ShangaraSBhullar7“ਜੇ ਕਿਸਾਨ ਅਤੇ ਕਿਸਾਨੀ ਬਚਾਉਣੀ ਹੈ ਤਾਂ ਫਸਲਾਂ ਦੇ ਭਾਅ ਲਾਗਤ ਕੀਮਤ ਮੁਤਾਬਕ ...”
(30 ਜਨਵਰੀ 2017)

 

ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਅਹੁਦਾ ਸੰਭਾਲਣ ਤੋਂ ਤੁਰੰਤ ਪਿੱਛੋਂ ਬਹੁਤ ਕਾਹਲੇ ਕਦਮੀ ਵਗਣ ਲੱਗ ਪਏ ਹਨ। ਇੱਧਰੋਂ ਮੁੱਖ ਮੰਤਰੀ ਨੇ ਅਹੁਦੇ ਦੀ ਸਹੁੰ ਚੁੱਕੀ ਅਤੇ ਉੱਧਰੋਂ ਹਫਤੇ ਦੇ ਵਿੱਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਕਿਸਾਨਾਂ ਲਈ 80 ਹਜ਼ਾਰ ਕੋਰੜ ਰੁਪਏ ਦਾ ਵਿਸ਼ੇਸ਼ ਪੈਕੇਜ ਮੰਗ ਲਿਆ। ਇਸ ਲਈ ਕੈਪਟਨ ਨੇ ਆਪਣੀ ਦਲੀਲ ਇਹ ਦਿੱਤੀ ਕਿ ਉਨ੍ਹਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਵੀ ਮਾਫ ਕਰ ਦਿੱਤਾ ਜਾਵੇ ਕਿਉਂਕਿ ਇਹ ਵੀ ਤਾਂ ਉਸੇ ਸ਼੍ਰੇਣੀ ਵਿੱਚ ਹੀ ਆਉਂਦੇ ਹਨ। ਚੇਤੇ ਰਹੇ ਕਿ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਪੰਜਾਬ ਦੇ ਕਿਸਾਨਾਂ ਸਿਰ ਇਸ ਵੇਲੇ ਲਗਪਗ 87 ਹਜ਼ਾਰ ਕਰੋੜ ਦਾ ਕਰਜ਼ਾ ਹੈ।

ਅਸਲ ਵਿੱਚ ਫਰਵਰੀ ਅਤੇ ਮਾਰਚ ਦੇ ਮਹੀਨੇ ਜਿਹੜੇ ਪੰਜ ਸੂਬਿਆਂ ਵਿਚ ਅਸੈਂਬਲੀ ਚੋਣਾਂ ਹੋਈਆਂ ਉਨ੍ਹਾਂ ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਵੀ ਸ਼ਾਮਲ ਹਨ। ਨਰਿੰਦਰ ਮੋਦੀ ਦੇਸ ਦੇ ਯੂ.ਪੀ. ਸੂਬੇ ਵਿਚ ਹਰ ਸੂਰਤ ਵਿੱਚ ਸੱਤਾਧਾਰੀ ਬਣਨਾ ਲੋਚਦੇ ਸਨ, ਇਸ ਲਈ ਉਨ੍ਹਾਂ ਨੇ ਚੋਣਾਂ ਵੇਲੇ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇ ਉਹ ਇੱਥੇ ਭਾਜਪਾ ਦੀ ਸਰਕਾਰ ਬਣਾ ਦੇਣਗੇ ਤਾਂ ਇਸ ਸੂਬੇ ਦਾ ਬਹੁਪੱਖੀ ਵਿਕਾਸ ਤਾਂ ਕੀਤਾ ਹੀ ਜਾਵੇਗਾ, ਸਗੋਂ ਨਾਲ ਹੀ ਕਿਸਾਨਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਵੀ ਮਾਫ ਕਰ ਦਿੱਤਾ ਜਾਵੇਗਾ। ਹੁਣ ਜਦੋਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਨਵੀਂ ਸਰਕਾਰ ਬਣ ਗਈ ਹੈ ਤਾਂ ਪ੍ਰਧਾਨ ਮੰਤਰੀ ਨੇ ਆਪਣਾ ਵਾਅਦਾ ਨਿਭਾਉਂਦਿਆਂ ਕਿਸਾਨਾਂ ਦਾ ਇਹ ਕਰਜ਼ਾ ਮਾਫ ਕਰ ਦਿੱਤਾ ਹੈ।

ਇਹਦੇ ਟਾਕਰੇ ’ਤੇ ਜੇ ਵੇਖਿਆ ਜਾਵੇ ਤਾਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਾਂ ਕਾਂਗਰਸ ਸਰਕਾਰ ਬਣੀ ਹੈ ਅਤੇ ਭਾਜਪਾ ਅਤੇ ਇਸ ਦੀ ਗੱਠਜੋੜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਬੁਰੀ ਤਰ੍ਹਾਂ ਸਫਾਇਆ ਹੋਇਆ ਹੈ। ਇਹ ਸਫਾਇਆ ਇਸ ਕਦਰ ਹੋਇਆ ਹੈ ਕਿ ਇਹ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੀ ਨਹੀਂ ਬਣ ਸਕੀ, ਸਗੋਂ ਤੀਜੇ ਨੰਬਰ ’ਤੇ ਆਈ ਹੈ। ਵਿਰੋਧੀ ਧਿਰ ਦਾ ਫਰਜ਼ ਪੰਜਾਬ ਵਿਧਾਨ ਸਭਾ ਚੋਣ ਦੇ ਪਿੜ ਵਿੱਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ ਨੂੰ ਮਿਲ ਗਿਆ ਹੈ। ਇਸ ਪਾਰਟੀ ਨੂੰ 22 ਸੀਟਾਂ ਮਿਲੀਆਂ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਸਿਰਫ 18 ਹੀ ਸੀਟਾਂ ਮਿਲੀਆਂ। ਵੇਖਣ ਵਾਲੀ ਗੱਲ ਹੁਣ ਸਿਰਫ ਇਹ ਹੈ ਕਿ ਉੱਤਰ ਪ੍ਰਦੇਸ਼ ਵਿਚ ਤਾਂ ਭਾਜਪਾ ਜੇਤੂ ਰਹੀ ਹੈ ਅਤੇ ਫਿਰ ਇਸ ਲਈ ਨਾ ਕੇਵਲ ਖੁਦ ਨਰਿੰਦਰ ਮੋਦੀ ਨੇ ਪੂਰਾ ਜ਼ੋਰ ਲਾਇਆ, ਸਗੋਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵੀ ਵਾਅਦਾ ਕੀਤਾ। ਪੰਜਾਬ ਵਿਚ ਤਾਂ ਸਗੋਂ ਭਾਜਪਾ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਦੂਜਾ, ਨਰਿੰਦਰ ਮੋਦੀ ਨੇ ਚੋਣਾਂ ਵੇਲੇ ਪੰਜਾਬ ਵਿੱਚ ਜਿਹੜੀਆਂ ਕੁਝ ਰੈਲੀਆਂ ਨੂੰ ਸੰਬੋਧਨ ਵੀ ਕੀਤਾ ਉਨ੍ਹਾਂ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ। ਇਹੋ ਜਿਹੀ ਹਾਲਤ ਵਿਚ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੇ, ਇਸ ਬਾਰੇ ਹਾਲ ਦੀ ਘੜੀ ਕੁਝ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਇਹ ਸਮੱਸਿਆ ਬੜਾ ਗੰਭੀਰ ਰੂਪ ਅਖਤਿਆਰ ਕਰ ਚੁੱਕੀ ਹੈ। ਪਿਛਲੇ ਘੱਟੋ-ਘੱਟ ਛੇ ਕੁ ਮਹੀਨਿਆਂ ਤੋਂ ਕੋਈ ਐਸਾ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਇੱਕ ਜਾਂ ਦੋ ਕਿਸਾਨ ਗਰੀਬੀ ਤੋਂ ਤੰਗ ਆ ਕੇ ਖੁਦਕੁਸ਼ੀ ਨਹੀਂ ਕਰਦੇ। ਤਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਯਤਨ ਪ੍ਰਸ਼ੰਸਾ ਯੋਗ ਹੈ ਅਤੇ ਲਗਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਵੀ ਸੌ ਵਾਰੀ ਸੋਚਣਾ ਪਵੇਗਾ।

ਇਸ ਤੋਂ ਪਹਿਲਾਂ ਕਿ ਇਸ ਵਿਸ਼ੇ ਨੂੰ ਹੋਰ ਅੱਗੇ ਤੋਰਿਆ ਜਾਵੇ, ਥੋੜ੍ਹਾ ਜਿਹਾ ਇਹ ਜ਼ਿਕਰ ਜ਼ਰੂਰੀ ਹੈ ਕਿ ਕਿਸਾਨਾਂ ਸਿਰ ਇਹ ਕਰਜ਼ਾ ਚੜ੍ਹਿਆ ਕਿਉਂ? ਅਸਲ ਵਿੱਚ ਹਰੇ ਇਨਕਲਾਬ ਤੋਂ ਕੇਂਦਰ ਸਰਕਾਰ ਨੇ ਵੀ ਖੁਸ਼ੀ ਮਨਾਈ ਅਤੇ ਸੂਬਾਈ ਸਰਕਾਰਾਂ ਨੇ ਅਤੇ ਵਿਸ਼ੇਸ ਕਰਕੇ ਪੰਜਾਬੀ ਕਿਸਾਨਾਂ ਨੇ। ਗੱਲ ਇਹ ਸੀ ਕਿ ਰਵਾਇਤੀ ਖੇਤੀ ਨੇ ਆਧੁਨਿਕ ਰੂਪ ਲੈ ਲਿਆ ਸੀ। ਬਲਦਾਂ ਦੀ ਥਾਂ ਟਰੈਕਟਰਾਂ ਨੇ ਲੈ ਲਈ ਸੀ। ਖੂਹਾਂ ਟੋਭਿਆਂ ਦੀ ਥਾਂ ਟਿਊਬਵੈੱਲ ਲੱਗ ਗਏ ਸਨ। ਜੈਵਿਕ ਖਾਦ ਦੀ ਥਾਂ ਅੰਗਰੇਜ਼ੀ ਖਾਦਾਂ ਆ ਗਈਆਂ ਸਨ। ਸੋਧੇ ਹੋਏ ਬੀਜ, ਕੀੜੇ ਮਾਰਨ ਦੀਆਂ ਦੁਆਈਆਂ, ਖੇਤੀ ਮਸ਼ੀਨਰੀ ਅਤੇ ਕਈ ਕੁਝ ਹੋਰ ਆ ਗਿਆ ਸੀ। ਉੱਧਰ ਪੰਜਾਬ ਦਾ ਕਿਸਾਨ ਮਿਹਨਤੀ ਤਾਂ ਹੈ ਹੀ, ਉਹ ਨੇ ਵੀ ਨਾ ਦਿਨ ਵੇਖਿਆ ਨਾ ਰਾਤ। ਸਖਤ ਮਿਹਨਤ ਕੀਤੀ, ਬਲਕਿ ਤਪੱਸਿਆ। ਵੇਖਦਿਆਂ ਵੇਖਦਿਆਂ ਅਨਾਜ ਉਤਪਾਦਨ ਵਿੱਚ ਵਾਧਾ ਹੋ ਗਿਆ ਸੀ। ਇਕ ਸਮੇਂ ਤਕ ਜਿਹੜਾ ਦੇਸ਼ ਬਾਹਰੋਂ ਅਨਾਜ ਮੰਗਵਾਉਂਦਾ ਸੀ, ਉਹਦੇ ਕੋਲ ਅਨਾਜ ਦੇ ਢੇਰਾਂ ਦੇ ਢੇਰ ਲੱਗ ਗਏ। ਇੰਨੇ ਢੇਰ ਲੱਗ ਗਏ ਕਿ ਅੱਜ ਇਹਦੇ ਕੋਲ ਅਨਾਜ ਰੱਖਣ ਲਈ ਢੁੱਕਵੀਂ ਥਾਂ ਵੀ ਨਹੀਂ। ਕਿਉਂਕਿ ਦੇਸ਼ ਨੂੰ ਅਨਾਜ ਦੀ ਲੋੜ ਵੀ ਸੀ, ਇਸ ਲਈ ਕੇਂਦਰ ਨੇ ਕਿਸਾਨਾਂ ਨੂੰ ਫਸਲਾਂ ਦੇ ਵਾਜਬ ਦਾਮ ਵੀ ਦਿੱਤੇ। ਕਿਸਾਨ ਖੁਸ਼ਹਾਲੀ ਵਾਲੇ ਪਾਸੇ ਤੁਰ ਪਿਆ ਸੀ ਪਰ ਦੂਜੇ ਪਾਸੇ ਅਸਿੱਧੇ ਤੌਰ ’ਤੇ ਇਹ ਕੰਗਾਲੀ ਵਲ ਵੀ ਤੁਰ ਪਿਆ ਸੀ। ਖੇਤਾਂ ਵਿਚ ਜ਼ਹਿਰ ਬੀਜੀ ਜਾਣ ਲੱਗੀ ਸੀ। ਝੋਨੇ ਵਰਗੀ ਫਸਲ ਨੇ ਪਾਣੀ ਦਾ ਜ਼ਮੀਨੀ ਪੱਧਰ ਬਹੁਤ ਹੇਠਾਂ ਲੈ ਆਂਦਾ ਸੀ। ਅੰਗਰੇਜ਼ੀ ਖਾਦਾਂ ਨੇ ਜ਼ਮੀਨ ਨੂੰ ਕਮਜ਼ੋਰ ਕਰ ਦਿੱਤਾ ਸੀ। ਖਾਦ ਪਾਓ, ਫਸਲ ਲਓ। ਕੀੜੇ ਮਾਰ ਦੁਆਈਆਂ ਅਤੇ ਜ਼ਹਿਰੀਲੇ ਸਪਰੇਆਂ ਨੇ ਅਨਾਜ, ਦਾਲ ਸਬਜ਼ੀਆਂ ਅਤੇ ਦੁੱਧ ਆਦਿ ਤੱਕ ਜ਼ਹਿਰੀਲਾ ਕਰ ਦਿੱਤਾ ਸੀ। ਇਹ ਇਸੇ ਦਾ ਸਿੱਟਾ ਹੈ ਕਿ ਅੱਜ ਹਰ ਦੂਜਾ ਪੰਜਾਬੀ ਅੱਧਾ ਬਿਮਾਰ ਹੈ। ਮਾਲਵਾ ਅਤੇ ਇੱਥੋਂ ਤੱਕ ਕਿ ਮਾਝੇ ਵਿੱਚ ਵੀ ਕੈਂਸਰ ਦੀ ਜਕੜ ਮਜ਼ਬੂਤ ਹੋਣ ਲੱਗ ਪਈ ਹੈ। ਉੱਧਰ ਕਿਸਾਨ ਤਾਂ ਪਹਿਲਾਂ ਵਾਂਗ ਦੂਹੋ ਦੂਹ ਅਨਾਜ ਪੈਦਾ ਕਰ ਰਿਹਾ ਹੈ ਪਰ ਹੁਣ ਕੇਂਦਰ ਸਰਕਾਰ ਹੈ ਕਿ ਇਸ ਅਨਾਜ ਦਾ ਉੱਚਿਤ ਮੁੱਲ ਨਹੀਂ ਦੇ ਰਹੀ। ਹਾਲਤ ਹੁਣ ਵਿਚਾਰੇ ਕਿਸਾਨ ਦੀ ਇਹ ਹੋ ਗਈ ਹੈ ਕੇ ਖੇਤੀ ਉੱਤੇ ਖਰਚਾ ਵੱਧ ਆ ਰਿਹਾ ਹੈ ਪਰ ਆਮਦਨੀ ਲੋੜ ਮੁਤਾਬਕ ਨਹੀਂ। ਖੇਤੀ ਸਿੱਧੇ ਸ਼ਬਦਾਂ ਵਿੱਚ ਘਾਟੇ ਦਾ ਸੌਦਾ ਬਣ ਗਈ ਹੈ। ਦੁਖੀ ਹੋ ਕੇ ਛੋਟਾ ਕਿਸਾਨ ਇਸ ਨੂੰ ਤਿਆਗ ਵੀ ਰਿਹਾ ਹੈ ਅਤੇ ਖੁਦਕੁਸ਼ੀਆਂ ਦੇ ਰਾਹ ਵੀ ਪਿਆ ਹੋਇਆ ਹੈ। ਕਿਸਾਨ ਕੋਲ ਖੇਤੀ ਤੋਂ ਬਿਨਾਂ ਹੋਰ ਕੋਈ ਹੁਨਰ ਜਾਂ ਕੰਮ ਨਹੀਂ, ਇਸ ਲਈ ਉਹ ਇਸ ਵਿੱਚ ਘਾਟਾ ਖਾ ਕੇ ਵੀ ਖੇਤੀ ਕਰਨ ਲਈ ਮਜਬੂਰ ਹੈ। ਉਹ ਜਾਵੇ ਤਾਂ ਜਾਵੇ ਕਿੱਧਰ? ਉਹਦੇ ਸਿਰ ’ਤੇ ਕਰਜ਼ੇ ਦੀ ਪੰਡ ਚੜ੍ਹਦੀ ਜਾ ਰਹੀ ਹੈ ਅਤੇ ਸਰਕਾਰ ਉਹਦੀ ਪਿੱਠ ’ਤੇ ਹੱਥ ਨਹੀਂ ਧਰ ਰਹੀ।

ਇੱਥੋਂ ਤੱਕ ਤਾਂ ਡਾ. ਸਵਾਮੀਨਾਥਨ ਰਿਪੋਰਟ ਨੇ ਵੀ ਕਹਿ ਦਿੱਤਾ ਹੈ ਕਿ ਜੇ ਕਿਸਾਨ ਅਤੇ ਕਿਸਾਨੀ ਬਚਾਉਣੀ ਹੈ ਤਾਂ ਫਸਲਾਂ ਦੇ ਭਾਅ ਲਾਗਤ ਕੀਮਤ ਮੁਤਾਬਕ ਦਿੱਤੇ ਜਾਣ। ਭਾਵ ਖੇਤੀ ਉੱਤੇ ਜੋ ਖਰਚਾ ਆਉਂਦਾ ਹੈ, ਉਸ ਮੁਤਾਬਕ ਦਿੱਤੇ ਜਾਣ। ਇੰਝ ਕਿਸਾਨ ਦੀ ਕੁੱਲ ਉਪਜ ’ਤੇ 50 ਫੀਸਦੀ ਦਾ ਮੁਨਾਫਾ ਵੀ ਦਿੱਤਾ ਜਾਵੇ। ਹਰ ਛੋਟਾ ਮੋਟਾ ਕਾਰੋਬਾਰੀ ਆਪਣੀ ਤਿਆਰ ਕੀਤੀ ਚੀਜ਼ ਵਸਤ ਵਿੱਚ ਮੁਨਾਫਾ ਕਮਾਉਂਦਾ ਹੈ ਪਰ ਕਿਸਾਨ ਨੂੰ ਮੁਨਾਫਾ ਤਾਂ ਕੀ, ਲੱਗਾ ਭਾਅ ਵੀ ਨਹੀਂ ਮਿਲਦਾ। ਫਿਰ ਇਹ ਵੀ ਕਿਸਾਨ ਹੀ ਹੈ ਜਿਸ ਦੀ ਫਸਲ ਦਾ ਭਾਅ ਉਹ ਆਪ ਤੈਅ ਨਹੀਂ ਕਰ ਸਕਦਾ, ਸਗੋਂ ਠੰਢੇ ਕਮਰਿਆਂ ਵਿੱਚ ਬੈਠੇ ਮਾਹਿਰ ਕਰਦੇ ਹਨ, ਜਿਨ੍ਹਾਂ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਦੀ ਕੋਈ ਜਾਣਕਾਰੀ ਨਹੀਂ। ਸਵਾਲ ਇਹ ਹੈ ਕਿ ਕੇਂਦਰ ਸਰਕਾਰ ਕਿਉਂ ਨਹੀਂ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਦੀ? ਕਿਸਾਨ ਜਥੇਬੰਦੀਆਂ ਵੀ ਮੰਗ ਕਰਦੀਆਂ ਹਨ।

ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨਾ ਕੇਵਲ ਬੜੇ ਧਿਆਨ ਨਾਲ ਸੁਣੀ ਹੀ ਹੈ ਸਗੋਂ ਉਨ੍ਹਾਂ ਨੂੰ ਇਸ ਸਬੰਧੀ ਯਕੀਨ ਵੀ ਦਿਵਾਇਆ ਹੈ ਤਾਂ ਵੇਖਣਾ ਹੋਵੇਗਾ ਕਿ ਕੀ ਪ੍ਰਧਾਨ ਮੰਤਰੀ ਸਾਰੇ ਸੂਬਿਆਂ ਨਾਲ ਇੱਕੋ ਜਿਹਾ ਵਿਹਾਰ ਕਰਦੇ ਹਨ ਜਾਂ ਫਿਰ ਆਪਣੀ ਪਾਰਟੀ ਵਾਲੀਆਂ ਸਰਕਾਰਾਂ ਵੱਲ ਹੀ ਉਚੇਰੀ ਤਵੱਜੋਂ ਦਿੰਦੇ ਹਨ। ਉਂਜ ਉਨ੍ਹਾਂ ਵੱਲੋਂ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ ਆਰਥਿਕ ਹਾਲਤ ਸਬੰਧੀ ਜੋ ਦਿਸ਼ਾ ਨਿਰਦੇਸ਼ ਨੀਤੀ ਕਮਿਸ਼ਨ ਨੂੰ ਦਿੱਤੇ ਗਏ ਹਨ, ਉਨ੍ਹਾਂ ਤੋਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਤਸੱਲੀ ਪ੍ਰਗਟ ਕੀਤੀ ਹੈ। ਪਰ ਇਸ ਦੇ ਟਾਕਰੇ ’ਤੇ ਪ੍ਰਧਾਨ ਮੰਤਰੀ ਦੇ ਹੀ ਨੰਬਰ ਦੋ ਅਤੇ ਬੜੇ ਕਰੀਬੀ ਸਾਥੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਇਹ ਕਹਿ ਕੇ ਨਾ ਕੇਵਲ ਕੈਪਟਨ ਅਮਰਿੰਦਰ ਸਿੰਘ ਸਗੋਂ ਹੋਰ ਸੂਬਾਈ ਸਰਕਾਰਾਂ ਨੂੰ ਹੈਰਾਨ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਰਜ਼ਾ ਮਾਫੀ ਨਹੀਂ ਦੇ ਸਕਦੀ। ਇਸਦਾ ਪ੍ਰਬੰਧ ਖੁਦ ਸੂਬਾਈ ਸਰਕਾਰਾਂ ਨੂੰ ਕਰਨਾ ਹੋਵੇਗਾ।

ਹਾਲ ਦੀ ਘੜੀ ਜੇ ਵਿੱਤ ਮੰਤਰੀ ਦੇ ਇਸ ਬਿਆਨ ਨੂੰ ਦਰੁਸਤ ਵੀ ਮੰਨ ਲਈਏ ਤਾਂ ਫਿਰ ਇਹ ਵਿਚਾਰਨਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਕਰਜ਼ਾ ਕਿਵੇਂ ਮਾਫ ਕਰ ਦਿੱਤਾ? ਜੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਇਹ ਕਰਜ਼ਾ ਮਾਫ ਹੋ ਸਕਦਾ ਹੈ ਤਾਂ ਫਿਰ ਪੰਜਾਬ ਦੇ ਕਿਸਾਨਾਂ ਦਾ ਕਿਉਂ ਨਹੀਂ? ਆਖਰ ਬੁਨਿਆਦੀ ਤੌਰ ’ਤੇ ਇਹ ਪੰਜਾਬ ਦਾ ਕਿਸਾਨ ਹੀ ਹੈ ਜੋ ਦੇਸ਼ ਦਾ ਅੰਨਦਾਤਾ ਹੈ।

*****

(652)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

More articles from this author