ShamSingh7“ਭਵਿੱਖ ਬਚਾਉਣ ਲਈ ਦੋਵੇਂ ਮੁਲਕ ਵਾਰਤਾ ਕਰਨ ਨੂੰ ਪਹਿਲ ਦੇਣ ...”
(6 ਮਈ 2017)

 

ਸਰਹੱਦਾਂ ਉਹ ਨਿਸ਼ਾਨੀਆਂ ਹੁੰਦੀਆਂ ਹਨ ਕਿ ਇੱਕ ਸੂਬਾ ਖ਼ਤਮ ਹੋ ਗਿਆ, ਦੂਜਾ ਸ਼ੁਰੂ; ਇੱਕ ਦੇਸ ਖ਼ਤਮ ਹੋ ਗਿਆ, ਦੂਜਾ ਦੇਸ ਸ਼ੁਰੂ। ਹਰ ਦੇਸ ਦੀ ਆਪਣੀ ਪ੍ਰਭੂਸੱਤਾ, ਆਪਣੀ ਹੀ ਸੁਤੰਤਰਤਾ ਹੁੰਦੀ ਹੈ। ਸਰਹੱਦਾਂ ਇਹ ਵੀ ਚੇਤੇ ਕਰਵਾਉਂਦੀਆਂ ਹਨ ਕਿ ਇੱਕ ਦੂਜੇ ਦੇਸ ਵਿੱਚ ਦਖ਼ਲ ਨਾ ਦਿੱਤਾ ਜਾਵੇ। ਹਰ ਕੋਈ ਆਪਣੀ ਸੁਤੰਤਰਤਾ ਮਾਣੇ ਅਤੇ ਮਰਜ਼ੀ ਦਾ ਰਾਜ ਪ੍ਰਬੰਧ ਚਲਾਵੇ। ਅਜਿਹਾ ਕਰਦਿਆਂ ਹਰ ਦੇਸ ਆਪਣੇ ਨਾਗਰਿਕਾਂ ਦੀ ਬਿਹਤਰੀ ਲਈ ਕੰਮ ਕਰਨ ਦਾ ਦਾਅਵਾ ਕਰਦਾ ਹੈ ਅਤੇ ਨਵੇਂ ਰਾਹ ਵਿਛਾਉਣ ’ਤੇ ਮਾਣ।

ਸੁਖਾਂਤ ਦੇ ਬੂਹਿਆਂ ਵਿੱਚੋਂ ਲੰਘ ਕੇ ਸਰਹੱਦਾਂ ਦੇ ਆਰ-ਪਾਰ ਜਾਣਾ ਆਮ ਵਰਤਾਰਾ ਹੈ, ਜਿਸ ਲਈ ਕੋਈ ਦੇਸ ਨਾਂਹ ਨਹੀਂ ਕਰਦਾ। ਜਿਹੜੇ-ਜਿਹੜੇ ਦੇਸਾਂ ਦੇ ਸੰਬੰਧ ਸੁਖਾਵੇਂ ਅਤੇ ਰਵਾਂ ਹਨ, ਉਹਨਾਂ ਵਿਚਕਾਰ ਆਉਣਾ-ਜਾਣਾ ਵੀ ਆਸਾਨ ਹੁੰਦਾ ਹੈ ਅਤੇ ਵਪਾਰ ਆਦਿ ਕਰਨਾ ਵੀ ਮੁਸ਼ਕਲ ਨਹੀਂ ਹੁੰਦਾ। ਬਹੁਤ ਸਾਰੇ ਦੇਸ ਇੱਕ ਦੂਜੇ ਨਾਲ ਵਪਾਰ ਕਰਦਿਆਂ ਆਪੋ-ਆਪਣੀ ਆਮਦਨ ਵੀ ਵਧਾਉਂਦੇ ਹਨ ਅਤੇ ਸੰਬੰਧ ਵੀ। ਉਹਨਾਂ ਪਦਾਰਥਾਂ ਦੀ ਘਾਟ ਵੀ ਦੂਰ ਕਰ ਲੈਂਦੇ ਹਨ, ਜੋ ਆਪਣੇ ਮੁਲਕ ਵਿੱਚ ਨਹੀਂ ਹੁੰਦੇ।

ਉਹਨਾਂ ਮੁਲਕਾਂ ਦੀਆਂ ਸਰਹੱਦਾਂ ’ਤੇ ਕਠਿਨਾਈ ਪੇਸ਼ ਆਉਂਦੀ ਹੈ, ਜਿਨ੍ਹਾਂ ’ਤੇ ਬਣਿਆ ਤਣਾਅ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦਾ। ਮੁੱਦੇ-ਮਸਲੇ ਕੋਈ ਵੀ ਹੋਣ, ਉਹਨਾਂ ਦੇ ਨਿਪਟਾਰੇ ਲਈ ਵਾਰਤਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਕਿ ਖ਼ੂਨ-ਖ਼ਰਾਬਿਆਂ ਤੋਂ ਬਚਿਆ ਜਾ ਸਕੇ। ਜਿਨ੍ਹਾਂ ਦੇਸਾਂ ਦੇ ਰਿਸ਼ਤੇ ਮਿੱਤਰਤਾ ਵਾਲੇ ਹੁੰਦੇ ਹਨ, ਉਹਨਾਂ ਦੀਆਂ ਸਰਹੱਦਾਂ ’ਤੇ ਫੁੱਲ ਖਿੜਦੇ ਹਨ ਅਤੇ ਮਹਿਕਾਂ ਬਿਖਰਦੀਆਂ ਹਨ, ਜਿਨ੍ਹਾਂ ਕੋਲੋਂ ਲੰਘਦਿਆਂ ਮੁਹੱਬਤੀ ਤੰਦਾਂ ਹੋਰ ਗਹਿਰੀਆਂ ਹੁੰਦੀਆਂ ਹਨ ਅਤੇ ਸੁੰਦਰ ਵੀ। ਮੁਸ਼ਕਲਾਂ ਉਦੋਂ ਤਣ ਜਾਂਦੀਆਂ ਹਨ, ਜਦੋਂ ਕਿਸੇ ਨਾ ਮੁੱਕਣ ਵਾਲੇ ਮਸਲੇ ਦੀ ਤਾਣੀ ਉਲਝਦੀ ਤਾਂ ਰਹਿੰਦੀ ਹੈ, ਪਰ ਸੁਲਝਣ ਦਾ ਨਾਂਅ ਨਹੀਂ ਲੈਂਦੀ। ਕਈ ਮੁਲਕਾਂ ਦੀਆਂ ਸਰਹੱਦਾਂ ’ਤੇ ਅਜਿਹੇ ਪੇਚੇ ਫਸੇ ਹੋਏ ਹਨ ਕਿ ਖੋਲ੍ਹਣ ਦੇ ਜਤਨ ਨਹੀਂ ਕੀਤੇ ਜਾਂਦੇ। ਪਾਕਿਸਤਾਨ-ਹਿੰਦੁਸਤਾਨ ਜਦੋਂ ਤੋਂ ਇੱਕ ਮੁਲਕ ਤੋਂ ਦੋ ਭਾਗਾਂ ਵਿੱਚ ਵੰਡੇ ਗਏ ਅਤੇ ਸੁਤੰਤਰ ਹੋ ਗਏ, ਉਦੋਂ ਤੋਂ ਹੀ ਕੁਝ ਮਸਲੇ ਅਜਿਹੇ ਲਟਕੇ ਹੋਏ ਹਨ ਕਿ ਅਜੇ ਤੱਕ ਖ਼ਤਮ ਨਹੀਂ ਹੋ ਸਕੇ। ਉਹਨਾਂ ਕਾਰਨ ਹੀ ਦੋਹਾਂ ਵਿਚਕਾਰ ਇੱਟ-ਖੜੱਕਾ ਖ਼ਤਮ ਨਹੀਂ ਹੁੰਦਾ।

ਸਰਹੱਦਾਂ ’ਤੇ ਗੋਲੀ ਚੱਲਦੀ ਰਹੇ, ਹੱਥ-ਗੋਲੇ ਸੁੱਟੇ ਜਾਂਦੇ ਹੋਣ, ਤੋਪਾਂ ਦੀ ਗੜਗੜਾਹਟ ਹੁੰਦੀ ਰਹੇ ਤਾਂ ਉੱਥੇ ਦਹਿਸ਼ਤ ਦਾ ਪ੍ਰਛਾਵਾਂ ਨਹੀਂ ਹੋਵੇਗਾ ਤਾਂ ਹੋਰ ਕੀ ਹੋਵੇਗਾ? ਇਸ ਤੋਂ ਵੀ ਅਗਾਂਹ ਮਨੁੱਖੀ ਦੇਹਾਂ ਦੇ ਸਿਰ ਕੱਟ ਕੇ ਜਾਂ ਕੋਈ ਹੋਰ ਅੰਗ ਕੱਟ ਕੇ ਅਨਾਦਰ ਕਰਨਾ ਦਹਿਸ਼ਤ ਨੂੰ ਵੱਡੀ ਜਰਬ ਦੇਣ ਤੋਂ ਕਿਸੇ ਤਰ੍ਹਾਂ ਘੱਟ ਨਹੀਂ। ਇੱਕ ਮੁਲਕ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਦੂਜਾ ਪਿੱਛੇ ਨਹੀਂ ਰਹਿੰਦਾ। ਇਹੀ ਕਾਰਨ ਹੈ ਕਿ ਦੋਹਾਂ ਦੇਸਾਂ ਦੀਆਂ ਸਰਹੱਦਾਂ ਦਹਿਸ਼ਤ ਦੇ ਪ੍ਰਛਾਵੇਂ ਤੋਂ ਮੁਕਤ ਨਹੀਂ ਹੁੰਦੀਆਂ।

ਵੱਡੀ ਮੁਸੀਬਤ ਉਹਨਾਂ ਲਈ ਪੈਦਾ ਹੋ ਜਾਂਦੀ ਹੈ, ਜਿਹੜੇ ਸਰਹੱਦਾਂ ’ਤੇ ਦੋਵੇਂ ਪਾਸੀਂ ਨੇੜੇ ਵਸਦੇ ਹਨ ਅਤੇ ਘਰ ਛੱਡ ਕੇ ਕਿਤੇ ਜਾ ਨਹੀਂ ਸਕਦੇ। ਦੋਵੇਂ ਮੁਲਕਾਂ ਨੂੰ ਸਰਹੱਦਾਂ ’ਤੇ ਦਹਿਸ਼ਤ ਦਾ ਮਾਹੌਲ ਬਣਾਉਣ ਨਾਲੋਂ ਆਪੋ-ਆਪਣੇ ਮੁਲਕਾਂ ਦੀ ਗ਼ਰੀਬੀ ਅਤੇ ਅਨਪੜ੍ਹਤਾ ਵਿਰੁੱਧ ਜਹਾਦ ਛੇੜਨਾ ਚਾਹੀਦਾ ਹੈ, ਤਾਂ ਜੁ ਲੋਕ ਜ਼ਿੰਦਗੀ ਦੇ ਹਨੇਰਿਆਂ ਵਿੱਚੋਂ ਨਿਕਲ ਕੇ ਉਜਾਲਿਆਂ ਦਾ ਸਫ਼ਰ ਕਰ ਸਕਣ। ਅਜਿਹਾ ਹੋਣ ਨਾਲ ਸਰਹੱਦਾਂ ’ਤੇ ਦਹਿਸ਼ਤ ਵੀ ਘਟ ਸਕੇਗੀ।

ਸਰਹੱਦਾਂ ’ਤੇ ਤਣਾਅ ਅਤੇ ਦਹਿਸ਼ਤ ਦੇ ਪ੍ਰਛਾਵੇਂ ਕਿਸੇ ਵੀ ਮੁਲਕ ਲਈ ਸਹਾਈ ਨਹੀਂ ਹੋ ਸਕਦੇ। ਸਰਹੱਦ ਨੇੜੇ ਵਸਦੇ ਲੋਕਾਂ ਦੇ ਸਾਹ ਸੂਤੇ ਰਹਿੰਦੇ ਹਨ ਅਤੇ ਉਹਨਾਂ ਦੇ ਦੁੱਖ-ਦਰਦ ਦੀਆਂ ਕਹਾਣੀਆਂ ਨੂੰ ਝੇਲਣਾ ਤਾਂ ਇੱਕ ਪਾਸੇ ਰਿਹਾ, ਕੋਈ ਸੁਣਨ ਤੱਕ ਤਿਆਰ ਨਹੀਂ ਹੁੰਦਾ। ਉਹ ਦਹਿਸ਼ਤ ਕਾਰਨ ਮੌਤ ਦੇ ਪਰਛਾਵੇਂ ਹੇਠ ਜੀਵਨ ਗੁਜ਼ਾਰਨ ਲਈ ਮਜਬੂਰ ਹੁੰਦੇ ਹਨ, ਜਿਸ ਤੋਂ ਛੁਟਕਾਰਾ ਮਿਲਣਾ ਆਸਾਨ ਨਹੀਂ ਹੁੰਦਾ। ਉਹ ਜਾਣ ਤਾਂ ਕਿੱਥੇ ਜਾਣ, ਕਿਸੇ ਤੋਂ ਜਵਾਬ ਨਹੀਂ ਮਿਲਦਾ।

ਬੀਤੇ ਵਿੱਚ ਜਿੰਨਾ ਜਾਨੀ ਨੁਕਸਾਨ ਹੋ ਗਿਆ, ਉਹ ਕਦੇ ਵੀ ਭੁੱਲ ਨਹੀਂ ਸਕਦਾ। ਸ਼ਹੀਦਾਂ ਦੇ ਵਾਰਸ ਅਤੇ ਦੇਸ ਦੇ ਭਗਤ ਲੋਕ ਉਹਨਾਂ ਦੀਆਂ ਕੁਰਬਾਨੀਆਂ ’ਤੇ ਹੰਝੂ ਵੀ ਵਹਾਉਣਗੇ ਅਤੇ ਉਹਨਾਂ ਦੇ ਪਾਏ ਯੋਗਦਾਨ ਨੂੰ ਵੀ ਯਾਦ ਕਰਦੇ ਰਹਿਣਗੇ, ਪਰ ਦੋਹਾਂ ਮੁਲਕਾਂ ਅੱਗੇ ਵੱਡਾ ਸਵਾਲ ਇਹ ਹੈ ਕਿ ਜਾਨਾਂ ਦਾ ਖੌਅ ਕਰਨ ਲਈ ਬਦਲੇ ਦੀ ਭਾਵਨਾ ਅਤੇ ਈਰਖਾ ਦੀ ਅੱਗ ਕਦੋਂ ਤੱਕ ਬਲਦੀ ਰਹੇਗੀ? ਸਮੇਂ ਦੀ ਮੰਗ ਵੀ ਹੈ ਅਤੇ ਲੋੜ ਵੀ ਕਿ ਬਦਲੇ ਦੀ ਭਾਵਨਾ ਨੂੰ ਠੱਲ੍ਹ ਪਾਈ ਜਾਵੇ।

ਅਸਲ ਵਿੱਚ ਸਰਹੱਦਾਂ ਦੀ ਦਹਿਸ਼ਤ ਹੁਣ ਮਨਾਂ ਵਿੱਚ ਉੱਤਰ ਆਈ ਹੈ, ਜਿਸ ਕਾਰਨ ਕੇਵਲ ਸ਼ਹੀਦਾਂ ਦੇ ਪਰਵਾਰ ਹੀ ਨਹੀਂ, ਸਗੋਂ ਦੇਸ ਭਰ ਦੇ ਲੋਕ ਇਸ ਦਹਿਸ਼ਤ ਦਾ ਸ਼ਿਕਾਰ ਹੋਣ ਤੋਂ ਬਚ ਨਹੀਂ ਸਕੇ। ਦੇਸਾਂ ਦੇ ਹਾਕਮਾਂ ਦੇ ਮਨਾਂ ਵਿੱਚ ਨਫ਼ਰਤ ਹੈ ਹੀ ਸੀ, ਹੁਣ ਦੋਹਾਂ ਮੁਲਕਾਂ ਦੇ ਅਵਾਮ ਨੂੰ ਵੀ ਇਸ ਦਾ ਗ਼ੁਲਾਮ ਅਤੇ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਸੋਚ ਦਾ ਸ਼ੀਸ਼ਾ ਸਾਫ਼ ਨਹੀਂ ਰਹਿ ਸਕੇਗਾ। ਭਵਿੱਖ ਬਚਾਉਣ ਲਈ ਦੋਵੇਂ ਮੁਲਕ ਵਾਰਤਾ ਕਰਨ ਨੂੰ ਪਹਿਲ ਦੇਣ।

ਦੋਵੇਂ ਮੁਲਕ ਇਹ ਯਾਦ ਰੱਖਣ ਕਿ ਦੋਹਾਂ ਦੀ ਧਰਤੀ ਇੱਕੋ ਜਿਹੀ ਹੈ, ਵਾਤਾਵਰਣ ਇੱਕੋ ਜਿਹਾ ਅਤੇ ਲੋਕਾਂ ਦਾ ਖ਼ੂਨ ਵੀ ਇੱਕੋ ਜਿਹਾ ਹੈ। ਭਰਾਵਾਂ ਵਾਂਗ ਵਸਦੇ, ਵੰਡ ਹੋਣ ਬਾਅਦ ਜੋ ਵੱਖੋ-ਵੱਖਰੇ ਘਰਾਂ ਵਿੱਚ ਚਲੇ ਗਏ, ਤਾਂ ਕੀ ਹੋਇਆ! ਆਪੋ-ਆਪਣੇ ਘਰਾਂ ਵਿੱਚ ਸੁਖੀ ਵਸਣ, ਲੜਾਈ ਕਾਹਦੀ? ਭਰਾਤਰੀ-ਭਾਵ, ਭਾਈਚਾਰਾ ਕਾਇਮ ਰੱਖ ਕੇ ਦੋਸਤੀ ਵੱਲ ਹੱਥ ਵਧਾਉਣ, ਤਾਂ ਕਿ ਦੋਵੇਂ ਮੁਲਕ ਹੋਰ ਘਾਣ ਤੋਂ ਬਚ ਸਕਣ ਅਤੇ ਆਪੋ-ਆਪਣੀ ਜਗ੍ਹਾ ਤਰੱਕੀਆਂ ਕਰਨ।

ਸਰਹੱਦਾਂ ਨੂੰ ਦਹਿਸ਼ਤ ਦੇ ਪ੍ਰਛਾਵੇਂ ਤੋਂ ਮੁਕਤ ਕਰਨ ਵਾਸਤੇ ਉਹ ਕਦਮ ਫੌਰੀ ਤੌਰ ’ਤੇ ਉਠਾਏ ਜਾਣ, ਜੋ ਦੋਹਾਂ ਪਾਸਿਆਂ ਦੇ ਹਾਕਮਾਂ ਨੂੰ ਪ੍ਰਵਾਨ ਹੋਣ। ਦਹਿਸ਼ਤ ਕੇਵਲ ਮਾਰਦੀ ਹੈ, ਵਸੀਲਿਆਂ ਨੂੰ ਅੱਗੇ ਨਹੀਂ ਤੁਰਨ ਦਿੰਦੀ ਅਤੇ ਰਿਸ਼ਤਿਆਂ ਦੀ ਹੋਂਦ ਕਾਇਮ ਨਹੀਂ ਰਹਿੰਦੀ। ਅਜਿਹੇ ਵਿੱਚ ਜ਼ਰੂਰੀ ਹੈ ਕਿ ਦੋਵੇਂ ਮੁਲਕ ਦੁਸ਼ਮਣੀਆਂ ਦਾ ਰਾਹ ਭੁੱਲ ਕੇ ਗਲਵਕੜੀਆਂ ਦੇ ਬੂਹੇ ਖੋਲ੍ਹਣ, ਤਾਂ ਜੁ ਦੋਵੇਂ ਵਿਕਸਤ ਦੇਸਾਂ ਦੇ ਬਰਾਬਰ ਹੋਣ ਦੇ ਜਤਨ ਕਰਨ।

ਦੋਵੇਂ ਮੁਲਕਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੀਆਂ ਸਰਕਾਰਾਂ ’ਤੇ ਦਬਾਅ ਪਾਉਣ ਕਿ ਇਹ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਚਲਿਆ ਆ ਰਿਹਾ ਵੈਰ ਖ਼ਤਮ ਕਰਨ ਅਤੇ ਸਰਹੱਦਾਂ ’ਤੇ ਬਣਿਆ ਅਤੇ ਤਣਿਆ ਦਹਿਸ਼ਤ ਦਾ ਛਤਰ ਹੱਥ-ਘੁਟਣੀਆਂ ਅਤੇ ਮੋਹ-ਮੁਹੱਬਤਾਂ ਵਿੱਚ ਬਦਲ ਦਿੱਤਾ ਜਾਵੇ, ਤਾਂ ਜੁ ਵਰ੍ਹਿਆਂ-ਵਰ੍ਹਿਆਂ ਤੋਂ ਵਿਛੜੇ ਲੋਕਾਂ ਦੀਆਂ ਮਿਲਣੀਆਂ ਹੋ ਸਕਣ ਅਤੇ ਉਹਨਾਂ ਦੀਆਂ ਰੂਹਾਂ ਆਪਸ ਵਿਚਲੀਆਂ ਦੋਸਤੀਆਂ ਨੂੰ ਅਨੁਭਵ ਕਰ ਸਕਣ।

ਧਮਕੀਆਂ, ਡਰਾਵੇ ਅਤੇ ਹਮਾਇਤ

ਕਿਸੇ ਵੀ ਦੇਸ ਦੇ ਹਾਕਮਾਂ ਵੱਲੋਂ ਦੂਜੇ ਦੇਸ ਦੇ ਹਾਕਮਾਂ ਨੂੰ ਧਮਕੀਆਂ ਦੇਣੀਆਂ, ਡਰਾਵੇ ਦੇਣੇ ਕਿਸੇ ਤਰ੍ਹਾਂ ਵੀ ਠੀਕ ਨਹੀਂ। ਇਹ ਕੰਮ ਕਈ ਮੁਲਕ ਕਰਦੇ ਰਹਿੰਦੇ ਹਨ, ਤਾਂ ਕਿ ਉਹ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਵਿੱਚ ਕਾਮਯਾਬ ਹੁੰਦੇ ਰਹਿਣ। ਅਮਰੀਕਾ, ਚੀਨ, ਪਾਕਿਸਤਾਨ ਅਤੇ ਹੋਰ ਕਈ ਦੇਸ ਅਕਸਰ ਇਸ ਕੰਮ ਵਿੱਚ ਪਏ ਰਹਿੰਦੇ ਹਨ, ਜਿਸ ਨੂੰ ਦੁਨੀਆ ਭਰ ਵਿੱਚ ਸਹੀ ਨਹੀਂ ਠਹਿਰਾਇਆ ਜਾਂਦਾ।

ਅਮਰੀਕਾ ਦਾ ਰਾਸ਼ਟਰਪਤੀ ਡੌਨਾਲਡ ਟਰੰਪ ਆਪਣੇ ਦੇਸ ਵਿੱਚ ਵਸਦੇ ਪਰਵਾਸੀਆਂ ਨੂੰ ਹੀ ਧਮਕੀਆਂ ਦੇਣ ਲੱਗ ਪਿਆ। ਉਹਨਾਂ ਦੇ ਸਾਹ ਸੂਤੇ ਗਏ। ਉਹਨਾਂ ਨੂੰ ਉਸ ਮੁਲਕ ਵਿੱਚੋਂ ਉਜਾੜਨਾ ਨਾ ਅਮਰੀਕਾ ਦੇ ਹਿਤ ਵਿੱਚ ਹੈ, ਨਾ ਪਰਵਾਸੀਆਂ ਦੇ ਹਿਤ ਵਿੱਚ। ਪਰਵਾਸੀਆਂ ਨੇ ਅਮਰੀਕਾ ਦੀ ਤਰੱਕੀ ਵਿੱਚ ਬਣਦਾ-ਸਰਦਾ ਯੋਗਦਾਨ ਪਾਇਆ ਹੈ, ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।

ਪਾਕਿਸਤਾਨ ਦੇ ਨਵੇਂ ਜਰਨੈਲ ਬਾਜਵਾ ਨੇ ਭਾਰਤ ਦੇ ਕਸ਼ਮੀਰ ਵਿੱਚ ਉਹਨਾਂ ਲੋਕਾਂ ਦੀ ਹਮਾਇਤ ਕਰਨ ਦਾ ਖੁੱਲ੍ਹਮ-ਖੁੱਲ੍ਹਾ ਬਿਆਨ ਦਾਗ਼ ਦਿੱਤਾ, ਜਿਹੜੇ ਭਾਰਤ ਦੀ ਹਕੂਮਤ ਵਿਰੁੱਧ ਜਹਾਦ ਛੇੜ ਕੇ ਮਰਨ ਤੋਂ ਨਹੀਂ ਡਰਦੇ। ਜਰਨੈਲ ਦੀ ਇਸ ਤਰ੍ਹਾਂ ਦੀ ਹਮਾਇਤ ਨੂੰ ਨਾਵਾਜਬ, ਗ਼ੈਰ-ਕਾਨੂੰਨੀ ਅਤੇ ਦੂਜੇ ਦੇਸ ਵਿੱਚ ਦਖ਼ਲ ਦੀ ਕਿਰਿਆ ਗਰਦਾਨ ਕੇ ਉਸ ਨੂੰ ਹਟਾਉਣ ਦੀ ਮੰਗ ਕਰਨੀ ਚਾਹੀਦੀ ਹੈ, ਤਾਂ ਜੁ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਸਕੇ।

ਕਿਸੇ ਨੂੰ ਅਧਿਕਾਰ ਨਹੀਂ ਕਿ ਉਹ ਧਮਕੀਆਂ, ਡਰਾਵੇ ਦੇਵੇ ਅਤੇ ਗ਼ਲਤ ਕਦਮਾਂ ਦੀ ਖਾਹਮ-ਖਾਹ ਹਮਾਇਤ ਕਰੇ। ਜਿਹੜਾ ਵੀ ਹਾਕਮ, ਨੇਤਾ ਜਾਂ ਵਿਅਕਤੀ ਅਜਿਹਾ ਕਰਦਾ ਹੈ, ਉਹ ਆਪਣਾ ਨੁਕਸਾਨ ਵੀ ਕਰਦਾ ਹੈ ਅਤੇ ਆਪਣੇ ਦੇਸ ਦਾ ਵੀ। ਅੱਜ ਦਾ ਵਕਤ ਧਮਕੀਆਂ ਅਤੇ ਡਰਾਵੇ ਦੇਣ ਦਾ ਨਹੀਂ, ਸਗੋਂ ਮੁਹੱਬਤਾਂ ਦਾ ਪੈਗ਼ਾਮ ਦੇਣ ਦਾ ਹੈ, ਤਾਂ ਜੁ ਦੁਨੀਆ ਭਰ ਦੇ ਲੋਕ ਭਾਈਚਾਰੇ ਦੀ ਛਾਂ ਹੇਠ ਜੀਵਨ ਬਸਰ ਕਰਨ ਅਤੇ ਮਾਨਵਤਾ ਨੂੰ ਸਿਖ਼ਰਾਂ ਵੱਲ ਲਿਜਾਣ। ਵੱਡੇ ਹਾਕਮਾਂ ਨੂੰ ਵੱਡੇ ਦਿਲ ਰੱਖਣੇ ਚਾਹੀਦੇ ਹਨ, ਛੋਟੇ ਨਹੀਂ। ਆਪਣੇ ਜ਼ਿਹਨ ਦੇ ਬੂਹੇ, ਖਿੜਕੀਆਂ ਅਤੇ ਰੋਸ਼ਨਦਾਨ ਖੁੱਲ੍ਹੇ ਰੱਖਣੇ ਚਾਹੀਦੇ ਹਨ, ਤਾਂ ਕਿ ਅੱਜ ਦੇ ਸਮਿਆਂ ਅਤੇ ਮੌਸਮਾਂ ਦੇ ਹਾਣ ਦੇ ਹੋ ਕੇ ਸਾਰੇ ਜਹਾਨ ਨੂੰ ਆਪਣਾ ਹੀ ਆਲਮ ਸਮਝਦੇ ਹੋਏ ਡਰਾਵੇ, ਧਮਕੀਆਂ ਅਤੇ ਨਾਜਾਇਜ਼ ਹਮਾਇਤ ਦੇਣ ਤੋਂ ਬਚ ਸਕਣ।

**

ਲਤੀਫ਼ੇ ਦਾ ਚਿਹਰਾ-ਮੋਹਰਾ:

ਕਿਸਾਨ ਪਾਣੀ ਦੇ ਮਾਹਿਰ ਪੰਡਤ ਨੂੰ ਆਪਣੇ ਖੇਤ ਵਿੱਚ ਲੈ ਗਿਆ ਅਤੇ ਪੁੱਛਿਆ ਕਿ ਜ਼ਮੀਨ ਹੇਠ ਪਾਣੀ ਕਿਸ ਜਗ੍ਹਾ ਹੈ ਅਤੇ ਕਿੰਨਾ ਹੇਠਾਂ। ਪੰਡਤ ਨੇ ਕਈ ਪਾਸੇ ਦੇਖੇ ਅਤੇ ਖੇਤ ਦੇ ਕਿਨਾਰੇ ’ਤੇ ਪੈਰ ਰੱਖ ਕੇ ਕਿਹਾ ਕਿ ਇੱਥੇ 300 ਫੁੱਟ ’ਤੇ ਪਾਣੀ ਹੈ, ਲਗਾ ਲਉ ਟਿਊਬਵੈੱਲ।

ਪੰਡਤ ਕਿਸਾਨ ਦੇ ਘਰ ਰੋਟੀ ਖਾਣ ਗਿਆ ਤਾਂ ਚਾਵਲਾਂ ’ਤੇ ਸ਼ੱਕਰ ’ਤੇ ਘਿਉ ਨਾ ਹੋਣ ਦੀ ਸ਼ਿਕਾਇਤ ਕੀਤੀ। ਕਿਸਾਨ ਨੇ ਉਸ ਨੂੰ ਢਾਹ ਲਿਆ ਕਿ ਜ਼ਮੀਨ ਵਿੱਚ ਤਾਂ 300 ਫੁੱਟ ਹੇਠਾਂ ਪਾਣੀ ਦੇਖ ਲਿਆ, ਆਹ ਥਾਲੀ ਵਿੱਚ ਪਏ ਚਾਵਲਾਂ ਹੇਠਾਂ ਇੱਕ ਇੰਚ ’ਤੇ ਪਈ ਸ਼ੱਕਰ ਤੇ ਘਿਉ ਨਹੀਂ ਦਿਸੇ।

*****

(692)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author