HarshinderKaur7“ਇਸ ਲੇਖ ਬਾਰੇ ਦਰਸ਼ਨ ਸਿੰਘ (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ) ਲਿਖਦੇ ਹਨ ...
(13 ਅਪਰੈਲ 2017)

 

ਅਸੀਂ ਆਪਣੇ ਬੱਚਿਆਂ ਨੂੰ ਰੱਬ ਬਾਰੇ ਏਨੇ ਭਰਮ ਭੁਲੇਖੇ ਪਾਏ ਹੋਏ ਹਨ ਕਿ ਜਦੋਂ ਉਨ੍ਹਾਂ ਨਾਲ ਗੱਲ ਕਰੋ ਤਾਂ ਕੁਝ ਅਜਿਹਾ ਉਨ੍ਹਾਂ ਕੋਲੋਂ ਵਾਪਸ ਸੁਣਨ ਨੂੰ ਮਿਲਦਾ ਹੈ:

ਰੱਬ ਇਕ ਅਜਿਹੀ ਚੀਜ਼ ਹੈ ਜੋ ਕਦੇ ਕਿਸੇ ਨੂੰ ਨਹੀਂ ਦਿਸਦੀ। ਉਸ ਕੋਲ ਦੁਨੀਆ ਦੇ ਹਰ ਕੀੜੇ ਮਕੌੜੇ ਤੋਂ ਲੈ ਕੇ ਹੁਣ ਤਕ ਦੇ ਜੰਮੇ ਹਰ ਮਨੁੱਖ ਅਤੇ ਜੰਮਣ ਵਾਲੇ ਸਾਰੇ ਕੀੜੇ ਮਕੌੜੇ, ਜਨੌਰਾਂ, ਪੰਛੀਆਂ, ਦਰਖ਼ਤ, ਬੂਟੇ, ਬੰਦਿਆਂ, ਔਰਤਾਂ, ਬੱਚਿਆਂ ਦੇ ਰਜਿਸਟਰ ਲੱਗੇ ਹੋਏ ਹਨ। ਅਜਿਹੇ ਰਜਿਸਟਰ ਚੰਨ, ਤਾਰੇ, ਸੂਰਜ, ਸਮੁੰਦਰ, ਰੇਗਿਸਤਾਨ ਬਾਰੇ ਵੀ ਉਸਨੇ ਲਾਏ ਹੋਏ ਹਨ।

ਸਕੂਲ ਦੇ ਹਾਜ਼ਰੀ ਰਜਿਸਟਰ ਵਾਂਗ ਉਸਨੇ ਹਰ ਜੰਮ ਚੁੱਕੇ ਦਾ ਤੇ ਜੰਮਣ ਵਾਲੇ ਦਾ ਰਜਿਸਟਰ ਲਾਇਆ ਹੋਇਆ ਹੈ। ਮੌਤ ਦੇ ਰਜਿਸਟਰ ਅਲੱਗ ਲੱਗੇ ਹੋਏ ਹਨ ਤੇ ਐਕਸੀਡੈਂਟ ਤੇ ਬੀਮਾਰੀਆਂ ਦੇ ਵੀ, ਕਿ ਕਦੋਂ ਕਿਸ ਨਾਲ ਕੀ ਹੋਣਾ ਹੈ ਤੇ ਹੋ ਚੁੱਕਿਆ ਹੈ।

ਏਨੇ ਸਾਰੇ ਰਜਿਸਟਰ ਕਿੱਥੇ ਰੱਖੇ ਹੋਏ ਹਨ, ਇਹ ਚੰਨ, ਤਾਰਿਆਂ ਉੱਤੇ ਖੋਜ ਕਰਨ ਵਾਲਿਆਂ ਨੂੰ ਹਾਲੇ ਤੱਕ ਨਹੀਂ ਦਿਸੇ ਕਿ ਇਸ ਰਿਕਾਰਡ ਨੂੰ ਰੱਖਣ ਵਾਲੀਆਂ ਢੇਰਾਂ ਦੀਆਂ ਢੇਰ ਅਲਮਾਰੀਆਂ, ਮੇਜ਼, ਕੁਰਸੀਆਂ ਕਿਹੜੇ ਕੋਨੇ ਵਿਚ ਲੱਗੀਆਂ ਹਨ।

ਸਭ ਨੂੰ ਕਿਹਾ ਜਾਂਦਾ ਹੈ ਕਿ ਉਸ ਦੀਆਂ ਖ਼ਰਬਾਂ ਅੱਖਾਂ ਤੇ ਕੰਨ ਹਨ ਤੇ ਉਹ ਹਰ ਕਿਸੇ ਦੇ ਕੋਲ ਖੜ੍ਹਾ ਉਸ ਵੱਲੋਂ ਕੀਤੀ ਜਾਂਦੀ ਤੇ ਬੋਲੀ ਜਾਂਦੀ ਮਾੜੀ ਗੱਲ ਆਪਣੇ ਰਜਿਸਟਰ ਵਿਚ ਦਰਜ ਕਰਦਾ ਰਹਿੰਦਾ ਹੈ। ਕਿਸੇ ਵੱਲੋਂ ਕੀਤੀ ਚੰਗਿਆਈ ਵੀ ਉਸਨੇ ਦਰਜ ਕਰਨੀ ਹੁੰਦੀ ਹੈ।

ਕਮਾਲ ਦੀ ਗੱਲ ਇਹ ਹੈ ਕਿ ਏਨੀ ਨੇੜੇ ਬੈਠਾ, ਤੁਰਦਾ ਫਿਰਦਾ ਜੋ ਦੁਨੀਆ ਦੇ ਹਰ ਕੋਨੇ ਵਿਚ ਬੈਠੇ ਬੰਦੇ ਵੱਲੋਂ ਮਾੜਾ ਸੋਚਦੇ ਸਾਰ ਸਜ਼ਾ ਵੀ ਦੇ ਦਿੰਦਾ ਹੋਵੇ, ਉਸੇ ਨੂੰ ਜਗਾਉਣ ਲਈ ਬਾਂਗ, ਲਾਊਡ ਸਪੀਕਰ ਰਾਹੀਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਉਸ ਨੂੰ ਉੱਚੀ-ਉੱਚੀ ਚੀਕ ਕੇ ਆਪਣੀ ਹੋਂਦ ਦਰਸਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਅਸਮਾਨ ਵਿਚ ਫਿਰਦੇ ਤੁਰਦੇ ਉੱਡਦੇ ਰੱਬ ਨੂੰ ਕਿਸੇ ਘਰ ਦੀ ਲੋੜ ਨਹੀਂ ਪਰ ਧਰਤੀ ਉੱਤੇ ਉਸੇ ਦੇ ਨਾਂ ਉੱਤੇ ਅਨੇਕ ਘਰ ਜਿਨ੍ਹਾਂ ਨੂੰ ਵੱਖੋ-ਵੱਖਰੇ ਧਰਮਾਂ ਦਾ ਨਾਂ ਦੇ ਦਿੱਤਾ ਗਿਆ ਹੈ, ਬਣਾ ਦਿੱਤੇ ਗਏ ਹਨ। ਅੱਜ ਤਕ ਕਿਸੇ ਅਜਿਹੇ ਘਰ ਵਿਚ ਵੀ ਰੱਬ ਆਪ ਦਿਸਿਆ ਨਹੀਂ।

ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਪਰੰਪਾਰ ਹੈ ਤੇ ਉਸ ਕੋਲ ਸਭ ਕੁੱਝ ਹੈ। ਉਹ ਸਭ ਨੂੰ ਦਿੰਦਾ ਰਹਿੰਦਾ ਹੈ। ਫੇਰ ਵੀ ਜ਼ਮੀਨ ਉੱਤੇ ਬਣਾਏ ਗਏ ਸਾਰੇ ਧਰਮਾਂ ਦੇ ਘਰਾਂ ਵਿਚ ਉਸਨੂੰ ਹਮੇਸ਼ਾ ਪੈਸੇ ਦੀ ਲੋੜ ਕਿਉਂ ਰਹਿੰਦੀ ਹੈ? ਇਹ ਪੈਸੇ ਉਹ ਅਸਮਾਨ ਵਿਚ ਕਿੱਥੇ ਲਿਜਾਂਦਾ ਹੈ? ਕਿਹੜੇ ਬੈਂਕ ਵਿਚ ਜਮ੍ਹਾਂ ਕਰਦਾ ਹੈ ਤੇ ਕਿੰਜ ਉਸ ਨੂੰ ਵੱਖੋ-ਵੱਖ ਮੁਲਕਾਂ ਦੀ ਕਰੰਸੀ ਵਿਚ ਤਬਦੀਲ ਕਰਦਾ ਹੈ?

ਜਿਹੜਾ ਪੂਰੇ ਬ੍ਰਹਮੰਡ ਨੂੰ ਚਲਾ ਰਿਹਾ ਹੋਵੇ, ਤੇ ਹਮੇਸ਼ਾ ਸਾਰੀ ਦੁਨੀਆ ਦਾ ਚੱਕਰ ਲਗਾਉਂਦਾ ਫਿਰ ਰਿਹਾ ਹੋਵੇ, ਉਸਦੀ ਤਸਵੀਰ ਨੂੰ ਬੰਦ ਕਮਰੇ ਵਿਚ ਰੱਖ ਕੇ ਉਸ ਨੂੰ ਪੱਖਿਆਂ ਤੇ ਏ.ਸੀ. ਦੀ ਲੋੜ ਕਿਉਂ ਪੈਂਦੀ ਰਹਿੰਦੀ ਹੈ? ਢੇਰ ਸਾਰੀਆਂ ਲਾਈਟਾਂ ਜਗਾ ਕੇ, ਢੇਰ ਸਾਰੀ ਬਿਜਲੀ ਜ਼ਾਇਆ ਕਰ ਕੇ ਉਸਨੂੰ ਰਾਤ ਭਰ ਰੌਸ਼ਨੀ ਕਿਉਂ ਦੇਣੀ ਪੈਂਦੀ ਹੈ ਜਦਕਿ ਉਹ ਆਪ ਚੰਨ ਤਾਰਿਆਂ ਤੇ ਸੂਰਜ ਨੂੰ ਰੌਸ਼ਨੀ ਦੇ ਰਿਹਾ ਹੁੰਦਾ ਹੈ।

ਰੱਬ ਨੇ ਜੇ ਸਾਰਿਆਂ ਨੂੰ ਬਣਾਇਆ ਹੈ ਤਾਂ ਬੰਦਿਆਂ ਨੇ ਉਸਨੂੰ ਵੱਖ-ਵੱਖ ਨਾਂ ਕਿਉਂ ਦੇ ਦਿੱਤੇ ਹਨ? ਜੇ ਵੱਖੋ-ਵੱਖ ਨਾਂ ਦਿੱਤੇ ਵੀ ਹਨ ਤਾਂ ਫੇਰ ਉਨ੍ਹਾਂ ਸਾਰਿਆਂ ਨੇ ਆਪੋ ਵਿਚ ਮਾਰ ਕੁਟਾਈ ਤੇ ਕਤਲ ਕਿਉਂ ਕਰਨੇ ਹੁੰਦੇ ਹਨ? ਰੱਬ ਨੇ ਕਿਸੇ ਧਰਮ ਨੂੰ ਨਹੀਂ ਬਣਾ ਕੇ ਭੇਜਿਆ। ਜਿਨ੍ਹਾਂ ਨੇ ਅੱਗੋਂ ਧਰਮਾਂ ਦੇ ਨਾਂ ਬਣਾਏ, ਉਨ੍ਹਾਂ ਵਿੱਚੋਂ ਕੋਈ ਵੀ ਹਮੇਸ਼ਾ ਲਈ ਜ਼ਿੰਦਾ ਨਹੀਂ ਰਹਿ ਸਕਿਆ। ਉਸ ਨੂੰ ਵੀ ਰੱਬ ਮਾਰ ਕੇ ਆਪਣੇ ਰਜਿਸਟਰ ਵਿਚ ਦਰਜ ਕਰ ਕੇ ਲੈ ਗਿਆ। ਫੇਰ ਏਨੇ ਸਾਰੇ ਬਾਬੇ ਤੇ ਏਨੇ ਸਾਰੇ ਧਰਮਾਂ ਦੇ ਪੈਗੰਬਰ ਜੋ ਸਿਰਫ਼ ਰੱਬ ਦਾ ਨਾਂ ਲੈ ਕੇ ਸਭ ਨੂੰ ਡਰਾਉਣ ਦਾ ਕੰਮ ਕਰਦੇ ਰਹਿੰਦੇ ਹਨ ਤੇ ਪੈਸਿਆਂ ਦਾ ਢੇਰ ਇਕੱਠਾ ਕਰਦੇ ਰਹਿੰਦੇ ਹਨ, ਕਿਉਂ ਇਨ੍ਹਾਂ ਵੱਡੇ-ਵੱਡੇ ਘਰਾਂ ਤੇ ਪੈਸਿਆਂ ਨੂੰ ਆਪਣੇ ਨਾਲ ਉੱਤੇ ਰੱਬ ਕੋਲ ਨਹੀਂ ਲੈ ਕੇ ਜਾ ਸਕੇ? ਕਿਉਂ ਲੋਕਾਂ ਵੱਲੋਂ ਦਿੱਤੇ ਜਾਂਦੇ ਰੱਬ ਨੂੰ ਪੈਸੇ, ਵਧੀਆ ਮਕਾਨ, ਵਧੀਆ ਬਿਲਡਿੰਗ, ਵਧੀਆ ਫਰਸ਼, ਵਧੀਆ ਬਿਜਲੀਆਂ, ਵਧੀਆ ਪੱਖੇ, ਹੀਰੇ ਜਵਾਹਰਤ ਅਤੇ ਸੋਨੇ ਦੇ ਅੰਬਾਰ ਇੱਥੇ ਧਰਤੀ ਉੱਤੇ ਹੀ ਰਹਿ ਜਾਂਦੇ ਹਨ?

ਕੀ ਇਨ੍ਹਾਂ ਵਿੱਚੋਂ ਰੱਬ ਨੂੰ ਕੁੱਝ ਨਹੀਂ ਚਾਹੀਦਾ? ਜੇ ਨਹੀਂ ਚਾਹੀਦਾ ਤਾਂ ਫੇਰ ਇਹ ਸਭ ਕੌਣ ਇਕੱਠੇ ਕਰ ਰਿਹਾ ਹੈ? ਕੀ ਇਕੱਠੇ ਕਰਨ ਵਾਲਾ ਰੱਬ ਦਾ ਦੂਤ ਹੈ? ਜੇ ਰੱਬ ਦਾ ਦੂਤ ਹੈ ਤਾਂ ਫੇਰ ਮਰਦਾ ਕਿਉਂ ਹੈ? ਅਮਰ ਕਿਉਂ ਨਹੀਂ ਹੈ? ਕਿਉਂ ਇਹ ਦੂਤ ਰੱਬ ਦੇ ਵੱਡੇ ਮਹਿਲਾਂ ਤੇ ਉਸਦੇ ਸਾਰੇ ਰਜਿਸਟਰਾਂ ਬਾਰੇ ਜਾਣਕਾਰੀ ਨਹੀਂ ਦਿੰਦੇ ਕਿ ਉਹ ਬ੍ਰਹਮੰਡ ਦੇ ਕਿਹੜੇ ਕੋਨੇ ਵਿਚ ਪਏ ਹਨ?

ਕਿਸ ਤਰ੍ਹਾਂ ਦੇ ਕੰਪਿਊਟਰ ਵਿਚ ਸਾਰੇ ਬ੍ਰਹਮੰਡ ਦੀ ਜਾਣਕਾਰੀ ਦਰਜ ਹੈ? ਸਾਨੂੰ ਦੱਸਿਆ ਜਾਂਦਾ ਹੈ ਕਿ ਸਮੁੰਦਰ ਦੇ ਡੂੰਘੇ ਤਲ ਵਿਚ ਪਈਆਂ ਨਿੱਕੀਆਂ ਤੋਂ ਨਿੱਕੀਆਂ ਮੱਛੀਆਂ ਤੇ ਨਾ ਹਿੱਲ ਸਕਣ ਵਾਲੇ ਬੂਟੇ ਤਕ ਨੂੰ ਖ਼ੁਰਾਕ ਰੱਬ ਪਹੁੰਚਾ ਰਿਹਾ ਹੈ। ਫੇਰ ਕਿਉਂ ਧਰਤੀ ਉੱਤੇ ਭੁੱਖਮਰੀ ਨਾਲ ਅਨੇਕ ਬੱਚੇ, ਬਜ਼ੁਰਗ ਤੇ ਜਵਾਨ ਮਰ ਰਹੇ ਹਨ? ਕੀ ਸੱਚੀਂ ਮੁੱਚੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਤੇ ਭੁੱਖ ਨਾਲ ਵਿਲਕ ਕੇ ਮਾਰਨ ਵਾਲਾ ਰੱਬ ਹੈ?

ਕੀ ਇਸਦਾ ਮਤਲਬ ਰੱਬ ਬਦਲਾ ਲਊ ਤੇ ਜ਼ਾਲਮ ਹੈ? ਜੇ ਨਹੀਂ, ਤਾਂ ਕੀ ਇਹ ਸਭ ਉਸਦੇ ਦੂਤ ਕਰ ਰਹੇ ਹਨ? ਕਾਰਾਂ, ਸਕੂਟਰਾਂ, ਬੱਸਾਂ ਵਿਚ ਬੈਠੇ ਰੱਜੇ ਪੁੱਜੇ ਲੋਕਾਂ ਨੂੰ ਹੋਰ ਰਜਾਉਣ ਲਈ ਲੰਗਰ ਲੱਗਦੇ ਹਨ ਪਰ ਗ਼ਰੀਬ, ਭੁੱਖੇ ਲੋਕਾਂ ਨੂੰ ਦੁਰਕਾਰਿਆ ਜਾਂਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਜੇ ਰੱਬ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹਨ ਤਾਂ ਇੱਕੋ ਜਿੰਨੀ ਮਿਹਨਤ ਕਰ ਕੇ ਕੁੱਝ ਲੋਕ ਖ਼ਰਬਾਂਪਤੀ ਬਣ ਜਾਂਦੇ ਹਨ ਤੇ ਕੁਝ ਅਤਿ ਦੇ ਗ਼ਰੀਬ? ਫੇਰ ਵੀ ਇਹ ਪੈਸਾ ਕਦੇ ਕਿਸੇ ਨੂੰ ਅਮਰ ਨਹੀਂ ਕਰ ਸਕਿਆ।

ਹਰ ਕਿਸੇ ਦੇ ਮੂੰਹੋਂ ਇਹੀ ਸੁਣਿਆ ਹੈ ਕਿ ਰੱਬ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਜੇ ਇਹੋ ਸੱਚ ਹੈ ਤਾਂ ਫੇਰ ਢੇਰ ਸਾਰੇ ਬੱਚੇ ਬੀਮਾਰੀਆਂ ਤੇ ਐਕਸੀਡੈਂਟ ਵਿਚ ਕਿਉਂ ਮਰਦੇ ਹਨ? ਕਿਉਂ ਢੇਰ ਸਾਰੀਆਂ ਬੱਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ? ਕਿਉਂ ਏਨੀਆਂ ਪਿਆਰੀਆਂ ਬੱਚੀਆਂ ਨੂੰ ਰੱਬ ਜੰਮਣ ਤੋਂ ਬਾਅਦ ਝਾੜੀਆਂ ਵਿਚ ਸੁੱਟ ਕੇ ਕੁੱਤਿਆਂ ਕੋਲੋਂ ਨੁਚਵਾਉਂਦਾ ਹੈ? ਕੀ ਰੱਬ ਕੁੜੀਆਂ ਪ੍ਰਤੀ ਬਦਲਾਲਊ ਭਾਵਨਾ ਰੱਖਦਾ ਹੈ? ਫੇਰ ਕੁੜੀਆਂ ਕਿਉਂ ਜੰਮਦੀਆਂ ਨੇ?

ਜਿਹੜਾ ਦਿਸਦਾ ਹੀ ਨਹੀਂ, ਉਸ ਨੂੰ ਕਿੰਨੇ ਕੁ ਕਪੜਿਆਂ ਦੀ ਲੋੜ ਹੋ ਸਕਦੀ ਹੈ? ਕਿਉਂ ਰੱਬ ਦੇ ਬਣਾਏ ਵੱਖੋ-ਵੱਖ ਘਰ ਢੇਰ ਸਾਰੇ ਅਲੱਗ-ਅਲੱਗ ਰੰਗਾਂ ਦੇ ਕੱਪੜੇ ਇਕੱਠੇ ਕਰਦੇ ਰਹਿੰਦੇ ਹਨ? ਇੰਨੇ ਕੱਪੜਿਆਂ ਦੇ ਹੁੰਦਿਆਂ ਕਿਉਂ ਅਣਗਿਣਤ ਲੋਕ ਕੱਪੜਿਆਂ ਤੋਂ ਬਿਨਾਂ ਠੰਢ ਵਿਚ ਮਰ ਜਾਂਦੇ ਨੇ ਤੇ ਰੱਬ ਨੂੰ ਕਦੇ ਤਰਸ ਨਹੀਂ ਆਉਂਦਾ ਕਿ ਆਪਣੇ ਸਾਰੇ ਘਰਾਂ ਵਿੱਚੋਂ ਚਿੱਟੇ, ਨੀਲੇ, ਪੀਲੇ, ਕੇਸਰੀ, ਹਰੇ ਰੰਗਾਂ ਦੇ ਕੱਪੜੇ ਇਨ੍ਹਾਂ ਨੰਗੇ ਧੜ ਵਾਲਿਆਂ ਨੂੰ ਦੇ ਦੇਵੇ?

ਜੇ ਰੱਬ ਹੈ ਹੀ ਪਿਆਰ ਕਰਨ ਵਾਲਾ ਤੇ ਸਭ ਤੋਂ ਵੱਧ ਤਾਕਤਵਰ ਹੈ ਤਾਂ ਫੇਰ ਉਸਦੇ ਬਣਾਏ ਸਾਰੇ ਘਰਾਂ ਵਿਚ ਲੜਾਈਆਂ ਕਿਉਂ ਹੁੰਦੀਆਂ ਰਹਿੰਦੀਆਂ ਹਨ? ਕਿਉਂ ਗੋਲੀਆਂ ਚਲਦੀਆਂ ਹਨ? ਕਿਰਪਾਨਾਂ ਕਿਉਂ ਚਲਦੀਆਂ ਹਨ? ਕਿਉਂ ਲਹੂ ਡੁੱਲ੍ਹਦਾ ਹੈ? ਕੀ ਰੱਬ ਉਨ੍ਹਾਂ ਘਰਾਂ ਦੇ ਅੰਦਰ ਹੈ ਈ ਨਹੀਂ? ਕੀ ਇਹ ‘ਟੌਰਚਰ ਸੈੱਲ’ ਨੇ, ਕਿਉਂਕਿ ਸਾਰੇ ਏਥੇ ਮਾਫ਼ੀਆਂ ਈ ਮੰਗਦੇ ਰਹਿੰਦੇ ਨੇ? ਡਰਦੇ-ਡਰਦੇ ਅੰਦਰ ਵੜਦੇ ਨੇ। ਲਗਾਤਾਰ ਅੱਖਾਂ ਬੰਦ ਕਰਕੇ ਕੁਝ ਮੰਗਦੇ ਰਹਿੰਦੇ ਨੇ। ਨੱਕ ਰਗੜਦੇ ਨੇ, ਹੱਥ ਜੋੜਦੇ ਨੇ, ਗੋਡਿਆਂ ਪਰਨੀਂ ਬਹਿ ਜਾਂਦੇ ਨੇ, ਮੱਥੇ ਰਗੜਦੇ ਨੇ, ਪਰ ਫੇਰ ਵੀ ਇਨ੍ਹਾਂ ਵਿੱਚੋਂ ਕੋਈ ਅਜਿਹਾ ਨਹੀਂ ਜਿਸਨੇ ਕਦੇ ਦੁੱਖ ਨਾ ਵੇਖਿਆ ਹੋਵੇ, ਕਦੇ ਰੋਇਆ ਨਾ ਹੋਵੇ, ਕਦੇ ਉਸਦਾ ਨੁਕਸਾਨ ਨਾ ਹੋਇਆ ਹੋਵੇ, ਤੇ ਕੋਈ ਵੀ ਉਸਦੇ ਘਰ ਵਿੱਚੋਂ ਕਦੇ ਮਰਿਆ ਨਾ ਹੋਵੇ?

ਕਹਿੰਦੇ ਨੇ ਰੱਬ ਨੇ ਸਾਰੇ ਜੀਅ ਬਣਾਏ ਨੇ। ਫੇਰ ਹਰ ਜੀਵ ਜੰਤੂ ਇਕ ਦੂਜੇ ਨੂੰ ਖਾਂਦੇ ਕਿਉਂ ਰਹਿੰਦੇ ਹਨ? ਕੋਈ ਜਾਨਵਰ ਘਾਹ ਪੱਤੇ ਖਾਂਦੈ, ਕੋਈ ਦੂਜੇ ਜਾਨਵਰ ਨੂੰ ਖਾਂਦੈ। ਇਨਸਾਨ ਵੀ ਜਾਨਵਰਾਂ ਨੂੰ ਮਾਰ ਕੇ ਖਾ ਜਾਂਦੈ। ਵੱਡੀਆਂ ਮੱਛੀਆਂ ਨਿੱਕੀਆਂ ਨੂੰ ਖਾ ਜਾਂਦੀਆਂ ਨੇ।

ਇਸਦਾ ਮਤਲਬ ਹੈ ਕਿ ਰੱਬ ਸਿਰਫ਼ ਤਮਾਸ਼ਾ ਵੇਖਦਾ ਹੈ, ਜਦੋਂ ਉਸ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਇਕ ਦੂਜੇ ਨੂੰ ਖ਼ਤਮ ਕਰਦੀਆਂ ਰਹਿੰਦੀਆਂ ਨੇ। ਤਿੱਖੇ ਦੰਦ, ਹਥਿਆਰ, ਤਿੱਖੇ ਪੰਜੇ, ਗੋਲੀਆਂ, ਤੋਪਾਂ, ਤੇ ਹੋਰ ਵੀ ਕਿੰਨਾ ਕੁੱਝ ਰੱਬ ਨੇ ਬਣਾਇਆ ਹੈ? ਜੇ ਨਹੀਂ ਬਣਾਇਆ ਤਾਂ ਕਿਉਂ ਬਣਨ ਦਿੱਤਾ?

ਹੁਣ ਤਾਂ ਪੱਕਾ ਲੱਗਦੈ ਕਿ ਰੱਬ ਥੋੜ੍ਹਾ ਜਿਹਾ ਬੋਲਾ ਹੋ ਚੁੱਕਿਐ, ਏਨੀਆਂ ਸਦੀਆਂ ਤੋਂ ਹਰ ਕੀੜੇ ਮਕੌੜੇ ਤਕ ਦੀ ਆਵਾਜ਼ ਸੁਣਦਾ-ਸੁਣਦਾ। ਹੁਣ ਢੇਰ ਸਾਰੇ ਹੌਰਨ, ਜੈੱਟ ਜਹਾਜ਼, ਬੰਬਾਂ ਦੀ ਆਵਾਜ਼ ਸੁਣ ਕੇ ਕੁੱਝ ਉੱਚਾ ਸੁਣਨ ਲੱਗ ਪਿਐ। ਇਸੇ ਲਈ ਉਹ ਰੋਂਦੇ ਚੀਕਦੇ ਗਰੀਬਾਂ ਦੀ ਆਵਾਜ਼ ਹੁਣ ਸੁਣ ਨਹੀਂ ਸਕ ਰਿਹਾ। ਕਰੋੜਾਂ ਮੱਛੀਆਂ ਤੇ ਜਾਨਵਰ ਬੰਦਾ ਖਾ ਰਿਹਾ ਹੈ ਪਰ ਉਨ੍ਹਾਂ ਦੀ ਦਿਲ ਚੀਕਵੀਂ ਆਵਾਜ਼ ਰੱਬ ਤਕ ਨਹੀਂ ਪਹੁੰਚ ਰਹੀ। ਨਾ ਹੀ ਨਿੱਕੀਆਂ ਬੱਚੀਆਂ ਨੂੰ ਵੱਢ ਕੇ ਸੁੱਟਣ ਸਮੇਂ ਉਨ੍ਹਾਂ ਦੀਆਂ ਚੀਕਾਂ ਰੱਬ ਤਕ ਪਹੁੰਚ ਰਹੀਆਂ ਹਨ।

ਹੁਣ ਤਾਂ ਲੱਗਦੈ ਕਿ ਉਸਦੀ ਨਜ਼ਰ ਵੀ ਘਟ ਚੁੱਕੀ ਹੈ? ਕੀ ਇਹ ਸਭ ਉਹ ਵੇਖ ਵੀ ਨਹੀਂ ਰਿਹਾ?

ਉਸਦੀ ਆਵਾਜ਼ ਤਾਂ ਹੈ ਹੀ ਨਹੀਂ ਕਿਉਂਕਿ ਅੱਜ ਤਕ ਕਿਸੇ ਨੇ ਉਹ ਸੁਣੀ ਹੀ ਨਹੀਂ!

ਸਾਰ ਤਾਂ ਇਹ ਜਾਪਦਾ ਹੈ ਕਿ ਰੱਬ ਅੰਨ੍ਹਾ, ਬੋਲਾ, ਗੂੰਗਾ ਹੈ ਤੇ ਵੱਖੋ-ਵੱਖ ਮੁਲਕਾਂ ਵਿਚ ਵੱਖੋ-ਵੱਖ ਤਰ੍ਹਾਂ ਦੇ ਘਰਾਂ ਵਿਚ, ਵੱਖ-ਵੱਖ ਧਰਮਾਂ ਦੇ ਨਾਂ ਹੇਠ ਕੈਦ ਹੈ, ਜਿਸਨੂੰ ਹਮੇਸ਼ਾ ਢੇਰਾਂ ਪੈਸਿਆਂ ਦੀ ਲੋੜ ਰਹਿੰਦੀ ਹੈ ਤੇ ਕਿਸੇ ਨੂੰ ਮਰ ਜਾਣ ਤੋਂ ਕਦੇ ਬਚਾ ਵੀ ਨਹੀਂ ਸਕਦਾ। ਕੀ ਉਸ ਨੂੰ ਤਾਕਤਵਰ ਮੰਨਣਾ ਚਾਹੀਦਾ ਹੈ?

ਹਾਲੇ ਤਕ ਰੱਬ ਇਨਸਾਨਾਂ ਨੂੰ ਘੜਦਾ ਆ ਰਿਹਾ ਸੀ, ਹੁਣ ਇਨਸਾਨ ਰੱਬ ਨੂੰ ਘੜਨ ਲੱਗ ਪਿਆ ਹੈ। ਹਰ ਰੱਬ ਲਈ ਬਣੇ ਘਰ ਵਿਚ ਇਨਸਾਨਾਂ ਦੇ ਬਣਾਏ ਰੱਬ ਹੀ ਸਜੇ ਹੋਏ ਹਨ।

ਜਾਂ ਫਿਰ ਹੁਣ ਰੱਬ ਬਜ਼ੁਰਗ ਹੋ ਚੁੱਕਿਆ ਹੈ? ਸ਼ਾਇਦ ਬੀਮਾਰ ਹੈ? ਮੈਨੂੰ ਮੇਰੀ ਦਾਦੀ ਕਹਿੰਦੀ ਹੈ ਕਿ ਆਪਣੇ ਮਨ ਅੰਦਰ ਝਾਕ, ਉੱਥੇ ਰੱਬ ਦਿਸੇਗਾ। ਮੈਂ ਦਿਲ ਦਾ ਐਕਸਰੇ ਕਰਵਾਇਐ, ਪਰ ਉੱਥੇ ਰੱਬ ਨਹੀਂ ਲੱਭਿਆ।

ਕਦੇ ਕਦੇ ਤਾਂ ਇੰਜ ਲੱਗਣ ਲੱਗ ਪੈਂਦਾ ਹੈ ਕਿ ਇਨਸਾਨ ਨੇ ਰੱਬ ਬਣਾਇਆ ਹੈ, ਰੱਬ ਨੇ ਇਨਸਾਨਾਂ ਨੂੰ ਨਹੀਂ ਬਣਾਇਆ। ਇਨਸਾਨ ਤਾਂ ਸਿਰਫ਼ ਕਤਲ, ਖੂਨ, ਪੈਸਾ, ਲੜਾਈਆਂ, ਕਰਨ ਲਈ ਰੱਬ ਦਾ ਨਾਂ ਵਰਤ ਰਿਹੈ!

ਰੱਬ ਜੀ ਪਲੀਜ਼, ਜੇ ਹੈਗੇ ਹੋ ਤਾਂ ਇਹ ਸ਼ੰਕੇ ਦੂਰ ਜ਼ਰੂਰ ਕਰਿਓ।”

*****

ਦਰਸ਼ਨ ਸਿੰਘ (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ) ਲਿਖਦੇ ਹਨ:

ਰੱਬ ਜੀ , ਪਲੀਜ਼, ਜੇ ਹੈਗੇ ਹੋ ਤਾਂ ...’ ਡਾ. ਹਰਸ਼ਿੰਦਰ ਕੌਰ ਦੀ ਰਚਨਾ (13 ਅਪਰੈਲ) ਬੜਾ ਕੁਝ ਸੋਚਣ ਲਈ ਮਜਬੂਰ ਕਰਦੀ ਹੈ। ਰੱਬ ਅਤੇ ਮਨੁੱਖ ਦੋਵੇਂ ਹੀ ਇਸ ਰਚਨਾ ਅਨੁਸਾਰ ਕਟਹਿਰੇ ਵਿਚ ਖੜ੍ਹੇ ਹਨ। ਕਰਮਕਾਂਡਾਂ, ਭੁਲੇਖਿਆਂ, ਕੁਕਰਮਾਂ ਅਤੇ ਅਵਿਗਿਆਨਕ ਸੋਚਾਂ ਦੇ ਧਾਰਨੀ ਕਥਿਤ ਸਰਵ ਮਹਾਨ ਮਨੁੱਖ ਨੂੰ ਪਤਾ ਹੀ ਨਹੀਂ ਕਿ ਉਹ ਕਰ ਹੀ ਕੀ ਰਿਹਾ ਹੈ। ਰੱਬ ਦਾ ਸਰੂਪ ਕੀ ਹੈ? ਅਜੇ ਤੱਕ ਮਨੁੱਖ ਦੇ ਸਮਝ ਨਹੀਂ ਆਇਆ। ਆਇਆ ਹੁੰਦਾ ਤਾਂ ਸ਼ਾਇਦ ਇਸ ਰਚਨਾ ਦੇ ਬਹੁਤੇ ਸਵਾਲਾਂ ਦੇ ਜਵਾਬ ਮਿਲ ਵੀ ਜਾਂਦੇ। ਨਾ ਮਨੁੱਖ ਨੂੰ ਧਰਮ ਦੇ ਅਰਥਾਂ ਦਾ ਪਤਾ ਹੈ , ਨਾ ਰੱਬ ਦੇ। ਅਜਿਹੀ ਹਾਲਤ ਵਿਚ ਜੇ ਰੱਬ ਚੁੱਪ ਹੀ ਰਹਿੰਦਾ ਹੈ ਤਾਂ ਇਸ ਦਾ ਦੋਸ਼ੀ ਵੀ ਮਨੁੱਖ ਹੀ ਜਾਪਦਾ ਹੈ। ਉਂਜ ਰੱਬ ਸਦਾ ਗੁੰਝਲਦਾਰ ਬੁਝਾਰਤ ਬਣਿਆ ਰਹੇਗਾ ਭਾਵੇਂ ਕਿੰਨੇ ਵੀ ਯੁੱਗ ਬੀਤ ਜਾਣ। ਸਵਾਲ ਵੀ ਇਸੇ ਤਰ੍ਹਾਂ ਬਣੇ ਰਹਿਣਗੇ ... ਅਸੀਂ ਉੱਤਰ ਲੱਭਦੇ ਰਹਾਂਗੇ। ਡਾ.ਹਰਸ਼ਿੰਦਰ ਕੌਰ ਦੀ ਇਸ ਤਰਕਸ਼ੀਲ ਰਚਨਾ ਦੀ ਆਖ਼ਰੀ ਸਤਰ ਕਦੀ ਵੀ ਨਹੀਂ ਲਿਖੀ ਜਾ ਸਕੇਗੀ ...।

ਦਰਸ਼ਨ ਸਿੰਘ (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ) - 136135

(19 ਅਪਰੈਲ 2017)

**

(665)

ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author