GurdeepSRandhawa7“ਅਸੈਂਬਲੀ ਵਿਚ ਬੰਬ ਸੁੱਟਣ ਦਾ ਮੰਤਵ ਕਿਸੇ ਨੂੰ ਮਾਰਨਾ ਨਹੀਂ ਸੀ ਸਗੋਂ ਦੇਸ਼ ਦੇ ਹਾਕਮਾਂ ਨੂੰ ...”
(23 ਮਾਰਚ 2017)

 BhagatRajSukhdevA1

ਇਨਕਲਾਬ-ਜ਼ਿੰਦਾਬਾਦ
ਇਨਕਲਾਬ-ਜ਼ਿੰਦਾਬਾਦ

ਸ਼ਹੀਦਾਂ ਦਾ ਨਾਹਰਾ
ਤਿਰੰਗਾ ਊਂਚਾ ਰਹੇ ਹਮਾਰਾ

27 ਸਤੰਬਰ 1907 ਨੂੰ ਪਿੰਡ ਬੰਗਾ ਚੱਕ ਨੰ: 105 ਜੀ.ਆਰ., ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਜ਼ਲਾਬਾਦ) ਪੰਜਾਬ (ਹੁਣ ਪਾਕਿਸਤਾਨ) ਵਿਚ ਜਨਮੇ ਬੱਚੇ, ਜਿਸ ਦੇ ਦੋਵੇਂ ਚਾਚੇ ਚਾਚਾ ਅਜੀਤ ਸਿੰਘ ਤੇ ਚਾਚਾ ਸਵਰਨ ਸਿੰਘ ਕਾਂਡਲਾਂ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਘਰ ਆਏ ਤਾਂ ਬੱਚੇ ਦਾ ਨਾਮ ਭਾਗਾਂ ਵਾਲਾ ਅਰਥਾਤ ਭਗਤ ਸਿੰਘ ਰੱਖਿਆ।

ਇਸੇ ਤਰ੍ਹਾਂ ਸ਼ਿਵਰਾਮ ਰਾਜਗੁਰੂ 24 ਅਗਸਤ 1908 ਵਿਚ ਪੂਨਾ ਮਹਾਰਾਸ਼ਟਰ ਵਿਚ ਜੰਮੇ ਅਤੇ ਸੁਖਦੇਵ ਥਾਪਰ 15 ਮਈ 1907 ਨੂੰ ਲੁਧਿਆਣਾ ਪੰਜਾਬ ਵਿਖੇ ਜੰਮਿਆਂ ਨੂੰ ਇਹ ਕੀ ਪਤਾ ਸੀ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਸੰਘਰਸ਼ ਵਿਚ ਅੰਗਰੇਜ਼ਾਂ ਨਾਲ ਲੜਦਿਆਂ ਲੜਦਿਆਂ ਉਨ੍ਹਾਂ ਨੂੰ ਭਾਰਤ ਦੀ ਅੰਗਰੇਜ਼ ਹਕੂਮਤ ਨੇ ਤਿੰਨਾਂ ਇਕੱਠਿਆਂ ਨੂੰ ਫਾਂਸੀ ਦੇ ਤਖ਼ਤੇ ’ਤੇ ਚੜ੍ਹਾ ਕੇ ਸ਼ਹੀਦ ਕਰ ਦੇਵੇਗੀ। ਇਹ ਉਨ੍ਹਾਂ ਦਾ ਫਾਂਸੀ ਦੇ ਤਖ਼ਤੇ ’ਤੇ ਚੜ੍ਹਾਉਣਾ ਹੀ ਉਨ੍ਹਾਂ ਅੰਗਰੇਜ਼ਾਂ ਦਾ ਰਾਜ ਦਾ ਤਖ਼ਤਾ ਹੀ ਉਲਟਾ ਕੇ ਰੱਖ ਦੇਣਗੇ। ਭਾਵੇਂ ਲਾਹੌਰ ਕੋਰਟ ਵਿਚ ਅੰਗਰੇਜ਼ ਉਨ੍ਹਾਂ ਨੂੰ ਦੋਸ਼ੀ ਸਾਬਤ ਨਾ ਕਰ ਸਕੇ ਅਤੇ ਬਹੁਤ ਸਾਰੀਆਂ ਗਵਾਹੀਆਂ ਹੀ ਨਾ ਕਰਵਾਈਆਂ ਗਈਆਂ। ਪੀ.ਐੱਨ. ਸ਼ਰਮਾ ਤੇ ਹੰਸ ਰਾਜ ਵੋਹਰਾ ਦੇਸ਼ਧ੍ਰੋਹੀ ਗਵਾਹਾਂ ਦੀ ਗਵਾਹੀ ’ਤੇ ਇਨ੍ਹਾਂ ਤਿੰਨਾਂ ਜਣਿਆਂ ਨੂੰ ਕਾਹਲੀ ਕਾਹਲੀ ਫਾਂਸੀ ’ਤੇ ਚੜ੍ਹਾ ਦਿੱਤਾ। ਭਗਤ ਸਿੰਘ ਦੇ ਕੰਮਾਂ ਦਾ ਤੇ ਦੇਸ਼ ਪ੍ਰਤੀ ਕੌਮੀ ਜਜ਼ਬੇ ਕਰਕੇ ਲੋਕਾਂ ’ਤੇ ਕਾਫ਼ੀ ਪ੍ਰਭਾਵ ਪੈ ਰਿਹਾ ਸੀ। ਬਹੁਤ ਸਾਰੇ ਦੁਨਿਆਵੀ ਕੰਮ ਛੱਡ ਕੇ ਉਨ੍ਹਾਂ ਨੇ ਭਾਰਤ ਮਾਤਾ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟ ਕੇ ਇਸ ਨੂੰ ਜ਼ਾਲਮ, ਲੁਟੇਰੀ, ਲੋਕ ਵਿਰੋਧੀ ਅਤੇ ਵਿਦੇਸ਼ੀ ਫ਼ਰੰਗੀਆਂ ਦੀ ਸਰਕਾਰ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਦੇਸ਼ ਤੋਂ ਕੱਢ ਕੇ ਆਜ਼ਾਦ ਕਰਵਾਉਣ ਦੀ ਪੱਕੀ ਧਾਰੀ ਹੋਈ ਸੀ। ਉਸ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਕੇ 1923 ਵਿਚ ਨੈਸ਼ਨਲ ਕਾਲਜ ਲਾਹੌਰ ਦਾਖ਼ਲਾ ਲੈ ਲਿਆ। ਉੱਥੇ ਹੀ ਸ. ਭਗਤ ਸਿੰਘ ਦੀਆਂ ਸਰਗਰਮੀਆਂ ਸ਼ੁਰੂ ਹੋਈਆਂ। ਉਹ ਕਰਤਾਰ ਸਿੰਘ ਸਾਰਾਭਾ ਨੂੰ ਆਪਣਾ ਗੁਰੂ ਅਤੇ ਪੱਥ ਪ੍ਰਦਰਸ਼ਕ ਸਮਝਦਾ ਸੀ ਤੇ ਫਾਂਸੀ ’ਤੇ ਚੜ੍ਹਨ ਤਕ ਉਹ ਉਨ੍ਹਾਂ ਦੇ ਪਦ-ਕਦਮਾਂ ’ਤੇ ਚੱਲਿਆ।

ਕਾਲਜ ਦੌਰਾਨ ਉਹ ਨੌਜਵਾਨ ਭਾਰਤ ਸਭਾ ਦਾ ਸਥਾਈ ਮੈਂਬਰ ਬਣ ਗਿਆ। ਇੱਥੇ ਹੀ ਲਾਲਾ ਲਾਜਪਤ ਰਾਏ ਦੇ ਸੰਪਰਕ ਵਿਚ ਆਇਆ ਤੇ ਲਾਲਾ ਜੀ ਦਾ ਉਪਾਸ਼ਕ ਬਣ ਗਿਆ। ਕਾਲਜ ਵਿਚ ਚੰਦਰ ਸ਼ੇਖ਼ਰ ਆਜ਼ਾਦ, ਰਾਮ ਪ੍ਰਸਾਦ ਬਿਸਮਲ, ਸ਼ਾਹਿਦ ਅਸਫ਼ਕਾਰ ਖ਼ਾਨ ਨਾਲ ਮੁਲਾਕਾਤ ਹੋਈ, ਜਿਹੜੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਪੂਰੇ ਜ਼ੋਰਾਂ ਨਾਲ ਕੁੱਦੇ ਹੋਏ ਸਨ। ਇੱਥੇ ਹੀ ਨੌਜਵਾਨ ਭਾਰਤ ਸਭਾ ਦੀ ਮੀਟਿੰਗ ਦੌਰਾਨ ਇਨ੍ਹਾਂ ਦੀ ਮੁਲਾਕਾਤ ਬਟੁਕੇਸ਼ਵਰ ਦੱਤ, ਰਾਜਗੁਰੂ ਅਤੇ ਸੁਖਦੇਵ ਨਾਲ ਹੋਈ। 30 ਅਕਤੂਬਰ 1928 ਨੂੰ ਭਾਰਤ ਦੇ ਲੋਕਾਂ ਲਈ ਬਹੁਤ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਨੂੰ ਦਬਾਉਣ ਲਈ ਆਏ ਸਾਈਮਨ ਕਮਿਸ਼ਨ ਦੇ ਵਿਰੁੱਧ ਲੱਖਾਂ ਦੀ ਗਿਣਤੀ ਵਿਚ ਲੋਕ ਮੁਜ਼ਾਹਰਾ ਕਰ ਰਹੇ ਸਨ ਤੇ ਉਨ੍ਹਾਂ ਦੀ ਅਗਵਾਈ ਉੱਘੇ ਦੇਸ਼ ਭਗਤ ਅਤੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਕਰ ਰਹੇ ਸਨ। ਫਰੰਗੀਆਂ ਨੇ ਘਬਰਾ ਕੇ ਮੁਜ਼ਾਹਰਾਕਾਰੀਆਂ ਉੱਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਪੁਲਿਸ ਨੇ ਏਨੀ ਲਾਠੀ ਵਰ੍ਹਾਈ ਕਿ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਅਤੇ ਲਾਲਾ ਜੀ ਉਨ੍ਹਾਂ ਨੂੰ ਅੱਖਾਂ ਵਿਚ ਰੜਕਦੇ ਸਨ, ਜਿਨ੍ਹਾਂ ’ਤੇ ਜੇਮਜ਼ ਏ. ਸਕਾਟ ਐੱਸ.ਪੀ. ਅੰਗਰੇਜ਼ ਅਫ਼ਸਰ ਖ਼ੁਦ ਇਹ ਸਾਰਾ ਕੰਮ ਕਰਵਾ ਰਿਹਾ ਸੀ। ਉਨ੍ਹਾਂ ਦੀਆਂ ਲਾਠੀਆਂ ਨਾਲ ਲਾਲ ਲਾਜਪਤ ਰਾਏ ਬਹੁਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਲਾਲ ਜੀ ਲਾਠੀਆਂ ਦੇ ਜ਼ਖ਼ਮਾਂ ਦੀ ਪੀੜ ਨਾ ਸਹਾਰ ਸਕੇ ਤੇ 17 ਨਵੰਬਰ 1928 ਨੂੰ ਵੀਰਗਤੀ ਪ੍ਰਾਪਤ ਕਰਦੇ ਹੋਏ ਸ਼ਹੀਦ ਹੋ ਕੇ ਇਸ ਮਾਤਰ ਭੂਮੀ ਦੀ ਖ਼ਾਤਰ ਪ੍ਰਾਣ ਤਿਆਗ ਗਏ। ਲਾਲਾ ਜੀ ਦੀ ਸ਼ਹੀਦੀ ਦਾ ਦੇਸ਼ ਦੀ ਆਜ਼ਾਦੀ ਦੇ ਪ੍ਰਵਾਨਿਆਂ ’ਤੇ ਬਹੁਤ ਅਸਰ ਹੋਇਆ ਅਤੇ ਇਸ ਜ਼ੁਲਮ ਵਿਰੁੱਧ ਰੋਹ ਸਾਰੇ ਭਾਰਤ ਵਿਚ ਹੋਰ ਵੀ ਤੇਜ਼ ਹੋ ਗਿਆ।

ਲਾਲਾ ਲਾਜਪਤ ਰਾਏ ਜਦੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤਾਂ ਲਹੂ ਲੁਹਾਣ ਉੱਚੀ ਉੱਚੀ ਕਰਾਹੁੰਦੇ ਹੋਏ ਧਰਤੀ ’ਤੇ ਡਿੱਗੇ ਪਏ। ਬੇਹੋਸ਼ ਹੋਣ ’ਤੇ ਪਹਿਲਾਂ ਉਨ੍ਹਾਂ ਲਲਕਾਰਿਆ, “ਇਕ ਇਕ ਲਾਠੀ ਜੋ ਅੱਜ ਦੀ ਦੁਪਹਿਰ ਪਿੱਛੋਂ ਸਾਡੇ ’ਤੇ ਵਰ੍ਹਾਈ ਗਈ ਹੈ, ਇਹ ਬਰਤਾਨਵੀ ਸਾਮਰਾਜ ਦੇ ਕੱਫ਼ਣ ਵਿਚ ਇਕ ਇਕ ਕਿੱਲ ਸਾਬਤ ਹੋਵੇਗੀ।” ਲਾਲਾ ਜੀ ਮੌਤ ਤੋਂ ਬਾਅਦ ਭਗਤ ਸਿੰਘ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਲਾਹੌਰ ਵਿਚ 10 ਦਸੰਬਰ 1928 ਨੂੰ ਮਹਾਨ ਕ੍ਰਾਂਤੀਕਾਰੀ ਦੁਰਗਾ ਦੇਵੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਉਸ ਮੀਟਿੰਗ ਵਿਚ ਜੇਮਜ਼. ਏ. ਸਕਾਟ ਦੀ ਮੁਜ਼ਾਹਰਾਕਾਰੀਆਂ ’ਤੇ ਕੀਤੀ ਗਈ ਕਾਰਵਾਈ ਬਾਰੇ ਅਤੇ ਲਾਲਾ ਜੀ ਦੇ ਮੌਤ ਦੇ ਜ਼ੁੰਮੇਵਾਰ ਇਸ ਪੁਲਿਸ ਅਫ਼ਸਰ ਨੂੰ ਸੋਧਣ ਦਾ ਮਤਾ ਪਾਸ ਹੋਇਆ। ਸਭ ਤੋਂ ਪਹਿਲਾਂ ਸਕਾਟ ਨੂੰ ਸੋਧਣ ਦੀ ਜ਼ਿੰਮੇਵਾਰੀ ਦੁਰਗਾ ਦੇਵੀ ਨੇ ਆਪਣੇ ਸਿਰ ਲਈ ਪਰ ਬਾਕੀਆਂ ਮੈਂਬਰਾਂ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਆਪਣਾ ਨਾਂ ਵਾਪਸ ਲੈ ਲਿਆ। ਦੁਰਗਾ ਦੇਵੀ ਐਸੋਸੀਏਸ਼ਨ ਦਾ ਮਨੋਰਥ ਪੱਤਰ ਦਾ ਕਰਤਾ ਭਗਵਤੀ ਚਰਨ ਦੀ ਪਤਨੀ ਸੀ। ਉਸ ਨੂੰ ਸਾਰੇ ਸਤਿਕਾਰ ਵਜੋਂ ਭਾਬੀ ਆਖਦੇ ਸਨ। ਫਿਰ ਜਦੋਂ ਜੇਮਜ਼ ਏ. ਸਕਾਟ ਨੂੰ ਸੋਧਣ ਬਾਰੇ ਮਤਾ ਆਇਆ ਤਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖ਼ਰ ਅਤੇ ਲਗਪਗ ਸਭ ਹਾਜ਼ਰ ਵਿਅਕਤੀਆਂ ਨੇ ਹਾਂ ਵਿਚ ਆਪਣੇ ਹੱਥ ਖੜ੍ਹੇ ਕਰ ਦਿੱਤੇ। ਪ੍ਰਧਾਨ ਦੁਰਗਾ ਦੇਵੀ ਸੁਖਦੇਵ ਵੱਲ ਝਾਕਿਆ ਜੋ ਪਾਰਟੀ ਦੀ ਰਣਨੀਤੀ ਦਾ ਮਾਹਰ ਸੀ ਤੇ ਉਨ੍ਹਾਂ ਨੂੰ ਵਿਚਾਰਧਾਰਾ ਦਿੰਦਾ ਸੀ। ਸੁਖਦੇਵ ਚਾਹੁੰਦਾ ਸੀ ਕਿ ਇਹ ਕੰਮ ਉਸ ਨੂੰ ਸੌਂਪਿਆ ਜਾਵੇ। ਉਸ ਦੇ ਨਾਮ ਨੂੰ ਅਸਵੀਕਾਰ ਕਰ ਦਿੱਤਾ ਕਿਉਕਿ ਉਹ ਮੁਲਕ ਦੇ, ਖ਼ਾਸ ਕਰਕੇ ਪੰਜਾਬ ਵਿਚ ਕ੍ਰਾਂਤੀਕਾਰੀਆਂ ਦੇ ਢਾਂਚੇ ਨੂੰ ਚਲਾਉਂਦਾ ਸੀ। ਉਹ ਪਾਰਟੀ ਦਾ ਵਿਉਂਤਕਾਰ ਸੀ ਪਰ ਉਸ ਨੇ ਸਾਲਸੀ ਕਰਨੀ ਪ੍ਰਵਾਨ ਕਰ ਲਈ। ਭਗਤ ਸਿੰਘ, ਰਾਜਗੁਰੂ, ਚੰਦਰ ਸ਼ੇਖ਼ਰ ਆਜ਼ਾਦ ਤੇ ਜੈਪਾਲ ਦੀ ਇਸ ਕੰਮ ਲਈ ਚੋਣ ਕੀਤੀ ਗਈ। ਸੁਖਦੇਵ ਨੇ ਭਗਤ ਸਿੰਘ ’ਤੇ ਸਕਾਟ ਨੂੰ ਮਾਰਨ ਦੀ ਜ਼ਿੰਮੇਵਾਰੀ ਸੌਂਪੀ। ਸਕਾਟ ਨੂੰ ਗੋਲੀ ਮਾਰ ਕੇ ਮਾਰਨਾ ਤਾਂ ਸੌਖਾ ਸੀ ਪਰ ਮਾਰ ਕੇ ਬਚ ਨਿਕਲਣਾ ਤਾਂ ਬਹੁਤ ਔਖਾ ਸੀ ਪਰ ਉਸ ਨੇ ਬਚ ਕੇ ਨਿਕਲਣ ਦੀ ਵਿਉਂਤ ਬਣਾਈ। ਰਾਜਗੁਰੂ ਨੂੰ ਭਗਤ ਸਿੰਘ ਦੇ ਨੇੜੇ ਰਹਿ ਕੇ ਉਸ ਦੀ ਰੱਖਿਆ ਦਾ ਕੰਮ ਸੌਂਪਿਆ ਗਿਆ। ਤੀਸਰੇ ਵਿਅਕਤੀ ਚੰਦਰ ਸ਼ੇਖ਼ਰ ਆਜ਼ਾਦ ਜ਼ਿੰਮੇ ਕਾਰਜ ਇਹ ਲਾਇਆ ਗਿਆ ਕਿ ਉਹ ਉਨ੍ਹਾਂ ਦੇ ਬਚ ਕੇ ਨਿਕਲ ਜਾਣ ਦਾ ਪ੍ਰਬੰਧ ਕਰੇ। ਜੈ ਗੋਪਾਲ, ਜੋ ਉਨ੍ਹਾਂ ਦੇ ਮੁਕਾਬਲੇ ਨਵਾਂ ਸਾਥੀ ਸੀ, ਦੇ ਜ਼ਿੰਮੇ ਇਕ ਸਧਾਰਨ ਜਿਹਾ ਕੰਮ ਲਾਇਆ ਕਿ ਇਨ੍ਹਾਂ ਤਿੰਨਾਂ ਨੂੰ ਦੱਸੇ ਕਿ ਸਕਾਟ ਨੇ ਕਦੋਂ ਥਾਣੇ ਅਨਾਰਕਲੀ ਆਉਣਾ ਸੀ। ਇਸ ਕੰਮ ਅਰਥਾਤ ਸਕਾਟ ਨੂੰ ਮਾਰਨ ਦੀ ਤਰੀਕ 17 ਦਸੰਬਰ 1928 ਮਿਥੀ ਗਈ।

ਭਗਤ ਸਿੰਘ ਨੇ ਆਪਣਾ ਭੇਸ ਬਦਲਣ ਲਈ ਫ਼ਿਰੋਜ਼ਪੁਰ ਦੇ ਇਕ ਡਾਕਟਰ ਕੋਲੋਂ ਵਾਲ ਕਟਵਾ ਲਏ। ਉਨ੍ਹਾਂ ਨਾਲ ਉਨ੍ਹਾਂ ਦਾ ਸਾਥੀ ਜੈ ਗੋਪਾਲ ਵੀ ਸੀ। ਉਸ ਦੀ ਡਿਊਟੀ ਸਕਾਟ ਨੂੰ ਪਛਾਨਣ ਦੀ ਲਾਈ ਸੀ ਪਰ ਉਸ ਨੂੰ ਸਕਾਟ ਦਾ ਪਤਾ ਨਹੀਂ ਸੀ, ਉਸ ਨੇ ਸਾਰੀ ਗੜਬੜ ਕਰ ਦਿੱਤੀ। 17 ਦਸੰਬਰ 1928 ਨੂੰ ਸਕਾਟ ਦਫ਼ਤਰ ਆਇਆ ਨਹੀਂ। ਉਹ ਆਪਣੀ ਸੱਸ ਨੂੰ ਲੈਣ ਗਿਆ ਸੀ ਅਤੇ ਛੁੱਟੀ ’ਤੇ ਸੀ। ਜੈ ਗੋਪਾਲ ਨੇ ਏ.ਐੱਸ.ਪੀ. ਜੇ.ਪੀ. ਸਾਂਡਰਸ ਨੂੰ ਸਕਾਟ ਸਮਝ ਕੇ 10 ਵਜੇ ਤਿੰਨਾਂ ਨੂੰ ਥਾਣੇ ਪਹੁੰਚਣ ਲਈ ਸੂਚਨਾ ਦੇ ਦਿੱਤੀ। ਕੁਝ ਘੰਟੇ ਬਾਅਦ ਤਿੰਨਾਂ ਨੇ ਸਮੇਂ ਦੀ ਉਡੀਕ ਵਿਚ ਥਾਣੇ ਲਾਗੇ ਆਪੋ ਆਪਣੀਆਂ ਥਾਵਾਂ ਮੱਲ ਲਈਆਂ। ਦੁਪਹਿਰੋਂ ਬਾਅਦ ਜਦੋਂ ਸਾਂਡਰਸ ਥਾਣੇ ਵਿੱਚੋਂ ਬਾਹਰ ਆਇਆ ਤੇ ਆਪਣੇ ਮੋਟਰ ਸਾਇਕਲ ਵੱਲ ਗਿਆ ਤਾਂ ਰਾਜਗੁਰੂ ਨੇ ਆਪਣੇ ਜਰਮਨੀ ਦੇ ਬਣੇ ਮੌਜ਼ਰ ਪਿਸਤੌਲ ਨਾਲ ਨਿਸ਼ਾਨਾ ਬਣਾਇਆ। ਭਾਵੇਂ ਭਗਤ ਸਿੰਘ ਨੇ ਰੌਲਾ ਪਾਇਆ ਕਿ ਇਹ ਸਕਾਟ ਨਹੀਂ ਹੈ, ਉਸ ਦਾ ਕੋਈ ਲਾਭ ਨਾ ਹੋਇਆ, ਸਗੋਂ ਦੇਰ ਹੋ ਚੁੱਕੀ ਸੀ। ਰਾਜਗੁਰੂ ਬਹੁਤ ਵਧੀਆ ਨਿਸ਼ਾਨੇਬਾਜ਼ ਸੀ। ਉਸ ਨੂੰ ਮਾਰ ਚੁੱਕਾ ਸੀ। ਇਕ ਗੋਲੀ ਨੇ ਉਸ ਦਾ ਕੰਮ ਮੁਕਾ ਦਿੱਤਾ ਸੀ। ਭਗਤ ਸਿੰਘ ਨੇ ਲਾਸ਼ ਵਿਚ ਆਪਣੀਆਂ ਗੋਲੀਆਂ ਮਾਰੀਆਂ।

ਪੂਰਵ ਯੋਜਨਾ ਮੁਤਾਬਕ ਪੁਲਿਸ ਸਟੇਸ਼ਨ ਤੋਂ ਨੇੜੇ ਹੀ ਡੀ.ਏ.ਵੀ. ਕਾਲਜ ਵੱਲ ਰਾਜਗੁਰੂ, ਭਗਤ ਸਿੰਘ ਦੌੜੇ, ਚੰਦਰ ਸ਼ੇਖ਼ਰ ਆਜ਼ਾਦ ਉੱਥੇ ਹੀ ਸੀ, ਜਿੱਥੇ ਉਹ ਦੋਨਾਂ ਦੀ ਰੱਖਿਆ ਕਰ ਸਕਦਾ ਸੀ। ਰੌਲਾ ਸੁਣ ਕੇ ਥਾਣੇ ਵਿੱਚੋਂ ਜੇ.ਸੀ. ਫਰਨ ਨਾਮ ਦਾ ਅੰਗਰੇਜ਼ ਇੰਸਪੈਕਟਰ ਬਾਹਰ ਆਇਆ। ਪਰੰਤੂ ਚੰਦਰ ਸ਼ੇਖ਼ਰ ਆਜ਼ਾਦ ਦੁਆਰਾ ਚਲਾਈਆਂ ਗੋਲੀਆਂ ਉਸ ਦੇ ਸਿਰ ਕੋਲੋਂ ਸ਼ਾਂ-ਸ਼ਾਂ ਕਰਦੀਆਂ ਨਿਕਲੀਆਂ ਤਾਂ ਉਹ ਪਿਛਾਂਹ ਹੀ ਪਰਤ ਗਿਆ। ਇਸ ਪਿੱਛੋਂ ਹਵਲਦਾਰ ਚੰਨਣ ਸਿੰਘ ਕ੍ਰਾਂਤੀਕਾਰੀਆਂ ਦਾ ਪਿੱਛਾ ਕਰਨੋਂ ਨਾ ਹਟਿਆ। ਅਖ਼ੀਰ ਉਸ ਦਾ ਰਾਜਗੁਰੂ, ਭਗਤ ਸਿੰਘ ਨੂੰ ਕਾਮ ਤਮਾਮ ਕਰਨਾ ਪਿਆ। ਉਹ ਕੁਝ ਚਿਰ ਲਈ ਡੀ.ਏ.ਵੀ. ਕਾਲਜ ਦੇ ਹੋਸਟਲ ਵਿਚ ਰਹੇ। ਫਿਰ ਉੱਥੋਂ ਉਨ੍ਹਾਂ ਨੂੰ ਵਿਉਂਤ ਮੁਤਾਬਿਕ ਬਾਥਰੂਮਾਂ ਵਿਚ ਪਏ ਸਾਇਕਲ ਲੈ ਲਏ। ਉਹ ਮੁਜ਼ਾਂਕ ਸੜ ਵਾਲੇ ਘਰ ਵੱਲ ਚਲੇ ਗਏ। ਕ੍ਰਾਂਤੀਕਾਰੀ ਇਸ ਘਰ ਵਿਚ ਆਰਾਮ ਕਰ ਰਹੇ ਸਨ ਪਰ ਪੁਲਿਸ ਨੇ ਸਾਰੀਆਂ ਸੜਕਾਂ, ਸਗੋਂ ਹਰ ਥਾਂ ਸੀਲ ਕੀਤੀ ਹੋਈ ਸੀ। ਉਨ੍ਹਾਂ ਦੀ ਤਲਾਸ਼ੀ ਲਈ ਸਿਪਾਹੀ ਹਰ ਥਾਂ ਫਿਰ ਰਹੇ ਸਨ। ਇਸ ਲਈ ਭਗਤ ਸਿੰਘ ਨੂੰ ਸ਼ਹਿਰ ਛੱਡੇ ਜਾਣ ਦੀ ਸਲਾਹ ਦਿੱਤੀ ਗਈ। ਸੁਖਦੇਵ ਸਿੰਘ ਨੇ ਸਾਰਿਆਂ ਨੂੰ ਦੁਰਗਾ ਦੇਵੀ ਦੇ ਘਰ ਜਾਣ ਲਈ ਆਖਿਆ ਤੇ ਉੱਥੋਂ ਬਚ ਕੇ ਨਿਕਲਣ ਬਾਰੇ ਵਿਉਤ ਨੂੰ ਅੰਤਮ ਛੋਹ ਦਿੱਤੀ ਜਾਵੇਗੀ।

ਦੁਰਗਾ ਦੇਵੀ ਦਾ ਵੀ ਘਰ 11 ਵਜੇ ਰਾਤ ਤੋਂ ਪੰਜ ਵਜੇ ਸਵੇਰੇ ਪੁਲਿਸ ਦੀ ਨਿਗਰਾਨੀ ਅਧੀਨ ਸੀ। ਉਨ੍ਹਾਂ ਕੋਲ ਕੋਈ ਰੁਪਇਆ ਪੈਸਾ ਵੀ ਨਹੀਂ ਸੀ। ਇਹ ਕੰਮ ਪੁਰਾਣੇ ਕਮਿਊਨਿਸਟ ਸੋਹਨ ਸਿੰਘ ਜੋਸ਼ ਨੇ ਪੂਰਾ ਵੀ ਨਹੀਂ ਕੀਤਾ ਸੀ। ਜੋਸ਼ ਨੇ ਉਨ੍ਹਾਂ ਦੇ ਕਾਰਨਾਮੇ ਦੀ ਪ੍ਰਸ਼ੰਸਾ ਤਾਂ ਕੀਤੀ, ਪਰ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਕੁਝ ਸਮੇਂ ਤਕ ਜਨਤਕ ਥਾਵਾਂ ’ਤੇ ਨਾ ਜਾਵੇ ਤੇ ਭਗਤ ਸਿੰਘ ਖ਼ਾਲੀ ਹੱਥ ਘਰ ਮੁੜ ਆਇਆ। ਲੁਕ ਲੁਕਾ ਕੇ ਉਹ ਦੁਰਗਾ ਭਾਬੀ ਦੇ ਘਰ ਪਹੁੰਚੇ ਤਾਂ ਉਹ ਸਵੇਰੇ ਸਵੇਰੇ ਹੈਰਾਨ ਰਹਿ ਗਈ ਕਿਉਂਕਿ ਉਹ ਇਕੱਲੀ ਸੀ। ਪਰ ਉਹ ਬਹੁਤ ਹੀ ਖ਼ੁਸ਼ ਹੋਈ ਜਦੋਂ ਉਸ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਵੇਖਿਆ। ਉਨ੍ਹਾਂ ਦੁਰਗਾ ਭਾਬੀ ਨੂੰ ਦੱਸਿਆ ਕਿ ਉਹ ਗ਼ਲਤੀ ਨਾਲ ਸਕਾਟ ਦੀ ਥਾਂ ਸਾਂਡਰਸ ਨੂੰ ਮਾਰ ਆਏ ਹਨ। ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਸੀ।

ਭਗਤ ਸਿੰਘ ਨੇ ਸੁਖਦੇਵ ਦੀ ਲਾਹੌਰ ਛੱਡ ਕੇ ਜਾਣ ਦੀ ਸਲਾਹ ਦੱਸੀ ਤੇ ਹੋਰ ਜਾਣ ਦੀ ਵਿਉਂਤ ਬਾਰੇ ਦੁਰਗਾ ਭਾਬੀ ਨੂੰ ਦੱਸਿਆ। ਉਸ ਦਾ ਪਤੀ ਭਗਵਤੀ ਚਰਨ ਸਰਬ ਹਿੰਦ ਕਾਂਗਰਸ ਕਮੇਟੀ ਦੇ ਸਮਾਗਮ ਵਿਚ ਭਾਗ ਲੈਣ ਲਈ ਗਿਆ ਹੋਇਆ ਸੀ। ਉਸ ਨੇ ਉਸ ਦੇ ਪੈਸੇ ਲਏ। ਵਿਉਂਤਬੰਦੀ ਦੇ ਮਾਹਰ ਸੁਖਦੇਵ ਨੇ ਸਲਾਹ ਦਿੱਤੀ ਕਿ ਡੇਹਰਾਦੂਨ ਐਕਸਪ੍ਰੈੱਸ ਕਲਕੱਤਾ ਜਾਣ ਲਈ ਵਧੀਆ ਗੱਡੀ ਹੈ। ਉਸ ਨੇ ਭਗਤ ਸਿੰਘ ਨੂੰ ਦੁਰਗਾ ਭਾਬੀ ਦਾ ਪਤੀ ਬਣਾਇਆ ਤੇ ਦੁਰਗਾ ਦੇਵੀ ਨੇ ਭਗਤ ਸਿੰਘ ਦਾ ਨਾਂ ਰਣਜੀਤ ਤਜਵੀਜ਼ ਕੀਤਾ ਅਤੇ ਆਪ ਸੁਜਾਤਾ ਬਣ ਗਈ। ਰਾਜਗੁਰੂ ਨੌਕਰ, ਤਿੰਨ ਸਾਲਾਂ ਦਾ ਲੜਕਾ ਸਚਨ ਉਨ੍ਹਾਂ ਦਾ ਬੇਟਾ ਬਣ ਗਿਆ। ਭਗਤ ਸਿੰਘ ਨੇ ਸਰਕਾਰੀ ਕਰਮਚਾਰੀ ਵਾਂਗ ਕੱਪੜੇ ਪਾਏ। ਭਗਵਤੀ ਚਰਨ ਦਾ ਲੰਬਾ ਕੋਟ ਪਹਿਨਿਆ, ਨਮਦੇ ਦੀ ਟੋਪੀ ਸਿਰ ’ਤੇ ਸਜਾ ਲਈ। ਰਾਜਗੁਰੂ ਟਾਂਗਾ ਲਿਆਇਆ। ਸਮਾਨ ਸਾਰਾ ਲੱਦ ਦਿੱਤਾ। ਟਰੰਕਾਂ ਉੱਪਰ ਲਿਖ ਕੇ ਚੇਪੀਆਂ ਲਗਾ ਦਿੱਤੀਆਂ।

ਭਗਤ ਸਿੰਘ ਸਰਕਾਰੀ ਕਰਮਚਾਰੀ ਵਾਂਗ ਕਲਕੱਤੇ ਨੂੰ ਗੱਡੀ ਰਾਹੀਂ ਚੱਲ ਪਏ। ਕੋਈ ਪੁਲਿਸ ਅਫ਼ਸਰ ਜਾਂ ਹੋਰ ਕਰਮਚਾਰੀ ਉਨ੍ਹਾਂ ਨੂੰ ਪਹਿਚਾਣ ਨਾ ਸਕਿਆ ਅਤੇ ਚੰਦਰ ਸ਼ੇਖ਼ਰ ਆਜ਼ਾਦ ਦੁਰਗਾ ਦੇਵੀ ਦੇ ਘਰ ਛੱਡਣ ਤੋਂ ਬਾਅਦ ਮਥਰਾ ਦੇ ਕ੍ਰਿਸ਼ਨ ਮੰਦਰ ਦੀ ਯਾਤਰਾ ਜਾ ਰਹੇ ਸਾਧੂਆਂ ਦੀ ਟੋਲੀ ਵਿਚ ਰਲ ਕੇ ਭਜਨ ਗਾਉਂਦੇ ਪੁਲਸੀਆਂ ਕੋਲੋਂ ਲੰਘ ਗਏ। ਇਨ੍ਹਾਂ ਨੂੰ ਰੋਕ ਕੇ ਕਿਸੇ ਨੇ ਤਲਾਸ਼ੀ ਲੈਣ ਦਾ ਯਤਨ ਵੀ ਨਾ ਕੀਤਾ। ਉਨ੍ਹਾਂ ਕ੍ਰਾਂਤੀਕਾਰੀਆਂ ਨੇ ਕਾਨਪੁਰ ਸਟੇਸ਼ਨ ’ਤੇ ਉੱਤਰ ਕੇ ਇਹ ਪਤਾ ਕੀਤਾ ਕਿ ਕਿਤੇ ਪੁਲਿਸ ਉਨ੍ਹਾਂ ਦਾ ਪਿੱਛਾ ਤਾਂ ਨਹੀਂ ਕਰ ਰਹੀ। ਉਹ ਭਗਤ ਸਿੰਘ, ਦੁਰਗਾ ਦੇਵੀ, ਉਨ੍ਹਾਂ ਦਾ ਬੱਚਾ ਅਤੇ ਰਾਜਗੁਰੂ ਤਿੰਨੇ ਇਨਕਲਾਬੀ ਕਾਨਪੁਰ ਉੱਤਰ ਗਏ ਤੇ ਦੁਰਗਾ ਦੇਵੀ ਨੇ ਆਪਣੇ ਪਤੀ ਨੂੰ ਤਾਰ ਭੇਜੀ ਕਿ ਉਹ ਆਪਣੇ ਵੀਰ ਨਾਲ ਪਹੁੰਚ ਰਹੀ ਹੈ ਅਤੇ ਇਕ ਹੋਟਲ ਵਿਚ ਠਹਿਰ ਗਏ।

ਅਗਲੀ ਸਵੇਰ ਨੂੰ ਕਲਕੱਤਾ ਲਈ ਰਵਾਨਾ ਹੋ ਗਏ। ਹੁਣ ਉਹ ਭਗਤ ਸਿੰਘ, ਦੁਰਗਾ ਦੇਵੀ ਉਨ੍ਹਾਂ ਦਾ ਲੜਕਾ ਸਚਿਨ ਅਤੇ ਰਾਜਗੁਰੂ ਕਲਕੱਤੇ ਦੇ ਪਲੇਟਫਾਰਮ ’ਤੇ ਪਹੁੰਚ ਗਏ। ਕਤਲ ਕਰਨ ਤੋਂ ਬਾਅਦ ਸਾਰਿਆਂ ਨੂੰ ਬੇਚੈਨੀ ਅਤੇ ਘਬਰਾਹਟ ਜ਼ਰੂਰੀ ਹੁੰਦੀ ਹੈ। ਭਗਵਤੀ ਚਰਨ ਉਨ੍ਹਾਂ ਨੂੰ ਲੈਣ ਲਈ ਉੱਥੇ ਪਹੁੰਚਿਆ ਹੋਇਆ ਸੀ। ਉਸ ਨੇ ਸਾਂਡਰਸ ਦੇ ਮਰਨ ਦੀ ਖ਼ਬਰ ਸਟੇਟਸਮੈਨ ਅਖ਼ਬਾਰ ਵਿਚ ਪੜ੍ਹ ਲਈ ਸੀ ਪਰ ਉਹ ਸਮਝ ਨਹੀਂ ਸੀ ਸਕਿਆ ਕਿ ਉਹਦਾ ਕੋਈ ਸਾਲਾ ਨਹੀਂ, ਕਿਹੜਾ ਦੁਰਗਾ ਦੇਵੀ ਦਾ ਭਰਾ ਬਣ ਗਿਆ। ਪਰ ਉਹ ਪਤੀ ਤੇ ਭੇਸ ਵਿਚ ਭਗਤ ਸਿੰਘ ਹੀ ਸੀ। ਭਗਤ ਸਿੰਘ ਅਤੇ ਰਾਜਗੁਰੂ ਨੂੰ ਉਸ ਨੇ ਆਪਣੇ ਦੋਸਤ ਛੱਜੂ ਰਾਮ ਦੇ ਘਰ ਠਹਿਰਾਇਆ, ਜਿਸ ਦੀ ਪਤਨੀ ਲਖਸ਼ਮੀ ਦੇਵੀ ਭਗਤ ਸਿੰਘ ਦੀ ਚੰਗੀ ਪ੍ਰਸ਼ੰਸਕ ਸੀ। ਭਗਤ ਸਿੰਘ ਨੂੰ ਯਾਦ ਆਇਆ, ਉਹ ਘਰੋਂ ਨੱਠ ਕੇ ਕਾਨਪੁਰ ਦੀ ਥਾਂ ਕਲਕੱਤੇ ਪਹੁੰਚ ਗਏ ਸਨ ਜਦੋਂ ਘਰ ਵਾਲਿਆਂ ਉਸ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਣ ਦੀ ਕੋਸ਼ਿਸ਼ ਕੀਤੀ ਸੀ। ਅਰਬਿੰਦੋ ਅਤੇ ਵਰਿੰਦਰ ਕੁਮਾਰ ਕ੍ਰਾਂਤੀਕਾਰੀਆਂ ਦੇ ਬਾਵਜੂਦ ਆਮ ਬੰਗਾਲੀ ਯੁਵਕ ਇਨਕਲਾਬ ਤੋਂ ਦੂਰ ਸਨ। ਬਟੁਕੇਸ਼ਵਰ ਦੱਤ ਨੇ ਭਗਤ ਸਿੰਘ ਨੂੰ ਬੰਗਾਲੀ ਸਿਖਾਈ ਅਤੇ ਕਈ ਬੰਗਾਲੀ ਕ੍ਰਾਂਤੀਕਾਰੀਆਂ ਨੂੰ ਉਹ ਮਿਲਿਆ। ਇੱਥੇ ਭਗਤ ਸਿੰਘ ਦਾ ਨਵਾਂ ਨਾਂ ਹਰੀ ਰੱਖਿਆਉਹ ਬੰਗਾਲੀਆਂ ਵਾਂਗ ਹੀ ਧੋਤੀ ਪਹਿਨਣੀ ਅਤੇ ਸ਼ਾਲ ਪਹਿਨਣਾ ਸਿੱਖ ਗਿਆ। ਇੱਥੇ ਹੀ ਉਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਜਲਾਸ ਵਿਚ ਹਿੱਸਾ ਲਿਆ, ਜਿਸ ਵਿਚ ਕਾਂਗਰਸ ਅਜੇ ਵੀ ਡੋਮੀਨੀਅਨ ਸਟੇਟਸ ਬਾਰੇ ਬਹਿਸ ਕਰ ਰਹੀ ਸੀ, ਨਾ ਕਿ ਪੂਰਨ ਆਜ਼ਾਦੀ ਬਾਰੇ ਸੋਚਣ ਦੀ ਲੋੜ ਸੀ। ਉਹ ਕਲਕੱਤੇ ਰਹਿੰਦਿਆਂ ਪ੍ਰਭੁਲਤ ਗੋਗਲੀ, ਜਿਉਤਿਸ਼ ਘੋਸ਼, ਤ੍ਰੈਲੋਚਨ ਨਾਥ ਚੱਕਰਵਰਤੀ, ਫਨਿੰਦਰਨਾਥ ਘੋਸ਼ ਤੇ ਜਤਿੰਦਰ ਨਾਥ ਦਾਸ ਨੂੰ ਮਿਲਿਆ। ਉਨ੍ਹਾਂ ਨੇ ਹਿੰਸਾ ਦਾ ਰਸਤਾ ਤਿਆਗ ਦਿੱਤਾ ਸੀ। ਤ੍ਰੈਲੋਕਨਾਥ ਚੱਕਰਵਰਤੀ ਜਿਸ ਨੇ 20 ਸਾਲ ਕੈਦ ਕੱਟੀ ਸੀ, ਜ਼ਿਆਦਾ ਪ੍ਰਭਾਵਤ ਕੀਤਾ ਅਤੇ ਭਗਤ ਸਿੰਘ ਉੱਤੇ ਉਸ ਦਾ ਇੰਨਾ ਅਸਰ ਹੋਇਆ ਕਿ ਉਸ ਨੇ ਜੇਲ੍ਹ ਯਾਤਰਾ ਨੂੰ ਪਵਿੱਤਰ ਯਾਤਰਾ ਹੀ ਸਮਝਿਆ। ਸਤਿੰਦਰਨਾਥ ਦਾਸ, ਜੋ ਬੰਬ ਬਣਾਉਣ ਵਿਚ ਮਾਹਰ ਸੀ, ਨਾਲ ਮੁਲਾਕਾਤ ਹੋਈ। ਉਸ ਨਾਲ ਭਗਤ ਸਿੰਘ ਦਾ ਤਾਲਮੇਲ ਜਲਦੀ ਹੋ ਗਿਆ ਪਰ ਬੰਬ ਬਣਾਉਣ ਦਾ ਫਾਰਮੂਲਾ ਨਾ ਦੱਸਿਆ। ਭਗਤ ਸਿੰਘ ਦੀ ਕਲਕੱਤਾ ਫੇਰੀ ਨੇ ਬੰਗਾਲ ਦੇ ਕ੍ਰਾਂਤੀਕਾਰੀਆਂ ਦੀ ਡਿੱਗਦੀ ਮਨੋਦਸ਼ਾ ਨੂੰ ਨਵਾਂ ਹੁਲਾਰਾ ਮਿਲਿਆ। ਕਲਕੱਤੇ ਤੋਂ ਭਗਤ ਸਿੰਘ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰੇ ਚਲਿਆ ਗਿਆ ਤੇ ਇਹ ਹੀ ਸ਼ਹਿਰ ਬਹੁਤ ਚਿਰ ਇਨਕਲਾਬੀਆਂ ਦੀਆਂ ਸਰਗਰਮੀਆਂ ਦਾ ਨਵਾਂ ਕੇਂਦਰ ਬਣ ਗਿਆ।

ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਗਰੇ ਵਿਚ ਹਿੰਗ ਦੀ ਮੰਡੀ ਮੁਹੱਲੇ ਵਿਚ ਦੋ ਘਰ ਕਿਰਾਏ ’ਤੇ ਲੈ ਲਏ ਤੇ ਸਾਰੇ ਕ੍ਰਾਂਤੀਕਾਰੀ ਪੰਜਾਬ ਤੋਂ ਆਗਰੇ, ਸਾਂਡਰਸ ਕਾਂਡ ਤੋਂ ਮਗਰੋਂ ਇਕੱਠੇ ਹੋ ਗਏ। ਉੱਥੇ ਖਾਣੇ ਦਾ ਕੋਈ ਪ੍ਰਬੰਧ ਨਹੀਂ ਸੀ। ਕਿਸੇ ਕਿਸੇ ਦਿਨ ਇਕ ਸਮੇਂ ਦੀ ਰੋਟੀ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਚੰਦਰ ਸ਼ੇਖ਼ਰ ਆਜ਼ਾਦ ਦੀ ਜ਼ਿੰਮੇਵਾਰੀ ਰੁਪਏ ਪੈਸੇ ਦਾ ਪ੍ਰਬੰਧ ਕਰਨ ਦੀ ਸੀ। ਉਸ ਨੇ ਮਹੱਤਵਪੂਰਨ ਵਿਅਕਤੀਆਂ ਨਾਲ ਸੰਬੰਧ ਬਣਾਏ। ਮੋਤੀ ਲਾਲ ਨਹਿਰੂ ਤੇ ਪ੍ਰਸ਼ੋਤਮ ਦਾਸ ਟੰਡਨ ਕ੍ਰਾਂਤੀਕਾਰੀਆਂ ਨੂੰ ਲਗਾਤਾਰ ਪੈਸੇ ਦਿੰਦੇ ਰਹੇ। ਰਾਜਗੁਰੂ ਸੁਖਦੇਵ ਅਤੇ ਬਾਕੀ ਸਾਰਿਆਂ ਨੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਇੱਥੇ ਭਗਤ ਸਿੰਘ ਉਨ੍ਹਾਂ ਸਾਰਿਆਂ ਦਾ ਲੀਡਰ ਬਣ ਚੁੱਕਿਆ ਸੀ। ਗ਼ਦਰ ਪਾਰਟੀ ਵੀ ਭਗਤ ਸਿੰਘ ਲਈ ਪ੍ਰੇਰਨਾ ਦਾ ਸ੍ਰੋਤ ਸੀ। ਭਗਤ ਸਿੰਘ ਤੇ ਉਸ ਦੇ ਸਾਥੀ ਗ਼ਦਰ ਪਾਰਟੀ ਦੇ ਮੁਖੀ ਗੁਰਦਿੱਤ ਸਿੰਘ ਤੇ ਉਸ ਦੇ ਸਾਥੀਆਂ ਕੋਲੋਂ ਬਹੁਤ ਪ੍ਰਭਾਵਿਤ ਹੋਏ। ਗੁਰਦਿੱਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ ਸਨ। ਉਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਇਕ ਜਾਪਾਨੀ ਕੰਪਨੀ ਤੋਂ ਕਿਰਾਏ ’ਤੇ ਲਿਆ ਜਿਸ ਵਿਚ 376 ਭਾਰਤੀ ਵਧੇਰੇ ਸਿੱਖ ਸਵਾਰ ਸਨ। ਕੈਨੇਡਾ ਜਾਣ ਲਈ ਤਿਆਰ ਸੀ। ਇਸ ਜਹਾਜ਼ ਨੂੰ ਕੈਨੇਡਾ ਸਰਕਾਰ ਨੇ ਕਿਸੇ ਵੀ ਹਾਲਤ ਵਿਚ ਕੈਨੇਡਾ ਵਿਚ ਦਾਖ਼ਲ ਨਹੀਂ ਨਾ ਹੋਣ ਦਿੱਤਾ ਸਗੋਂ ਇਹ ਜਹਾਜ਼ ਭਾਰਤ ਵੱਲ ਮੋੜ ਦਿੱਤਾ। ਕਲਕੱਤੇ ਦੀ ਬੰਦਰਗਾਹ ’ਤੇ ਉਤਾਰ ਕੇ ਕਾਫ਼ੀ ਲੋਕਾਂ ਨੂੰ ਮਾਰ ਦਿੱਤਾ ਗਿਆ ਤੇ 200 ਨੂੰ ਬੰਦੀ ਬਣਾ ਲਿਆ। ਇਸ ਤਰ੍ਹਾਂ ਕ੍ਰਾਂਤੀਕਾਰੀਆਂ ਨੇ ਗ਼ਦਰ ਪਾਰਟੀ ਦਾ ਰਸਾਲਾ ‘ਗ਼ਦਰ’ ਜਾਰੀ ਰੱਖਿਆ ਜਿਹੜਾ ਕਿ ਕ੍ਰਾਂਤੀ ਦਾ ਪ੍ਰੇਰਨਾ ਸ੍ਰੋਤ ਸੀ। ਗ਼ਦਰ ਪਾਰਟੀ ਦੇ ਨੇਤਾ ਹਰਦਿਆਲ, ਰਾਮਚੰਦਰ, ਸੋਹਣ ਸਿੰਘ ਭਕਨਾ ਤੇ ਕਰਤਾਰ ਸਿੰਘ ਭਾਰਤ ਪਹੁੰਚ ਗਏ। ਇਨ੍ਹਾਂ ਕ੍ਰਾਂਤੀਕਾਰੀਆਂ ਨੇ ਅਸਲੇ ਲਈ ਥਾਣੇ ਲੁੱਟੇ, ਹੋਰਨਾਂ ਤਰੀਕਿਆਂ ਨਾਲ ਅਸਲਾ ਇਕੱਠਾ ਕੀਤਾ ਅਤੇ ਇਹ ਬਾਕੀ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਜਾਰੀ ਰੱਖਿਆ। ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਵੱਲੋਂ ਕ੍ਰਾਂਤੀਕਾਰੀਆਂ ਨੇ ਇਹ ਫ਼ੈਸਲਾ ਕੀਤਾ ਕਿ ਦੇਸ਼ ਭਗਤਾਂ ਅਤੇ ਬਾਕੀ ਕ੍ਰਾਂਤੀਕਾਰੀਆਂ ਲਈ ਕਾਨੂੰਨ ਬਹੁਤ ਸਖ਼ਤ ਬਣਾ ਦਿੱਤੇ ਨੇ ਅਤੇ ਬੋਲਣ ਦਾ ਵੀ ਅਧਿਕਾਰ ਫਰੰਗੀਆਂ ਦੀ ਸਰਕਾਰ ਖੋਹ ਰਹੀ ਹੈ। ਉਨ੍ਹਾਂ ਬੀ.ਕੇ. ਦੱਤ ਅਤੇ ਰਾਮ ਸ਼ਰਨ ਦਾਸ ਦੀ ਡਿਊਟੀ ਨੈਸ਼ਨਲ ਅਸੈਂਬਲੀ ਦਿੱਲੀ ਵਿਚ ਬੰਬ ਸੁੱਟਣ ਦੀ ਲਾਈ ਗਈ। ਪਰ ਭਗਤ ਸਿੰਘ ਨੇ ਆਪਣਾ ਨਾਮ ਰਾਮ ਸ਼ਰਨ ਦਾਸ ਦੀ ਥਾਂ ਇਸ ਕੰਮ ਲਈ ਪੇਸ਼ ਕਰ ਦਿੱਤਾ। ਅਸੈਂਬਲੀ ਵਿਚ ਬੰਬ ਸੁੱਟਣ ਦਾ ਮੰਤਵ ਕਿਸੇ ਨੂੰ ਮਾਰਨਾ ਨਹੀਂ ਸੀ ਸਗੋਂ ਦੇਸ਼ ਦੇ ਹਾਕਮਾਂ ਨੂੰ ਭਾਰਤ ਦੀ ਆਜ਼ਾਦੀ ਲਈ ਵਾਕਫ਼ ਕਰਵਾਉਣਾ ਸੀ। ਇਕ ਇਸ਼ਤਿਹਾਰ ਬਣਾਇਆ ਗਿਆ, “ਬਹਿਰੋਂ ਕੋ ਸੁਨਾਨੇ ਕੇ ਲੀਏ ਜ਼ੋਰ ਜ਼ੋਰ ਸੇ ਪੁਕਾਰਨਾ ਪੜਤਾ ਹੈ” ਲਿਖਿਆ ਹੋਇਆ ਸੀ।

ਬੀ.ਕੇ. ਦੱਤ ਦੋ ਬੰਬ ਕਿਸੇ ਤਰ੍ਹਾਂ ਆਪਣੇ ਪਾਸ ਲੈ ਕੇ ਅਸੈਂਬਲੀ ਦੀ ਗੈਲਰੀ ਵਿਚ ਚਲੇ ਗਏ ਅਤੇ ਜਿਊਰੀ ਸਭਾ ਸ਼ੁਰੂ ਹੋਈ ਤਾਂ ਬੀ.ਕੇ.ਦੱਤ ਤੇ ਭਗਤ ਸਿੰਘ ਨੇ ਬੰਬ ਸੁੱਟ ਦਿੱਤੇ। ਹਾਲ ਵਿਚ ਧੂੰਆਂ ਹੀ ਧੂੰਆਂ ਭਰ ਗਿਆ ਅਤੇ ਇਸ਼ਤਿਹਾਰ ਭਗਤ ਸਿੰਘ ਨੇ ਅਸੈਂਬਲੀ ਹਾਲ ਵਿਚ ਸੁੱਟ ਦਿੱਤੇ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਾਰਾ ਹਾਲ ਗੂੰਜ ਉੱਠਿਆ। ਬਹੁਤ ਸਾਰੇ ਮੈਂਬਰ ਮੇਜ਼ਾਂ ਥੱਲੇ ਲੁਕ ਗਏ ਤੇ ਜਲਦੀ ਹੀ ਬੀ.ਕੇ. ਦੱਤ ਤੇ ਭਗਤ ਸਿੰਘ ਨੂੰ ਪੁਲਿਸ ਨੇ ਕੈਦ ਕਰ ਲਿਆ ਤੇ ਦੋਹਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ। ਇਹ ਗੱਲ 6 ਅਪ੍ਰੈਲ 1929 ਦੀ ਹੈ। ਦੋਨਾਂ ਕ੍ਰਾਂਤੀਕਾਰੀਆਂ ਨੇ ਇਕ ਇਕ ਬੰਬ ਸੁੱਟਿਆ। ਉਨ੍ਹਾਂ ਦੋਹਾਂ ਨੂੰ ਦਿੱਲੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।

8 ਮਈ 1929 ਨੂੰ ਦੋਹਾਂ ਨੂੰ ਅਦਾਲਤ ਲਿਆਂਦਾ ਗਿਆ ਤਾਂ ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜ ਮੁਰਦਾਬਾਦ ਦੇ ਨਾਹਰੇ ਲਾਏ। ਸੈਸ਼ਨ ਜੱਜ ਦੀ ਅਦਾਲਤ ਵਿਚ ਮੁਕੱਦਮਾ ਚੱਲਿਆ। ਉੱਥੇ ਵੀ ਉਸੇ ਤਰ੍ਹਾਂ ਭਗਤ ਸਿੰਘ ਤੇ ਬੀ.ਕੇ. ਦੱਤ ਪੇਸ਼ ਹੋਏ। ਮੌਕੇ ਦੇ ਕੁਝ ਚਸ਼ਮਦੀਦ ਗਵਾਹ ਪੇਸ਼ ਹੋਏ ਤੇ ਗਵਾਹੀ ਦਿੱਤੀ। ਇਸ ਕੇਸ ਵਿਚ ਬੀ.ਕੇ. ਦੱਤ ਅਤੇ ਭਗਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ। ਵਕੀਲ ਦੇ ਕਹਿਣ ’ਤੇ ਅਪੀਲ ਕੀਤੀ ਪਰ ਜੱਜ ਲਿਊਨਾਰਡ ਮਿਡਲਟਨ ਨੇ ਅਪੀਲ ਰੱਦ ਕਰ ਦਿੱਤੀ। ਉਨ੍ਹਾਂ ਨੂੰ 14 ਸਾਲ ਦੀ ਸਜ਼ਾ ਕੱਟਣ ਲਈ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਦੁਸਹਿਰੇ ਵਾਲੇ ਦਿਨ ਲਾਹੌਰ ਵਿਚ ਭੀੜ ਵਿਚ ਬੰਬ ਸੁੱਟਣ ਦਾ ਇਲਜ਼ਾਮ ਲਾ ਕੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਸੀ ਅਤੇ ਸਬੂਤ ਨਾ ਹੋਣ ਕਰਕੇ ਉਸ ਨੂੰ ਛੱਡ ਦਿੱਤਾ ਗਿਆ ਸੀ।

ਪੁਲਿਸ ਅਸੈਂਬਲੀ ਬੰਬ ਕਾਂਡ ਤੋਂ ਬਾਅਦ ਭਗਤ ਸਿੰਘ ਵਿਰੁੱਧ ਹੋਰ ਸਬੂਤ ਇਕੱਠੇ ਕਰ ਰਹੀ ਸੀ। ਸਹਾਰਨਪੁਰ ਅਤੇ ਲਾਹੌਰ ਵਿਚ ਛਾਪੇ ਮਾਰੇ। ਪੁਲਿਸ ਨੂੰ ਬੰਬ, ਪਿਸਤੌਲ ਅਤੇ ਕਾਰਤੂਸ ਮਿਲੇ। ਮੈਕਲਿਊਡ ਰੋਡ ਲਾਹੌਰ ਜੋ ਭਗਵਤੀ ਚਰਨ ਦੀ ਰਿਹਾਇਸ਼ ਸੀ, ਕਿਹਾ ਗਿਆ ਕਿ ਉੱਥੋਂ 22 ਬੰਬ ਮਿਲੇ ਸਨ। ਝਾਂਸੀ ਵਿੱਚੋਂ ਵੀ ਬੰਬ ਮਿਲੇ ਸਨ। ਇਸ ਤੋਂ ਸਪਸ਼ਟ ਹੈ ਕਿ ਕ੍ਰਾਂਤੀਕਾਰੀਆਂ ਵਿੱਚੋਂ ਹੀ ਕਿਸੇ ਨੇ ਪੁਲਿਸ ਨੂੰ ਬੰਬਾਂ ਦੇ ਕਾਰਖਾਨਿਆਂ ਦੀ ਸਹੀ ਜਾਣਕਾਰੀ ਦੇ ਦਿੱਤੀ ਸੀ। ਸਾਲਾਂ ਦੀ ਮਿਹਨਤ ਭੇਦ ਦੇ ਕੇ ਬਰਬਾਦ ਕਰ ਦਿੱਤੀ। ਇਹ ਬਹੁਤ ਹੀ ਭੈੜੀ ਗੱਲ ਸੀ ਕਿ ਉਹਦੇ ਸਾਥੀ ਜੋ ਜੈ ਗੋਪਾਲ ਤੇ ਹੰਸ ਰਾਜ ਵੋਹਰਾ ਵਾਹਦਾ ਮੁਆਫ਼ ਗਵਾਹ ਬਣ ਚੁੱਕੇ ਸਨ।

ਭਗਤ ਸਿੰਘ ਵਿਰੁੱਧ 21 ਮੁਕੱਦਮੇ ਸਨ। ਸਾਂਡਰਸ ਅਤੇ ਹਵਾਲਦਾਰ ਚੰਨਣ ਸਿੰਘ ਦੇ ਕਤਲ ਵਿਚ ਭਗਤ ਸਿੰਘ ਦੇ ਸ਼ਾਮਲ ਹੋਣ ਦਾ ਸ਼ੱਕ ਸੀ। ਪੁਲਿਸ ਅਧਿਕਾਰੀਆਂ ਨੇ ਉਸ ਦੇ ਵਿਰੁੱਧ ਦੋਸ਼ ਸਾਬਤ ਕਰਨ ਲਈ 600 ਗਵਾਹ ਬਣਾਏ ਹੋਏ ਸਨ। ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਤੇ ਬੀ.ਕੇ. ਦੱਤ ਨੂੰ ਲਾਹੌਰ ਦੀ ਬੋਰਸਟਲ ਜੇਲ੍ਹ ਵਿਚ ਭੇਜ ਦਿੱਤਾ। 12 ਮਾਰਚ ਨੂੰ ਉਹ ਆਪਣੀਆਂ ਜੇਲ੍ਹਾਂ ਵਿਚ ਪਹੁੰਚ ਗਏ ਅਤੇ 15 ਮਾਰਚ ਤੋਂ ਅੰਗਰੇਜ਼ ਜੇਲ੍ਹੀਆਂ ਤੋਂ ਬਹੁਤ ਹੀ ਘੱਟ ਸੁਵਿਧਾਵਾਂ ਭਾਰਤੀਆਂ ਜੇਲ੍ਹਰਾਂ ਨੂੰ ਮਿਲਦੀਆਂ ਸਨ। ਅਸੀਂ ਰਾਜਸੀ ਕੈਦੀ ਹਾਂ, ਸਾਨੂੰ ਸਾਰੀਆਂ ਸਹੂਲਤਾਂ, ਚੰਗੀ ਖੁਰਾਕ, ਲੀੜਾ ਕੱਪੜਾ ਦੇਣ ਲਈ ਭਗਤ ਸਿੰਘ ਨੇ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖਿਆ। ਜੇਲ੍ਹ ਵਿਚ ਅਹਿੰਸਾ ਦਾ ਹਥਿਆਰ ਭੁੱਖ ਹੜਤਾਲ ਕਰ ਦਿੱਤੀ। ਜਿਸ ਵਿਚ ਖ਼ੁਦ ਭਗਤ ਸਿੰਘ, ਸਾਂਡਰਸ ਕਤਲ ਕੇਸ ਵਿਚ ਹੋਰਨਾਂ ਨੌਜਵਾਨਾਂ ਦੇ ਨਾਲ ਭਗਤ ਸਿੰਘ ’ਤੇ ਮੁਕੱਦਮਾ 26 ਜੂਨ 1929 ਨੂੰ ਸ਼ੁਰੂ ਹੋਣਾ ਸੀ, ਇਸ ਕਰਕੇ ਹੀ ਭਗਤ ਸਿੰਘ ਮੀਆਂਵਾਲੀ ਵਾਲੀ ਜੇਲ੍ਹ ਵਿਚ ਭੇਜਿਆ ਗਿਆ ਸੀ। ਜੇਲ੍ਹ ਲਿਜਾਣ ਤੋਂ ਪਹਿਲਾਂ ਭਗਤ ਸਿੰਘ ਨੂੰ ਪੁਲਿਸ ਅਧਿਕਾਰੀ ਜੇਲ੍ਹ ਦੀ ਥਾਂ ਇਕੱਠੇ ਕੀਤੇ ਹੋਏ ਗਵਾਹਾਂ ਕੋਲ ਲੈ ਗਏ, ਜਿਨ੍ਹਾਂ ਨੇੜਿਓਂ ਗਵਾਹੀ ਸਮੇਂ ਪਛਾਨਣ ਲਈ ਉਸ ਨੂੰ ਵੇਖਿਆ। ਇਹ ਭੁੱਖ ਹੜਤਾਲ ਬਾਕੀ ਦੀ ਜੇਲ੍ਹ ਵਿਚ ਫੈਲ ਗਈ।

ਜੇਲ੍ਹ ਹੜਤਾਲ ਦੌਰਾਨ ਭਗਤ ਸਿੰਘ ਦੀ ਮੁਲਾਕਾਤ ਊਧਮ ਸਿੰਘ ਨਾਲ ਹੋਈ। ਉਸ ਨੇ ਜਨਰਲ ਡਾਇਰ ਨੂੰ ਵਿਸਾਖੀ 1919 ਵਾਲੇ ਦਿਨ ਕਤਲੇਆਮ ਕਰਨ ਦੇ ਦੋਸ਼ ਵਿਚ ਸਬਕ ਸਿਖਾਉਣ ਦੀ ਆਪਣੀ ਵਿਉਂਤ ਬਾਰੇ ਦੱਸਿਆ, (ਜੋ ਮਾਰਚ 1940 ਵਿਚ ਬੋਸਟਨ ਹਾਲ ਲੰਡਨ ਵਿਖੇ ਮੂੰਹ ਵਿਚ ਗੋਲੀਆਂ ਮਾਰ ਕੇ ਬਦਲਾ ਲਿਆ ਸੀ ਤੇ ਉਹ ਵੀ ਸ਼ਹੀਦ ਕਰ ਦਿੱਤਾ ਸੀ।) ਇਸੇ ਦੌਰਾਨ ਸੋਹਨ ਸਿੰਘ ਭਕਨਾ 15 ਸਾਲ ਦੀ ਕੈਦ ਭੁਗਤ ਕੇ ਰਿਹਾਅ ਹੋਣ ਵਾਲਾ ਸੀ। ਉਸ ਨੇ ਵੀ ਭਗਤ ਸਿੰਘ ਦੀ ਹਿਮਾਇਤ ਵਿਚ ਭੁੱਖ ਹੜਤਾਲ ਕਰ ਦਿੱਤੀ। ਉਸ ਦੀ ਕੈਦ ਫ਼ਰੰਗੀਆਂ ਨੇ ਤਿੰਨ ਸਾਲ ਹੋਰ ਵਧਾ ਦਿੱਤੀ। ਕਾਂਗਰਸ ਨੇ ਇਸ ਭੁੱਖ ਹੜਤਾਲ ਦਾ ਸਮਰਥਨ ਕੀਤਾ। ਦੇਸ਼ ਭਰ ਵਿਚ ਇਸ ਦੇ ਸਮਰਥਨ ਵਿਚ ਥਾਂ-ਥਾਂ ਰੈਲੀਆਂ, ਮੁਜ਼ਾਹਰੇ ਤੇ ਪ੍ਰਦਰਸ਼ਨ ਹੋਏ। ਜਵਾਹਰ ਲਾਲ ਨਹਿਰੂ ਨੇ ਭਗਤ ਸਿੰਘ ਦੀ ਮੁਲਾਕਾਤ ਕੀਤੀ ਅਤੇ ਮਿਸਟਰ ਮੁਹੰਮਦ ਅਲੀ ਜਿਨਾਹ ਨੇ ਜੋ ਕਾਂਗਰਸ ਨਾਲ ਨਰਾਜ਼ ਸਨ, ਉਨ੍ਹਾਂ ਭੁੱਖ ਹੜਤਾਲ ਦਾ ਨੈਸ਼ਨਲ ਅਸੈਂਬਲੀ (ਵਿਧਾਨ ਸਭਾ) ਵਿਚ ਭੁੱਖ ਹੜਤਾਲ ਦਾ ਮਾਮਲਾ ਉਡਾਇਆ। ਵਿਧਾਨ ਸਭਾ ਵਿਚ ਲੰਬੀ ਚੌੜੀ ਤਕਰੀਰ ਕੀਤੀ ਅਤੇ ਜੇਲ੍ਹਾਂ ਵਿਚ ਯੂਰਪੀਨ ਕੈਦੀਆਂ ਅਤੇ ਭਾਰਤੀਆਂ ਕੈਦੀਆਂ ਨਾਲ ਸਮਾਨ ਵਰਤਾਓ ਦੀ ਬੜੇ ਜ਼ੋਰ ਨਾਲ ਹਮਾਇਤ ਕੀਤੀ। ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਵਿਖੇ ਦਸ ਹਜ਼ਾਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਹੜਤਾਲੀਆਂ ਦੀ ਹਮਾਇਤ ਕੀਤੀ। 21 ਜੂਨ ਦਾ ਦਿਨ ਮੁਲਕ ਭਰ ਵਿਚ ਭਗਤ ਸਿੰਘ ਦੇ ਦਿਨ ਵਜੋਂ ਮਨਾਇਆ ਗਿਆ। ਹੜਤਾਲ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਲਈ ਫਰੰਗੀਆਂ ਦੀ ਸਰਕਾਰ ਨੇ ਲਾਹੌਰ ਸਾਜ਼ਿਸ਼ ਕੇਸ ਨਾਂ ਦਾ ਮੁਕੱਦਮਾ 10 ਜੁਲਾਈ 1929 ਨੂੰ ਬੋਰਸਟਨ ਜੇਲ੍ਹ ਲਾਹੌਰ ਵਿਚ ਸ਼ੁਰੂ ਕਰ ਦਿੱਤਾ। ਅੱਵਲ ਦਰਜ਼ਾ ਮੈਜਿਸਟਰੇਟ ਰਾਇ ਸਾਹਿਬ ਪੰਡਤ ਸ੍ਰੀ ਖ੍ਰਿਸ਼ਨ ਜੱਜ ਸਨ। ਭਗਤ ਸਿੰਘ ਅਤੇ 27 ਹੋਰਾਂ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ ਜੋ ਔਸਤ ਉਮਰ ਵਿਚ 22 ਸਾਲਾਂ ਦੇ ਸਨ। ਆਮ ਜਨਤਾ ਅੰਦਰ ਨਹੀਂ ਜਾ ਸਕਦੀ ਸੀ। ਉਨ੍ਹਾਂ ਦਾ ਇਕ ਸਾਥੀ ਜਤਿਨ 63 ਦਿਨਾਂ ਬਾਅਦ ਆਪਣਾ ਸਰੀਰ ਛੱਡ ਗਿਆ। ਉਸ ਵੇਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਬੰਗਾਲ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ 60 ਰੁਪਏ ਜਤਿਨ ਦੀ ਲਾਸ਼ ਨੂੰ ਕਲਕੱਤਾ ਲੈ ਜਾਣ ਲਈ ਭੇਜੇ ਅਤੇ ਇਸ ਪਿੱਛੋਂ 13 ਸਤੰਬਰ 1929 ਨੂੰ ਜੇ.ਐੱਨ. ਦਾਸ ਵੀ ਮਰ ਗਿਆ। ਉਸ ਨੂੰ ਵੀ ਕਲਕੱਤੇ ਪਹੁੰਚਾ ਦਿੱਤਾ ਗਿਆ। ਪੰਜ ਹੜਤਾਲੀਆਂ ਨੇ ਹੜਤਾਲ ਛੱਡ ਦਿੱਤੀ। ਹੁਣ ਸਿਰਫ਼ ਭਗਤ ਸਿੰਘ ਅਤੇ ਬੀ.ਕੇ. ਦੱਤ ਹੀ ਭੁੱਖ ਹੜਤਾਲ ’ਤੇ ਸਨ। ਜਤਿਨ ਅਤੇ ਜੇ.ਐੱਨ. ਦਾਸ ਦੀ ਮੌਤ ਤੋਂ ਬਾਅਦ ਰੋਹ ਜਾਗ ਪਿਆ। ਸਾਰੇ ਭਾਰਤ ਵਿਚ ਪ੍ਰਦਰਸ਼ਨ ਹੋਏ।

ਕੁਝ ਚਿਰ ਬਾਅਦ ਸਰਕਾਰ ਨੇ ਆਮ ਲੋਕਾਂ ਨੂੰ ਅਦਾਲਤ ਵਿਚ ਜਾਣ ਦੀ ਆਗਿਆ ਦੇ ਦਿੱਤੀ। ਇਸ ਵੇਲੇ ਤਕ ਭਗਤ ਸਿੰਘ ਤੇ ਉਸ ਦੇ ਸਾਥੀ ਨੌਜਵਾਨ ਵਿਦਿਆਰਥੀਆਂ ਵਿਚ ਕਾਫ਼ੀ ਹਰਮਨ ਪਿਆਰੇ ਹੋ ਚੁੱਕੇ ਸਨ। ਕਾਲਜਾਂ ਤੇ ਸਕੂਲਾਂ ਦੇ ਨੌਜਵਾਨ ਉਨ੍ਹਾਂ ਦੀ ਪੇਸ਼ੀ ਦੌਰਾਨ ਉਨ੍ਹਾਂ ਨਾਲ ਰਲ ਕੇ ਉਹ ਗੀਤ ਗਾਉਣਾ ਸ਼ੁਰੂ ਕਰ ਦਿੰਦੇ ਸਨ:

ਕਭੀ ਵੋਹ ਦਿਨ ਭੀ ਆਏਗਾ ਕਿ ਜਬ ਹਮ ਹੋਂਗੇ
ਯੇਹ ਅਪਨੀ ਹੀ ਜ਼ਮੀਂ ਹੋਗੀ ਯੇਹ ਅਪਨਾ ਹੀ ਆਸਮਾਂ ਹੋਗਾ

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ

ਅਗਲੇ ਦਿਨ ਗੀਤ ਗਾਉਦੇ:

ਸਰ ਫਿਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ।
ਵਕਤ ਆਨੇ ਦੋ ਬਤਾ ਦੇਂਗੇ ਤੁਝੇ ਐ ਅਸਮਾਨ
ਹਮ ਅਭੀ ਸੇ ਕਯਾ ਬਤਾਏਂ ਕਯਾ ਹਮਾਰੇ ਦਿਲ ਮੇਂ ਹੈ

ਮੁਲਜ਼ਮਾਂ ’ਤੇ ਆਦਮੀ ਹਥਿਆਰ ਤੇ ਅਸਲਾ ਇਕੱਠਾ ਕਰਕੇ ਸਰਕਾਰ ਦਾ ਤਖ਼ਤਾ ਪਲਟਣ ਦਾ ਇਲਜਾਮ ਲਗਾਇਆ। 122 ਤੇ 123 ਆਈ.ਪੀ.ਸੀ. 121, 121ਏ ਆਈ.ਪੀ.ਸੀ. ਧਮਾਕਾਖੇਜ਼ ਸਰਕਾਰੀ ਕਾਨੂੰਨ ਲਾ ਕੇ ਮੁਕੱਦਮਾ ਚਲਾਇਆ ਗਿਆ। ਭੁੱਖ ਹੜਤਾਲ 116 ਦਿਨ ਚੱਲੀ। ਅਖ਼ੀਰ ’ਤੇ ਬੀ.ਕੇ. ਦੱਤ ਅਤੇ ਭਗਤ ਸਿੰਘ ਹੀ ਰਹਿ ਗਏ ਸਨ। ਲੈ ਦੇ ਕੇ ਮਤਲਬ ਸਮਝੌਤਾ ਕਰਕੇ ਹੜਤਾਲ ਵਾਪਸ ਹੋ ਗਈ। ਸਰਕਾਰ ਨੇ ਇਕ ਚਲਾਕੀ ਕੀਤੀ। ਫ਼ਰੰਗੀ ਕ੍ਰਾਂਤੀਕਾਰੀਆਂ ਨੂੰ ਗੁੱਠੇ ਲਾਉਣ ਲਈ ਟ੍ਰਿਬਿਊਨਲ ਬਣਾ ਦਿੱਤੀ, ਜਿਹਦੇ ਤਿੰਨ ਮੈਂਬਰ ਜਸਟਿਸ ਜੇ. ਕੋਲਡਸਟਰੀਮ, ਆਗਾ ਹੈਦਰ ਤੇ ਜੇ.ਸੀ. ਹਿਲਟਨ ਸਨ। 40 ਕੁਰਸੀਆਂ ਕਮਰੇ ਵਿਚ ਡਿੱਠੀਆਂ ਹੋਈਆਂ ਸਨ ਅਤੇ ਬੈਠਣ ਵਾਲਿਆਂ ਵਿਚ ਸ. ਕਿਸ਼ਨ ਸਿੰਘ, ਭਗਤ ਸਿੰਘ ਦੇ ਪਿਤਾ ਜੀ ਵੀ ਸਨ। ਭਗਤ ਸਿੰਘ ਸਾਂਡਰਸ ਕਾਂਡ ਦੇ 28 ਮੁਲਜ਼ਮ ਸਨ, 18 ਹਾਜ਼ਰ ਹਨ, 5 ਭਗੌੜੇ ਤੇ 5 ਵਾਹਦਾ ਮੁਆਫ਼ ਗਵਾਹ ਹਨ। ਉਨ੍ਹਾਂ ਵਿਚ ਮੁੱਖ ਭਗਤ ਸਿੰਘ, ਸ਼ਿਵਰਾਮ, ਰਾਜਗੁਰੂ, ਸੁਖਦੇਵ ਥਾਪਰ, ਕਿਸ਼ੋਰੀ ਲਾਲ ਰਤਨ, ਦੇਸ ਰਾਜ, ਜੈਦੇਵ, ਪ੍ਰੇਮ ਦੱਤ, ਗਯਾ ਪ੍ਰਸਾਦ, ਅਜੈ ਕੁਮਾਰ, ਕੁੰਦਨ ਲਾਲ, ਜਤਿੰਦਰਨਾਥ ਸਨਿਆਲ ਸਨ। ਤਕਰੀਬਨ ਇਨ੍ਹਾਂ ਸਾਰਿਆਂ ਕਾਨੂੰਨੀ ਸਹਾਇਤਾ ਲੈਣ ਤੋਂ ਇਨਕਾਰ ਕੀਤਾ। ਟ੍ਰਿਬਿਊਨਲ ਅੱਗੇ ਪੇਸ਼ ਕਰਕੇ ਕੋਈ ਉਨ੍ਹਾਂ ਦੀ ਗੱਲ ਨਹੀਂ ਸੀ ਸੁਣੀ ਜਾਂਦੀ ਤਾਂ ਉਹ ਸਾਰੇ ਉਸ ਅੱਗੇ ਪੇਸ਼ ਹੋਣ ਬਾਗੀ ਹੋ ਗਏ। ਉਨ੍ਹਾਂ ਨੂੰ ਇਹ ਪਤਾ ਸੀ ਕਿ ਫ਼ਰੰਗੀਆਂ ਨੇ ਉਨ੍ਹਾਂ ਨੂੰ ਛੱਡਣਾ ਤਾਂ ਨਹੀਂ, ਸਜ਼ਾ ਤਾਂ ਦੇਣੀ ਹੈ। ਇਹ ਸਰਕਾਰ ਦੇ ਟ੍ਰਿਬਿਊਨਲ ਨੂੰ ਆਰਡਰ ਸਨ। ਕੇਸ ਵਿਚ ਵਾਹਦਾ ਮੁਆਫ਼ ਗਵਾਹ ਜੈ ਗੋਪਾਲ, ਪੀ.ਐੱਨ.ਘੋਸ਼, ਹੰਸਰਾਜ ਵੋਹਰਾ ਤੇ ਲਲਿਤ ਮੁਕਰਜੀ ਸਨ। ਇਹ ਮੁਕੱਦਮਾ 5 ਮਈ 1930 ਨੂੰ ਸ਼ੁਰੂ ਹੋ ਕੇ 10 ਸਤੰਬਰ ਨੂੰ ਸਮਾਪਤ ਹੋਇਆ। ਸਾਰੀ ਕਾਰਵਾਈ ਇਕਤਰਫ਼ਾ ਹੋਈ। 7 ਅਕਤੂਬਰ 1930 ਨੂੰ ਟ੍ਰਿਬਿਊਨਲ ਦੀ ਤਿੰਨ ਹਫ਼ਤੇ ਮੁਨਿਆਦ ਪੁੱਗਣ ਤੋਂ ਪਹਿਲਾਂ ਆਪਣਾ ਫ਼ੈਸਲਾ ਸੁਣਾ ਦਿੱਤਾ। ਅਜੇ ਘੋਸ਼, ਸਤਿੰਦਰਨਾਥ ਘੋਸ਼ ਤੇ ਦੇਸ ਰਾਜ ਬਰੀ ਕਰ ਦਿੱਤੇ ਗਏ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕਿਸ਼ੋਰੀ ਲਾਲ, ਮਹਾਂਬੀਰ ਸਿੰਘ, ਬਿਜੈ ਕੁਮਾਰ ਸਿਨਹਾ, ਸ਼ਿਵ ਕੁਮਾਰ, ਗਯਾ ਪ੍ਰਸਾਦ, ਜੈ ਦੇਵ ਤੇ ਕਮਲਨਾਥ ਤਿਵਾੜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕੁੰਦਨ ਲਾਲ ਨੂੰ 7 ਸਾਲ ਅਤੇ ਪ੍ਰੇਮ ਦੱਤ ਨੂੰ 5 ਸਾਲ ਦੀ ਸਜ਼ਾ ਦਿੱਤੀ ਗਈ। ਆਖ਼ਰੀ ਮੁਲਾਕਾਤ ਲਈ ਤਿੰਨਾਂ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਰਿਸ਼ਤੇਦਾਰਾਂ ਨੂੰ ਸੱਦਿਆ ਗਿਆ। ਇਹ ਗੱਲ 23 ਮਾਰਚ 1931 ਸਵੇਰ ਦੀ ਹੈ। ਇਸ ਵਕਤ ਸੁਖਦੇਵ ਅਤੇ ਰਾਜਗੁਰੂ ਦੇ ਸਭ ਰਿਸ਼ਤੇਦਾਰ ਆਏ ਸਨ ਪਰ ਮਿਲਣ ਦੀ ਆਗਿਆ ਬਹੁਤ ਥੋੜ੍ਹਿਆਂ ਨੂੰ ਮਿਲੀ। ਰਿਸ਼ਤੇਦਾਰਾਂ ਨੂੰ ਫਾਂਸੀ ਦੇਣ ਦੇ ਸਮੇਂ ਤੇ ਸਥਾਨ ਬਾਰੇ ਕੋਈ ਨਿਸ਼ਚਤ ਜਾਣਕਾਰੀ ਨਹੀਂ ਦਿੱਤੀ ਗਈ। ਲੋਕਾਂ ਵੱਲੋਂ ਲਾਹੌਰ ਜੇਲ੍ਹ ਦੇ ਬਾਹਰ ਇਹ ਦਿਨ ਬਿਨਾਂ ਪਤੇ ਦੇ ਖ਼ਤਮ ਹੋ ਗਿਆ।

ਭਗਤ ਸਿੰਘ, ਰਾਜਗੁਰੂ, ਸੁਖਦੇਵ 23.3.1931 ਨੂੰ ਅੱਜ ਸੰਤਰੀ ਚੜ੍ਹਤ ਸਿੰਘ ਦੇ ਕਹਿਣ ਅਨੁਸਾਰ ਉਹ ਆਪਣੀਆਂ ਕੋਠੜੀਆਂ ਵਿਚ ਚਲੇ ਗਏ। ਬਰਕਤ ਹੱਜ਼ਾਮ ਜੇਲ੍ਹ ਅਧਿਕਾਰੀ ਕੈਦੀਆਂ ਨੂੰ ਕੰਨਾਂ ਕੰਨਾਂ ਵਿਚ ਭਗਤ ਸਿੰਘ ਤੇ ਸਾਥੀਆਂ ਨੂੰ ਅੱਜ ਰਾਤ ਨੂੰ ਫਾਂਸੀ ਦੇਣ ਦੇ ਹੁਕਮਾਂ ਬਾਰੇ ਦੱਸ ਰਿਹਾ ਸੀ। ਬਰਕਤ ਅੱਜ ਉਦਾਸ ਸੀ। ਰਾਜਸੀ ਕੈਦੀਆਂ ਨੇ ਭਗਤ ਸਿੰਘ ਨੂੰ ਪੁੱਛਿਆ ਕਿ ਤੁਸੀਂ ਆਪਣੇ ਬਚਾਅ ਲਈ ਯਤਨ ਕਿਉਂ ਨਹੀਂ ਕੀਤੇ। ਭਗਤ ਸਿੰਘ ਨੇ ਆਖਿਆ ਕੁਰਬਾਨ ਹੋ ਕੇ ਉਹ ਆਪਣੇ ਆਦਰਸ਼ ਦੀ ਰਾਖੀ ਜ਼ਿਆਦਾ ਕਰ ਸਕਦੇ ਹਨ। ਜੇਲ੍ਹ ਤੋਂ ਬਾਹਰ ਫਾਂਸੀ ਦੇਣ ਦੀ ਖ਼ਬਰ ਕਿਸੇ ਨੂੰ ਨਹੀਂ ਸੀ। ਤਿੰਨਾਂ ਕ੍ਰਾਂਤੀਕਾਰੀਆਂ ਨੂੰ ਦੱਸ ਦਿੱਤਾ ਗਿਆ ਕਿ 24 ਮਾਰਚ 1931 ਸਵੇਰੇ 6 ਵਜੇ ਦੀ ਥਾਂ ’ਤੇ ਰਾਤ ਸ਼ਾਮ 7 ਵਜੇ 23 ਮਾਰਚ 1931 ਦੇ ਦਿਨ ਉਨ੍ਹਾਂ ਨੂੰ ਫਾਂਸੀ ਲਾ ਦਿੱਤੀ ਜਾਵੇਗੀ। ਇਹ ਫਾਂਸੀ 11 ਘੰਟੇ ਅਗੇਤੀ ਕਰ ਦਿੱਤੀ ਗਈ। ਇਹ ਹੁਕਮ ਸੁਣ ਕੇ ਤਿੰਨੇ ਜਣੇ ਗਲ ਲੱਗ ਕੇ ਮਿਲੇ ਤੇ ਫਿਰ ਵੀ ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ ਦੇ ਨਾਹਰੇ ਲਾਉਂਦੇ ਹੋਏ ਫਾਂਸੀ ਦੇ ਫੰਧਿਆਂ ਤਕ ਪਹੁੰਚ ਗਏ। ਭਗਤ ਸਿੰਘ ਵਿਚਕਾਰ ਸੀ, ਤਿੰਨੇ ਫਾਂਸੀ ਦੇ ਤਖ਼ਤਿਆਂ ਨੂੰ ਚੁੰਮ ਕੇ ਸਦਾ ਲਈ ਅਮਰ ਹੋ ਗਏ। ਹਿੰਦੁਸਤਾਨ ਉਨ੍ਹਾਂ ਦੀ ਦੇਣ ਨਹੀਂ ਦੇ ਸਕਦਾ। ਇਹ ਸਾਰਾ ਕੰਮ ਫ਼ਰੰਗੀਆਂ ਨੇ ਗੜਬੜ ਤੋਂ ਡਰਦਿਆਂ ਕੀਤਾ। ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਤਲੁਜ ਦੇ ਕੰਢੇ ’ਤੇ ਗੰਡਾ ਸਿੰਘ ਵਾਲਾ, ਹੁਸੈਨੀਵਾਲਾ ਨੇੜੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਅਤੇ ਬਾਕੀ ਕੱਚੇ ਪੱਕੇ ਸਰੀਰ ਸਤਲੁਜ ਦਰਿਆ ਵਿਚ ਸੁੱਟ ਦਿੱਤੇ। ਉਹ ਦੇਸ਼ ਦੇ ਨੌਜਵਾਨ ਵਿਦਿਆਰਥੀਆਂ, ਕਿਸਾਨਾਂ, ਮੁਲਾਜ਼ਮਾਂ ਲਈ ਆਦਰਸ਼ ਮਾਡਲ ਦੇ ਰੂਪ ਵਿਚ ਸਦਾ ਲਈ ਪ੍ਰੇਰਨਾ ਸ੍ਰੋਤ ਰਹਿਣਗੇ ਤੇ ਉਨ੍ਹਾਂ ਦੀ ਰਾਜਨੀਤਕ, ਆਰਥਿਕ ਤੇ ਸਮਾਜਿਕ ਤੌਰ ’ਤੇ ਅਗਵਾਈ ਕਰਦੇ ਰਹਿਣਗੇ। ਉਹ ਸਵੱਛ, ਭ੍ਰਿਸ਼ਟਾਚਾਰ ਰਹਿਤ, ਫ਼ਿਰਕਾਪ੍ਰਸਤੀ ਰਹਿਤ, ਆਜ਼ਾਦ, ਦੇਸ਼ ਭਗਤ ਨੇਤਾਵਾਂ, ਘੁਟਾਲਿਆਂ ਰਹਿਤ, ਇਮਾਨਦਾਰਾਂ, ਫਿਰਕੂ ਸਦਭਾਵਨਾ ਵਾਲੇ ਸੁਤੰਤਰ ਭਾਰਤ ਦੀ ਕਾਮਨਾ ਕਰਦੇ ਸਨ ਪਰ ਅਫ਼ਸੋਸ ਕਿ ਫਰੰਗੀਆਂ ਦੇ ਟਾਊਟਾਂ ਅਜਿਹਾ ਕੁਝ ਨਹੀਂ ਕੀਤਾ।

ਭਗਤ ਸਿੰਘ ਨੂੰ ਡਰ ਸੀ ਕਿ ਜੇਕਰ ਲਾਲਾ ਲਾਜਪਤ ਰਾਏ ਵਾਲਾ ਵੰਡ ਦਾ ਵਿਚਾਰ ਅਸਲੀਅਤ ਬਣ ਗਿਆ ਤਾਂ ਇਹ ਦੇਸ਼ ਲਈ ਤਬਾਹਕੁੰਨ ਹੋਵੇਗਾ। ਦੇਸ਼ ਵਿਚ ਖ਼ੂਨ ਖ਼ਰਾਬਾ ਹੋਵੇਗਾ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਇਹ ਮੁਲਕ ਸਦੀਵੀ ਯੁੱਧ ਵਿਚ ਉਲਝੇ ਰਹਿਣਗੇ। ਉਨ੍ਹਾਂ ਦਾ ਸਾਰਾ ਧਿਆਨ ਇਕ ਦੂਜੇ ਨਾਲ ਲੜਨ ਲਈ ਹਥਿਆਰ ਇਕੱਤਰ ਕਰਨ ਵੱਲ ਕੇਂਦ੍ਰਿਤ ਹੋਵੇਗਾ। ਉਹ ਦੋਵੇਂ ਮੁਲਕ ਇਕ ਦੂਜੇ ਦੀ ਬਾਹਰੀ ਅਤੇ ਅੰਦਰੂਨੀ ਸ਼ਾਂਤੀ ਭੰਗ ਕਰਨ ਲਈ ਹਰ ਸਮੇਂ ਤਤਪਰ ਹੋਣਗੇ। ਧਰਮ ਉਨ੍ਹਾਂ ਦੀ ਡੰਗੋਰੀ ਹੈ, ਜਿਨ੍ਹਾਂ ਨੂੰ ਆਪਣੀ ਹੋਸ਼ ਨਹੀਂ ਹੈ।

ਸ਼ਹੀਦ ਭਗਤ ਸਿੰਘ ਦੀ ਭਵਿੱਖਬਾਣੀ ਬਿਲਕੁਲ ਸੱਚ ਸਾਬਤ ਹੋਈ। ਨਾ ਇਸ ਬਾਰੇ ਪੰਡਤ ਜਵਾਹਰ ਲਾਲ ਨੇ ਸੋਚਿਆ ਅਤੇ ਨਾ ਮਿਸਟਰ ਮੁਹੰਮਦ ਅਲੀ ਜਿਨਾਹ ਨੇ ਭਗਤ ਸਿੰਘ ਦੇ ਵਿਚਾਰ ਬਾਰੇ ਵਿਚਾਰ ਕੀਤਾ। ਫਰੰਗੀ ਤਾਂ ਇਹ ਚਾਹੁੰਦੇ ਹੀ ਸਨ, ਪਰ ਇਨ੍ਹਾਂ ਦੋਨੋਂ ਆਗੂਆਂ ਨੇ ਭਾਰਤ ਦੀ ਪ੍ਰਭੂਸਤਾ ਦਾ ਖ਼ਿਆਲ ਨਾ ਰੱਖਿਆ। ਆਜ਼ਾਦੀ ਮਿਲਣ ਦਾ ਚਾਅ ਕਿਰਕਰਾ ਹੋ ਗਿਆ। ਪੰਜਾਬ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨਾਂ ਵਿਚ ਟਕਰਾਅ ਨੇ ਹਜ਼ਾਰਾਂ ਜਾਨਾਂ ਗਵਾ ਦਿੱਤੀਆਂ ਤੇ ਬਦਮਾਸ਼ਾ ਅਤੇ ਲੁਟੇਰਿਆਂ ਨੇ ਇਸ ਪਾਟੋ-ਧਾੜ ਦਾ ਫ਼ਾਇਦਾ ਉਠਾ ਕੇ ਮਾਰਧਾੜ ਕਰਕੇ ਲੋਕਾਂ ਨੂੰ ਖ਼ੂਬ ਲੁੱਟਿਆ ਅਤੇ ਮੌਤ ਦਾ ਤਾਂਡਵ ਨਾਚ ਨੱਚਿਆ ਗਿਆ। ਇਸ ਤੋਂ ਅੱਜ ਤਕ ਭਾਰਤ ਦੀ ਕਿਸੇ ਸਰਕਾਰ ਨੇ ਲੋਕ ਭਲਾਈ ਵੱਲ ਘੱਟ ਹੀ ਸੋਚਿਆ ਹੈ। ਉਨ੍ਹਾਂ ਦਾ ਘੁਟਾਲਿਆਂ ਵੱਲ ਖ਼ਿਆਲ ਰਿਹਾ ਹੈ। ਮੰਤਰੀ ਅਤੇ ਅਫ਼ਸਰ ਭ੍ਰਿਸ਼ਟਾਚਾਰ ਕਰਕੇ ਮਾਇਆ ਬਣਾਉਣ ਵੱਲ ਕੇਂਦ੍ਰਿਤ ਰਹੇ। ਵੱਢੀਖੋਰ ਅਫ਼ਸਰ ਤੇ ਮੰਤਰੀ ਪ੍ਰਾਂਤਾਂ ਅਤੇ ਕੇਂਦਰ ਦੇ, ਕਮਿਸ਼ਨ ਖਾਣ ਵਿਚ ਰੁੱਝੇ ਰਹੇ। ਲੋਕ ਹਿਤ ਦੀਆਂ ਸਕੀਮਾਂ ਦਾ ਪੈਸਾ ਇਨ੍ਹਾਂ ਰਾਜਨੀਤਕ ਮਕਸਦ ਲਈ ਵਰਤਿਆ ਅਰਥਾਤ 70 ਸਾਲ ਆਜ਼ਾਦੀ ਦੇ ਬੇਈਮਾਨੀਆਂ, ਹੇਰਾਫੇਰੀਆਂ, ਅਸਮਾਜੀ ਕੰਮਾਂ, ਆਪਣੀਆਂ ਕੁਰਸੀਆਂ ਬਚਾਉਣ ਲਈ ਹਰ ਹਰਬੇ ਵਰਤ ਕੇ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਮਾਇਆ ਇਕੱਠੀ ਕਰਨ, ਬਾਹਰਲੇ ਦੇਸ਼ਾਂ ਦੇ ਬੈਂਕਾਂ ਵਿਚ ਜਮ੍ਹਾਂ ਕਰਾਉਣ ਆਦਿ ਵਿਚ ਰੁੱਝੇ ਰਹੇ। ਨਾ ਉਨ੍ਹਾਂ ਨੂੰ ਗ਼ਰੀਬਾਂ, ਨਾ ਕਿਸਾਨਾਂ, ਨਾ ਬੇਰੁਜ਼ਗਾਰਾਂ, ਨਾ ਮੁਲਾਜ਼ਮਾਂ, ਨਾ ਮਜ਼ਦੂਰਾਂ ਦਾ ਖ਼ਿਆਲ ਆਇਆ। ਸਿਰਫ਼ ਹਰ ਹੀਲੇ ਕੁਰਸੀ ਕਾਇਮ ਰੱਖਣ ਦੇ ਚੱਕਰ ਵਿਚ ਉਹ ਭਾਰਤ ਦੀ ਜਨਤਾ ਨਾਲ ਖਿਲਵਾੜ ਕਰਦੇ ਰਹੇ ਹਨ। ਸਾਡੇ ਨੇਤਾਵਾਂ ਨੂੰ ਸੋਚਣ ਦੀ ਲੋੜ ਹੈ, ਨਹੀਂ ਤਾਂ ਭਾਰਤ ਇਕ ਇਹੋ ਜਿਹੀ ਆਰਥਿਕ ਗ਼ੁਲਾਮੀ ਦੀ ਲਪੇਟ ਵਿਚ ਆ ਰਿਹਾ ਹੈ, ਜਿਹੜੀ ਕਿ ਇਹ ਗ਼ੁਲਾਮੀ ਫਰੰਗੀਆਂ ਦੀ ਗ਼ੁਲਾਮੀ ਨਾਲੋਂ ਵੀ ਭੈੜੀ ਹੋਵੇਗੀ, ਜਿਸ ’ਤੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਆਤਮਾਵਾਂ ਨੂੰ ਜ਼ਰੂਰ ਦੁੱਖ ਹੋਵੇਗਾ।

*****

(643)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਰੰਧਾਵਾ

ਪ੍ਰਿੰ. ਗੁਰਦੀਪ ਸਿੰਘ ਰੰਧਾਵਾ

Brampton, Ontario, Canada.
Phone: (647 - 821 - 7170)