GurcharanPakhokalan7“ਨੰਬਰਦਾਰ ਧਿਰ ਦੀ ਲਗਾਤਾਰ ਗੈਰ ਹਾਜ਼ਰੀ ਕਾਰਨ ਇਕ ਪਾਸੜ ਤੌਰ ’ਤੇ ਕੇਸ ਸਾਧ ਦੇ ਹੱਕ ਵਿੱਚ ਹੋ ਗਿਆ ...”
(8 ਅਪਰੈਲ 2017)

 

ਕੁਝ ਸਾਲ ਹੋਏ ਇੱਕ ਪਿੰਡ ਵਿੱਚ ਇੱਕ ਵੈਲੀ ਬੰਦਾ ਸਾਧ ਬਣ ਕੇ ਪਿੰਡ ਦੀ ਸ਼ਾਮਲਾਟ ’ਤੇ ਡੇਰਾ ਬਣਾ ਕੇ ਬੈਠ ਗਿਆ ਕੁਝ ਲੋਕ ਸ਼ਰਧਾਲੂ ਬਣ ਕੇ ਉਸ ਕੋਲ ਆਉਣ ਵੀ ਲੱਗ ਪਏ। ਉਸ ਵੈਲੀ ਨੇ ਡੇਰੇ ਦੀ ਉਸਾਰੀ ਕਰਨ ਦਾ ਮਨ ਬਣਾਇਆ ਪਰ ਅਫਸੋਸ ਇਹ  ਕਿ ਜ਼ਮੀਨ ਸ਼ਾਮਲਾਟ ਸੀ, ਉਸਦੇ ਨਾਂ ਨਹੀਂ ਹੋ ਸਕਦੀ ਸੀ। ਪਿੰਡ ਦੇ ਨੰਬਰਦਾਰ ਨਾਲ, ਜੋ ਉਸਦਾ ਪੁਰਾਣਾ ਸਾਥੀ ਸੀ ਉਸ ਨੇ ਰਾਇ ਕੀਤੀ ਕਿ ਬਿਨਾਂ ਨਾਂ ਤੋਂ ਸ਼ਾਮਲਾਟ ’ਤੇ ਪੈਸਾ ਖਰਚਿਆਂ ਬੇਕਾਰ ਹੀ ਨਾ ਚਲਿਆ ਜਾਵੇ। ਨੰਬਰਦਾਰ ਘਾਗ ਬੰਦਾ ਸੀ ਉਸ ਨੇ ਕਿਹਾ ਕਿ ਇਹ ਕਿੱਡੀ ਕੁ ਵੱਡੀ ਗੱਲ ਹੈ, ਆਪਣੇ ਤਾਂ ਇਹ ਖੱਬੇ ਹੱਥ ਦੀ ਖੇਡ ਹੈ। ਸਾਰੀ ਗਿਣੀ ਮਿੱਥੀ ਰਾਇ ਕਰਕੇ ਨੰਬਰਦਾਰ ਨੇ ਸਾਧ ਉੱਤੇ ਕੇਸ ਕਰ ਦਿੱਤਾ ਕਿ ਸਾਧ ਨੇ ਉਸਦੀ ਕਬਜ਼ੇ ਵਾਲੀ ਲਾਲ ਲਕੀਰ ਦੇ ਅੰਦਰਲੀ ਥਾਂ ਦੱਬ ਲਈ ਹੈ ਕਚਹਿਰੀ ਤੋਂ ਸਾਧ ਦੇ ਸੰਮਨ ਕਢਾ ਦਿੱਤੇ, ਪੰਜ ਚਾਰ ਤਾਰੀਖਾਂ ਵੀ ਪਵਾ ਦਿੱਤੀਆਂ।

ਕੁਝ ਕੁ ਮਹੀਨਿਆਂ ਬਾਅਦ ਨੰਬਰਦਾਰ ਨੇ ਤਾਰੀਖਾਂ ’ਤੇ ਜਾਣਾ ਛੱਡ ਦਿੱਤਾ। ਸਾਧ ਨੇ ਆਪਣੇ ਹੱਕ ਵਿੱਚ ਜੱਜ ਨੂੰ ਦਲੀਲਾਂ ਜਾ ਦਿੱਤੀਆਂ। ਸਾਧ ਅਤੇ ਨੰਬਰਦਾਰ ਨੇ ਮਿਲਕੇ ਵਕੀਲ ਰਾਹੀਂ ਕੇਸ ਤੇਜ਼ੀ ਨਾਲ ਚਲਾਉਣਾ ਜਾਰੀ ਰੱਖਿਆ ਨੰਬਰਦਾਰ ਧਿਰ ਦੀ ਲਗਾਤਾਰ ਗੈਰ ਹਾਜ਼ਰੀ ਕਾਰਨ ਇਕ ਪਾਸੜ ਤੌਰ ’ਤੇ ਕੇਸ ਸਾਧ ਦੇ ਹੱਕ ਵਿੱਚ ਹੋ ਗਿਆ

ਫੈਸਲੇ ਦੀ ਕਾਪੀ ਮਿਲ ਜਾਣ ’ਤੇ ਨੰਬਰਦਾਰ ਸਾਧ ਤੋਂ ਪਾਰਟੀ ਲੈ ਰਿਹਾ ਸੀ ਕਿ ਲੈ ਹੁਣ ਤੇਰੇ ਕੋਲ ਕਾਨੂੰਨੀ ਫੈਸਲੇ ਦੇ ਕਾਗਜ਼ ਵੀ ਆ ਗਏ ਨੇ ਅਤੇ ਹੁਣ ਪੰਚਾਇਤ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀ। ਦਿਨਾਂ ਵਿੱਚ ਹੀ ਭਗਤਾਂ ਦੀ ਜੇਬਾਂ ਹਲਕੀਆਂ ਹੁੰਦੀਆਂ ਗਈਆਂ ਤੇ ਸਾਧ ਦਾ ਡੇਰਾ ਉੱਸਰਦਾ ਗਿਆ।

ਨੰਬਰਦਾਰ ਅਤੇ ਸਾਧ ਦੀ ਖੇਡ ’ਤੇ ਪਿੰਡ ਦੇ ਲੋਕ ਹੁਣ ਵੀ ਯਾਦ ਕਰਕੇ ਅਦਾਲਤਾਂ ਦੀ ਖਿੱਲੀ ਉਡਾਉਂਦੇ ਹਨ। ਸਾਡੀਆਂ ਅਦਾਲਤਾਂ ਤਕੜਿਆਂ ਅਤੇ ਚਲਾਕ ਲੋਕਾਂ ਦਾ ਹਥਿਆਰ ਨੇ ਪਰ ਵਕੀਲਾਂ ਆਸਰੇ ਇਨਸਾਫ ਦੀ ਆਸ ਵਾਲੇ ਲੋਕਾਂ ਵਾਸਤੇ ਇਹੋ ਅਦਾਲਤਾਂ ਬਾਂਝ ਸਾਬਤ ਹੁੰਦੀਆਂ ਹਨਲੋਕ ਆਪਣੀ ਇੱਜ਼ਤ ਪੈਸਾ ਸਭ ਕੁਝ ਗਵਾ ਲੈਂਦੇ ਹਨ।

ਇਹੋ ਹਾਲ ਬਾਬਰੀ ਮਸਜਿਦ ਕੇਸ ਵਿੱਚ ਹੋਣ ਜਾ ਰਿਹਾ ਹੈ, ਜਿਸਦਾ ਕੇਸ ਫਾਈਲ ਇੱਕ ਮੋਚੀ ਮੁਸਲਮਾਨ ਨੇ ਕੀਤਾਾ ਸੀ, ਜੋ ਮਰ ਚੁੱਕਿਆ ਹੈ। ਵਕੀਲਾਂ ਕੋਲ ਉਸਦੇ ਸਾਰੇ ਅਧਿਕਾਰ ਹਨ। ਦੂਜੀਆਂ ਦੋ ਧਿਰਾਂ ਵੀ ਇਸ ਵਿੱਚ ਸ਼ਾਮਲ ਆਪੋ ਆਪਣੇ ਹਿੱਸੇ ਅਤੇ ਹੱਕ ਜਿਤਾਉਣ ਵਾਲੀਆਂ ਹੀ ਹਨ। ਸਰਕਾਰਾਂ ਇਸ ਵਿੱਚੋਂ ਆਪਣੀਆਂ ਰੋਟੀਆਂ ਸੇਕਣ ਲੱਗੀਆਂ ਹੋਈਆਂ ਹਨ ਕੋਈ ਰਾਜਨੀਤਕ ਪਾਰਟੀ ਇਸ ਦੀ ਉਸਾਰੀ ਰੋਕ ਕੇ ਵੋਟਾਂ ਹਾਸਲ ਕਰਦੀ ਸੀ, ਕੋਈ ਇਸ ਨੂੰ ਬਣਵਾਕੇ ਇਸਦਾ ਮੁਨਾਫਾ ਕਮਾਉਣ ਦੀ ਝਾਕ ਵਿੱਚ ਸੀਅਦਾਲਤਾਂ ਸਰਕਾਰਾਂ ਦੀ ਮੋਹਰ ਹੁੰਦੀਆਂ ਹਨ। ਸੁਪਰੀਮ ਕੋਰਟ ਨੇ ਗੇਂਦ ਰਾਜਨੀਤਕਾਂ ਦੇ ਵਿਹੜੇ ਸੁੱਟ ਦਿੱਤੀ ਹੈ ਕਿ ਆਪਸ ਵਿੱਚ ਸਮਝੌਤਾ ਕਰਵਾ ਦਿਉ ਤਿੰਨੇ ਛੋਟੀਆਂ ਧਿਰਾਂ ਵੱਡੇ ਆਗੂਆਂ ਦੀ ਗੁਲਾਮੀ ਵਿੱਚੋਂ ਕੁਝ ਇਨਾਮ, ਫੋਕੀ ਵਾਹ ਵਾਹ ਹਾਸਲ ਕਰਕੇ ਇਸ ਸਮਝੌਤੇ ’ਤੇ ਸਹੀ ਪਾ ਦੇਣਗੀਆਂ, ਜੇ ਰਾਜਨੀਤਕਾਂ ਨੂੰ ਇਹ ਸਮਝੌਤਾ ਕਰਵਾਉਣ ਵਿੱਚ ਲਾਭ ਹੁੰਦਾ ਦਿਸਿਆ। ਜੇ ਰਾਜਨੀਤਕਾਂ ਨੂੰ ਇਸ ਬੋਤਲ ਵਿੱਚ ਬੰਦ ਜਿੰਨ ਵਰਗੇ ਮਸਲੇ ਨੂੰ ਹਾਲੇ ਹੋਰ ਜਿਉਂਦਾ ਰੱਖਣਾ ਲਾਹੇਬੰਦ ਲੱਗਿਆ, ਤਦ ਇਹ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ

ਆਮ ਲੋਕਾਂ ਨੂੰ ਇਹਨਾਂ ਮੰਦਰ-ਮਸਜਿਦਾਂ ਦੇ ਝਗੜਿਆਂ ਵਿੱਚ ਕਿਹੜਾ ਰੋਟੀ ਲੱਭਣੀ ਹੈ ਪਰ ਉਹਨਾਂ ਦੀਆਂ ਜੇਬਾਂ ਖਾਲੀ ਕਰਵਾਉਣ ਲਈ ਇੱਕ ਹੋਰ ਧਾਰਮਿਕ ਸਥਾਨ ਬਣ ਜਾਵੇਗਾ। ਆਮ ਲੋਕਾਂ ਕੋਲ ਲੱਖਾਂ ਦੀ ਗਿਣਤੀ ਵਿੱਚ ਧਾਰਮਿਕ ਸਥਾਨ ਹਨ ਪਰ ਰਾਜਨੀਤਕਾਂ ਦਾ ਕਮਾਲ ਹੀ ਹੈ ਕਿ ਉਹ ਲੋਕਾਂ ਨੂੰ ਕਿਸ ਤਰ੍ਹਾਂ ਭੜਕਾ ਸਕਦੇ ਹਨ, ਲੜਾ ਸਕਦੇ ਹਨ।  ਦੇਸ ਦੇ ਸਾਰੇ ਵੱਡੇ ਧਾਰਮਿਕ ਸਥਾਨਾਂ ’ਤੇ ਰਾਜਨੀਤਕ ਆਗੂਆਂ ਨੇ ਟਰੱਸਟਾਂ ਰਾਹੀਂ ਕਬਜ਼ਾ ਕੀਤਾ ਹੋਇਆ ਹੈ। ਹਰ ਰਾਜਨੀਤਕ ਆਗੂ ਕਈ ਕਈ ਟਰੱਸਟਾਂ ਦੇ ਮੈਂਬਰ ਹਨ। ਆਮ ਲੋਕ ਉਹਨਾਂ ਧਾਰਮਿਕ ਸਥਾਨਾਂ ਵਿੱਚੋਂ ਰੱਬ ਭਾਲਦੇ ਫਿਰਦੇ ਹਨ, ਜਿਹਨਾਂ ਦੀ ਕਮਾਈ ਰਾਹੀਂ ਰਾਜਨੀਤਕ ਲੋਕ ਦੇਸ਼ ਦੀ, ਸੂਬਿਆਂ ਦੀ, ਕੁਰਸੀ ਉੱਪਰ ਕਬਜ਼ਾ ਕਰਦੇ ਹਨ।

ਇਸੇ ਤਰ੍ਹਾਂ ਹੀ ਪੰਜਾਬ ਦੇ ਰਾਜਨੀਤਕ ਆਗੂ ਕਰਦੇ ਹਨ ਜਦ ਕੋਈ ਆਗੂ ਕੁੱਝ ਹਿੱਸਾ ਭਾਲਦਾ ਹੈ, ਉਸਨੂੰ ਕਿਸੇ ਧਾਰਮਿਕ ਸਥਾਨ ਦਾ ਪਰਬੰਧ ਦੇ ਦਿੱਤਾ ਜਾਂਦਾ ਹੈ ਜਾਂ ਕਿਸੇ ਧਾਰਮਿਕ-ਸਮਾਜਿਕ ਕੰਮ ਕਰਨ ਵਾਲੇ ਟਰੱਸਟ ਦਾ ਮੈਂਬਰ ਬਣਾ ਦਿੱਤਾ ਜਾਂਦਾ ਹੈ। ਆਮ ਲੋਕਾਂ ਨੂੰ ਕਦੇ ਇਹੋ ਜਿਹੀ ਖੇਡ ਦਾ ਪਤਾ ਹੀ ਨਹੀਂ ਲਗਦਾ ਕਿਉਂਕਿ ਉਹਨਾਂ ਕੋਲ ਤਾਂ ਰੋਟੀ ਕਮਾਉਣ ਦੇ ਜੁਗਾੜ ਤੋਂ ਹੀ ਵਿਹਲ ਨਹੀਂ ਹੈ।

ਜਦ ਤਕ ਆਮ ਆਦਮੀ ਕਿਰਤ ਦੀ ਲੁੱਟ ਸਮਝਣ ਦੀ ਥਾਂ ਧਾਰਮਿਕ ਸਥਾਨਾਂ ਵਿੱਚੋਂ ਇਨਸਾਫ-ਦੁਆਵਾਂ ਭਾਲਦਾ ਰਹੇਗਾ ਤਦ ਤੱਕ ਇੱਥੇ ਸ਼ਾਮਲਾਟਾਂ ਵਾਂਗ ਧਾਰਮਿਕ ਸਥਾਨ ਵੀ ਦੱਬੀਦੇ ਰਹਿਣਗੇ, ਨਵੇਂ ਮਸਲੇ ਖੜ੍ਹੇ ਹੁੰਦੇ ਰਹਿਣਗੇ ਅਤੇ ਰਾਜਨੀਤਕਾਂ ਦੀਆਂ ਕੁਰਸੀਆਂ ਸਥਾਪਤ ਹੁੰਦੀਆਂ ਰਹਿਣਗੀਆਂ।

*****

(660)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਪੱਖੋਕਲਾਂ

ਗੁਰਚਰਨ ਸਿੰਘ ਪੱਖੋਕਲਾਂ

Pakhokalan, Barnala, Punjab, India.
Email: (gspkho@gmail.com)