨ ਵਿਗਾੜਨ ਤੋਂ ਸਿਵਾ ਕੁਝ ਨਹੀਂ ਕਰਦੀ। ਨਾ ਕਿਸੇ ਦਾ ਸਿਫਾਰਸ਼ ਨਾਲ ਕੰਮ ਹੋਵੇ ਅਤੇ ਨਾ ਕਿਸੇ ਦੇ ਕੰਮ ਵਿੱਚ ਖਾਹਮਖਾਹ ਬੇਵਜ੍ਹਾ ਅੜਿੱਕਾ ਲੱਗੇ।

ਮਨਮਰਜ਼ੀਆਂ ਕਰਨ ਵਾਲਿਆਂ ਨੂੰ ਇੱਕੀਵੀਂ ਸਦੀ ਦੀ ਦੀਵਾਰ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਹੁਣ ਗ਼ੁਲਾਮੀਆਂ ਦਾ ਵਕਤ ਬੀਤ ਚੁੱਕਾ ਹੈਹਰ ਇੱਕ ਨੂੰ ਆਜ਼ਾਦੀਆਂ ਨਾਲ ਜਿਉਣ ਦਾ ਹੱਕ ਹੈ ਅਤੇ ਕਿਸੇ ਸਰਕਾਰ ਜਾਂ ਵਿਅਕਤੀ ਨੂੰ ਹੱਕ ਨਹੀਂ ਕਿ ਉਸ ਤੋਂ ਇਹ ਹੱਕ ਖੋਹਿਆ ਜਾਵੇ ਅਤੇ ਉਸ ਦੀਆਂ ਉਡਾਰੀਆਂ ਦੇ ਖੰਭ ਕੁਤਰ ਦਿੱਤੇ ਜਾਣ।

ਤਾਨਾਸ਼ਾਹ ਸਬਕ ਸਿੱਖਣ

ਇਤਿਹਾਸ ਵਿੱਚ ਉਹਨਾਂ ਜ਼ਾਲਮ ਤਾਨਾਸ਼ਾਹਾਂ ਦਾ ਜ਼ਿਕਰ ਲਿਖਿਆ ਮਿਲਦਾ ਹੈ, ਜਿਹੜੇ ਜਨਤਾ ’ਤੇ ਜ਼ੁਲਮ ਕਰਨ ਨੂੰ ਤਰਜੀਹ ਦਿੰਦੇ ਰਹੇ। ਉਹ ਆਪਣੀ ਹਉਮੈ ਨੂੰ ਪੱਠੇ ਤਾਂ ਪਾਉਂਦੇ ਰਹੇ, ਪਰ ਮਨੁੱਖਤਾ ਬਾਰੇ ਕਦੇ ਚੰਗਾ ਨਾ ਸੋਚਿਆ। ਅਜਿਹੇ ਜ਼ਾਲਮ ਜਾਣਦੇ ਸਨ ਕਿ ਉਹ ਧਰਤੀ ’ਤੇ ਸੀਮਤ ਉਮਰ ਭੋਗਣ ਲਈ ਆਏ ਹਨ, ਫਿਰ ਵੀ ਉਹ ਘਿਨਾਉਣੇ ਅਤੇ ਅਣਕਿਆਸੇ ਕੰਮ ਕਰਦੇ ਰਹੇ, ਜੋ ਉਹਨਾਂ ਨੂੰ ਮਨੁੱਖ ਦੇ ਜਾਮੇ ਵਿੱਚ ਨਹੀਂ ਸੀ ਕਰਨੇ ਚਾਹੀਦੇ।

ਜੇ ਕਿਤਾਬਾਂ ਵਿੱਚ ਜਾਣ ਨੂੰ ਜੀਅ ਨਾ ਵੀ ਕਰੇ ਤਾਂ ਸਿੱਖਾਂ ਦੀ ਅਰਦਾਸ ਸੁਣ ਲਈ ਜਾਵੇ, ਜਿਸ ਵਿੱਚ ਚਰਖੜੀਆਂ ’ਤੇ ਚੜ੍ਹਨ ਅਤੇ ਆਰੇ ਨਾਲ ਚਿਰਾਏ ਜਾਣ ਦਾ ਜ਼ਿਕਰ ਹੀ ਰੌਂਗਟੇ ਖੜ੍ਹੇ ਕਰ ਦੇਵੇਗਾ। ਕੀ ਤਾਨਾਸ਼ਾਹਾਂ ਨੂੰ ਮਾਫ਼ ਕੀਤਾ ਜਾ ਸਕਦਾ ਹੈ, ਬਿਲਕੁਲ ਹੀ ਨਹੀਂ, ਕਿਉਂਕਿ ਉਹ ਆਪਣੇ ਵਕਤਾਂ ਵਿੱਚ ਉਹ ਕਰਤੂਤਾਂ ਕਰ ਗਏ, ਜੋ ਆਉਣ ਵਾਲੇ ਵਕਤਾਂ ਦੇ ਮੂੰਹ ਕਾਲੇ ਵੀ ਕਰ ਗਈਆਂ ਅਤੇ ਸਹਿਮ ਵਿੱਚ ਵੀ ਪਾ ਗਈਆਂ।

ਅੱਜ ਦੇ ਹਾਕਮਾਂ ਅਤੇ ਖ਼ਾਸ ਕਰ ਕੇ ਲੋਕਤੰਤਰੀ ਦੇਸਾਂ ਵਿੱਚ ਰਾਜ-ਭਾਗ ਕਰਦੇ ਲੋਕਾਂ ਨੂੰ ਇਤਿਹਾਸ ਤੋਂ ਸਬਕ ਜ਼ਰੂਰ ਲੈਣਾ ਚਾਹੀਦਾ ਹੈ ਕਿ ਉਹ ਸੀਮਤ ਵਕਤ ਲਈ ਧਰਤੀ ਉੱਤੇ ਆਏ ਹਨ। ਇਸ ਵਕਤ ਵਿੱਚ ਜੇ ਉਹ ਚੰਗੇ ਕੰਮ ਕਰ ਜਾਣਗੇ ਤਾਂ ਉਹਨਾਂ ਦਾ ਨਾਂਅ ਯਾਦ ਰਹੇਗਾ। ਜੇ ਉਹ ਜ਼ੁਲਮ ਕਰਨ ਦੇ ਇਤਿਹਾਸ ਨੂੰ ਹੀ ਦੁਹਰਾਉਂਦੇ ਰਹੇ ਤਾਂ ਪੀੜਤਾਂ ਸਮੇਤ ਸਭ ਲੋਕ ਉਹਨਾਂ ਨੂੰ ਉਮਰਾਂ-ਉਮਰਾਂ ਤੱਕ ਕੋਸਦੇ ਅਤੇ ਨਿੰਦਦੇ ਰਹਿਣਗੇ।

*****

(707)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author