GurmitShugli7ਸਰਕਾਰ ਨੇ ਨਸ਼ੇ ਰੋਕਣ ਲਈ ਸਪੈਸ਼ਲ ਟਾਸਕ ਫੋਰਸ ਜ਼ਰੂਰ ਬਣਾਈ ਹੈਪਰ ਹਾਲੇ ਤੱਕ ...
(27 ਅਪਰੈਲ 2017)

 

ਮਹੀਨੇ ਤੋਂ ਉੱਤੇ ਤੇ ਸਵਾ ਮਹੀਨੇ ਤੋਂ ਕੁਝ ਕੁ ਘੱਟ ਦੀ ਹੋ ਗਈ ਹੈ ਪੰਜਾਬ ਸਰਕਾਰ। ਸਰਕਾਰ ਜਦੋਂ ਬਣੀ ਨਹੀਂ ਸੀ, ਉਦੋਂ ਗੱਲਾਂ ਹੋਰ ਸਨ ਤੇ ਹੁਣ ਜਦੋਂ ਬਣ ਗਈ ਹੈ ਤਾਂ ਹੋਰ ਹਨ। ਜਦੋਂ ਕਾਂਗਰਸ ਵਾਅਦਿਆਂ ਦੇ ਗੱਫੇ ਵੰਡ ਰਹੀ ਸੀ, ਅਸੀਂ ਉਦੋਂ ਵੀ ਕਹਿੰਦੇ ਸਾਂ ਕਿ ਕਹੇ ਮੁਤਾਬਕ ਸਾਰੇ ਕੰਮ ਕਰਨੇ ਸੌਖੇ ਨਹੀਂ ਤੇ ਅੱਜ ਵੀ ਉਹੀ ਆਖਦੇ ਹਾਂ। ਹੁਣ ਜਦੋਂ ਨਿੱਤ ਨਵੇਂ ਕੰਮ ਲਈ ਕਮੇਟੀ ਬਣਾ ਦਿੱਤੀ ਜਾਂਦੀ ਹੈ ਤਾਂ ਮੈਂ ਸੋਚਦਾ ਹਾਂ ਕਿ ਇਹ ਸਭ ਮਸਲੇ ਨੂੰ ਕਈ ਮਹੀਨੇ ਹੋਰ ਅੱਗੇ ਪਾਉਣ ਦਾ ਢੰਗ ਹੈ। ਜਦੋਂ ਵਾਅਦੇ ਕੀਤੇ ਗਏ ਤਾਂ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਚਿਰ ਵਿੱਚ ਇਹ ਸਭ ਕਰਕੇ ਦਿਖਾਇਆ ਜਾਊ ਤੇ ਹੁਣ ਸੂਬੇ ਦੇ ਲੋਕ ਵਾਅਦਿਆਂ ਦੀ ਪੂਰਤੀ ਵੱਲ ਇਉਂ ਅੱਖਾਂ ਗੱਡੀ ਬੈਠੇ ਹਨ, ਜਿਵੇਂ ਲੰਘੇ ਵੇਲੇ ਕਾਂ ਦੀ ਕਾਂ ਕਾਂ ਸੁਣ ਕੇ ਪ੍ਰਾਹੁਣਾ ਘਰ ਆਉਣਾ ਉਡੀਕਿਆ ਜਾਂਦਾ ਸੀ।

ਕਾਂਗਰਸ ਸਰਕਾਰ 16 ਮਾਰਚ ਨੂੰ ਸੱਤਾ ਵਿਚ ਆਈ ਸੀ ਤੇ ਲੰਘੀ 16 ਅਪ੍ਰੈਲ ਨੂੰ ਮਹੀਨਾ ਪੂਰਾ ਹੋ ਗਿਆ। ਇਸ ਇੱਕ ਮਹੀਨੇ ਵਿਚ ਕੀ-ਕੀ ਹੋਇਆ, ਦੱਸਣ ਦੀ ਬਹੁਤੀ ਲੋੜ ਨਹੀਂ, ਕਿਉਂਕਿ ਸਭ ਨੂੰ ਸਭ ਕੁਝ ਬਾਰੇ ਪਤਾ ਹੀ ਹੈ। ਪਰ ਜੇ ਮਹੀਨੇ ਦਾ ਲੇਖਾ-ਜੋਖਾ ਕਰਨਾ ਹੋਵੇ ਤਾਂ ਸਿਵਾਏ ਨਿਰਾਸ਼ਾ ਦੇ ਬਹੁਤਾ ਕੁਝ ਨਹੀਂ ਲੱਭਦਾ। ਕੈਪਟਨ ਅਮਰਿੰਦਰ ਸਿੰਘ ਦਾ ਪਹਿਲਾ ਵੱਡਾ ਵਾਅਦਾ ਸੀ ਕਿ ਜੇ ਸੱਤਾ ਵਿਚ ਆ ਗਏ ਤਾਂ ਚਾਰ ਹਫ਼ਤਿਆਂ ਵਿਚ ਨਸ਼ੇ ਖ਼ਤਮ ਕਰ ਦਿਆਂਗੇ। ਇਹ ਗੱਲ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਖੀ ਸੀ। ਹੁਣ ਜਦੋਂ ਮਹੀਨਾ ਪੂਰਾ ਹੋ ਗਿਆ ਤਾਂ ਵੀ ਨਸ਼ੇ ਪਹਿਲਾਂ ਵਾਂਗ ਵਿਕਦੇ ਹਨ। ਸਰਕਾਰ ਨੇ ਨਸ਼ੇ ਰੋਕਣ ਲਈ ਸਪੈਸ਼ਲ ਟਾਸਕ ਫੋਰਸ ਜ਼ਰੂਰ ਬਣਾਈ ਹੈ, ਪਰ ਹਾਲੇ ਤੱਕ ਇੱਕ ਵੀ ਵੱਡਾ ਤਸਕਰ, ਰਾਜਨੀਤਕ ਆਗੂ, ਜਾਂ ਪੁਲਿਸ ਅਧਿਕਾਰੀ ਇਸ ਟਾਸਕ ਫੋਰਸ ਦੇ ਅੜਿੱਕੇ ਨਹੀਂ ਆਇਆ, ਜੋ ਹੈਰੋਇਨ, ਸਮੈਕ ਦਾ ਧੰਦਾ ਕਰਦਾ ਹੋਵੇ। ਕਦੇ ਪੱਚੀ ਗ੍ਰਾਮ ਸਮੈਕ ਸਮੇਤ ਦੋ ਜਣੇ ਫੜਨ ਦੀਆਂ ਖ਼ਬਰਾਂ ਮਿਲਦੀਆਂ ਹਨ ਤੇ ਕਦੇ ਸੌ ਗ੍ਰਾਮ ਹੈਰੋਇਨ ਸਮੇਤ ਤਿੰਨ ਦੋਸ਼ੀ ਫੜਨ ਦੀਆਂ। ਕਦੇ ਦੋ ਸੌ ਨਸ਼ੀਲੀਆਂ ਗੋਲੀਆਂ ਸਮੇਤ ਕੋਈ ਕਾਬੂ ਆਉਂਦਾ ਹੈ ਤੇ ਕਦੇ ਕੈਪਸੂਲਾਂ ਸਮੇਤ ਕੋਈ ਪੁਲਿਸ ਦੇ ਧੱਕੇ ਚੜ੍ਹ ਜਾਂਦਾ ਹੈ। ਇਹ ਸਭ ਕੁਝ ਤਾਂ ਪਿਛਲੀ ਸਰਕਾਰ ਵੇਲੇ ਵੀ ਸੀ, ਤਾਂ ਫਿਰ ਨਵਾਂ ਕੀ ਹੋਇਆ? ਕਾਂਗਰਸ ਹੀ ਆਖਦੀ ਸੀ ਕਿ ਪੰਜਾਬ ਵਿਚ ਸੱਤਰ ਫ਼ੀਸਦੀ ਨੌਜਵਾਨ ਨਸ਼ੇ ਦੇ ਆਦੀ ਹਨ ਤਾਂ ਫਿਰ ਇਨ੍ਹਾਂ ਸੱਤਰ ਫ਼ੀਸਦੀ ਲੋਕਾਂ ਨੂੰ ਕਿਹੜੇ ਨਸ਼ਾ ਛੁਡਾਊ ਕੇਂਦਰ ਭੇਜਿਆ ਗਿਆ ਜਾਂ ਭੇਜਣਾ ਹੈ, ਉਹਦੇ ਬਾਰੇ ਸਰਕਾਰ ਕੁਝ ਨਹੀਂ ਦੱਸ ਰਹੀ?

ਕੈਪਟਨ ਵਜ਼ਾਰਤ ਦੇ ਕੁਝ ਮੰਤਰੀ, ਸਮੇਤ ਮੁੱਖ ਮੰਤਰੀ ਦੇ ਤਿੰਨ ਦਿਨ ਦੇ ਮੁੰਬਈ ਦੌਰੇ ’ਤੇ ਜਾ ਕੇ ਆਏ ਹਨ। ਕਾਰਨ ਦੱਸਿਆ ਕਿ ਪੂੰਜੀ ਨਿਵੇਸ਼ ਲਈ ਕਾਰੋਬਾਰੀਆਂ ਨੂੰ ਮਿਲਣ ਗਏ ਸਾਂ। ਪ੍ਰਚਾਰਿਆ ਇਹ ਗਿਆ ਕਿ ਬਹੁਤ ਸਾਰੇ ਕਾਰੋਬਾਰੀ ਪੰਜਾਬ ਵਿਚ ਪੈਸਾ ਲਾਉਣ ਨੂੰ ਤਿਆਰ ਹਨ, ਪਰ ਇਹ ਤਿਆਰੀ ਅਕਾਲੀ ਸਰਕਾਰ ਦੇ ਵੇਲੇ ਵਰਗੀ ਹੈ ਜਾਂ ਕੁਝ ਵੱਖਰੀ, ਇਹ ਵਕਤ ਦੱਸੇਗਾ।

ਸਰਕਾਰ ਨੇ ਕਿਸਾਨੀ ਕਰਜ਼ੇ ਦੀ ਪੜਚੋਲ ਲਈ ਇੱਕ ਕਮੇਟੀ ਬਣਾਈ ਹੈ, ਜਿਸ ਨੇ ਦੋ ਮਹੀਨਿਆਂ ਵਿਚ ਰਿਪੋਰਟ ਪੇਸ਼ ਕਰਨੀ ਹੈ। ਰਿਪੋਰਟ ਦੀ ਪੇਸ਼ਕਾਰੀ ਕਿਹੜੇ ਵਰਗ ਦੇ ਕਿਸਾਨਾਂ ਦੇ ਹਿੱਤ ਵਿਚ ਹੋਵੇਗੀ ਤੇ ਕਿਹੜਿਆਂ ਦੇ ਖ਼ਿਲਾਫ਼, ਇਹ ਵੀ ਵਕਤ ’ਤੇ ਹੀ ਨਿਰਭਰ ਕਰਦੀ ਗੱਲ ਹੈ।

ਸਾਬਕਾ ਸਰਕਾਰ ਵੇਲੇ ਬੇਅਦਬੀ ਕਾਂਡ ਦੀਆਂ ਘਟਨਾਵਾਂ ਬਹੁਤ ਵਾਪਰੀਆਂ। ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਸਰਕਾਰ ਨੇ ਜਸਟਿਸ ਕੌਰਾ ਸਿੰਘ ਕਮਿਸ਼ਨ ਦਾ ਗਠਨ ਕਰ ਦਿੱਤਾ, ਪਰ ਹੁਣ ਇਸ ਕਮਿਸ਼ਨ ਨੂੰ ਭੰਗ ਕਰਕੇ ਸਾਬਕਾ ਜੱਜ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ ਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਮਾਮਲੇ ਦੀ ਪੈੜ ਲੱਭਣੀ ਹੈ। ਇਹ ਕਮਿਸ਼ਨ ਕਿੰਨੇ ਵਕਤ ਵਿਚ ਰਿਪੋਰਟ ਪੇਸ਼ ਕਰੇਗਾ, ਕੁਝ ਪਤਾ ਨਹੀਂ। ਪਰ ਅਕਾਲੀਆਂ ਨੇ ਰਣਜੀਤ ਸਿੰਘ ਕਮਿਸ਼ਨ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਹਾਲੇ ਤੱਕ ਤਿੰਨ ਕੰਮ ਕਹੇ ਮੁਤਾਬਕ ਕੀਤੇ ਹਨ। ਲਾਲ ਬੱਤੀ ਸੱਭਿਆਚਾਰ ਖ਼ਿਲਾਫ਼ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੱਤਰਕਾਰਾਂ ਤੇ ਆਜ਼ਾਦੀ ਘੁਲਾਟੀਆਂ ਲਈ ਟੋਲ ਪਲਾਜ਼ਾ ਮਾਫ਼ ਕਰ ਦਿੱਤਾ ਹੈ ਤੇ ਸਭ ਵਰਗਾਂ ਨੂੰ ਪੰਜ ਰੁਪਏ ਯੂਨਿਟ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ।

ਇਨ੍ਹਾਂ ਕੰਮਾਂ ਦੇ ਨਾਲ-ਨਾਲ ਪਹਿਲੇ ਮਹੀਨੇ ਵਜ਼ਾਰਤ ਵਿਚ ਸ਼ਾਮਲ ਮੰਤਰੀਆਂ ਤੇ ਵਿਧਾਇਕਾਂ ਨੇ ਵਿਵਾਦ ਵੀ ਸਹੇੜੇ ਹਨ। ਸਿੱਖਿਆ ਮੰਤਰੀ ਅਰੁਣਾ ਚੌਧਰੀ ਪੰਜਾਬੀ ਭਾਸ਼ਾ ਤੋਂ ਦੂਰ ਹੋਣ ਕਰਕੇ ਤੇ ਪਤੀ ਦੇਵ ਦੇ ਸਹਿਯੋਗ ਲੈਣ ਕਰਕੇ ਵਿਵਾਦ ਵਿਚ ਘਿਰੀ। ਸਾਧੂ ਸਿੰਘ ਧਰਮਸੋਤ ਇੱਕ ਸਕੂਲ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀ ਧਮਕੀ ਦੇ ਕੇ ਵਿਵਾਦ ਸਹੇੜ ਬੈਠਾ। ਰਮਨਜੀਤ ਸਿੰਘ ਸਿੱਕੀ ਪੁਲਿਸ ਨੂੰ ਧਮਕੀ ਦੇ ਕੇ ਚਰਚਾ ਵਿਚ ਆਇਆ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਥੀ ਪੱਤਰਕਾਰ ਦੀ ਕੁੱਟਮਾਰ ਕਰਕੇ ਤੇ ਸਬਜ਼ੀ ਵਿਕਰੇਤਾ ਨੂੰ ਆਤਮਦਾਹ ਲਈ ਮਜਬੂਰ ਕਰਨ ਵਰਗੇ ਦੋਸ਼ਾਂ ਕਰਕੇ ਵੜਿੰਗ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਆਂਦਾ ਹੈ।

ਪਹਿਲੇ ਮਹੀਨੇ ਵਿਚ ਪਿਛਲੀ ਸਰਕਾਰ ਵਾਂਗ ਗੁੰਡਾਗਰਦੀ ਜਾਰੀ ਰਹੀ। ਗੈਂਗਸਟਰਾਂ ਨੂੰ ਸਰਕਾਰ ਬਦਲਣ ਨਾਲ ਕੋਈ ਫ਼ਰਕ ਨਹੀਂ ਪਿਆ ਤੇ ਜੇਲ੍ਹਾਂ ਵਿਚ ਪੁੱਠੇ ਸਿੱਧੇ ਰੰਗ ਪਹਿਲਾਂ ਵਾਂਗ ਜਾਰੀ ਹਨ। ਹਰ ਤੀਜੇ ਦਿਨ ਗੈਂਗਸਟਰਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਕਦੇ ਮੁਹਾਲੀ ਵੱਲ ਸਰਪੰਚ ਦਾ ਕਤਲ, ਕਦੇ ਕਾਹਨੂੰਵਾਨ ਵੱਲ ਗੈਂਗਸਟਰਾਂ ਦੇ ਮੁਕਾਬਲੇ ਵਿਚ ਤਿੰਨ ਦੀ ਮੌਤ ਤੇ ਕਦੇ ਜਲੰਧਰ ਛੋਟੀ ਬਾਰਾਦਰੀ ’ਚੋਂ ਚਾਰ ਗੈਂਗਸਟਰ ਕਾਬੂ ਕਰਨ ਦੀਆਂ ਖ਼ਬਰਾਂ।

ਇਹ ਹਾਲੇ ਪਹਿਲੇ ਮਹੀਨੇ ਦਾ ਲੇਖਾ-ਜੋਖਾ ਹੈ, ਅਗਲੇ ਵੇਲੇ ਕੀ ਹੋਵੇਗਾ, ਕੋਈ ਨਹੀਂ ਜਾਣਦਾ। ਇਨ੍ਹਾਂ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨ ਪੱਖੀ ਕਹਿ ਕੇ ਮਿਲਣ ਤੋਂ ਨਾਂਹ ਕਰਨ ਦੀ ਖ਼ਬਰ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਸੱਜਣ ਆਪਣੇ ਘਰ ਆਇਆ ਤੇ ਵਾਪਸ ਚਲਾ ਗਿਆ, ਪਰ ਸਰਕਾਰ ਦੇ ਅੱਧੇ ਮੰਤਰੀ ਉਸ ਨੂੰ ਇਉਂ ਨਿੰਦਦੇ ਰਹੇ, ਜਿਵੇਂ ਉਹਦਾ ਪੰਜਾਬ ਦੌਰਾ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਵੱਡੇ ਖ਼ਤਰੇ ਦਾ ਪ੍ਰਤੀਕ ਹੋਵੇ। ਪੰਜਾਬੀਆਂ ਦੇ ਵੱਡੇ ਹਿੱਸੇ ਨੇ ਇਹੀ ਕਿਹਾ ਕਿ ਕੈਪਟਨ ਨੂੰ ਪੁਰਾਣੇ ਗਿਲੇ-ਸ਼ਿਕਵੇ ਤਿਆਗ਼ ਕੇ ਸੱਜਣ ਨਾਲ ਸੱਜਣਤਾਈ ਦਿਖਾਉਣੀ ਚਾਹੀਦੀ ਸੀ, ਪਰ ਉਹਨੇ ਸਟੈਂਡ ਲੈ ਕੇ ਆਪਣੀ ਕਦਰ ਘਟਾਈ ਕਰ ਲਈ ਹੈ। ਉਹ ਇਨਸਾਨ ਜਿਸ ਨੇ ਕੈਨੇਡਾ ਵਰਗੇ ਦੇਸ਼ ਵਿਚ ਇੰਨਾ ਨਾਮਣਾ ਖੱਟਿਆ ਹੋਵੇਗਾ, ਉੱਤੇ ਸਭ ਨੂੰ ਮਾਣ ਹੋਣਾ ਚਾਹੀਦਾ ਹੈ।

ਖੈਰ, ਅਸੀਂ ਚਾਹੁੰਦੇ ਹਾਂ ਕਿ ਸਰਕਾਰ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ ਤੇ ਜਲਦੀ ਪੂਰੇ ਕਰੇ। ਜੇ ਸਾਲ ਲੰਘਾ ਕੇ ਦੋ ਵਾਅਦੇ ਪੂਰੇ ਹੋਣਗੇ ਤਾਂ ਪੰਜਾਬੀਆਂ ਦੇ ਮਨਾਂ ’ਤੇ ਸਰਕਾਰ ਦੀ ਕਾਰਗੁਜ਼ਾਰੀ ਬਹੁਤਾ ਚੰਗਾ ਪ੍ਰਭਾਵ ਨਹੀਂ ਛੱਡੇਗੀ। ਲਗਦਾ ਹੈ ਕਿ ਸਰਕਾਰ ਸਖ਼ਤ ਫ਼ੈਸਲੇ ਲੈਣ ਤੋਂ ਪਹਿਲਾਂ ਲੋੜ ਤੋਂ ਜ਼ਿਆਦਾ ਸਿਆਣਪ ਦੇ ਚੱਕਰਾਂ ਵਿਚ ਹੈ।

*****

(682)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author