KaramjitKKishanwal7ਪੜ੍ਹੇ ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾਜਿਸ ਕਰਕੇ ਪੰਜਾਬੀ ਆਪਣਾ ਘਰ-ਬਾਰ ਤੇ ਜ਼ਮੀਨ ਵੇਚ ਕੇ ...
(26 ਅਪਰੈਲ 2017)

 

ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇਕ ਦੁਖਾਂਤ ਹੈ। ਅੱਜ ਹਰੇਕ ਪੰਜਾਬੀ ਬੰਦਾ ਆਪਣੀ ਆਰਥਿਕਤਾ ਦੀ ਮਜ਼ਬੂਤੀ ਲਈ ਤੇ ਰੁਜ਼ਗਾਰ ਲਈ ਵਿਦੇਸ਼ਾਂ ਵਲ ਝਾਕ ਰਿਹਾ ਹੈ। ਇਹ ਗਲੋਬਲਾਈਜ਼ੇਸ਼ਨ ਦਾ ਵਰਤਾਰਾ ਹੈ, ਜਿਸ ਤਹਿਤ ਉਹ ਪੂੰਜੀ ਤੇ ਮੰਡੀ ਦੇ ਹੁਕਮ ਦਾ ਗੁਲਾਮ ਬਣਨ ਲਈ ਤਿਆਰ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਵਿਚ ਸਨਅਤ ਦਾ ਉਜਾੜਾ ਹੋ ਚੁੱਕਾ ਹੈ। ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹੀਪੜ੍ਹੇ ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਿਸ ਕਰਕੇ ਪੰਜਾਬੀ ਆਪਣਾ ਘਰ-ਬਾਰ ਤੇ ਜ਼ਮੀਨ ਵੇਚ ਕੇ ਬਾਹਰ ਜਾਣਾ ਚਾਹੁੰਦਾ ਹੈ। ਮਾਂ ਬਾਪ ਵੀ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵਿਦੇਸ਼ਾਂ ਵਿਚ ਪੜ੍ਹਾਈ ਲਈ ਜਾਵੇ ਤੇ ਉੱਥੇ ਹੀ ਸੈਟਲ ਹੋ ਜਾਵੇ, ਕਿਉਂਕਿ ਇੱਥੇ ਉਨ੍ਹਾਂ ਨੂੰ ਆਪਣੇ ਬੱਚੇ ਦਾ ਭਵਿੱਖ ਨਹੀਂ ਦਿਖਾਈ ਦੇ ਰਿਹਾ। ਜੇਕਰ ਇਹੀ ਵਰਤਾਰਾ ਜਾਰੀ ਰਿਹਾ ਤਾਂ ਪੰਜਾਬ ਦੇ ਨੌਜਵਾਨਾਂ ਦੀ ਬਹੁਗਿਣਤੀ ਵਿਦੇਸ਼ਾਂ ਵਲ ਪ੍ਰਵਾਸ ਕਰ ਜਾਵੇਗੀ। ਇਸ ਪ੍ਰਵਾਸ ਨੇ ਪੰਜਾਬੀਆਂ ਨੂੰ ਆਪਣੇ ਪਰਿਵਾਰਾਂ ਨਾਲੋਂ ਤੋੜ ਦਿੱਤਾ ਹੈ। ਬਜ਼ੁਰਗ ਮਾਂ ਬਾਪ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣਾ ਬੁਢਾਪਾ ਖਰਾਬ ਕਰ ਰਹੇ ਹਨ ਤੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਬੇਗਾਨਗੀ ਭੋਗਣ ਲਈ ਮਜ਼ਬੂਰ ਹਨ।

ਹਾਲਾਂਕਿ ਪੰਜਾਬ ਦੇ ਨੌਜਵਾਨ ਨੂੰ ਅਹਿਸਾਸ ਹੈ ਕਿ ਵਿਦੇਸ਼ਾਂ ਵਿਚ ਨਸਲੀ ਵਿਤਕਰਾ ਹੈ, ਜਾਹਲੀ ਕਾਗਜ਼ਾਂ ਕਰਕੇ ਜੇਲ੍ਹਾਂ ਵਿਚ ਸੜਨਾ ਪੈਂਦਾ ਹੈ, ਪਰ ਫਿਰ ਵੀ ਪੱਛਮੀ ਦੇਸਾਂ ਵਿਚ ਪੁੱਜਣ ਲਈ ਉਹ ਹਰੇਕ ਜਾਇਜ਼/ਨਾਜਾਇਜ਼ ਤਰੀਕੇ ਦੀ ਵਰਤੋਂ ਕਰ ਰਹੇ ਹਨ। ਇਸ ਪ੍ਰਵਾਸ ਕਾਰਨ ਪੰਜਾਬ ਵਿਚ ਠੱਗ ਟ੍ਰੈਵਲ ਏਜੰਟ ਵੀ ਪੂਰੇ ਤਰ੍ਹਾਂ ਸਰਗਰਮ ਹੋ ਚੁੱਕੇ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਠੱਗ ਰਹੇ ਹਨ।

ਜਲੰਧਰ ਕੋਲ ਇੱਕ ਅਜਿਹਾ ਗੁਰਦੁਆਰਾ ਨਿਹਾਲ ਸਿੰਘ ਸ਼ਹੀਦਾਂ ਤੱਲ੍ਹਣ ਸਾਹਿਬ ਹੈ, ਜਿੱਥੇ ਲੋਕ ਚੜ੍ਹਾਵੇ ਦੇ ਰੂਪ ਵਿੱਚ ਜਹਾਜ਼ ਦੇ ਰੂਪ ਵਿਚ ਖਿਡੌਣਾ ਚੜ੍ਹਾਉਂਦੇ ਹਨ ਤੇ ਵਿਦੇਸ਼ ਜਾਣ ਦੀ ਮੰਨਤ ਮੰਗਦੇ ਹਨ ਤੇ ਅਰਦਾਸਾਂ ਕਰਦੇ ਹਨ। ਉਂਝ ਵੀ ਦੁਆਬੇ ਦੇ ਲੋਕ ਵਿਦੇਸ਼ਾਂ ਪ੍ਰਤੀ ਆਪਣੀ ਚਾਹਤ ਲਈ ਮਸ਼ਹੂਰ ਹਨ ਤੇ ਇਸ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ। ਪਰ ਹੁਣ ਪੂਰੇ ਪੰਜਾਬ ਵਿਚ ਵਿਦੇਸ਼ਾਂ ਵਲ ਪ੍ਰਵਾਸ ਕਰਨ ਲਈ ਪੰਜਾਬੀ ਨੌਜਵਾਨ ਸਰਗਰਮ ਹਨ।

ਭਾਰਤ ਵਿੱਚ ਦੇਸ ਵਿਦੇਸ਼ ਵਿੱਚ ਸਾਲ 1966 ਦੌਰਾਨ ਐੱਨਆਰਆਈ ਐਕਟ ਲਾਗੂ ਹੋਇਆ ਸੀ, ਜਿਸ ਤਹਿਤ ਵਿਦੇਸ਼ੀ ਭਾਰਤ ਆ ਸਕਦੇ ਸਨ, ਉੱਥੇ ਭਾਰਤੀਆਂ ਨੂੰ ਵੀ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ। ਇਹ ਐਕਟ ਵਿਦੇਸ਼ੀ ਮੁਦਰਾ ਹਾਸਲ ਕਰਨ ਦਾ ਵੀ ਸਰਲ ਮਾਧਿਅਮ ਮੰਨਿਆ ਗਿਆ ਸੀ, ਪਰ ਪਿਛਲੇ 15-20 ਸਾਲਾਂ ਤੋਂ ਇਸ ਐਕਟ ਦੀ ਆੜ ਵਿੱਚ ਗ਼ੈਰ ਕਾਨੂੰਨੀ ਕਾਰੋਬਾਰ ਬੜੀ ਤੇਜ਼ੀ ਨਾਲ ਵਧ ਫੁਲ ਰਿਹਾ ਹੈ। ਜਾਹਲੀ ਟਰੈਵਲ ਏਜੰਟ ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਪੰਜਾਬੀਆਂ ਨੂੰ ਆਪਣੀਆਂ ਹਵਾਈ ਗੱਲਾਂ ਵਿੱਚ ਫਸਾ ਕੇ ਉਨ੍ਹਾਂ ਦੇ ਘਰ ਉਜਾੜ ਦਿੰਦੇ ਹਨ। ਅੱਜ ਤੱਕ ਨਾ ਜਾਣੇ ਕਿੰਨਿਆਂ ਨਾਲ ਅਜਿਹਾ ਧੋਖਾ ਹੋ ਚੁੱਕਾ ਹੈ। ਪੰਜਾਬ ਦੀਆਂ ਅਖਬਾਰਾਂ ਇੰਨ੍ਹਾਂ ਠੱਗੀਆਂ ਨਾਲ ਭਰੀਆਂ ਪਈਆਂ ਹਨ ਕਿ ਕਿਸੇ ਨਾ ਕਿਸੇ ਏਜੰਟ ਨੇ ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਵਿਅਕਤੀ ਨਾਲ ਠੱਗੀ ਮਾਰ ਲਈ ਤੇ ਵਿਦੇਸ਼ ਨਾ ਭੇਜਿਆ ਜਾਂ ਫਿਰ ਕਿਸੇ ਹੋਰ ਕੰਟਰੀ ਵਿੱਚ ਫਸਾ ਦਿੱਤਾ, ਜਿੱਥੇ ਉਹ ਜੇਲ੍ਹ ਵਿੱਚ ਹੈ। ਪਰ ਲੋਕ ਫਿਰ ਵੀ ਇਸ ਤੋਂ ਸਬਕ ਨਹੀਂ ਸਿੱਖਦੇ।

ਵਿਦੇਸ਼ਾਂ ਵਿੱਚ ਜਾਣ ਲਈ ਜਾਹਲੀ ਵਿਆਹ, ਕਬੂਤਰਬਾਜ਼ੀ ਦਾ ਬੋਲਬਾਲਾ ਹੈ। ਐਨਆਰਆਈਜ਼ ਨਾਜਾਇਜ਼ ਤੌਰ ’ਤੇ ਭਾਰਤੀਆਂ ਨੂੰ ਵਿਦੇਸ਼ ਲਿਜਾਣ ਲਈ ਪੇਪਰ ਮੈਰਿਜ ਤੇ ਹੋਰ ਕਾਰਵਾਈਆਂ ਦਾ ਸਹਾਰਾ ਲੈਂਦੇ ਹਨ। ਇਸ ਦੇ ਬਦਲੇ ਮੋਟੀ ਰਕਮ ਵਸੂਲ ਕਰਦੇ ਹਨ। ਕਬੂਤਰਬਾਜ਼ੀ ਦੀ ਗੱਲ ਕਰੀਏ ਤਾਂ ਪਿਛਲੇ 15 ਸਾਲਾਂ ਦੌਰਾਨ ਕਬੂਤਰਬਾਜ਼ੀ ਦੇ ਮਾਮਲਿਆਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਕਬੂਤਰਬਾਜ਼ੀ ਵਿਚ ਕਈ ਡੇਰੇਦਾਰ ਤੇ ਗਾਇਕ ਵੀ ਸ਼ਾਮਲ ਰਹੇ ਹਨ। ਵਿਦੇਸ਼ ਜਾਣ ਦਾ ਕਰੇਜ਼ ਕੁਝ ਇਸ ਤਰ੍ਹਾਂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਿ ਲੋਕਾਂ ਨੇ ਰਿਸ਼ਤਿਆਂ ਨੂੰ ਵੀ ‘ਤਾਰ-ਤਾਰ’ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹਰ ਰੋਜ਼ ਅਜਿਹੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨਾਲ ਮਨੁੱਖਤਾ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਪਰ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ। ਕਈ ਮਾਮਲਿਆਂ ਵਿੱਚ ਭਰਾ-ਭੈਣ ਵਿਆਹ ਕਰਵਾ ਕੇ ਵਿਦੇਸ਼ ਜਾਂਦੇ ਫੜੇ ਗਏ, ਤਾਂ ਕੁਝ ਮਾਮਲਿਆਂ ਵਿੱਚ ਐੱਨਆਰਆਈ ਮਾਮਾ ਵਿਆਹ ਕਰਕੇ ਭਾਣਜੀ ਨੂੰ ਵਿਦੇਸ਼ ਲੈ ਗਿਆ।

ਵਿਆਹ ਕਰਾਉਣਾ ਇੱਕ ਕਾਰੋਬਾਰ ਹੋ ਗਿਆ ਹੈ ਤੇ ਔਰਤਾਂ ਵਿੱਚ ਵੀ ਵਿਦੇਸ਼ਾਂ ਵਿੱਚ ਵਸਣ ਦੀ ਚਾਹ ਵਧੀ ਹੈਵਿਆਹ ਦੇ ਇਸ਼ਤਿਹਾਰਾਂ ਰਾਹੀਂ ਔਰਤਾਂ ਨਾਲ ਧੋਖੇ ਹੋ ਰਹੇ ਹਨ। ਅਕਸਰ ਅਜਿਹੇ ਰਿਸ਼ਤਿਆਂ ਵਿੱਚ ਕਾਫੀ ਛਾਣਬੀਣ ਨਹੀਂ ਹੁੰਦੀ। ਸਾਰਾ ਮਾਮਲਾ ਪੈਸੇ, ਵਿਦੇਸ਼ ਵਿੱਚ ਜ਼ਿਆਦਾ ਤਨਖ਼ਾਹ ਵਾਲੀ ਨੌਕਰੀ ਤੇ ਐੱਨਆਰਆਈ ਲਾੜੇ ਦੀ ਖਾਹਿਸ਼ ਨਾਲ ਜੁੜਿਆ ਹੁੰਦਾ ਹੈਇਨ੍ਹਾਂ ਮਾਮਲਿਆਂ ਵਿੱਚ ਆਮ ਕਰਕੇ ਧੋਖਾ ਹੋ ਜਾਂਦਾ ਹੈ। ਪੰਜਾਬ, ਹਰਿਆਣਾ ਆਦਿ ਰਾਜਾਂ ਵਿੱਚ ਤਾਂ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਦੋਂ ਵਿਆਹ ਕਰਕੇ ਕੁਝ ਲਾੜੇ ਜਾਂ ਤਾਂ ਵਿਦੇਸ਼ ਭੱਜ ਜਾਂਦੇ ਹਨ ਜਾਂ ਫਿਰ ਇਨ੍ਹਾਂ ਲਾੜੀਆਂ ਨੂੰ ਵਿਦੇਸ਼ ਲਿਜਾਣ ਦੇ ਬਾਵਜੂਦ ਉੱਥੇ ਦੂਜਾ ਵਿਆਹ ਕਰਵਾ ਲੈਂਦੇ ਹਨ।

2013 ਵਿਚ ਕੇਂਦਰ ਸਰਕਾਰ ਨੇ ਅੰਕੜੇ ਜਾਰੀ ਕਰਕੇ ਦੱਸਿਆ ਸੀ ਕਿ ਹੁਣ ਬ੍ਰਿਟੇਨ ਵਿੱਚ ਅਪ੍ਰਵਾਸੀ ਭਾਰਤੀ ਲਾੜਿਆਂ ਦੇ ਨਾਲ ਵਿਆਹੀਆਂ ਗਈਆਂ ਭਾਰਤੀ ਲਾੜੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਵਿਦੇਸ਼ੀ ਕਰੰਸੀ ਦੀ ਚਮਕ-ਦਮਕ ਦਾ ਜਾਦੂ ਇੱਥੇ ਦੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲਦਾ ਹੈ। ਦੇਸ ਵਿੱਚ ਨੌਕਰੀ ਕਰਨ ਦੀ ਥਾਂ ਵਿਦੇਸ਼ ਵਿੱਚ ਸੈਟਲ ਹੋਣਾ ਇੱਥੋਂ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਵਿੱਚ ਸ਼ਾਮਲ ਹੈ। ਆਲਮ ਕੁਝ ਅਜਿਹਾ ਹੈ ਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਾਲਸਾ ਲਗਾਤਾਰ ਵਧ ਰਹੀ ਹੈ। ਵਿਦੇਸ਼ ਜਾਣ ਦੀ ਚਾਹਤ ਇੱਥੇ ਦੇ ਨੌਜਵਾਨਾਂ ’ਤੇ ਇਸ ਤਰ੍ਹਾਂ ਭਾਰੂ ਹੈ ਕਿ ਹਰ ਸਾਲ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵਿਦੇਸ਼ ਦੀ ਉਡਾਨ ਫੜ ਕੇ ਆਪਣਿਆਂ ਨੂੰ ਬਾਏ-ਬਾਏ ਕਹਿ ਜਾਂਦੇ ਹਨ। ਕੋਈ ਪੜ੍ਹਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਤੇ ਕੋਈ ਧਨ ਦੌਲਤ ਕਮਾਉਣ ਦੀ ਇੱਛਾ ਵਿੱਚਤੇ ਕੁਝ ਘੁੰਮਣ ਲਈ ਸੱਤ ਸਮੁੰਦਰ ਪਾਰ ਜਾਣਾ ਚਾਹੁੰਦੇ ਹਨ ਤੇ ਕੁਝ ਉੱਥੇ ਵਸਣਾ ਚਾਹੁੰਦੇ ਹਨ।

ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਕੰਮ ਦੇ ਕਾਫੀ ਮੌਕੇ ਮਿਲ ਜਾਂਦੇ ਹਨ। ਵਿਦੇਸ਼ ਵਿੱਚ ਨੌਜਵਾਨਾਂ ਨੂੰ ਮਾਲ, ਸ਼ਾਪਿੰਗ ਕੰਪਲੈਕਸ, ਫੈਕਟਰੀਆਂ ਵਿੱਚ ਅਸਾਨੀ ਨਾਲ ਨੌਕਰੀ ਮਿਲ ਜਾਂਦੀ ਹੈ। ਨੌਜਵਾਨ ਛੋਟਾ-ਵੱਡਾ ਕੋਈ ਵੀ ਕੰਮ ਮਿਲੇ, ਬੇਝਿਜਕ ਹੋ ਕੇ ਕਰਨ ਲੱਗ ਪੈਂਦੇ ਹਨ। ਕੰਮ ਦੇ ਬਦਲੇ ਲੋਕਾਂ ਨੂੰ ਜ਼ਿਆਦਾ ਤਨਖ਼ਾਹ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਘੰਟਿਆਂ ਦੇ ਹਿਸਾਬ ਨਾਲ ਤਨਖਾਹ, ਪਾਰਟ ਟਾਈਮ ਕੰਮ ਵੀ ਮਿਲ ਜਾਂਦਾ ਹੈ। ਰੁਪਏ ਦੇ ਮੁਕਾਬਲੇ ਇੰਗਲੈਂਡ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਸਮੇਤ ਦੇਸਾਂ ਦੀ ਮਜ਼ਬੂਤ ਕਰੰਸੀ ਵੀ ਲੋਕਾਂ ਨੂੰ ਵਿਦੇਸ਼ ਵੱਲ ਆਕਰਸ਼ਿਤ ਕਰ ਰਹੀ ਹੈ। ਆਪਣਿਆਂ ਨੂੰ ਛੱਡ ਕੇ ਵਿਦੇਸ਼ ਵਿੱਚ ਵਸੇ ਨੌਜਵਾਨ, ਪਹਿਲਾਂ ਖ਼ੁਦ ਸੈਟਲ ਹੋਣ ਤੋਂ ਬਾਅਦ ਮਾਤਾ-ਪਿਤਾ, ਭੈਣ-ਭਰਾ, ਰਿਸ਼ਤੇਦਾਰਾਂ ਤੇ ਸਕੇ-ਸੰਬੰਧੀਆਂ ਨੂੰ ਵੀ ਵਿਦੇਸ਼ ਵਿੱਚ ਹੀ ਬੁਲਾ ਲੈਂਦੇ ਹਨ।

ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਸਥਾਨਕਤਾ ਉਜਾੜੇ ਵਲ ਜਾ ਰਹੀ ਹੈ ਤੇ ਪੰਜਾਬੀ ਪੰਜਾਬ ਤੋਂ ਬੇਗਾਨਾ ਹੋਇਆ ਵਿਦੇਸ਼ਾਂ ਵਿਚ ਜਾ ਕੇ ਮੰਡੀ ਪੂੰਜੀ ਦੇ ਹੁਕਮ ਦਾ ਗੁਲਾਮ ਬਣਨ ਦਾ ਚਾਹਵਾਨ ਦਿਖਾਈ ਦੇ ਰਿਹਾ ਹੈ। ਇਹ ਇਕ ਤਰ੍ਹਾਂ ਦੀ ਆਪਣੇ ਸਭਿਆਚਾਰ ਦੀ ਨਸਲਕੁਸ਼ੀ ਵੀ ਹੈ। ਜੇ ਪੰਜਾਬ ਤੋਂ ਪੰਜਾਬੀਆਂ ਦਾ ਉਜਾੜਾ ਹੋ ਰਿਹਾ ਹੈ ਤਾਂ ਉਸ ਦੀ ਥਾਂ ਪ੍ਰਵਾਸੀ ਮਜ਼ਦੂਰ ਤਿੰਨ ਦਹਾਕਿਆਂ ਤੋਂ ਇੱਥੇ ਆ ਰਹੇ ਹਨ। ਇਹ ਇਕ ਤਰ੍ਹਾਂ ਦਾ ਚਿੰਤਾਜਨਕ ਤੇ ਪੰਜਾਬੀਆਂ ਲਈ ਵੱਡਾ ਦੁਖਾਂਤ ਹੈ ਕਿ ਪੰਜਾਬੀ ਆਪਣੇ ਪੰਜਾਬ ਤੋਂ ਉੱਜੜ ਜਾਣਗੇ। ਇਸ ਗੱਲ ਵਲ ਕਿਸੇ ਪੰਜਾਬੀ ਸਿਆਸਤਦਾਨ ਦਾ ਧਿਆਨ ਨਹੀਂ ਜਾ ਰਿਹਾ। ਅਸਲ ਵਿਚ ਪੰਜਾਬ ਦੀ ਹੋਂਦ ਆਰਥਿਕਤਾ ਤੇ ਰੁਜ਼ਗਾਰ ’ਤੇ ਟਿਕੀ ਹੋਈ ਹੈ। ਜੇਕਰ ਪੰਜਾਬ ਵਿਚ ਵਧੀਆ ਇੰਡਸਟਰੀ ਨਹੀਂ ਪੈਦਾ ਹੁੰਦੀ ਤੇ ਖੇਤੀ ਲਾਹਵੰਦ ਧੰਦਾ ਨਹੀਂ ਰਹਿੰਦਾ ਤਾਂ ਰੁਜ਼ਗਾਰ ਪੈਦਾ ਨਹੀਂ ਹੋ ਸਕੇਗਾ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਵਰਤਾਰਾ ਨਿਰੰਤਰ ਜਾਰੀ ਰਿਹਾ ਤਾਂ ਪੰਜਾਬੀ ਪ੍ਰਵਾਸ ਵਲ ਧੱਕੇ ਜਾਣਗੇ ਤੇ ਪੰਜਾਬ ਉਜਾੜੇ ਵਲ।

*****

(681)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)