GurmitPalahi7ਇਹ ਮਨੁੱਖ ਰਾਹੀਂ ਬਣਾਈ ਹੋਈ ਨਾ-ਬਰਾਬਰੀ ਹੈਜਿਸ ਵਿੱਚ ਮੁੱਠੀ ਭਰ ਲੋਕ ...
(12 ਮਈ 2017)

 

ਧਰਤੀ ਬਹੁਤ ਕੁਝ ਕਹਿਣਾ ਚਾਹੁੰਦੀ ਹੈ, ਪਰ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਇਸ ਨਾ ਸੁਣਨ ਦੀ ਜ਼ਿੱਦ ਦੇ ਪਿੱਛੇ ਕਾਰਨ ਸਾਡੀ ਚਮਕ-ਦਮਕ ਭਰੀ ਜੀਵਨ ਸ਼ੈਲੀ ਹੈ, ਜਿਸ ਵਿੱਚ ਜ਼ਰੂਰਤਾਂ ਇੰਨੀਆਂ ਵਧ ਗਈਆਂ ਹਨ ਕਿ ਸਾਡੇ ਲਈ ਹੁਣ ਵਾਪਸ ਪਰਤਣਾ ਅਸੰਭਵ ਜਿਹਾ ਲੱਗ ਰਿਹਾ ਹੈ, ਭਾਵ ਸਾਡੀਆਂ ਜ਼ਰੂਰਤਾਂ ਵਧਦੀਆਂ ਹੀ ਜਾ ਰਹੀਆਂ ਹਨ। ਅਸੀਂ ਪਿਛਲੇ 30-40 ਸਾਲਾਂ ਤੋਂ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਦਿਖਾਵੇ ਦੇ ਕਾਰਨ ਆਪਾਂ ਕੁਝ ਖੋਹ ਲਿਆ ਹੈ। ਇਸ ਲਈ ਵਿਸ਼ਵ-ਪੱਧਰੀ ਬਹਿਸ ਦੀ ਸ਼ੁਰੂਆਤ ਹੋਈ, ਜਿਸ ਵਿੱਚ ਸਟਾਕਹੋਮ ਦੀ ਬੈਠਕ ਖ਼ਾਸ ਰਹੀ। ਫਿਰ ਜਿਵੇਂ-ਜਿਵੇਂ ਹਾਲਾਤ ਵਿਗੜਦੇ ਗਏ, ਉਵੇਂ-ਉਵੇਂ ਬੈਠਕਾਂ ਵਿੱਚ ਤੇਜ਼ੀ ਆਉਂਦੀ ਗਈ ਅਤੇ ਲਗਭਗ ਚਾਰ ਦਹਾਕੇ ਇਹ ਬੈਠਕਾਂ ਕਰਨ ਵਿੱਚ ਹੀ ਲੰਘ ਗਏ। ਜੇਕਰ ਉਸ ਸਮੇਂ ਧਰਤੀ ਨੂੰ ਬਚਾਉਣ ਲਈ ਠੋਸ ਕਦਮ ਚੁੱਕੇ ਜਾਂਦੇ, ਤਾਂ ਸ਼ਾਇਦ ਅੱਜ ਇਹ ਹਾਲਤ ਨਾ ਹੁੰਦੀ। ਹਾਲਾਤ ਵਿਗੜਨ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਵਧਦੀ ਹੀ ਚਲੀ ਗਈ।

ਹੁਣ ਜ਼ਰਾ ਧਰਤੀ ਦੇ ਗਹਿਣੇ ਜੰਗਲਾਂ ਵੱਲ ਨਜ਼ਰ ਮਾਰੀਏ। ਇਨ੍ਹਾਂ ਵਿੱਚ ਭਾਰੀ ਕਮੀ ਆਈ ਹੈ। ਉਦਯੋਗਿਕ ਕਰਾਂਤੀ ਤੋਂ ਪਹਿਲਾਂ ਧਰਤੀ ਉੱਤੇ ਛੇ ਅਰਬ ਹੈਕਟੇਅਰ ਖੇਤਰਫਲ ਵਿੱਚ ਜੰਗਲ ਸਨ, ਜੋ ਘਟ ਕੇ ਚਾਰ ਅਰਬ ਹੈਕਟੇਅਰ ਰਹਿ ਗਏ ਹਨ। ਜੇਕਰ ਆਈ ਯੂ ਸੀ ਐੱਨ (ਅੰਤਰ-ਰਾਸ਼ਟਰੀ ਪ੍ਰਕਿਰਤੀ ਸੁਰੱਖਿਆ ਸੰਘ) ਦੀ ‘ਰੈੱਡ ਲਿਸਟ’ (ਖ਼ਤਰੇ ਦੇ ਨਿਸ਼ਾਨ ਵਾਲੀ ਲਿਸਟ) ਦੇਖੀਏ ਤਾਂ ਪਤਾ ਲੱਗੇਗਾ ਕਿ 2012 ਤੱਕ ਪੌਦਿਆਂ ਦੀਆਂ 121 ਅਤੇ ਜੀਵ-ਜੰਤੂਆਂ ਦੀਆਂ 737 ਪ੍ਰਜਾਤੀਆਂ ਲਗਭਗ ਖ਼ਤਮ ਹੋ ਗਈਆਂ ਹਨ। ਇਹੋ ਨਹੀਂ, ਜੀਵ-ਜੰਤੂਆਂ ਦੀਆਂ 2261 ਪ੍ਰਜਾਤੀਆਂ ਦੀ ਹੋਂਦ ਖ਼ਤਰੇ ਵਿੱਚ ਹੈ। ਆਈ ਯੂ ਸੀ ਐੱਨ ਦੇ ਮੁਤਾਬਕ ਦੁਨੀਆ ਦੀਆਂ ਲਗਭਗ ਗਿਆਰਾਂ ਫ਼ੀਸਦੀ ਪ੍ਰਜਾਤੀਆਂ ਖ਼ਤਰੇ ਦੇ ਕਗਾਰ ’ਤੇ ਹਨ ਅਤੇ ਇਸ ਸਭ ਦਾ ਵੱਡਾ ਕਾਰਨ ਧਰਤੀ ਦੀਆਂ ਪਰਸਥਿਤੀਆਂ ਵਿੱਚ ਬਦਲਾਅ ਦਾ ਆਉਣਾ ਹੈ।

ਹਵਾ ਬਿਨਾਂ ਜੀਵਨ ਸੰਭਵ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ਅਨੁਸਾਰ ਦੁਨੀਆ ਦੇ 92 ਫ਼ੀਸਦੀ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਹਵਾ ਪ੍ਰਦੂਸ਼ਣ ਦੀ ਲਪੇਟ ਵਿੱਚ ਹਨ ਅਤੇ ਹਰ ਵਰ੍ਹੇ 30 ਲੱਖ ਲੋਕ ਇਸ ਦੇ ਕਾਰਨ ਮਰਦੇ ਵੀ ਹਨ। ਇਸੇ ਤਰ੍ਹਾਂ ਦੁਨੀਆ ਦੀਆਂ ਲਗਭਗ ਅੱਧੀਆਂ ਨਦੀਆਂ ਕਿਸੇ ਨਾ ਕਿਸੇ ਸੰਕਟ ਵਿੱਚੋਂ ਲੰਘ ਰਹੀਆਂ ਹਨ। ਸਾਰੀਆਂ ਚੀਜ਼ਾਂ ਦੀ ਗੁਣਵੱਤਾ ਅਤੇ ਮਾਤਰਾ ਤੇਜ਼ੀ ਨਾਲ ਘਟ ਰਹੀ ਹੈ। ਸਾਡੇ ਦੇਸ਼ ਦੀਆਂ 70 ਫ਼ੀਸਦੀ ਤੋਂ ਜ਼ਿਆਦਾ ਨਦੀਆਂ ਮਰਨ ਕੰਢੇ ਹਨ। ਅੰਤਰ-ਰਾਸ਼ਟਰੀ ਜਲ ਸੰਸਾਧਨ ਅਨੁਸਾਰ ਲਗਭਗ 1.2 ਅਰਬ ਲੋਕ ਭੌਤਿਕ ਤੌਰ ’ਤੇ ਪਾਣੀ ਦੇ ਸੰਕਟ ਵਿੱਚ ਹਨ ਅਤੇ 1.6 ਅਰਬ ਲੋਕ ਆਰਥਿਕ ਤੌਰ ’ਤੇ ਪਾਣੀ ਦੇ ਸੰਕਟ ਵਿੱਚ ਹਨ ਅਤੇ ਇਹ ਸੰਖਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਦੁਨੀਆ ਵਿੱਚ ਅੱਜ ਵੀ 78 ਕਰੋੜ ਲੋਕ ਸ਼ੁੱਧ ਪਾਣੀ ਤੋਂ ਵਿਰਵੇ ਹਨ। ਲਗਭਗ 25 ਲੱਖ ਲੋਕਾਂ ਦੀ ਮੌਤ ਪ੍ਰਦੂਸ਼ਿਤ ਪਾਣੀ ਨਾਲ ਹੁੰਦੀ ਹੈ। ਮਿੱਟੀ ਦਾ ਵੀ ਬੁਰਾ ਹਾਲ ਹੈਪਿਛਲੇ ਡੇਢ ਸੌ ਸਾਲਾਂ ਵਿੱਚ 50 ਪ੍ਰਤੀਸ਼ਤ ਧਰਤੀ ਦੀ ਸਤਹ ਦੀ ਮਿੱਟੀ ਨੂੰ ਖੋਰਾ ਲੱਗਿਆ ਹੈ, ਜਿਸ ਦੀ ਮਾਤਰਾ 75 ਅਰਬ ਟਨ ਹੈ। ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਹਰ ਕਿਸਮ ਦੇ ਬਨਾਉਟੀ ਤੱਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਸਾਡੇ ਸਾਰਿਆਂ ਲਈ ਹਾਨੀਕਾਰਕ ਸਿੱਧ ਹੋ ਰਹੇ ਹਨ।

ਇਨ੍ਹਾਂ ਵਿਗੜਦੀਆਂ ਹਾਲਤਾਂ ਵਿੱਚ ਇੱਕ ਸੰਵੇਦਨਸ਼ੀਲ ਅਮਰੀਕੀ ਸਾਂਸਦ ਨੇ ਕਲਪਨਾ ਕਰ ਕੇ ਇਹ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਧਰਤੀ ਸਾਡਾ ਧਿਆਨ ਆਪਣੇ ਵਿਗੜਦੇ ਹਾਲਾਤ ਵੱਲ ਖਿੱਚਣਾ ਚਾਹੁੰਦੀ ਹੈ। ਇਸ ਵੱਡੀ ਪਹਿਲ ਲਈ ਦੁਨੀਆ ਦੇ 177 ਦੇਸ਼ ਸਿਰਫ਼ ‘ਧਰਤੀ ਦਿਹਾੜਾ’ ਜਾਂ ਹੋਰ ਦਿਹਾੜੇ ਮਨਾਉਣ ਦੀ ਖਾਨਾਪੂਰੀ ਕਰਨ ਦਾ ਫਰਜ਼ ਨਿਭਾਉਂਦੇ ਹਨ, ਪਰ ਹਾਲਾਤ ਟੱਸ ਤੋਂ ਮੱਸ ਨਹੀਂ ਹੁੰਦੇ, ਉਵੇਂ ਹੀ ਬਣੇ ਹੋਏ ਹਨ। ਸਾਡੇ ਵਿਕਾਸ ਦੇ ਸਾਰੇ ਕੰਮ ਹਵਾ, ਮਿੱਟੀ, ਪਾਣੀ, ਜੰਗਲ ਅਤੇ ਆਕਾਸ਼ ਸਭ ਨੂੰ ਬਰਬਾਦ ਕਰਨ ਦਾ ਕਾਰਨ ਬਣ ਰਹੇ ਹਨ, ਤਾਂ ਇਹੋ ਜਿਹੇ ਹਾਲਾਤ ਵਿੱਚ ਇੱਕ ਦਿਨ ਧਰਤੀ ਦਾ ਬੰਜਰ ਹੋਣਾ ਲਾਜ਼ਮੀ ਹੈ, ਕਿਉਂਕਿ ਇਨ੍ਹਾਂ ਸਭਨਾਂ ਉੱਤੇ ਚੋਟ ਦਾ ਸਿੱਧਾ ਅਰਥ ਆਪਣੀ ਹੀ ਜਾਨ ਨੂੰ ਜੋਖ਼ਿਮ ਵਿੱਚ ਪਾਉਣਾ ਹੈ ਅਤੇ ਖ਼ੁਦਕੁਸ਼ੀ ਕਰਨਾ ਹੈ।

ਹੁਣ ਵਾਤਾਵਰਣ ਚਿੰਤਕ ਵਿਕਾਸ ਦੇ ਨਾਮ ਉੱਤੇ ਹੋਣ ਵਾਲੇ ਹਰ ਕਿਸਮ ਦੇ ਕੰਮਾਂ ਨੂੰ ਰੋਕ ਦੇਣ ਲਈ ਉਤਾਰੂ ਹਨ। ਦੂਜੇ ਪਾਸੇ ਸਰਕਾਰ ਅਤੇ ਉਸ ਦੇ ਨੀਤੀਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹਨ। ਅਤੇ ਫਿਰ ਬਹਿਸ ਦੀ ਦਿਸ਼ਾ ਵਿਕਾਸ ਬਨਾਮ ਵਾਤਾਵਰਣ/ ਧਰਤੀ ’ਤੇ ਟਿੱਕ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਸਾਨੂੰ ਦੋਹਾਂ ਤਰ੍ਹਾਂ ਦੇ ਫਜ਼ੂਲ ਵਿਵਾਦ ਤੋਂ ਬਚਣਾ ਹੋਵੇਗਾ। ਸੁਰੱਖਿਅਤ ਧਰਤੀ ਅਤੇ ਇਸ ਦਾ ਵਾਤਾਵਰਣ ਵੀ ਚਾਹੀਦਾ ਹੈ, ਤਾਂ ਬਿਹਤਰ ਜੀਵਨ ਦੇ ਸਾਰੇ ਰਸਤੇ ਬਣਾਉਣੇ ਹੋਣਗੇ। ਅਸਲ ਵਿੱਚ ਅਸੀਂ ਗੰਭੀਰ ਬਹਿਸ ਤੋਂ ਵਾਰ-ਵਾਰ ਕਤਰਾਉਂਦੇ ਹਾਂ ਕਿ ਸਾਡੇ ਵਿਕਾਸ ਦੀ ਸੀਮਾ ਕੀ ਹੋਵੇ, ਤਾਂ ਕਿ ਉਸ ਤੋਂ ਅੱਗੇ ਨੀਤੀ ਜਾਂ ਯੋਜਨਾਕਾਰ ਨਾ ਸੋਚਣ। ਵਾਤਾਵਰਣ ਪ੍ਰੇਮੀ ਇਸ ਸੀਮਾ ਤੱਕ ਨੀਤੀਕਾਰਾਂ ਦਾ ਸਾਥ ਦਿੰਦਿਆਂ ਸੁਰੱਖਿਆ ਦੇ ਢੰਗ-ਤਰੀਕਿਆਂ ਨੂੰ ਵੀ ਇਸ ਨਾਲ ਜੋੜ ਦੇਂਦੇ ਹਨ। ਅਸਲ ਵਿੱਚ ਝਗੜੇ ਦੀਆਂ ਮੌਜੂਦਾ ਹਾਲਤਾਂ ਨੇ ਬਹੁਤ ਸਾਰੇ ਜਨਹਿਤ ਦੇ ਫ਼ੈਸਲਿਆਂ ਨੂੰ ਅਟਕਾ ਦਿੱਤਾ ਹੈ।

ਦੂਸਰਾ ਵੱਡਾ ਸਵਾਲ, ਜੋ ਜ਼ਿਆਦਾ ਗੰਭੀਰ ਹੈ, ਕਿ ਦੁਨੀਆ ਦੀ ਅੱਧੀ ਆਬਾਦੀ ਹੁਣ ਵੀ ਵਿਕਾਸ ਦੀ ਨਵੀਂ ਰੌਸ਼ਨੀ ਤੋਂ ਵੰਚਿਤ ਹੈ। ਅਸੀਂ ਨਵੀਂਆਂ-ਨਵੀਂਆਂ ਖੋਜਾਂ ਨਾਲ ਪਹਿਲਾਂ ਹੀ ਵੱਡੇ ਠਾਠ-ਬਾਠ ਨਾਲ ਰਹਿ ਰਹੀ ਆਬਾਦੀ ਨੂੰ ਹੋਰ ਰਿਝਾਉਣ ’ਤੇ ਲੱਗੇ ਹੋਏ ਹਾਂ, ਜਦੋਂ ਕਿ ਇੱਕ ਵੱਡਾ ਤਬਕਾ ਅੱਜ ਵੀ ਮੁੱਢਲੀਆਂ ਲੋੜਾਂ ਤੋਂ ਦੂਰ ਹੈ। ਨੀਤੀਕਾਰਾਂ ਅਤੇ ਵਾਤਾਵਰਣ ਚਿੰਤਕਾਂ ਨੂੰ ਇਨ੍ਹਾਂ ਦੇ ਹੱਕਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਉਨ੍ਹਾਂ ਨੂੰ ਬਿਹਤਰ ਜੀਵਨ ਮਿਲ ਸਕੇ ਅਤੇ ਇਸ ਖ਼ਾਸ ਵਰਗ ਦੇ ਵਿਲਾਸਤਾ ਦੇ ਵਧਦੇ ਅੰਨ੍ਹੇਵਾਹ ਰੁਝਾਨਾਂ ਉੱਤੇ ਰੋਕ ਲੱਗ ਸਕੇ। ਧਰਤੀ ਸਭ ਦੀ ਹੈ ਅਤੇ ਇਹ ਸਾਰਿਆਂ ਨੂੰ ਬਰਾਬਰ ਦਾ ਜੀਵਨ ਜਿਉਣ ਦਾ ਹੱਕ ਦਿੰਦੀ ਹੈ। ਇਹ ਮਨੁੱਖ ਰਾਹੀਂ ਬਣਾਈ ਹੋਈ ਨਾ-ਬਰਾਬਰੀ ਹੈ, ਜਿਸ ਵਿੱਚ ਮੁੱਠੀ ਭਰ ਲੋਕ ਆਪਣੇ ਸੁੱਖਾਂ ਲਈ ਬਾਕੀ ਲੋਕਾਂ ਦਾ ਤ੍ਰਿਸਕਾਰ ਕਰਦੇ ਹਨ। ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਬਚਾ ਕੇ ਰੱਖਣਾ ਹੈ ਤਾਂ ਵਿਕਾਸ ਦੀ ਇੱਕ ਇਹੋ ਜਿਹੀ ਰੇਖਾ ਖਿੱਚਣੀ ਪਵੇਗੀ ਕਿ ਧਰਤੀ ਉੱਤੇ ਰਹਿਣ ਵਾਲੇ ਮਨੁੱਖਾਂ ਦਾ ਭਵਿੱਖ ਸੁਰੱਖਿਅਤ ਰਹੇ। ਕੁਝ ਸਮੇਂ ਤੋਂ ਸਾਨੂੰ ਧਰਤੀ ਦੇ ਵਿਹਾਰ ਦੇ ਸੰਕੇਤ ਮਿਲ ਰਹੇ ਹਨ। ਸਮੇਂ ਤੋਂ ਪਹਿਲਾਂ ਅੱਤ ਦੀ ਗਰਮੀ, ਸਰਦੀ ਵਿੱਚ ਹੜ੍ਹ, ਮਾਨਸੂਨ ਦੇ ਮੌਸਮ ਦੌਰਾਨ ਸੋਕਾ, - ਇਹ ਸਾਰਾ ਕੁਝ ਧਰਤੀ ਦੀ ਪੀੜ ਦੇ ਚਿੰਨ੍ਹ ਹਨ। ਇਹ ਪੂਰੀ ਦੁਨੀਆ ਵਿਚ ਹੋ ਰਿਹਾ ਹੈ। ਮਤਲਬ ਸਾਫ਼ ਹੈ ਕਿ ਧਰਤੀ ਜਿਉਣ ਦਾ ਸਾਧਨ ਹੈ, ਨਾ ਕਿ ਵਿਲਾਸਤਾਵਾਂ ਦਾ। ਇਸ ਨੂੰ ਸਿਰਫ਼ ਜ਼ਰੂਰਤਾਂ ਲਈ ਹਵਸ ਦਾ ਸ਼ਿਕਾਰ ਬਣਾਉਣਾ ਅਨਰਥ ਹੋਵੇਗਾ।

ਅਸੀਂ ਧਰਤੀ ਨੂੰ ਆਰਥਿਕ ਵਿਕਾਸ ਦਾ ਮੰਚ ਸਮਝਿਆ ਹੈ ਅਤੇ ਜੀ ਡੀ ਪੀ ਦੀ ਚਮਕ ਵਿੱਚ ਅਸੀਂ ਇਸ ਦੇ ਸ਼ੋਸ਼ਣ ਵਿੱਚ ਜੁਟੇ ਹੋਏ ਹਾਂ, ਕਿਉਂਕਿ ਵਿਗੜਦੇ ਵਾਤਾਵਰਣ ਦਾ ਬਿਉਰਾ ਦੇਣ ਵਾਲਾ ਕੋਈ ਸੰਕੇਤਕ ਪੈਮਾਨਾ ਸਾਡੇ ਕੋਲ ਨਹੀਂ ਹੈ। ਜੀ ਡੀ ਪੀ ਬਾਰੇ ਭਰਮਾਂ ਵਿੱਚ ਪਈਆਂ ਸਰਕਾਰਾਂ ਅਤੇ ਸਮਾਜ ਨੂੰ ਜੀਣ ਦੇ ਰਸਤੇ ਯਾਦ ਕਰਾਉਣ ਦੀ ਲੋੜ ਹੈ, ਜਿਹੜੇ ਹਵਾ, ਪਾਣੀ ਅਤੇ ਧਰਤੀ ਦੀ ਬਿਹਤਰੀ ’ਤੇ ਟਿਕੇ ਹੋਏ ਹਨ ਅਤੇ ਇਸ ਦੇ ਲਈ ਜੀ ਡੀ ਪੀ ਦੇ ਸਮਾਂਤਰ ਜੀ ਈ ਪੀ (ਗਰੌਸ ਇਨਵਾਇਰਨਮੈਂਟ ਪ੍ਰੋਡਕਸ਼ਨ) ਜਿਹੇ ਸੰਕੇਤਕ ਪੈਮਾਨੇ ਅਪਨਾਉਣੇ ਪੈਣਗੇ, ਤਾਂ ਕਿ ਅੱਛੀ ਹਵਾ, ਸ਼ੁੱਧ ਪਾਣੀ ਹੀ ਪਹਿਲ ਬਣੀ ਰਹੇ। ਜਦੋਂ ਤੱਕ ਧਰਤੀ ਆਪਣੀ ਮੌਲਿਕ ਧੁਰੀ ਉੱਤੇ ਨਹੀਂ ਘੁੰਮਦੀ ਰਹੇਗੀ, ਤਦ ਤੱਕ ਭੌਤਿਕ ਸੁਖ ਟਿਕਾਊ ਨਹੀਂ ਹੋ ਸਕਦੇ।

*****

(698)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author