LalSKalsi7“ਐਨਕ ਦਾ ਸ਼ੀਸ਼ਾ ਟੁੱਟ ਕੇ ਅੱਖਾਂ ਦੇ ਹੇਠਾਂ ਖੁੱਭ ਗਿਆ ...”
(17 ਅਪਰੈਲ 2017)


ਇਹ
ਗੱਲ ਮਾਰਚ 1967 ਦੀ ਹੈਮੈਂ ਚੰਡੀਗੜ੍ਹੋਂ ਕੇ ਦੋ ਦਿਨ ਪੁਲਿਸ ਵਾਲੇ ਵੱਡੇ ਭਰਾ ਦੀ ਉਡੀਕ ਕੀਤੀ ਤੇ ਆਖਿਰ ਖਿਝ ਕੇ ਪਟਿਆਲੇ ਤੋਂ ਬਠਿੰਡੇ ਲਈ ਗੱਡੀ ਫੜ ਲਈ ਪਿੰਡ ਤੋਂ ਵੱਡੀ ਭਰਜਾਈ ਦੇ ਸੁਰਗਵਾਸ ਹੋਣ ਦੀ ਮੈਨੂੰ ਚਿੱਠੀ ਮਿਲੀ ਸੀ ਜਿਸ ਵਿੱਚ ਪਟਿਆਲੇ ਤੋਂ ਵੱਡੇ ਭਰਾ ਨੂੰ ਨਾਲ ਲੈ ਕੇ ਆਉਣ ਲਈ ਲਿਖਿਆ ਹੋਇਆ ਸੀ ਜਦੋਂ ਗੱਡੀ ਬਠਿੰਡੇ ਸਟੇਸ਼ਨ ਤੇ ਜਾ ਕੇ ਰੁਕੀ ਤਾਂ ਫਿਰੋਜ਼ਪੁਰ ਜਾਣ ਵਾਲੀ ਗੱਡੀ ਪਲੈਟਫਾਰਮ ਤੇ ਖੜੋਤੀ ਹੋਈ ਸੀ ਨੱਠ ਕੇ ਮੈਂ ਰੇਲਵੇ ਪੁਲ ਉੱਪਰੋਂ ਲੰਘ ਕੇ ਜਿਉਂ ਹੀ ਟਿਕਟ ਲੈ ਕੇ ਵਾਪਸ ਪੌੜੀਆਂ ਉੱਤਰ ਰਿਹਾ ਸੀ ਤਾਂ ਫਿਰੋਜ਼ਪੁਰ ਵਾਲੀ ਗੱਡੀ ਚੱਲ ਪਈ ਇੱਕ ਇੱਕ ਕਰਕੇ ਗੱਡੀ ਦਾ ਹਰੇਕ ਡੱਬਾ ਮੇਰੀ ਪਹੁੰਚ ਤੋਂ ਅੱਗੇ ਲੰਘ ਰਿਹਾ ਸੀ ਜਿਸ ਨਾਲ ਮੇਰੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਮੇਰੀ ਹਾਲਤ ਦੇਖ ਕੇ ਆਖਰੀ ਡੱਬੇ ਦੀਆਂ ਪੌੜੀਆਂ ਵਿੱਚ ਖੜ੍ਹੇ ਦੋ ਨੌਜਵਾਨ ਮੇਰਾ ਹੱਥ ਫੜ ਕੇ ਗੱਡੀ ਚੜ੍ਹਾਉਣ ਦਾ ਯਤਨ ਕਰਨ ਲੱਗੇ ਮੇਰੇ ਇੱਕ ਹੱਥ ਵਿੱਚ ਫੜਿਆ ਛੋਟਾ ਜਿਹਾ ਬਰੀਫਕੇਸ ਫੜਨ ਨੂੰ ਇੱਕ ਮੁੰਡਾ ਹੱਥ ਅੱਗੇ ਵਧਾ ਰਿਹਾ ਸੀ ਤੇ ਦੂਸਰਾ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ

ਇਸ ਕਸ਼ਮਕਸ਼ ਵਿੱਚ ਗੱਡੀ ਸਾਰਾ ਪਲੈਟਫਾਰਮ ਲੰਘ ਚੁੱਕੀ ਸੀ ਪਤਾ ਹੀ ਉਦੋਂ ਲੱਗਾ ਜਦੋਂ ਮੇਰਾ ਪੈਰ ਸਿਗਨਲ ਬਦਲਣ ਵਾਲੀ ਤਾਰ ਵਿੱਚ ਅੜ ਗਿਆ ਤੇ ਮੈਂ ਚੁਫਾਲ ਡਿੱਗ ਪਿਆ ਮੇਰਾ ਹੱਥਲਾ ਅਟੈਚੀ ਅੱਗੇ ਜਾ ਡਿੱਗਿਆ ਹੇਠਾਂ ਡਿੱਗਣ ਬਾਅਦ ਮੇਰੀ ਪੱਗ ਇੱਕ ਪਾਸੇ ਡਿੱਗ ਗਈ ਮੇਰੇ ਲੱਗੀ ਹੋਈ ਐਨਕ ਦਾ ਸ਼ੀਸ਼ਾ ਟੁੱਟ ਕੇ ਅੱਖਾਂ ਦੇ ਹੇਠਾਂ ਖੁੱਭ ਗਿਆ ਜਿਸ ਨਾਲ ਜ਼ਖ਼ਮ ਹੋ ਗਿਆ ਮੇਰੇ ਹੱਥ, ਗੋਡੇ ਤੇ ਪੈਰ ਵਿੱਚੋਂ ਲਹੂ ਵਹਿ ਤੁਰਿਆ ਪੈਂਟ ਅਤੇ ਕਮੀਜ਼ ਵੀ ਕਈ ਥਾਵਾਂ ਤੋਂ ਫਟ ਚੁੱਕੀਆਂ ਸਨ ਰੱਬ ਦਾ ਸ਼ੁਕਰ ਹੈ ਕਿ ਲਾਈਨ ਤੇ ਵੱਜਣ ਦੇ ਬਾਵਜੂਦ ਪੱਗ ਕਾਰਨ ਸੱਟ ਤੋਂ ਬਚ ਗਿਆ

ਨੱਠ ਕੇ ਗੱਡੀ ਫੜਨ ਦੀ ਕੋਸ਼ਿਸ਼ ਕਰਨ ਸਮੇਂ ਕੁਝ ਮੁਸਾਫ਼ਿਰ ਮੈਨੂੰ ਵੇਖ ਰਹੇ ਸਨ ਅਤੇ ਉਹ ਮੈਨੂੰ ਅਜਿਹਾ ਕਰਨ ਤੋਂ ਰੋਕ ਵੀ ਰਹੇ ਸਨ, ਪਰ ਮੈਨੂੰ ਤਾਂ ਜਾਣ ਦੀ ਕਾਹਲੀ ਸੀ ਮੇਰੇ ਡਿੱਗਣ ਸਾਰ ਉਹ ਨੱਠ ਕੇ ਮੇਰੇ ਕੋਲ ਆਣ ਪੁੱਜੇ ਉਨ੍ਹਾਂ ਨੇ ਮੈਨੂੰ ਉਠਾਇਆ, ਸੰਭਾਲਿਆ, ਕੱਪੜਿਆਂ ਦੀ ਝਾੜ-ਪੂੰਝ ਕੀਤੀ ਨੇੜੇ ਹੀ ਲੱਗੇ ਨਲਕੇ ਤੋਂ ਪਾਣੀ ਲੈ ਕੇ ਮੈਂ ਮੂੰਹ ਹੱਥ ਤੋਂ ਖੂਨ ਵਗੈਰਾ ਧੋਤਾ। ਇੱਕ ਮੁਸਾਫ਼ਿਰ ਨੇ ਗਰਮ ਦੁੱਧ ਲਿਆ ਕੇ ਮੈਨੂੰ ਪਿਆਇਆ ਮੈਂ ਬੈਂਚ ਤੇ ਬੈਠ ਕੇ ਪੂਰੇ ਘਟਨਾਕ੍ਰਮ ਬਾਰੇ ਮੁੜ ਸੋਚਿਆ ਅਤੇ ਆਪਣੀ ਬੇਵਕੂਫੀ ਦਾ ਅਹਿਸਾਸ ਕਰਦਿਆਂ ਇਸਤੇ ਪਛਤਾਵਾ ਕੀਤਾ

ਮਨ ਵਿੱਚ ਸੋਚ ਰਹੀ ਸੀ, ਜਿਵੇਂ ਅਖੀਰਲੇ ਡੱਬੇ ਕੋਲ ਡਿੱਗਾ ਸੀ, ਉਦੋਂ ਅੰਦਰ ਵੱਲ ਨੂੰ ਡਿੱਗ ਕੇ ਡੱਬੇ ਦੇ ਅਖੀਰਲੇ ਪਹੀਆਂ ਹੇਠ ਜੇ ਜਾਂਦਾ ਤਾਂ ਕਿਵੇਂ ਪਲਕ-ਝਲਕ ਵਿੱਚ ਹੀ ਇੱਕ ਲਾਵਾਰਿਸ ਲਾਸ਼ ਬਣ ਜਾਣਾ ਸੀ ਨਾ ਕਿਸੇ ਅਗਲੇ ਨੂੰ ਪਤਾ ਲੱਗਣਾ ਸੀ ਤੇ ਨਾ ਹੀ ਪਿਛਲਿਆਂ ਨੂੰ ਅੱਗੇ ਤੋਂ ਕਾਹਲੀ ਨਾਲ ਕਦੀ ਵੀ ਗੱਡੀ ਤਾਂ ਕੀ, ਬੱਸ ਤੇ ਚੜ੍ਹਨ ਤੋਂ ਖੁਦ ਵੀ ਤੌਬਾ ਕਰ ਲਈ

ਹੁਣ ਮੈਂ ਬਹੁਤਿਆਂ ਨੂੰ ਕਾਹਲੀ ਕਰਨ ਤੋਂ ਇਸ ਆਧਾਰ ਤੇ ਰੋਕਦਾ ਰਹਿੰਦਾ ਹਾਂ ਕਿ ਗੱਡੀ ਜਾਂ ਹੋਰ ਸਾਧਨ ਤਾਂ ਮਿਲ ਜਾਣਗੇ, ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ

*****

(671)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਲਾਲ ਸਿੰਘ ਕਲਸੀ

ਲਾਲ ਸਿੰਘ ਕਲਸੀ

Phone: (91 - 98149 - 76639)
Email: (lalsinghkalsi@gmail.com)