UjagarSingh7“ਇਸ ਵਾਰ ਸਾਰੀ ਚੋਣ ਨੌਜਵਾਨਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਕਿਉਂਕਿ ਆਮ ਕਿਹਾ ਜਾਂਦਾ ਸੀ ਕਿ ...”
(16 ਮਾਰਚ 2017)

 

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬੀਆਂ ਨੇ ਸਿਆਣਪ ਦਾ ਸਬੂਤ ਦਿੰਦਿਆਂ ਦਲੇਰੀ ਵਾਲਾ ਫ਼ੈਸਲਾ ਕੀਤਾ ਹੈ ਕਿਉਂਕਿ ਪੰਜਾਬ ਦੀ ਡੁੱਬਦੀ ਬੇੜੀ ਨੂੰ ਆਰਥਿਕ ਮੰਦਹਾਲੀ ਵਿੱਚੋਂ ਇੱਕੋ ਇੱਕ ਧੜੱਲੇਦਾਰ ਲੀਡਰ ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਹੜਾ ਬਾਹਰ ਕੱਢਕੇ ਪੰਜਾਬੀਆਂ ਦੀ ਬਾਂਹ ਫੜਨ ਦੀ ਸਮਰੱਥਾ ਰੱਖਦਾ ਹੈ। ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਕਰਕੇ ਪੰਜਾਬ ਦੇ ਲੋਕ ਇਨਸਾਫ ਤੋਂ ਵਿਹੂਣੇ ਹੋ ਗਏ ਸਨ। ਹਲਕਾ ਇਨਚਾਰਜ ਹਲਕੇ ਪਏ ਸਨ, ਜਿਨ੍ਹਾਂ ਆਪਣੀਆਂ ਝੋਲੀਆਂ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਕੱਟਕੇ ਭਰ ਲਈਆਂ ਸਨ। ਅਧਿਕਾਰੀਆਂ, ਖਾਸ ਤੌਰ ’ਤੇ ਪੁਲਿਸ ਨੇ ਅਕਾਲੀ ਦਲ ਦੀ ਅਸਫਲਤਾ ਅਤੇ ਭ੍ਰਿਸ਼ਟਾਚਾਰ ਵਿਚ ਗੜੂੰਦ ਹੋਣ ਦਾ ਲਾਭ ਉਠਾਕੇ ਮਨਮਾਨੀਆਂ ਕੀਤੀਆਂ ਸਨ।

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਪ੍ਰਵਾਨ ਕਰਦਿਆਂ ਠੋਸ ਬਹੁਮਤ ਦੇ ਕੇ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਕੀਤੀ ਹੈ। ਪੰਜਾਬ ਦੇ ਹਾਲਾਤ ਹੀ ਅਜਿਹੇ ਬਣ ਗਏ ਸਨ ਕਿ ਦਲੇਰ, ਧੜੱਲੇਦਾਰ, ਪੜ੍ਹੇ ਲਿਖੇ, ਸਖ਼ਤ ਅਤੇ ਸਫਲ ਪ੍ਰਬੰਧਕੀ ਤਜ਼ਰਬੇ ਵਾਲੇ ਸਿਆਸਤਦਾਨ ਦੀ ਅਗਵਾਈ ਦੀ ਲੋੜ ਸੀ ਕਿਉਂਕਿ ਪੰਜਾਬ ਸਿਰ ਇਸ ਸਮੇਂ 1 ਲੱਖ 78 ਕਰੋੜ ਰੁਪਏ ਦਾ ਕਰਜ਼ਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੰਜਾਬ ਦੇ ਵੋਟਰਾਂ ਨੂੰ ਹੋਰ ਕੋਈ ਅਜਿਹਾ ਸਿਆਸਤਦਾਨ ਨਹੀਂ ਲੱਭਿਆ ਜਿਹੜਾ ਕਰੜੇ ਹੱਥੀਂ ਫ਼ੈਸਲੇ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਲੀਹੇ ਪਾ ਸਕਦਾ ਹੋਵੇ। ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਉਨ੍ਹਾਂ ਜਿੰਨੇ ਵੱਡੇ ਸਿਆਸੀ ਕੱਦ ਵਾਲਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੋਲ ਕੋਈ ਨੇਤਾ ਹੈ ਹੀ ਨਹੀਂ ਸੀ। ਇਹ ਜਿੱਤ ਇੱਕ ਕਿਸਮ ਨਾਲ ਪੰਜਾਬ ਕਾਂਗਰਸ ਦੀ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਹੀ ਜਿੱਤ ਕਹੀ ਜਾ ਸਕਦੀ ਹੈ ਕਿਉਂਕਿ ਵੋਟਰਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਵਿਲੱਖਣ ਸ਼ਖ਼ਸੀਅਤ ਨੂੰ ਹੀ ਵੋਟਾਂ ਪਾਈਆਂ ਹਨ।

ਇਸ ਫੈਸਲੇ ਤੋਂ ਬਾਅਦ ਇਉਂ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਵੋਟਰ ਵੀ ਹੁਣ ਸੁਚੇਤ, ਸੁੱਘੜ ਅਤੇ ਸੰਜੀਦਾ ਬਣ ਗਏ ਲਗਦੇ ਹਨ, ਜਿਨ੍ਹਾਂ ਤ੍ਰਿਸ਼ੰਕੂ ਨਤੀਜੇ ਆਉਣ ਦੀਆਂ ਸਾਰੀਆਂ ਕਿਆਸ ਅਰਾਈਆਂ ਨੂੰ ਠੱਲ ਪਾਕੇ ਸ਼ਪਸ਼ਟ ਬਹੁਮੱਤ ਦਿੱਤਾ ਹੈ। ਪਿਛਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਭਾਵੇਂ 48 ਸੀਟਾਂ ਜਿੱਤਕੇ 40 ਫੀਸਦੀ ਵੋਟਾਂ ਪ੍ਰਾਪਤ ਕਰਕੇ ਵੀ ਹਾਰ ਗਈ ਸੀ, ਪ੍ਰੰਤੂ ਇਸ ਵਾਰੀ 38.5 ਫੀਸਦੀ ਵੋਟਾਂ ਲੈ ਕੇ 77 ਸੀਟਾਂ ਤੋਂ ਜਿੱਤਕੇ ਰਾਜ ਭਾਗ ਤੇ ਕਾਬਜ਼ ਹੋ ਗਈ ਹੈ। ਆਮ ਆਦਮੀ ਪਾਰਟੀ 24 ਫੀਸਦੀ ਵੋਟਾਂ ਲੈ ਕੇ 20 ਸੀਟਾਂ, ਅਕਾਲੀ ਦਲ 25 ਫੀਸਦੀ ਵੋਟਾਂ ਨਾਲ 15 ਅਤੇ ਭਾਰਤੀ ਜਨਤਾ ਪਾਰਟੀ 1.5 ਫੀਸਦੀ ਵੋਟਾਂ ਨਾਲ 3 ਸੀਟਾਂ ਜਿੱਤ ਸਕੀ ਹੈ। 2 ਸੀਟਾਂ ਲੋਕ ਇਨਸਾਫ ਪਾਰਟੀ ਨੇ ਜਿੱਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਸਰਕਾਰ ਬਣਾਉਣ ਦਾ ਰੌਲਾ-ਗੌਲਾ ਸੀ ਉਸਦੇ 26 ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਹਨ।

ਕੁੱਲ 1146 ਉਮੀਦਵਾਰਾਂ ਵਿੱਚੋਂ 820 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਜਿਨ੍ਹਾਂ ਵਿਚ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਸੇਵਾ ਮੁਕਤ ਜਨਰਲ ਜੇ.ਜੇ. ਸਿੰਘ, ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅਤੇ ਹਿੰਮਤ ਸਿੰਘ ਸ਼ੇਰਗਿੱਲ, ਅਕਾਲੀ ਦਲ ਮਾਨ ਦੇ ਪਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਮਾਨ ਦਲ ਦੇ ਸਾਰੇ ਉਮੀਦਵਾਰਾਂ ਅਤੇ ਆਪ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਸਮੇਤ ਸਾਰੇ ਉਮੀਦਵਾਰ ਵੀ ਸ਼ਾਮਲ ਹਨ। ਬਹੁਜਨ ਸਮਾਜ ਪਾਰਟੀ ਦੇ ਅਵਤਾਰ ਸਿੰਘ ਕਰੀਮਪੁਰੀ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। 11 ਉਮੀਦਵਾਰਾਂ ਨੂੰ 100 ਤੋਂ ਵੀ ਘੱਟ ਵੋਟਾਂ ਪਈਆਂ ਹਨ।

ਹੈਰਾਨੀ ਦੀ ਗੱਲ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੂੰ 1500 ਤੋਂ ਵੀ ਘੱਟ ਵੋਟਾਂ ਪਈਆਂ ਹਨ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਇੱਕ ਲੱਖ ਵੋਟਰਾਂ ਨੇ ‘ਨੋਟਾ’ ਦੀ ਵਰਤੋਂ ਕਰਕੇ ਸਾਰੇ ਉਮੀਦਵਾਰਾਂ ਨੂੰ ਅਪ੍ਰਵਾਨ ਕਰ ਦਿੱਤਾ ਹੈ।

ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਜ਼ਿਆਦਾ 52407 ਵੱਧ ਵੋਟਾਂ ਅਤੇ ਦਵਿੰਦਰ ਸਿੰਘ ਘੁਬਾਇਆ ਸਭ ਤੋਂ ਘੱਟ 265 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਕਾਂਗਰਸ ਦੇ 7 ਉਮੀਦਵਾਰ 30 ਹਜ਼ਾਰ ਤੋਂ ਵੱਧ ਅਤੇ 35 ਉਮੀਦਵਾਰ 20 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਹਨ। ਕਾਂਗਰਸ ਨੇ 34 ਰਾਖਵੀਆਂ ਸੀਟਾਂ ਵਿੱਚੋਂ 20 ਸੀਟਾਂ ਜਿੱਤਕੇ ਇਨ੍ਹਾਂ ਵਰਗਾਂ ਦੇ ਵੋਟਰਾਂ ਨੂੰ ਆਪਣੇ ਨਾਲ ਜੋੜ ਲਿਆ ਹੈ। 2012 ਵਿਚ ਕਾਂਗਰਸ ਨੇ 10 ਰਾਖਵੀਆਂ ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਦਾ ਨੌਕਰੀ ਵਿੱਚੋਂ ਕੱਢਿਆ ਲਾਈਨਮੈਨ ਪਿਰਮਲ ਸਿੰਘ ਧੌਲਾ ਭਦੌੜ ਤੋਂ ਅਕਾਲੀ ਦਲ ਦੇ ਅਤੇ ਰੋਪੜ ਤੋਂ ਅਮਰਜੀਤ ਸਿੰਘ ਟੈਕਸੀ ਡਰਾਈਵਰ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਹਰਾਕੇ ਵਿਧਾਨਕਾਰ ਬਣ ਗਿਆ ਹੈ। ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 12 ਮੰਤਰੀਆਂ ਤੋਂ ਇਲਾਵਾ ਭਗਵੰਤ ਮਾਨ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਸੁੱਚਾ ਸਿੰਘ ਛੋਟੇਪੁਰ ਅਤੇ ਹਿੰਮਤ ਸਿੰਘ ਸ਼ੇਰਗਿੱਲ ਚੋਣ ਹਾਰ ਗਏ ਹਨ।

ਕਾਂਗਰਸ ਪਾਰਟੀ ਦੇ ਇੱਕ ਦਰਜਨ ਦਿਗਜ਼ ਲੀਡਰ ਵੀ ਚੋਣ ਹਾਰ ਗਏ ਹਨ, ਜਿਨ੍ਹਾਂ ਵਿਚ ਰਾਜਿੰਦਰ ਕੌਰ ਭੱਠਲ, ਮਹਿੰਦਰ ਸਿੰਘ ਕੇ ਪੀ, ਸੁਨੀਲ ਜਾਖੜ, ਕੇਵਲ ਢਿੱਲੋਂ, ਕਰਨ ਕੌਰ ਬਰਾੜ, ਰਵਨੀਤ ਸਿੰਘ ਬਿੱਟੂ, ਅਸ਼ਵਨੀ ਸੇਖੜੀ, ਅਜੀਤਇੰਦਰ ਸਿੰਘ ਮੋਫ਼ਰ ਅਤੇ ਜਗਮੋਹਨ ਸਿੰਘ ਕੰਗ ਸ਼ਾਮਲ ਹਨ।

12 ਸਾਬਕਾ ਅਧਿਕਾਰੀ ਚੋਣ ਲੜੇ ਉਨ੍ਹਾਂ ਵਿੱਚੋਂ ਤਿੰਨ, ਸੋਮ ਪ੍ਰਕਾਸ਼, ਕੁਲਦੀਪ ਸਿੰਘ ਅਤੇ ਅਜਾਇਬ ਸਿੰਘ ਭੱਟੀ ਚੋਣ ਜਿੱਤ ਗਏ। ਸਾਰੇ ਕਲਾਕਾਰ ਉਮੀਦਵਾਰ ਚੋਣ ਹਾਰ ਗਏ ਹਨ। ਦੋ ਖਿਡਾਰੀ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਚੋਣ ਜਿੱਤ ਗਏ ਹਨ। 81 ਇਸਤਰੀ ਉਮੀਦਵਾਰਾਂ ਵਿੱਚੋਂ 6 ਇਸਤਰੀਆਂ, 3 ਕਾਂਗਰਸ ਅਤੇ 3 ਆਮ ਆਦਮੀ ਦੀਆਂ ਜਿੱਤ ਗਈਆਂ ਹਨ।

ਇਸ ਵਾਰ ਸਾਰੀ ਚੋਣ ਨੌਜਵਾਨਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਕਿਉਂਕਿ ਆਮ ਕਿਹਾ ਜਾਂਦਾ ਸੀ ਕਿ ਸਰਕਾਰ ਬਣਾਉਣ ਦਾ ਸਾਰਾ ਦਾਰੋਮਦਾਰ ਨੌਜਵਾਨ ਵੋਟਰ ਹਨ ਕਿਉਂਕਿ 18 ਤੋਂ 39 ਸਾਲ ਦੇ 53 ਫ਼ੀ ਸਦੀ ਵੋਟਰ ਹਨ। ਉਨ੍ਹਾਂ ਵਿੱਚੋਂ ਬਹੁਤੇ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਫਿਰਦੇ ਦੱਸੇ ਜਾਂਦੇ ਸਨ। ਇਸ ਲਈ ਆਮ ਆਦਮੀ ਪਾਰਟੀ ਨੇ 25 ਤੋਂ 35 ਸਾਲ ਦੇ 16 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ। ਕਾਂਗਰਸ ਨੇ 6, ਅਕਾਲੀ ਦਲ ਨੇ 2 ਨੌਜਵਾਨ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਦੋਂ ਕਿ ਸਾਰੀਆਂ ਪਾਰਟੀਆਂ ਦੇ 60 ਉਮੀਦਵਾਰ 50 ਸਾਲ ਤੋਂ ਘੱਟ ਉਮਰ ਦੇ ਸਨ। ਕਾਂਗਰਸ ਪਾਰਟੀ ਦੇ ਦੋ ਉਮੀਦਵਾਰ 25 ਸਾਲ ਦੇ ਦਵਿੰਦਰ ਸਿੰਘ ਘੁਬਾਇਆ ਅਤੇ ਅੰਗਦ ਸਿੰਘ ਸੈਣੀ ਅਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਹੇਅਰ ਸਭ ਤੋਂ ਛੋਟੀ ਉਮਰ ਦੇ ਹਨ। ਤਿੰਨੋ ਚੋਣ ਜਿੱਤ ਗਏ ਹਨ।

ਪੰਜਾਬ ਨੂੰ ਤਿੰਨ ਖਿੱਤਿਆਂ ਮਾਲਵਾ, ਮਾਝਾ ਅਤੇ ਦੁਆਬਾ ਵਿਚ ਵੰਡਿਆ ਜਾਂਦਾ ਹੈ। ਮਾਲਵਾ ਵਿਚ 69 ਸੀਟਾਂ ਹਨ ਜਿਸਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਸਮਝਿਆ ਜਾਂਦਾ ਸੀ। ਇੱਥੋਂ ਕਾਂਗਰਸ ਪਾਰਟੀ 40 ਸੀਟਾਂ, ਆਮ ਆਦਮੀ 18, ਅਕਾਲੀ ਦਲ 8, ਲੋਕ ਇਨਸਾਫ ਪਾਰਟੀ 2 ਅਤੇ ਭਾਰਤੀ ਜਨਤਾ ਪਾਰਟੀ ਨੇ 1 ਸੀਟ ਜਿੱਤੀ ਹੈ। ਮਾਝਾ ਵਿਚ 25 ਸੀਟਾਂ ਹਨ ਜਿਸ ਵਿੱਚੋਂ ਕਾਂਗਰਸ ਪਾਰਟੀ ਨੇ 22, ਅਕਾਲੀ ਦਲ ਨੇ 2 ਅਤੇ ਭਾਰਤੀ ਜਨਤਾ ਪਾਰਟੀ ਨੇ 1 ਜਿੱਤੀ ਹੈ। ਦੁਆਬਾ ਵਿਚ 23 ਸੀਟਾਂ ਹਨ ਜਿਸ ਵਿੱਚੋਂ ਕਾਂਗਰਸ ਨੇ 15, ਅਕਾਲੀ ਦਲ ਨੇ 5, ਆਮ ਆਦਮੀ ਨੇ 2 ਅਤੇ ਭਾਰਤੀ ਜਨਤਾ ਪਾਰਟੀ ਨੇ 1 ਸੀਟ ਜਿੱਤੀ ਹੈ।

ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ 2012 ਵਿਚ ਬੀ.ਜੇ.ਪੀ. ਨੇ 12 ਅਤੇ ਅਕਾਲੀ ਦਲ ਨੇ 56 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ ਤਾਂ ਪਹਿਲੀ ਵਾਰੀ ਹੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਹਨ। ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਮਾੜੀ ਨਹੀਂ ਗਿਣਿਆ ਜਾ ਸਕਦਾ। ਅਕਾਲੀਆਂ ਦੇ ਵੱਡੇ ਲੀਡਰਾਂ ਦੇ 28 ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿਚ ਸਪੁੱਤਰ ਅਤੇ ਜਵਾਈ ਸ਼ਾਮਲ ਸਨ। ਇਨ੍ਹਾਂ ਵਿੱਚੋਂ 15 ਜਿੱਤ ਗਏ ਹਨ ਪ੍ਰੰਤੂ ਤਿੰਨੋ ਜਵਾਈ ਚੋਣ ਹਾਰ ਗਏ ਹਨ।

ਕਾਂਗਰਸ ਪਾਰਟੀ ਨੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ ਤੇ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਟਿਕਟ ਦੇਣ ਦੇ ਫ਼ੈਸਲੇ ਦਾ ਬਹੁਤ ਚੰਗਾ ਪ੍ਰਭਾਵ ਪਿਆ, ਜਿਸ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਟਿਕਟਾਂ ਮਿਲੀਆਂ ਅਤੇ ਜਿੱਤ ਪ੍ਰਾਪਤ ਹੋਈ। ਕਾਂਗਰਸ ਪਾਰਟੀ ਨੇ ਪਰਿਵਾਰਵਾਦ ਪ੍ਰਣਾਲੀ ਨੂੰ ਖ਼ਤਮ ਕਰਨ ਵਿਚ ਪਹਿਲ ਕੀਤੀ ਹੈ ਅਤੇ ਅਕਾਲੀ ਦਲ ਨੇ ਉਤਸ਼ਾਹਤ ਕੀਤਾ ਹੈ।

ਆਮ ਆਦਮੀ ਪਾਰਟੀ ਵਿੱਚੋਂ ਸੁੱਚਾ ਸਿੰਘ ਛੋਟੇਪੁਰ ਦਾ ਬਾਹਰ ਨਿਕਲਣਾ, ਚੋਣ ਮਨੋਰਥ ਪੱਤਰ ਉੱਪਰ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਝਾੜੂ ਦੀ ਤਸਵੀਰ ਪ੍ਰਕਾਸ਼ਤ ਕਰਨਾ, ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਦਾ ਫ਼ੈਸਲਾ ਕਰਨ ਵਿਚ ਅਸਫਲ ਰਹਿਣਾ, ਮੌੜ ਮੰਡੀ ਵਿਖੇ ਬੰਬ ਫਟਣ ਅਤੇ ਦਿੱਲੀ ਦੇ ਮੁੱਖ ਮੰਤਰੀ ਦਾ ਚੋਣਾਂ ਸਮੇਂ ਇੱਕ ਕਥਿਤ ਅੱਤਵਾਦੀ ਦੇ ਘਰ ਠਹਿਰਨ ਦਾ ਇਵਜ਼ਾਨਾ ਪਾਰਟੀ ਨੂੰ ਭੁਗਤਣਾ ਪਿਆ ਕਿਉਂਕਿ ਪੰਜਾਬੀ ਹਿੰਦੂਆਂ ਵਿਚ ਡਰ ਅਤੇ ਸਹਿਮ ਪੈਦਾ ਹੋ ਗਿਆ, ਜਿਸ ਕਰਕੇ ਬਹੁਤੇ ਹਿੰਦੂਆਂ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ। ਟਿਕਟਾਂ ਦੇਣ ਸਮੇਂ ਵਾਲੰਟੀਅਰਾਂ ਨੂੰ ਅਣਡਿੱਠ ਕਰਨਾ ਅਤੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਨੇਤਾਵਾਂ ਨੂੰ ਟਿਕਟਾਂ ਦੇਣੀਆਂ ਵੀ ਆਮ ਆਦਮੀ ਪਾਰਟੀ ਲਈ ਭਾਰੂ ਪਿਆ। ਸਭ ਤੋਂ ਵੱਡਾ ਕਾਰਣ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਜ਼ਿਆਦਾ ਅਹਿਮੀਅਤ ਦੇਣਾ ਅਤੇ ਪੰਜਾਬੀਆਂ ਤੇ ਵਿਸ਼ਵਾਸ ਨਾ ਕਰਨਾ ਵੀ ਵੋਟਰਾਂ ਦੇ ਮਨਾਂ ਵਿਚ ਗੁੱਸਾ ਪੈਦਾ ਕਰ ਗਿਆ।

ਅਕਾਲੀਆਂ ਦੀਆਂ ਜੜ੍ਹਾਂ ਵਿਚ ਡੇਰਾ ਸੱਚਾ ਸੌਦਾ ਤੋਂ ਸਹਾਇਤਾ ਲੈਣਾ, ਭ੍ਰਿਸ਼ਟਾਚਾਰ, ਇਸਤਰੀਆਂ ਉੱਪਰ ਜ਼ੁਲਮ, ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ, ਗੁੰਡਾਗਰਦੀ, ਹਲਕਾ ਇਨਚਾਰਜਾਂ ਦੀਆਂ ਜ਼ਿਆਦਤੀਆਂ ਅਤੇ ਰੇਤਾ ਬਜਰੀ ’ਤੇ ਕਬਜ਼ਾ ਕਰਕੇ ਸੋਨੇ ਦੇ ਭਾਅ ਵੇਚਣਾ ਆਦਿ ਮਹਿੰਗਾ ਪਿਆ। ਇਨ੍ਹਾਂ ਚੋਣਾਂ ਵਿਚ ਸਾਰੇ ਧਾਰਮਿਕ ਡੇਰਿਆਂ ਦਾ ਯੋਗਦਾਨ ਮਹੱਤਵਪੂਰਨ ਰਿਹਾ।

ਕੈਪਟਨ ਅਮਰਿੰਦਰ ਸਿੰਘ ਦੀ ਇੱਕ ਖਾਸੀਅਤ ਹੈ ਕਿ ਆਪਣੇ ਫ਼ੈਸਲੇ ਆਪ ਕਰਦਾ ਹੈ। ਉਹ ਹੋਰ ਲੀਡਰਾਂ ਦੀ ਤਰ੍ਹਾਂ ਅਫ਼ਸਰਸ਼ਾਹੀ ਤੇ ਨਿਰਭਰ ਨਹੀਂ ਕਰਦਾ। ਸਗੋਂ ਅਫ਼ਸਰਸ਼ਾਹੀ ਉਸਨੂੰ ਗ਼ਲਤ ਜਾਣਕਾਰੀ ਦੇਣ ਦੀ ਹਿੰਮਤ ਹੀ ਨਹੀਂ ਕਰਦੀ ਕਿਉਂਕਿ ਉਸਦਾ ਰੋਹਬ ਦਾਬ ਹੀ ਐਨਾ ਹੈ ਕਿ ਅਧਿਕਾਰੀ ਉਸ ਤੋਂ ਥਰ ਥਰ ਕੰਬਦੇ ਹਨ। ਇੱਕ ਸੁਯੋਗ, ਸਮਝਦਾਰ ਸਿਆਸਤਦਾਨ ਅਤੇ ਸਫਲ ਪ੍ਰਬੰਧਕ ਹਨ ਪ੍ਰੰਤੂ ਪੰਜਾਬ ਸਰਕਾਰ ਦੀ ਵਰਤਮਾਨ ਆਰਥਿਕ ਹਾਲਤ ਨੂੰ ਮੁੜ ਲੀਹ ’ਤੇ ਲਿਆਉਣਾ ਬੜਾ ਔਖਾ ਕੰਮ ਹੈ। ਉਨ੍ਹਾਂ ਨੂੰ ਪੰਜਾਬ ਦੇ ਹਿਤ ਵਿਚ ਸਖ਼ਤ ਫ਼ੈਸਲੇ ਲੈਣੇ ਪੈਣਗੇ। ਉਨ੍ਹਾਂ ਲਈ ਸਤਲੁਜ ਯਮੁਨਾ ਨਹਿਰ ਦੀ ਸਮੱਸਿਆ ਨਾਲ ਨਿਪਟਣਾ, ਨਸ਼ਿਆਂ ਨੂੰ ਖ਼ਤਮ ਕਰਨਾ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ, ਮੁਫ਼ਤ ਰਿਆਇਤਾਂ ਚਾਲੂ ਰੱਖਣਾ ਅਤੇ ਕਿਸਾਨ ਖ਼ੁਦਕਸ਼ੀਆਂ ਨੂੰ ਰੋਕਣਾ ਜੋਖ਼ਮ ਭਰੇ ਕੰਮ ਹਨ। ਸਖ਼ਤ ਕਦਮ ਚੁੱਕਣੇ ਸਮੇਂ ਦੀ ਮੰਗ ਹੋਵੇਗੀ ਤਾਂ ਹੀ ਪੰਜਾਬੀਆਂ ਦਾ ਭਲਾ ਹੋ ਸਕਦਾ ਹੈ। ਉਮੀਦ ਹੈ ਕਿ ਕੈਪਟਨ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਵਿਚ ਸਫਲ ਹੋਣਗੇ।

*****

(636)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab
Email: (ujagarsingh48@yahoo.com)
Mobile: 94178 - 13072

More articles from this author