GurmitShugli7ਇਹ ਸਵਾਲ ਉੰਨੇ ਹੀ ਵੱਡੇ ਹਨਜਿੰਨੀ ਮਨੁੱਖ ਦੀ ਸੋਚ। ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ...
(24 ਮਾਰਚ 2017)

 

ਕਾਂਗਰਸ ਦੀ ਸਰਕਾਰ ਬਣ ਗਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ 26ਵੇਂ ਮੁੱਖ ਮੰਤਰੀ ਬਣੇ ਹਨ। ਕਿਉਂਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਰਹੇ ਹਨ, ਇਸ ਕਰਕੇ ਉਨ੍ਹਾਂ ਦੇ 2002 ਤੋਂ 2007 ਵਾਲੇ ਕਾਰਜਕਾਲ ਨੂੰ ਚੇਤੇ ਕਰਕੇ ਕਈਆਂ ਨੇ ਉਨ੍ਹਾਂ ਤੋਂ ਉਮੀਦਾਂ ਵੀ ਵੱਧ ਲਾਈਆਂ ਹਨ। ਕਾਂਗਰਸ ਨੂੰ 77 ਸੀਟਾਂ ’ਤੇ ਜਿੱਤ ਹਾਸਲ ਹੋਣੀ ਹੈਰਾਨੀ ਵਾਲੀ ਗੱਲ ਹੈ, ਪਰ ਹੁਣ ਸਰਕਾਰ ਚਲਾਉਂਦਿਆਂ ਪੰਜਾਬ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਸਕਣੇ ਸਵਾਲ ਵਾਲੀ ਗੱਲ ਹੈ। ਸੁਖਬੀਰ ਸਿੰਘ ਬਾਦਲ ਨੇ ਤਾਂ ਕਹਿਣਾ ਸ਼ੁਰੂ ਵੀ ਕਰ ਦਿੱਤਾ ਹੈ ਕਿ ਹੁਣ ਪਤਾ ਲੱਗੂ ਵੱਡਾ ਗੱਪੀ ਕੌਣ ਹੈ? ਉਨ੍ਹਾਂ ਦੀ ਇਹ ਗੱਲ ਵਿਅੰਗਮਈ ਹੈ ਕਿ ਅੱਧਾ ਪੰਜਾਬ ਉਨ੍ਹਾਂ ਨੂੰ ਗੱਪੀ ਕਹੀ ਜਾਂਦਾ ਸੀ, ਪਰ ਹੁਣ ਫੀਤੀ ਹੋਰਾਂ ਦੇ ਮੋਢੇ ’ਤੇ ਲੱਗ ਜਾਣੀ ਹੈ। ਪਹਿਲਾਂ ਗੱਲ ਉਨ੍ਹਾਂ ਵਾਅਦਿਆਂ ਦੀ ਕਰਦੇ ਹਾਂ, ਜਿਨ੍ਹਾਂ ਦੀ ਬੋਲੀ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਮੌਕੇ ਲਾਈ। ਇੱਕ ਨੇ ਕਿਹਾ, “ਅਸੀਂ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ।” ਦੂਜੇ ਨੇ ਅਗਲੇ ਦਿਨ ਕਹਿ ਦਿੱਤਾ, “ਅਸੀਂ ਲੱਖਾਂ ਨੂੰ ਦੇਵਾਂਗੇ।” ਇੱਕ ਨੇ ਕਿਹਾ, “ਅਸੀਂ ਕਿਸਾਨੀ ਮਸਲਿਆਂ ਦਾ ਹੱਲ ਕੱਢਾਂਗੇ” ਤੇ ਦੂਜੇ ਨੇ ਆਖ ਦਿੱਤਾ, “ਅਸੀਂ ਕਰਜ਼ੇ ਵੀ ਮਾਫ਼ ਕਰ ਦੇਵਾਂਗੇ।” ਇਹ ਬੋਲੀ ਅਖੀਰ ਵਿੱਚ ਕਾਂਗਰਸ ਦੇ ਹੱਕ ਵਿੱਚ ਟੁੱਟੀ। ਹੁਣ ਜਿੱਤ ਮਗਰੋਂ ਉਮੀਦਾਂ ਵੀ ਉਸ ਕੋਲੋਂ ਹੋਣੀਆਂ ਕੁਦਰਤੀ ਹਨ।

ਜਿਹੜੇ ਸੱਜਣ ਇਹ ਆਖਦੇ ਨੇ ਕਿ ਆਪਣੇ ਪਹਿਲੇ ਕਾਰਜਕਾਲ ਮੌਕੇ ਕੈਪਟਨ ਨੇ ਪੰਜਾਬ ਲਈ ਕਈ ਚੰਗੇ ਕੰਮ ਕੀਤੇ, ਉਨ੍ਹਾਂ ਵਿੱਚੋਂ ਬਹੁਤ ਭੁੱਲ ਜਾਂਦੇ ਹਨ ਕਿ ਮਗਰਲੇ ਦਸ ਵਰ੍ਹਿਆਂ ਵਿਚ ਪੰਜਾਬ ਦੇ ਹਾਲਾਤ ਬਹੁਤ ਬਦਲੇ ਹਨ। ਕਰਜ਼ੇ ਦੀ ਪੰਡ ਵੀ ਭਾਰੀ ਹੋਈ ਹੈ, ਕਿਸਾਨੀ ਦਾ ਵੀ ਬੁਰਾ ਹਾਲ ਹੋਇਆ। ਜਵਾਨੀ ਵੀ ਗੁੰਮਰਾਹ ਹੋ ਗਈ। ਗੈਂਗਸਟਰਾਂ ਦੀਆਂ ਧਾੜਾਂ ਵੀ ਵਧੀਆਂ। ਔਰਤਾਂ ’ਤੇ ਅੱਤਿਆਚਾਰ ਵੀ ਵਧੇ, ਨਸ਼ਿਆਂ ਨੇ ਤਾਂ ਸਿਖ਼ਰਾਂ ਹੀ ਛੋਹ ਲਈਆਂ। ਜੇ ਕੁਝ ਘਟਿਆ ਹੈ ਤਾਂ ਉਹ ਹੈ ਪੰਜਾਬ ਦਾ ਸੁੱਖ ਚੈਨ। ਇਹ ਜੋ ਕੁਝ ਲੰਘੇ ਵਰ੍ਹਿਆਂ ਵਿਚ ਹੋਇਆ ਹੈ, ਕੀ ਕੈਪਟਨ ਸਰਕਾਰ ਉਸ ਨੂੰ ਪੈਂਦੀ ਸੱਟੇ ਬਦਲ ਸਕਦੀ ਹੈ? ਕੀ ਪੰਜਾਬ ਦੇ ਖ਼ਜ਼ਾਨੇ ਵਿਚ ਇੰਨਾ ਪੈਸਾ ਆਵੇਗਾ ਕਿ ਕੀਤੇ ਵਾਅਦੇ ਪੂਰੇ ਹੋ ਸਕਣ? ਨਸ਼ਿਆਂ ਦੇ ਵਪਾਰੀਆਂ ਨੂੰ ਨੱਥ ਪਵੇਗੀ! ਹਰ ਘਰ ਦੇ ਇੱਕ ਜੀਅ ਨੂੰ ਨੌਕਰੀ ਮਿਲ ਸਕੇਗੀ? ਤੀਹ ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਮਿਲ ਸਕਣਗੇ? ਬੁਢਾਪਾ ਪੈਨਸ਼ਨ ਦੋ ਹਜ਼ਾਰ ਮਹੀਨਾ ਹੋ ਸਕੇਗੀ? ਕੀ ਸ਼ਗਨ ਸਕੀਮ ਇਕਵੰਜਾ ਹਜ਼ਾਰੀ ਹੋ ਸਕੇਗੀ?

ਇਹ ਸਵਾਲ ਉੰਨੇ ਹੀ ਵੱਡੇ ਹਨ, ਜਿੰਨੀ ਮਨੁੱਖ ਦੀ ਸੋਚ। ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵੇਰਵਿਆਂ ਮੁਤਾਬਕ ਪੰਜਾਬ ਸਿਰ ਲੱਗਭੱਗ ਪੌਣੇ ਦੋ ਲੱਖ ਕਰੋੜ ਦਾ ਕਰਜ਼ਾ ਹੈ। ਤਨਖ਼ਾਹਾਂ ਅਤੇ ਭੱਤਿਆਂ ਦੀਆਂ ਦੇਣਦਾਰੀਆਂ ਸਰਕਾਰ ਦੇ ਸਿਰ ਹਨ। ਪਿਛਲੀ ਸਰਕਾਰ ਸਰਕਾਰੀ ਜਾਇਦਾਦਾਂ ਵੇਚ ਕੇ ਬੁੱਤਾ ਸਾਰਦੀ ਰਹੀ ਤਾਂ ਕਾਂਗਰਸ ਸਰਕਾਰ ਕਿਹੜਾ ਚਮਤਕਾਰ ਦਿਖਾ ਸਕੇਗੀ।

ਅਸਲ ਵਿਚ ਇਹ ਵੇਲਾ ਕੈਪਟਨ ਸਰਕਾਰ ਦੀ ਪਰਖ ਦੀ ਘੜੀ ਹੈ। ਸਭ ਦੀਆਂ ਨਜ਼ਰਾਂ, ਭਾਵੇਂ ਉਹ ਵੋਟਰ ਹੋਣ ਜਾਂ ਵਿਰੋਧੀ ਪਾਰਟੀਆਂ, ਉਨ੍ਹਾਂ ’ਤੇ ਟਿਕੀਆਂ ਹੋਈਆਂ ਹਨ। ਉਹ ਕਿਹੜੇ ਵਸੀਲੇ ਪੈਦਾ ਕਰਕੇ ਖ਼ਜ਼ਾਨਾ ਭਰਨਗੇ ਤੇ ਵਾਅਦੇ ਕਰ-ਕਰ ਮਗਰ ਲਾਏ ਵੋਟਰਾਂ ਨੂੰ ਖੁਸ਼ ਕਰ ਸਕਣਗੇ?

ਹਾਲੇ ਸਰਕਾਰ ਨਵੀਂ-ਨਵੀਂ ਹੈ ਤੇ ਇਕਦਮ ਬਹੁਤੀਆਂ ਉਮੀਦਾਂ ਕਰਨੀਆਂ ਵੀ ਨਹੀਂ ਚਾਹੀਦੀਆਂ, ਪਰ ਕੁਝ ਮਹੀਨੇ ਲੰਘਣ ਮਗਰੋਂ ਸਵਾਲ ਹੋਣ ਲੱਗਣਗੇ। ਪੈਂਦੀ ਸੱਟੇ ਸਰਕਾਰ ਨੇ ਵੀਵੀਆਈਪੀ ਸੱਭਿਆਚਾਰ ਦੇ ਖਾਤਮੇ ਦੀ ਗੱਲ ਕੀਤੀ ਹੈ। ਮਨਪ੍ਰੀਤ ਬਾਦਲ ਨੇ ਉਮੀਦ ਮੁਤਾਬਕ ਲਾਲ ਬੱਤੀ ਤੇ ਗੰਨਮੈਨ ਲੈਣ ਤੋਂ ਨਾਂਹ ਕਰ ਦਿੱਤੀ ਹੈ। ਚਰਨਜੀਤ ਚੰਨੀ ਨੇ ਲਾਲ ਬੱਤੀ ਤਿਆਗਣ ਦੀ ਗੱਲ ਕਹੀ ਹੈ ਜੋ ਸਵਾਗਤ ਯੋਗ ਗੱਲ ਹੈ। ਤਾਂ ਇਸ ਨੂੰ ਮੰਤਰੀਆਂ ਦੀ ਚੰਗੀ ਸੋਚ ਕਹਿਣਾ ਗ਼ਲਤ ਗੱਲ ਨਹੀਂ ਹੋਵੇਗਾ। ਉਹ ਭਵਿੱਖ ਵਿਚ ਵੀ ਇਵੇਂ ਹੀ ਸਾਦਗੀ ਅਪਣਾਉਣ ਦੇ ਰਾਹ ਤੁਰੇ ਰਹਿਣਗੇ ਜਾਂ ਵੇਲੇ ਨਾਲ ਰੰਗ ਵਟਾ ਜਾਣਗੇ, ਕੁਝ ਕਹਿ ਨਹੀਂ ਸਕਦੇ।

ਇਨ੍ਹਾਂ ਚੋਣਾਂ ਦੇ ਬਾਕੀ ਮੁੱਦਿਆਂ ਵਿੱਚੋਂ ਇੱਕ ਵੀਆਈਪੀ ਸੱਭਿਆਚਾਰ ਦਾ ਖ਼ਾਤਮਾ ਕਰਨਾ ਸੀ। ‘ਆਪ’ ਤੇ ਕਾਂਗਰਸ ਦੋਹਾਂ ਨੇ ਇਸ ਦੇ ਮੁਕੰਮਲ ਖਾਤਮੇ ਦੀ ਗੱਲ ਕਹੀ ਸੀ। ਅਕਾਲੀ-ਭਾਜਪਾ ਗੱਠਜੋੜ ਇਹਦੇ ਬਾਬਤ ਕੁਝ ਕਰ ਨਹੀਂ ਸਕਦਾ ਸੀ, ਕਿਉਂਕਿ ਉਨ੍ਹਾਂ ਨੇ ਤਾਂ ਹਲਕੇ ਦੇ ਇੰਚਾਰਜਾਂ ਨੂੰ ਵੀ ਦਰਜਨ-ਦਰਜਨ ਗੰਨਮੈਨ ਦਿੱਤੇ ਹੋਏ ਸਨ। ਕਾਂਗਰਸੀ ਮੰਤਰੀ ਵੀ ਲੰਘੇ ਵੇਲੇ ਵਿਚ ਪੁਲਸ ਦੇ ਘੇਰੇ ਵਿਚ ਘੁੰਮਣਾ ਪਸੰਦ ਕਰਦੇ ਰਹੇ ਸਨ ਤਾਂ ਹੁਣ ਇਕਦਮ ਸਾਰੇ ਜਣੇ ਪੰਜ ਵਰ੍ਹਿਆਂ ਲਈ ਸਾਦਗੀ ਨਾਲ ਜੁੜਨਗੇ, ਇਹ ਵਕਤ ਦੱਸੇਗਾ।

ਮੇਰੀ ਨਿੱਜੀ ਰਾਇ ਹੈ ਕਿ ਕਾਂਗਰਸ ਜੇ ਮਨੋ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਵੀ ਸਾਰੇ ਦੇ ਸਾਰੇ ਵਾਅਦੇ ਛੇਤੀ ਕਿਤੇ ਪੂਰੇ ਨਹੀਂ ਹੋ ਸਕਣਗੇ। ਵਾਅਦਿਆਂ ਦੀ ਪੂਰਤੀ ਪੈਸੇ ਬਿਨਾਂ ਸੰਭਵ ਨਹੀਂ। ਸਰਕਾਰ ਨੂੰ ਸ਼ਰਾਬ ਜ਼ਰੀਏ ਚੋਖੀ ਆਮਦਨ ਹੁੰਦੀ ਹੈ, ਜੇ ਠੇਕਿਆਂ ਦੀ ਨੀਲਾਮੀ ਵਿਚ ਪਾਰਦਰਸ਼ਤਾ ਵਰਤੀ ਜਾਵੇ ਤਾਂ ਹੋ ਸਕਦਾ ਹੈ ਕਿ ਇਸ ਆਮਦਨ ਵਿਚ ਵਾਧਾ ਹੋ ਜਾਵੇ। ਟੈਕਸ ਵੀ ਸਰਕਾਰੀ ਖ਼ਜ਼ਾਨੇ ਨੂੰ ਮਜ਼ਬੂਤ ਕਰਨ ਵਿਚ ਵੱਡਾ ਯੋਗਦਾਨ ਪਾਉਂਦੇ ਹਨ ਤੇ ਜੇ ਸਰਕਾਰ ਨੇ ਟੈਕਸ ਪ੍ਰਣਾਲੀ ਪਾਰਦਰਸ਼ੀ ਕਰਕੇ ਸਮਰਪਣ ਭਾਵਨਾ ਨਾਲ ਕੰਮ ਕੀਤਾ, ਤਾਂ ਇਹ ਸੂਬੇ ਲਈ ਚੰਗੀ ਗੱਲ ਹੋਵੇਗੀ। ਮਾਈਨਿੰਗ ਦੇ ਕੰਮ ਵਿਚ ਦਸ ਵਰ੍ਹੇ ਬਹੁਤ ਸਾਰੀਆਂ ਘਪਲੇਬਾਜ਼ੀਆਂ ਹੋਈਆਂ ਹਨ। ਜੇ ਸਰਕਾਰ ਇਸ ਲਈ ਇਕਸਾਰ ਨੀਤੀ ਬਣਾਵੇਗੀ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ ਤੇ ਖ਼ਜ਼ਾਨੇ ਨੂੰ ਵੀ। ਬੇਲੋੜੀਆਂ ਸਬਸਿਡੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਜਾਂ ਨਹੀਂ, ਇਹ ਵੀ ਖ਼ਜ਼ਾਨੇ ਨਾਲ ਜੁੜਿਆ ਇੱਕ ਸਵਾਲ ਹੈ। ਜਿਹੜੇ ਕਿਸਾਨ ਕੋਲ ਇੱਕ ਮੋਟਰ ਹੈ, ਉਹਦਾ ਵੀ ਬਿੱਲ ਮਾਫ਼ ਹੈ ਤੇ ਜਿਸ ਕੋਲ ਪੰਜਾਹ ਮੋਟਰਾਂ ਹਨ, ਉਨ੍ਹਾਂ ਦਾ ਵੀ ਬਿੱਲ ਮਾਫ਼ ਹੈ। ਇਹ ਤਰੀਕਾ ਬਦਲਣਾ ਪਵੇਗਾ। ਆਰਥਿਕ ਕਮਜ਼ੋਰੀ ਦੇ ਅਧਾਰ ’ਤੇ ਸਬਸਿਡੀ ਦੇਣੀ ਪਵੇਗੀ, ਨਾ ਕਿ ਵੋਟਾਂ ਨੂੰ ਧਿਆਨ ਵਿੱਚ ਰੱਖ ਕੇ।

ਹੋਰ ਵੀ ਬਹੁਤ ਸਾਰੇ ਖੇਤਰ ਹਨ, ਜਿਨ੍ਹਾਂ ਨੂੰ ਸੁਧਾਰ ਕੇ ਆਮਦਨ ਵਿਚ ਕੁਝ ਹੱਦ ਤੱਕ ਵਾਧਾ ਕੀਤਾ ਜਾ ਸਕਦਾ ਹੈ। ਆਮਦਨ ਵਿਚ ਵਾਧੇ ਲਈ ਸਹੀ ਨੀਤੀਆਂ ਤੇ ਸੱਚੀਆਂ ਨੀਤਾਂ ਦੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਉਮਰ ਦੇ ਪਝੱਤਰਵੇਂ ਵਰ੍ਹੇ ਵਿਚ ਹਨ, ਇਸ ਉਮਰੇ ਕੁਝ ਅਜਿਹਾ ਕਰ ਦਿਖਾਉਣਾ ਚਾਹੀਦਾ ਹੈ ਕਿ ਦਹਾਕਿਆਂ ਤੱਕ ਕੀਤੇ ਕੰਮਾਂ ਦੀ ਚਰਚਾ ਹੁੰਦੀ ਰਹੇ, ਪਰ ਜੇ ਕੰਮ ਦੇ ਤਰੀਕੇ ਪੁਰਾਣਿਆਂ ਵਾਲੇ ਹੀ ਰਹੇ ਤਾਂ ਪੰਜਾਬ ਦੇ ਵੋਟਰਾਂ ਦਾ ਦਿਲ ਟੁੱਟਣਾ ਕੁਦਰਤੀ ਹੈ ਤੇ ਉਹ ਸੋਚਣਗੇ ਕਿ ਪਾਰਟੀ ਜ਼ਰੂਰ ਬਦਲੀ ਹੈ, ਰਾਜੇ ਤਕਰੀਬਨ ਇੱਕੋ ਜਿਹੇ ਹੀ ਹਨ।

*****

(646)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸ਼ੁਗਲੀ

ਐਡਵੋਕੇਟ ਗੁਰਮੀਤ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author