GurmitShugli7“ਹਾਲੇ ਵੀ ਡੁੱਲ੍ਹੇ ਬੇਰਾਂ ਦਾ ਬਹੁਤਾ ਕੁਝ ਨਹੀਂ ਵਿਗੜਿਆ। ਚਾਪਲੂਸਾਂ ਨੂੰ ਦੂਰ ਕਰਕੇ ...”
(19 ਅਪਰੈਲ 2017)

 

ਕੁਝ ਮਹੀਨੇ ਪਹਿਲਾਂ ਜੇ ਕਿਸੇ ‘ਆਪ’ ਸਮਰਥਕ ਨੂੰ ਕਹਿੰਦੇ ਸਾਂ ਕਿ ਪਾਰਟੀ ਦਾ ਫ਼ਲਾਣਾ ਫ਼ੈਸਲਾ ਗ਼ਲਤ ਹੈ, ਤੁਹਾਡੀ ਲੀਡਰਸ਼ਿੱਪ ਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਤਾਂ ਉਹ ਗਲ਼ ਪੈਣ ਨੂੰ ਆਉਂਦਾ ਸੀ। ‘ਤੁਸੀਂ ਬਦਲਾਅ ਦੇ ਉਲਟ ਹੋ’, ‘ਇਨਕਲਾਬ ਨਹੀਂ ਚਾਹੁੰਦੇ’ ਸਮੇਤ ਕਈ ਕੁਝ ਹੋਰ ਸੁਣਨਾ ਪੈਂਦਾ ਸੀ, ਪਰ ਅੱਜ ਉਹੀ ਸਮਰਥਕ ਬੀਬੇ ਜਿਹੇ ਬਣ ਕੇ ਖੁਦ ਉਹੀ ਗੱਲਾਂ ਕਹਿੰਦੇ ਹਨ ਕਿ ਸਾਡੀ ਪਾਰਟੀ ਨੇ ਫਲਾਣੀਆਂ-ਫਲਾਣੀਆਂ ਗ਼ਲਤੀਆਂ ਕੀਤੀਆਂ, ਦਿੱਲੀ ਵਾਲੇ ਪੰਜਾਬ ਵਿਚ ਮਨਮਾਨੀਆਂ ਕਰਦੇ ਰਹੇ, ਜੇ ਕਿਤੇ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਵਿਚ ਐਲਾਨ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਸਾਡੀ ਸਰਕਾਰ ਹੁੰਦੀ। ਜੇ ਸਾਡੀ ਪੰਜਾਬ ਵਿਚ ਸਰਕਾਰ ਹੁੰਦੀ ਤਾਂ ਆਉਂਦੀਆਂ ਕਈ ਚੋਣਾਂ ਜਿੱਤਣ ਦੀ ਪੂਰੀ-ਪੂਰੀ ਸੰਭਾਵਨਾ ਬਣ ਜਾਣੀ ਸੀ।

ਉਨ੍ਹਾਂ ਦੀ ਨਿਰਾਸ਼ਾ ਨੂੰ ਅਸੀਂ ਸਮਝ ਸਕਦੇ ਹਾਂ, ਪਰ ਜਦੋਂ ਚਿੜੀਆਂ ਖੇਤ ਚੁਗ ਜਾਣ ਤਾਂ ਕੀਤਾ ਵੀ ਕੀ ਜਾ ਸਕਦਾ ਹੈ। ਹੁਣ ‘ਆਪ’ ਕੋਲ ਸਿਵਾਏ ਫ਼ਿਕਰ ਦੇ ਕੁਝ ਨਹੀਂ।

ਆਪ’ ਨੂੰ ਪੰਜਾਬ ਵਿਚ ਜਿੰਨਾ ਵੱਡਾ ਹੁੰਗਾਰਾ ਮਿਲਿਆ ਸੀ, ਉੰਨਾ ਵੱਡਾ ਸ਼ਾਇਦ ਭਵਿੱਖ ਵਿਚ ਕਿਸੇ ਵੀ ਨਵੀਂ ਉੱਠੀ ਪਾਰਟੀ ਨੂੰ ਨਾ ਮਿਲੇ। ‘ਆਪ’ ਸਿਆਣੇ ਲੋਕਾਂ ਦੀ ਪਾਰਟੀ ਮੰਨੀ ਜਾਂਦੀ ਸੀ, ਪਰ ਸਿਆਣਪ ਏਨੀ ਜ਼ਿਆਦਾ ਦਿਖਾਈ ਜਾਣ ਲੱਗੀ ਕਿ ਜ਼ਮੀਨ ਨਾਲੋਂ ਟੁੱਟ ਕੇ ਸੋਸ਼ਲ ਮੀਡੀਆ ’ਤੇ ਆ ਗਈ ਤੇ ਇਸ ਮੀਡੀਆ ਨੇ ਅਜਿਹਾ ਸਬਜ਼ਬਾਗ ਦਿਖਾਇਆ ਕਿ ਪਾਰਟੀ ਜੜ੍ਹਾਂ ਨਾਲੋਂ ਟੁੱਟ ਗਈ।

ਆਪ’ ਨਾਲ ਪੰਜਾਬ ਤੇ ਗੋਆ ਵਿਚ ਤਾਂ ਮਾੜੀ ਹੋਈ ਹੀ, ਦਿੱਲੀ ਰਾਜੌਰੀ ਗਾਰਡਨ ਸੀਟ ਦੀ ਉਪ ਚੋਣ ਵਿਚ ਜੋ ਹੋਇਆ, ਉਹ ਦੱਸਣ ਲਈ ਕਾਫ਼ੀ ਹੈ ਕਿ ਪਾਰਟੀ ਦਾ ਪਾਣੀ ਲੱਥ ਗਿਆ ਹੈ। ਇੱਥੋਂ ਜਰਨੈਲ ਸਿੰਘ ਨੇ ਅਸਤੀਫ਼ਾ ਦਿੱਤਾ ਸੀ। ਉਹਨੇ ਸ਼ਾਇਦ ਇਸ ਕਰਕੇ ਅਸਤੀਫ਼ਾ ਦਿੱਤਾ ਸੀ ਕਿ ਪੰਜਾਬ ਵਿਚ ਤਾਂ ਸਰਕਾਰ ਬਣੀ ਹੀ ਪਈ ਹੈ, ਵਿੱਚ-ਵਿਚਾਲੇ ਤਾਂ ਖ਼ਬਰਾਂ ਵੀ ਸਨ ਕਿ ਸ਼ਾਇਦ ਉਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਵੇ, ਪਰ ਨਾ ਪਾਰਟੀ ਦਾ ਕੁਝ ਬਣਿਆ, ਨਾ ਜਰਨੈਲ ਸਿੰਘ ਦਾ। ਜਰਨੈਲ ਸਿੰਘ ਜਦੋਂ ਲੰਬੀ ਤੋਂ ਹਾਰ ਗਿਆ ਤਾਂ ਉਹਨੂੰ ਰਾਜੌਰੀ ਗਾਰਡਨ ਤੋਂ ਦੁਬਾਰਾ ਖੜ੍ਹਾ ਇਸ ਕਰਕੇ ਨਹੀਂ ਕੀਤਾ ਗਿਆ, ਕਿਉਂਕਿ ਉੱਥੋਂ ਦੇ ਲੋਕਾਂ ਵਿਚ ਵਿਰੋਧ ਬਹੁਤ ਸੀ ਕਿ ਚਾਰ ਮਹੀਨੇ ਜਰਨੈਲ ਸਿੰਘ ਨਵਾਂ ਘਰ ਲੱਭਣ ਦੇ ਚੱਕਰ ਵਿਚ ਪੁਰਾਣੇ ਘਰ ਵੜਿਆ ਹੀ ਨਹੀਂ। ਉਹਦੀ ਥਾਂ ਹਰਜੀਤ ਸਿੰਘ ਨੂੰ ਟਿਕਟ ਦਿੱਤੀ ਤੇ ਉਹਨੂੰ ਦਸ ਕੁ ਹਜ਼ਾਰ ਵੋਟਾਂ, ਜ਼ਮਾਨਤ ਜ਼ਬਤ ਕਰਾਉਣ ਲਈ ਮਿਲੀਆਂ।

ਹੁਣ ‘ਆਪ’ ਦੀ ਅਸਲ ਪ੍ਰੀਖਿਆ 23 ਅਪ੍ਰੈਲ ਨੂੰ ਹੋਣੀ ਹੈ। ਤਿੰਨਾਂ ਨਿਗਮਾਂ ਦੀਆਂ ਵੋਟਾਂ ਪੈਣੀਆਂ ਹਨ। ਇਸ ਵੇਲੇ ਭਾਜਪਾ ਨਗਰ ਨਿਗਮ ’ਤੇ ਕਾਬਜ਼ ਹੈ ਤੇ ਜਿਸ ਤਰ੍ਹਾਂ ਭਾਜਪਾਈਆਂ ਦੇ ਹੌਸਲੇ ਬੁਲੰਦ ਹਨ, ਉਸ ਤੋਂ ਬਾਅਦ ਇਹੀ ਜਾਪਦਾ ਹੈ ਕਿ ‘ਆਪ’ ਲਈ ਨਗਰ ਨਿਗਮ ਹੋਣਾਂ ਵਿਚ ਜਿੱਤ ਹਾਸਲ ਕਰਨਾ ਕੋਈ ਖਾਲਾ ਜੀ ਦਾਵਾੜਾ ਨਹੀਂ। ਆਮ ਤੌਰ ’ਤੇ ਇਹ ਧਾਰਨਾ ਬਣੀ ਹੋਈ ਹੈ ਕਿ ਜ਼ਿਮਨੀ ਚੋਣ ਕਿਸੇ ਵੀ ਸੂਬੇ ਵਿਚ ਸੱਤਾ ਧਿਰ ਦੇ ਹਿੱਸੇ ਹੀ ਆਉਂਦੀ ਹੈ, ਪਰ ‘ਆਪ’ ਨੂੰ ਹੀ ਇਹ ਸੀਟ ਨਹੀਂ ਮਿਲੀ ਤਾਂ ਮੰਨਣਾ ਹੀ ਪਵੇਗਾ ਕਿ ਕਿਤੇ ਨਾ ਕਿਤੇ ਤਾਂ ਕੁਝ ਗ਼ਲਤ ਜ਼ਰੂਰ ਹੈ। ਪਿਛਲੇ ਲੰਮੇ ਸਮੇਂ ਤੋਂ ਅਸੀਂ ‘ਆਪ’ ਆਗੂਆਂ ਨੂੰ ਸਿਰਫ਼ ਉਲਾਂਭਿਆਂ ਦੀ ਅਤੇ ਨਕਾਰਾਤਮਕ ਰਾਜਨੀਤੀ ਕਰਦੇ ਦੇਖਿਆ ਹੈ। ਕੇਂਦਰ ਨੇ ਮਾੜਾ ਕੀਤਾ, ਉਪ ਰਾਜਪਾਲ ਨੇ ਗ਼ਲਤ ਕੀਤਾ, ਦਿੱਲੀ ਦੀ ਪੁਲਸ ਨੇ ਮਾੜਾ ਕੀਤਾ, ਪੰਜਾਬ ਵਿਚ ਅਕਾਲੀਆਂ ਨੇ ਸਹੀ ਨਹੀਂ ਕੀਤਾ, ਪਰ ਕਦੇ ਕੇਜਰੀਵਾਲ ਨੇ ਇਹ ਨਹੀਂ ਸੋਚਿਆ ਕਿ ਕੀ ਸਾਡੇ ਪਾਰਟੀ ਆਗੂਆਂ ਜਾਂ ਉਨ੍ਹਾਂ ਨੇ ਖੁਦ ਸਾਰਾ ਕੁਝ ਹੀ ਸਹੀ ਕੀਤਾ? ਕੀ ਉਨ੍ਹਾਂ ਨੇ ਗ਼ਲਤੀਆਂ ਨਹੀਂ ਕੀਤੀਆਂ? ਕੇਜਰੀਵਾਲ ਸਾਹਿਬ ਪਹਿਲਾਂ ਆਖਦੇ ਹੁੰਦੇ ਸਨ, ਸਾਡੀ ਪਾਰਟੀ ਦੇ ਵਿਧਾਇਕ ਆਮ ਲੋਕਾਂ ਵਾਂਗ ਰਹਿਣਗੇ, ਪਰ ਦਿੱਲੀ ਦੀ ਜਨਤਾ ਜਾਣਦੀ ਹੈ ਕਿ ਆਪ ਵਿਧਾਇਕ ਕੀ ਤੋਂ ਕੀ ਬਣੇ ਗਏ ਹਨ। ਜਦੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਿਚ ਮੋਟਾ ਵਾਧਾ ਕੀਤਾ ਤਾਂ ਤਰਕ ਦਿੱਤਾ ਗਿਆ ਕਿ ਇੰਜ ਕਰਨ ਨਾਲ ਵਿਧਾਇਕ ਭ੍ਰਿਸ਼ਟਾਚਾਰ ਨਹੀਂ ਕਰਨਗੇ।

ਗੱਲ ਪੰਜਾਬ ਤੱਕ ਸੀਮਤ ਰੱਖੀਏ ਤਾਂ ਇੱਥੇ ‘ਆਪ’ ਨੂੰ ‘ਆਪ’ ਦੇ ਹੀ ਚੌਧਰੀਆਂ ਨੇ ਹਰਾਇਆ ਹੈ। ਜਿਹੜੀਆਂ ਗਲਤੀਆਂ ਨੂੰ ਹੁਣ ਕਸੂਰਵਾਰ ਮੰਨਿਆ ਜਾ ਰਿਹਾ ਹੈ, ਉਹ ਪਹਿਲਾਂ ਸਮਝੀਆਂ ਜਾਂਦੀਆਂ ਤਾਂ ਕੋਈ ਨਾ ਕੋਈ ਫ਼ਾਇਦਾ ਜ਼ਰੂਰ ਹੁੰਦਾ। ਕੋਈ ਮੰਨੇ ਨਾ ਮੰਨੇ, ਪਰ ਇਹ ਗੱਲ ਸੱਚ ਹੈ ਕਿ ਕੇਜਰੀਵਾਲ ਦੇ ਦੁਆਲੇ ਉਨ੍ਹਾਂ ਲੋਕਾਂ ਦਾ ਘੇਰਾ ਹੈ, ਜਿਹੜੇ ਕੇਜਰੀਵਾਲ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ। ਆਖਰ ਕੇਜਰੀਵਾਲ ਦੀਆਂ ਕਿਹੜੀਆਂ ਮਜਬੂਰੀਆਂ ਹਨ, ਜਿਨ੍ਹਾਂ ਕਰਕੇ ਪੰਜਾਬ ਚੋਣਾਂ ਸਮੇਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ’ਤੇ ਦੋਸ਼ਾਂ ਦੇ ਅਧਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ। ਜੇ ਬਿਨਾਂ ਕਿਸੇ ਸਬੂਤ ਦੇ ਸੁੱਚਾ ਸਿੰਘ ਛੋਟੇਪੁਰ ’ਤੇ ਕਾਰਵਾਈ ਹੋ ਸਕਦੀ ਹੈ ਤਾਂ ਸੰਜੇ-ਦੁਰਗੇਸ਼ ’ਤੇ ਕਿਉਂ ਨਹੀਂ? ਇੱਕ ਪਾਸੇ ਦਿੱਲੀ ਵਿਚ ‘ਆਪ’ ਔਰਤਾਂ ਦੀ ਸੁਰੱਖਿਅਤਾ ਦੀ ਗੱਲ ਕਰਦੀ ਨਹੀਂ ਥੱਕਦੀ, ਪਰ ਪੰਜਾਬ ਵਿਚ ਕਿੰਨੀਆਂ ਹੀ ਔਰਤਾਂ ਨੇ ਟਿਕਟਾਂ ਬਦਲੇ ਸ਼ੋਸ਼ਣ ਦੇ ਦੋਸ਼ ਲਾਏ ਤਾਂ ਕੇਜਰੀਵਾਲ ਬੋਲੇ ਕਿਉਂ ਨਹੀਂ? ਵਿਚ ਵਿਚਾਲੇ ਤਾਂ ਇਹ ਗੱਲਾਂ ਵੀ ਉੱਠਣ ਲੱਗੀਆਂ ਸਨ ਕਿ ਕੇਜਰੀਵਾਲ ਦੀ ਆਪਣੀ ਘੁੰਡੀ ਵੀ ਇਨ੍ਹਾਂ ਲੋਕਾਂ ਕੋਲ ਹੋਵੇਗੀ, ਜਿਸ ਕਰਕੇ ਉਹ ਇਨ੍ਹਾਂ ਖ਼ਿਲਾਫ਼ ਕੁਝ ਵੀ ਨਹੀਂ ਕਰ ਸਕਦੇ।

ਆਪ’ ਸਿਰਾਂ ਵਾਲਿਆਂ ਦੀ ਪਾਰਟੀ ਸੀ, ਤੇ ਉਨ੍ਹਾਂ ਸਿਰਾਂ ਵਿਚ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਵਰਗੇ ਲੋਕ ਸਨ, ਪਰ ਸਮੇਂ ਨਾਲ ਨਵਾਂ ਪੂਰ ਆਇਆ ਤੇ ਪੁਰਾਣੇ ਖੂੰਜੇ ਲਾ ਛੱਡੇ। ਹੁਣ ਤਾਂ ਇਹ ਵੀ ਜਾਪਣ ਲੱਗਾ ਹੈ ਕਿ ਪੰਜਾਬ ਵਿਚ ‘ਆਪ’ ਦਾ ਖਿਲਾਰਾ ਪੈਣਾ ਤੈਅ ਹੈ। ਸੁਖਪਾਲ ਸਿੰਘ ਖਹਿਰਾ ਵਾਰ-ਵਾਰ ਕਹਿ ਰਿਹਾ ਕਿ ਦਿੱਲੀ ਵਾਲਿਆਂ ਨੇ ਪੰਜਾਬ ਵਿਚ ਪਾਰਟੀ ਡੋਬ ਦਿੱਤੀ। ਕਈ ਹੋਰ ਵੀ ਇਹੀ ਗੱਲ ਆਖ ਰਹੇ ਹਨ। ਪਿੱਛੇ ਜਿਹੇ ਜਲੰਧਰ ਵਿਚ ਵਲੰਟੀਅਰਾਂ ਨੇ ਖਹਿਰਾ ਨੂੰ ਪ੍ਰਧਾਨ ਬਣਾਉਣ ਦੀ ਮੰਗ ਵੀ ਰੱਖੀ ਸੀ। ਜਦੋਂ ਖਹਿਰਾ ਪਾਰਟੀ ਲੀਡਰਸ਼ਿੱਪ ਖ਼ਿਲਾਫ਼ ਬੋਲਦਾ ਹੈ ਤਾਂ ਫੂਲਕਾ, ਵੜੈਚ ਸਮੇਤ ਬਾਕੀ ਆਗੂ ਉਸ ਨੂੰ ਸੁਣ ਰਹੇ ਹੁੰਦੇ ਹਨ। ਉਹ ਵੀ ਅੱਗੋਂ ਕੁਝ ਨਹੀਂ ਬੋਲਦੇ ਤਾਂ ਇਸ ਦਾ ਸਿੱਧਾ ਅਰਥ ਹੈ ਕਿ ਉਹ ਵੀ ਖਹਿਰੇ ਦੀ ਗੱਲ ਨਾਲ ਸਹਿਮਤ ਹਨ ਕਿ ਦਿੱਲੀ ਵਾਲਿਆਂ ਨੇ ਹੀ ਪੰਜਾਬ ਵਿਚ ਪਾਰਟੀ ਦੀ ਬੇੜੀ ਡੋਬੀ ਹੈ।

ਇਸ ਵੇਲੇ ‘ਆਪ’ ਨੂੰ ਬਾਕੀ ਸੂਬਿਆਂ ਵੱਲ ਕਦਮ ਵਧਾਉਣ ਤੋਂ ਪਹਿਲਾਂ ਦਿੱਲੀ ਵਿਚ ਹੀ ਮਜ਼ਬੂਤ ਰਹਿਣ ਦੀ ਜ਼ਰੂਰਤ ਹੈ। ‘ਆਪ’ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਰਗਰਮੀ ਦਿਖਾਉਣ ਦੀ ਚਾਹਵਾਨ ਹੈ, ਜਦਕਿ ਸਮਝਣਾ ਇਹ ਚਾਹੀਦਾ ਕਿ ਦਿੱਲੀ, ਜਿੱਥੋਂ ਤੁਰੇ ਸਾਂ, ਉੱਥੇ ਖੋਰਾ ਲੱਗਣੋਂ ਰੋਕੀਏ।

ਪਾਰਟੀਆਂ ਬਣਾਉਣੀਆਂ ਔਖਾ ਕੰਮ ਨਹੀਂ, ਪਰ ਸੰਭਾਲਣੀਆਂ ਬਹੁਤ ਔਖਾ ਕੰਮ ਹੈ। ‘ਆਪ’ ਦੀਆਂ ਗ਼ਲਤ ਨੀਤੀਆਂ ਨੇ ਵਿਦੇਸ਼ਾਂ ਵਿਚ ਬੈਠੇ ਲੱਖਾਂ ਪੰਜਾਬੀਆਂ ਦਾ ਦਿਲ ਵੀ ਤੋੜਿਆ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਬਾਕੀ ਪਾਰਟੀਆਂ ਦੀਆਂ ਨੀਤੀਆਂ ਬਹੁਤ ਚੰਗੀਆਂ ਹਨ, ਪਰ ਇਹ ਗੱਲ ਜ਼ਰੂਰ ਆਖਦੇ ਹਾਂ ਕਿ ਬਾਕੀਆਂ ਨਾਲੋਂ ਵੱਖਰਾ ਸੁਪਨਾ ਲੈਣ ਦੀ ਜੇ ਆਦਤ ਪਾਈ ਸੀ ਤਾਂ ਸੁਪਨਾ ਪੂਰਾ ਕਰਨ ਲਈ ਢਾਂਚਾ ਵੀ ਘੜਿਆ ਜਾਂਦਾ। ਹਾਲੇ ਵੀ ਡੁੱਲ੍ਹੇ ਬੇਰਾਂ ਦਾ ਬਹੁਤਾ ਕੁਝ ਨਹੀਂ ਵਿਗੜਿਆ। ਚਾਪਲੂਸਾਂ ਨੂੰ ਦੂਰ ਕਰਕੇ ਚੰਗੇ ਲੋਕਾਂ ਨੂੰ ਮੂਹਰੇ ਲਿਆਉਣ ਦੀ ਲੋੜ ਹੈ, ਨਹੀਂ ਤਾਂ ‘ਆਪ’ ਬੀਤੇ ਦੀ ਬਾਤ ਬਣ ਜਾਵੇਗੀ। ਅਖੀਰ ‘ਆਪ’ ਦੇ ਸਮਝਣ ਵਾਲੀ ਗੱਲ ਇਹ ਹੈ ਕਿ ਦਿੱਲੀ ਦੀਆਂ ਨਿਗਮ ਚੋਣਾਂ ਆਮ ਕਰਕੇ ‘ਆਪ’ ਬਨਾਮ ਸਭ ਪਾਰਟੀਆਂ ਵੱਲੋਂ ਲੜੀਆਂ ਜਾਣੀਆਂ ਹਨ। ਕਿਉਂਕਿ ਬਾਕੀ ਸਭ ਪਾਰਟੀਆਂ ਅਤੇ ਗਰੁਪ ਆਪ ਨੂੰ ਖ਼ਤਮ ਕਰਨ ’ਤੇ ਤੁਲੇ ਹੋਏ ਹਨ।

*****

(673)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author