BhupindervirSingh7ਵਿਗਿਆਨ ਮੁਤਾਬਿਕ ਸਾਡਾ ਦਿਮਾਗ ਵਾਰ ਵਾਰ ਦਿਖਾਏ ਜਾਂਦੇ ਵਿਗਿਆਪਨਾਂ ਵਿਚ 90 ਪ੍ਰਤੀਸ਼ਤ ਵਿਸ਼ਵਾਸ ਕਰ ਲੈਂਦਾ ਹੈ ...
(14 ਮਈ 2017)

 

ਜਿਉਂ ਜਿਉਂ ਸਮਾਂ ਬਦਲਿਆ ਤਾਂ ਸਮੇਂ ਨਾਲ ਤਕਨਾਲੋਜੀ ਵਧੀ ਜਿਸ ਸਦਕਾ ਮਸ਼ੀਨੀਕਰਣ ਵੀ ਵਧ ਗਿਆ। ਵਧ ਰਹੇ ਮਸ਼ੀਨੀਕਰਣ ਕਾਰਨ ਬੇਰੋਜ਼ਗਾਰੀ ਵਿਚ ਵੀ ਵਾਧਾ ਹੋਇਆ। ਅੱਜ ਬੇਰੋਜ਼ਗਾਰੀ ਦੀ ਦੌੜ ਵਿਚ ਪੰਜਾਬ ਸਭ ਤੋਂ ਅੱਗੇ ਆ ਗਿਆ ਹੈ ਕਿਉਂਕਿ ਪੰਜਾਬ ਵਿਚ ਯੋਗਤਾ ਤੋਂ ਬਾਅਦ ਵੀ ਰੋਜ਼ਗਾਰ ਨਾ ਮਿਲਣਾ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਬੇਰੋਜ਼ਗਾਰੀ ਕਾਰਨ ਹੀ ਲੋਕਾਂ ਵਲੋਂ ਰੋਜ਼ਗਾਰ ਦੀ ਭਾਲ ਵਿਚ ਪੰਜਾਬ ਦੇ ਨਾਲ ਲਗਦੇ ਗੁਆਂਢੀਆਂ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਵੀ ਲੋੜ ਤੋਂ ਜ਼ਿਆਦਾ ਵਧ ਰਿਹਾ ਹੈ। ਅਜਿਹੇ ਰੁਝਾਨ ਨੂੰ ਵੇਖਦੇ ਹੋਏ ਪੰਜਾਬ ਵਿਚ ਬਹੁਤੇ ਲੋਕਾਂ ਵਲੋਂ ਟਰੈਵਲ ਏਜੰਟੀ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਨਾਲ ਹੀ ਕੁਝ ਅਜਿਹੇ ਅਨਸਰਾਂ ਵਲੋਂ ਵੀ ਵਿਦੇਸ਼ ਭੇਜਣ ਦਾ ਬਿਜ਼ਨਸ ਸ਼ੁਰੂ ਕੀਤਾ ਗਿਆ ਜਿਨ੍ਹਾਂ ਦਾ ਮਕਸਦ ਸਿਰਫ ਲੁੱਟਣ ਹੁੰਦਾ ਹੈ। ਅੱਜ ਸਭ ਤੋਂ ਵੱਡੀ ਸਮੱਸਿਆ, ਜਿਸ ਕਾਰਨ ਰੋਜ਼ਾਨਾ ਹੀ ਪੰਜਾਬ ਵਿੱਚ ਲੋਕਾਂ ਦੀ ਜ਼ਿਆਦਾ ਲੁੱਟ ਹੋ ਰਹੀ ਹੈ ਉਹ ਹੈ ਟਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਨਾਂ ਤੇ ਕੀਤੀ ਜਾ ਰਹੀ ਲੱਖਾਂ ਦੀ ਠੱਗੀ। ਅਜਿਹੀਆਂ ਲੁੱਟਾਂ ਦੀ ਗਿਣਤੀ ਵਿਚ ਪ੍ਰਤੀ ਦਿਨ ਵਾਧਾ ਹੀ ਦਰਜ ਕੀਤਾ ਜਾ ਰਿਹਾ ਹੈ। ਇਸ ਸਮੱਸਿਆ ਦੇ ਵਧਣ ਦੇ ਕਈ ਕਾਰਨ ਹਨ।

ਏਜੰਟਾਂ ਵਲੋਂ ਗੁਮਰਾਹ ਕਰਨਾ

ਅਜਿਹੀਆਂ ਵਾਰਦਾਤਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਏਜੰਟਾਂ ਵਲੋਂ ਮੀਡੀਆ ਜਾਂ ਹੋਰ ਸੰਚਾਰ ਦੇ ਸਾਧਨਾਂ ਜ਼ਰੀਏ ਲੋਕਾਂ ਦਾ ਯਕੀਨ ਜਿੱਤਿਆ ਜਾਂਦਾ ਹੈ। ਫਿਰ ਲੋਕਾਂ ਨੂੰ ਆਪਣੀ ਫਰਮ ਵਲੋਂ ਕੀਤੀ ਜਾ ਰਹੀ ਵਧੀਆ ਕਾਰਗੁਜ਼ਾਰੀ ਅਤੇ ਵਿਦੇਸ਼ ਦੇ ਸੁਪਨੇ ਦਿਖਾ ਕੇ ਗੁਮਰਾਹ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਪਾਸੋਂ ਲੱਖਾਂ ਰੁਪਏ ਦੀ ਵਸੂਲੀ ਕਰ ਲਈ ਜਾਂਦੀ ਹੈ। ਪਰ ਫਿਰ ਕਾਫੀ ਸਮਾਂ ਬੀਤਣ ’ਤੇ ਨਾ ਹੀ ਵਿਦੇਸ਼ ਭੇਜਿਆ ਜਾਂਦਾ ਹੈ ਤੇ ਨਾ ਹੀ ਪੀੜਤਾਂ ਦੇ ਪੈਸੇ ਵਾਪਸ ਕੀਤੇ ਜਾਂਦੇ ਹਨ। ਅਜਿਹੇ ਬਹੁਤੇ ਗੁਮਰਾਹ ਹੋ ਰਹੇ ਮਾਮਲਿਆਂ ਦੇ ਅੰਕੜਿਆਂ ਅਨੁਸਾਰ 75 ਪ੍ਰਤੀਸ਼ਤ ਤੋਂ ਜ਼ਿਆਦਾ ਗੁਮਰਾਹ ਹੋਣ ਵਾਲੇ ਲੋਕ ਉੱਚ ਸਿੱਖਿਆ ਪ੍ਰਾਪਤ ਹੁੰਦੇ ਹਨ। ਵਿਗਿਆਨ ਮੁਤਾਬਿਕ ਸਾਡਾ ਦਿਮਾਗ ਵਾਰ ਵਾਰ ਦਿਖਾਏ ਜਾਂਦੇ ਵਿਗਿਆਪਨਾਂ ਵਿਚ 90 ਪ੍ਰਤੀਸ਼ਤ ਵਿਸ਼ਵਾਸ ਕਰ ਲੈਂਦਾ ਹੈ। ਇਹੀ ਇੱਕ ਵੱਡਾ ਕਾਰਨ ਹੈ ਕਿ ਹਰ ਕੰਪਨੀ ਵਲੋਂ ਆਪਣੀ ਸੇਲ ਵਧਾਉਣ ਅਤੇ ਪੈਸੇ ਕਮਾਉਣ ਲਈ ਵਿਗਿਆਪਨਾਂ ਉੱਤੇ 60 ਪ੍ਰਤੀਸ਼ਤ ਪੈਸਾ ਖਰਚ ਕੀਤਾ ਜਾਂਦਾ ਹੈ। ਕਈ ਵਾਰ ਅਜਿਹੀਆਂ ਵਾਰਦਾਤਾਂ ਦੇ ਸ਼ਿਕਾਰ ਹੋਣ ਕਾਰਨ ਕਰਜ਼ਾਈ ਹੋਏ ਲੋਕਾਂ ਵਲੋਂ ਆਤਮ ਹੱਤਿਆਵਾਂ ਕਰਨ ਤੋਂ ਇਲਾਵਾ ਅਪਰਾਧ ਦੀ ਦੁਨੀਆਂ ਵਿਚ ਵੀ ਸਰਗਰਮ ਹੋਣ ਨੂੰ ਪਹਿਲ ਦਿੱਤੀ ਜਾਂਦੀ ਹੈ। ਰੋਜ਼ਾਨਾ ਹੀ ਵਧ ਰਹੇ ਅਜਿਹੇ ਮਾਮਲੇ ਲੋਕਾਂ ਅਤੇ ਪੰਜਾਬ ਦੇ ਭਵਿੱਖ ਲਈ ਵੱਡਾ ਖਤਰਾ ਬਣ ਰਹੇ ਹਨ।

ਬੇਰੋਜ਼ਗਾਰੀ ਕਾਰਨ ਵਿਦੇਸ਼ਾਂ ਵੱਲ ਰੁਖ

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਦੇਖੋ ਦੇਖੀ ਹੀ ਵਿਦੇਸ਼ ਜਾਣ ਦੀ ਭੇਡ ਚਾਲ ਸ਼ੁਰੂ ਹੋ ਗਈ ਹੈ। ਵਿਦੇਸ਼ ਜਾਣ ਦਾ ਝੱਲ ਇੰਨਾ ਵਧ ਗਿਆ ਹੈ ਕਿ ਪੰਜਾਬ ਵਿੱਚੋਂ ਲਗਭਗ 70 ਪ੍ਰਤੀਸ਼ਤ ਘਰਾਂ ਵਿੱਚੋਂ ਇੱਕ ਨਾ ਇੱਕ ਮੈਂਬਰ ਹੀਲੇ ਵਸੀਲੇ ਕਰਕੇ ਵਿਦੇਸ਼ ਨੂੰ ਜਾਣ ਦੇ ਹੰਭਲੇ ਮਾਰ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਉੱਚ ਡਿਗਰੀਆਂ ਹਾਸਲ ਕਰਕੇ ਵੀ ਯੋਗਤਾ ਅਨੁਸਾਰ ਰੋਜ਼ਗਾਰ ਨਹੀਂ ਮਿਲ ਰਿਹਾ। ਬੇਰੋਜ਼ਗਾਰੀ ਦੀ ਮਾਰ ਹਰ ਘਰ ਵਿੱਚ ਪੈ ਰਹੀ ਹੈ। ਇਸੇ ਗੱਲ ਦਾ ਲਾਭ ਅੱਜ ਟ੍ਰੈਵਲ ਏਜੰਟ ਉਠਾ ਰਹੇ ਹਨ ਜੋ ਇਸ ਕਿੱਤੇ ਵਿੱਚ ਸਰਗਰਮ ਹਨ। ਉਹ ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਯਕੀਨ ਵਿੱਚ ਲੈਕੇ ਹਵਾਈ ਕਿਲ੍ਹੇ ਉਸਾਰ ਕੇ ਦਿਖਾ ਦਿੰਦੇ ਹਨ ਤੇ ਫਿਰ ਲੋਕਾਂ ਤੋਂ ਪੈਸੇ ਲੈਕੇ ਉਨ੍ਹਾਂ ਦੀ ਲੁੱਟ ਕੀਤੀ ਜਾਂਦੀ ਹੈ। ਅਜਿਹੀ ਲੁੱਟ ਦਾ ਸ਼ਿਕਾਰ ਹੋਣ ਵਾਲੇ ਨੂੰ ਬਾਅਦ ਵਿੱਚ ਪਤਾ ਲਗਦਾ ਹੈ, ਉਸ ਨੂੰ ਜਦੋਂ ਨਾ ਵਿਦੇਸ਼ ਭੇਜਿਆ ਜਾਂਦਾ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਜਾਂਦੇ ਹਨ। ਅਜਿਹੇ ਬਹੁਤ ਕੇਸਾਂ ਵਿੱਚ ਵਿਦੇਸ਼ ਭੇਜਣ ਦੇ ਨਾਂਅ ਹੇਠ ਠੱਗੀ ਕਰਨ ਵਾਲੇ ਨਜ਼ਦੀਕੀ ਰਿਸ਼ਤੇਦਾਰ ਵੀ ਪਾਏ ਜਾਂਦੇ ਹਨ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਪੈਸੇ ਦੇ ਲਾਲਚ ਵਿਚ ਰਿਸ਼ਤੇਦਾਰਾਂ ਦਾ ਖੂਨ ਵੀ ਚਿੱਟਾ ਹੋ ਰਿਹਾ ਹੈ।

ਪੱਕੇ ਹੋਣ ਲਈ ਗੈਰਕਾਨੂੰਨੀ ਢੰਗਾਂ ਦੀ ਵਰਤੋਂ

ਜੋ ਕਿਸੇ ਨਾ ਕਿਸੇ ਹੀਲੇ ਵਿਦੇਸ਼ ਪਹੁੰਚਣ ਵਿਚ ਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਵਲੋਂ ਵਿਦੇਸ਼ਾਂ ਵਿਚ ਪੱਕੇ ਹੋਣ ਲਈ ਬਹੁਤ ਵਾਰ ਗੈਰਕਾਨੂੰਨੀ ਢੰਗਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਪਹਿਲਾਂ ਤਾਂ ਪੰਜਾਬ ਵਿੱਚੋਂ ਹੀ ਜਾਅਲੀ ਵਿਆਹ ਕਰਵਾਕੇ ਵਿਦੇਸ਼ ਜਾਣ ਦਾ ਰੁਝਾਨ ਨੌਜਵਾਨ ਪੀੜ੍ਹੀ ਲਈ ਕਈ ਵਾਰ ਵਿਦੇਸ਼ ਜਾਕੇ ਕਾਨੂੰਨੀ ਉਲਝਣਾਂ ਪੈਦਾ ਕਰ ਦਿੰਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਲੜਕੀਆਂ ਨੂੰ ਪੈਸੇ ਦੇਕੇ ਵਿਆਹ ਕਰਵਾਕੇ ਵੀ ਪੱਕੇ ਹੋਣ ਲਈ ਹਰ ਹੀਲਾ ਵਸੀਲਾ ਕੀਤਾ ਜਾਂਦਾ ਹੈ। ਇੱਕ ਨਵੀ ਸਕੀਮ “ਪੇਡ ਬੇਬੀ” ਵੀ ਪੱਕੇ ਹੋਣ ਲਈ ਵਰਤੀ ਜਾਂਦੀ ਹੈ ਜਿਸ ਵਿਚ ਪੱਕੇ ਹੋਣ ਲਈ ਪੈਸਿਆਂ ਦੇ ਬਦਲੇ ਪੱਕੀਆਂ ਔਰਤਾਂ ਨਾਲ ਬੱਚੇ ਪੈਦਾ ਕਰਕੇ ਪੱਕੀ ਮੋਹਰ ਲਗਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਅਜਿਹੇ ਸਭ ਤਰੀਕਿਆਂ ਪ੍ਰਤੀ ਜਾਣੂ ਹੋਣ ਤੋਂ ਬਾਅਦ ਵਿਦੇਸ਼ਾਂ ਦੇ ਕਾਨੂੰਨਾਂ ਵਿਚ ਸੋਧਾਂ ਕੀਤੀ ਗਈਆਂ ਹਨ ਅਤੇ ਅਜਿਹੇ ਗੈਰਕਾਨੂੰਨੀ ਢੰਗਾਂ ਦੀ ਵਰਤੋਂ ਨੂੰ ਰੋਕਣ ਲਈ ਇੰਮੀਗ੍ਰੇਸ਼ਨ ਵੀ ਸਖਤੀ ਵਰਤ ਰਿਹਾ ਹੈ। ਅਜਿਹੇ ਮਾਮਲਿਆਂ ਵਿਚ ਦੋਸ਼ੀ ਪਾਏ ਜਾਂਦੇ ਲੋਕਾਂ ਨੂੰ ਸਖਤ ਸਜ਼ਾਵਾਂ ਦੇਣ ਤੋਂ ਇਲਾਵਾ ਡਿਪੋਰਟ ਵੀ ਕੀਤਾ ਜਾ ਰਿਹਾ ਹੈ।

ਨਸਲੀ ਹਮਲਿਆਂ ਵਿਚ ਵਾਧਾ

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਕੇਨੈਡਾ ਵਿੱਚ ਤਾਂ ਮਿੰਨੀ ਪੰਜਾਬ ਹੀ ਵਸ ਗਿਆ ਹੈ। ਇਸ ਤੋਂ ਬਿਨਾਂ ਅੱਜ ਵਿਦੇਸ਼ਾਂ ਵਿੱਚ ਭਾਰਤ ਤੇ ਹੋਰ ਦੇਸ਼ਾਂ ਦੇ ਲੋਕਾਂ ਦੀ ਵਧ ਰਹੀ ਗਿਣਤੀ ਕਾਰਨ ਵਿਦੇਸ਼ੀਆਂ ਤੇ ਭਾਰਤੀਆਂ ਵਿਚ ਨਸਲੀ ਭੇਦ ਭਾਵ ਵੀ ਵਧ ਰਿਹਾ ਹੈ ਜਿਸ ਦੀ ਗਵਾਹੀ ਰੋਜ਼ਾਨਾ ਹੀ ਭਾਰਤੀ ਲੋਕਾਂ ’ਤੇ ਨਸਲ ਦੇ ਨਾਂ ਤੇ ਹੋ ਰਹੇ ਹਮਲੇ ਭਰਦੇ ਹਨ। ਅੱਜ ਵਿਦੇਸ਼ਾਂ ਵਿੱਚ ਵੀ ਭਾਰਤੀਆਂ ਦੀ ਗਿਣਤੀ ਵਧਣ ਕਾਰਨ ਰੋਜ਼ਗਾਰ ’ਤੇ ਕਾਫੀ ਅਸਰ ਪੈ ਰਿਹਾ ਹੈ। ਉੱਚ ਡਿਗਰੀ ਪ੍ਰਾਪਤ ਵਿਦਿਆਰਥੀਆਂ ਨੂੰ ਵੀ ਨਿੱਕਾ ਮੋਟਾ ਕੰਮ ਕਰਕੇ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਯੋਗ ਕੰਮ ਨਾ ਮਿਲਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਪਰਵਾਸ ਕਰਕੇ ਗਏ ਭਾਰਤੀ ਜਾਂ ਹੋਰ ਲੋਕ ਉੱਥੇ ਬੋਲੀ ਜਾਂਦੀ ਭਾਸ਼ਾ ਪੱਖੋਂ ਵੀ ਮਾਰ ਖਾ ਜਾਂਦੇ ਹਨ। ਕਿਉਂਕਿ ਵਿਦੇਸ਼ਾਂ ਦੀ ਸਟਰੀਟ ਭਾਸ਼ਾ ਹੀ ਵਿਦੇਸ਼ਾਂ ਵਿਚ ਸਫਲਤਾ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਬਹੁਤੇ ਤਾਂ ਰੋਜ਼ਗਾਰ ਨਾ ਮਿਲਣ ਕਾਰਨ ਪੈਸੇ ਖਰਾਬ ਕਰਕੇ ਵਾਪਸ ਵੀ ਆ ਰਹੇ ਹਨ। ਵਿਦੇਸ਼ਾਂ ਵਿਚ ਕੰਮ ਨਾ ਮਿਲਣ ਕਾਰਨ ਪੰਜਾਬ ਦੀਆਂ ਬਹੁਤ ਕੁੜੀਆਂ ਪਰੌਸਟੀਚਿਉਸ਼ਨ ਦੇ ਧੰਦੇ ਵਿਚ ਪੈ ਜਾਂਦੀਆਂ ਹਨ। ਇਹ ਸਭ ਜਾਣਦੇ ਹੋਏ ਪੰਜਾਬ ਦੇ ਲੋਕ ਫਿਰ ਵੀ ਆਪਣੇ ਆਪ ਨੂੰ ਆਪ ਮੁਸੀਬਤ ਵਿੱਚ ਪਾਕੇ ਵਿਦੇਸ਼ ਜਾਣ ਦੇ ਫੈਸਲੇ ’ਤੇ ਬਰਕਰਾਰ ਹਨ।

ਕਾਨੂੰਨੀ ਕਾਰਵਾਈ ਵਿਚ ਦੇਰ

ਜਦੋਂ ਕੋਈ ਅਜਿਹੀ ਲੁੱਟ ਦਾ ਸ਼ਿਕਾਰ ਹੁੰਦਾ ਹੈ ਤਾਂ ਪੁਲਸ ਵਲੋਂ ਸ਼ਿਕਾਇਤ ਮਿਲਣ ’ਤੇ ਬਣਦੀ ਧਾਰਾ ਲਗਾਕੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਅਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਅੱਜ ਅਜਿਹੇ ਹਜ਼ਾਰਾਂ ਹੀ ਕੇਸ ਅਦਾਲਤਾਂ ਵਿੱਚ ਬਹੁਤੇ ਲੰਮੇ ਸਮੇਂ ਤੋਂ ਵਿਚਾਰ ਅਧੀਨ ਹਨ ਅਤੇ ਦੋਸ਼ੀ ਆਮ ਵਾਂਗ ਘੁੰਮਦੇ ਨਜ਼ਰ ਆਉਂਦੇ ਹਨ। ਸ਼ੋਸ਼ਲ ਮੀਡੀਆ ਦੇ ਆਉਣ ਕਾਰਨ ਲੋਕਾਂ ਵਿਚ ਕਾਫੀ ਜਾਗਰੂਕਤਾ ਆ ਗਈ ਹੈ ਪਰ ਅਜਿਹੀਆਂ ਵਾਰਦਾਤਾਂ ਪ੍ਰਤੀ ਜਾਣੂ ਹੋਣ ਤੋਂ ਬਾਅਦ ਵੀ ਲੋਕਾਂ ਦੇ ਵਿਦੇਸ਼ ਜਾਣ ਵਿੱਚ ਕੋਈ ਕਮੀ ਨਹੀਂ ਆ ਰਹੀ। ਇਸ ਤੋਂ ਬਿਨਾਂ ਦੂਜੀ ਵੱਡੀ ਸਮੱਸਿਆ ਇਹ ਵੀ ਹੈ ਕਿ ਕੁਝ ਏਜੰਟਾਂ ਵਲੋਂ ਜ਼ਿਆਦਾ ਪੈਸੈ ਲੈ ਕੇ ਜਾਅਲੀ ਕਾਗਜ਼ੀ ਕਾਰਵਾਈ ਕਰਕੇ ਵਿਦੇਸ਼ ਭੇਜ ਦਿੱਤਾ ਜਾਂਦਾ ਹੈ। ਫੜੇ ਜਾਣ ’ਤੇ ਵਿਦੇਸ਼ੀ ਪੁਲਿਸ ਦੀ ਕਾਰਵਾਈ ਕਾਰਨ ਖੱਜਲ਼ ਖੁਆਰ ਹੋਣ ਤੋਂ ਇਲਾਵਾ ਕਾਨੂੰਨੀ ਕਾਰਵਾਈ ਦਾ ਵੀ ਹਿੱਸਾ ਬਣ ਜਾਂਦੇ ਹਨ। ਜਾਅਲੀ ਤੌਰ ’ਤੇ ਗਏ ਅੱਜ ਵੀ ਹਜ਼ਾਰਾਂ ਨੌਜਵਾਨ ਹਨ ਜੋ ਕਿ ਫੜੇ ਜਾਣ ਦੇ ਡਰ ਤੋਂ ਲੁਕ ਲੁਕ ਕੇ ਵਿਦੇਸ਼ਾਂ ਵਿੱਚ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਤਦ ਵੀ ਅੱਜ ਪੰਜਾਬ ਵਿੱਚ ਕੁਝ ਟਰੈਵਲ ਏਜੰਟਾਂ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀਆਂ ਕਰੀ ਜਾ ਰਹੇ ਹਨ। ਕਾਨੂੰਨੀ ਕਾਰਵਾਈ ਦੀ ਢਿੱਲ ਕਾਰਨ ਹੀ ਅਜਿਹੇ ਟਰੈਵਲ ਏਜੰਟ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂ ਤੇ ਪੈਸੇ ਠੱਗਕੇ ਇੱਕ ਸ਼ਹਿਰ ਵਿੱਚੋਂ ਆਪਣਾ ਦਫਤਰ ਬੰਦ ਕਰਕੇ ਨਵੇਂ ਨਾਂ ’ਤੇ ਕਿਸੇ ਹੋਰ ਸ਼ਹਿਰ ਵਿੱਚ ਖੋਲ੍ਹ ਲੈਂਦੇ ਹਨ। ਜੇਕਰ ਹਰ ਇੱਕ ਦੋਸ਼ੀ ਪਾਏ ਜਾਂਦੇ ਵਿਅਕਤੀ ਪ੍ਰਤੀ ਜਲਦੀ ਤੇ ਸਹੀ ਕਾਰਵਾਈ ਹੋਵੇ ਤਾਂ ਅਜਿਹੀਆਂ ਹੋ ਰਹੀਆਂ ਲੁੱਟਾਂ ਦੀ ਗਿਣਤੀ ਵਿਚ ਕਮੀ ਆ ਸਕਦੀ ਹੈ।

ਜਾਗਰੂਕ ਹੋਣ ਦੀ ਲੋੜ:

ਲੋਕਾਂ ਨਾਲ ਹੋ ਰਹੇ ਅਜਿਹੇ ਧੋਖੇ ਘਟਾਉਣ ਲਈ ਅੱਜ ਸਰਕਾਰ ਅਤੇ ਹੋਰ ਨਿੱਜੀ ਸੰਸਥਾਵਾਂ ਵੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲੱਗੀਆਂ ਹੋਈਆਂ ਹਨ। ਕਾਨੂੰਨ ਨੂੰ ਵੀ ਇਸ ਪ੍ਰਤੀ ਸਖਤੀ ਵਰਤਣ ਦੀ  ਲੋੜ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਖੁਦ ਵੀ ਇਸਦਾ ਸ਼ਿਕਾਰ ਹੋਣੋ ਬਚਣਾ ਚਾਹੀਦਾ ਹੈ। ਲੋਕ ਜ਼ਿਆਦਾਤਰ ਠੱਗਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਉਲਝਕੇ ਰਹਿ ਜਾਂਦੇ ਹਨ। ਇਨ੍ਹਾਂ ਵਲੋਂ ਝੂਠੇ ਅਤੇ ਵਧਾ ਚੜ੍ਹਾਕੇ ਦਿੱਤੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਫਸਾਇਆ ਜਾਂਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਕਿਸੇ ਨੇ ਵਿਦੇਸ਼ ਜਾਣਾ ਹੈ ਤਾਂ ਸਿਰਫ ਭਰੋਸੇਯੋਗ ਸੂਤਰਾਂ ਦੀ ਹੀ ਮਦਦ ਲਈ ਜਾਵੇ। ਜੇ ਕਿਸੇ ਅਣਜਾਣ ਦੀ ਮਦਦ ਲੈਣੀ ਵੀ ਹੈ ਤਾਂ ਉਸਦੀ ਨਿੱਜੀ ਜਾਣਕਾਰੀ ਤੇ ਉਸਦੀ ਖੋਲ੍ਹੀ ਗਈ ਏਜੰਸੀ ਦੀ ਪਹਿਲਾਂ ਪੂਰੀ ਜਾਂਚ ਪੜਤਾਲ ਕਰ ਲੈਣੀ ਯਕੀਨੀ ਬਣਾਈ ਜਾਵੇ। ਪੂਰੀ ਤੇ ਸਹੀ ਕਾਗਜ਼ੀ ਕਾਰਵਾਈ ਕੀਤੀ ਜਾਵੇ। ਕਿਸੇ ਵੀ ਅਣਜਾਣ ਨੂੰ ਪਹਿਲਾਂ ਪੈਸੇ ਨਾ ਦਿੱਤੇ ਜਾਣ। ਜੇਕਰ ਕਿਸੇ ਟਰੈਵਲ ਏਜੰਸੀ ’ਤੇ ਕੋਈ ਸ਼ੱਕ ਹੁੰਦਾ ਹੈ ਤਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ ਜਾਵੇ। ਇਸ ਤੋਂ ਬਿਨਾਂ ਵਿਦੇਸ਼ ਜਾਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਮੁਸ਼ਕਿਲ ਨਾ ਆਵੇ। ਵਿਦੇਸ਼ੀ ਕਾਰਵਾਈ ਪ੍ਰਤੀ ਗਿਆਨ ਰੱਖਣ ਵਾਲੇ ਇਨਸਾਨਾਂ ਨੂੰ ਵੀ ਇਨਸਾਨੀਅਤ ਦੇ ਨਾਂ ਤੇ ਇੱਕ ਦੂਜੇ ਨੂੰ, ਜੋ ਕਿ ਵਿਦੇਸ਼ ਜਾਣ ਦਾ ਚਾਹਵਾਨ ਹੈ, ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਅੱਜ ਪੰਜਾਬ ਵਿੱਚ ਏਜੰਟਾਂ ਦੇ ਹੱਥੋਂ ਮਾਸੂਮ ਲੋਕ ਆਪਣੀ ਮਿਹਨਤ ਦੇ ਪੈਸੇ ਤੇ ਸਮੇਂ ਦੀ ਹੋ ਰਹੀ ਲੁੱਟ ਤੋਂ ਬਚ ਸਕਣ।

*****

(700)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਭੁਪਿੰਦਰਵੀਰ ਸਿੰਘ

ਭੁਪਿੰਦਰਵੀਰ ਸਿੰਘ

Patiala, Punjab, India.
Phone: (91 - 99149 - 57073)
Email: (bhupindervirsingh87@gmail.com)