BalrajSidhu7ਗ੍ਰੋਹ ਦਾ ਮੁਖੀਆ 7-8 ਹਜ਼ਾਰ ਰੋਜ਼ ਦਾ ਕਮਾ ਲੈਂਦਾ ਹੈ ...
(7 ਅਪਰੈਲ 2017)

 

ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਖਿਲਾਫ ਕੀਤੀ ਜਾਣ ਵਾਲੀ ਪੱਥਰਬਾਜ਼ੀ ਨੂੰ ਕਸ਼ਮੀਰੀ ਬੋਲੀ ਵਿੱਚ ਕੱਨੇਹ (ਜੰਗ) ਕਿਹਾ ਜਾਂਦਾ ਹੈ। ਇਸ ਵਰਤਾਰੇ ਨੇ ਸੁਰੱਖਿਆ ਦਸਤਿਆਂ ਨੂੰ ਬਹੁਤ ਹੀ ਕਸੂਤੀ ਸਥਿਤੀ ਵਿੱਚ ਫਸਾ ਕੇ ਰੱਖ ਦਿੱਤਾ ਹੈ। ਜਵਾਨਾਂ ਕੋਲ ਇਸ ਦਾ ਕੋਈ ਢੁੱਕਵਾਂ ਹੱਲ ਨਹੀਂ ਹੈ। ਪੱਥਰਬਾਜ਼ਾਂ ਵਿਰੁੱਧ ਗੋਲੀ ਜਾਂ ਪੈਲਟ ਗੰਨ ਦੀ ਵਰਤੋਂ ਕਰਨੀ ਬਹੁਤ ਮਹਿੰਗੀ ਪੈਂਦੀ ਹੈ। ਮੀਡੀਆ ਵਿੱਚ ਫੌਰਨ ਹੋ-ਹੱਲਾ ਮੱਚ ਜਾਂਦਾ ਹੈ। ਪਿੱਛੇ ਜਿਹੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਸ਼ਮੀਰ ਵਿੱਚ ਅੱਗ ਭੜਕਾਉਣ ਦੀ ਮਨਸ਼ਾ ਨਾਲ ਬਿਆਨ ਦਿੱਤਾ ਸੀ ਕਿ ਭਾਰਤੀ ਫੌਜ ਕਸ਼ਮੀਰੀਆਂ ਨੂੰ ਕੁੱਤੇ ਮਾਰਨ ਵਾਲੀਆਂ ਬੰਦੂਕਾਂ (ਪੈਲਟ ਗੰਨਾਂ) ਨਾਲ ਮਾਰ ਰਹੀ ਹੈ। ਵੱਖਵਾਦੀਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਜਦੋਂ ਕਿਤੇ ਪੁਲਿਸ ਮੁਕਾਬਲਾ ਸ਼ੁਰੂ ਹੁੰਦਾ ਹੈ ਤਾਂ ਇੱਕ ਦਮ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਸੰਦੇਸ਼ ਫੈਲਾ ਦਿੱਤਾ ਜਾਂਦਾ ਹੈ। ਪੱਥਰਬਾਜ਼ਾਂ ਦੇ ਹਜ਼ੂਮ ਫੌਰਨ ਮੁਕਾਬਲੇ ਵਾਲੀ ਜਗ੍ਹਾ ਵੱਲ ਕੂਚ ਕਰ ਜਾਂਦੇ ਹਨ। ਹੈਰਾਨ ਪਰੇਸ਼ਾਨ ਜਵਾਨਾਂ ਨੂੰ ਸਮਝ ਨਹੀਂ ਆਉਂਦੀ ਕਿ ਅੱਗੋਂ ਆਉਂਦੀ ਗੋਲੀ ਤੋਂ ਬਚਣ ਕਿ ਪਿੱਛੋਂ ਪੈ ਰਹੇ ਪੱਥਰਾਂ ਤੋਂ? ਇਸੇ ਰੌਲੇ ਗੌਲੇ ਦਾ ਫਾਇਦਾ ਉਠਾ ਕੇ ਕਈ ਵਾਰ ਅੱਤਵਾਦੀ ਖਿਸਕ ਜਾਂਦੇ ਹਨ। ਸੜਕਾਂ ਜਾਮ ਹੋਣ ਕਾਰਨ ਕਈ ਵਾਰ ਜ਼ਖਮੀ ਜਵਾਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ। 20 ਮਾਰਚ ਨੂੰ ਬਡਗਾਮ ਜ਼ਿਲ੍ਹੇ ਦੇ ਚਡੂਰਾ ਪਿੰਡ ਵਿੱਚ ਅੱਤਵਾਦੀਆਂ ਨਾਲ ਹੋ ਰਹੇ ਮੁਕਾਬਲੇ ਦੌਰਾਨ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਜਵਾਨਾਂ ’ਤੇ ਹੱਲਾ ਬੋਲ ਦਿੱਤਾ। ਪੱਥਰਬਾਜ਼ੀ ਕਾਰਨ ਸੀ.ਆਰ.ਪੀ.ਐੱਫ ਅਤੇ ਪੁਲਿਸ ਦੇ 63 ਜਵਾਨ ਜ਼ਖਮੀ ਹੋ ਗਏ। ਜਦੋਂ ਬੇਕਾਬੂ ਭੀੜ ਨੇ ਬੈਰੀਕੇਡ ਤੋੜ ਕੇ ਮੁਕਾਬਲੇ ਵਾਲੀ ਜਗ੍ਹਾ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮਜਬੂਰਨ ਜਵਾਨਾਂ ਨੂੰ ਗੋਲੀ ਚਲਾਉਣੀ ਪਈ। ਤਿੰਨ ਪੱਥਰਬਾਜ਼ ਆਪੇ ਸਹੇੜੀ ਅਣਆਈ ਮੌਤੇ ਮਾਰੇ ਗਏ।

ਕਸ਼ਮੀਰ ਵਿੱਚ ਕਥਿੱਤ ਅਜ਼ਾਦੀ ਲਈ ਹੋਣ ਵਾਲੇ ਪ੍ਰਦਰਸ਼ਨ ਅਤੇ ਪੱਥਰਬਾਜ਼ੀ ਫਲਸਤੀਨੀਆਂ ਅਤੇ ਇਜ਼ਰਾਈਲੀਆਂ ਦਰਮਿਆਨ ਹੋਣ ਵਾਲੀਆਂ ਝੜਪਾਂ, ਜਿਹਨਾਂ ਨੂੰ ਇੰਤੀਫਦਾ ਕਿਹਾ ਜਾਂਦਾ ਹੈ, ਤੋਂ ਪ੍ਰੇਰਿਤ ਹਨ। ਇੰਤੀਫਦਾ ਅਰਬੀ ਸ਼ਬਦ ਹੈ ਜਿਸ ਦਾ ਮਤਲਬ ਹੈ ਝਟਕਾ ਕੇ ਪਰ੍ਹਾਂ ਸੁੱਟਣਾ। ਫਲਸਤੀਨੀਆਂ ਨੇ ਇਜ਼ਰਾਈਲੀ ਕਬਜ਼ੇ ਦੇ ਖਿਲਾਫ 1987 ਤੋਂ 1993 ਅਤੇ 2000 ਤੋਂ 2005 ਤੱਕ ਦੋ ਇੰਤੀਫਦਾ ਕੀਤੀਆਂ ਸਨ। ਇਸ ਦੌਰਾਨ ਫਲਸੀਤੀਨੀਆਂ ਨੇ ਇਜ਼ਰਾਈਲੀ ਫੌਜ, ਪੁਲਿਸ ਅਤੇ ਆਮ ਸ਼ਹਿਰੀਆਂ ਦੇ ਖਿਲਾਫ ਹਥਿਆਰਾਂ ਅਤੇ ਪੱਥਰਬਾਜ਼ੀ ਦੀ ਰੱਜ ਕੇ ਵਰਤੋਂ ਕੀਤੀ ਸੀ ਜਿਸ ਕਾਰਨ ਹਜ਼ਾਰਾਂ ਫਲਸਤੀਨੀ ਅਤੇ ਇਜ਼ਰਾਈਲੀ ਮਾਰੇ ਗਏ। ਕਸ਼ਮੀਰੀ ਵੱਖਵਾਦੀਆਂ ਨੇ ਇਸ ਗੜਬੜ ਨੂੰ ਵੀ ਕਈ ਵਾਰ ਇੰਤੀਫਦਾ ਨਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਉਹ ਇਸ ਨਾਮਕਰਣ ਵਿੱਚ ਨਾਕਾਮ ਰਹੇ ਹਨ ਪਰ ਉਹ ਇਸ ਨੂੰ ਬਹੁਤ ਹੀ ਸੰਗਠਿਤ ਰੂਪ ਦੇਣ ਵਿੱਚ ਕਾਮਯਾਬ ਹੋ ਗਏ ਹਨ। ਅਜ਼ਾਦੀ ਦੇ ਨਾਮ ’ਤੇ ਵਰਗਲਾਏ ਹੋਏ ਹਜ਼ਾਰਾਂ ਔਰਤਾਂ, ਮਰਦ ਅਤੇ ਬੱਚੇ ਇਸ ਵਿੱਚ ਕੁੱਦੇ ਹੋਏ ਹਨ। ਪਹਾੜੀ ਰਾਜ ਹੋਣ ਕਾਰਨ ਕਸ਼ਮੀਰ ਵਿੱਚ ਵੈਸੇ ਵੀ ਮੁਫਤ ਦੇ ਹਥਿਆਰ ਪੱਥਰਾਂ ਦੀ ਕੋਈ ਕਮੀ ਨਹੀਂ ਹੈ। ਕਸ਼ਮੀਰੀ ਮੀਡੀਆ ਪੱਥਰਬਾਜ਼ੀ ਨੂੰ ਕਸ਼ਮੀਰ ਦੀ ਨੈਸ਼ਨਲ ਖੇਡ ਕਹਿਣ ਲੱਗ ਪਿਆ ਹੈ। ਮਸ਼ਹੂਰ ਪੱਥਰਬਾਜ਼ਾਂ ਦੇ ਨਾਮ ਤੇਜ਼ ਗੇਂਦਬਾਜ਼ਾਂ ਦੇ ਨਾਮ ’ਤੇ ਬ੍ਰੈਟਲੀ ਅਤੇ ਇਮਰਾਨ ਖਾਨ ਆਦਿ ਰੱਖੇ ਹੋਏ ਹਨ।

ਪਹਿਲੀਆਂ ਵਿੱਚ ਰੋਸ ਵਜੋਂ ਹੋਣ ਵਾਲੀ ਥੋੜ੍ਹੀ ਬਹੁਤ ਪੱਥਰਬਾਜ਼ੀ 2008 ਦੀਆਂ ਗਰਮੀਆਂ ਤੋਂ ਬਾਅਦ ਨਿੱਤ ਦਾ ਵਰਤਾਰਾ ਬਣ ਗਿਆ ਹੈ। ਇਸ ਵਿੱਚ ਹੈਰਾਨੀਜਨਕ ਤੇਜ਼ੀ ਅਪਰੈਲ 2008 ਵਿੱਚ ਤਿੰਨ ਕਸ਼ਮੀਰੀ ਨੌਜਵਾਨਾਂ ਦੇ ਮਾਛਿਲ ਪਿੰਡ ਵਿੱਚ ਇੱਕ ਗਹਿਗੱਚ ਮੁਕਾਬਲੇ ਵਿੱਚ ਮਾਰੇ ਜਾਣ ਕਾਰਨ ਆਈਲੋਕਾਂ ਦਾ ਇਲਜ਼ਾਮ ਹੈ ਕਿ ਇਹ ਮੁਕਾਬਲਾ ਝੂਠਾ ਸੀ। ਇਸ ਤੋਂ ਬਾਅਦ 11 ਜੂਨ 2008 ਨੂੰ ਇੱਕ ਸਕੂਲੀ ਵਿਦਿਆਰਥੀ ਤੁਫੈਲ ਮੱਟੂ ਦੀ ਅੱਥਰੂ ਗੈਸ ਦਾ ਗੋਲਾ ਵੱਜ ਜਾਣ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਸਾਰੀ ਕਸ਼ਮੀਰ ਵਾਦੀ ਵਿੱਚ ਅੱਗ ਭੜਕਾ ਦਿੱਤੀ ਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ। ਉਸ ਤੋਂ ਬਾਅਦ ਇਹ ਮਸਲਾ ਵਧਦਾ ਹੀ ਜਾ ਰਿਹਾ ਹੈ। ਸੁਰੱਖਿਆ ਦਸਤਿਆਂ ਹੱਥੋਂ ਮਾਰੇ ਗਏ ਪੱਥਰਬਾਜ਼ਾਂ ਨੂੰ ਸ਼ਹੀਦ ਐਲਾਨ ਕੇ ਉਹਨਾਂ ਦੇ ਸ਼ਾਨਦਾਰ ਜਨਾਜ਼ੇ ਕੱਢੇ ਜਾਂਦੇ ਹਨ। ਜਵਾਨੀ ਵਿੱਚ ਵੈਸੇ ਹੀ ਲੜਨ ਖਹਿਣ ਦਾ ਚਾਅ ਹੁੰਦਾ ਹੈ। ਇਸ ਨਾਲ ਜਵਾਨਾਂ ਦੇ ਕੱਚੇ ਮਨਾਂ ਵਿੱਚ ਸ਼ਹੀਦ ਹੋਣ ਦੀ ਪ੍ਰਬਲ ਇੱਛਾ ਪੈਦਾ ਹੁੰਦੀ ਹੈ ਜਿਸ ਦਾ ਹੁਰੀਅਤ ਅਤੇ ਪਾਕਿਸਤਾਨੀ ਆਈ.ਐੱਸ.ਆਈ ਰੱਜ ਕੇ ਫਾਇਦਾ ਉਠਾਉਂਦੀ ਹੈ।

ਪੱਥਰਬਾਜ਼ੀ ਬਾਰੇ ਕਈ ਅਹਿਮ ਤੱਥ ਹਨ। ਸਭ ਤੋਂ ਤਕਲੀਫਦੇਹ ਇਹ ਹੈ ਕਿ ਅਨੇਕਾਂ ਬੱਚਿਆਂ ਨੂੰ ਭੜਕਾ ਕੇ ਸੁਰੱਖਿਆ ਦਸਤਿਆਂ ਹੱਥੋਂ ਮਰਵਾਉਣ ਵਾਲੇ ਹੁਰੀਅਤ ਨੇਤਾਵਾਂ ਸਈਅਦ ਅਲੀ ਸ਼ਾਹ ਜੀਲਾਨੀ, ਮੀਰਵਾਇਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਆਦਿ ਵਿੱਚੋਂ ਕਿਸੇ ਦਾ ਵੀ ਬੱਚਾ ਜਾਂ ਰਿਸ਼ਤੇਦਾਰ ਪੱਥਰਬਾਜ਼ੀ ਵਿੱਚ ਹਿੱਸਾ ਨਹੀਂ ਲੈਂਦਾ। ਸਾਰੇ ਜਾਂ ਤਾਂ ਕਾਨਵੈਂਟ ਸਕੂਲਾਂ ਵਿੱਚ ਪੜ੍ਹ ਰਹੇ ਹਨ ਜਾਂ ਮਲਾਈਦਾਰ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ। ਪੱਥਰਬਾਜ਼ੀ ਦਾ ਪਹਿਲਾ ਸੈਸ਼ਨ ਸਵੇਰ ਦੀ ਨਮਾਜ਼ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਦੁਪਹਿਰ ਤੱਕ ਚੱਲਦਾ ਹੈ। ਦੁਪਹਿਰ ਵੇਲੇ ਪੱਥਰਬਾਜ਼ ਇੱਕ ਦੋ ਘੰਟਿਆਂ ਦੀ ਛੁੱਟੀ ਕਰਦੇ ਹਨ ਤੇ ਖਾਣਾ ਆਦਿ ਖਾ ਕੇ ਤੇ ਅਰਾਮ ਕਰ ਕੇ ਦੁਬਾਰਾ ਚਾਲੂ ਹੋ ਜਾਂਦੇ ਹਨ। ਉਸ ਸਮੇਂ ਤੱਕ ਸੁਰੱਖਿਆ ਦਸਤੇ ਵੀ ਖਾਣਾ ਆਦਿ ਖਾ ਕੇ ਮੁਕਾਬਲੇ ਲਈ ਕਾਇਮ ਹੋ ਜਾਂਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਹ ਅਜੇ ਤੱਕ ਬਿਨਾਂ ਕਿਸੇ ਆਗੂ ਦੇ ਛੋਟੇ ਛੋਟੇ ਗਰੁੱਪਾਂ ਵਿੱਚ ਕੰਮ ਕਰ ਰਹੇ ਹਨ। ਸੂਬਾ ਪੱਧਰ ਦਾ ਕੋਈ ਸਰਵ ਪ੍ਰਵਾਨਿਤ ਨੇਤਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕੋਈ ਪ੍ਰੋਫੈਸ਼ਨਲ ਪੱਥਰਬਾਜ਼ ਆਗੂ ਗ੍ਰਿਫਤਾਰ ਹੋਇਆ ਹੈ। ਅੱਕ ਕੇ ਪੁਲਿਸ ਨੇ ਮੀਡੀਆ ਤੋਂ ਪ੍ਰਾਪਤ ਫੋਟੋਆਂ ਅਤੇ ਵੀਡੀਓ ਦੀ ਮਦਦ ਨਾਲ ਹੁਣ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਹਨ।

ਕੁਝ ਦਿਨ ਪਹਿਲਾਂ ਦੋ-ਤਿੰਨ ਪੱਥਰਬਾਜ਼ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਮੰਨੇ ਹਨ ਕਿ ਹਰ ਪੱਥਰਬਾਜ਼ ਦਾ ਰੇਟ ਮੁਕੱਰਰ ਹੈ ਤੇ ਇਹ ਬਿਲਕੁਲ ਪ੍ਰੋਫੈਸ਼ਨਲ ਕੰਮ ਬਣ ਗਿਆ ਹੈ। ਵੱਖਵਾਦੀ ਨੇਤਾਵਾਂ ਵੱਲੋਂ ਪੱਥਰਬਾਜ਼ ਗਿਰੋਹ ਦੇ ਨੇਤਾ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਜਗ੍ਹਾ, ਕਿਸ ਵਿਅਕਤੀ ਜਾਂ ਸੁਰੱਖਿਆ ਦਸਤਿਆਂ ਖਿਲਾਫ, ਕਿਸ ਦਿਨ ਅਤੇ ਕਿੰਨੀ ਦੇਰ ਤੱਕ ਪੱਥਰਬਾਜ਼ੀ ਕਰਨੀ ਹੈ। ਕਿੰਨੇ ਵਿਅਕਤੀ ਚਾਹੀਦੇ ਹਨ, ਉਹਨਾਂ ਵਿੱਚ ਕਿੰਨੇ ਬੱਚੇ ਹੋਣੇ ਚਾਹੀਦੇ ਹਨ ਤਾਂ ਜੋ ਜੇ ਉਹ ਮਾਰੇ ਜਾਣ ਤਾਂ ਅੰਤਰਰਾਸ਼ਟਰੀ ਪੱਧਰ ’ਤੇ ਰੌਲਾ ਮੱਚ ਜਾਵੇ। ਪੱਥਰਬਾਜ਼ ਨੂੰ ਕੰਮ ਦੇ ਮੁਤਾਬਕ ਦਸ ਹਜ਼ਾਰ ਰੁਪਏ ਤੱਕ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਗ੍ਰੋਹ ਦਾ ਮੁਖੀਆ 7-8 ਹਜ਼ਾਰ ਰੋਜ਼ ਦਾ ਕਮਾ ਲੈਂਦਾ ਹੈ। ਇਸ ਤੋਂ ਇਲਾਵਾ ਕੱਪੜੇ, ਬੂਟ, ਖਾਣਾ ਅਤੇ ਪੈਟਰੌਲ ਬੰਬ ਬਣਾਉਣ ਲਈ ਅਲੱਗ ਪੈਸੇ ਮਿਲਦੇ ਹਨ। ਬੱਚਿਆਂ ਨੂੰ 7 ਤੋਂ 8 ਹਜ਼ਾਰ ਤੱਕ ਮਹੀਨਾ ਮਿਲਦਾ ਹੈ। ਪੱਥਰਬਾਜ਼ੀ ਹਰੇਕ ਲਈ ਬਹੁਤ ਹੀ ਕਮਾਊ ਧੰਦਾ ਬਣ ਚੁੱਕੀ ਹੈ। ਆਈ.ਐੱਸ.ਆਈ. ਵੱਲੋਂ ਹਰ ਸਾਲ ਕਰੋੜਾਂ ਰੁਪਇਆ ਵੱਖਵਾਦੀ ਨੇਤਾਵਾਂ ਨੂੰ ਭੇਜਿਆ ਜਾਂਦਾ ਹੈ। ਵੱਖਵਾਦੀ ਆਪਣਾ ਹਿੱਸਾ ਕੱਢ ਕੇ ਪੱਥਰਬਾਜ਼ ਗ੍ਰੋਹਾਂ ਦੇ ਮੁਖੀਆਂ ਨੂੰ ਕੰਮ ਦੇ ਹਿਸਾਬ ਨਾਲ ਪੇਮੈਂਟ ਕਰੀ ਜਾਂਦੇ ਹਨ। ਗ੍ਰੋਹ ਦਾ ਮੁਖੀਆ ਅੱਗੇ ਆਪਣੇ ਚੇਲਿਆਂ ਨੂੰ ਪੈਸਾ ਵੰਡਦਾ ਹੈ।

ਇਹ ਧੰਦਾ ਪੈਸੇ ਦੇ ਜ਼ੋਰ ਨਾਲ ਚੱਲਣ ਦਾ ਇੱਥੋਂ ਪਤਾ ਲੱਗਦਾ ਹੈ ਕਿ ਅਕਤੂਬਰ ਵਿੱਚ ਨੋਟਬੰਦੀ ਤੋਂ ਬਾਅਦ ਪੱਥਰਬਾਜ਼ੀ ਇੱਕ ਤਰ੍ਹਾਂ ਨਾਲ ਖਤਮ ਹੀ ਹੋ ਗਈ ਸੀ। ਇਸ ਵਿੱਚ 81% ਗਿਰਾਵਟ ਆਈ ਸੀ। ਅਗਸਤ 2016 ਵਿੱਚ ਦੇ 820 ਪੱਥਰਬਾਜ਼ੀ ਮਾਮਲੇ ਅਕਤੂਬਰ ਵਿੱਚ 153 ਹੀ ਰਹਿ ਗਏ ਸਨ। ਹੁਣ ਜਿਵੇਂ ਜਿਵੇਂ ਪੈਸਾ ਮਾਰਕੀਟ ਵਿੱਚ ਆ ਰਿਹਾ ਹੈ, ਪੱਥਰਬਾਜ਼ੀ ਵੀ ਦੁਬਾਰਾ ਵਧਦੀ ਜਾ ਰਹੀ ਹੈ। ਹੁਣ ਤੱਕ ਸੁਰੱਖਿਆਂ ਦਸਤਿਆਂ ਦੀ ਗੋਲੀਬਾਰੀ ਕਾਰਨ 100-125 ਪੱਥਰਬਾਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਹਜ਼ਾਰਾਂ ਜ਼ਖਮੀ ਹੋਏ ਹਨ। ਪੱਥਰਾਂ ਅਤੇ ਪੈਟਰੌਲ ਬੰਬਾਂ ਕਾਰਨ 4 ਹਜ਼ਾਰ ਤੋਂ ਵੱਧ ਜਵਾਨ ਜ਼ਖਮੀ ਹੋਏ ਹਨ ਅਤੇ 2 ਦੀ ਮੌਤ ਹੋ ਚੁੱਕੀ ਹੈ। ਕਈ ਵਾਰ ਤਾਂ ਪੱਥਰਬਾਜ਼ ਜ਼ਖਮੀ ਜਵਾਨਾਂ ਦੀਆਂ ਐਬੂਲੈਂਸਾਂ ਦਾ ਹਸਪਤਾਲ ਤੱਕ ਪਿੱਛਾ ਕਰਦੇ ਹਨ। ਇਸ ਲਈ ਸੁਰੱਖਿਆ ਕਾਰਨ ਬਹੁਤੇ ਫੱਟੜ ਜਵਾਨਾਂ ਨੂੰ ਆਰਮੀ ਹਸਪਤਾਲਾਂ ਵਿੱਚ ਹੀ ਲਿਜਾਣਾ ਪੈਂਦਾ ਹੈ।

ਹੁਣ ਹਰ ਦੂਸਰੇ ਚੌਥੇ ਦਿਨ ਕਿਸੇ ਨਾ ਕਿਸੇ ਪੱਥਰਬਾਜ਼ ਦੀ ਸੁਰੱਖਿਆ ਫੋਰਸਾਂ ਹੱਥੋਂ ਮਾਰੇ ਜਾਣ ਦੀ ਖਬਰ ਆ ਜਾਂਦੀ ਹੈ। ਫੋਰਸਾਂ ਦੇ ਜਵਾਨ ਵੀ ਇਨਸਾਨ ਹੀ ਹਨ। ਕੋਈ ਨਰਮ ਸੁਭਾਅ ਦਾ ਹੁੰਦਾ ਹੈ ਤੇ ਕੋਈ ਗਰਮ ਸੁਭਾਅ ਦਾ, ਕੋਈ ਸਿਰ ਵਿੱਚ ਵੱਜਾ ਪੱਥਰ ਜਰ ਜਾਂਦਾ ਹੈ ਤੇ ਕੋਈ ਨਹੀਂ ਜਰਦਾ। ਇਸ ਲਈ ਕਸ਼ਮੀਰੀ ਨੌਜਵਾਨਾਂ ਨੂੰ ਘਾਗ ਅਤੇ ਲਾਲਚੀ ਵੱਖਵਾਦੀ ਨੇਤਾਵਾਂ ਦੇ ਚੁੰਗਲ ਵਿੱਚ ਫਸ ਕੇ ਆਪਣੀ ਜਾਨ ਮੁਸੀਬਤ ਵਿੱਚ ਨਹੀਂ ਪਾਉਣੀ ਚਾਹੀਦੀ। ਇਹ ਆਪਣੇ ਬੱਚਿਆਂ ਨੂੰ ਕਦੇ ਵੀ ਗੋਲੀ ਅੱਗੇ ਨਹੀਂ ਡਾਹੁੰਦੇ। ਲੋਕਾਂ ਦੇ ਬੱਚਿਆਂ ਨੂੰ ਅਜ਼ਾਦੀ ਦੇ ਨਾਂ ’ਤੇ ਭੜਕਾ ਕੇ ਜਾਣ ਬੁਝ ਕੇ ਮਰਵਾ ਰਹੇ ਹਨ ਤੇ ਭਾਰਤੀ ਫੌਜ ਨੂੰ ਬਦਨਾਮ ਕਰਵਾ ਰਹੇ ਹਨ। ਜ਼ਿੰਦਗੀ ਬਹੁਤ ਕੀਮਤੀ ਹੈ ਤੇ ਦੁਬਾਰਾ ਨਹੀਂ ਮਿਲਦੀ। ਜੁਲਾਈ 2016 ਵਿੱਚ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਮੱਚੀ ਗੜਬੜ ਕਾਰਨ ਕਸ਼ਮੀਰ ਵਿੱਚ ਸਭ ਤੋਂ ਲੰਬਾ (60 ਦਿਨ ਦਾ) ਕਰਫਿਊ ਲੱਗਾ ਸੀ। ਉਸ ਗੜਬੜ ਦੌਰਾਨ 73 ਦੰਗਾਕਾਰੀ ਜਵਾਨਾਂ ਹੱਥੋਂ ਮਾਰੇ ਗਏ ਸਨ ਤੇ 11 ਹਜ਼ਾਰਾਂ ਜ਼ਖਮੀ ਹੋਏ ਸਨ। ਕੀ ਫਾਇਦਾ ਹੋਇਆ? ਅੱਜ ਕੌਣ ਯਾਦ ਕਰਦਾ ਹੈ ਵਾਨੀ ਨੂੰ? ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸੂਝਬੂਝ ਤੋਂ ਕੰਮ ਲੈਣ ਅਤੇ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਤਰੱਕੀ ਕਰਨ।

*****

(659)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 98151 - 24449)

More articles from this author