JaswantAjit7“... ਜੰਮੂ-ਕਸ਼ਮੀਰ ਵਿੱਚ ਹਾਲਾਤ ਬੜੀ ਤੇਜ਼ੀ ਨਾਲ ਵਿਗੜ ਰਹੇ ਹਨ ...”
(13 ਮਈ 2017)

 

ਇਤਿਹਾਸ ਗਵਾਹ ਹੈ ਕਿ ਹਰ ਲੋਕਤਾਂਤ੍ਰਿਕ ਦੇਸ਼ ਦਾ ਮੀਡੀਆ, ਆਪਣੇ ਦੇਸ਼ ਦੇ ਲੋਕਤਾਂਤ੍ਰਿਕ ਸੰਵਿਧਾਨ ਦੇ ਰੱਖਿਅਕ ਵਜੋਂ ਇੱਕ ਅਜਿਹਾ ਥੰਮ੍ਹ ਸਵੀਕਾਰਿਆ ਜਾਂਦਾ ਚਲਿਆ ਆ ਰਿਹਾ ਹੈ, ਜੋ ਆਪਣੇ ਦੇਸ਼-ਵਾਸੀਆਂ ਦੇ ਹਿਤਾਂ-ਅਧਿਕਾਰਾਂ ਦੀ ਰੱਖਿਆ ਪ੍ਰਤੀ ਵਚਨਬੱਧ ਰਹਿ ਕੇ ਸਰਕਾਰ ਵਲੋਂ ਜਨ-ਹਿਤ ਵਿੱਚ ਜਾਂ ਜਨ-ਹਿਤ ਵਿਰੋਧੀ ਅਪਨਾਈਆਂ ਜਾਣ ਵਾਲੀਆਂ ਨੀਤੀਆਂ ਪ੍ਰਤੀ ਉਨ੍ਹਾਂ ਨੂੰ ਜਾਗਰੂਕ ਕਰਦਿਆਂ, ਜਨ-ਵਿਰੋਧੀ ਨੀਤੀਆਂ ਵਿਰੁੱਧ ਉਨ੍ਹਾਂ ਵਲੋਂ ਲੜੀ ਜਾਣ ਵਾਲੀ ਲੜਾਈ ਵਿੱਚ, ਉਨ੍ਹਾਂ ਨਾਲ ਖੜ੍ਹਾ ਹੁੰਦਾ ਹੈ।

ਪ੍ਰੰਤੂ ਇਸਦੇ ਵਿਰੁੱਧ ਅੱਜ ਦੇ ਭਾਰਤੀ ਮੀਡੀਆ ਦਾ ਇੱਕ ਵੱਡਾ ਵਰਗ ਜਿਵੇਂ ਸਰਕਾਰ ਦੀ ਪੈਰਵੀ ਕਰਦਿਆਂ ਆਪਣੇ-ਆਪ ਨੂੰ ਉਸਦਾ ਸਭ ਤੋਂ ਵੱਡਾ ਖੈਰ ਖਵਾਹ ਤੇ ਵਫਾਦਾਰ ਸਾਬਤ ਕਰਨ ਦੀ ਦੌੜ ਵਿੱਚ ਦੇਸ਼-ਵਾਸੀਆਂ ਨੂੰ ਗੁਮਰਾਹ ਕਰਨ ’ਤੇ ਤੁਲਿਆ ਅਧਾਰਹੀਣ ਤੇ ਮਨ-ਘੜਤ ਕਹਾਣੀਆਂ ਪ੍ਰਚਾਰ ਕੇ ਦੇਸ਼ ਦੀ ਇੱਕ-ਪਾਸੜ ਤਸਵੀਰ ਪੇਸ਼ ਕਰ ਰਿਹਾ ਹੈ, ਉਸ ਤੋਂ ਇਉਂ ਜਾਪਦਾ ਹੈ ਜਿਵੇਂ ਉਹ ਲੋਕਤੰਤਰ ਦੇ ਰੱਖਿਅਕ ਵਜੋਂ ਚੌਥਾ ਥੰਮ੍ਹ ਹੋਣ ਦੀਆਂ ਜ਼ਿੰਮੇਦਾਰੀਆਂ ਨੂੰ ਅਲਵਿਦਾ ਕਹਿ ਕੇ ਸਵਾਰਥ ਦੀ ਪੂਰਤੀ ਦੀ ਰਾਹ ਤੇ ਤੇਜ਼ੀ ਨਾਲ ਵਧਦਾ ਚਲਿਆ ਜਾ ਰਿਹਾ ਹੈ।

ਇਹੀ ਕਾਰਣ ਹੈ ਕਿ ਭਾਰਤੀ ਮੀਡੀਆ ਵਿੱਚ ਅੱਜਕਲ ਕਈ ਅਜਿਹੀਆਂ ਖਬਰਾਂ ਆਉਣ ਲੱਗ ਪਈਆਂ ਹਨ, ਜਿਨ੍ਹਾਂ ਦਾ ਨਾ ਤਾਂ ਕੋਈ ਅਧਾਰ ਹੁੰਦਾ ਅਤੇ ਨਾ ਹੀ ਕੋਈ ਜ਼ਮੀਨੀ ਸੱਚਾਈ। ਇਸਦਾ ਇੱਕ ਰੂਪ ਪਿਛਲੇ ਦਿਨੀਂ ਉਸ ਸਮੇਂ ਉੱਭਰ ਕੇ ਸਾਹਮਣੇ ਆਇਆ ਜਦੋਂ ਪਾਕਿ ਫੌਜੀਆਂ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਅੱਤਵਾਦੀਆਂ ਨੇ ਹਮਲਾ ਕਰਕੇ ਲਗਭਗ 7 ਭਾਰਤੀ ਸੈਨਿਕਾਂ ਤੇ ਸੁਰੱਖਿਆ ਗਾਰਡਾਂ ਨੂੰ ਸ਼ਹੀਦ ਅਤੇ ਕਈਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਤੋਂ ਇਲਾਵਾ ਜ਼ਾਲਮਾਨਾ ਢੰਗ ਨਾਲ ਦੋ ਸੈਨਿਕਾਂ ਦੇ ਮ੍ਰਿਤਕ ਸਰੀਰਾਂ ਦੇ ਟੁਕੜੇ ਵੀ ਕਰ ਦਿੱਤੇ। ਇਸ ਘਟਨਾ ਦੇ ਫਲਸਰੂਪ ਦੇਸ਼ ਭਰ ਵਿੱਚ ਪਾਕਿਸਤਾਨ ਅਤੇ ਭਾਰਤ ਸਰਕਾਰ ਵਿਰੁੱਧ ਗੁੱਸੇ ਦੀ ਲਹਿਰ ਤੂਫਾਨ ਵਾਂਗ ਉੱਠ ਵਗੀ। ਇਹ ਵੇਖ ਕਿ ਇਸ ਘਟਨਾ ਨੂੰ ਲੈ ਕੇ ਦੇਸ਼-ਵਾਸੀਆਂ ਦੇ ਦਿਲ ਵਿੱਚ ਕੌਮੀ ਸਰਕਾਰ ਵਿਰੁੱਧ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ, ਇੱਕ ਖਬਰਚੀ ਚੈਨਲ ਨੇ ਉਸ ਗੁੱਸੇ ਨੂੰ ‘ਠੰਢਿਆਂ’ ਕਰਨ ਦੇ ਉਦੇਸ਼ ਨਾਲ ਭਾਜਪਾ ਦੇ ਇੱਕ ਬੁਲਾਰੇ ਦੇ ਹਵਾਲੇ ਨਾਲ ਇਹ ਖਬਰ ਪ੍ਰਸਾਰਤ ਕਰ ਦਿੱਤੀ ਗਈ ਕਿ ਭਾਰਤੀ ਸੈਨਾ ਨੇ ਪਾਕਿਸਤਾਨੀ ਖੇਤ੍ਰ ਵਿੱਚ ਦਾਖਲ ਹੋ ਪਾਕਿਸਤਾਨੀ ਸੈਨਾ ਦੀਆਂ ਤਿੰਨ ਪੋਸਟਾਂ ਤਬਾਹ ਕਰ ਦਿੱਤੀਆਂ ਅਤੇ ਸੱਤ ਪਾਕਿਸਤਾਨੀ ਫੌਜੀਆਂ ਨੂੰ ਮਾਰ ਕੇ ਪਕਿਸਤਾਨੀ ਫੌਜਾਂ ਦੀ ਜ਼ਾਲਮਾਨਾ ਕਾਰਵਾਈ ਦਾ ਬਦਲਾ ਲੈ ਲਿਆ ਹੈ। ਜਦੋਂ ਇੱਕ ਚੈਨਲ ਵਲੋਂ ਇਹ ‘ਧਮਾਕੇਦਾਰ ਖਬਰ’ ਪ੍ਰਸਾਰਤ ਕਰਕੇ ਇਸ ਨੂੰ ਆਪਣੇ ਦਰਸ਼ਕਾਂ ਤਕ ਪਹੁੰਚਾਉਣ ਦੀ ਮੁਹਿੰਮ ਛੇੜੀ ਗਈ ਤਾਂ ਦੂਸਰੇ ਸਰਕਾਰ-ਪੱਖੀ ਚੈਨਲ ਉਸ ਤੋਂ ਕਿਵੇਂ ਪਿੱਛੇ ਰਹਿ ਸਕਦੇ ਸਨ? ਉਨ੍ਹਾਂ ਨੇ ਵੀ ਇਸ ‘ਖਬਰ’ ਨੂੰ ਵਧਾ-ਚੜ੍ਹਾ ਕੇ ਤੇ ਇਸ ਨੂੰ ‘ਸਨਸਨੀਖੇਜ਼’ ਬਣਾ ਕੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਮੀਡੀਆ ਵਲੋਂ ਕੀਤੇ ਜਾ ਰਹੇ ਇਸ ਧੂੰਆਂਧਾਰ ਪ੍ਰਚਾਰ ਦੀ ਪੁਸ਼ਟੀ ਲਈ ਜਦੋਂ ਕੁਝ ਪੱਤ੍ਰਕਾਰਾਂ ਵਲੋਂ ਫੌਜੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕਰਨ ਦੀ ਬਜਾਏ, ਅਜਿਹੀ ਕਿਸੇ ਕਾਰਵਾਈ ਦੇ ਹੋਣ ਨੂੰ ਨਕਾਰਦਿਆਂ ਖਬਰ ਦਾ ਖੰਡਨ ਜਾਰੀ ਕਰ ਦਿੱਤਾ। ਪ੍ਰਚਾਰਤ ਕੀਤੀ ਜਾ ਰਹੀ ਖਬਰ ਦਾ ਸੈਨਿਕ ਅਧਿਕਾਰੀਆਂ ਵਲੋਂ ਖੰਡਨ ਆਉਂਦਿਆਂ ਹੀ ਸਾਰੇ ਖਬਰਚੀ ਚੈਨਲਾਂ ਨੇ ਭਾਜਪਾ ਦੇ ਬੁਲਾਰੇ ਦੇ ਹਵਾਲੇ ਨਾਲ ਪ੍ਰਸਾਰਤ ਕੀਤੀ ਜਾ ਰਹੀ ਖਬਰ ਬਾਰੇ ਇੱਕਦਮ ਚੁੱਪ ਧਾਰ ਲਈ।

ਅਣਖੀ ਪੱਤਰਕਾਰਾਂ ਦੀ ਜ਼ਮੀਰ ਟੁੰਬੀ ਜਾਂਦੀ ਹੈ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿੱਚ ਵਿਕਾਊ ਮੀਡੀਆ ਦੇ ਸੰਸਾਰ ਵਿੱਚ ਕਈ ਅਜਿਹੇ  ਪੱਤਰਕਾਰ ਵੀ ਹਨ, ਜਿਨ੍ਹਾਂ ਦੀ ਸੋਚ ਤੇ ਵਿਚਾਰਧਾਰਾ ਦਾ ਝੁਕਾਅ ਭਾਵੇਂ ਕਿਸੇ ਪਾਸੇ ਵੀ ਹੋਵੇ, ਜਦੋਂ ਉਨ੍ਹਾਂ ਦੇ ਕੰਨਾਂ ਵਿੱਚ ਆਪਣੇ ਫਰਜ਼ ਦੀ ਪੂਰਤੀ ਦੀ ਆਵਾਜ਼ ਗੂੰਜਦੀ ਹੈ ਤਾਂ ਉਹ ਆਪਣੀ ਵਿਚਾਰਧਾਰਕ ਸੋਚ ’ਤੇ ਪਹਿਰਾ ਦਿੰਦਿਆਂ ਦੇਸ਼-ਵਾਸੀਆਂ ਪ੍ਰਤੀ ਆਪਣੀ ਜ਼ਿੰਮੇਦਾਰੀ ਨੂੰ ਈਮਾਨਦਾਰੀ ਨਾਲ ਨਿਭਾਉਣ ’ਤੇ ਮਜਬੂਰ ਹੋ ਜਾਂਦੇ ਹਨ। ਉਹ ਪਾਣੀ ਨੂੰ ਸਿਰ ਤੋਂ ਉੱਪਰ ਵਹਿੰਦਿਆਂ ਵੇਖ ਕੁਰਲਾ ਉੱਠਦੇ ਹਨ। ਅਜਿਹੇ ਹੀ ਇੱਕ  ਪੱਤਰਕਾਰ ਮਨਮੋਹਨ ਸ਼ਰਮਾ, ਜਿਨ੍ਹਾਂ ਦਾ ਬਹੁਤਾ ਝੁਕਾ ਭਾਜਪਾ ਵੱਲ ਤੇ ਨਿਸ਼ਠਾ ਆਰਆਰਐਸ ਦੀ ਵਿਚਾਰਧਾਰਾ ਪ੍ਰਤੀ ਹੈ, ਨੇ ਇਨ੍ਹੀਂ ਦਿਨੀਂ ਇੱਕ ਮਜ਼ਮੂਨ ‘ਭਾਰਤ ਚਕ੍ਰਵਿਊ ਮੇਂ ਫੰਸਾ’ ਸਪੁਰਦ-ਏ-ਕਲਮ ਕੀਤਾ ਹੈ। ਇਸ ਮਜ਼ਮੂਨ ਵਿੱਚ ਉਨ੍ਹਾਂ ਬੇਬਾਕੀ ਨਾਲ ਦੇਸ਼ ਦੇ ਵਰਤਮਾਨ ਹਾਲਾਤ ਦੀ ਚਰਚਾ ਕਰਦਿਆਂ ਲਿਖਿਆ ਕਿ ਜਿਨ੍ਹਾਂ ਲੋਕਾਂ ਨੂੰ ਆਸ ਸੀ ਕਿ ਕਾਂਗਰਸ ਤੋਂ ਮੁਕਤੀ ਪ੍ਰਾਪਤ ਕਰਨ ਤੋਂ ਬਾਅਦ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਇੱਕ ਨਵਾਂ ਯੁਗ ਸ਼ੁਰੂ ਹੋਵੇਗਾ, ਉਨ੍ਹਾਂ ਨੂੰ ਨਿਸ਼ਚਿਤ ਰੂਪ ਵਿੱਚ ਭਾਰੀ ਨਿਰਾਸ਼ਾ ਹੋ ਰਹੀ ਹੈ। ਦੇਸ਼ ਇੱਕ ਅਜਿਹੇ ਚੱਕ੍ਰਵਿਊ ਵਿਚ ਫਸਦਾ ਜਾ ਰਿਹਾ ਹੈ, ਜਿਸ ਵਿੱਚੋਂ ਨਿਕਲਣ ਦਾ ਉਸ ਨੂੰ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਲਿਖਿਆ ਕਿ ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਨਗਰ ਨਿਗਮ ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਸ਼ਾਨਦਾਰ ਸਫਲਤਾ ਪ੍ਰਾਪਤ ਹੋਈ ਹੈ ਅਤੇ ਇਸ ਸਫਲਤਾ ਦਾ ਸਿਹਰਾ ਨਿਸ਼ਚਿਤ ਰੂਪ ਵਿੱਚ ਪ੍ਰਧਾਨ ਮੰਤਰੀ ਦੇ ਸਿਰ ਹੀ ਬੰਨ੍ਹਿਆ ਜਾ ਸਕਦਾ ਹੈ, ਪ੍ਰੰਤੂ ਇਸਦੇ ਨਾਲ ਹੀ ਇੱਕ ਕੌੜੀ ਸੱਚਾਈ ਇਹ ਵੀ ਹੈ ਕਿ ਦੇਸ਼ ਦੀ ਜਨਤਾ ਦੇ ਸਾਹਮਣੇ ਭਾਜਪਾ ਨੂੰ ਵੋਟ ਦੇਣ ਤੋਂ ਬਿਨਾਂ ਹੋਰ ਕੋਈ ਬਦਲ ਵੀ ਨਹੀਂ। ਕਾਂਗਰਸ ਦਾ ਗ੍ਰਾਫ ਤੇਜ਼ੀ ਨਾਲ ਡਿਗ ਰਿਹਾ ਹੈ ਅਤੇ ਦੂਸਰੇ ਹੋਰ ਵਿਰੋਧੀ ਦਲ ਅੰਦਰੂਨੀ ਝਗੜਿਆਂ ਦਾ ਸ਼ਿਕਾਰ ਚੱਲ ਰਹੇ ਹਨ। ਇਸੇ ਗੱਲ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਕਾਰਗਰ ਅਤੇ ਮਜ਼ਬੂਤ ਵਿਰੋਧੀ ਧਿਰ ਨਾ ਹੋਣ ਕਰਕੇ ਸੱਤਾਧਾਰੀ ਦਲ ਵਿੱਚ ਨਿਰੰਕੁਸ਼ਤਾ ਦੀ ਸੋਚ ਦਿਨ-ਬ-ਦਿਨ ਵਧਦੀ ਜਾ ਰਹੀ ਹੈ।

ਵਾਇਦੇ ਜੋ ਵਫਾ ਨਾ ਹੋਏ:

ਇਸੇ ਪੱਤਰਕਾਰ ਅਨੁਸਾਰ ਸੰਨ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਨੇ ਜਨਤਾ ਨਾਲ ਜੋ ਲੰਬੇ-ਚੌੜੇ ਵਾਇਦੇ ਕੀਤੇ ਸਨ, ਉਹ ਵਾਇਦੇ ਸਵਾ ਤਿੰਨ ਵਰ੍ਹਿਆਂ ਦਾ ਸਮਾਂ ਬੀਤ ਜਾਣ ’ਤੇ ਵੀ ਜ਼ਮੀਨੀ ਸਤਹ ਤੱਕ ਪੂਰੇ ਨਹੀਂ ਹੋਏ। ਕੇਂਦਰ ਸਰਕਾਰ ਆਪਣੀ ਅਸਫਲਤਾ ਉੱਤੇ ਪਰਦਾ ਪਾਉਣ ਅਤੇ ਲੋਕਾਂ ਦਾ ਉਨ੍ਹਾਂ ਵਲੋਂ ਧਿਆਨ ਹਟਾਉਣ ਲਈ ਕੋਈ ਨਾ ਕੋਈ ਸ਼ੋਸ਼ੇਬਾਜ਼ੀ ਕਰਦੀ ਆ ਰਹੀ ਹੈ। ਕਦੀ ‘ਮੇਡ ਇਨ ਇੰਡੀਆ’ ਦੀ ਚਰਚਾ ਗਰਮ ਹੁੰਦੀ ਹੈ ਤੇ ਕਦੀ ‘ਸਵੱਛ ਭਾਰਤ ਅੰਦੋਲਨ’ ਦਾ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ। ਹੁਣ ‘ਤਿੰਨ ਤਲਾਕ’ ਦੇ ਮੁੱਦੇ ਨੂੰ ਹਵਾ ਵਿੱਚ ਉਛਾਲਿਆ ਜਾ ਰਿਹਾ ਹੈ। ਸਭ ਤੋਂ ਵੱਧ ਵਰਨਣਯੋਗ ਗੱਲ ਇਹ ਹੈ ਕਿ ਸੱਤਾਧਾਰੀ ਪਾਰਟੀ, ਭਾਜਪਾ ਦੇ ਆਗੂ, ਜਿਸ ਕਾਂਗਰਸ ਨੂੰ ਪਾਣੀ ਪੀ-ਪੀ ਕੋਸ ਰਹੇ ਹਨ, ਉਸੇ ਹੀ ‘ਬਦਨਾਮ’ ਕਾਂਗਰਸ ਦੇ ਨੇਤਾਵਾਂ ਲਈ ਉਸ ਨੇ ਆਪਣੇ ਦਰਵਾਜ਼ੇ ਖੋਲ੍ਹ ਰੱਖੇ ਹਨ। ਹੁਣ ਭਾਜਪਾ ‘ਕਾਂਗਰਸ-ਮੁਕਤ’ ਨਾ ਰਹਿ, ‘ਕਾਂਗਰਸ-ਯੁਕਤ’ ਬਣ ਗਈ ਹੈ।

ਉਹ ਲਿਖਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਸੱਤਾ ਦੀ ਮਲਾਈ ਚੱਟਣ ਲਈ ਭਾਜਪਾ ਨੇ ਪੀਡੀਪੀ ਨਾਲ ਸਿਧਾਂਤਹੀਣ ਗੱਠਜੋੜ ਕਰ ਲਿਆ, ਜਿਸਦੇ ਮਾੜੇ ਨਤੀਜੇ ਹੁਣ ਰਾਸ਼ਟਰ ਦੇ ਸਾਹਮਣੇ ਆ ਰਹੇ ਹਨ। ਇਸ ਗੱਲ ਤੋਂ ਕੋਈ ਵੀ ਵਿਅਕਤੀ ਇਨਕਾਰ ਨਹੀਂ ਕਰ ਸਕਦਾ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਬੜੀ ਤੇਜ਼ੀ ਨਾਲ ਵਿਗੜ ਰਹੇ ਹਨ। ਸਰਕਾਰ ਉਨ੍ਹਾਂ ਉੱਤੇ ਕਾਬੂ ਪਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ। ਸੁਰੱਖਿਆ ਬਲਾਂ ਉੱਤੇ ਖੁੱਲ੍ਹੇ-ਆਮ ਤੇ ਲਗਾਤਾਰ ਹਮਲੇ ਹੋ ਰਹੇ ਹਨ, ਇਸਦੇ ਨਾਲ ਹੀ ਉਨ੍ਹਾਂ ਨੂੰ ਅਪਮਾਨਤ ਵੀ ਕੀਤਾ ਜਾ ਰਿਹਾ ਹੈ। ਬੀਤੇ ਦੋ ਵਰ੍ਹਿਆਂ ਵਿੱਚ ਜੰਮੂ-ਕਸ਼ਮੀਰ ਦੇ ਅੱਤਵਾਦ ਦੇ ਇਤਿਹਾਸ ਵਿੱਚ ਹੁਣ ਤਕ ਲਗਭਗ 490 ਫੌਜੀ ਜਵਾਨ ਸ਼ਹੀਦ ਹੋ ਚੁੱਕੇ ਹਨ। ਇਹ ਅੰਕੜੇ, ਬੀਤੇ ਦੋ ਵਰ੍ਹਿਆਂ ਤੋਂ ਪਹਿਲਾਂ ਦੇ ਸਮੇਂ ਨਾਲੋਂ ਕਿਤੇ ਵੱਧ ਹਨ। ਹੁਣ ਤਾਂ ਰਿਆਸਤ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਵਲੋਂ ਵੀ ਖੁੱਲ੍ਹ ਕੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਜਾਣ ਲੱਗਾ ਹੈ। ਖੁੱਲ੍ਹੇ-ਆਮ ਪਾਕਿਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਹਨ ਅਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲੱਗ ਰਹੇ ਹਨ। ਸੁਰੱਖਿਆ ਬਲਾਂ ਉੱਤੇ ਪਥਰਾਉ ਕਰਨ ਦਾ ਸਿਲਸਿਲਾ ਦਿਨ-ਪ੍ਰਤੀ-ਦਿਨ ਜ਼ੋਰ ਪਕੜਦਾ ਚਲਿਆ ਜਾ ਰਿਹਾ ਹੈ।

ਉਨ੍ਹਾਂ ਹੋਰ ਲਿਖਿਆ ਕਿ ਰਿਆਸਤ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਤਾਂ ਖੁੱਲ੍ਹੇ-ਆਮ ਪਾਕਿਸਤਾਨ ਸਮਰਥਕ ਵੱਖਵਾਦੀ ਤੱਤਾਂ ਸਾਹਮਣੇ ਗੋਡੇ ਟੇਕ, ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰਨ ’ਤੇ ਜ਼ੋਰ ਦੇ ਦਿੱਤਾ ਹੈ। ਉਸਨੇ ਸਵੀਕਾਰ ਕੀਤਾ ਹੈ ਕਿ ਜੰਮੂ-ਕਸਮੀਰ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਅਟਲ ਬਿਹਾਰੀ ਵਾਜਪਾਈ ਦੀ ਨੀਤੀ ਦਾ ਅਨੁਸਰਣ ਕਰਦਿਆਂ ਵੱਖਵਾਦੀ ਅੱਤਵਾਦੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ। ਅਜੀਬ ਜਿਹੀ ਗੱਲ ਹੈ ਕਿ ਭਾਜਪਾ ਦੇ ਜਨਰਲ ਸਕੱਤਰ ਤੇ ਜੰਮੂ-ਕਸ਼ਮੀਰ ਦੇ ਪਾਰਟੀ ਮਾਮਲਿਆਂ ਦੇ ਇੰਨਚਾਰਜ ਰਾਮ ਮਾਧਵ ਦੇਸ਼ ਦੀ ਜਨਤਾ ਦੀਆਂ ਅੱਖਾਂ ਵਿੱਚ ਧੂੜ ਝੌਂਕਦੇ ਕਹਿ ਰਹੇ ਹਨ ਕਿ ਦੋ-ਤਿੰਨ ਮਹੀਨਿਆਂ ਵਿੱਚ ਹਾਲਾਤ ਸੁਧਰ ਜਾਣਗੇ। ਉਨ੍ਹਾਂ ਅਨੁਸਾਰ ਕੌੜੀ ਸੱਚਾਈ ਤਾਂ ਇਹ ਹੈ ਕਿ ਭਾਜਪਾ ਨੇ ਪੀਡੀਪੀ ਨਾਲ ਜੋ ਮੌਕਾ-ਪ੍ਰਸਤੀ ਉੱਤੇ ਅਧਾਰਤ ਗਠਬੰਧਨ ਕੀਤਾ ਹੋਇਆ ਹੈ, ਉਹ ਹੁਣ ਆਪਣਾ ਰੰਗ ਵਿਖਾ ਰਿਹਾ ਹੈ। ਦੋਹਾਂ ਦੀਆਂ ਨੀਤੀਆਂ ਇੱਕ-ਦੂਸਰੇ ਦੇ ਬਿਲਕੁਲ ਉਲਟ ਹਨ। ਗੱਡੀ ਦੇ ਇਹ ਦੋਵੇਂ ਘੋੜੇ ਇੱਕ-ਦੂਜੇ ਨੂੰ ਵਿਰੋਧੀ ਦਿਸ਼ਾ ਵੱਲ ਖਿੱਚ ਰਹੇ ਹਨ। ਇਸ ਦਾ ਮਾੜਾ ਪ੍ਰਭਾਵ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਉੱਤੇ ਪੈ ਰਿਹਾ ਹੈ ਤੇ ਉਹ ਬੇਬਸ ਹਨ।

… ਅਤੇ ਅੰਤ ਵਿੱਚ:

ਇਸੇ ਪੱਤਰਕਾਰ ਅਨੁਸਾਰ ਕਸ਼ਮੀਰ ਘਾਟੀ ਵਿੱਚ ਚੋਣ ਜਿੱਤ ਸਰਕਾਰ ਵਿੱਚ ਭਾਈਵਾਲ ਬਣਨ ਦੀ ਲਾਲਸਾ ਵਿੱਚ ਭਾਜਪਾ ਨੇ ਪੁਰਾਣੇ ਅੱਤਵਾਦੀਆਂ ਨਾਲ ਜੋ ਗੱਠਜੋੜ ਕੀਤਾ ਹੈ, ਉਸਦੇ ਮਾੜੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਵਿਚਾਰੇ ਸੁਰੱਖਿਆ ਬਲਾਂ ਦੀ ਸ਼ਾਮਤ ਆਈ ਹੋਈ ਹੈ। ਉਨ੍ਹਾਂ ਉੱਤੇ ਇੱਕ ਪਾਸੇ ਤਾਂ ਅੱਤਵਾਦੀ ਗੋਲੀਆਂ ਚਲਾ ਰਹੇ ਹਨ ਤੇ ਦੂਸਰੇ ਪਾਸੇ ਕਸ਼ਮੀਰੀ ਉਨ੍ਹਾਂ ਨੂੰ ਆਪਣੇ ਪੱਥਰਾਂ ਦਾ ਨਿਸ਼ਾਨਾ ਬਣਾ ਰਹੇ ਹਨ। ਸਰਕਾਰ ਅਤੇ ਨਿਆਂਪਾਲਿਕਾ ਨੇ ਉਨ੍ਹਾਂ ਦੇ ਹੱਥ ਬੰਨ੍ਹ ਰੱਖੇ ਹਨ। ਉਨ੍ਹਾਂ ਨੂੰ ਆਤਮ-ਰੱਖਿਆ ਵਿੱਚ ਵੀ ਗੋਲੀ ਚਲਾਉਣ ਦਾ ਅਧਿਕਾਰ ਨਹੀਂ। ਪੈਲੇਟ ਗੰਨਾਂ ਦੀ ਵਰਤੋਂ ਉੱਤੇ ਰੋਕ ਲਾਈ ਜਾ ਚੁੱਕੀ ਹੈ ਅਤੇ ਗ੍ਰਹਿ ਵਿਭਾਗ ਨੇ ਉਨ੍ਹਾਂ ਨੂੰ ਪਲਾਸਟਕ ਦੀਆਂ ਗੋਲੀਆਂ ਦੀ ਵਰਤੋਂ ਬਾਰੇ ਸਖਤ ਹਿਦਾਇਤਾਂ ਦੇ ਰੱਖੀਆਂ ਹਨ। ਸਵਾਲ ਉੱਠਦਾ ਹੈ ਕਿ ਆਖਿਰ ਕਦੋਂ ਤਕ ਸਾਡੇ ਦੇਸ਼ ਦੇ ਇਹ ਜਵਾਨ ਇਸੇ ਤਰ੍ਹਾਂ ਬੇ-ਮੌਤ ਮਾਰੇ ਜਾਂਦੇ ਰਹਿਣਗੇ?

*****

(699)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author