GurmitShugli7“ਖੁਸ਼ੀ ਮਨਾਉਣ ਵਾਲੇ ‘ਆਪ’ ਆਗੂ ਨਾਲ-ਨਾਲ ਹਾਰ ਦੇ ਕਾਰਨਾਂ ਦੀ ਪੜਚੋਲ ਵਿੱਚ ਵੀ ਜੁਟੇ ਹੋਏ ਹਨ ...”
(29 ਮਾਰਚ 2017)

 

ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਤਕਰੀਬਨ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਖੁਸ਼ ਹਨ। ਕਿਸੇ ਦੀ ਖੁਸ਼ੀ ਦਾ ਕਾਰਨ ਆਪਣੀ ਜਿੱਤ ਹੈ ਤੇ ਕਿਸੇ ਦੀ ਖੁਸ਼ੀ ਦੀ ਵਜ੍ਹਾ ਦੂਜੇ ਦੀ ਹਾਰ। ਕੋਈ ਇਸ ਕਰਕੇ ਖੁਸ਼ ਹੈ ਕਿ ਜਿੰਨੀ ਵੱਡੀ ਹਾਰ ਸਾਨੂੰ ਮਿਲਣ ਬਾਰੇ ਸਭ ਕਹਿੰਦੇ ਸੀ, ਉੰਨੀ ਵੱਡੀ ਨਹੀਂ ਮਿਲੀ। ਇਸ ਤੋਂ ਪਹਿਲਾਂ ਦੀਆਂ ਚੋਣਾਂ ਵਿੱਚ ਇਹੋ ਜਿਹੀ ਖੁਸ਼ੀ ਕਦੇ ਦੇਖਣ ਨੂੰ ਨਹੀਂ ਸੀ ਮਿਲੀ। ਐਤਕੀਂ ‘ਆਪ’ ਦਾ ਜ਼ੋਰ ਬਹੁਤ ਜਾਪਦਾ ਸੀ, ਜੋ ਨਤੀਜਿਆਂ ਮੌਕੇ ਠੁੱਸ ਹੋ ਗਿਆ। ਪਰ ‘ਆਪ’ ਦੀ ਖੁਸ਼ੀ ਇਸ ਗੱਲੋਂ ਫੇਰ ਵੀ ਹੈ ਕਿ ਉਹਨੂੰ ਖੁਦ ਨੂੰ ਭਾਵੇਂ ਬਾਈ ਸੀਟਾਂ ਮਿਲੀਆਂ ਹਨ, ਪਰ ਉਹਨੇ ਦਹਾਕਿਆਂ ਪੁਰਾਣੇ ਅਕਾਲੀ ਦਲ ਨੂੰ ਤੀਜੇ ਨੰਬਰ ’ਤੇ ਲੈ ਆਂਦਾ ਹੈ। ਵੈਸੇ ਜਦੋਂ ਮੈਦਾਨ ਵਿੱਚ ਮੁੱਖ ਤੌਰ ’ਤੇ ਦੌੜ ਲਾਉਣ ਵਾਲੇ ਹੀ ਤਿੰਨ ਹੋਣ ਤਾਂ ਦੂਜੇ ਨੰਬਰ ’ਤੇ ਆਉਣਾ ਕੋਈ ਵੱਡੀ ਪ੍ਰਾਪਤੀ ਨਹੀਂ ਜਾਪਦਾ।

ਖੁਸ਼ੀ ਮਨਾਉਣ ਵਾਲੇ ‘ਆਪ’ ਆਗੂ ਨਾਲ-ਨਾਲ ਹਾਰ ਦੇ ਕਾਰਨਾਂ ਦੀ ਪੜਚੋਲ ਵਿੱਚ ਵੀ ਜੁਟੇ ਹੋਏ ਹਨ। ਜਲੰਧਰ ਵਿੱਚ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ ਜਿੱਥੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਦੀ ਦਖ਼ਲ-ਅੰਦਾਜ਼ੀ ਨੂੰ ਕਾਰਨ ਮੰਨਿਆ ਗਿਆ, ਉੱਥੇ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣਾ, ਮੁੱਖ ਮੰਤਰੀ ਚਿਹਰਾ ਨਾ ਐਲਾਨਣਾ ਅਤੇ ਮੁਨੀਸ਼ ਸਿਸੋਦੀਆ ਵੱਲੋਂ ਰੈਲੀ ਵਿੱਚ ਇਹ ਕਹਿਣਾ ਕਿਕੇਜਰੀਵਾਲ ਵਰਗਾ ਵੀ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਹੈ’, ਨੂੰ ਵੱਡਾ ਕਾਰਨ ਮੰਨਿਆ ਗਿਆ। ਭਾਵੇਂ ਇਹ ਪੜਚੋਲ ਸੱਪ ਲੰਘਣ ਮਗਰੋਂ ਲੀਹ ਕੁੱਟਣ ਵਾਲੀ ਗੱਲ ਹੈ, ਪਰ ਕੁਝ ਨਾ ਕੁਝ ਤਾਂ ਇਕੱਠੇ ਹੋ ਕੇ ਕਰਨਾ ਹੀ ਪਵੇਗਾ। ‘ਆਪ’ ਹੁਣ ਵਿਰੋਧੀ ਧਿਰ ਦੀ ਭੂਮਿਕਾ ਕਿਹੋ ਜਿਹੀ ਨਿਭਾਉਂਦੀ ਹੈ, ਇਹ ਵਕਤ ਦੱਸੇਗਾ।

ਵੈਸੇ ਅਕਾਲੀ ਦਲ ਵੀ ਬਹੁਤਾ ਨਿਰਾਸ਼ ਨਹੀਂ। ਐਗਜ਼ਿਟ ਪੋਲ ਆਖਦੇ ਸਨ ਕਿ ਗੱਠਜੋੜ ਨੂੰ ਪੰਜ ਤੋਂ ਦਸ ਸੀਟਾਂ ਮਸੀਂ ਮਿਲਣਗੀਆਂ, ਪਰ ਤੱਕੜੀ ਵਿੱਚ ਪੰਦਰਾਂ ਆ ਗਈਆਂ।  ਤਿੰਨ ਸੀਟਾਂ ਜੁੰਡੀਦਾਰਾਂ ਦੀਆਂ ਮਿਲਾ ਕੇ ਅਠਾਰਾਂ ਹੋ ਗਈਆਂ। ਸੁਖਬੀਰ ਸਿੰਘ ਬਾਦਲ ਦੀ ਖੁਸ਼ੀ ਦਾ ਕਾਰਨ ਦੋਹਰਾ ਹੈ। ਪਹਿਲਾ ਕਿ ‘ਆਪ’ ਵਾਲਿਆਂ ਦਾ ਝਾੜੂ ਤੀਲ੍ਹਾ-ਤੀਲ੍ਹਾ ਹੋ ਗਿਆ ਤੇ ਉਨ੍ਹਾਂ ਦੇ ਸਮਾਜ ਬਦਲਣ ਅਤੇ ਅਕਾਲੀ ਆਗੂਆਂ ਨੂੰ ਸਿੱਧੇ ਕਰਨ ਦੇ ਸੁਪਨੇ ਧਰੇ-ਧਰਾਏ ਰਹਿ ਗਏ ਤੇ ਦੂਜਾ ਕਾਰਨ ਪ੍ਰਵਾਸੀ ਪੰਜਾਬੀਆਂ ਦਾ ਭਰਮ ਟੁੱਟਣਾ ਹੈ। ਸੁਖਬੀਰ ਸਿੰਘ ਨੇ ਤਾਂ ਪਿਛਲੇ ਦਿਨੀਂ ਗੜ੍ਹਸ਼ੰਕਰ ਵਿੱਚਇੱਥੋਂ ਤੱਕ ਕਹਿ ਦਿੱਤਾ, ਅੱਜ ਤੱਕ ਪ੍ਰਵਾਸੀ ਭਾਰਤੀਆਂ ਨੇ ਜੀਹਦੀ ਮਦਦ ਕੀਤੀ, ਉਹ ਪਾਰਟੀ ਕਦੇ ਨਹੀਂ ਜਿੱਤੀ।” ਮਾਲਵੇ ਦੇ ਦੌਰੇ ਦੌਰਾਨ ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਾਮੇਡੀ ਦੇ ਮੂਡ ਵਿੱਚ ਸਨ। ਕਹਿੰਦੇ, ਪੰਜ ਸਾਲ ਤਾਂ ਕੁਝ ਵੀ ਨਹੀਂ ਹੁੰਦੇ। ਚੁਟਕੀ ਵਜਾਉਂਦਿਆਂ ਨਿਕਲ ਜਾਣਗੇ। ਤਿੰਨ ਮਹੀਨੇ ਤਾਂ ਗੁਜ਼ਰ ਵੀ ਗਏ। ਅਸੀਂ ਪੱਚੀ ਸਾਲ ਰਾਜ ਜ਼ਰੂਰ ਕਰਾਂਗੇ, ਪਰ ਹੁਣ ਥੋੜ੍ਹਾ ਜਿਹਾ ਤਰੀਕਾ ਬਦਲ ਲਿਆ। ਦਸਾਂ ਵਰ੍ਹਿਆਂ ਮਗਰੋਂ ਪੰਜ ਸਾਲ ਦਾ ਅਰਾਮ ਕਰਿਆ ਕਰਾਂਗੇ।”

ਉਨ੍ਹਾਂ ਨੂੰ ਕਾਮੇਡੀ ਕਰਦਿਆਂ ਦੇਖ ਕਈਆਂ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਥਾਂ ਕਾਮੇਡੀ ਸਰਕਸ ਵਿੱਚ ਸੁਖਬੀਰ ਨੂੰ ਬਿਠਾ ਦੇਣਾ ਚਾਹੀਦਾ ਹੈ। ਭਾਵੇਂ ਅਸੀਂ ਨਤੀਜਿਆਂ ਦੇ ਅਰਥ ਕੁਝ ਵੀ ਕੱਢੀਏ, ਪਰ ਅਕਾਲੀ ਦਲ ਦੇ ਅਰਥ ਬਹੁਤ ਸਿੱਧੇ ਹਨ ਕਿ ਦਿਨ-ਰਾਤ ਖੌਰੂ ਪਾਉਣ ਵਾਲਿਆਂ ਦਾ ਮਾਲਵੇ ਵਿੱਚ ਵੀ ਬਹੁਤਾ ਕੁਝ ਨਹੀਂ ਵੱਟਿਆ ਗਿਆ ਤੇ ਅਸੀਂ ਆਪਣੀਆਂ ਤਿੰਨੇ ਨਿੱਜੀ ਸੀਟਾਂ ਲੰਬੀ, ਜਲਾਲਾਬਾਦ ਤੇ ਮਜੀਠਾ ਹਾਸਲ ਕਰ ਲਈਆਂ।

ਕਹਿੰਦੇ ਨੇ ਛੋਟੇਪੁਰ ਸਾਹਿਬ ਵੀ ਬਹੁਤੇ ਨਿਰਾਸ਼ ਨਹੀਂ। ਉਹ ਇਸ ਕਰਕੇ ਖੁਸ਼ ਹਨ ਕਿ ‘ਆਪ’ ਦਾ ਪਾਣੀ ਲੱਥ ਗਿਆ। ਉਨ੍ਹਾਂ ਨੇ ‘ਆਪਣਾ ਪੰਜਾਬ ਪਾਰਟੀ’ ਜਿੱਤਣ ਲਈ ਨਹੀਂ, ਆਪ’ ਨੂੰ ਸਬਕ ਸਿਖਾਉਣ ਲਈ ਬਣਾਈ ਸੀ। ਵੋਟਾਂ ਭਾਵੇਂ ਉਨ੍ਹਾਂ ਦੀ ਪਾਰਟੀ ਨੂੰ ਪੂਰੇ ਪੰਜਾਬ ਵਿੱਚੋਂ 40 ਹਜ਼ਾਰ ਤੋਂ ਵੀ ਘੱਟ ਪਈਆਂ, ਪਰ ਅੰਦਰੋਂ ਉਹ ਬੇਹਿਸਾਬੇ ਖੁਸ਼ ਹਨ।

ਕਾਂਗਰਸ ਦਾ ਕਿਉਂਕਿ ਦਸ ਵਰ੍ਹਿਆਂ ਮਗਰੋਂ ਬਨਵਾਸ ਮੁੱਕਿਆ ਹੈ, ਸੋ ਉਸ ਦੀ ਖੁਸ਼ੀ ਸਮਝ ਆਉਂਦੀ ਹੈ। ਜਿਵੇਂ ਚੌਦਾਂ ਵਰ੍ਹਿਆਂ ਦਾ ਬਨਵਾਸ ਕੱਟ ਕੇ ਰਾਮ ਚੰਦਰ ਅਯੁੱਧਿਆ ਪਰਤੇ ਸਨ, ਕੈਪਟਨ ਹੁਰੀਂ ਉਵੇਂ ਦਸ ਸਾਲ ਮਗਰੋਂ ਪੰਜਾਬ ਵਿੱਚ ਸੱਤਾ ਵਿੱਚ ਵਾਪਸ ਪਰਤੇ ਹਨ। ਕਾਂਗਰਸ ਨੂੰ ਵੀ ਅਕਾਲੀ ਦਲ ਵਾਂਗ ਝਾੜੂ ਖਿੱਲਰਣ ਦੀ ਖੁਸ਼ੀ ਹੈ। ਦੋਹਾਂ ਪਾਰਟੀਆਂ ਨੂੰ ਜਾਪਦਾ ਸੀ ਕਿ ਜੇ ਕਿਤੇ ‘ਆਪ’ ਵਾਲੇ ਆ ਗਏ ਤਾਂ ਲੰਮੇ ਸਮੇਂ ਦੀ ਖੇਡ ਖਰਾਬ ਹੋ ਸਕਦੀ ਹੈ। ਕਾਂਗਰਸੀ ਆਗੂ ਖੁਸ਼ੀ ਦੀ ਅਜਿਹੀ ਲੋਰ ਵਿੱਚ ਹਨ ਕਿ ਉਹ ਖ਼ਜ਼ਾਨੇ ਵੱਲ ਦੇਖਣ ਦੀ ਥਾਂ ਮਨਮਾਨੀਆਂ ਕਰਨ ਲੱਗੇ ਹਨ। ਸਿੱਖਿਆ ਮੰਤਰੀ ਬੀਬੀ ਅਰੁਣਾ ਚੌਧਰੀ ਦਫ਼ਤਰ ਦੇ ਕੰਮ ਵਿੱਚ ਪਤੀਦੇਵ ਦਾ ਸਹਿਯੋਗ ਲੈਣ ਲੱਗੇ ਹਨ। ਰਾਣਾ ਗੁਰਜੀਤ ਸਿੰਘ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਬਿਆਨ ਦੇਣ ਲੱਗੇ ਹਨ। ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨੂੰ ਪੀ ਏ ਬਣਾ ਕੇ ਬੈਠ ਗਏ ਹਨ ਤੇ ਇਸੇ ਖੁਸ਼ੀ ਵਿੱਚ ਕੈਪਟਨ ਨੇ ਪੁਰਾਣੇ ਮਿੱਤਰਾਂ ਦੀ ਫ਼ੌਜ ਸਲਾਹਕਾਰਾਂ ਦੇ ਰੂਪ ਵਿੱਚ ਆਲੇ-ਦੁਆਲੇ ਖੜ੍ਹੀ ਕਰ ਲਈ ਹੈ।

ਵਿੱਚੋਂ ਤਾਂ ਖ਼ਬਰ ਇਹ ਵੀ ਮਿਲੀ ਹੈ ਕਿ ਭਾਰਤ ਦੇ ਵਿੱਤ ਮੰਤਰੀ ਸਾਹਿਬ ਵੀ ਬਾਗੋ-ਬਾਗ ਹਨ। ਉਹ ਲੋਕ ਸਭਾ ਚੋਣ ਕੈਪਟਨ ਕੋਲੋਂ ਹਾਰੇ ਸਨ ਤੇ ਪਿਛਲੇ ਦਿਨੀਂ ਕੈਪਟਨ, ਮਨਪ੍ਰੀਤ ਬਾਦਲ ਨੂੰ ਨਾਲ ਲੈ ਕੇ ਪੰਜਾਬ ਦੇ ਫੰਡਾਂ ਵਾਸਤੇ ਜੇਤਲੀ ਨੂੰ ਦਿੱਲੀ ਮਿਲੇ ਹਨ। ਜੇਤਲੀ ਦੀ ਖੁਸ਼ੀ ਕੁਦਰਤੀ ਹੈ ਕਿ ਹੋਰ ਹਰਾ ਲਓ ਮੈਨੂੰ, ਕੰਮ ਤਾਂ ਆਖਰ ਮੇਰੇ ਤੱਕ ਹੀ ਪੈਣਾ।

ਇਹ ਵਕਤ ਦੱਸੇਗਾ ਕਿ ਵਕਤੀ ਖੁਸ਼ੀਆਂ ਕੀਹਦੀ ਝੋਲੀ ਵਿੱਚ ਪੱਕੇ ਤੌਰ ’ਤੇ ਪਈਆਂ ਰਹਿਣਗੀਆਂ ਤੇ ਕੀਹਦੀਆਂ ਥੋੜ੍ਹ-ਚਿਰੀਆਂ ਹਨ। ਹਾਲੇ ਪੰਜਾਬ ਦੇ ਲੋਕ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਹਨ ਕਿ ਕੈਪਟਨ ਸਰਕਾਰ ਕੀ-ਕੀ ਕਰਦੀ ਹੈ। ਵਿਧਾਨ ਸਭਾ ਦਾ ਪਲੇਠਾ ਸੈਸ਼ਨ ਚੱਲ ਰਿਹਾ ਹੈ। ਬਜਟ ਸੈਸ਼ਨ ਜੂਨ ਮਹੀਨੇ ਹੋਵੇਗਾ। ਕਹਿੰਦੇ ਨੇ ਉਦੋਂ ਤੱਕ ਕੈਪਟਨ ਨੇ ਮੰਤਰੀ ਮੰਡਲ ਦਾ ਵਿਸਥਾਰ ਵੀ ਕਰ ਲੈਣਾ ਹੈ। ਇਹ ਕੀਤੇ ਹੋਏ ਕੰਮ ਦੱਸਣਗੇ ਕਿ ਪੰਜਾਬੀਆਂ ਨੇ ਕਿੰਨਾ ਚਿਰ ਖੁਸ਼ ਰਹਿਣਾ। ਪਰ ਸਿਆਣੇ ਆਖਦੇ ਨੇ ਕਿ ਖੁਸ਼ੀ ਦਾ ਕੋਈ ਮੌਕਾ ਗੁਆਉਣਾ ਨਹੀਂ ਚਾਹੀਦਾ ਤੇ ਬਿਲਕੁਲ ਇਹੀ ਗੱਲ ਰਾਜਨੀਤਕ ਆਗੂ ਕਰਦੇ ਹੋਏ ਦਿਖਾਈ ਦੇ ਰਹੇ ਹਨ।

*****

(651)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author